ਚੀਨੀ ਲੋਕ ਭਾਰਤੀ ਫਿਲਮਾਂ ਦੇ ਦੀਵਾਨੇ ਕਿਉਂ ਹੋਣ ਲੱਗੇ

- ਲੇਖਕ, ਵਿਨੀਤ ਖਰੇ
- ਰੋਲ, ਪੱਤਰਕਾਰ, ਬੀਬੀਸੀ
ਮੈਂ ਚੀਨ ਦੇ ਆਨਹੁਈ ਸੂਬੇ ਦੇ ਇੱਕ ਪਿੰਡ ਵਿੱਚ ਸੀ, ਜਿੱਥੇ ਭੋਜਨ ਦੀ ਟੇਬਲ 'ਤੇ ਸੱਤ ਸਾਲ ਦੇ ਬੱਚੇ ਨੇ ਦੱਸਿਆ ਕਿ ਉਸ ਨੇ 'ਦੰਗਲ' ਫਿਲਮ ਦੇਖੀ ਸੀ।
ਸਿਰਫ਼ ਬੱਚੇ ਨੇ ਹੀ ਨਹੀਂ, ਖਾਣੇ ਦੇ ਮੇਜ ਦੇ ਚਾਰੇ ਪਾਸੇ ਬੈਠੇ ਤਕਰੀਬਨ ਸਾਰੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫਿਲਮ ਕਿੰਨੀ ਪਸੰਦ ਆਈ।
ਦੰਗਲ, ਹਿੰਦੀ ਮੀਡੀਅਮ, 3 ਈਡੀਅਟਜ਼, ਪੀਕੇ, ਟਾਇਲੇਟ ਵਰਗੀਆਂ ਫਿਲਮਾਂ ਨੇ ਚੀਨ ਦੇ ਸ਼ਹਿਰਾਂ, ਪਿੰਡਾ ਵਿੱਚ ਬਾਲੀਵੁੱਡ ਅਤੇ ਭਾਰਤ ਦੇ ਅਕਸ ਲਈ ਓੁਨਾ ਕੰਮ ਕੀਤਾ ਹੈ, ਜੋ ਡਿਪਲੋਮੇਟਸ ਤੋਂ ਸ਼ਾਇਦ ਹੀ ਸੰਭਵ ਹੋਵੇ।
ਸ਼ੰਘਾਈ ਦੇ ਇੱਕ ਪਾਰਕ ਵਿੱਚ ਮੈਂ ਆਮਿਰ ਖ਼ਾਨ ਦੇ ਫੈਨ ਕੈਰਨ ਛਨ ਨੂੰ ਮਿਲਿਆ। ਹਿੰਦੀ ਗਾਣਿਆਂ ਦੀ ਫਰਮਾਇਸ਼ 'ਤੇ ਉਨ੍ਹਾਂ ਨੇ ਮੈਨੂੰ 'ਸੀਕ੍ਰੇਟ ਸੁਪਰਸਟਾਰ' ਫਿਲਮ ਦਾ 'ਮੈਂ ਚਾਂਦ ਹੂੰ...' ਗਾਣਾ ਗਾ ਕੇ ਸੁਣਾਇਆ।
ਛਨ ਨੂੰ ਹਿੰਦੀ ਨਹੀਂ ਆਉਂਦੀ ਪਰ ਉਨ੍ਹਾਂ ਨੂੰ ਗਾਣੇ ਦਾ ਮਤਲਬ ਪਤਾ ਸੀ। 'ਦੰਗਲ' ਨੇ ਨਾ ਸਿਰਫ਼ ਉਨ੍ਹਾਂ ਦੀ ਪਛਾਣ ਬਾਲੀਵੁੱਡ ਨਾਲ ਕਰਾਈ ਸਗੋਂ ਫਿਲਮ ਨੇ ਉਨ੍ਹਾਂ ਦੀ ਨਿਜੀ ਜ਼ਿੰਦਗੀ 'ਤੇ ਵੀ ਅਸਰ ਪਾਇਆ।
ਇਹ ਵੀ ਪੜ੍ਹੋ:
ਛਨ ਨੇ ਕਿਹਾ, "ਜਦੋਂ ਮੈਂ ਦੰਗਲ ਦੇਖੀ ਤਾਂ ਮੇਰਾ ਵਜ਼ਨ 98 ਕਿਲੋ ਸੀ। ਫਿਲਮ ਦੇਖਣ ਤੋਂ ਬਾਅਦ ਮੈਂ ਖੁਦ ਨੂੰ ਕਿਹਾ, ਮੈਂ ਵੀ ਆਪਣਾ ਵਜ਼ਨ ਘੱਟ ਕਰ ਸਕਦੀ ਹਾਂ। ਹੁਣ ਦੇਖੋ ਮੈਂ ਕਿਵੇਂ ਬਣ ਗਈ ਹਾਂ।"
ਨਾਲ ਆਈਆਂ ਟੀਨਾ ਅਤੇ ਲੀਫ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਸੀਡੀਜ਼ ਜਾਂ ਵੈੱਬਸਾਈਟਸ 'ਤੇ ਭਾਰਤੀ ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ ਸਨ।
ਲੀਫ ਨੇ ਕਿਹਾ, "ਭਾਰਤੀ ਫਿਲਮਾਂ ਦੇਸ ਦੀ ਸੱਭਿਅਤਾ ਨੂੰ ਦਿਖਾਉਂਦੀਆਂ ਹਨ। ਉਨ੍ਹਾਂ ਵਿੱਚ ਦਿਖਾਏ ਜਾਣ ਵਾਲੇ ਡਾਂਸ, ਗਾਣੇ, ਰੱਬ ਦੀ ਪੂਜਾ ਕਰਨਾ, ਇਹ ਸਭ ਮੇਰੇ ਦਿਲ ਨੂੰ ਛੂ ਲੈਂਦਾ ਹੈ।"
ਇੱਕ ਵੀਗਰ ਕੁੜੀ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੇ ਭਾਈਚਾਰੇ ਵਿੱਚ ਇਹ ਫਿਲਮਾਂ ਕਿੰਨੀਆਂ ਪਸੰਦ ਕੀਤੀਆਂ ਜਾਂਦੀਆਂ ਹਨ।
ਸਾਲ 2011 ਵਿੱਚ ਰਿਲੀਜ਼ '3 ਇਡੀਅਟਜ਼' ਨੇ ਵੀ ਫੈਨਜ਼ ਬਣਾਏ ਸਨ। ਕਈ ਕਾਲਜ ਵਿਦਿਆਰਥਣਾਂ ਨੇ ਫਿਲਮਾਂ ਆਨਲਾਈਨ ਦੇਖੀਆਂ ਸਨ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਹਿੰਦੀ ਫਿਲਮਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਹਨ।
ਫਿਲਮ ਜਾਣਕਾਰਾਂ ਮੁਤਾਬਕ ਸਾਲ 2014 ਵਿੱਚ ਰਿਲੀਜ਼ ਹੋਈ ਧੂਮ-3 ਨੇ ਚੀਨ ਵਿੱਚ ਸਿਰਫ਼ ਦੋ ਕਰੋੜ ਯੁਆਨ (20 ਕਰੋੜ ਰੁਪਏ) ਦਾ ਵਪਾਰ ਕੀਤਾ ਸੀ। ਪਰ ਮੰਨਿਆ ਜਾਂਦਾ ਹੈ ਕਿ ਸਾਲ 2015 ਵਿੱਚ ਰਿਲੀਜ਼ ਹੋਈ 'ਪੀਕੇ' ਨੇ ਲੋਕਾਂ ਵਿੱਚ ਬਾਲੀਵੁੱਡ ਵਿੱਚ ਰੁਚੀ ਵਧਾਈ।
ਇਨ੍ਹਾਂ ਫਿਲਮਾਂ ਤੋਂ ਬਾਅਦ ਆਈ 'ਦੰਗਲ' ਵਰਗੀਆਂ ਫਿਲਮਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ।
ਸਾਊਥ ਇੰਡੀਅਨ ਫਿਲਮਾਂ ਦੇ ਚੀਨੀ ਫੈਨ

ਬਾਲੀਵੁੱਡ ਤੋਂ ਇਲਾਵਾ ਸਾਊਥ ਇੰਡੀਅਨ ਮੂਵੀਜ਼ ਫੈਨ ਵਿਵਿਅਨ ਨੇ ਫਿਲਮ ਪੀਕੇ ਤੋਂ ਬਾਅਦ ਬਾਹੂਬਲੀ - 2 ਦੇਖੀ ਤਾਂ ਇੰਨੀ ਪ੍ਰਭਾਵਿਤ ਹੋਈ ਕਿ ਫਿਲਮ ਦੇ ਪੋਸਟਰ ਅਤੇ ਗੁਡੀਜ਼ ਉਨ੍ਹਾਂ ਨੇ ਜਪਾਨ ਤੋਂ ਮੰਗਵਾਏ।
ਜਪਾਨੀ ਭਾਸ਼ਾ ਦੀ ਟਰਾਂਸਲੇਟਰ ਵਿਵਅਨ ਕਹਿੰਦੇ ਹਨ, "ਬਾਹੂਬਲੀ-2 ਦੀ ਰੋਚਕ ਕਹਾਣੀ, ਗਾਣੇ ਅਤੇ ਡਾਂਸ ਦੇਖ ਕੇ ਮੈਂ ਹੈਰਾਨ ਰਹਿ ਗਈ। ਫਿਲਮ ਡਾਇਰੈਕਟਰ ਐੱਸਐੱਸ ਰਾਜਮੌਲੀ ਨੇ ਖੂਬਸੂਰਤੀ ਨਾਲ ਭਾਰਤ ਦੀ ਅਨੋਖੀ ਸੱਭਿਅਤਾ ਨੂੰ ਦਿਖਾਇਆ ਹੈ।"
ਵਿਵਿਅਨ ਚਾਹੁੰਦੀ ਹੈ ਕਿ ਬਾਹੂਬਲੀ ਦੇ ਹੀਰੋ ਪ੍ਰਭਾਸ ਸ਼ੰਘਾਈ ਜ਼ਰੂਰ ਆਉਣ।
ਸੈਂਟਰਲ ਸ਼ੰਘਾਈ ਦੇ ਇੱਕ ਕੈਫੇ ਵਿੱਚ ਹੱਥ ਵਿਚ ਪ੍ਰਭਾਸ ਦੇ ਪੋਸਟਰ, ਬੈਜੇਜ਼ ਫੜ੍ਹੇ ਹੋਏ ਵਿਵਿਅਨ ਕਹਿੰਦੇ ਹਨ, "ਪ੍ਰਭਾਸ ਦਾ ਫਿਟ ਸਰੀਰ, ਗੋਲਮੋਲ ਚਹਿਰਾ, ਘੁੰਘਰਾਲੇ ਵਾਲ, ਸਟਾਈਲਿਸ਼ ਮੁੱਛਾਂ, ਮਿੱਠੀ ਮੁਸਕਰਾਹਟ ਅਤੇ ਡੂੰਘੀ ਆਵਾਜ਼ ਦੇ ਕਾਰਨ ਉਨ੍ਹਾਂ ਨੂੰ ਚੀਨ ਵਿੱਚ ਅਸੀਂ ਛੋਛੋ ਕਹਿ ਕੇ ਪੁਕਾਰਦੇ ਹਾਂ। ਪ੍ਰਭਾਸ ਨੂੰ ਦੇਖਣ ਤੋਂ ਬਾਅਦ ਹੁਣ ਮੈਨੂੰ ਮੁੱਛਾਂ ਪਸੰਦ ਆਉਣ ਲੱਗੀਆਂ ਹਨ।"

ਪਿਛਲੇ ਸਾਲਾਂ ਵਿੱਚ ਤੇਜ਼ੀ ਨਾਲ ਥਿਏਟਰਾਂ ਦੀ ਉਸਾਰੀ ਕਾਰਨ ਚੀਨ ਵਿੱਚ ਫਿਲਮ ਬਾਕਸ ਆਫਿਸ ਕਾਰੋਬਾਰ ਤਕਰੀਬਨ 9 ਅਰਬ ਡਾਲਰ ਤੱਕ ਪਹੁੰਚ ਗਿਆ ਹੈ।
ਡਿਲਾਇਟ ਦੀ ਇੱਕ ਰਿਪੋਰਟ ਮੁਤਾਬਕ 2020 ਤੱਕ ਚੀਨ ਦੇ ਬਾਕਸ ਆਫ਼ਿਸ ਅਤੇ ਆਡੀਅਨਜ਼ ਅੰਕੜੇ ਅਮਰੀਕਾ ਨੂੰ ਪਿੱਛੇ ਛੱਡ ਦੇਣਗੇ।
ਸਾਲ 2016 ਵਿੱਚ ਤਿੰਨ ਭਾਰਤੀ ਫਿਲਮਾਂ - ਬਾਹੁਬਲੀ -1, ਪੀਕੇ, ਫੈਨ, ਚੀਨ ਵਿੱਚ ਰਿਲੀਜ਼ ਹੋਈਆਂ।
ਪਿਛਲੇ ਸਾਲ ਸਿਰਫ਼ 'ਦੰਗਲ' ਚੀਨ ਵਿੱਚ ਰਿਲੀਜ਼ ਹੋਈ। ਇਸ ਦਾ ਕਾਰਨ ਡੋਕਲਾਮ ਬਾਰਡਰ ਵਿਵਾਦ ਦੱਸਿਆ ਗਿਆ, ਹਾਲਾਂਕਿ ਕੁਝ ਜਾਣਕਾਰ ਇਸ ਤੋਂ ਇਨਕਾਰ ਵੀ ਕਰਦੇ ਹਨ।
ਇਸ ਸਾਲ ਜੂਨ ਤੱਕ ਪੰਜ ਭਾਰਤੀ ਫਿਲਮਾਂ ਸੀਕਰੇਟ ਸੁਪਰ ਸਟਾਰ, ਹਿੰਦੀ ਮੀਡੀਅਮ, ਬਜਰੰਗੀ ਭਾਈਜਾਨ, ਬਾਹੁਬਲੀ - 2 ਅਤੇ ਟਾਇਲਟ ਚੀਨ ਵਿੱਚ ਰਿਲੀਜ਼ ਹੋ ਚੁੱਕੀਆਂ ਹਨ। ਸੁਲਤਾਨ ਅਤੇ ਪੈਡਮੈਨ ਰਿਲੀਜ਼ ਲਈ ਤਿਆਰ ਹਨ।
ਭਾਰਤੀ ਫਿਲਮਾਂ ਵਿੱਚ ਦਿਖਾਈਆਂ ਜਾਣ ਵਾਲੀਆਂ ਕਹਾਣੀਆਂ ਚੀਨ ਵਿੱਚ ਇੰਨੀਆਂ ਮਸ਼ਹੂਰ ਹੋ ਰਹੀਆਂ ਹਨ ਕਿ ਲੋਕ ਚੀਨ ਵਿੱਚ ਬਣਨ ਵਾਲੀਆਂ ਫਿਲਮਾਂ ਦੀ ਸਟੋਰੀ-ਲਾਈਨ, ਟਰੀਟਮੈਂਟ 'ਤੇ ਸਵਾਲ ਚੁੱਕ ਰਹੇ ਹਨ।
ਬਾਲੀਵੁੱਡ ਫੈਨ ਅਤੇ ਵਿਦੇਸ਼ੀ ਫਿਲਮਾਂ ਚੀਨ ਵਿੱਚ ਲਿਆਉਣ ਵਾਲੇ ਚਿਆਨਪਿਨ ਲੀ ਮੁਤਾਬਕ ਕਾਲਜ ਦੇ ਜ਼ਮਾਨੇ ਵਿੱਚ ਉਹ '3 ਇਡੀਅਟਜ਼' ਵਿੱਚ ਸਾਈਲੈਂਸਰ ਦੇ ਕਿਰਾਏਦਾਰ ਵਰਗੀ ਸੀ ਜੋ ਕਿਤਾਬਾਂ ਦਾ ਰੱਟਾ ਲਾਇਆ ਕਰਦਾ ਸੀ।
ਸਾਬਕਾ ਬੀਜਿੰਗ ਦੇ ਆਪਣੇ ਦਫ਼ਤਰ ਵਿੱਚ ਬੈਠੇ ਚਿਆਨਬਿਨ ਨੇ 'ਬੀਈਂਗ ਹਿਊਮਨ' ਦੀ ਟੀ-ਸ਼ਰਟ ਪਾਈ ਹੋਈ ਸੀ ਅਤੇ ਲੈਪਟਾਪ ਤੇ ਭਾਰਤੀ ਫਿਲਮਾਂ ਦੇ ਕਲਿੱਪਜ਼ ਅਤੇ ਵੀਡੀਓ ਸਨ।

ਉਹ ਕਹਿੰਦੇ ਹਨ, "3 ਇਡੀਅਟਜ਼ ਅਤੇ ਹਿੰਦੀ ਮੀਡੀਅਮ ਵਰਗੀਆਂ ਫਿਲਮਾਂ ਵਿੱਚ ਪਰਿਵਾਰਕ ਰਿਸ਼ਤੇ, ਭਾਵਨਾਵਾਂ ਦਿਖਾਈਆਂ ਜਾਂਦੀਆਂ ਹਨ ਜੋ ਚੀਨ ਦੀਆਂ ਫਿਲਮਾਂ ਵਿੱਚ ਨਹੀਂ ਹੰਦੀਆਂ। ਪਰਿਵਾਰ, ਪਿਆਰ, ਭਾਰਤੀ ਫਿਲਮਾਂ ਦੇ ਕੇਂਦਰ ਵਿੱਚ ਹੁੰਦਾ ਹੈ। ਚੀਨ ਦੀਆਂ ਫਿਲਮਾਂ ਵਿੱਚ ਐਕਸ਼ਨ, ਸਪੈਸ਼ਲ ਇਫੈਕਟਜ਼, ਅਜੀਬ ਜਿਹੇ ਪਲਾਟ ਵਧੇਰੇ ਨਜ਼ਰ ਆਉਂਦੇ ਹਨ ਜੋ ਮੈਨੂੰ ਸਮਝ ਨਹੀਂ ਆਉਂਦੇ।"
ਚਿਆਨਪਿਨ ਲੀ ਨੇ '3 ਇਡੀਅਟਜ਼' ਸਾਲ 2009 ਵਿੱਚ ਦੇਖੀ।
ਉਹ ਕਹਿੰਦੇ ਹਨ, "ਮੈਨੂੰ ਲੱਗਿਆ ਸਾਡਾ ਸਿਖਿਆ ਪ੍ਰਬੰਧ ਵੀ ਅਜਿਹਾ ਹੀ ਹੈ। ਫਿਲਮ ਦੇਖਣ ਤੋਂ ਬਾਅਦ ਮੈਨੂੰ ਆਪਣੇ ਕਾਲਜ ਦੀ ਜ਼ਿੰਦਗੀ ਯਾਦ ਆ ਗਈ, ਜਿਵੇਂ ਦੀ ਜ਼ਿੰਦਗੀ ਮੈਂ ਚਾਹੁੰਦਾ ਸੀ ਪਰ ਮੈਨੂੰ ਮਿਲੀ ਨਹੀਂ।"
ਚਿਆਨਪਿਨ ਨੂੰ ਸਾਊਥ ਇੰਡੀਅਨ ਫਿਲਮਾਂ ਵੀ ਪਸੰਦ ਹਨ।

ਚਿਆਨਪਿਨ ਲੀ ਕਹਿੰਦੇ ਹਨ, "ਮੈਂ ਚਾਹੂੰਗਾ ਕਿ ਚੀਨ ਵਿੱਚ ਲੋਕ ਸਾਊਥ ਇੰਡੀਅਨ ਫਿਲਮਾਂ ਦੇਖਣ। ਉਨ੍ਹਾਂ ਵਿੱਚ ਐਕਸ਼ਨ ਨੂੰ ਵਧਾ-ਚੜ੍ਹਾ ਕੇ ਦਿਖਾਇਆ ਜਾਂਦਾ ਹੈ, ਲੋਕ ਅਸਮਾਨ ਵਿੱਚ ਉੱਡਦੇ ਹਨ। ਫਿਲਮਾਂ ਦੇ ਨਾਇਕ ਵਾਂਗ ਮੈਂ ਰੰਗ-ਬਿਰੰਗੇ ਕਪੜੇ ਪਾਉਣੇ ਸ਼ੁਰੂ ਕਰ ਦਿੱਤੇ ਸਨ। ਉਦੋਂ ਮੈਨੂੰ ਲੱਗਿਆ ਕਿ ਮੈਂ ਕੁਝ ਜ਼ਿਆਦਾ ਹੀ ਸਾਊਥ ਇੰਡੀਅਨ ਫਿਲਮਾਂ ਦੇਖ ਰਿਹਾ ਹਾਂ।"
ਚੀਨ ਵਿੱਚ ਸਥਾਨਕ ਅਤੇ ਵਿਦੇਸ਼ੀ ਫਿਲਮਾਂ ਦੇ ਬਿਜ਼ਨੈਸ ਤਕਰੀਬਨ 50:50 ਵੰਡਿਆ ਹੋਇਆ ਹੈ ਅਤੇ ਵਿਦੇਸ਼ੀ ਫਿਲਮਾਂ ਲਈ ਇੱਥੇ ਕੋਟਾ ਸਿਸਟਮ ਹੈ, ਯਾਨਿ ਕਿ ਹਰ ਸਾਲ ਇੱਕ ਪੱਕੀ ਗਿਣਤੀ ਦੀਆਂ ਵਿਦੇਸ਼ੀ ਫਿਲਮਾਂ ਹੀ ਚੀਨ ਵਿੱਚ ਰਿਲੀਜ਼ ਹੋ ਸਕਦੀਆਂ ਹਨ।
ਵਿਦੇਸ਼ੀ ਫਿਲਮਾਂ ਦਾ ਮਤਲਬ ਹਾਲੀਲੁੱਡ, ਬਾਲੀਵੁੱਡ ਅਤੇ ਦੂਜੇ ਦੇਸਾਂ ਦਾ ਸਿਨੇਮਾ।
ਇਹ ਵੀ ਪੜ੍ਹੋ:
ਚਿਆਨਪਿਨ ਮੁਤਾਬਕ ਚੀਨ ਵਿੱਚ ਹਰ ਸਾਲ 800-900 ਫਿਲਮਾਂ ਰਿਲੀਜ਼ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ 300-400 ਹੀ ਥਿਏਟਰ ਤੱਕ ਪਹੁੰਚ ਪਾਉਂਦੀਆਂ ਹਨ ਜਦੋਂ ਕਿ ਬਾਕੀ ਆਨਲਾਈਨ ਜਾਂ ਟੀਵੀ ਤੱਕ ਸੀਮਿਤ ਰਹਿ ਜਾਂਦੀਆਂ ਹਨ ਜਾਂ ਉਹ ਰਿਲੀਜ਼ ਹੀ ਨਹੀਂ ਹੋ ਪਾਉਂਦੀਆਂ।
ਜ਼ਿਆਦਾਤਰ ਫਿਲਮਾਂ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈਆਂ ਜਾਂਦੀਆਂ ਹਨ ਜਿਵੇਂ ਪਿਛਲੇ ਸਾਲ ਬਣੀ ਵੌਲਫ਼ ਵਾਰੀਅਰ-2 ਜਿਸ ਨੇ ਇੱਕ ਅੰਕੜੇ ਮੁਤਾਬਕ ਬਾਕਸ ਆਫਿਸ 'ਤੇ 5.6 ਅਰਬ ਯੁਆਨ ਕਮਾਏ। ਇੱਕ ਯੁਆਨ ਯਾਨਿ ਕਿ ਤਕਰੀਬਨ 10 ਰੁਪਏ ਹੁੰਦੇ ਹਨ।
ਭਾਰਤੀ ਫਿਲਮਾਂ ਦਾ ਚੀਨ ਵਿੱਚ ਇਤਿਹਾਸ
ਚੀਨ ਵਿੱਚ ਘੁੰਮਦੇ ਹੋਏ ਮੈਨੂੰ ਪਤਾ ਲੱਗਿਆ ਕਿ 50-55 ਉਮਰ ਦੇ ਕਈ ਲੋਕਾਂ ਨੂੰ ਰਾਜ ਕਪੂਰ ਦੀ ਫਿਲਮ 'ਆਵਾਰਾ' ਦੇ ਟਾਈਟਲ ਟਰੈਕ ਦੀ ਧੁੰਨ ਪਤਾ ਹੈ। 'ਆਵਾਰਾ ਹੂੰ' ਨੂੰ ਕਈ ਲੋਕ 'ਆਬਾਲਾਗੂ' ਕਹਿ ਕੇ ਗਾਂਦੇ ਹਨ।
ਆਵਾਰਾ, ਜਿਤੇਂਦਰ ਅਤੇ ਆਸ਼ਾ ਪਾਰੇਖ ਦੀ 'ਕਾਰਵਾਂ' ਵਰਗੀਆਂ ਫਿਲਮਾਂ ਦੀ ਕਹਾਣੀ ਜਾਂ ਗਾਣਿਆਂ ਦੀ ਧੁੰਨ ਲੋਕਾਂ ਦੇ ਦਿਲ ਵਿੱਚ ਕਿਤੇ ਮੌਜੂਦ ਹਨ।

ਅਜਿਹੇ ਹੀ ਹਨ ਈਸਟਰ ਫਿਲਮਜ਼ ਮੁਖੀ ਐਲਨ ਲਿਊ।
ਬੀਜਿੰਗ ਦੇ ਛਾਓਆਂਗ ਇਲਾਕੇ ਵਿੱਚ ਉਨ੍ਹਾਂ ਦੇ ਦਫ਼ਤਰ ਵਿੱਚ ਪਹੁੰਚਣ ਲਈ ਇੱਕ ਵੱਡੇ ਜਿਹੇ ਹਾਲ ਤੋਂ ਹੋ ਕੇ ਪੌੜੀਆਂ ਦੇ ਸਹਾਰੇ ਪਹਿਲੀ ਮੰਜ਼ਿਲ 'ਤੇ ਜਾਣਾ ਪੈਦਾ ਹੈ।
ਹੇਠਾਂ ਹਾਲ ਵਿੱਚ ਕੰਧ 'ਤੇ ਫਿਲਮ 'ਸੀਕਰੇਟ ਸੁਪਰਸਟਾਰ' ਦਾ ਵੱਡਾ ਪੋਸਟਰ ਲੱਗਿਆ ਸੀ।
ਜਦੋਂ ਐਲਨ 10-11 ਸਾਲ ਦੇ ਸਨ ਉਦੋਂ ਉਨ੍ਹਾਂ ਨੇ ਜੋ ਪਹਿਲੀ ਫਿਲਮ ਦੇਖੀ ਉਹ ਹਿੰਦੀ ਫਿਲਮ 'ਆਵਾਰਾ' ਸੀ। ਉਹ 1980 ਦੇ ਦਹਾਕੇ ਦੇ ਸ਼ੁਰੂਆਤੀ ਸਾਲ ਸਨ।
ਉਹ ਯਾਦ ਕਰਦੇ ਹਨ, "ਹਰ ਹਫ਼ਤੇ ਮੈਂ ਆਪਣੇ ਮਾਂ-ਪਿਓ ਦੇ ਨਾਲ ਇੱਕ ਵੱਡੇ ਜਿਹੇ ਮੈਦਾਨ ਵਿੱਚ ਫਿਲਮ ਦੇਖਣ ਜਾਂਦਾ ਸੀ। ਵਿਚਾਲੇ ਇੱਕ ਵੱਡੀ ਜਿਹੀ ਸਕਰੀਨ ਲੱਗੀ ਰਹਿੰਦੀ ਸੀ ਅਤੇ ਅਸੀਂ ਕੁਰਸੀਆਂ 'ਤੇ ਬੈਠਦੇ ਸੀ। ਮੇਰੀ ਪਹਿਲੀ ਫਿਲਮ ਆਵਾਰਾ ਸੀ। ਮੇਰੇ ਪਿਤਾ ਦੀ ਉਮਰ ਦੇ ਲੋਕਾਂ ਨੂੰ ਫਿਲਮ ਦੇ ਗਾਣੇ 'ਆਬਾਲਾਗੂ' ਦੀ ਧੁੰਨ ਗਾ ਸਕਦੇ ਸੀ। ਮੇਰੀ ਦੂਜੀ ਫਿਲਮ ਜੋ ਮੈਂ ਬਾਹਰ ਦੇਖੀ ਉਸ ਦਾ ਚੀਨੀ ਨਾਮ 'ਦਾ ਪੰਗ ਛੂ' (ਕਾਰਵਾਂ) ਸੀ ਜੋ ਮੈਨੂੰ ਕਾਫੀ ਪਸੰਦ ਆਈ।"

ਐਲਨ ਦੱਸਦੇ ਹਨ ਕਿ 70 ਅਤੇ 80 ਦੇ ਦਹਾਕੇ ਵਿੱਚ ਚੀਨ ਵਿੱਚ ਕਮਰਸ਼ੀਅਲ ਥਿਏਟਰ ਦਾ ਦੌਰ ਨਹੀਂ ਸੀ ਅਤੇ ਜ਼ਿਆਦਾਤਰ ਲੋਕ ਤਕਰੀਬਨ 500 ਦੀ ਸਮਰੱਥਾ ਵਾਲੇ ਕਲਚਰਲ ਥਿਏਟਰਾਂ ਵਿੱਚ ਸਿੰਗਲ ਸਕਰੀਨ 'ਤੇ ਫਿਲਮਾਂ ਦੇਖਦੇ ਸੀ। ਵਿਦੇਸ਼ੀ ਫਿਲਮਾਂ ਨੂੰ ਡਬ ਕੀਤਾ ਜਾਂਦਾ ਸੀ।
ਜਾਣਕਾਰ ਦੱਸਦੇ ਹਨ ਕਿ ਸਿਆਸੀ ਅਤੇ ਹੋਰਨਾਂ ਕਾਰਨਾਂ ਕਰਕੇ ਕਈ ਸਾਲ ਭਾਰਤੀ ਫਿਲਮਾਂ ਚੀਨ ਤੋਂ ਨਦਾਰਦ ਰਹੀਆਂ।
ਇਹ ਐਲਨ ਲਿਊ ਹੀ ਸੀ, ਜੋ ਆਮਿਰ ਖਾਨ ਦੀ ਫਿਲਮ ਦੰਗਲ ਚੀਨ ਵਿੱਚ ਲੈ ਕੇ ਆਏ। ਉਨ੍ਹਾਂ ਨੇ ਪਹਿਲੀ ਵਾਰੀ 'ਦੰਗਲ' ਫਿਲਮ ਮੁੰਬਈ ਵਿੱਚ ਆਮਿਰ ਖਾਨ ਦੇ ਘਰ ਦੇਖੀ।
ਸਥਾਨਕ ਜੜੀਆਂ- ਬੂਟੀਆਂ ਨਾਲ ਬਣੀ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਐਲਨ ਨੇ ਦੱਸਿਆ, "ਜਦੋਂ ਦੰਗਲ ਖਤਮ ਹੋਈ ਤਾਂ ਮੈਂ ਰੋ ਰਿਹਾ ਸੀ। ਮੈਨੂੰ ਲੱਗਿਆ ਕਿ ਇਹ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਮਾਪੇ ਕਿਸ ਤਰ੍ਹਾਂ ਬੱਚਿਆਂ ਨਾਲ ਵਤੀਰਾ ਕਰਦੇ ਹਨ। ਮੈਨੂੰ ਯਾਦ ਆਇਆ ਕਿ ਜਦੋਂ ਮੈਂ ਛੋਟਾ ਸੀ ਤਾਂ ਕਿਸ ਤਰ੍ਹਾਂ ਮੇਰੇ ਮਾਪਿਆ ਨੇ ਮੈਨੂੰ ਨਵੀਆਂ ਗੱਲਾਂ ਸਿਖਾਈਆਂ। ਫਿਲਮ ਦੇਖਣ ਤੋਂ ਬਾਅਦ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਇਹ ਫਿਲਮ ਚੀਨ ਵਿੱਚ ਜ਼ਰੂਰ ਚੱਲੇਗੀ।"

ਉਮੀਦ ਸੀ ਕਿ ਦੰਗਲ ਚੀਨ ਵਿੱਚ ਦੋ ਅਰਬ ਰੁਪਏ ਦੇ ਆਸਪਾਸ ਕਮਾਏਗੀ ਜੋ ਕਿ ਕਿਸੇ ਭਾਰਤੀ ਫਿਲਮ ਲਈ ਕਾਫ਼ੀ ਵੱਡੀ ਗੱਲ ਸੀ ਪਰ ਫਿਲਮ ਨੇ 13 ਅਰਬ ਰੁਪਏ ਦੀ ਕਮਾਈ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਇਹ ਉਦੋਂ ਹੋਇਆ ਜਦੋਂ ਚੀਨ ਵਿੱਚ ਇੱਕ ਸੋਚ ਸੀ ਕਿ ਖੇਡ ਜਾਂ ਡਰਾਮੇ ਨਾਲ ਜੁੜੀਆਂ ਫਿਲਮਾਂ ਚੰਗਾ ਪ੍ਰਦਰਸ਼ਨ ਨਹੀਂ ਕਰਦੀਆਂ ਪਰ ਦੰਗਲ ਤਾਂ ਖੇਡ ਅਤੇ ਡਰਾਮੇ ਦਾ ਸੁਮੇਲ ਸੀ।
ਸਾਲ 2015 ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦੇ ਸਫ਼ਰ 'ਤੇ ਸਨ ਤਾਂ ਲਿਊ ਮੁਤਾਬਕ ਚੀਨ ਸਰਕਾਰ ਬਿਹਤਰ ਰਿਸ਼ਤਿਆਂ ਦੇ ਲਿਹਾਜ਼ ਨਾਲ ਸੁਨੇਹਾ ਦੇਣਾ ਚਾਹੁੰਦੀ ਸੀ।
ਐਲਨ ਲਿਊ ਦੱਸਦੇ ਹਨ, "ਸਾਲ 2015 ਵਿੱਚ ਅਸੀਂ (ਚੀਨ) ਸਰਕਾਰ ਦੀ ਅਪੀਲ 'ਤੇ ਭਾਰਤੀ ਫਿਲਮਾਂ ਲਾਉਣੀਆਂ ਸ਼ੁਰੂ ਕੀਤੀਆਂ। ਅਸੀਂ ਨਹੀਂ ਸੋਚਿਆ ਸੀ ਕਿ ਥਿਏਟਰ 'ਤੇ ਇਹ ਫਿਲਮਾਂ ਕੁਝ ਖਾਸ ਕਰ ਪਾਉਣਗੀਆਂ ਕਿਉਂਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ।"

ਤਸਵੀਰ ਸਰੋਤ, Allen Liu/BBC
ਚੀਨ ਵਿੱਚ ਧਰਮ ਸੰਵੇਦਨਸ਼ੀਲ ਵਿਸ਼ਾ ਹੈ, ਉੱਧਰ ਫਿਲਮ 'ਪੀਕੇ' ਧਰਮ ਬਾਰੇ ਸੀ।
ਐਲਨ ਲਿਊ ਦੱਸਦੇ ਹਨ, "ਅਸੀਂ ਫਿਲਮ ਦੇ ਵਿਸ਼ੇ ਦੀ ਥਾਂ ਆਮੀਰ ਨੂੰ ਪ੍ਰੋਮਟ ਕੀਤਾ। ਆਮੀਰ ਚੀਨ ਆਏ, ਉਨ੍ਹਾਂ ਨੇ ਕਾਨਫਰੰਸ ਕੀਤੇ, ਪ੍ਰੈੱਸ ਇੰਟਰਵਿਊ ਦਿੱਤੇ, ਜਿਸ ਦਾ ਬਾਜ਼ਾਰ ਵਿੱਚ ਕਾਫ਼ੀ ਅਸਰ ਪਿਆ। ਅਸੀਂ ਸੋਚਿਆ ਸੀ ਕਿ ਫਿਲਮ 50 ਮਿਲੀਅਨ ਯੁਆਨ (50 ਕਰੋੜ) ਦੇ ਨੇੜੇ-ਤੇੜੇ ਦਾ ਵਪਾਰ ਕਰੇਗੀ ਪਰ ਫਿਲਮ ਨੇ 100 ਮਿਲੀਅਨ ਯੁਆਨ (100 ਕਰੋੜ ਰੁਪਏ) ਦਾ ਵਪਾਰ ਕੀਤਾ ਜੋ ਕਿ ਚੀਨ ਵਿੱਚ ਭਾਰਤੀ ਸਿਨੇਮਾ ਲਈ ਇੱਕ ਰਿਕਾਰਡ ਸੀ।"
ਪੀਕੇ ਦੀ ਕਾਮਯਾਬੀ ਤੋਂ ਪ੍ਰਭਾਵਿਤ ਹੋ ਕੇ ਐਲਨ ਬਾਹੂਬਲੀ - 1, ਫੈਨ ਵਰਗੀਆਂ ਫਿਲਮਾਂ ਲੈ ਕੇ ਆਏ ਪਰ ਉਹ ਨਹੀਂ ਚੱਲੀਆਂ।
ਫਿਰ ਉਹ ਦੰਗਲ ਲੈ ਕੇ ਚੀਨ ਆਏ।
ਦੰਗਲ ਦੀ ਰਿਲੀਜ਼ 'ਤੇ ਐਲਨ ਇੱਕ ਟਿਕੇਟਿੰਗ ਐਪ ਤੇ ਲੋਕਾਂ ਦੇ ਕਮੈਂਟਜ਼ ਮਾਨੀਟਰ ਕਰ ਰਹੇ ਸਨ।
ਐਲਨ ਕਹਿੰਦੇ ਹਨ, "ਲੋਕਾਂ ਨੇ ਦੰਗਲ ਨੂੰ ਕਿਸੇ ਭਾਰਤੀ ਅਤੇ ਵਿਦੇਸ਼ੀ ਫਿਲਮ ਦੀ ਤਰ੍ਹਾਂ ਨਹੀਂ ਲਿਆ। ਫਿਲਮ ਦੇ ਅਖੀਰ ਵਿੱਚ ਭਾਰਤੀ ਝੰਡੇ ਨਾਲ ਵੀ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਿਆ। ਉਸ ਵੇਲੇ ਤੁਸੀਂ ਚੀਨ ਜਾਂ ਭਾਰਤ ਬਾਰੇ ਨਹੀਂ ਸੋਚਦੇ ਹੋ।"
ਦੰਗਲ ਤੋਂ ਬਾਅਦ ਸੀਕਰਟ ਸੁਪਰ ਸਟਾਰ ਨੇ ਵੀ ਚੀਨ ਵਿੱਚ ਜ਼ਬਰਦਸਤ ਬਿਜ਼ਨੈਸ ਕੀਤਾ ਹੈ।
ਚੁਣੌਤੀਆਂ
ਚੀਨ ਦੇ ਫਿਲਮੀ ਜਗਤ ਨਾਲ ਜੁੜੇ ਲੋਕ ਦੱਸਦੇ ਹਨ ਕਿ ਚੀਨ ਵਿੱਚ ਭਾਰਤੀ ਅਤੇ ਹਾਲੀਵੁੱਡ ਫਿਲਮਾਂ ਨੂੰ ਖਰੀਦਣ ਦਾ ਤਰੀਕਾ ਤਕਰੀਬਨ ਇੱਕੋ ਜਿਹਾ ਹੈ। ਡਿਸਟ੍ਰੀਬਿਊਟਰ ਨੂੰ ਇੱਕ ਮਿਨੀਮਮ ਗਰੰਟੀ ਦੇਣੀ ਪੈਂਦੀ ਹੈ ਅਤੇ ਕਦੇ-ਕਦੇ ਉਨ੍ਹਾਂ ਨੂੰ ਮੁਨਾਫੇ ਵਿੱਚ ਵੀ ਹਿੱਸੇਦਾਰੀ ਦੇਣੀ ਪੈਂਦੀ ਹੈ।

ਇੱਕ ਫਿਲਮ ਖਰੀਦਦਾਰ ਮੁਤਾਬਕ ਭਾਰਤੀ ਫਿਲਮਾਂ ਦੀ ਤਾਜ਼ਾ ਕਾਮਯਾਬੀ ਕਾਰਨ ਚੀਨ ਵਿੱਚ ਉਨ੍ਹਾਂ ਨੂੰ ਲਿਆਉਣ ਦੀ ਕੀਮਤ ਹਾਲੀਵੁੱਡ ਫਿਲਮਾਂ ਤੋਂ ਵੱਧ ਹੋ ਗਈ ਹੈ।
ਐਲਨ ਲਿਊ ਕਹਿੰਦੇ ਹਨ, "ਚੀਨੀ ਖਰੀਦਦਾਰ ਭਾਰਤ ਵਿੱਚ ਬਣਨ ਵਾਲੀਆਂ ਸਾਰੀਆਂ ਫਿਲਮਾਂ ਉੱਚੀਆਂ ਕੀਮਤਾਂ 'ਤੇ ਖਰੀਦ ਰਹੇ ਹਨ। ਮੈਂ ਇਸ ਨੂੰ ਲੈ ਕੇ ਫਿਕਰਮੰਦ ਹਾਂ। ਜੇ ਤੁਸੀਂ ਹਰ ਤਰ੍ਹਾਂ ਦੀ ਫਿਲਮ ਲੈ ਕੇ ਆਓਗੇ ਤਾਂ ਇਸ ਨਾਲ ਭਾਰਤੀ ਫਿਲਮਾਂ ਦਾ ਅਕਸ ਖਰਾਬ ਹੋਵੇਗਾ।"
ਇਹ ਵੀ ਪੜ੍ਹੋ:
"ਇੱਕ ਡਿਟਰੀਬਿਊਟਰ ਨੇ ਮੈਨੂੰ ਦੱਸਿਆ ਕਿ ਅਜਿਹਾ ਜਰਮਨੀ ਵਿੱਚ ਹੋਇਆ ਸੀ, ਜਿੱਥੇ ਭਾਰਤੀ ਫਿਲਮਾਂ ਨੂੰ ਜ਼ਬਰਦਸਤ ਸਫ਼ਲਤਾ ਮਿਲੀ ਪਰ ਸਾਰਿਆਂ ਨੇ ਹਰ ਤਰ੍ਹਾਂ ਦੀਆਂ ਫਿਲਮਾਂ ਜਰਮਨੀ ਵਿੱਚ ਬਰਾਮਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਪੂਰਾ ਬਾਜ਼ਾਰ ਖਰਾਬ ਹੋ ਗਿਆ। ਮੈਨੂੰ ਚਿੰਤਾ ਹੈ ਕਿ ਅਜਿਹਾ ਚੀਨ ਵਿੱਚ ਵੀ ਨਾ ਹੋ ਜਾਵੇ।"
ਐਲਨ ਆਮਿਰ ਦੀ ਇੱਕ ਫਿਲਮ ਦਾ ਚੀਨ ਵਿੱਚ ਰੀਮੇਕ ਕਰ ਰਹੇ ਹਨ ਅਤੇ ਕਬੀਰ ਖਾਨ ਦੇ ਨਾਲ ਕੋ-ਪ੍ਰੋਡਕਸ਼ਨ ਨਾਲ ਵੀ ਜੁੜੇ ਹਨ।
ਐਲਨ ਕਹਿੰਦੇ ਹਨ, "ਚੀਨ ਵਿੱਚ ਸਾਡੇ ਕੋਲ ਕਾਫ਼ੀ ਸਾਰੀਆਂ ਚੰਗੀਆਂ ਫਿਲਮਾਂ ਹਨ ਜੋ ਕਿ ਭਾਰਤੀ ਬਾਜ਼ਾਰਾਂ ਵਿੱਚ ਚੱਲ ਸਕਦੀਆਂ ਹਨ। ਮੇਰਾ ਅਗਲਾ ਟੀਚਾ ਇਹੀ ਹੋਵੇਗਾ - ਚੀਨ ਦੀਆਂ ਫਿਲਮਾਂ ਨੂੰ ਭਾਰਤੀ ਬਾਜ਼ਾਰਾਂ ਵਿੱਚ ਲੈ ਕੇ ਜਾਣਾ।"













