ਪ੍ਰੈਗਨੈਂਸੀ ਟੂਰਿਜ਼ਮ : ਲੱਦਾਖ ਦਾ ਉਹ ਪਿੰਡ ਜਿੱਥੇ ਜਰਮਨੀ ਤੋਂ ਔਰਤਾਂ ਗਰਭਵਤੀ ਹੋਣ ਆਉਂਦੀਆਂ ਹਨ

ਆਰੀਆ

ਤਸਵੀਰ ਸਰੋਤ, Rajesh Joshi/BBC

ਤਸਵੀਰ ਕੈਪਸ਼ਨ, ਬੋਧੀ ਹੋਣ ਦੇ ਬਾਵਜੂਦ ਬ੍ਰੋਕਪਾ ਦੇਵੀ-ਦੇਵਤਾਵਾਂ 'ਚ ਯਕੀਨ ਕਰਦੇ ਹਨ ਅਤੇ ਅੱਗ ਵਰਗੀਆਂ ਕੁਦਰਤੀ ਤਾਕਤਾਂ ਪੂਜਦੇ ਹਨ।
    • ਲੇਖਕ, ਦੀਪਕ ਸ਼ਰਮਾ
    • ਰੋਲ, ਬੀਬੀਸੀ ਪੱਤਰਕਾਰ, ਲੱਦਾਖ ਤੋਂ

ਲੱਦਾਖ ਦੇ ਪਹਾੜਾਂ 'ਚ ਦੂਰ-ਦੁਰਾਡੇ ਵਸੇ ਕਰੀਬ 5 ਹਜ਼ਾਰ ਬ੍ਰੋਕਪਾ ਖ਼ੁਦ ਨੂੰ ਦੁਨੀਆਂ ਦੇ ਆਖ਼ਰੀ ਬਚੇ ਹੋਏ ਸ਼ੁੱਧ ਆਰੀਆ ਮੰਨਦੇ ਹਨ।

ਕੀ ਇਹ ਸੱਚਮੁੱਚ ਉਹ ਜਾਤੀ ਹੈ, ਜਿਸ ਨੂੰ ਨਾਜ਼ੀ 'ਮਾਸਟਰ ਰੇਸ' ਮੰਨਦੇ ਸਨ? ਜਾਂ ਫੇਰ ਇਹ ਦਾਅਵਾ ਸਿਰਫ਼ ਮਿਥ ਹੈ, ਜਿਸ ਨੂੰ ਬਰਕਾਰ ਰੱਖਣਾ ਇਨ੍ਹਾਂ ਲੋਕਾਂ ਲਈ ਲਾਹੇਵੰਦ ਸੌਦਾ ਹੈ।

ਸਾਡੇ ਦੌਰ ਦੇ ਸਭ ਤੋਂ ਚਰਚਿਤ ਜੰਗ ਦੇ ਮੈਦਾਨ ਕਾਰਗਿਲ ਨੂੰ ਨੇੜਿਓਂ ਦੇਖਣ ਦਾ ਉਤਸ਼ਾਹ ਲੰਬੇ ਤੇ ਪਹਾੜੀ ਸਫ਼ਰ ਨੂੰ ਬੋਝ ਬਣਨ ਨਹੀਂ ਦਿੰਦਾ।

ਲੇਹ ਤੋਂ ਉੱਤਰ-ਪੱਛਮ ਵੱਲ ਵਧਦੇ ਹੋਏ ਪਹਿਲਾ ਖ਼ਿਆਲ ਕਾਰਗਿਲ ਦਾ ਹੀ ਆਉਂਦਾ ਹੈ ਪਰ ਬੀਬੀਸੀ ਦੀ ਟੀਮ ਇਸ ਸੜਕ 'ਤੇ ਕੁਝ ਹੋਰ ਲੱਭਣ ਲਈ ਗਈ ਸੀ।

ਕਰੀਬ 4 ਘੰਟੇ ਤੱਕ ਲੇਹ ਤੋਂ ਬਟਾਲਿਕ ਤੱਕ ਦਾ ਰਸਤਾ ਹਾਈ ਵੇਅ ਵਰਗਾ ਹੈ। ਇਸ ਤੋਂ ਬਾਅਦ ਸੜਕ ਤੰਗ ਹੋ ਕੇ ਸਿੰਧੂ ਨਦੀ ਦਾ ਕੰਢਾ ਫੜ ਲੈਂਦੀ ਹੈ।

ਕਿਤੇ ਕੱਚੇ, ਕਿਤੇ ਪੱਕੇ ਰਸਤੇ 'ਤੇ ਤਕਰੀਬਨ ਦੋ ਘੰਟੇ ਹੋਰ ਚੱਲਣ ਤੋਂ ਬਾਅਦ ਤੁਸੀਂ ਗਾਰਕੋਨ ਪਿੰਡ ਪਹੁੰਚ ਜਾਂਦੇ ਹੋ।

ਆਰੀਆ

ਤਸਵੀਰ ਸਰੋਤ, Rajesh Joshi/BBC

ਤਸਵੀਰ ਕੈਪਸ਼ਨ, ਲੱਦਾਖ ਦੇ ਪਹਾੜਾਂ 'ਚ ਦੂਰ-ਦਰਾਜ ਵਸੇ ਕਰੀਬ 5 ਹਜ਼ਾਰ ਬ੍ਰੋਕਪਾ ਖ਼ੁਦ ਨੂੰ ਦੁਨੀਆਂ ਦੇ ਆਖ਼ਰੀ ਬਚੇ ਹੋਏ ਸ਼ੁੱਧ ਆਰੀਆ ਮੰਨਦੇ ਹਨ

ਪਿੰਡ ਤੋਂ ਠੀਕ ਬਿਆਮਾ 'ਚ ਤੁਹਾਡਾ ਧਿਆਨ ਸਭ ਤੋਂ ਪਹਿਲਾਂ 2015 'ਚ ਆਏ ਹੜ੍ਹ 'ਚ ਡੁੱਬੇ ਘਰਾਂ ਵੱਲ ਜਾਂਦਾ ਹੈ।

ਨੰਗੇ, ਪਥਰੀਲੇ ਪਹਾੜਾਂ 'ਤੇ ਹਰੇ ਪੌੜੀਦਾਰ ਖੇਤ ਸਥਾਨਕ ਲੋਕਾਂ ਦੀ ਮਿਹਨਤ ਭਰੀ ਜ਼ਿੰਦਗੀ ਦੀ ਗਵਾਹੀ ਦਿੰਦੇ ਹਨ ਪਰ ਇਸ ਥਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਖ਼ੁਦ ਇਹ ਲੋਕ ਹਨ।

ਕਿਉਂ ਖ਼ਾਸ ਹੈ ਬ੍ਰੋਕਪਾ?

ਗਾਰਕੋਨ ਦੇ ਬੱਚੇ, ਬੁੱਢੇ ਅਤੇ ਜਵਾਨ ਹੁਣ ਸ਼ਹਿਰੀ ਦਿਖਣ ਵਾਲੇ ਲੋਕਾਂ ਨੂੰ ਦੇਖ ਕੇ ਹੈਰਾਨ ਨਹੀਂ ਹੁੰਦੇ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਹੜੀ ਤਾਂਘ ਉਨ੍ਹਾਂ ਨੂੰ ਇੱਥੇ ਖਿੱਚ ਕੇ ਲੈ ਆਉਂਦੀ ਹੈ।

ਪਿੰਡ ਦੇ ਕਿਸੇ ਵੀ ਸ਼ਖ਼ਸ ਨਾਲ 5 ਮਿੰਟ ਦੀ ਗੱਲਬਾਤ ਵੀ ਤੁਹਾਨੂੰ ਇਸ ਸਵਾਲ ਤੱਕ ਲੈ ਹੀ ਜਾਂਦੀ ਹੈ। ਚੰਡੀਗੜ੍ਹ 'ਚ ਪੜ੍ਹਾਈ ਕਰ ਰਹੀ ਸੋਨਮ ਲਹਾਮੋ ਦੱਸਦੀ ਹੈ ਕਿ ਸ਼ੁੱਧ ਆਰੀਆ ਹੋਣ ਦੀ ਗੱਲ ਉਨ੍ਹਾਂ ਦੇ ਭਾਈਚਾਰੇ 'ਚ ਪੀੜ੍ਹੀ-ਦਰ-ਪੀੜ੍ਹੀ ਤੋਂ ਤੁਰੀ ਆ ਰਹੀ ਹੈ।

ਉਹ ਕਹਿੰਦੀ ਹੈ, "ਤੁਸੀਂ ਪੜ੍ਹਿਆ ਹੋਵੇਗਾ ਆਰੀਆ ਲੰਬੇ ਅਤੇ ਗੋਰੇ ਹੁੰਦੇ ਸਨ। ਤੁਸੀਂ ਇੱਥੋਂ ਦੀ ਆਬਾਦੀ 'ਚ ਵੀ ਇਹੀ ਗੱਲ ਦੇਖ ਸਕਦੇ ਹੋ। ਅਸੀਂ ਵੀ ਕੁਦਰਤ ਦੀ ਪੂਜਾ ਕਰਦੇ ਹਾਂ। ਅਸੀਂ ਆਪਣੇ ਸੱਭਿਆਚਾਰ ਨੂੰ ਹੀ ਆਪਣੇ ਸ਼ੁੱਧ ਆਰੀਅਨ ਹੋਣ ਦਾ ਸਬੂਤ ਮੰਨਦੇ ਹਾਂ।"

ਆਰੀਆ

ਤਸਵੀਰ ਸਰੋਤ, Rajesh Joshi/BBC

ਤਸਵੀਰ ਕੈਪਸ਼ਨ, ਬ੍ਰੋਕਪਾ ਨਾਮ ਉਨ੍ਹਾਂ ਨੂੰ ਲੱਦਾਖ ਦੀ ਬਾਕੀ ਆਬਾਦੀ ਵੱਲੋਂ ਮਿਲਿਆ ਹੈ। ਸਥਾਨਕ ਭਾਸ਼ਾ 'ਚ ਇਸ ਦਾ ਮਤਲਬ ਘੁਮੱਕੜ ਹੁੰਦਾ ਹੈ।

ਇਹ ਦੇਖਿਆ ਜਾ ਸਕਦਾ ਹੈ ਬਿਆਮਾ, ਗਾਰਕੋਨ, ਦਾਰਚਿਕ, ਦਾਹ ਅਤੇ ਹਾਨੂ ਦੇ ਲੋਕਾਂ ਦੀਆਂ ਸ਼ਕਲਾਂ ਬਾਕੀ ਲੱਦਾਖੀਆਂ ਦੇ ਮੰਗੋਲ ਨੈਨ-ਨਕਸ਼ ਨਾਲੋਂ ਵੱਖ ਹਨ।

ਬ੍ਰੋਕਪਾ ਨਾਮ ਉਨ੍ਹਾਂ ਨੂੰ ਲੱਦਾਖ ਦੀ ਬਾਕੀ ਆਬਾਦੀ ਵੱਲੋਂ ਮਿਲਿਆ ਹੈ। ਸਥਾਨਕ ਭਾਸ਼ਾ 'ਚ ਇਸ ਦਾ ਮਤਲਬ ਘੁਮੱਕੜ ਹੁੰਦਾ ਹੈ।

ਬੋਧੀ ਹੋਣ ਦੇ ਬਾਵਜੂਦ ਬ੍ਰੋਕਪਾ ਦੇਵੀ-ਦੇਵਤਾਵਾਂ 'ਚ ਯਕੀਨ ਕਰਦੇ ਹਨ ਅਤੇ ਅੱਗ ਵਰਗੀਆਂ ਕੁਦਰਤੀ ਤਾਕਤਾਂ ਪੂਜਦੇ ਹਨ। ਇਨ੍ਹਾਂ ਵਿਚ ਬਲੀ ਦੇਣ ਦੀ ਪ੍ਰਥਾ ਵੀ ਹੁਣ ਤੱਕ ਜ਼ਿੰਦਾ ਹੈ ਹਾਲਾਂਕਿ ਅਜੋਕੀ ਪੀੜ੍ਹੀ 'ਚ ਇਸ ਦਾ ਵਿਰੋਧ ਹੋਣ ਲੱਗਾ ਹੈ।

ਇਹ ਵੀ ਪੜ੍ਹੋ:

ਅੱਗ ਅਤੇ ਪ੍ਰਕਿਰਤੀ ਦੀਆਂ ਦੂਜੀਆਂ ਤਾਕਤਾਂ ਨੂੰ ਪੂਜਣ ਅਤੇ ਬਲੀ ਦੇਣ ਦਾ ਜ਼ਿਕਰ ਵੇਦਾਂ 'ਚ ਮਿਲਦਾ ਹੈ।

ਹਾਲਾਂਕਿ, ਬ੍ਰੋਕਰਾ ਸੱਭਿਆਚਾਰ 'ਚ ਬੱਕਰੀਆਂ ਨੂੰ ਗਊਆਂ ਨਾਲੋਂ ਵਧੇਰੇ ਉੱਚਾ ਦਰਜਾ ਹਾਸਿਲ ਹੈ। ਬਦਲਦੇ ਵਕਤ ਦੇ ਨਾਲ ਕਿਤੇ-ਕਿਤੇ ਹੁਣ ਗਊ-ਵੰਸ਼ ਨਜ਼ਰ ਆਉਣ ਲੱਗਾ ਹੈ ਪਰ ਬੱਕਰੀ ਦਾ ਦੁੱਧ ਅਤੇ ਘਿਉ ਹੁਣ ਵੀ ਲੋਕਾਂ ਦੀ ਪਹਿਲੀ ਪਸੰਦ ਹੈ।

ਜ਼ਾਹਿਰ ਹੈ ਕਿ ਬਾਕੀ ਲੱਦਾਖੀ ਸੱਭਿਆਚਾਰ ਤੋਂ ਵੱਖ ਹੋਣਾ ਹੀ ਉਨ੍ਹਾਂ ਦਾ ਸ਼ੁੱਧ ਆਰੀਆ ਦਾ ਸਬੂਤ ਨਹੀਂ ਹੋ ਸਕਦਾ।

ਆਰੀਆ

ਤਸਵੀਰ ਸਰੋਤ, Rajesh Joshi/BBC

ਤਸਵੀਰ ਕੈਪਸ਼ਨ, ਹਾਲ ਹੀ ਵਿੱਚ ਆਪਣੀ ਭਾਸ਼ਾ ਦਾ ਸ਼ਬਦਕੋਸ਼ ਛਪਵਾ ਚੁੱਕੇ ਗੈਲਸਨ ਸੰਸਕ੍ਰਿਤ ਦੇ ਨਾਲ ਉਨ੍ਹਾਂ ਦੀ ਭਾਸ਼ਾ ਦੀ ਸਮਾਨਤਾਵਾਂ ਵੀ ਗਿਣਵਾਉਂਦੇ ਹਨ

ਇਸੇ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਸਵਾਂਗ ਗੈਲਸਨ ਕਾਰਗਿਲ ਦੇ ਕਾਲਜ 'ਚ ਪੜ੍ਹਦੇ ਹਨ। ਉਨ੍ਹਾਂ ਦੀ ਦਿਲਚਸਪੀ ਆਪਣੇ ਇਤਿਹਾਸ ਦੀ ਤਹਿ ਤੱਕ ਜਾਣ ਵਿੱਚ ਹੈ।

ਉਹ ਦੱਸਦੇ ਹਨ, "ਕਈ ਇਤਿਹਾਸਕਾਰਾਂ ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ। ਮਸਲਨ, ਜਰਮਨ ਮਾਹਿਰ ਏਐਚ ਫ੍ਰੈਂਕੀ ਨੇ ਆਪਣੀ ਕਿਤਾਬ 'ਦਿ ਹਿਸਟਰੀ ਆਫ ਵੈਸਟਰਨ ਤਿੱਬਤ' 'ਚ ਸਾਡੀ ਆਬਾਦੀ ਆਰੀਅਨ ਸਟਾਕ ਦਾ ਨਾਮ ਦਿੱਤਾ ਹੈ।"

ਹਾਲ ਹੀ ਵਿੱਚ ਆਪਣੀ ਭਾਸ਼ਾ ਦਾ ਸ਼ਬਦਕੋਸ਼ ਛਪਵਾ ਚੁੱਕੇ ਗੈਲਸਨ ਸੰਸਕ੍ਰਿਤ ਦੇ ਨਾਲ ਉਨ੍ਹਾਂ ਦੀ ਭਾਸ਼ਾ ਦੀ ਸਮਾਨਤਾਵਾਂ ਵੀ ਗਿਣਵਾਉਂਦੇ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਮੁਤਾਬਕ, "ਬਾਕੀ ਲੱਦਾਖੀ ਭਾਸ਼ਾਵਾਂ ਤੋਂ ਵੱਖ ਸਾਡੀ ਜ਼ੁਬਾਨ 'ਚ ਕਈ ਸੰਸਕ੍ਰਿਤ ਦੇ ਕਈ ਸ਼ਬਦ ਮਿਲਦੇ ਹਨ। ਉਦਾਹਰਣ ਲਈ ਘੋੜੇ ਲਈ ਅਸ਼ਵ, ਸੂਰਜ ਲਈ ਸੂਰਿਆ ਆਦਿ। ਇਹੀ ਗੱਲ ਅਸੀਂ ਅੰਕਾਂ ਬਾਰੇ ਵੀ ਕਹਿ ਸਕਦੇ ਹਾਂ।"

ਸਿਕੰਦਰ ਦੇ ਫ਼ੌਜੀਆਂ ਦੇ ਵਾਰਸ

ਗੈਲਸਨ ਮੁਤਾਬਕ ਇੱਕ ਮਿੱਥ ਇਹ ਵੀ ਹੈ ਉਨ੍ਹਾਂ ਦਾ ਭਾਈਚਾਰਾ ਸਮਰਾਟ ਸਿਕੰਦਰ ਦੇ ਸੈਨਿਕਾਂ ਦਾ ਵਾਰਿਸ ਹੈ ਹਾਲਾਂਕਿ ਪਾਕਿਸਤਾਨ ਦੀ ਕਲਾਸ਼ ਜਾਤੀ, ਹਿਮਾਚਲ ਪ੍ਰਦੇਸ਼ 'ਚ ਮਲਾਣਾ ਅਤੇ ਬੜਾ ਭੰਗਾਲ ਇਲਾਕੇ ਦੇ ਲੋਕ ਵੀ ਅਜਿਹਾ ਹੀ ਦਾਅਵਾ ਕਰਦੇ ਹਨ।

ਬ੍ਰੋਕਪਾ ਲੋਕ ਗੀਤਾਂ 'ਚ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਕਿ ਉਨ੍ਹਾਂ ਦੇ ਪੁਰਖੇ ਕਰੀਬ ਸੱਤਵੀਂ ਸਦੀ 'ਚ ਗਿਲਗਿਤ-ਬਲੌਚਿਸਤਾਨ ਤੋਂ ਆ ਕੇ ਬਟਾਲਿਕ ਦੇ ਨੇੜਲੇ ਇਲਾਕਿਆਂ 'ਚ ਵਸੇ ਹੋਣਗੇ।

ਉਨ੍ਹਾਂ ਦਾ ਸਭ ਤੋਂ ਵੱਡਾ ਤਿਉਹਾਰ ਅਕਤੂਬਰ 'ਚ ਫਸਲ ਕੱਟਣ ਵੇਲੇ ਮਨਾਇਆ ਜਾਣ ਵਾਲਾ ਬੋਨੋਨਾ ਹੈ।

ਆਰੀਆ

ਤਸਵੀਰ ਸਰੋਤ, Rajesh Joshi/BBC

ਤਸਵੀਰ ਕੈਪਸ਼ਨ, ਅੱਜ ਦੇ ਭਾਰਤ 'ਚ ਇਹ ਸਵਾਲ ਸਿਆਸਤ ਤੋਂ ਪਰੇ ਨਹੀਂ ਹਨ ਪਰ ਇਹ ਸੱਚ ਹੈ ਕਿ ਆਰੀਆ ਨੂੰ ਲੈ ਕੇ ਕੋਈ ਇੱਕ ਰਾਇ ਨਹੀਂ ਹੈ।

ਹਰ ਬ੍ਰੋਕਪਾ ਪਿੰਡ 'ਚ ਹਰ ਸਾਲ ਇਸ ਨੂੰ ਧੂਮ ਧਾਮ ਨਾਲ ਮਨਾਉਂਦੇ ਹਨ। ਇੱਕ ਸਾਲ ਪਾਕਿਸਤਾਨ ਵੱਲ ਵਸੇ ਉਨ੍ਹਾਂ ਦੇ ਪਿੰਡ ਗਨੋਕ ਲਈ ਵੀ ਛੱਡਿਆ ਜਾਂਦਾ ਹੈ।

ਹਾਲਾਂਕਿ, ਇਹ ਕਹਿਣਾ ਮੁਸ਼ਕਲ ਹੈ ਕਿ ਉਨ੍ਹਾਂ ਵੱਲੋਂ ਉਸ ਪਰੰਪਰਾ ਨੂੰ ਹੁਣ ਵੀ ਨਿਭਾਇਆ ਜਾਂਦਾ ਹੈ ਜਾਂ ਨਹੀਂ।

ਕੀ ਹੈ ਆਰੀਆ ਦਾ ਇਤਿਹਾਸ?

ਅੱਜ ਦੇ ਭਾਰਤ 'ਚ ਇਹ ਸਵਾਲ ਸਿਆਸਤ ਤੋਂ ਪਰੇ ਨਹੀਂ ਹਨ ਪਰ ਇਹ ਸੱਚ ਹੈ ਕਿ ਆਰੀਆ ਨੂੰ ਲੈ ਕੇ ਕੋਈ ਇੱਕ ਰਾਇ ਨਹੀਂ ਹੈ।

ਵੀਹਵੀਂ ਸਦੀ ਤੱਕ ਮੰਨਿਆ ਜਾਂਦਾ ਰਿਹਾ ਹੈ ਕਿ ਇੰਡੋ-ਯੂਰਪੀ ਭਾਸ਼ਾ ਬੋਲਣ ਵਾਲੇ ਇਹ ਸਮੂਹ ਮੱਧ ਏਸ਼ੀਆ ਤੋਂ ਤਕਰੀਬਨ 2000-1500 ਈਸਾ ਪੂਰਵ ਭਾਰਤ ਆਏ ਹੋਣਗੇ।

ਮਤਭੇਦ ਇਸ ਗੱਲ 'ਤੇ ਰਿਹਾ ਹੈ ਕਿ ਇਹ ਲੋਕ ਹਮਲਾਵਰ ਸੀ ਜਾਂ ਫੇਰ ਰੋਜ਼ੀ-ਰੋਟੀ ਦੇ ਬਿਹਤਰ ਮੌਕਿਆਂ ਦੀ ਭਾਲ ਵਾਲੇ ਘੁਮੱਕੜ। ਪਿਛਲੇ 2 ਦਹਾਕਿਆਂ 'ਚ ਆਰੀਆ ਨੂੰ ਭਾਰਤ ਦੇ ਮੂਲ ਨਿਵਾਸੀ ਦੱਸਣ ਵਾਲੀ ਥਿਊਰੀ ਨੇ ਵੀ ਜ਼ੋਰ ਫੜ ਲਿਆ ਹੈ।

ਬ੍ਰਿਟੇਨ ਗੀ ਹਡਰਸਫੀਲਡ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਰਟਿਨ ਪੀ ਰਿਚਰਡ ਦੀ ਅਗਵਾਈ 'ਚ 16 ਵਿਗਿਆਨੀਆਂ ਦੇ ਵਫ਼ਦ ਨੇ ਸੱਚ ਜਾਣਨ ਲਈ ਮੱਧ ਏਸ਼ੀਆ, ਯੂਰਪ ਅਤੇ ਦੱਖਣੀ ਏਸ਼ੀਆ ਦੀ ਆਬਾਦੀ ਦੇ ਵਾਈ-ਕ੍ਰੋਮੇਸੋਮ ਦਾ ਅਧਿਅਨ ਕੀਤਾ। ਵਾਈ-ਕ੍ਰੋਮੋਸੋਮ ਸਿਰਫ਼ ਪਿਤਾ ਵਿਚ ਹੋਣ ਕਾਰਨ ਪੁੱਤਰ ਪੈਦਾ ਹੁੰਦਾ ਹੈ।

ਇਸ ਖੋਜ ਮੁਤਾਬਕ ਕਾਂਸੇ ਯੁੱਗ (3000-1200 ਈਸਾ ਪੂਰਵ) 'ਚ ਹਿਜ਼ਰਤ ਕਰਨ ਵਾਲੇ 'ਚ ਵਧੇਰੇ ਪੁਰਸ਼ ਹੁੰਦੇ ਹਨ।

ਪਿਛਲੇ ਸਾਲ ਮਾਰਚ ਦੇ ਅੰਕ ਵਿੱਚ ਛਪੇ ਇਸ ਰਿਸਰਚ ਪੇਪਰ ਨੇ ਲਿਖਿਆ ਹੈ, "ਸਾਡੇ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਔਰਤਾਂ ਦੇ ਜੀਨਜ਼ ਲਗਭਗ ਪੂਰੀ ਤਰ੍ਹਾਂ ਦੇਸੀ ਹਨ, ਅਤੇ 55 ਹਜ਼ਾਰ ਸਾਲ ਪਹਿਲਾਂ ਇੱਥੇ ਵਸੇ ਪਹਿਲੇ ਇਨਸਾਨਾਂ ਨਾਲ ਕਾਫੀ ਮਿਲਦੇ ਹਨ। ਪਰ ਪੁਰਸ਼ਾਂ ਦੇ ਜੀਨਜ਼ ਵੱਖ ਹਨ, ਜਿਨ੍ਹਾਂ ਦਾ ਤਾਅਲੁਕ ਦੱਖਣੀ-ਪੱਛਮੀ ਏਸ਼ੀਆ ਅਤੇ ਮੱਧ ਏਸ਼ੀਆ ਨਾਲ ਰਿਹਾ ਹੈ।"

ਹਾਲਾਂਕਿ ਖੋਜ ਦਾ ਦਾਅਵਾ ਹੈ ਕਿ ਹਿਜ਼ਰਤ ਦਾ ਇਹ ਸਿਲਸਿਲਾ ਹਜ਼ਾਰਾਂ ਸਾਲ ਤੱਕ ਚੱਲਿਆ ਹੋਵੇਗਾ।

ਆਰੀਆ

ਤਸਵੀਰ ਸਰੋਤ, Rajesh Joshi/BBC

ਤਸਵੀਰ ਕੈਪਸ਼ਨ, ਗੈਲਸਨ ਵੀ ਬ੍ਰੋਕਪਾਵਾਂ ਦੇ ਡੀਐਨਏ ਦੀ ਜਾਂਚ ਲਈ ਕੋਸ਼ਿਸ਼ ਕਰ ਰਹੇ ਹਨ।

ਜੇਕਰ ਆਰੀਆ ਸੱਚਮੁੱਚ ਏਸ਼ੀਆ ਦੇ ਕੈਲਪੀਅਨ ਸਾਗਰ ਦੇ ਨੇੜੇ ਘਾਹ ਦੇ ਮੈਦਾਨਾਂ ਤੋਂ ਨਿਕਲ ਕੇ ਦੱਖਣੀ ਏਸ਼ੀਆ ਆਏ ਹੋਣਗੇ ਤਾਂ ਬਹੁਤ ਮੁਮਕਿਨ ਹੈ ਕਿ ਉਨ੍ਹਾਂ ਦਾ ਰਸਤਾ ਗਿਲਗਿਤ-ਬਲਾਟਿਸਤਾਨ ਤੋਂ ਹੋ ਕੇ ਲੰਘਿਆ ਹੋਵੇ।

ਗੈਲਸਨ ਵੀ ਬ੍ਰੋਕਪਾਵਾਂ ਦੇ ਡੀਐਨਏ ਦੀ ਜਾਂਚ ਲਈ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਇਸ ਵਿਸ਼ੇ 'ਤੇ ਅਜੇ ਹੋਰ ਜਾਂਚ ਦੀ ਲੋੜ ਹੈ। 'ਆਰੀਆ ਦਾ ਇਤਿਹਾਸਕ ਅਕਸ ਜੇਤੂਆਂ ਵਰਗਾ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਕੱਲ ਬ੍ਰੋਕਪਾ ਨੌਜਵਾਨਾਂ 'ਚ ਇਸ ਪਛਾਣ ਨੂੰ ਲੈ ਕੇ ਉਤਸ਼ਾਹ ਵਧਿਆ ਹੈ ਪਰ ਅਸੀਂ ਮੰਨਦੇ ਹਾਂ ਕਿ ਇਸ ਦੇ ਦਾਅਵੇ ਵੱਲ ਵਧੇਰੇ ਖੋਜ ਕਰਨ ਦੀ ਲੋੜ ਹੈ।"

ਪ੍ਰੈਗਨੈਂਸੀ ਟੂਰਿਜ਼ਮ ਦੇ ਕਿੱਸੇ

ਇੰਟਰਨੈੱਟ ਆਉਣ ਤੋਂ ਬਾਅਦ ਬ੍ਰੋਕਪਾਵਾਂ ਦੀ ਇਸ ਪਛਾਣ ਨੇ ਦੁਨੀਆਂ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ। ਇਨ੍ਹਾਂ ਪਿੰਡਾਂ 'ਚ ਜਰਮਨ ਔਰਤਾਂ ਦੇ 'ਸ਼ੁੱਧ ਆਰੀਆ ਬੀਜ' ਦੀ ਚਾਹਤ 'ਚ ਇੱਥੇ ਆਉਣ ਦੇ ਕਿੱਸੇ ਮਸ਼ਹੂਰ ਹਨ।

ਸਾਲ 2007 'ਚ ਫਿਲਮਕਾਰ ਸੰਜੀਵ ਸਿਵਨ ਦੀ ਦਸਤਾਵੇਜ਼ੀ ਫਿਲਮ ਵਿੱਚ ਇੱਕ ਜਰਮਨ ਔਰਤ ਕੈਮਰੇ 'ਤੇ ਇਹ ਗੱਲ ਸਵੀਕਾਰ ਕਰਦੀ ਸੁਣੀ ਜਾ ਸਕਦੀ ਹੈ।

ਆਰੀਆ

ਤਸਵੀਰ ਸਰੋਤ, Rajesh Joshi/BBC

ਤਸਵੀਰ ਕੈਪਸ਼ਨ, ਇਨ੍ਹਾਂ ਪਿੰਡਾਂ 'ਚ ਜਰਮਨ ਔਰਤਾਂ ਦੇ 'ਸ਼ੁੱਧ ਆਰੀਆ ਬੀਜ' ਦੀ ਚਾਹਤ 'ਚ ਇੱਥੇ ਆਉਣ ਦੇ ਕਿੱਸੇ ਮਸ਼ਹੂਰ ਹਨ।

ਵਧੇਰੇ ਬ੍ਰੋਕਪਾ ਇਸ ਬਾਰੇ ਚਰਚਾ ਕਰਨ ਤੋਂ ਬਚਦੇ ਹਨ।

ਪਰ ਬਟਾਲਿਕ 'ਚ ਦੁਕਾਨ ਚਲਾਉਣ ਵਾਲੇ ਇਸ ਭਾਈਚਾਰੇ ਦੇ ਇੱਕ ਸ਼ਖ਼ਸ ਨੇ ਨਾਮ ਨਾ ਛਾਪਣ ਦੀ ਸ਼ਰਤ 'ਚ ਦੱਸਿਆ, "ਇੱਕ ਜਰਮਨ ਔਰਤ ਨੇ ਕਈ ਸਾਲ ਪਹਿਲਾਂ ਮੈਨੂੰ ਲੇਹ ਦੇ ਹੋਟਲਾਂ ਵਿੱਚ ਆਪਣੇ ਨਾਲ ਰੱਖਿਆ। ਗਰਭਵਤੀ ਹੋਣ ਤੋਂ ਬਾਅਦ ਉਹ ਮਹਿਲਾ ਜਰਮਨੀ ਵਾਪਸ ਚਲੀ ਗਈ। ਕੁਝ ਸਾਲ ਬਾਅਦ ਉਹ ਆਪਣੇ ਬੱਚੇ ਦੇ ਨਾਲ ਮੁੜ ਮਿਲਣ ਆਈ ਸੀ।"

ਕੀ ਚਾਹੁੰਦੇ ਹਨ ਅੱਜ ਦੇ ਬ੍ਰੋਕਪਾ?

ਬ੍ਰੋਕਪਾਵਾਂ ਦੀ ਮੌਜੂਦਾ ਪੀੜ੍ਹੀ 'ਚ ਪੜ੍ਹਾਈ 'ਤੇ ਕਾਫੀ ਜ਼ੋਰ ਹੈ। ਕੁੜੀਆਂ ਨੂੰ ਪੜ੍ਹਣ ਅਤੇ ਕਰੀਅਰ ਬਣਾਉਣ ਲਈ ਬਰਾਬਰੀ ਦੇ ਮੌਕੇ ਮਿਲਦੇ ਹਨ ਪਰ ਨੌਕਰੀਆਂ ਸੀਮਤ ਹਨ।

ਕਮਾਈ ਦਾ ਸਭ ਤੋਂ ਵੱਡਾ ਜ਼ਰੀਆ ਜਾਂ ਤਾਂ ਖੁਮਾਨੀ ਦੀ ਬਾਗਬਾਨੀ ਹੈ ਜਾਂ ਫੇਰ ਸੋਨਾ ਅਤੇ ਬਾਰਡਰ ਰੇਂਜ ਆਰਗਨਾਈਜੇਸ਼ਨ ਨਾਲ ਮਿਲਣ ਵਾਲੀ ਮਜ਼ਦੂਰੀ ਹੈ।

ਆਰੀਆ

ਤਸਵੀਰ ਸਰੋਤ, Rajesh Joshi/BBC

ਤਸਵੀਰ ਕੈਪਸ਼ਨ, ਅਜੋਕੀ ਪੀੜ੍ਹੀ ਦੇ ਕਈ ਬ੍ਰੋਕਪਾਵਾਂ ਤੋਂ ਅਸੀਂ ਪੁੱਛਿਆ ਕਿ ਉਹ ਆਪਣੇ ਪਿੰਡ ਵਿੱਚ ਰੋਜ਼ਗਾਰ ਨੂੰ ਪਹਿਲ ਦੇਣਗੇ ਜਾਂ ਮੌਕਾ ਮਿਲਣ 'ਤੇ ਕਿਸੇ ਸ਼ਹਿਰ 'ਚ ਜਾ ਕੇ ਵਸਣਾ ਪਸੰਦ ਕਰਨਗੇ।

ਬਿਜਲੀ ਹੁਣ ਵੀ ਸਵੇਰੇ-ਸ਼ਾਮ ਸਿਰਫ਼ ਇੱਕ ਘੰਟਾ ਹੀ ਰਹਿੰਦੀ ਹੈ ਪਰ ਜਿਵੇ-ਜਿਵੇਂ ਸੈਲਾਨੀਆਂ ਦੀ ਆਮਦ ਵਧ ਰਹੀ ਹੈ, ਤਰੱਕੀ ਦੇ ਨਵੇਂ ਰਸਤੇ ਵੀ ਖੁੱਲ੍ਹ ਰਹੇ ਹਨ।

ਮੋਬਾਈਲ ਦੀ ਵਰਤੋਂ ਵਧਣ ਨਾਲ ਬ੍ਰੋਕਪਾ ਨੌਜਵਾਨਾਂ ਨੇ ਸਰਹੱਦ ਪਾਰ ਗਿਲਗਿਤ ਦੇ ਨੌਜਵਾਨਾਂ ਦੇ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਸੰਪਰਕ ਵੀ ਕਾਇਮ ਕੀਤਾ ਹੈ।

ਲਹਾਮੋ ਦੱਸਦੇ ਹੈ, "ਉਹ ਲੋਕ ਵੀ ਸਾਡੀ ਭਾਸ਼ਾ 'ਚ ਗੱਲ ਕਰਦੇ ਹਨ ਅਤੇ ਮਾਣ ਨਾਲ ਕਹਿੰਦੇ ਹਨ ਕਿ ਉਹ ਆਰੀਆ ਹਨ।"

ਅਜੋਕੀ ਪੀੜ੍ਹੀ ਦੇ ਕਈ ਬ੍ਰੋਕਪਾਵਾਂ ਤੋਂ ਅਸੀਂ ਪੁੱਛਿਆ ਕਿ ਉਹ ਆਪਣੇ ਪਿੰਡ ਵਿੱਚ ਰੋਜ਼ਗਾਰ ਨੂੰ ਪਹਿਲ ਦੇਣਗੇ ਜਾਂ ਮੌਕਾ ਮਿਲਣ 'ਤੇ ਕਿਸੇ ਸ਼ਹਿਰ 'ਚ ਜਾ ਕੇ ਵਸਣਾ ਪਸੰਦ ਕਰਨਗੇ। ਸਾਨੂੰ ਇਸ ਦਾ ਜਵਾਬ ਮਿਲਿਆ-ਜੁਲਿਆ ਮਿਲਿਆ।

ਗੈਲਸਨ ਦੇ ਲਫ਼ਜ਼ਾਂ 'ਚ 'ਰੋਜ਼-ਰੋਟੀ ਦੇ ਨਾਲ ਹੀ ਆਪਣੀ 'ਪਛਾਣ' ਨੂੰ ਬਚਾਈ ਰੱਖਣਾ ਅੱਜ ਸਾਡੇ ਲਈ ਸਭ ਤੋਂ ਵੱਡਾ ਮੁੱਦਾ ਹੈ।"

21ਵੀਂ ਸਦੀ ਦੇ ਇਨ੍ਹਾਂ ਸ਼ੁੱਧ ਆਰੀਆ ਦੀ ਜੰਗ ਰਿਆਸਤਾਂ ਲਈ ਨਹੀਂ, ਰੋਜ਼ਗਾਰ ਲਈ ਹੈ ਪਰ ਜੇਕਰ ਇਹ ਪਛਾਣ ਗੁਆ ਕੇ ਮਿਲੀ ਤਾਂ ਇਸ ਜੰਗ ਵਿੱਚ ਜਿੱਤ ਅਧੂਰੀ ਜਿਹੀ ਰਹਿ ਜਾਵੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)