ਚੀਨ ਦੀ ਉਹ 'ਜੇਲ੍ਹ' ਜਿੱਥੇ ਬੰਦ ਨੇ 10 ਲੱਖ ਮੁਸਲਮਾਨ

ਤਸਵੀਰ ਸਰੋਤ, Getty Images
- ਲੇਖਕ, ਰੋਲੈਂਡ ਹਿਊਜ
- ਰੋਲ, ਬੀਬੀਸੀ ਨਿਊਜ਼
ਚੀਨ ਦੇ ਪੱਛਮੀ ਪ੍ਰਾਂਤ ਸ਼ਿਨਜਿਆਂਗ 'ਚ ਘੱਟ ਗਿਣਤੀ ਮੁਸਲਮਾਨਾਂ ਪ੍ਰਤੀ ਆਪਣੇ ਰਵੱਈਏ ਕਾਰਨ ਚੀਨ ਦੀ ਕਾਫੀ ਆਲੋਚਨਾ ਹੋ ਰਹੀ ਹੈ।
ਆਲੋਚਕਾਂ ਦਾ ਕਹਿਣਾ ਹੈ ਕਿ ਚੀਨ ਨੇ ਇਸ ਸੂਬੇ 'ਚ ਵੱਡੀ ਗਿਣਤੀ ਵਿੱਚ ਮੁਸਲਮਾਨਾਂ ਨੂੰ ਖ਼ਾਸ ਤਰ੍ਹਾਂ ਦੇ ਕੈਂਪਾਂ ਵਿੱਚ ਰੱਖਿਆ ਹੋਇਆ ਹੈ।
ਅਗਸਤ ਵਿੱਚ ਇੱਕ ਸੰਯੁਕਤ ਰਾਸ਼ਟਰ ਦੀ ਕਮੇਟੀ ਨੂੰ ਦੱਸਿਆ ਗਿਆ ਸੀ ਕਿ ਸ਼ਿਨਜਿਆਂਗ 'ਚ ਕਰੀਬ 10 ਲੱਖ ਮੁਸਲਮਾਨਾਂ ਨੂੰ ਇੱਕ ਤਰ੍ਹਾਂ ਨਾਲ ਹਿਰਾਸਤ 'ਚ ਰੱਖਿਆ ਗਿਆ ਹੈ, ਜਿੱਥੇ ਉਨ੍ਹਾਂ ਨੂੰ 'ਮੁੜ ਸਿੱਖਿਆ' ਦਿੱਤੀ ਜਾ ਰਹੀ ਹੈ।
ਚੀਨ ਇਨ੍ਹਾਂ ਖ਼ਬਰਾਂ ਦਾ ਖੰਡਨ ਕਰਦਾ ਹੈ ਪਰ ਇਸ ਦੌਰਾਨ ਸ਼ਿਨਜਿਆਂਗ 'ਚ ਲੋਕਾਂ 'ਤੇ ਨਿਗਰਾਨੀ ਦੇ ਕਈ ਸਬੂਤ ਸਾਹਮਣੇ ਆਏ ਹਨ।
ਆਓ ਸਮਝਦੇ ਹਾਂ ਇਸ ਕਹਾਣੀ ਦੇ ਵੱਖ-ਵੱਖ ਪਹਿਲੂ ਕੀ ਹਨ।
ਇਹ ਵੀ ਪੜ੍ਹੋ:
ਕੌਣ ਹਨ ਵੀਗਰ?
ਚੀਨ ਦੇ ਪੱਛਮੀ ਪ੍ਰਾਂਤ ਸ਼ਿਨਜਿਆਂਗ 'ਚ ਰਹਿਣ ਵਾਲੇ ਇੱਕ ਕਰੋੜ ਤੋਂ ਵੱਧ ਵੀਗਰ ਭਾਈਚਾਰੇ ਦੇ ਵਧੇਰੇ ਲੋਕ ਮੁਸਲਮਾਨ ਹਨ। ਇਹ ਲੋਕ ਖ਼ੁਦ ਨੂੰ ਸੱਭਿਆਚਾਰ ਦੀ ਨਜ਼ਰ ਨਾਲ ਮੱਧ ਏਸ਼ੀਆ ਦੇ ਦੇਸਾਂ ਦੇ ਨੇੜੇ ਮੰਨਦੇ ਹਨ। ਉਨ੍ਹਾਂ ਦੀ ਭਾਸ਼ਾ ਵੀ ਤੁਰਕੀ ਨਾਲ ਮਿਲਦੀ-ਜੁਲਦੀ ਹੈ।

ਤਸਵੀਰ ਸਰੋਤ, Getty Images
ਪਰ ਪਿਛਲੇ ਕੁਝ ਸਾਲਾਂ ਵਿੱਚ ਵੱਡੀ ਸੰਖਿਆ 'ਚ ਚੀਨ ਦੇ ਬਹੁ ਗਿਣਤੀ ਨਸਲੀ ਸਮੂਹ 'ਹਾਨ' ਚੀਨੀਆਂ ਦਾ ਸ਼ਿਨਜਿਆਂਗ 'ਚ ਵਸਣਾ ਇੱਕ ਸੰਵੇਦਨਸ਼ੀਲ ਮੁੱਦਾ ਬਣ ਗਿਆ ਹੈ।
ਵੀਗਰ ਲੋਕਾਂ ਨੂੰ ਲਗਦਾ ਹੈ ਕਿ ਹੁਣ ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਸੱਭਿਆਚਾਰ ਖ਼ਤਰੇ 'ਚ ਪੈ ਰਹੀ ਹੈ।
ਕਿੱਥੇ ਹੈ ਸ਼ਿਨਜਿਆਂਗ ?
ਸ਼ਿਨਜਿਆਂਗ ਚੀਨ ਦੇ ਪੱਛਮ 'ਚ ਦੇਸ ਦਾ ਸਭ ਤੋਂ ਵੱਡਾ ਪ੍ਰਾਂਤ ਹੈ। ਇਸ ਦੀ ਸੀਮਾ ਭਾਰਤ, ਅਫ਼ਗਾਨਿਸਤਾਨ ਅਤੇ ਮੰਗੋਲੀਆ ਵਰਗੇ ਕਈ ਦੇਸਾਂ ਨਾਲ ਲਗਦੀ ਹੈ।
ਕਹਿਣ ਨੂੰ ਤਾਂ ਇਹ ਵੀ ਤਿੱਬਤ ਵਾਂਗ ਇੱਕ ਖ਼ੁਦਮੁਖਤਿਆਰ ਖੇਤਰ ਰਿਹਾ ਹੈ ਪਰ ਦਰਅਸਲ ਇੱਥੋਂ ਦੀ ਸਰਕਾਰ ਦੀ ਡੋਰ ਬੀਜਿੰਗ ਦੇ ਹੱਥਾਂ 'ਚ ਹੈ।
ਸਦੀਆਂ ਤੋਂ ਇਸ ਪ੍ਰਾਂਤ ਦਾ ਅਰਥਚਾਰਾ ਖੇਤੀ ਅਤੇ ਵਪਾਰ 'ਤੇ ਆਧਾਰਿਤ ਰਿਹਾ ਹੈ। ਇਤਿਹਾਸਕ ਸਿਲਕ ਰੂਟ ਕਾਰਨ ਇੱਥੇ ਖੁਸ਼ਹਾਲੀ ਰਹੀ ਹੈ।
20ਵੀਂ ਸਦੀ ਦੀ ਸ਼ੁਰੂਆਤ 'ਚ ਵੀਗਰ ਭਾਈਚਾਰੇ ਨੇ ਥੋੜੇ ਸਮੇਂ ਲਈ ਹੀ ਸਹੀ, ਸ਼ਿਨਜਿਆਂਗ ਨੂੰ ਆਜ਼ਾਦ ਐਲਾਨ ਕਰ ਦਿੱਤਾ ਸੀ। ਪਰ 1949 ਦੀ ਕਮਿਊਨਿਸਟ ਕ੍ਰਾਂਤੀ ਤੋਂ ਬਾਅਦ ਇਹ ਪ੍ਰਾਂਤ ਚੀਨ ਦਾ ਹਿੱਸਾ ਬਣ ਗਿਆ।
ਇਸ ਵੇਲੇ ਸ਼ਿਨਜਿਆਂਗ 'ਚ ਕੀ ਹੋ ਰਿਹਾ ਹੈ?
ਅਗਸਤ 2018 'ਚ ਸੰਯੁਕਤ ਰਾਸ਼ਟਰ ਦੀ ਇੱਕ ਮਨੁੱਖੀ ਅਧਿਕਾਰ ਕਮੇਟੀ ਨੂੰ ਦੱਸਿਆ ਗਿਆ ਸੀ ਕਿ 'ਪੂਰਾ ਵੀਗਰ ਖ਼ੁਦਮੁਖਤਿਆਰ ਖੇਤਰ ਨਜ਼ਰਬੰਦੀ 'ਚ ਹੈ।'

ਤਸਵੀਰ ਸਰੋਤ, AFP
ਇਸ ਕਮੇਟੀ ਨੂੰ ਦੱਸਿਆ ਗਿਆ ਸੀ ਕਿ ਕਰੀਬ 10 ਲੱਖ ਲੋਕ ਹਿਰਾਸਤੀ ਜ਼ਿੰਦਗੀ ਬਿਤਾ ਰਹੇ ਹਨ। ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਹਿਊਮਨ ਰਾਈਟਸ ਵਾਚ ਵੀ ਕਰਦਾ ਹੈ।
ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਇਕ ਤਰ੍ਹਾਂ ਹਿਰਾਸਤੀ ਕੈਂਪਾਂ ਵਿੱਚ ਰੱਖੇ ਗਏ ਲੋਕਾਂ ਨੂੰ ਚੀਨੀ ਭਾਸ਼ਾ ਸਿਖਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਪ੍ਰਤੀ ਵਫ਼ਾਦਾਰੀ ਦੀ ਸਹੁੰ ਖਾਣੀ ਪੈਂਦੀ ਹੈ।
ਇਸ ਦੇ ਨਾਲ ਹੀ ਲੋਕਾਂ ਨੂੰ ਉਨ੍ਹਾਂ ਦੇ ਧਰਮ ਅਤੇ ਸੱਭਿਆਚਾਰ ਦੀ ਆਲੋਚਨਾ ਕਰਨ ਲਈ ਕਿਹਾ ਜਾਂਦਾ ਹੈ।
ਹਿਊਮਨ ਰਾਈਟਸ ਵਾਚ ਮੁਤਾਬਕ ਵੀਗਰ ਭਾਈਚਾਰੇ ਨੂੰ ਬੇਹੱਦ ਸਖ਼ਤ ਨਿਗਰਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੇ ਘਰਾਂ ਦੇ ਦਰਵਾਜ਼ੇ 'ਤੇ QR ਕੋਡ ਲੱਗੇ ਹੋਏ ਹਨ ਚਿਹਰੇ ਨੂੰ ਪਛਾਣਨ ਲਈ ਕੈਮਰੇ ਫਿਟ ਹਨ। ਅਧਿਕਾਰੀ ਜਦੋਂ ਚਾਹੁਣ ਇਹ ਪਤਾ ਲਗਾ ਸਕਦੇ ਹਨ ਕਿ ਘਰ 'ਚ ਕੌਣ ਹੈ।
ਇਹ ਵੀ ਪੜ੍ਹੋ:
ਬੀਬੀਸੀ ਨੂੰ ਕੀ ਪਤਾ ਲੱਗਾ?
ਸ਼ਿਨਜਿਆਂਗ ਨਾਲ ਸਬੰਧਤ ਸਿੱਧੀਆਂ ਖ਼ਬਰਾਂ ਆਉਣੀਆਂ ਮੁਸ਼ਕਲ ਹਨ। ਉੱਥੇ ਮੀਡੀਆ 'ਤੇ ਪਾਬੰਦੀ ਹੈ ਪਰ ਬੀਬੀਸੀ ਨੇ ਕਈ ਵਾਰ ਇਸ ਖੇਤਰ ਤੋਂ ਰਿਪੋਰਟਾਂ ਇਕੱਠੀਆਂ ਕੀਤੀਆਂ ਹਨ ਅਤੇ ਖ਼ੁਦ ਇਨ੍ਹਾਂ ਕੈਂਪਾਂ ਦੇ ਸਬੂਤ ਦੇਖੇ ਹਨ।
ਬੀਬੀਸੀ ਦੇ ਪ੍ਰੋਗਰਾਮ ਨਿਊਜ਼ਨਾਈਟ ਨੇ ਕਈ ਅਜਿਹੇ ਲੋਕਾਂ ਨਾਲ ਸਿੱਧੀ ਗੱਲਬਾਤ ਵੀ ਕੀਤੀ ਹੈ, ਜੋ ਇਨ੍ਹਾਂ ਜੇਲ੍ਹਾਂ ਵਿੱਚ ਰਹਿ ਚੁੱਕੇ ਹਨ। ਅਜਿਹੇ ਇੱਕ ਸ਼ਖ਼ਸ ਆਮਿਰ ਹਨ।

ਤਸਵੀਰ ਸਰੋਤ, Getty Images
ਆਮਿਰ ਨੇ ਬੀਬੀਸੀ ਨੂੰ ਦੱਸਿਆ, "ਉਹ ਮੈਨੂੰ ਸੌਣ ਨਹੀਂ ਦਿੰਦੇ ਸਨ। ਮੈਨੂੰ ਕਈ ਘੰਟਿਆਂ ਤੱਕ ਲਟਕਾ ਕੇ ਰੱਖਿਆ ਜਾਂਦਾ ਸੀ। ਮੇਰੀ ਚਮੜੀ 'ਚ ਸੂਈਆਂ ਮਾਰੀਆਂ ਜਾਂਦੀਆਂ ਸਨ। ਪਲਾਸ ਨਾਲ ਮੇਰੇ ਨਹੁੰ ਖਿੱਚੇ ਜਾਂਦੇ ਸਨ। ਟੌਰਚਰ ਦਾ ਸਾਰਾ ਸਾਮਾਨ ਮੇਰੇ ਸਾਹਮਣੇ ਮੇਜ਼ 'ਤੇ ਰੱਖਿਆਂ ਜਾਂਦਾ ਸੀ ਤਾਂ ਜੋ ਮੈਂ ਡਰ ਕੇ ਰਹਾਂ। ਮੈਨੂੰ ਦੂਜੇ ਲੋਕਾਂ ਦੇ ਚੀਕਣ ਦੀ ਆਵਾਜ਼ ਸੁਣਾਈ ਦਿੰਦੀ ਸੀ।"
ਅਜ਼ਾਤ ਨਾਮ ਦੇ ਇੱਕ ਹੋਰ ਸਾਬਕਾ ਕੈਦੀ ਨੇ ਦੱਸਿਆ, "ਜਿੱਥੇ ਮੈਂ ਕੈਦ ਸੀ, ਉਥੇ ਰਾਤ ਦੇ ਖਾਣੇ ਵੇਲੇ 1200 ਲੋਕ ਹੱਥਾਂ ਵਿੱਚ ਪਲਾਸਟਿਕ ਦੀਆਂ ਕਟੋਰੀਆਂ ਲੈ ਕੇ ਚੀਨ ਹਮਾਇਤੀ ਗੀਤ ਗਾਉਂਦੇ ਸਨ। ਉਹ ਸਾਰੇ ਰੋਬੋਟ ਵਾਂਗ ਦਿਸਦੇ ਸਨ। ਉਨ੍ਹਾਂ ਦੀ ਤਾਂ ਆਤਮਾ ਹੀ ਮਰ ਗਈ ਸੀ। ਮੈਂ ਉਨ੍ਹਾਂ ਵਿਚੋਂ ਕਈ ਲੋਕਾਂ ਨੂੰ ਜਾਣਦਾ ਹਾਂ। ਉਹ ਸਭ ਇੰਝ ਵਿਹਾਰ ਕਰਦੇ ਸੀ ਜਿਵੇਂ ਸੜਕ ਹਾਦਸੇ 'ਚ ਯਾਦਦਾਸ਼ਤ ਗੁਆ ਚੁੱਕੇ ਹੋਣ।"
ਵੀਗਰ ਭਾਈਚਾਰੇ ਦੀ ਹਿੰਸਾ?
ਚੀਨ ਦਾ ਕਹਿਣਾ ਹੈ ਕਿ ਉਸ ਨੂੰ ਵੱਖਵਾਦੀ ਇਸਲਾਮੀ ਗੁੱਟਾਂ ਤੋਂ ਖ਼ਤਰਾ ਹੈ ਕਿਉਂਕਿ ਕੁਝ ਵੀਗਰ ਲੋਕਾਂ ਨੇ ਇਸਲਾਮਿਕ ਸਟੇਟ ਸਮੂਹ ਦੇ ਨਾਲ ਹਥਿਆਰ ਚੁੱਕ ਲਏ ਹਨ।
ਸਾਲ 2009 'ਚ ਸ਼ਿਨਜਿਆਂਗ ਦੀ ਰਾਜਧਾਨੀ ਉਰੂਮਚੀ 'ਚ ਹੋਏ ਦੰਗਿਆਂ 'ਚ 'ਹਾਨ' ਭਾਈਚਾਰੇ ਦੇ 200 ਲੋਕ ਮਾਰੇ ਗਏ ਸਨ। ਉਸ ਤੋਂ ਬਾਅਦ ਇੱਥੇ ਹਿੰਸਾ ਵਧੀ ਹੈ।
ਜੁਲਾਈ 2014 'ਚ ਪੁਲਿਸ ਸਟੇਸ਼ਨ ਅਤੇ ਸਰਕਾਰੀ ਦਫ਼ਤਰਾਂ 'ਤੇ ਹੋਏ ਹਮਲੇ 'ਚ 96 ਲੋਕ ਮਾਰੇ ਗਏ ਸਨ।

ਤਸਵੀਰ ਸਰੋਤ, AFP
ਅਕਤੂਬਰ 2013 'ਚ ਬੀਜਿੰਗ ਦੇ ਤਿਆਨਨਮਿਨ ਸੁਕੇਅਰ 'ਚ ਇੱਕ ਕਾਰ ਭੀੜ 'ਚ ਵੜੀ ਅਤੇ ਕਈ ਲੋਕਾਂ ਨੂੰ ਦਰੜ ਦਿੱਤਾ। ਚੀਨੀ ਪ੍ਰਸ਼ਾਸਨ ਨੇ ਇਸ ਲਈ ਵੀ ਸ਼ਿਨਜਿਆਂਗ ਦੇ ਵੱਖਵਾਦੀਆਂ ਨੂੰ ਜ਼ਿੰਮੇਵਾਰ ਦੱਸਿਆ ਸੀ।
ਸਰਕਾਰ ਦੀ ਤਾਜ਼ਾ ਕਾਰਾਵਾਈ ਦੇ ਪਿੱਛੇ ਫਰਵਰੀ 2017 'ਚ ਸ਼ਿਨਜਿਆਂਗ ਦੇ ਉਰੂਮਚੀ 'ਚ ਹੋਈਆਂ ਚਾਕੂਬਾਜ਼ੀ ਦੀਆਂ ਘਟਨਾਵਾਂ ਹਨ।
ਚੀਨ ਕੀ ਕਹਿੰਦਾ ਹੈ?
ਚੀਨ ਦਾ ਕਹਿਣਾ ਹੈ ਕਿ ਸ਼ਿਨਜਿਆਂਗ 'ਚ 'ਹਿੰਸਕ ਅੱਤਵਾਦੀ ਗਤੀਵਿਧੀਆਂ' ਨਾਲ ਨਜਿੱਠਿਆ ਜਾ ਰਿਹਾ ਹੈ।
ਜਨੇਵਾ 'ਚ ਸੰਯੁਕਤ ਰਾਸ਼ਟਰ ਦੀ ਇੱਕ ਬੈਠਕ 'ਚ ਚੀਨੀ ਅਧਿਕਾਰੀ ਹੂ ਲਿਆਨਹੇ ਨੇ ਕਿਹਾ ਸੀ ਕਿ 10 ਲੱਖ ਲੋਕਾਂ ਨੂੰ ਹਿਰਾਸਤ 'ਚ ਰੱਖਣ ਦੀ ਗੱਲ 'ਕੋਰਾ ਝੂਠ' ਹੈ।
ਹਾਲ ਹੀ ਵਿੱਚ ਚੀਨ ਮਨੁੱਖੀ ਅਧਿਕਾਰ ਵਿਭਾਗ ਨੇ ਕਿਹਾ ਹੈ, "ਤੁਸੀਂ ਕਹਿ ਸਕਦੇ ਹੋ ਕਿ ਇਹ ਤਰੀਕਾ ਉਚਿਤ ਨਹੀਂ ਹੈ ਪਰ ਧਾਰਮਿਕ ਕੱਟੜਵਾਦ ਨਾਲ ਨਜਿੱਠਣ ਲਈ ਅਜਿਹਾ ਕੀਤਾ ਜਾਣਾ ਜ਼ਰੂਰੀ ਹੈ ਕਿਉਂਕਿ ਪੱਛਮੀ ਦੇਸ ਇਸਲਾਮੀ ਕੱਟੜਪੰਥ ਨਾਲ ਲੜਨ 'ਚ ਅਸਫ਼ਲ ਹੋ ਗਏ ਹਨ। ਬੈਲਜ਼ੀਅਮ ਅਤੇ ਪੈਰਿਸ 'ਚ ਹੋਇਆ ਹਮਲਾ, ਇਸਦਾ ਸਬੂਤ ਹੈ। ਪੱਛਮ ਇਸ ਵਿਸ਼ੇ 'ਚ ਅਸਫ਼ਲ ਰਿਹਾ ਹੈ।"
ਚੀਨ ਅਕਸਰ ਸ਼ਿਨਜਿਆਂਗ 'ਤੇ ਕੋਈ ਜਨਤਕ ਰਾਇ ਨਹੀਂ ਦਿੰਦਾ। ਇਸ ਦੇ ਨਾਲ ਹੀ ਸ਼ਿਨਜਿਆਂਗ 'ਚ ਬਾਹਰੀ ਅਤੇ ਮੀਡੀਆ ਦੇ ਪ੍ਰਵੇਸ਼ ਨੂੰ ਪੂਰੀ ਤਰ੍ਹਾਂ ਕਾਬੂ ਰੱਖਦਾ ਹੈ।

ਤਸਵੀਰ ਸਰੋਤ, Getty Images
ਦੁਨੀਆਂ ਕੀ ਕਰ ਰਹੀ ਹੈ?
ਦੁਨੀਆਂ ਭਰ ਦੇ ਵੀਗਰ ਭਾਈਚਾਰੇ ਪ੍ਰਤੀ ਚੀਨੀ ਰਵੱਈਏ ਦੀ ਆਲੋਚਨਾ ਵਧਦੀ ਜਾ ਰਹੀ ਹੈ ਪਰ ਹੁਣ ਤੱਕ ਕਿਸੇ ਵੀ ਮੁਲਕ ਨੇ ਆਲੋਚਨਾ ਭਰੇ ਸ਼ਬਦਾਂ ਤੋਂ ਅੱਗੇ ਕੋਈ ਕਦਮ ਨਹੀਂ ਚੁੱਕਿਆ ਹੈ।
ਅਮਰੀਕਾ 'ਚ ਕਾਂਗਰਸ ਦੀ ਚੀਨੀ ਮਾਮਲਿਆਂ ਬਾਰੇ ਕਮੇਟੀ ਨੇ ਟਰੰਪ ਪ੍ਰਸ਼ਾਸਨ ਨਾਲ ਸ਼ਿਨਜਿਆਂਗ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾਲ ਜੁੜੀਆਂ ਕੰਪਨੀਆਂ ਅਤੇ ਅਧਿਕਾਰੀਆਂ 'ਤੇ ਪਾਬੰਦੀ ਲਗਾਉਣ ਦੀ ਗੁਹਾਰ ਲਾਈ ਹੈ।
ਕਮੇਟੀ ਨੇ ਆਪਣੀ ਰਿਪੋਰਟ 'ਚ ਲਿਖਿਆ ਹੈ. "ਘੱਟ ਗਿਣਤੀ ਮੁਸਲਮਾਨ ਭਾਈਚਾਰੇ ਨੂੰ ਹਿਰਾਸਤ 'ਚ ਰੱਖਿਆ ਜਾ ਰਿਹਾ ਹੈ। ਉਨ੍ਹਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਧਾਰਮਿਕ ਅਤੇ ਸੱਭਿਆਰਕ ਮਾਨਤਾਵਾਂ 'ਤੇ ਪਾਬੰਦੀ ਲੱਗੀ ਹੋਈ ਹੈ। ਉਨ੍ਹਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਰ ਪਹਿਲੂ ਨਿਗਰਾਨੀ ਹੇਠ ਹੈ।"
ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਸੰਗਠਨ ਦੀ ਨਵੀਂ ਮੁਖੀ ਮਿਸ਼ੇਲ ਬੈਸ਼ਲੇਟ ਨੇ ਵੀ ਸ਼ਿਨਜਿਆਂਗ 'ਚ ਸੁਪਰਵਾਈਜ਼ਰ ਨੂੰ ਸ਼ਿਨਜਿਆਂਗ 'ਚ ਜਾਣ ਦੀ ਆਗਿਆ ਮੰਗੀ ਹੈ। ਚੀਨ ਨੇ ਇਸ ਮੰਗ ਨੂੰ ਸਿਰੇ ਨਾਲ ਖਾਰਿਜ ਕਰਦੇ ਹੋਏ ਗੁੱਸੇ ਦਾ ਇਜ਼ਹਾਰ ਕੀਤਾ ਹੈ।
ਇਹ ਵੀ ਪੜ੍ਹੋ:
ਇਹ ਵੀ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












