ਡਾਲਰ ਇੰਝ ਬਣੀ ਦੁਨੀਆਂ ਦੀ ਸਭ ਤੋਂ ਮਜ਼ਬੂਤ ਕਰੰਸੀ

ਡਾਲਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਵਪਾਰ ਕਰਨ ਲਈ ਜਿਸ ਮੁਦਰਾ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਉਹ ਹੈ ਡਾਲਰ
    • ਲੇਖਕ, ਟੀਮ ਬੀਬੀਸੀ
    • ਰੋਲ, ਨਵੀਂ ਦਿੱਲੀ

ਰੂਸ ਅਤੇ ਭਾਰਤ ਦੇ ਆਰਥਿਕ ਸਬੰਧਾਂ ਵਿੱਚ ਭਰੋਸਾ ਇਸ ਤਰ੍ਹਾਂ ਵੱਧ ਰਿਹਾ ਹੈ ਕਿ ਰੂਸ ਦੇ ਦੂਜੇ ਸਭ ਤੋਂ ਵੱਡੇ ਬੈਂਕ ਵੀਟੀਬੀ ਦੇ ਚੇਅਰਮੈਨ ਨੇ ਭਾਰਤ ਤੋਂ ਵਪਾਰ ਵਿੱਚ ਇੱਥੋਂ ਦੀ ਮੁਦਰਾ ਨਾਲ ਲੈਣ-ਦੇਣ ਦਾ ਐਲਾਨ ਕੀਤਾ ਹੈ। ਯਾਨਿ ਭਾਰਤ ਅਤੇ ਰੂਸ ਰੁਪਏ ਅਤੇ ਰੂਬਲ ਵਿੱਚ ਵਪਾਰ ਕਰਨਗੇ।

ਰੂਸ ਦੀ ਸਰਕਾਰੀ ਖ਼ਬਰ ਏਜੰਸੀ ਸਪੂਤਨਿਕ ਨੇ ਵੀਟੀਬੀ ਬੈਂਕ ਦੇ ਚੇਅਰਮੈਨ ਐਂਡਰਿਊ ਕੋਸਟੀਨ ਦਾ ਬਿਆਨ ਛਾਪਿਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਰੂਸੀ ਬੈਂਕ ਰੁਪਏ ਅਤੇ ਰੂਬਲ ਵਿੱਚ ਵਪਾਰ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸਾਂ ਨੂੰ ਇਸ ਤਰ੍ਹਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਜਿਸ ਨਾਲ ਆਪਣੀ ਹੀ ਮੁਦਰਾ ਵਿੱਚ ਕਾਰੋਬਾਰ ਹੋ ਸਕੇ।

ਐਂਡਰਿਊ ਨੇ ਕਿਹਾ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਸਿਰਫ਼ ਦੋ ਸਾਲਾਂ ਵਿੱਚ ਚੰਗੇ ਨਤੀਜੇ ਆ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਥਾਨਕ ਮੁਦਰਾ ਵਿੱਚ ਵਪਾਰ ਤੋਂ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਣਗੇ।

ਕੋਸਟੀਨ ਰੂਸੀ ਰਾਸ਼ਟਰਪਤੀ ਪੁਤਿਨ ਦੇ ਨਾਲ ਭਾਰਤ ਦੌਰ 'ਤੇ ਆਏ ਸਨ। ਭਾਰਤ ਅਤੇ ਰੂਸ ਵਿੱਚ 2025 ਤੱਕ ਸਲਾਨਾ ਵਪਾਰ 10 ਅਰਬ ਡਾਲਰ ਤੋਂ ਵਧ ਕੇ 30 ਡਰਬ ਡਾਲਰ ਕਰਨ 'ਤੇ ਸਹਿਮਤੀ ਬਣੀ ਹੈ।

ਇਹ ਵੀ ਪੜ੍ਹੋ:

ਯੂਰੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੌਮਾਂਤਰੀ ਵਪਾਰ ਵਿੱਚ ਡਾਲਰ ਅਤੇ ਯੂਰੋ ਕਾਫ਼ੀ ਪਸੰਦੀਦਾ ਅਤੇ ਸਵੀਕਾਰਯੋਗ ਹੈ

ਵਿੱਤ ਮੰਤਰਾਲੇ ਅਤੇ ਰਿਜ਼ਰਵ ਬੈਂਕ ਆਫ਼ ਇੰਡੀਆ ਤੇਲ ਦੀ ਦਰਾਮਦ ਵਿੱਚ ਰੁਪਏ ਅਤੇ ਤੇਲ ਦੇ ਬਦਲੇ ਹੋਰ ਸਾਮਾਨ ਦੇਣ ਦੇ ਬਦਲ ਲੱਭ ਰਹੇ ਹਨ।

ਭਾਰਤ ਰੂਸ, ਈਰਾਨ ਅਤੇ ਵੇਨੇਜ਼ੁਏਲਾ ਵੱਲ ਇਸ ਨੂੰ ਲੈ ਕੇ ਦੇਖ ਰਿਹਾ ਹੈ। ਕਿਹਾ ਜਾ ਰਿਹਾ ਹੈ, ਭਾਰਤ ਵੇਨੇਜ਼ੁਏਲਾ ਨੂੰ ਦਵਾਈਆਂ ਦੀ ਸਪਲਾਈ ਦੇ ਬਦਲੇ ਤੇਲ ਲੈ ਸਕਦਾ ਹੈ।

ਇਸਦੇ ਨਾਲ ਹੀ ਵਪਾਰ ਮੰਤਰਾਲੇ ਨੇ ਰਿਜ਼ਰਵ ਬੈਂਕ ਆਫ਼ ਇੰਡੀਆ ਤੋਂ ਚੀਨ ਦੇ ਨਾਲ ਵੀ ਰੁਪਏ ਅਤੇ ਯੂਆਨ ਵਿੱਚ ਕਾਰੋਬਾਰ ਕਰਨ ਦੇ ਬਦਲ ਨੂੰ ਅਜ਼ਮਾਉਣ ਲਈ ਕਿਹਾ ਹੈ।

ਭਾਰਤ ਅਜਿਹਾ ਵਿਦਸ਼ੀ ਮੁਦਰਾ ਡਾਲਰ ਅਤੇ ਯੂਰੋ ਨੂੰ ਵਧਦੀਆਂ ਕੀਮਤਾਂ ਅਤੇ ਉਸਦੀ ਕਮੀ ਨਾਲ ਨਿਪਟਨ ਲਈ ਕਰਨਾ ਚਾਹੁੰਦਾ ਹੈ।

ਦੁਨੀਆਂ ਦੀ ਸਭ ਤੋਂ ਮਜ਼ਬੂਤ ਮੁਦਰਾ ਡਾਲਰ

ਇੱਕ ਡਾਲਰ ਦੇ ਬਦਲੇ ਰੁਪੱਈਆ 75 ਦੇ ਕਰੀਬ ਪਹੁੰਚ ਗਿਆ ਹੈ। ਰੁਪਏ ਦੀ ਕੀਮਤ ਘਟਦੀ ਹੈ ਤਾਂ ਦਰਾਮਦ ਬਿੱਲ ਵਧ ਜਾਂਦਾ ਹੈ ਅਤੇ ਇਸ ਨਾਲ ਵਪਾਰ ਘਾਟਾ ਵਧਦਾ ਹੈ।

ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਤੇਲ ਦੀ ਦਰਾਮਦਗੀ ਕਰਨ ਵਾਲਾ ਦੇਸ ਹੈ ਅਤੇ ਆਪਣੀ ਲੋੜ ਦਾ 60 ਫ਼ੀਸਦ ਤੇਲ ਮੱਧ-ਪੂਰਬ ਤੋਂ ਦਰਾਮਦ ਕਰਦਾ ਹੈ।

ਰੂਬਲ

ਤਸਵੀਰ ਸਰੋਤ, Getty Creative Stock

ਤਸਵੀਰ ਕੈਪਸ਼ਨ, ਭਾਰਤ-ਰੂਸ ਰੁਪਏ ਅਤੇ ਰੂਬਲ ਵਿੱਚ ਵਪਾਰ ਕਰਨ ਨੂੰ ਤਿਆਰ ਹਨ

ਭਾਰਤ ਨੇ 2017-2018 ਵਿੱਚ ਰੂਸ ਤੋਂ 1.2 ਅਰਬ ਡਾਲਰ ਦਾ ਕੱਚਾ ਤੇਲ ਅਤੇ 3.5 ਅਰਬ ਡਾਲਰ ਦੇ ਹੀਰੇ ਦੀ ਦਰਾਮਦਗੀ ਕੀਤੀ ਸੀ।

ਰੂਸ ਭਾਰਤ ਤੋਂ ਚਾਹ, ਕੌਫ਼ੀ, ਮਿਰਚ, ਦਵਾਈ, ਜੈਵਿਕ ਰਸਾਇਣ ਅਤੇ ਮਸ਼ੀਨਰੀ ਉਪਕਰਣ ਦਰਾਮਦ ਕਰਦਾ ਹੈ। ਦੋਵਾਂ ਦੇਸਾਂ ਨੇ 2025 ਤੱਕ ਦੁਵੱਲੇ ਵਪਾਰ ਨੂੰ 30 ਅਰਬ ਤੱਕ ਪਹੁੰਚਾਉਣ ਦਾ ਫ਼ੈਸਲਾ ਲਿਆ ਹੈ।

2017-18 ਵਿੱਚ ਦੋਵਾਂ ਦੇਸਾਂ ਦਾ ਵਪਾਰ 10.7 ਅਰਬ ਡਾਲਰ ਦਾ ਸੀ। ਰੂਸ ਦੇ ਨਾਲ ਭਾਰਤ ਦਾ ਸਾਲਾਨਾ ਵਪਾਰ ਘਾਟਾ 6.5 ਅਰਬ ਡਾਲਰ ਦਾ ਹੈ।

ਇਹ ਵੀ ਪੜ੍ਹੋ:

ਅਮਰੀਕੀ ਮੁਦਰਾ ਡਾਲਰ ਦੀ ਪਛਾਣ ਇੱਕ ਵਿਸ਼ਵ ਮੁਦਰਾ ਦੀ ਬਣ ਗਈ ਹੈ। ਕੌਮਾਂਤਰੀ ਵਪਾਰ ਵਿੱਚ ਡਾਲਰ ਅਤੇ ਯੂਰੋ ਕਾਫ਼ੀ ਪਸੰਦੀਦਾ ਅਤੇ ਸਵੀਕਾਰਯੋਗ ਹੈ।

ਦੁਨੀਆਂ ਭਰ ਦੇ ਕੇਂਦਰੀ ਬੈਂਕਾਂ ਵਿੱਚ ਜਿਹੜਾ ਵਿਦੇਸ਼ੀ ਮੁਦਰਾ ਭੰਡਾਰ ਹੁੰਦਾ ਹੈ ਉਸ ਵਿੱਚ 64 ਫ਼ੀਸਦ ਅਮਰੀਕੀ ਡਾਲਰ ਹੁੰਦੇ ਹਨ।

ਅਜਿਹੇ ਵਿੱਚ ਡਾਲਰ ਖ਼ੁਦ ਹੀ ਇੱਕ ਗਲੋਬਲ ਮੁਦਰਾ ਬਣ ਜਾਂਦਾ ਹੈ। ਡਾਲਰ ਵਿਸ਼ਵ ਪੱਧਰ ਦੀ ਮੁਦਰਾ ਹੈ ਇਹ ਉਸਦੀ ਮਜ਼ਬੂਤੀ ਅਤੇ ਅਮਰੀਕੀ ਅਰਥਵਿਵਸਥਾ ਦੀ ਤਾਕਤ ਦਾ ਪ੍ਰਤੀਕ ਹੈ।

ਡਾਲਰ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਡਾਲਰ ਦੀ ਮਜ਼ਬੂਤੀ ਅਤੇ ਉਸਦੀ ਸਵੀਕਾਰਤਾ ਅਮਰੀਕੀ ਅਰਥਵਿਵਸਥਾ ਦੀ ਤਾਕਤ ਨੂੰ ਦਰਸਾਉਂਦੀ ਹੈ

ਇੰਟਰਨੈਸ਼ਨਲ ਸਟੈਂਡਰਡ ਸੰਸਥਾ ਸੂਚੀ ਦੇ ਮੁਤਾਬਕ ਦੁਨੀਆਂ ਭਰ ਵਿੱਚ ਕੁੱਲ 185 ਕਰੰਸੀਆਂ ਹਨ। ਹਾਲਾਂਕਿ, ਇਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਵਰਤੋਂ ਆਪਣੇ ਦੇਸ ਦੇ ਅੰਦਰ ਦੀ ਹੁੰਦੀ ਹੈ।

ਕੋਈ ਵੀ ਮੁਦਰਾ ਦੁਨੀਆਂ ਭਰ ਵਿੱਚ ਕਿਸ ਹੱਦ ਤੱਕ ਮਸ਼ਹੂਰ ਹੈ ਇਹ ਉਸ ਦੇ ਦੀ ਅਰਥਵਿਵਸਥਾ ਅਤੇ ਤਾਕਤ 'ਤੇ ਨਿਰਭਰ ਕਰਦਾ ਹੈ।

ਦੁਨੀਆਂ ਦੀ ਦੂਜੀ ਤਾਕਤਵਰ ਮੁਦਰਾ ਯੂਰੋ ਹੈ ਜਿਹੜੀ ਦੁਨੀਆਂ ਭਰ ਵਿੱਚ ਕੇਂਦਰੀ ਬੈਂਕਾਂ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ 19.9 ਫ਼ੀਸਦ ਹੈ।

ਜ਼ਾਹਿਰ ਹੈ ਡਾਲਰ ਦੀ ਮਜ਼ਬੂਤੀ ਅਤੇ ਉਸਦੀ ਸਵੀਕਾਰਤਾ ਅਮਰੀਕੀ ਅਰਥਵਿਵਸਥਾ ਦੀ ਤਾਕਤ ਨੂੰ ਦਰਸਾਉਂਦੀ ਹੈ। ਕੁੱਲ ਡਾਲਰ ਦੇ 65 ਫ਼ੀਸਦ ਡਾਲਰ ਦੀ ਵਰਤੋਂ ਅਮਰੀਕਾ ਤੋਂ ਬਾਹਰ ਹੁੰਦੀ ਹੈ।

ਦੁਨੀਆਂ ਭਰ ਦੇ 85 ਫ਼ੀਸਦ ਵਪਾਰ ਵਿੱਚ ਡਾਲਰ ਦੀ ਸ਼ਮੂਲੀਅਤ ਹੈ। ਦੁਨੀਆਂ ਭਰ ਦੇ 39 ਫ਼ੀਸਦ ਕਰਜ਼ ਡਾਲਰ ਵਿੱਚ ਦਿੱਤੇ ਜਾਂਦੇ ਹਨ। ਇਸ ਲਈ ਵਿਦੇਸ਼ੀ ਬੈਂਕਾਂ ਨੂੰ ਕੌਮਾਂਤਰੀ ਵਪਾਰ ਵਿੱਚ ਡਾਲਰ ਦੀ ਲੋੜ ਹੁੰਦੀ ਹੈ।

ਡਾਲਰ ਗਲੋਬਰ ਮੁਦਰਾ ਕਿਉਂ ਹੈ

1944 ਵਿੱਚ ਬ੍ਰਟੇਨ ਵੁੱਡਸ ਸਮਝੌਤੇ ਤੋਂ ਬਾਅਦ ਡਾਲਰ ਦੀ ਮੌਜੂਦਾ ਮਜ਼ਬੂਤੀ ਦੀ ਸ਼ੁਰੂਆਤ ਹੋਈ ਸੀ। ਉਸ ਤੋਂ ਪਹਿਲਾਂ ਜ਼ਿਆਦਾਤਰ ਦੇਸ ਸਿਰਫ਼ ਸੋਨੇ ਨੂੰ ਚੰਗਾ ਮਾਨਕ ਮੰਨਦੇ ਸਨ।

ਉਨ੍ਹਾਂ ਦੇਸਾਂ ਦੀਆਂ ਸਰਕਾਰਾਂ ਵਾਅਦਾ ਕਰਦੀਆਂ ਸਨ ਕਿ ਉਨ੍ਹਾਂ ਦੀ ਕਰੰਸੀ ਨੂੰ ਸੋਨੇ ਦੀ ਮੰਗ ਦੇ ਮੁੱਲ ਦੇ ਆਧਾਰ ਉੱਤੇ ਤੈਅ ਕਰਾਂਗੇ।

ਡਾਲਰ ਅਤੇ ਰੁਪਏ ਦੇ ਚਿੰਨ੍ਹ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਚੀਨ ਨੂੰ ਚਿੰਤਾ ਹੈ ਕਿ ਜੇਕਰ ਡਾਲਰ ਦੀ ਮੁਦਰਾ ਸਫ਼ੀਤੀ ਤੈਅ ਹੋ ਜਾਵੇ ਤਾਂ ਉਸਦੇ ਖ਼ਰਬਾਂ ਡਾਲਰ ਕਿਸੇ ਕੰਮ ਦੇ ਨਹੀਂ ਰਹਿਣਗੇ

ਨਿਊ ਹੈਂਪਸ਼ਰ ਦੇ ਬ੍ਰਟੇਨ ਵੁੱਡਸ ਵਿੱਚ ਦੁਨੀਆਂ ਦੇ ਵਿਕਸਿਤ ਦੇਸ ਮਿਲੇ ਅਤੇ ਉਨ੍ਹਾਂ ਨੇ ਅਮਰੀਕੀ ਡਾਲਰ ਦੇ ਮੁਕਾਬਲੇ ਸਾਰੀਆਂ ਕਰੰਸੀਆਂ ਦੀ ਵਟਾਂਦਰਾ ਦਰ ਨੂੰ ਤੈਅ ਕੀਤਾ।ਉਸ ਸਮੇਂ ਅਮਰੀਕਾ ਦੇ ਕੋਲ ਦੁਨੀਆਂ ਦਾ ਸਭ ਤੋਂ ਵੱਧ ਸੋਨੇ ਦਾ ਭੰਡਾਰ ਸੀ।

ਇਸ ਸਮਝੌਤੇ ਨੇ ਦੂਜੇ ਦੇਸਾਂ ਨੂੰ ਵੀ ਸੋਨੇ ਦੀ ਥਾਂ ਆਪਣੀ ਮੁਦਰਾ ਦਾ ਡਾਲਰ ਨੂੰ ਸਮਰਥਨ ਕਰਨ ਦੀ ਇਜਾਜ਼ਤ ਦਿੱਤੀ।

1970 ਦੀ ਸ਼ੁਰੂਆਤ ਵਿੱਚ ਕਈ ਦੇਸਾਂ ਨੇ ਡਾਲਰ ਦੇ ਬਦਲੇ ਸੋਨੇ ਦੀ ਮੰਗ ਸ਼ੁਰੂ ਕਰ ਦਿੱਤੀ ਸੀ, ਕਿਉਂਕਿ ਉਨ੍ਹਾਂ ਨੂੰ ਮੁਦਰਾ ਸਫ਼ੀਤੀ ਨਾਲ ਲੜਨ ਦੀ ਲੋੜ ਸੀ।

ਉਸ ਸਮੇਂ ਰਾਸ਼ਟਰਪਤੀ ਨਿਕਸਨ ਨੇ ਫੋਰਟ ਨੌਕਸ ਨੂੰ ਆਪਣੇ ਸਾਰੇ ਭੰਡਾਰਾਂ ਨੂੰ ਖ਼ਤਮ ਕਰਨ ਦੀ ਇਜਾਜ਼ਤ ਦੇਣ ਦੀ ਥਾਂ ਡਾਲਰ ਨੂੰ ਸੋਨੇ ਤੋਂ ਵੱਖ ਕਰ ਦਿੱਤਾ।

ਉਦੋਂ ਤੱਕ ਡਾਲਰ ਦੁਨੀਆਂ ਦੀ ਸਭ ਤੋਂ ਖ਼ਾਸ ਸੁਰੱਖਿਅਤ ਮੁਦਰਾ ਬਣ ਚੁੱਕਿਆ ਸੀ।

ਦੁਨੀਆਂ ਦੀ ਇੱਕ ਮੁਦਰਾ ਦੀ ਗੱਲ ਉੱਠੀ

ਮਾਰਚ 2009 ਵਿੱਚ ਚੀਨ ਅਤੇ ਰੂਸ ਨੇ ਇੱਕ ਨਵੀਂ ਵਿਸ਼ਵ ਪੱਧਰ ਦੀ ਕਰੰਸੀ ਦੀ ਮੰਗ ਕੀਤੀ। ਉਹ ਚਾਹੁੰਦੇ ਹਨ ਕਿ ਦੁਨੀਆਂ ਲਈ ਇੱਕ ਰਿਜ਼ਰਵ ਮੁਦਰਾ ਬਣਾਈ ਜਾਵੇ 'ਜਿਹੜੀ ਕਿਸੇ ਇਕਲੌਤੇ ਦੇਸ ਨੂੰ ਵੱਖ ਹੋਵੇ ਅਤੇ ਲੰਬੇ ਸਮੇਂ ਤੱਕ ਸਥਿਰ ਰਹਿਣ ਦੇ ਸਮਰੱਥ ਹੋਵੇ, ਇਸ ਤਰ੍ਹਾਂ ਕ੍ਰੈਡਿਟ ਆਧਾਰਿਤ ਰਾਸ਼ਟਰੀ ਮੁਦਰਾਂ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਨੂੰ ਹਟਾਇਆ ਜਾ ਸਕੇ।'

ਚੀਨ ਨੂੰ ਚਿੰਤਾ ਹੈ ਕਿ ਜੇਕਰ ਡਾਲਰ ਦੀ ਮੁਦਰਾ ਸਫ਼ੀਤੀ ਤੈਅ ਹੋ ਜਾਵੇ ਤਾਂ ਉਸਦੇ ਖ਼ਰਬਾਂ ਡਾਲਰ ਕਿਸੇ ਕੰਮ ਦੇ ਨਹੀਂ ਰਹਿਣਗੇ। ਇਹ ਉਸੇ ਰੂਪ ਵਿੱਚ ਹੋ ਸਕਦਾ ਹੈ ਜਦੋਂ ਅਮਰੀਕੀ ਕਰਜ਼ੇ ਦੀ ਭਰਪਾਈ ਲਈ ਯੂਐਸ ਟ੍ਰੇਜ਼ਰੀ ਨਵੇਂ ਨੋਟ ਛਾਪੇ। ਚੀਨ ਨੇ ਕੌਮਾਂਤਰੀ ਮੁਦਰਾ ਕੋਸ਼ ਤੋਂ ਡਾਲਰ ਦੀ ਥਾਂ ਨਵੀਂ ਮੁਦਰਾ ਬਣਾਉਣ ਦੀ ਮੰਗ ਕੀਤੀ ਹੈ।

ਡਾਲਰ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, 1970 ਦੀ ਸ਼ੁਰੂਆਤ ਵਿੱਚ ਕਈ ਦੇਸਾਂ ਨੇ ਡਾਲਰ ਦੇ ਬਦਲੇ ਸੋਨੇ ਦੀ ਮੰਗ ਸ਼ੁਰੂ ਕਰ ਦਿੱਤੀ ਸੀ, ਕਿਉਂਕਿ ਉਨ੍ਹਾਂ ਨੂੰ ਮੁਦਰਾ ਸਫ਼ੀਤੀ ਨਾਲ ਲੜਨ ਦੀ ਲੋੜ ਸੀ

2016 ਦੀ ਚੌਥੀ ਤਿਮਾਹੀ ਵਿੱਚ ਚੀਨ ਦੀ ਯੂਆਨ ਦੁਨੀਆਂ ਦੀ ਇੱਕ ਹੋਰ ਵੱਡੀ ਰਿਜ਼ਰਵ ਮੁਦਰਾ ਬਣੀ ਸੀ। 2017 ਦੀ ਤੀਜੀ ਤਿਮਾਹੀ ਤੱਕ ਦੁਨੀਆਂ ਦੇ ਕੇਂਦਰੀ ਬੈਂਕ ਵਿੱਚ 108 ਅਰਬ ਡਾਲਰ ਸਨ। ਇਹ ਇੱਕ ਛੋਟੀ ਸ਼ੁਰੂਆਤ ਹੈ, ਪਰ ਭਵਿੱਖ ਵਿੱਚ ਇਸਦਾ ਵਧਣਾ ਜਾਰੀ ਰਹੇਗਾ।

ਇਸੇ ਕਾਰਨ ਚੀਨ ਚਾਹੁੰਦਾ ਹੈ ਕਿ ਉਸਦੀ ਮੁਦਰਾ ਵਿਸ਼ਵ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਵਪਾਰ ਲਈ ਪੂਰੇ ਤਰੀਕੇ ਨਾਲ ਵਰਤੀ ਜਾਵੇ।

ਇਹ ਅਜਿਹਾ ਹੋਵੇਗਾ ਜਿਵੇਂ ਡਾਲਰ ਦੀ ਥਾਂ ਯੂਆਨ ਨੂੰ ਗਲੋਬਲ ਮੁਦਰਾ ਦੇ ਰੂਪ ਵਿੱਚ ਵਰਤਿਆ ਜਾਵੇ। ਇਸਦੇ ਲਈ ਚੀਨ ਆਪਣੀ ਅਰਥਵਿਵਸਥਾ ਨੂੰ ਸੁਧਾਰ ਰਿਹਾ ਹੈ।

2007 ਵਿੱਚ ਫੈਡਰਲ ਰਿਜ਼ਰਵ ਦੇ ਚੇਅਰਮੈਨ ਐਲੇਨ ਗ੍ਰੀਨਸਪੈਨ ਨੇ ਕਿਹਾ ਸੀ ਕਿ ਯੂਰੋ ਡਾਲਰ ਦੀ ਥਾਂ ਲੈ ਸਕਦਾ ਹੈ। 2006 ਦੇ ਆਖ਼ਰ ਤੱਕ ਦੁਨੀਆਂ ਭਰ ਦੇ ਕੇਂਦਰੀ ਬੈਂਕਾਂ ਦੇ ਕੁੱਲ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਯੂਰੋ ਦਾ ਦਬਦਬਾ ਵੀ ਹੈ। ਯੂਰੋ ਇਸ ਲਈ ਵੀ ਮਜ਼ਬੂਤ ਹੈ ਕਿਉਂਕਿ ਯੂਰੋਪੀਅਨ ਯੂਨੀਅਨ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)