ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਬਾਕੀ ਔਰਤਾਂ ਨਾਲ ਹੋਏ ਪੂਰੇ: #HisChoice

ਸੈਕਸ ਵਰਕਰ
ਤਸਵੀਰ ਕੈਪਸ਼ਨ, ਗੁਜਰਾਤ ਦੇ ਮੇਰੇ ਸ਼ਹਿਰ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਘੱਟ ਹੈ ਇਸ ਖੱਡ ਨੇ ਮੇਰੇ ਵਰਗੇ ਕਈ ਮਰਦਾਂ ਨੂੰ ਵਿਆਹ ਤੋਂ ਵਾਂਝਾ ਰੱਖਿਆ ਹੈ

ਉਹ ਬਹੁਤ ਹੀ ਯਾਦਗਾਰ ਰਾਤ ਸੀ ਕਿਉਂਕਿ 28 ਸਾਲ ਵਿੱਚ ਪਹਿਲੀ ਵਾਰ ਮੈਂ ਕਿਸੇ ਔਰਤ ਦੇ ਕਰੀਬ ਗਿਆ ਸੀ।

ਇਸ ਨਾਲ ਕੋਈ ਫ਼ਰਕ ਨਹੀਂ ਪੈ ਰਿਹਾ ਸੀ ਕਿ ਉਹ ਮੇਰੀ ਪਤਨੀ ਨਹੀਂ ਸਗੋਂ ਇੱਕ ਸੈਕਸ ਵਰਕਰ ਸੀ। ਮੇਰੀਆਂ ਇੱਛਾਵਾਂ ਪੂਰੀਆਂ ਹੋ ਰਹੀਆਂ ਸਨ ਅਤੇ ਇਸ ਲਈ ਮੈਂ ਕਾਫ਼ੀ ਖੁਸ਼ ਸੀ।

ਉਹ ਅਹਿਸਾਸ ਇੱਕ ਹਫ਼ਤੇ ਤੱਕ ਮੇਰੇ ਜ਼ਹਿਨ ਵਿੱਚ ਜਿਉਂਦਾ ਰਿਹਾ।

ਇਹ ਵੀ ਪੜ੍ਹੋ:

ਅਜਿਹਾ ਲੱਗ ਰਿਹਾ ਸੀ ਜਿਵੇਂ ਮੈਂ ਇੱਕ ਵੱਖਰੀ ਦੁਨੀਆਂ ਵਿੱਚ ਹਾਂ। ਅਤੇ ਅਜਿਹਾ ਹੁੰਦਾ ਵੀ ਕਿਉਂ ਨਾ?

ਮੇਰਾ ਅਜੇ ਤੱਕ ਵਿਆਹ ਨਹੀਂ ਹੋ ਸਕਿਆ। ਗੁਜਰਾਤ ਦੇ ਮੇਰੇ ਸ਼ਹਿਰ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਘੱਟ ਹੈ। ਇਸ ਪਾੜੇ ਨੇ ਮੇਰੇ ਵਰਗੇ ਕਈ ਮਰਦਾਂ ਨੂੰ ਵਿਆਹ ਤੋਂ ਵਾਂਝਾ ਰੱਖਿਆ ਹੈ।

ਮੇਰੇ ਮਾਂ-ਬਾਪ ਨੂੰ ਬਹੁਤ ਕੁਝ ਸੁਣਨਾ ਪੈਂਦਾ ਹੈ। ਜਿਵੇਂ, ਜੇਕਰ ਤੁਹਾਡਾ ਮੁੰਡਾ ਸਰਕਾਰ ਨੌਕਰੀ ਕਰ ਰਿਹਾ ਹੁੰਦਾ ਤਾਂ ਗੱਲ ਕੁਝ ਹੋਰ ਸੀ, ਨਿੱਜੀ ਕੰਪਨੀ ਦੀ ਨੌਕਰੀ ਦਾ ਕੀ ਭਰੋਸਾ? ਅਤੇ ਤੁਹਾਡੇ ਕੋਲ ਜ਼ਿਆਦਾ ਜ਼ਮੀਨ ਵੀ ਤਾਂ ਨਹੀਂ ਹੈ।

ਵਿਆਹ ਨਾ ਹੋਣ ਕਰਕੇ ਸੀ ਪ੍ਰੇਸ਼ਾਨ

ਉਸ ਸਮੇਂ ਮੈਂ ਮਹੀਨੇ ਵਿੱਚ 8,000 ਰੁਪਏ ਕਮਾਉਂਦਾ ਸੀ। ਮੈਂ ਘਰ ਦਾ ਵੱਡਾ ਮੁੰਡਾ ਸੀ ਅਤੇ ਕਿਤੇ ਵੀ ਵਿਆਹ ਤੈਅ ਨਹੀਂ ਹੋ ਰਿਹਾ ਸੀ।

ਮੈਨੂੰ ਲਗਦਾ ਸੀ ਜੇਕਰ ਕਿਤੇ ਵੀ ਰਿਸ਼ਤਾ ਹੋ ਜਾਂਦਾ ਤਾਂ ਸਮਾਜ ਵਿੱਚ ਇੱਜ਼ਤ ਰਹਿ ਜਾਵੇਗੀ।

ਹੱਦ ਤਾਂ ਉਦੋਂ ਹੋਈ ਜਦੋਂ ਮੇਰੇ ਦੋਸਤ ਨੀਰਜ ਦਾ ਵਿਆਹ ਹੋ ਗਿਆ, ਜਦਕਿ ਉਹ ਮੇਰੇ ਤੋਂ ਘੱਟ ਕਮਾਉਂਦਾ ਸੀ। ਸ਼ਾਇਦ ਇਸ ਲਈ ਕਿ ਨੀਰਜ ਦੇ ਪਿਤਾ ਜੀ 20 ਏਕੜ ਜ਼ਮੀਨ ਦੇ ਮਾਲਕ ਸਨ।

-----------------------------------------------------------------------------------------------------------------------------

ਬੀਬੀਸੀ ਦੀ ਖ਼ਾਸ ਸੀਰੀਜ਼ #HisChoice 10 ਭਾਰਤੀ ਮਰਦਾਂ ਦੇ ਜੀਵਨ ਦੀਆਂ ਸੱਚੀ ਕਹਾਣੀਆਂ ਦੀ ਖ਼ਾਸ ਲੜੀ ਹੈ

ਇਹ ਕਹਾਣੀਆਂ ਆਧੁਨਿਕ ਭਾਰਤੀ ਮਰਦਾਂ ਦੇ ਵਿਚਾਰ ਅਤੇ ਉਨ੍ਹਾਂ ਸਾਹਮਣੇ ਮੌਜੂਦ ਵਿਕਲਪ, ਉਨ੍ਹਾਂ ਦੀਆਂ ਇੱਛਾਵਾਂ ਅਤੇ ਮੁੱਢਲੀਆਂ ਜ਼ਰੂਰਤਾਂ ਨੂੰ ਪੇਸ਼ ਕਰਦੀਆਂ ਹਨ।

-----------------------------------------------------------------------------------------------------------------------------

ਅਸੀਂ ਚਾਰ ਦੋਸਤ ਸੀ। ਅਕਸਰ ਸ਼ਰਾਬ ਪੀਣ ਲਈ ਨੇੜੇ ਦੇ ਸ਼ਹਿਰ ਜਾਂਦੇ ਸੀ। ਸ਼ਾਇਦ ਉਸ ਦਿਨ ਮੇਰੇ ਦੋਸਤ ਨੂੰ ਮੇਰੀ ਪ੍ਰੇਸ਼ਾਨੀ ਵਿਖਾਈ ਦੇ ਗਈ ਸੀ। ਗਲਾਸ ਵਿੱਚ ਬੀਅਰ ਪਾਉਂਦੇ ਹੋਏ ਉਸ ਨੇ ਕਿਹਾ, "ਅਬੇ ਐਨਾ ਪ੍ਰੇਸ਼ਾਨ ਕਿਉਂ ਹੁੰਦਾ ਹੈ? ਚੱਲ ਮੇਰੇ ਨਾਲ ਤੂੰ! ਤੂੰ ਜੇ ਵਿਆਹ ਕਰ ਵੀ ਲਵੇਗਾ ਤਾਂ ਵੀ ਐਨਾ ਮਜ਼ਾ ਨਹੀਂ ਆਵੇਗਾ"

"ਦੇਖ ਦੁਨੀਆਂ ਕਿੰਨੀ ਰੰਗੀਨ ਹੈ। ਉਸਦਾ ਮਜ਼ਾ ਲੈ ਯਾਰ! ਚੱਲ ਮੇਰੇ ਨਾਲ।"

ਮੈਂ ਇਸ ਖਿਆਲ ਤੋਂ ਹੀ ਹੈਰਾਨ ਸੀ ਪਰ ਮੇਰਾ ਦੋਸਤ ਮੈਨੂੰ ਮਨਾਉਣ ਵਿੱਚ ਲੱਗਾ ਹੋਇਆ ਸੀ। ਆਖ਼ਰ ਅਸੀਂ ਸਾਰੇ ਇੱਕ ਹੋਟਲ ਵਿੱਚ ਚਲੇ ਹੀ ਗਏ।

ਮੈਂ ਕਈ ਬਲੂ ਫ਼ਿਲਮਾਂ ਦੇਖੀਆਂ ਸਨ ਪਰ ਅਸਲ ਵਿੱਚ ਕਿਸੇ ਔਰਤ ਨਾਲ ਪਹਿਲੀ ਵਾਰ ਸੀ।

ਫਿਰ ਕੀ ਸੀ, ਹੋਟਲਾਂ ਵਿੱਚ ਜਾਣਾ ਮੇਰੀ ਆਦਤ ਬਣ ਗਈ। ਪੰਜ ਸਾਲ ਤੱਕ ਇਹ ਸਿਲਸਿਲਾ ਜਾਰੀ ਰਿਹਾ। ਖ਼ੁਦ ਨੂੰ ਸਕੂਨ ਦੇਣ ਲਈ ਇਹ ਇੱਕ ਸੌਖਾ ਰਸਤਾ ਸੀ।

ਪਰਿਵਾਰ ਨੇ ਪਤਾ ਲੱਗਣ 'ਤੇ ਝਿੜਕਿਆ

ਪਰ ਇੱਕ ਦਿਨ ਮੇਰੇ ਇਸ ਰਾਜ਼ ਦੀ ਭਣਕ ਮੇਰੇ ਪਿਤਾ ਜੀ ਦੇ ਕੰਨਾਂ ਤੱਕ ਪਹੁੰਚ ਗਈ। ਉਨ੍ਹਾਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਸੀ।

ਸੈਕਸ ਵਰਕਰ
ਤਸਵੀਰ ਕੈਪਸ਼ਨ, ਪਰਿਵਾਰ ਦੀਆਂ ਗੱਲਾਂ ਸੁਣ ਕੇ ਇੰਝ ਲੱਗ ਰਿਹਾ ਸੀ ਜਿਵੇਂ ਮੈਂ ਕੋਈ ਬਹੁਤ ਵੱਡਾ ਜੁਰਮ ਕੀਤਾ ਹੋਵੇ, ਜਿਵੇਂ ਕਿਸੇ ਦਾ ਖ਼ੂਨ

ਹੱਥ ਤਾਂ ਚੁੱਕ ਨਹੀਂ ਸਕਦੇ ਸੀ, ਇਸ ਲਈ ਚੀਕ ਕੇ ਖ਼ੁਦ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

"ਤੈਨੂੰ ਸ਼ਰਮ ਨਹੀਂ ਆਈ ਅਜਿਹਾ ਕਰਦੇ ਹੋਏ? ਆਪਣੀ ਮਾਂ ਅਤੇ ਭੈਣ ਬਾਰੇ ਇੱਕ ਵਾਰ ਤਾਂ ਸੋਚਿਆ ਹੁੰਦਾ। ਸਮਾਜ ਵਿੱਚ ਉਹ ਲੋਕਾਂ ਨੂੰ ਕੀ ਮੂੰਹ ਦਿਖਾਵੇਗੀ?"

ਮਾਂ ਅਤੇ ਦੀਦੀ ਵੱਖ ਰੋ ਰਹੀਆਂ ਸਨ। ਭੈਣ ਦੇ ਸੁਹਰਿਆਂ ਤੱਕ ਇਹ ਗੱਲ ਪਤਾ ਲੱਗ ਚੁੱਕੀ ਸੀ।

ਮੈਂ ਸਫ਼ਾਈ ਦਿੱਤੀ ਕਿ ਦੋਸਤਾਂ ਨੇ ਮੈਨੂੰ ਸ਼ਰਾਬ ਪਿਆ ਦਿੱਤੀ ਅਤੇ ਹੋਟਲ ਵਿੱਚ ਲੈ ਗਏ। ਮੈਂ ਨਸ਼ੇ ਵਿੱਚ ਸੀ ਇਸ ਲਈ ਪਤਾ ਨਹੀਂ ਲੱਗਾ ਕੀ-ਕੀ ਹੋ ਗਿਆ। ਫਿਰ ਮਾਫ਼ੀ ਮੰਗੀ ਕਿ ਗ਼ਲਤੀ ਹੋ ਗਈ।

"ਤਾਂ ਫਿਰ ਐਨੇ ਸਾਲਾਂ ਤੱਕ ਗ਼ਲਤੀ ਕਿਉਂ ਦੁਹਰਾਉਂਦਾ ਰਿਹਾ?"

ਪਿਤਾ ਜੀ ਦੇ ਇਸ ਸਵਾਲ ਦਾ ਜਵਾਬ ਮੇਰੇ ਕੋਲ ਨਹੀਂ ਸੀ।

ਭੈਣ ਅਤੇ ਜੀਜਾ ਜੀ ਵੀ ਮੈਨੂੰ ਝਿੜਕ ਰਹੇ ਸਨ। ਗੱਲਾਂ ਸੁਣ ਕੇ ਇੰਝ ਲੱਗ ਰਿਹਾ ਸੀ ਜਿਵੇਂ ਮੈਂ ਕੋਈ ਬਹੁਤ ਵੱਡਾ ਜੁਰਮ ਕੀਤਾ ਹੋਵੇ, ਜਿਵੇਂ ਕਿਸੇ ਦਾ ਖ਼ੂਨ।

ਵਿਧਵਾ ਦਾ ਆਇਆ ਰਿਸ਼ਤਾ

ਤਿੰਨ ਦਿਨ ਤੱਕ ਮੇਰੇ ਪਿਤਾ ਜੀ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਅਤੇ ਤੀਜੇ ਦਿਨ ਸਿੱਧਾ ਕਿਹਾ, "ਤੇਰੇ ਲਈ ਇੱਕ ਵਿਧਵਾ ਦਾ ਰਿਸ਼ਤਾ ਆਇਆ ਹੈ। ਉਸਦਾ ਪੰਜ ਸਾਲ ਦਾ ਮੁੰਡਾ ਹੈ ਪਰ ਕੁੜੀ ਚੰਗੇ ਘਰ ਤੋਂ ਹੈ।"

"ਕੁੜੀ ਦੇ ਪਿਤਾ ਜੀ ਨੂੰ ਤੇਰੀਆਂ ਇਨ੍ਹਾਂ ਹਰਕਤਾਂ ਬਾਰੇ ਪਤਾ ਹੈ, ਪਰ ਉਹ ਵਿਆਹ ਲਈ ਰਾਜ਼ੀ ਹਨ। ਬੇਟਾ, ਤੇਰੀ ਵੀ ਉਮਰ ਹੋ ਗਈ ਹੈ। ਤੂੰ 31 ਸਾਲ ਦਾ ਹੋ ਗਿਆ ਹੈ। ਇਸ ਰਿਸ਼ਤੇ ਲਈ ਹਾਂ ਕਹਿ ਦੇ।"

"ਹੁਣ ਤਾਂ ਕਮਾਉਂਦਾ ਵੀ ਚੰਗਾ ਏ, ਘਰ ਵਸਾ, ਅਸੀਂ ਵੀ ਖੁਸ਼ ਰਹਾਂਗੇ।"

ਪਰ ਮੈਨੂੰ ਤਾਂ ਕੋਈ ਹੋਰ ਪਸੰਦ ਆ ਚੁੱਕੀ ਸੀ। ਉਹ ਔਰਤ ਉਸ ਹੋਟਲ ਵਿੱਚ ਕੰਮ ਕਰਦੀ ਸੀ ਜਿੱਥੇ ਮੈਂ ਸੈਕਸ ਵਰਕਰਸ ਲਈ ਜਾਂਦਾ ਸੀ।

ਉਹ ਕੰਮ ਤਾਂ ਹਾਊਸ-ਕੀਪਿੰਗ ਦਾ ਕਰਦੀ ਸੀ, ਘੱਟ ਕਮਾਉਂਦੀ ਸੀ, ਪਰ ਉਸ ਵਿੱਚ ਇੱਕ ਗੱਲ ਸੀ।

ਹੱਸਦੀ ਸੀ ਤਾਂ ਬਹੁਤ ਖ਼ੂਬਸੂਰਤ ਲਗਦੀ ਸੀ।

ਪਰ ਉਹ ਵੀ ਮੇਰੀਆਂ ਹਰਕਤਾਂ ਤੋਂ ਨਾਰਾਜ਼ ਸੀ। ਉਸ ਨੇ ਮੇਰੇ ਨਾਲ ਵਿਆਹ ਕਰਨ ਤੋਂ ਨਾਂਹ ਕਰ ਦਿੱਤੀ।

ਸੈਕਸ ਵਰਕਰ
ਤਸਵੀਰ ਕੈਪਸ਼ਨ, ਵਿਆਹ ਲਈ ਜਿਹੜੇ ਸੁਪਨੇ ਦੇਖੇ ਸੀ ਉਹ ਵੁਹਟੀ ਨਾਲ ਨਾ ਸਹੀ ਬਾਕੀ ਔਰਤਾਂ ਨਾਲ ਪੂਰੇ ਹੋ ਚੁੱਕੇ ਹਨ

ਜਦੋਂ ਉਸ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ, ਤਾਂ ਮੈਂ ਸਦਮੇ ਵਿੱਚ ਚਲਾ ਗਿਆ।

ਮੈਨੂੰ ਖਾਲੀਪਣ ਮਹਿਸੂਸ ਹੋਣ ਲੱਗਾ ਸੀ। ਇਹ ਖਾਲੀਪਣ ਸੀ ਕਿਸੇ ਦੇ ਸਾਥ ਦਾ। ਜਿਹੜਾ ਮੇਰੇ ਜਜ਼ਬਾਤਾਂ ਨੂੰ ਸਮਝੇ ਅਤੇ ਜ਼ਿੰਦਗੀ ਭਰ ਮੇਰੇ ਨਾਲ ਰਹੇ। ਵਿਆਹੁਤਾ ਜ਼ਿੰਦਗੀ ਦੀ ਕਮੀ ਮਹਿਸੂਸ ਹੋਣ ਲੱਗੀ ਸੀ।

ਪਰਿਵਾਰ ਵਾਲਿਆਂ ਨੂੰ ਸਮਾਜ ਨਾਲ ਮਿਲਣ ਵਿੱਚ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਸੀ ਇਸ ਲਈ ਮੈਂ ਘਰ ਛੱਡ ਦਿੱਤਾ।

ਪਰ ਦੋ ਹਫ਼ਤੇ ਬਾਅਦ ਹੀ ਮਾਂ-ਬਾਪ ਦੇ ਬੁਲਾਉਣ ਉੱਤੇ ਵਾਪਿਸ ਆ ਗਿਆ।

ਮੇਰੇ ਵਿਆਹ ਨੂੰ ਲੈ ਕੇ ਸਵਾਲ ਉਸੇ ਤਰ੍ਹਾਂ ਹੀ ਬਰਕਰਾਰ ਸਨ ਅਤੇ ਪਰਿਵਾਰ ਉਨ੍ਹਾਂ ਤੋਂ ਪ੍ਰੇਸ਼ਾਨ।

ਸਮਾਜ ਹੈ ਹੀ ਅਜਿਹਾ। ਉਸ ਨੂੰ ਉਨ੍ਹਾਂ ਸਵਾਲਾਂ ਵਿੱਚ ਹੀ ਮਜ਼ਾ ਆਉਂਦਾ ਹੈ ਜਿਹੜੇ ਸਭ ਤੋਂ ਵੱਧ ਦੁਖ਼ ਦਿੰਦੇ ਹਨ।

'ਹੁਣ ਤੱਕ ਸੈਕਸ ਵਰਕਰਜ਼ ਕੋਲ ਜਾਂਦਾ ਹਾਂ'

ਇਸ ਵਾਰ ਮੈਂ ਘਰ ਹਮੇਸ਼ਾ ਲਈ ਛੱਡਣ ਦਾ ਫ਼ੈਸਲਾ ਕਰ ਲਿਆ।

ਨਵਾਂ ਸ਼ਹਿਰ, ਨਵੇਂ ਲੋਕ ਪਰ ਮੇਰੀਆਂ ਆਦਤਾਂ ਪੁਰਾਣੀਆਂ ਰਹੀਆਂ। ਕਦੇ ਗੁਆਂਢ ਵਿੱਚ ਰਹਿਣ ਵਾਲੀ ਔਰਤ ਅਤੇ ਕਦੇ ਨੇੜੇ ਦੇ ਸ਼ਹਿਰ ਵਿੱਚ ਜਾ ਕੇ ਦਿਲ ਬਹਿਲਾਇਆ।

ਕਈ ਵਾਰ ਤਾਂ ਮੇਰੇ ਬੌਸ ਵੀ ਨਾਲ ਆਉਂਦੇ ਸਨ। ਉਨ੍ਹਾਂ ਨੂੰ ਮੇਰੇ 'ਤੇ ਕਾਫ਼ੀ ਭਰੋਸਾ ਸੀ।

ਇਹ ਵੀ ਪੜ੍ਹੋ:

ਅੱਜ ਮੈਂ 39 ਸਾਲ ਦਾ ਹੋ ਚੁੱਕਿਆ ਹਾਂ ਪਰ ਇਕੱਲਾ ਮਹਿਸੂਸ ਨਹੀਂ ਕਰਦਾ। ਵਿਆਹ ਲਈ ਜਿਹੜੇ ਸੁਪਨੇ ਦੇਖੇ ਸੀ ਉਹ ਵੁਹਟੀ ਨਾਲ ਨਾ ਸਹੀ ਬਾਕੀ ਔਰਤਾਂ ਨਾਲ ਪੂਰੇ ਹੋ ਚੁੱਕੇ ਹਨ।

ਚੱਲਦਾ ਹੈ, ਜ਼ਿੰਦਗੀ ਹੈ।

ਹੁਣ ਤਾਂ ਪਰਿਵਾਰ ਵਾਲਿਆਂ ਨੇ ਵੀ ਸਮਝੌਤਾ ਕਰ ਲਿਆ ਹੈ। ਛੋਟੇ ਭਰਾ ਨੇ ਆਦਿਵਾਸੀ ਔਰਤ ਨਾਲ ਲਵ-ਮੈਰਿਜ ਕਰਵਾ ਲਈ ਹੈ। ਮੈਂ ਹੁਣ ਆਜ਼ਾਦ ਪਰਿੰਦਾ ਹਾਂ।

ਵਿਆਹ ਦਾ ਖਿਆਲ ਛੱਡ ਦਿੱਤਾ ਹੈ ਕਿਉਂਕਿ ਇਹ ਜ਼ਿੰਦਗੀ ਰਾਸ ਆ ਗਈ ਹੈ। ਅੱਜ ਮੇਰੀ ਮਹੀਨੇ ਦੀ ਤਨਖ਼ਾਹ 40,000 ਹੈ। ਥੋੜ੍ਹਾ ਉੱਪਰੋਂ ਵੀ ਕਮਾ ਲੈਂਦਾ ਹਾਂ। ਕਿਸੇ ਚੀਜ਼ ਦੀ ਕਮੀ ਨਹੀਂ ਹੈ, ਇਸ ਲਈ ਦਿਲ ਵਿੱਚ ਕੋਈ ਗ਼ਿਲਾ ਵੀ ਨਹੀਂ ਹੈ।

ਪਤਾ ਨਹੀਂ ਜੇਕਰ ਵਿਆਹ ਹੁੰਦਾ ਤਾਂ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ, ਪਰ ਅੱਜ ਸਮਾਜ ਦੇ ਮਿਹਣਿਆਂ ਤੋਂ ਦੂਰ ਮੇਰੀ ਆਜ਼ਾਦ ਜ਼ਿੰਦਗੀ ਕਾਫ਼ੀ ਬਿਹਤਰ ਹੈ।

(ਇਹ ਕਹਾਣੀ ਇਸ ਸ਼ਖ਼ਸ ਵੱਲੋਂ ਬੀਬੀਸੀ ਨਾਲ ਕੀਤੀ ਗੱਲਬਾਤ 'ਤੇ ਆਧਾਰਿਤ ਹੈ। ਇਸ ਕਹਾਣੀ ਨੂੰ ਦੱਸਣ ਵਾਲੇ ਸ਼ਖਸ ਦੀ ਪਛਾਣ ਗੁਪਤ ਰੱਖੀ ਗਈ ਹੈ। ਸੀਰੀਜ਼ ਦੀ ਪ੍ਰੋਡਿਊਸਰ ਸੁਸ਼ੀਲਾ ਸਿੰਘ ਹਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)