ਖੌਫ਼ਜ਼ਦਾ ਪਰਵਾਸੀ ਇਸ ਲਈ ਕਰ ਰਹੇ ਗੁਜਰਾਤ 'ਚੋਂ ਹਿਜ਼ਰਤ - ਗਰਾਊਂਡ ਰਿਪੋਰਟ

ਗੁਜਰਾਤ ਵਿੱਚ ਰਹਿ ਰਹੇ ਬਾਹਰੀ

ਤਸਵੀਰ ਸਰੋਤ, Shailesh Chauhan/BBC

    • ਲੇਖਕ, ਭਾਰਗਵ ਪਾਰਿਖ
    • ਰੋਲ, ਬੀਬੀਸੀ ਲਈ

ਗੁਜਰਾਤ ਵਿੱਚ ਬਲਾਤਕਾਰ ਦੀ ਇੱਕ ਘਟਨਾ ਨੇ ਗੈਰ-ਗੁਜਰਾਤੀਆਂ ਲਈ ਹਾਲਾਤ ਮੁਸ਼ਕਲ ਕਰ ਦਿੱਤੇ ਹਨ।

ਸਾਬਰਕਾਂਠਾ ਜ਼ਿਲ੍ਹੇ 'ਚ ਇੱਕ ਬਿਹਾਰੀ ਮਜ਼ਦੂਰ ਨੂੰ 14 ਮਹੀਨਿਆਂ ਦੀ ਇੱਕ ਬੱਚੀ ਨਾਲ ਬਲਾਤਕਾਰ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਤੋਂ ਬਾਅਦ ਸਥਾਨਕ ਵਾਸੀਆਂ 'ਚ ਗੈਰ-ਗੁਜਰਾਤੀਆਂ ਪ੍ਰਤੀ ਗੁੱਸਾ ਵਧਦਾ ਜਾ ਰਿਹਾ ਹੈ। ਹਿੰਮਤਨਗਰ 'ਚ ਰਹਿ ਰਹੇ ਬਾਹਰੀ ਮਜ਼ਦੂਰਾਂ ਨੂੰ ਸ਼ਹਿਰ ਛੱਡ ਕੇ ਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਪੁਲਿਸ ਮੁਤਾਬਕ ਹੁਣ ਤੱਕ ਇੰਨ੍ਹਾਂ ਉੱਤੇ ਹਮਲਿਆਂ ਦੀਆਂ 18 ਘਟਨਾਵਾਂ ਹੋ ਚੁੱਕੀਆਂ ਹਨ। ਖੌਫ਼ ਹੁਣ ਆਲੇ-ਦੁਆਲੇ ਦੇ ਜ਼ਿਲ੍ਹਿਆਂ 'ਚ ਵੀ ਫੈਲ ਰਿਹਾ ਹੈ। ਲੋਕ ਘਰ ਛੱਡ ਕੇ ਜਾ ਰਹੇ ਹਨ।

ਇਹ ਵੀ ਪੜ੍ਹੋ:

ਅਧਿਕਾਰੀਆਂ ਮੁਤਾਬਕ ਵੱਟਸਐਪ 'ਤੇ ਸੋਸ਼ਲ ਮੀਡੀਆ ਰਾਹੀਂ ਇਹ ਮਾਹੌਲ ਬਣਾਇਆ ਗਿਆ। ਲੋਕ ਪੁਲਿਸ ਦੀ ਕਾਰਵਾਈ ਨੂੰ ਨਾਕਾਫ਼ੀ ਮੰਨ ਰਹੇ ਹਨ।

ਇੰਝ ਸ਼ੁਰੂ ਹੋਇਆ ਮਾਮਲਾ

ਬਲਾਤਕਾਰ ਦੇ ਮਾਮਲੇ 'ਚ 19-ਸਾਲਾਂ ਫੈਕਟਰੀ ਮਜ਼ਦੂਰ ਰਵਿੰਦਰ ਗੋਂਡੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਜਿਸ ਫੈਕਟਰੀ 'ਚ ਕੰਮ ਕਰਦਾ ਸੀ ਉਸੇ ਦੇ ਸਾਹਮਣੇ ਇੱਕ ਹੱਟੀ 'ਤੇ ਚਾਹ-ਨਾਸ਼ਤੇ ਲਈ ਜਾਂਦਾ ਸੀ।

ਇਲਜ਼ਾਮ ਹਨ ਕਿ ਉਸੇ ਦੁਕਾਨ ਦੇ ਨੇੜੇ ਸੌਂ ਰਹੀ ਬੱਚੀ ਨੂੰ ਖੇਤਾਂ 'ਚ ਲਿਜਾ ਕੇ ਉਸ ਨੇ ਬਲਾਤਕਾਰ ਕੀਤਾ ਤੇ ਫਿਰ ਫਰਾਰ ਹੋ ਗਿਆ।

ਗੁਜਰਾਤ ਵਿੱਚ ਰਹਿ ਰਹੇ ਬਾਹਰੀ

ਤਸਵੀਰ ਸਰੋਤ, Shailesh Chauhan/BBC

ਪੀੜਤ ਬੱਚੀ ਦਾ ਅਹਿਮਦਾਬਾਦ ਦੇ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਹਸਪਤਾਲ ਦੇ ਪੀਡੀਆਟ੍ਰਿਕ ਮਹਿਕਮੇ ਦੇ ਮੁਖੀ ਡਾ. ਰਾਜੇਂਦਰ ਜੋਸ਼ੀ ਨੇ ਦੱਸਿਆ, "ਕਾਫੀ ਖੂਨ ਵਹਿ ਜਾਣ ਕਾਰਨ ਬੱਚੀ ਦੀ ਹਾਲਤ ਨਾਜ਼ੁਕ ਸੀ ਪਰ ਹੁਣ ਉਹ ਖਤਰੇ ਤੋਂ ਬਾਹਰ ਹੈ।"

ਬੱਚੀ ਦੇ ਦਾਦਾ ਅਮਰ ਸਿੰਘ (ਬਦਲਿਆ ਹੋਇਆ ਨਾਮ) ਦਾ ਕਹਿਣਾ ਹੈ, "ਸਾਡੇ ਘਰ ਉੱਤੇ ਤਾਂ ਮੁਸੀਬਤ ਆ ਗਈ ਹੈ। ਮੇਰੀ ਪੋਤੀ ਦੇ ਨਾਲ ਅਜਿਹਾ ਹੋਇਆ। ਉਸ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਕਾਰਨਾਂ ਕਰਕੇ ਸਾਡੀ ਦੁਕਾਨ ਬੰਦ ਕਰਵਾ ਦਿੱਤੀ। ਕਮਾਈ ਬੰਦ ਹੋ ਗਈ ਹੈ। ਦੋ ਵੇਲੇ ਦੇ ਖਾਣੇ ਦੀ ਵੀ ਮੁਸ਼ਕਿਲ ਹੈ।"

ਨਫ਼ਰਤ ਭਰੇ ਸੁਨੇਹੇ

ਮੁਲਜ਼ਮ ਰਵੀਂਦਰ ਗੋਂਡੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਮੁੱਦਾ 'ਗੁਜਰਾਤੀ ਬਨਾਮ ਬਾਹਰੀ' ਵਿੱਚ ਤਬਦੀਲ ਹੋ ਗਿਆ ਹੈ।

ਇਸ ਵਿੱਚ ਵੱਡਾ ਯੋਗਦਾਨ ਹੈ ਸੋਸ਼ਲ ਮੀਡੀਆ 'ਤੇ ਨਫ਼ਰਤ ਭਰੇ ਮੈਸੇਜਾਂ ਦਾ ਵੀ ਹੈ।

ਗੁਜਰਾਤ ਵਿੱਚ ਰਹਿ ਰਹੇ ਬਾਹਰੀ

ਤਸਵੀਰ ਸਰੋਤ, Shailesh Chauhan/BBC

ਤਸਵੀਰ ਕੈਪਸ਼ਨ, ਮੁਲਜ਼ਮ ਰਵੀਂਦਰ ਗੋਂਡੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਮੁੱਦਾ 'ਗੁਜਰਾਤੀ ਬਨਾਮ ਬਾਹਰੀ' ਵਿੱਚ ਤਬਦੀਲ ਹੋ ਗਿਆ ਹੈ

ਇਸ ਇਲਾਕੇ ਵਿੱਚ ਤਕਰੀਬਨ ਸਵਾ ਲੱਖ ਬਾਹਰੀ ਲੋਕ ਰਹਿੰਦੇ ਹਨ। ਹਿੰਮਤਨਗਰ ਦੇ ਸ਼ਕਤੀਨਗਰ ਇਲਾਕੇ ਵਿੱਚ ਕਿਰਾਏ ਦੇ ਮਕਾਨਾਂ ਵਿੱਚ ਵੱਡੀ ਗਿਣਤੀ ਵਿੱਚ ਬਾਹਰੀ ਲੋਕ ਰਹਿੰਦੇ ਸਨ। ਇੱਥੇ ਕਈ ਘਰਾਂ ਵਿੱਚ ਤਾਲਾ ਜੜਿਆ ਹੋਇਆ ਹੈ।

ਕੁਝ ਬੰਦ ਘਰਾਂ ਦੇ ਬਾਹਰ ਹੁਣ ਵੀ ਕਪੜੇ ਸੁਕ ਰਹੇ ਹਨ। ਲੋਕ ਆਪਣੇ ਟੀਵੀ, ਰੈਫਰੀਜਰੇਟਰ ਵਰਗੀਆਂ ਚੀਜ਼ਾਂ ਕਾਫ਼ੀ ਘੱਟ ਕੀਮਤਾਂ 'ਤੇ ਵੇਚ ਕੇ ਜਾ ਰਹੇ ਹਨ।

ਸਾਬਰਕਾਂਠਾ ਸਿਰਾਮਿਕ ਐਸੋਸੀਏਸ਼ਨ ਦੇ ਸਕੱਤਰ ਕਮਲੇਸ਼ ਪਟੇਲ ਕਹਿੰਦੇ ਹਨ, "ਸਾਬਰਕਾਂਠਾ ਵਿੱਚ ਹਰ ਮਹੀਨੇ 80 ਤੋਂ 90 ਕਰੋੜ ਦਾ ਟਾਈਲਾਂ ਦਾ ਕਾਰੋਬਾਰ ਹੁੰਦਾ ਹੈ, ਜਿਸ ਵਿੱਚ ਕੰਮ ਕਰਨ ਵਾਲਿਆਂ ਵਿੱਚ 50-60 ਫੀਸਦੀ ਲੋਕ ਬਾਹਰੀ ਹਨ। ਇਸ ਘਟਨਾ ਤੋਂ ਬਾਅਦ 30-35 ਫੀਸਦੀ ਲੋਕ ਉੱਤਰ ਭਾਰਤ ਵਾਪਸ ਚਲੇ ਗਏ ਹਨ। ਇਸ ਨਾਲ ਸਿਰਾਮਿਕ ਸਨਅਤ 'ਤੇ ਮਾੜਾ ਅਸਰ ਪਿਆ ਹੈ।"

'ਅਸੀਂ ਤਿੰਨ ਦਿਨਾਂ ਤੋਂ ਘਰੋਂ ਬਾਹਰ ਨਹੀਂ ਨਿਕਲੇ'

ਸਾਬਰਕਾਂਠਾ ਹਾਈਵੇਅ ਕੋਲ ਬਸਤੀ ਵਿੱਚ ਰਹਿ ਰਹੇ ਮਨੋਜ ਸ਼ਰਮਾ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਰਹਿਣ ਵਾਲੇ ਹਨ।

ਬੀਤੇ 10 ਸਾਲਾਂ ਤੋਂ ਉਹ ਇਹ ਕੰਮ ਕਰਦੇ ਹਨ। ਮਨੋਜ ਅਤੇ ਉਨ੍ਹਾਂ ਦੇ ਪਰਿਵਾਰ ਡਰ ਦੇ ਸਾਏ ਵਿੱਚ ਜੀ ਰਿਹਾ ਹੈ।

LOCKED UP HOUSES

ਤਸਵੀਰ ਸਰੋਤ, Julie Rupali/BBC

ਤਸਵੀਰ ਕੈਪਸ਼ਨ, ਸਾਬਰਕਾਂਠਾ, ਮਿਹਸਾਣਾ, ਗਾਂਧੀਨਰਗਰ ਅਤੇ ਅਹਿਮਦਾਬਾਦ ਦੇ ਚਾਂਦਖੇੜਾ, ਅਮਰਾਈਵਾੜੀ, ਬਾਪੁਨਗਰ ਤੇ ਓਢੜ ਇਲਾਕਿਆਂ 'ਚ ਹਾਲਾਤ ਬਦਲੇ

ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਮੇਰੀ ਪਤਨੀ ਦੀ ਤਬੀਅਤ ਠੀਕ ਨਹੀਂ ਹੈ ਪਰ ਮੈਂ ਉਨ੍ਹਾਂ ਨੂੰ ਹਸਪਤਾਲ ਨਹੀਂ ਲੈ ਕੇ ਜਾ ਸਕਦਾ ਕਿਉਂਕਿ ਅਸੀਂ ਡਰੇ ਹੋਏ ਹਾਂ। ਤਿੰਨ ਦਿਨਾਂ ਤੋਂ ਪੂਰਾ ਪਰਿਵਾਰ ਘਰ ਤੋਂ ਬਾਹਰ ਨਹੀਂ ਗਿਆ।"

ਉਨ੍ਹਾਂ ਦੀ ਪਤਨੀ ਗਿਰਿਸ਼ਾ ਸ਼ਰਮਾ ਨੇ ਦੱਸਿਆ, "ਸਾਨੂੰ ਬਾਹਰ ਜਾਣ ਤੋਂ ਡਰ ਲਗ ਰਿਹਾ ਹੈ। ਘਰ ਵਿੱਚ ਦਾਲ ਅਤੇ ਰੋਟੀ ਖਾ ਕੇ ਜੀ ਰਹੇ ਹਾਂ ਕਿਉਂਕਿ ਸਬਜ਼ੀ ਖਰੀਦਣ ਦੇ ਲਈ ਬਾਹਰ ਜਾਣਾ ਸੰਭਵ ਨਹੀਂ।"

ਇਹ ਵੀ ਪੜ੍ਹੋ:

ਇਸੇ ਬਸਤੀ ਵਿੱਚ ਰਹਿ ਰਹੇ ਹਰੀਓਮ ਤ੍ਰਿਵੇਦੀ ਵੀ ਆਪਣੇ ਪੰਜ ਸਾਲ ਦੇ ਬੱਚੇ ਨੂੰ ਹਸਪਤਾਲ ਲੈ ਕੇ ਜਾਨ ਤੋਂ ਡਰ ਰਹੇ ਹਨ। ਉਹ ਕਹਿੰਦੇ ਹਨ, "ਮੈਂ ਬੱਚੇ ਨੂੰ ਹਸਪਤਾਲ ਨਹੀਂ ਲੈ ਕੇ ਜਾ ਸਕਦਾ। ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਜਿਸ ਤਰੀਕੇ ਨਾਲ ਲੋਕਾਂ ਨੂੰ ਕੁੱਟਿਆ ਗਿਆ ਹੈ, ਉਸ ਤੋਂ ਮੈਨੂੰ ਵੀ ਡਰ ਹੈ ਕਿ ਕਿਤੇ ਮੈਂ ਬੱਚਿਆਂ ਨੂੰ ਲੈ ਕੇ ਬਾਹਰ ਨਿਕਲਿਆ ਤਾਂ ਮੇਰੇ 'ਤੇ ਵੀ ਹਮਲਾ ਹੋ ਸਕਦਾ ਹੈ।"

ਕਮਲੇਸ਼ ਪਟੇਲ

ਤਸਵੀਰ ਸਰੋਤ, Julie Rupali/BBC

ਤਸਵੀਰ ਕੈਪਸ਼ਨ, ਕਮਲੇਸ਼ ਪਟੇਲ ਮੁਤਾਬਕ ਰੇਪ ਦੀ ਘਟਨਾ ਤੋਂ ਬਾਅਦ 30-35 ਫੀਸਦੀ ਲੋਕ ਉੱਤਰ ਭਾਰਤ ਵਾਪਸ ਚਲੇ ਗਏ ਹਨ

ਉਨ੍ਹਾਂ ਦੀ ਪਤਨੀ ਰਮਾ ਤ੍ਰਿਵੇਦੀ ਕਹਿੰਦੀ ਹੈ, "ਟੀਵੀ 'ਤੇ ਖਬਰਾਂ ਵਿੱਚ ਹਿੰਸਾ ਦੇ ਦ੍ਰਿਸ਼ ਦੇਖ ਕੇ ਸਾਡਾ ਡਰ ਹੋਰ ਵੱਧ ਗਿਆ ਹੈ। ਮੈਂ ਰੋਜ਼ਾਨਾ ਰੱਬ ਨੂੰ ਅਰਦਾਸ ਕਰਦੀ ਹਾਂ ਕਿ ਮੇਰੇ ਪਰਿਵਾਰ 'ਤੇ ਅਜਿਹਾ ਹਮਲਾ ਨਾ ਹੋਵੇ।"

ਡਰ ਦਾ ਚੱਕਰ

ਹਿੰਮਤਨਗਰ ਵਿੱਚ ਜੋ ਕੁਝ ਹੋਇਆ, ਉਸ ਦਾ ਅਸਰ ਸਾਬਰਕਾਂਠਾ, ਮਿਹਸਾਣਾ, ਗਾਂਧੀਨਰਗਰ ਅਤੇ ਅਹਿਮਦਾਬਾਦ ਦੇ ਚਾਂਦਖੇੜਾ, ਅਮਰਾਈਵਾੜੀ, ਬਾਪੁਨਗਰ ਅਤੇ ਓਢੜ ਵਰਗੇ ਇਲਾਕਿਆਂ ਵਿੱਚ ਦਿਖ ਰਿਹਾ ਹੈ, ਜਿੱਥੇ ਬਾਹਰੀ ਲੋਕ ਵੱਡੀ ਗਿਣਤੀ ਵਿੱਚ ਵੱਸਦੇ ਹਨ।

ਗੁਜਰਾਤ

ਤਸਵੀਰ ਸਰੋਤ, Shailesh Chauhan/BBC

ਤਸਵੀਰ ਕੈਪਸ਼ਨ, ਗੁਜਰਾਤ ਵਿੱਚ ਬਾਹਰੀ ਲੋਕਾਂ 'ਤੇ ਹੋ ਰਹੀ ਹਿੰਸਾ ਦੇ ਮਾਮਲੇ ਵਿੱਚ 18 ਮਾਮਲੇ ਦਰਜ ਕੀਤੇ ਗਏ ਹਨ

ਸੂਰਤ ਦੇ ਸਚਿਨ, ਪਾਂਡੇਸਰਾ, ਡਿੰਡੋਲੀ ਅਤੇ ਡੁੱਮਸ ਵਰਗੇ ਸਨਅਤੀ ਵਿਸਤਾਰ ਵਿੱਚ ਵੀ ਡਰ ਦਾ ਮਾਹੌਲ ਹੈ।

ਪੁਲਿਸ ਚੌਕਸ ਦਿਖ ਰਹੀ ਹੈ ਅਤੇ ਇਨ੍ਹਾਂ ਇਲਾਕਿਆਂ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ। ਪਰ ਸੋਸ਼ਲ ਮੀਡੀਆ 'ਤੇ ਨਫ਼ਰਤ ਭਰੇ ਸੁਨੇਹੇ ਅਤੇ ਫਰਜ਼ੀ ਵੀਡੀਓ ਕਾਰਨ ਹਾਲਾਤ ਵਿਗੜ ਰਹੇ ਹਨ।

150 ਲੋਕਾਂ ਦੀ ਗ੍ਰਿਫ਼ਤਾਰੀ

ਇਸ ਸੰਦਰਭ ਵਿੱਚ ਗੁਜਰਾਤ ਦੇ ਡੀਜੀਪੀ ਸ਼ਿਵਾਨੰਦ ਝਾ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਗੁਜਰਾਤ ਵਿੱਚ ਬਾਹਰੀ ਲੋਕਾਂ 'ਤੇ ਹੋ ਰਹੀ ਹਿੰਸਾ ਦੇ ਮਾਮਲੇ ਵਿੱਚ 18 ਮਾਮਲੇ ਦਰਜ ਕੀਤੇ ਗਏ ਹਨ। ਪ੍ਰਭਾਵਿਤ ਇਲਾਕਿਆਂ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ। ਸਟੇਟ ਰਿਜ਼ਰਵ ਪੁਲਿਸ ਦੀਆਂ 20 ਕੰਪਨੀਆਂ ਇਨ੍ਹਾਂ ਇਲਾਕਿਆਂ ਵਿੱਚ ਤੈਨਾਤ ਕੀਤੀਆਂ ਗਈਆਂ ਹਨ। ਹੁਣ ਤੱਕ ਇਸ ਮਾਮਲੇ ਵਿੱਚ 150 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।"

POLICE

ਤਸਵੀਰ ਸਰੋਤ, Julie Rupali/BBC

ਤਸਵੀਰ ਕੈਪਸ਼ਨ, ਪੁਲਿਸ ਚੌਕਸ ਹੈ ਅਤੇ ਗਸ਼ਤ ਵਧਾ ਦਿੱਤੀ ਗਈ ਹੈ

ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਫੈਕਟਰੀਆਂ ਵਿੱਚ ਬਾਹਰੀ ਲੋਕ ਕੰਮ ਕਰਦੇ ਹਨ ਉੱਥੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਸੁਨੇਹਿਆਂ ਬਾਰੇ ਸਾਈਬਰ ਸੈੱਲ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਆਰਐਸ ਬ੍ਰਹਮਭੱਟ ਨੇ ਦੱਸਿਆ, "ਸਾਬਰਕਾਂਠਾ ਪੁਲਿਸ ਨੇ ਸੋਸ਼ਲ ਮੀਡੀਆ ਤੇ ਨਫ਼ਰਤ ਭਰੇ ਸੁਨੇਹੇ ਫੈਲਾਉਣ ਦੇ ਮਾਮਲੇ ਵਿੱਚ 24 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।"

'ਸਖਤ ਸਜ਼ਾ ਹੋਣੀ ਚੀਹੀਦੀ ਹੈ'

ਰਾਸ਼ਟਰੀ ਜਨਤਾ ਦਲ ਦੇ ਆਗੂ ਮਨੋਜ ਝਾ ਨੇ ਬੀਬੀਸੀ ਗੁਜਰਾਤੀ ਦੇ ਜੈਅਦੀਪ ਵਸੰਤ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਜਿਸ ਨੇ ਵੀ ਬੱਚੀ ਦੇ ਨਾਲ ਅਜਿਹਾ ਕੰਮ ਕੀਤਾ ਹੈ, ਉਨ੍ਹਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਸ ਕਾਰਨ ਸੂਬੇ ਦੇ ਸਾਰੇ ਲੋਕਾਂ ਨੂੰ ਆਪਣਾ ਘਰ ਛੱਡ ਕੇ ਜਾਨ ਲਈ ਮਜਬੂਰ ਕਰਨਾ ਠੀਕ ਨਹੀਂ।"

ਗੁਜਰਾਤ ਵਿੱਚ ਰਹਿ ਰਹੇ ਬਾਹਰੀ

ਤਸਵੀਰ ਸਰੋਤ, Shailesh Chauhan/BBC

ਤਸਵੀਰ ਕੈਪਸ਼ਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਸੁਨੇਹਿਆਂ ਬਾਰੇ ਸਾਈਬਰ ਸੈੱਲ ਨੂੰ ਅਲਰਟ ਕਰ ਦਿੱਤਾ ਗਿਆ ਹੈ

ਮਨੋਜ ਝਾ ਮੰਨਦੇ ਹਨ ਕਿ ਇਸ ਕਿਸਮ ਦਾ ਪਲਾਇਨ 'ਆਈਡੀਆ ਆਫ਼ ਇੰਡੀਆ' ਅਤੇ ਏਕਤਾ ਲਈ ਹਾਨੀਕਾਰਕ ਹੈ।

ਗੁਜਰਾਤ ਦੇ ਗ੍ਰਹਿ ਮੰਤਰੀ ਪ੍ਰਦੀਪ ਸਿੰਘ ਜਡੇਜਾ ਨੇ ਕਿਹਾ, "ਹਾਈ ਕੋਰਟ ਦੀ ਸਲਾਹ ਤੋਂ ਬਾਅਦ ਇਸ ਕੇਸ ਨੂੰ ਫਾਸਟ ਟਰੈਕ ਕੀਤਾ ਜਾਵੇਗਾ ਅਤੇ ਦੋ ਮਹੀਨਿਆਂ ਦੇ ਅੰਦਰ ਕਾਨੂੰਨੀ ਕਾਰਵਾਈ ਖਤਮ ਕੀਤੀ ਜਾਵੇਗੀ। ਸੂਬਾ ਸਰਕਾਰ ਵੱਲੋਂ ਬਣਾਏ ਗਏ ਬਲਾਤਕਾਰ ਵਿਰੋਧੀ ਕਾਨੂੰਨ ਦੇ ਤਹਿਤ ਅਪਰਾਧੀ ਨੂੰ ਫਾਂਸੀ ਦੀ ਸਜ਼ਾ ਹੋਵੇ, ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।"

ਬੀਮਾਰ ਸੂਬੇ ਵਿੱਚ ਮਜ਼ਦੂਰ

ਵਿੱਤੀ ਵਿਕਾਸ ਦੀ ਨਜ਼ਰ ਤੋਂ ਕਮਜ਼ੋਰ ਬਿਹਾਰ, ਮੱਧ-ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸੂਬਿਆਂ ਨੂੰ ਬੀਮਾਰ ਸੂਬਿਆਂ ਦੇ ਤੌਰ 'ਤੇ ਪਛਾਣਿਆ ਜਾਂਦਾ ਹੈ।

ਜਦੋਂ ਆਦਮੀ ਕਮਜ਼ੋਰ ਹੁੰਦਾ ਹੈ ਤਾਂ ਉਸ ਨੂੰ ਬਿਮਾਰ ਕਿਹਾ ਜਾਂਦਾ ਹੈ। ਇਸ ਲਈ ਡੈਮੋਗ੍ਰਾਫ਼ਰ ਆਸ਼ੀਸ਼ ਬੋਸ ਨੇ 1980 ਦੇ ਦਹਾਕੇ ਵਿੱਚ ਇਨ੍ਹਾਂ ਸੂਬਿਆਂ ਲਈ 'ਬੀਮਾਰੂ' ਸ਼ਬਦ ਵਰਤਿਆ।

ਗੁਜਰਾਤ ਵਿੱਚ ਰਹਿ ਰਹੇ ਬਾਹਰੀ ਲੋਕ

ਤਸਵੀਰ ਸਰੋਤ, Juli Rupali/BBC

ਤਸਵੀਰ ਕੈਪਸ਼ਨ, ਵਿੱਤੀ ਵਿਕਾਸ ਦੀ ਨਜ਼ਰ ਤੋਂ ਕਮਜ਼ੋਰ ਬਿਹਾਰ, ਮੱਧ-ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੂੰ ਬੀਮਾਰ ਸੂਬੇ ਕਿਹਾ ਜਾਂਦਾ ਹੈ

ਇਨ੍ਹਾਂ ਸੂਬਿਆਂ ਦੇ ਹਜ਼ਾਰਾਂ ਲੋਕ ਗੁਜਰਾਤ, ਮਹਾਰਾਸ਼ਟਰ, ਦਿੱਲੀ ਸਣੇ ਕਈ ਸੂਬਿਆਂ ਵਿੱਚ ਰੁਜ਼ਗਾਰ ਦੇ ਮਕਸਦ ਨਾਲ ਜਾਂਦੇ ਹਨ। ਜਿੱਥੇ ਉਹ ਛੋਟੇ-ਮੋਟੇ ਕੰਮਕਾਜ, ਠੇਲੇ, ਸੁਰੱਖਿਆ ਕਰਮੀ ਅਤੇ ਫੈਕਟਰੀਆਂ ਵਿੱਚ ਕੰਨ ਕਰਕੇ ਆਪਣਾ ਘਰ ਚਲਾਉਂਦੇ ਹਨ।

ਇਹ ਵੀ ਪੜ੍ਹੋ:

ਜਦੋਂ ਇਸ ਕਿਸਮ ਦੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਬਾਹਰੀ ਖੇਤਰਾਂ ਦੇ ਪੂਰੇ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਸਥਾਨਕ ਆਗੂ ਵੀ 'ਗੁਜਰਾਤ ਬਨਾਮ ਬਾਹਰੀ' ਦੀ ਭਾਵਨਾ ਨੂੰ ਹਵਾ ਦਿੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)