ਕਰਨਜੀਤ ਕੌਰ ਵੋਹਰਾ ਦੇ ਸਨੀ ਲਿਓਨੀ ਬਣਨ ਦੀ ਕਹਾਣੀ

ਸਨੀ

ਤਸਵੀਰ ਸਰੋਤ, FACEBOOK / SUNNY LEONE

ਤਸਵੀਰ ਕੈਪਸ਼ਨ, ਕਰਨਜੀਤ ਕੌਰ ਦੇ ਸਨੀ ਲਿਓਨੀ ਬਣਨ ਪਿੱਛੇ ਵੀ ਇੱਕ ਦਿਲਚਸਪ ਕਹਾਣੀ ਹੈ।
    • ਲੇਖਕ, ਵਿਜੇ ਮਿਸ਼ਰਾ
    • ਰੋਲ, ਬੀਬੀਸੀ ਪੱਤਰਕਾਰ

ਸਾਬਕਾ ਪੋਰਨ ਸਟਾਰ ਸਨੀ ਲਿਓਨੀ ਦੀ ਜ਼ਿੰਦਗੀ 'ਤੇ ਆਧਾਰਿਤ 'ਕਰਨਜੀਤ' ਨਾਂ ਦੀ ਵੈੱਬ ਸੀਰੀਜ਼ ਜਦੋਂ ਪਿਛਲੇ ਸਾਲ 2018 ਵਿੱਚ ਆਈ ਤਾਂ ਇਸ ਦੇ ਨਾਂ ਨੂੰ ਲੈ ਕੇ ਕਈ ਸਵਾਲ ਉੱਠੇ।

ਕਿ ਸਨੀ ਲਿਓਨੀ ਨੇ ਆਪਣੇ ਜੀਵਨ 'ਤੇ ਬਣਨ ਵਾਲੀ ਇਸ ਸੀਰੀਜ਼ ਨੂੰ 'ਕਰਨਜੀਤ' ਨਾਮ ਕਿਉਂ ਦਿੱਤਾ?

ਸਨੀ ਲਿਓਨੀ ਦਾ ਜਨਮ 13 ਮਈ, 1981 ਨੂੰ ਕੈਨੇਡਾ ਵਿੱਚ ਭਾਰਤੀ ਮੂਲ ਦੇ ਪਰਿਵਾਰ 'ਚ ਹੋਇਆ ਸੀ।

ਇਹ ਵੀ ਪੜ੍ਹੋ꞉

ਸਨੀ ਬਚਪਨ ਵਿੱਚ ਬੜੀ ਸ਼ਰਮੀਲੀ ਕੁੜੀ ਸੀ, ਜਿਨ੍ਹਾਂ ਨੇ ਆਪਣੇ ਪੇਸ਼ੇਵਰ ਜੀਵਨ ਲਈ ਆਪਣਾ ਨਾਮ ਕਰਨਜੀਤ ਕੌਰ ਵੋਹਰਾ ਤੋਂ ਬਦਲ ਕੇ ਸਨੀ ਲਿਓਨੀ ਰੱਖਣ ਦਾ ਫੈਸਲਾ ਲਿਆ।

ਆਖ਼ਰ ਸਨੀ ਲਿਓਨੀ ਨਾਮ ਹੀ ਕਿਉਂ ਚੁਣਿਆ ਗਿਆ ?

ਕਰਨਜੀਤ ਕੌਰ ਦੇ ਸਨੀ ਲਿਓਨੀ ਬਣਨ ਪਿੱਛੇ ਵੀ ਇੱਕ ਦਿਲਚਸਪ ਕਹਾਣੀ ਹੈ।

ਸਾਲ 2001 ਵਿੱਚ ਜਦੋਂ ਉਹ ਅਮਰੀਕਾ ਵਿੱਚ ਰਹਿੰਦੇ ਸਨ ਤਾਂ ਉਨ੍ਹਾਂ ਨੂੰ ਪੈੱਟਹਾਊਸ ਨਾਮ ਦੇ ਇੱਕ ਪ੍ਰਸਿੱਧ ਅਡਲਟ ਮੈਗਜ਼ੀਨ ਵੱਲੋਂ ਪੈੱਟ ਵਜੋਂ ਚੁਣਿਆ ਗਿਆ। ਬਾਲਗ ਪੱਤਰਕਾਵਾਂ ਵਿੱਚ ਮਾਡਲ ਦਾ ਕੰਮ ਕਰਨ ਵਾਲੀਆਂ ਕੁੜੀਆਂ ਨੂੰ ਪੈੱਟ (ਪਾਲਤੂ) ਕਿਹਾ ਜਾਂਦਾ ਹੈ।

ਸਨੀ

ਤਸਵੀਰ ਸਰੋਤ, TWITTER

ਤਸਵੀਰ ਕੈਪਸ਼ਨ, ਮੈਗਜ਼ੀਨ ਲਈ ਇੰਟਰਵਿਊ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਪੰਜਾਬੀ ਨਾਮ ਠੀਕ ਨਹੀਂ ਲਗਦਾ।

ਜਿਨ੍ਹਾਂ ਨੂੰ ਵੀ ਇਸ ਮੈਗਜ਼ੀਨ ਲਈ ਚੁਣਿਆ ਜਾਂਦਾ ਹੈ ਉਸ ਨੂੰ ਦੇਸ ਭਰ ਵਿੱਚ ਰੇਡੀਓ, ਟੀਵੀ ਅਤੇ ਮੈਗਜ਼ੀਨ ਦੇ ਫੋਟੋਸ਼ੂਟ ਲਈ ਭੇਜਿਆ ਜਾਂਦਾ ਹੈ।

ਜਦੋਂ ਮੈਗਜ਼ੀਨ ਲਈ ਉਨ੍ਹਾਂ ਦਾ ਇੰਟਰਵਿਊ ਹੋਇਆ, ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਅਜਿਹੇ ਇੰਟਰਵਿਊ ਲਈ ਉਨ੍ਹਾਂ ਦਾ ਪੰਜਾਬੀ ਨਾਮ ਠੀਕ ਨਹੀਂ ਲਗਦਾ। ਇਸ ਲਈ ਉਨ੍ਹਾਂ ਨੇ ਆਪਣੇ ਭਰਾ ਸਨਦੀਪ ਦੇ ਛੋਟੇ ਨਾਮ ਤੋਂ ਆਪਣਾ ਨਾਮ 'ਸਨੀ' ਰੱਖ ਲਿਆ ਜਦਕਿ ਲਿਓਨੀ ਨਾਮ ਮੈਗਜ਼ੀਨ ਨੇ ਜੋੜ ਦਿੱਤਾ।

ਇੱਥੋਂ ਹੀ ਕਰਮਜੀਤ ਕੌਰ ਵੋਹਰਾ ਦੇ ਇੱਕ ਪੋਰਨ ਸਟਾਰ ਬਣਨ ਦੀ ਕਹਾਣੀ ਸ਼ੁਰੂ ਹੁੰਦੀ ਹੈ।

ਸਨੀ ਲਿਓਨੀ ਦਾ ਪੋਰਨ ਸਟਾਰ ਬਣਨਾ?

ਪੈੱਟਹਾਊਸ ਦੇ ਪੈੱਟ ਵਜੋਂ ਕੰਮ ਕਰਦਿਆਂ ਸਨੀ ਨੂੰ ਮਾਡਲਿੰਗ ਦੇ ਆਫ਼ਰ ਆਏ ਅਤੇ ਇੱਕ ਏਜੰਟ ਰਾਹੀਂ ਪੋਰਨ ਫ਼ਿਲਮ ਵਿੱਚ ਕੰਮ ਕਰਨ ਦਾ ਆਫ਼ਰ ਵੀ ਆਇਆ।

ਸਨੀ
ਤਸਵੀਰ ਕੈਪਸ਼ਨ, ਮਾਤਾ-ਪਿਤਾ ਨੂੰ ਸਨੀ ਦੇ ਪੋਰਨ ਵਿੱਚ ਕੰਮ ਕਰਨ ਦੇ ਫੈਸਲੇ ਤੋਂ ਬਹੁਤ ਸਦਮਾ ਲੱਗਿਆ।

ਸਨੀ ਪੋਰਨ ਫ਼ਿਲਮ ਵਿੱਚ ਕੰਮ ਕਰਨ ਲਈ ਤਿਆਰ ਸੀ ਪਰ ਉਨ੍ਹਾਂ ਨੇ ਇਸ ਬਾਰੇ ਆਪਣੇ ਮਾਪਿਆਂ ਨਾਲ ਸਲਾਹ ਨਹੀਂ ਕੀਤੀ।

ਪੈਸੇ ਦੀ ਲੋੜ ਕਾਰਨ ਸਨੀ ਨੇ ਇਹ ਆਫ਼ਰ ਸਵੀਕਾਰ ਤਾਂ ਕਰ ਲਿਆ ਪਰ ਸ਼ੁਰੂ ਵਿੱਚ ਉਹ ਵੱਖ-ਵੱਖ ਵਿਅਕਤੀਆਂ ਨਾਲ ਬਾਲਗ ਫ਼ਿਲਮਾਂ 'ਚ ਕੰਮ ਕਰਨ ਵਿੱਚ ਉਹ ਸੁਖਾਵਾਂ ਮਹਿਸੂਸ ਨਹੀਂ ਕਰਦੇ ਸਨ।

ਜਦੋਂ ਸਨੀ ਨੇ ਮਾਤਾ-ਪਿਤਾ ਨੂੰ ਆਪਣੇ ਇਸ ਫ਼ੈਸਲੇ ਬਾਰੇ ਦੱਸਿਆ ਤਾਂ ਉਨ੍ਹਾਂ ਨੂੰ ਬਹੁਤ ਸਦਮਾ ਲੱਗਿਆ। ਇਸ ਤਰ੍ਹਾਂ ਸਨੀ ਦਾ ਇੱਕ ਪੋਰਨ ਸਟਾਰ ਬਣਨ ਦਾ ਸਫ਼ਰ ਸ਼ੁਰੂ ਹੋਇਆ।

ਸਾਲ 2011 ਤੱਕ ਸਨੀ ਭਾਰਤ ਦੀ ਮਨੋਰੰਜਨ ਸਨਅਤ ਤੋਂ ਅਣਜਾਨ ਸੀ ਪਰ 'ਬਿੱਗ ਬਾਸ' ਦੇ ਪੰਜਵੇਂ ਸੀਜ਼ਨ ਵਿੱਚ ਉਨ੍ਹਾਂ ਨੇ ਇੱਕ ਪ੍ਰਤੀਯੋਗੀ ਵਜੋਂ ਹਿੱਸਾ ਲਿਆ।

ਸਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹੇਸ਼ ਭੱਟ ਨੇ ਸਨੀ ਨੂੰ ਆਪਣੀ ਫ਼ਿਲਮ ਜਿਸਮ-2 ਵਿੱਚ ਅਦਾਕਾਰੀ ਦੀ ਪੇਸ਼ਕਸ਼ ਕੀਤੀ

'ਬਿੱਗ ਬਾਸ' ਵਿੱਚ ਆਉਣ ਕਰਕੇ ਉਹ ਰਾਤੋ-ਰਾਤ ਭਾਰਤੀ ਮੀਡੀਆ ਵਿੱਚ ਛਾ ਗਈ। ਇਸ ਦੀ ਇੱਕ ਵਜ੍ਹਾ ਇਹ ਵੀ ਸੀ ਕਿ ਸਨੀ ਤੋਂ ਪਹਿਲਾਂ ਕੋਈ ਪੋਰਨ ਸਟਾਰ ਭਾਰਤੀ ਮਨੋਰੰਜਨ ਸਨਅਤ ਵਿੱਚ ਮੌਜੂਦ ਨਹੀਂ ਸੀ, ਖ਼ਾਸ ਕਰਕੇ ਟੈਲੀਵਿਜ਼ਨ ਵਿੱਚ।

ਭਾਰਤੀ ਪਰਿਵਾਰਾਂ ਵਿੱਚ ਪੋਰਨ ਬਾਰੇ ਗੱਲ ਕਰਨ ਨੂੰ ਸ਼ਰਮ ਦਾ ਵਿਸ਼ਾ ਸਮਝਿਆ ਜਾਂਦਾ ਸੀ, ਉਸ ਸਮੇਂ ਸਨੀ ਇਹ ਵਿਸ਼ਾ ਭਾਰਤੀ ਡਰਾਇੰਗ ਰੂਮ ਵਿੱਚ ਲੈ ਕੇ ਆਈ।

ਬਾਲੀਵੁੱਡ ਵਿੱਚ ਦਾਖਲਾ

'ਬਿੱਗ ਬਾਸ' ਸੀਜ਼ਨ-5 ਦੇ ਮੁੱਕਣ ਤੋਂ ਪਹਿਲਾਂ ਹੀ ਬਾਲੀਵੁੱਡ ਨਿਰਦੇਸ਼ਕਾਂ ਨੇ ਸਨੀ ਵੱਲ ਵਹੀਰਾਂ ਘੱਤ ਲਈਆਂ।

ਮਹੇਸ਼ ਭੱਟ ਨੇ ਬਿੱਗ ਬਾਸ ਦੇ ਸੈੱਟ 'ਤੇ ਜਾ ਕੇ ਸਨੀ ਨਾਲ ਕਈ ਵਾਰ ਮੁਲਾਕਾਤ ਕੀਤੀ ਅਤੇ ਆਪਣੀ ਫ਼ਿਲਮ ਜਿਸਮ-2 ਵਿੱਚ ਅਦਾਕਾਰੀ ਦੀ ਪੇਸ਼ਕਸ਼ ਕੀਤੀ ਸੀ।

ਇਸ ਫ਼ਿਲਮ ਨਾਲ ਸਨੀ ਦੇ ਇੱਕ ਪੋਰਨ ਸਟਾਰ ਤੋਂ ਬਾਲੀਵੁੱਡ ਅਦਾਕਾਰਾ ਬਣਨ ਦੇ ਸਫ਼ਰ ਦੀ ਸ਼ੁਰੂਆਤ ਹੋਈ।

ਇਸ ਫ਼ਿਲਮ ਨੇ ਭਾਰਤੀ ਸਿਨੇਮਾ ਵਿੱਚ ਇੱਕ ਨਵੇਂ ਰੁਝਾਨ ਦਾ ਮੁੱਢ ਬੰਨ੍ਹਿਆ।

ਸਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਨੀ ਨੂੰ ਕੰਡੋਮ ਕੰਪਨੀ ਦੇ ਇਸ਼ਤਿਹਾਰ ਕਰਕੇ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਇਸ ਦੌਰਾਨ ਸਨੀ ਨੂੰ ਉਨ੍ਹਾਂ ਦੇ ਗਾਇਕ ਪਤੀ ਡੈਨੀਅਲ ਵੈਬਰ ਦਾ ਕਾਫ਼ੀ ਸਾਥ ਤੇ ਹੁੰਗਾਰਾ ਮਿਲਿਆ। ਵੈਬਰ ਨੇ ਉਨ੍ਹਾਂ ਦੇ ਸਹਿ-ਅਭਿਨੇਤਾ, ਕਾਰੋਬਾਰੀ ਹਿੱਸੇਦਾਰ ਅਤੇ ਮੈਨੇਜਰ ਦੀ ਭੂਮਿਕਾ ਨਿਭਾਈ।

ਸਨੀ ਅਤੇ ਵਿਵਾਦਾਂ ਦਾ ਰਿਸ਼ਤਾ

ਸਨੀ ਲਿਓਨੀ ਨੇ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਵਿਵਾਦਾਂ ਦਾ ਸਾਹਮਣਾ ਕੀਤਾ। ਉਨ੍ਹਾਂ ਨੇ ਬਾਲੀਵੁੱਡ ਵਿੱਚ ਵੀ ਕਈ ਵਾਰ ਨਮੋਸ਼ੀ ਦਾ ਸਾਹਮਣਾ ਕੀਤਾ।

ਸਨੀ

ਤਸਵੀਰ ਸਰੋਤ, FACEBOOK / SUNNY LEONE

ਸਨੀ ਤੋਂ ਪਹਿਲਾਂ ਭਾਰਤੀ ਫਿਲਮ ਸਨਅਤ ਖਾਸ ਕਰਕੇ ਟੈਲੀਵਿਜ਼ਨ ਉੱਪਰ ਕਿਸੇ ਪੋਰਨ ਕਲਾਕਾਰ ਦੀ ਹੋਂਦ ਨਹੀਂ ਸੀ।

ਸਾਲ 2017 ਵਿੱਚ ਨਰਾਤਿਆਂ ਤੋਂ ਪਹਿਲਾਂ ਸਨੀ ਲਿਓਨੀ ਦੇ ਨਾਮ ਅਤੇ ਤਸਵੀਰਾਂ ਦੇ ਪੋਸਟਰ ਗੁਜਰਾਤ ਦੇ ਵੱਡੇ ਸ਼ਹਿਰਾਂ ਜਿਵੇਂ-ਅਹਿਮਦਾਬਾਦ, ਵਡੋਦਰਾ ਵਿੱਚ ਇੱਕ ਕੰਡੋਮ ਕੰਪਨੀ ਮੈਨਫੋਰਸ ਵੱਲੋਂ ਲਾਏ ਗਏ ਜਿਨ੍ਹਾਂ ਕਰਕੇ ਸੂਬੇ ਵਿੱਚ ਵਿਵਾਦ ਖੜ੍ਹਾ ਹੋ ਗਿਆ।

ਕਮਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਇਨ੍ਹਾਂ ਪੋਸਟਰਾਂ ਕਰਕੇ ਗੁਜਰਾਤ ਦੇ ਸਭਿਆਚਾਰ ਦੀ ਬਦਨਾਮੀ ਹੋਈ ਹੈ।

ਦਬਾਅ ਅਤੇ ਸ਼ਿਕਾਇਤ ਕਰਕੇ ਕੰਪਨੀ ਨੂੰ ਇਹ ਇਸ਼ਤਿਹਾਰ ਲਾਹੁਣੇ ਪਏ।

ਸਨੀ ਇੱਕ ਮਾਂ ਵਜੋਂ

ਸਨੀ ਅਤੇ ਉਨ੍ਹਾਂ ਦੇ ਪਤੀ ਡੈਨੀਅਲ ਨੇ ਇੱਕ ਬੱਚੀ ਗੋਦ ਲਈ ਅਤੇ ਉਸ ਦਾ ਨਾਮ ਨਿਸ਼ਾ ਰੱਖਿਆ।

ਸਨੀ ਅਤੇ ਡੇਨੀਅਲ

ਤਸਵੀਰ ਸਰੋਤ, TWITTER

ਤਸਵੀਰ ਕੈਪਸ਼ਨ, ਸਨੀ ਅਤੇ ਡੇਨੀਅਲ ਨੇ ਇੱਕ ਬੱਚੀ ਗੋਦ ਲਈ ਹੈ ਜਦ ਕਿ ਇੱਕ ਬੇਟੇ ਅਤੇ ਧੀ ਨੂੰ ਉਨ੍ਹਾਂ ਨੇ ਸੈਰੋਗੇਸੀ ਰਾਹੀਂ ਜਨਮ ਦਿੱਤਾ ਹੈ।

ਸਨੀ ਅਤੇ ਡੇਨੀਅਲ ਨੇ ਮਾਰਚ 2018 ਵਿੱਚ ਐਲਾਨ ਕੀਤਾ ਕਿ ਉਹ ਸਰੋਗੇਸੀ (ਕਿਰਾਏ ਦੀ ਕੁੱਖ) ਸਦਕਾ ਬੇਟੇ ਅਸ਼ਰ ਅਤੇ ਧੀ ਨੋਹ ਦੇ ਮਾਂ-ਪਿਓ ਬਣ ਗਏ ਹਨ।

ਇਸ ਬਾਰੇ ਉਨ੍ਹਾਂ ਨੇ ਟਵਿੱਟਰ ਉੱਪਰ ਆਪਣੇ ਤਿੰਨਾ ਬੱਚਿਆਂ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)