'ਆਪ' ਦੇ ਬਾਗੀਆਂ ਨੇ ਕੀਤਾ ਪੰਜਾਬ 'ਚ ਪਾਰਟੀ ਨੂੰ ਨਵੇਂ ਸਿਰਿਓਂ ਬਨਾਉਣ ਦਾ ਐਲਾਨ

ਤਸਵੀਰ ਸਰੋਤ, Sukhcharan Preet/BBC
ਆਮ ਆਦਮੀ ਪਾਰਟੀ ਤੋਂ ਬਾਗੀ ਰਾਹ ਅਖ਼ਤਿਆਰ ਕਰਦਿਆਂ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ 7 ਪਾਰਟੀ ਵਿਧਾਇਕ ਬਠਿੰਡਾ ਰੈਲੀ ਵਿਚ ਸ਼ਾਮਲ ਹੋਏ । ਉਨ੍ਹਾਂ ਨੇ ਇਕੱਠ ਵਿਚ 'ਪੰਜਾਬ ਇਕਾਈ ਨੂੰ ਭੰਗ ਕਰਨ' ਦਾ ਮਤਾ ਪੇਸ਼ ਕੀਤਾ ਅਤੇ ਲੋਕਾਂ ਤੋਂ ਹਾਮੀ ਭਰਵਾਈ ।
ਇਸ ਇਕੱਠ ਦੌਰਾਨ ਪੰਜਾਬ ਵਿਚ ਪਾਰਟੀ ਨੂੰ ਨਵੇਂ ਸਿਰਿਓਂ ਜਥੇਬੰਦ ਕਰਨ ਦੇ ਵੀ ਵਰਕਰਾਂ ਤੋਂ ਪ੍ਰਵਾਨਗੀ ਲਈ ਗਈ ਅਤੇ 12 ਅਗਸਤ ਤੋਂ ਜ਼ਿਲ੍ਹਾ ਪੱਧਰੀ ਇਕੱਠ ਕਰਨ ਦਾ ਐਲਾਨ ਕੀਤਾ। ਖਹਿਰਾ ਦੀ ਅਗਵਾਈ ਵਿਚ ਬਾਗੀ ਧੜ੍ਹੇ ਨੇ ਐਲਾਨ ਕੀਤਾ ਕਿ ਉਹ ਨਵੇਂ ਵਿਰੋਧੀ ਧਿਰ ਦੇ ਆਗੂ ਦੀ ਨਿਯੁਕਤੀ ਨੂੰ ਰੱਦ ਕਰਦੇ ਹਨ। ਇਸ ਮਤੇ ਰਾਹੀ ਅਗਲੇ ਇੱਕ ਹਫ਼ਤੇ ਵਿਚ ਪਾਰਟੀ ਵਿਧਾਇਕਾਂ ਦੀ ਚੰਡੀਗੜ੍ਹ ਵਿਚ ਬੈਠਕ ਬੁਲਾ ਕੇ ਨਵੀਂ ਚੋਣ ਕਰਨ ਦੀ ਮੰਗ ਕੀਤੀ ਗਈ।
ਉੱਧਰ 13 ਵਿਧਾਇਕਾਂ ਨਾਲ ਕੇਜਰੀਵਾਲ ਨੂੰ ਮਿਲਣ ਦਿੱਲੀ ਆਏ ਨਵੇਂ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਵਿਚ ਹਰ ਕਿਸੇ ਨੂੰ ਗੱਲ ਕਹਿਣ ਦੀ ਆਜ਼ਾਦੀ ਹੈ ਅਤੇ ਪਾਰਟੀ ਪੰਜਾਬ ਵਿਚ ਅਜੇ ਵੀ ਇਕੱਠੀ ਹੈ। ਉਨ੍ਹਾਂ ਕਿਹਾ ਕਿ ਮਤਭੇਦਾਂ ਨੂੰ ਗੱਲਬਾਤ ਰਾਹੀ ਸੁਲਝਾ ਲਿਆ ਜਾਵੇਗਾ।
ਇਹ ਵੀ ਪੜ੍ਹੋ :
ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਨੂੰ ਸੱਦਾ
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਬਾਗੀ ਧੜ੍ਹੇ ਵੱਲੋ ਕੀਤੀ ਰੈਲੀ ਨੂੰ ਸੰਬੋਧਨ ਦੌਰਾਨ ਖਹਿਰਾ ਨੇ ਕਿਹਾ ਕਿ ਕਲਯੁੱਗ ਵਿਚ ਵੀ ਸੱਚ ਦਾ ਮੁੱਲ ਹੈ, ਜੁਰਅਤ ਦਾ ਵੀ ਮੁੱਲ ਪੈਂਦਾ ਹੈ। ਦਿੱਲੀ ਗਏ ਵਿਧਾਇਕਾਂ ਨੂੰ ਖਹਿਰਾ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨਾਲ ਖੜਨ। ਲੋਕ ਉਨ੍ਹਾਂ ਨੂੰ ਸਤਿਕਾਰ ਕਰਨਗੇ , ਵਰਨਾ ਲੋਕ ਪਿੰਡਾਂ ਵਿਚ ਨਹੀਂ ਵੜਨ ਦੇਣਗੇ।
ਖਹਿਰਾ ਨੇ ਐਲਾਨ ਕੀਤਾ ਕਿ ਉਹ ਪੰਜਾਬ ਵਿਚ ਤੀਜੇ ਬਦਲ ਦੇ ਗਠਨ ਲਈ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਸਾਰੇ ਪੰਜਾਬ ਵਿਚ ਘੁੰਮ ਕੇ ਪੰਜਾਬ ਹਿਤੈਸ਼ੀਆਂ ਨੂੰ ਲਾਮਬੰਦ ਕਰਨਗੇ।
ਇਸ ਤੋਂ ਬਾਅਦ ਮਾਝੇ, ਮਾਲਵੇ ਤੇ ਦੋਆਬੇ ਵਿਚ ਤਿੰਨ ਇਕੱਠ ਕੀਤੇ ਜਾਣਗੇ।ਇਹ ਇਕੱਠ ਲਈ ਪ੍ਰਵਾਨਗੀ ਵੀ ਲਈ ਗਈ। ਉਨ੍ਹਾ ਕਿਹਾ ਕਿ ਮੈਂ ਪੰਜਾਬ ਦੇ ਹਰ ਵਰਗ ਤੇ ਫਿਰਕੇ ਦਾ ਬੰਦਾ ਹਾਂ ਤੇ ਹਰ ਇੱਕ ਦੀ ਗੱਲ ਕਰਦਾ ਹਾਂ ਤੇ ਕਰਦਾ ਰਹਾਂਗਾ।
ਕਿਸੇ ਵੀ ਵਿਧਾਇਕ ਖਿਲਾਫ਼ ਕਾਰਵਾਈ ਨਹੀਂ : ਚੀਮਾ
ਦਿੱਲੀ ਵਿਚ 13 ਵਿਧਾਇਕਾਂ ਨਾਲ ਅਰਵਿੰਦ ਕੇਜਰੀਵਾਲ ਨੂੰ ਮਿਲਣ ਤੋਂ ਬਾਅਦ ਨਵੇਂ ਬਣਾਏ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਤੇ ਵਿਧਾਇਕ ਜੈ ਸਿੰਘ ਰੋੜੀ ਨੇ ਕਿਹਾ ਕਿ ਬਠਿੰਡਾ ਰੈਲੀ ਵਿਚ ਗਏ ਕਿਸੇ ਵੀ ਵਰਕਰ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਇੱਕ ਹਾਂ ਅਤੇ ਸਾਡੀ ਲੜਾਈ ਕਾਰਨ ਅਕਾਲੀ ਦਲ ਤੇ ਕਾਂਗਰਸ ਨੂੰ ਲਾਭ ਹੋਵੇਗਾ।
ਜੈ ਸਿੰਘ ਰੋੜੀ ਨੇ ਕਿਹਾ ਕਿ ਅਜਿਹੇ ਵੱਡੇ ਇਕੱਠ ਬੀਰਦਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ ਵੀ ਕਰ ਚੁੱਕੇ ਹਨ । ਉਸ ਨਾਲ ਕੁਝ ਨਹੀਂ ਬਣਿਆ ਸਿਰਫ਼ ਰਵਾਇਤੀ ਪਾਰਟੀਆਂ ਨੂੰ ਹੀ ਫਾਇਦਾ ਹੋਵੇਗਾ।
6 ਮਤੇ ਕੀਤੇ ਗਏ ਪਾਸ
ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਇਕੱਠ ਦੌਰਾਨ ਮਤੇ ਪੜ੍ਹੇ ਅਤੇ ਬਾਕੀ ਹਾਜ਼ਰ ਵਿਧਾਇਕਾਂ ਨੇ ਪੰਜਾਬੀ ਏਕਤਾ ਦੇ ਨਾਅਰਿਆਂ ਨਾਲ ਇਸ ਦੀ ਪੋੜ੍ਹਤਾ ਕਰਵਾਈ
- ਬਠਿੰਡਾ ਕੰਨਵੈਂਨਸ਼ਨ ਆਮ ਆਦਮੀ ਪਾਰਟੀ ਦੀ 'ਪੰਜਾਬ ਇਕਾਈ' ਨੂੰ ਖੁਦਮੁਖਤਿਆਰ ਬਣਾਉਣ ਦਾ ਐਲਾਨ ਕਰਦੀ ਹੈ। ਸਾਰੇ ਫ਼ੈਸਲੇ ਪੰਜਾਬ ਪੱਧਰ ਉੱਤੇ ਲਏ ਜਾਣਗੇ ਤੇ ਰਾਸ਼ਟਰੀ ਲੀਡਰਸ਼ਿਪ ਨੂੰ ਇਨ੍ਹਾਂ ਬਾਰੇ ਜਾਣੂ ਕਰਵਾਇਆ ਜਾਵੇਗਾ।
- ਪਾਰਟੀ ਦੇ ਮੌਜੂਦਾ ਨਕਾਰਾ ਤੇ ਅਯੋਗ ਢਾਂਚੇ ਨੂੰ ਭੰਗ ਕਰਨ ਦਾ ਕੀਤਾ ਜਾਂਦਾ ਹੈ, ਲੋਕਾਂ ਤੋਂ ਪ੍ਰਬੰਧਕਾਂ ਨੇ ਨਵੇਂ ਢਾਂਚੇ ਦੇ ਗਠਨ ਲਈ ਮਤਾ ਪਾਸ ਕਰਵਾ ਲਈ ਪ੍ਰਵਾਨਗੀ ਲਈ ਗਈ।
- ਸੁਖਪਾਲ ਖਹਿਰਾ ਦੇ ਪੰਜਾਬ ਵਿਧਾਨ ਸਭਾ ਵਿਚ ਨਿਭਾਏ ਰੋਲ ਅਤੇ ਪਾਰਟੀ ਵਿਧਾਇਕਾਂ ਦੇ ਕੰਮ ਦੀ ਪ੍ਰਸੰਸਾ ਦਾ ਮਤਾ ਪਾਸ ਕੀਤਾ ਗਿਆ।
- 'ਆਪ' ਕਨਵੈਨਸ਼ਨ ਖਹਿਰਾ ਨੂੰ ਹਟਾਉਣ ਦੀ ਸਖ਼ਤ ਨਿੰਦਾ ਕਰਦੀ ਹੈ ਤੇ ਨਵੀਂ ਨਿਯੁਕਤੀ ਰੱਦ ਕਰਦੀ ਹੈ ਅਤੇ ਪਾਰਟੀ ਤੋਂ ਮੰਗ ਕਰਦੀ ਹੈ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਵਿਧਾਇਕਾਂ ਦੀ ਬੈਠਕ ਚੰਡੀਗੜ੍ਹ ਵਿਚ ਬੁਲਾ ਕੇ ਨਵੇਂ ਵਿਰੋਧੀ ਧਿਰ ਦੇ ਆਗੂ ਦੀ ਚੋਣ ਕਰਵਾਈ ਜਾਵੇ।
- 2 ਅਗਸਤ ਦਾ ਇਕੱਠ ਕਨਵੈਨਸ਼ਨ ਦੇ ਪ੍ਰਬੰਧਕਾਂ ਨੂੰ 12 ਅਗਸਤ ਤੋਂ ਜ਼ਿਲ੍ਹਾ ਪੱਧਰ ਉੱਤੇ ਇਕੱਠ ਕਰਨ ਦੀ ਪ੍ਰਵਾਨਗੀ ਲਈ ਗਈ । ਇਸਦੇ ਨਾਲ ਹੀ ਸਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਗਈ ਅਤੇ ਇਕੱਠ ਨਾਲ ਇਤਫ਼ਾਕ ਨਾ ਰੱਖਣ ਵਾਲਿਆਂ ਨੂੰ ਪਿੰਡਾਂ ਵਿਚ ਨਾਲ ਵੜ੍ਹਨ ਦੇਣ ਲਈ ਕਿਹਾ ਗਿਆ।
- 2017 ਚੋਣਾਂ ਤੇ ਹੁਣ ਤੱਕ ਪਾਰਟੀ ਵਿੱਚ ਪੰਜਾਬੀ ਪਰਵਾਸੀਆਂ ਦੇ ਰੋਲ ਲਈ ਧੰਨਵਾਦ ਮਤਾ ਪਾਸ ਕੀਤਾ।
- ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਬਠਿੰਡਾ ਕੰਨਵੈਨਸ਼ਨ ਵਿਚ ਹਾਜ਼ਰ ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਖਚਰਨਪ੍ਰੀਤ ਮੁਤਾਬਕ ਇਸ ਰੈਲੀ ਵਿਚ ਕਰੀਬ 13-14 ਹਜ਼ਾਰ ਲੋਕ ਪਹੁੰਚੇ। ਇਹ ਗਿਣਤੀ ਪ੍ਰਬੰਧਕਾਂ ਦੀ ਆਸ ਤੋਂ ਕਿਤੇ ਜ਼ਿਆਦਾ ਸੀ।

ਤਸਵੀਰ ਸਰੋਤ, Sukcharan preet /BBC
ਰੈਲੀ ਬਾਰੇ ਕੁਝ ਰੌਚਕ ਤੱਥ
- ਬੀਬੀਸੀ ਦੇ ਸਥਾਨਕ ਪੱਤਰਕਾਰ ਸੁਖਚਰਨ ਪ੍ਰੀਤ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿਚ ਬਹੁਗਿਣਤੀ ਨੌਜਵਾਨਾਂ ਦੀ ਸਮਝੀ ਜਾਂਦੀ ਹੈ । 2017 ਦੀਆਂ ਆਮ ਵਿਧਾਨ ਸਭਾ ਚੋਣਾਂ ਪ੍ਰਚਾਰ ਵਿਚ ਨੌਜਵਾਨਾਂ ਦੀ ਵੱਡੀ ਭੂਮਿਕਾ ਸੀ। ਪਰ ਬਠਿੰਡਾ ਦੇ ਇਕੱਠ ਵਿਚ ਨੌਜਵਾਨਾਂ ਦੀ ਗਿਣਤੀ ਕਾਫ਼ੀ ਘੱਟ ਸੀ।
- ਰੈਲੀ ਵਿਚ ਮਰਦਾਂ ਦਾ ਇਕੱਠ ਤਾਂ ਹਜ਼ਾਰਾਂ ਵਿਚ ਸੀ ਪਰ ਔਰਤਾਂ ਦੀ ਹਾਜ਼ਰੀ ਸਿਰਫ਼ ਦਰਜਨਾਂ ਵਿਚ ਹੀ ਦੇਖਣ ਨੂੰ ਮਿਲੀ। ਭਾਵੇਂ ਇਸ ਦਾ ਕਾਰਨ ਸ਼ਾਇਦ ਵੀ ਹੋ ਸਕਦਾ ਹੈ ਕਿ ਬਠਿੰਡਾ ਜਿਲ੍ਹੇ ਦੀਆਂ ਦੋਵੇਂ ਮਹਿਲਾ ਵਿਧਾਇਕਾਂ ਨੇ ਖਹਿਰਾ ਦੀ ਰੈਲੀ ਤੋਂ ਕਿਨਾਰਾ ਕਰ ਲਿਆ ਪਰ ਰੈਲੀ ਵਿਚ ਔਰਤਾਂ ਦੀ ਗਿਣਤੀ ਨਾ-ਮਾਤਰ ਹੋਣਾ, ਸਿਆਸੀ ਪੰਡਿਤਾਂ ਅੱਗੇ ਕਈ ਸਵਾਲ ਖੜ੍ਹੇ ਕਰਦਾ ਹੈ।
- ਖਹਿਰਾ ਦੀ ਰੈਲੀ ਵਿਚ ਸਿਰਫ਼ ਆਮ ਆਦਮੀ ਪਾਰਟੀ ਦੇ ਵਰਕਰ ਹੀ ਨਹੀਂ ਬਲਕਿ ਅਕਾਲੀ ਦਲ, ਕਾਂਗਰਸ ਅਤੇ ਹੋਰ ਸਿਆਸੀ ਦਲਾਂ ਦੇ ਵਰਕਰ ਵੀ ਪਹੁੰਚੇ ਹੋਏ ਸਨ। ਸੁਖਪਾਲ ਸਿੰਘ ਖਹਿਰਾ ਨੇ ਇਸ ਦਾ ਜ਼ਿਕਰ ਆਪਣੇ ਭਾਸ਼ਣ ਵਿਚ ਵੀ ਕੀਤਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕਾਰਕੁਨ ਬਲਕਰਨ ਸਿੰਘ ਭੂੰਦੜ ਨੇ ਕਿਹਾ ਉਹ ਤੀਜੇ ਬਦਲ ਦੀ ਆਸ ਨਾਲ ਆਏ ਹਨ ਕਿਉਂ ਕਿ ਲੋਕ ਦੋ ਪਾਰਟੀਆਂ ਦੇ ਸੱਤਾ ਚੱਕਰ ਤੋਂ ਅੱਕ ਚੁੱਕੇ ਹਨ।
ਖਹਿਰਾ ਨੇ ਭਾਸ਼ਣ ਦੇ ਮੁੱਖ ਬਿੰਦੂ
- ਅਸੀਂ ਕਿਸੇ ਦੇ ਏਜੰਟ ਨਹੀਂ ਬਲਕਿ ਪੰਜਾਬ ਦੇ ਲੋਕਾਂ ਦੇ ਚੌਕੀਦਾਰ ਹਾਂ । ਕਿਸੇ ਅਫਵਾਹ ਦਾ ਭਰੋਸਾ ਨਾ ਕਰਨਾ, ਹਰ ਗੱਲ ਮੈਥੋਂ ਪੁੱਛ ਲੈਣਾ
- ਪਰਵਾਸੀਆਂ ਦੇ ਫੰਡ ਦੇ ਗਲਤ ਇਸਤੇਮਾਲ ਸਾਬਤ ਕਰ ਦਿਓ ਤਾਂ ਸਿਆਸਤ ਛੱਡ ਦਿਆਂਗਾ। ਅਕਾਲੀ ਭਾਜਪਾ ਨੂੰ ਚੁਣੌਤੀ ਦਿੱਤੀ ਕਿ ਦਿੱਲੀ ਸਰਕਾਰ ਤੁਹਾਡੀ ਹੈ ਜਾਂਚ ਕਰਵਾ ਲਵੋ।
- 2020 ਰੈਫਰੈਂਡਮ ਦੇ ਸਮਾਗਮ ਦੌਰਾਨ ਪੰਜਾਬ ਦੇ ਵਿਤਕਰਿਆਂ ਦੀ ਗੱਲ ਉਠਾਈ ਸੀ ਤੇ ਮੇਰੀ ਹੀ ਪਾਰਟੀ ਦੇ ਬਨਾਵਟੀ ਬੰਦਿਆਂ ਨੇ ਮੇਰੇ ਖਿਲਾਫ਼ ਸਾਜ਼ਿਸਾਂ ਰਚੀਆਂ।
- ਦਿੱਲੀ ਵਿਚ ਪੰਜਾਬ ਦੇ ਲੋਕਾਂ ਦੇ ਆਗੂਆਂ ਦਾ ਮਜ਼ਾਕਾ ਉਡਾਇਆ ਜਾਂਦਾ ਹੈ।
- ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਸਵਰਾਜ ਦੇ ਮੁੱਦੇ ਨੂੰ ਛੱਡ ਚੁੱਕੀ ਹੈ।
- ਪਰਵਾਸੀਆਂ ਨੂੰ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿਚ ਤੀਜੀ ਧਿਰ ਦੀ ਸਰਕਾਰ ਬਣੇਗੀ।
- ਅਕਾਲੀ ਦਲ ਨੇ ਪੰਜਾਬ ਦੇ ਅਸਲ ਮਸਲੇ ਵਿਸਾਰ ਦਿੱਤੇ ਹਨ ਅਸੀਂ ਉਹ ਮਸਲੇ ਹੱਲ ਕਰਾਂਵਾਗੇ

ਤਸਵੀਰ ਸਰੋਤ, Sukhcahran preet/ BBC
- ਪੰਜਾਬ ਵਿਚ ਝੂਠੇ ਪੁਲੀਸ ਕੇਸ ਪਹਿਲਾਂ ਬਾਦਲ ਦਰਜ ਕਰਵਾਉਂਦੇ ਸੀ ਹੁਣ ਕੈਪਟਨ ਕਰਵਾ ਰਹੇ ਹਨ। ਅਕਾਲੀਆਂ ਨੇ ਤਾਂ ਮੇਰੇ ਖਿਲਾਫ 6 ਮਾਮਲੇ ਦਰਜ ਕਰਵਾਏ ਅਤੇ 6 ਹਜ਼ਾਰ ਦੀ ਤਰਪਾਲ ਦਾ ਵੀ ਕੇਸ ਪਾ ਦਿੱਤਾ। ਕੈਪਟਨ ਨੇ ਵੀ ਮੇਰੀ ਆਵਾਜ਼ ਦਬਾਉਣ ਲਈ 2015 ਦਾ ਪੁਰਾਣਾ ਕੇਸ ਕਢਵਾਇਆ। ਸੁਪਰੀਮ ਕੋਰਟ ਵਿੱਚ ਸਭ ਤੋਂ ਵੱਡਾ ਵਕੀਲ ਕਰਕੇ ਮੇਰੇ ਖਿਲਾਫ ਇੱਕ ਪੇਸ਼ੀ ਦਾ 25 ਲੱਖ ਰੁਪਿਆ ਦਿੱਤਾ। ਕੈਪਟਨ ਸਿਰਫ਼ ਮੈਨੂੰ ਗ੍ਰਿਫਤਾਰ ਕਰਵਾਉਣਾ ਚਾਹੁੰਦੇ ਹਨ।
- ਲੋਕਾਂ ਨੇ ਸਾਡੇ ਉੱਤੇ ਭਰੋਸਾ ਕੀਤਾ ਤਾਂ ਅਸੀਂ ਨਸ਼ੇ ਦੇ ਵੱਡੇ ਵੱਡੇ ਸੌਦਾਗਰਾਂ ਨੂੰ ਫੜ ਕੇ ਸਜ਼ਾਵਾਂ ਦੁਆਵਾਂਗੇ।
- ਕਿਸੇ ਇੱਕ ਡੇਰੇ ਦੀਆਂ ਵੋਟਾਂ ਕਾਰਨ ਅਕਾਲੀਆਂ ਨੇ ਬਰਗਾੜੀ ਕਾਂਡ ਨੂੰ ਇਨਸਾਫ਼ ਨਹੀਂ ਦਿੱਤਾ, ਕੈਪਟਨ ਨੇ ਸੀਬੀਆਈ ਨੂੰ ਜਾਂਚ ਦੇ ਕੇ ਬੇਅਦਬੀ ਕਾਂਡ ਦੇ ਵਰਦੀਧਾਰੀ ਤੇ ਸਿਆਸਦਾਨਾਂ ਤੇ ਡੇਰੇਦਾਰਾਂ ਨੂੰ ਬਚਾ ਰਹੇ ਹਨ। ਜੇਕਰ ਲੋਕ ਸਾਡੇ ਉੱਤੇ ਭਰੋਸਾ ਕਰਨਗੇ ਤਾਂ ਵੱਡੇ ਤੋਂ ਵੱਡੇ ਮੁਲਜ਼ਮਾਂ ਨੂੰ ਸਜ਼ਾ ਮਿਲੇਗੀ।
- ਪੱਥਰ ਤੇ ਕੋਲੇ ਵਾਂਗ ਪੰਜਾਬ ਦੀ ਤੀਜੇ ਮੋਰਚੇ ਦੀ ਸਰਕਾਰ ਬਣੀ ਤਾਂ ਪੰਜਾਬ ਦੇ ਪਾਣੀਆਂ ਦੀ ਰਿਆਲਟੀ ਲੈ ਕੇ ਦੇਵਾਂਗੇ।
- ਕਿਸਾਨ ਮਰ ਰਹੇ ਨੇ ਤੇ ਰਵਾਇਤੀ ਲੀਡਰਾਂ ਨੇ ਪੰਜਾਬ ਦੇ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਦਿੱਤੇ, ਪਰ ਅਸੀਂ ਵਿਧਾਨ ਸਭਾ ਦੇ ਮਤੇ ਮੁਤਾਬਕ ਪੰਜਾਬ ਦੇ ਪਾਣੀਆਂ ਦੀ ਮਾਹਿਰਾਂ ਦੇ ਹਿਸਾਬ ਮੁਤਾਬਕ ਰਿਆਲਟੀ ਦਾ 16 ਲੱਖ ਕਰੋੜ ਦਾ ਬਿੱਲ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ:
- ਕੈਪਟਨ ਇੰਪਰੂਵਮੈਂਟ ਕੇਸ ਵਿਚ ਬਰੀ ਤਾਂ ਅਫਸਰਾਂ ਖਿਲਾਫ਼ ਕਾਰਵਾਈ ਕਿਉਂ ਨਹੀਂ ਹੋ ਰਹੀ।
- ਬਾਦਲ ਤੇ ਕੈਪਟਨ ਦੇ ਟੱਬਰਾਂ ਨੇ ਸੰਧੀ ਕਰ ਲਈ, ਵਿਧਾਇਕਾਂ ਦੇ ਰੌਲੇ ਦੇ ਬਾਵਜੂਦ ਕੈਪਟਨ ਨੇ ਨਸ਼ੇ, ਭ੍ਰਿਸ਼ਟਾਚਾਰ ਤੇ ਰੇਤ ਮਾਫ਼ੀਆ ਖਿਲਾਫ਼ ਕੁਝ ਨਹੀਂ ਕੀਤਾ।
- ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਅਹੁਦਾ ਹੁਣ ਨਹੀਂ ਚਾਹੀਦਾ।
- ਪੰਜਾਬ ਦੇ ਲੋਕਾਂ ਨੇ ਤੀਜਾ ਬਦਲ ਦੇਣ ਦਾ ਸੱਦਾ ਦਿੱਤਾ ਤੇ ਲੋਕ ਇਸ ਦੀ ਆਗਿਆ ਦੇਣ।
- ਪੰਜਾਬ ਦੇ ਲੋਕਾਂ ਨੇ ਸਿਮਰਨਜੀਤ ਮਾਨ, ਮਨਪ੍ਰੀਤ ਬਾਦਲ ਦਾ ਸਾਥ ਦਿੱਤਾ ਪਰ ਗੱਲ ਨਾ ਬਣੀ
- ਪੰਜਾਬ ਦੇ ਕੁਝ ਵਿਧਾਇਕ ਡਰ ਕੇ ਦਿੱਲੀ ਗਏ ਇਹ ਡਰ ਸਾਡੀ ਸਮੱਸਿਆ ਹੈ
- ਹਾਈ ਕਮਾਂਡ ਦੀਆਂ ਨਾਲਾਇਕ ਨੀਤੀਆਂ, ਦਿੱਲੀ ਦੇ ਸੂਬੇਦਾਰਾਂ ਤੇ ਟਿਕਟਾਂ ਵਿਕਣ ਕਾਰਨ ਚੋਣ ਹਾਰੇ ਸੀ
- ਖਹਿਰਾ ਨੇ ਸਵਾਲ ਕੀਤਾ ਕਿ ਕੀ ਪੰਜਾਬ ਦੇ ਲੋਕ ਆਪਣੇ ਮਸਲਿਆਂ ਦੀ ਗੱਲ ਕਰਨ ਲਈ ਇਕੱਠੇ ਨਹੀਂ ਹੋ ਸਕਦੇ
- ਲੋਕ ਤੇ ਪੰਜਾਬ ਮਸਲਿਆਂ ਲਈ ਸਾਰੇ ਅਹੁਦੇ ਕੁਰਬਾਨ
ਪਾਰਟੀ ਨੇ ਵੇਚੀਆਂ ਸਨ ਟਿਕਟਾਂ : ਸੰਧੂ
ਆਮ ਆਦਮੀ ਪਾਰਟੀ ਦੇ ਆਗੂ ਕੰਵਰ ਸੰਧੂ ਨੇ ਆਪਣੇ ਸੰਬੋਧਨ ਦੌਰਾਨ ਪਾਰਟੀ ਹਾਈ ਕਮਾਂਡ ਉੱਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪਾਰਟੀ ਨੇ ਚੋਣਾਂ ਦੌਰਾਨ ਗਲਤ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਜਿਸ ਕਾਰਨ ਪਾਰਟੀ ਦੀ 50 ਸੀਟਾਂ ਉੱਤੇ ਹਾਰ ਹੋਈ।ਉਨ੍ਹਾਂ ਦਾਅਵਾ ਕੀਤਾ ਕਿ ਬਹੁਤ ਸਾਰੀਆਂ ਟਿਕਟਾਂ ਪੈਸੇ ਲੈ ਕੇ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਅਸੀਂ ਸਿਧਾਂਤਕ ਲੜਾਈ ਲੜ ਰਹੇ ਹਾਂ।
ਜੋ ਕੁਝ ਪਾਰਟੀ ਵਿਚ ਪਿਛਲੇ ਡੇਢ ਸਾਲ ਤੋਂ ਹੋਇਆ ਉਹ ਅੱਗੇ ਨਾ ਹੋਵੇ ਇਸ ਲਈ ਪੰਜਾਬ ਇਕਾਈ ਲਈ ਖੁਦਮੁਖਤਿਆਰੀ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਪਾਣੀਆਂ ਸਣੇ ਪੰਜਾਬ ਦੇ ਮੁੱਦਿਆਂ ਉੱਤੇ ਸਮਝੌਤਾ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸਾਡੇ ਨਾਲ ਧੋਖਾ ਕੀਤਾ ਗਿਆ ਪਰ ਮੈਂ ਹਰ ਵੇਲੇ ਇਸ ਖਿਲਾਫ਼ ਬੋਲਿਆ।
ਉਨ੍ਹਾਂ ਕਿਹਾ ਕਿ ਜਿਹੜੇ ਸਾਥੀ ਇੱਥੇ ਨਹੀਂ ਹਨ ਜਦੋਂ ਉਨ੍ਹਾਂ ਉੱਤੇ ਕੇਸ ਦਰਜ ਕੀਤੇ ਗਏ ਅਸੀਂ ਉਨ੍ਹਾਂ ਦੇ ਵੀ ਹੱਕ ਵਿਚ ਖੜ੍ਹੇ। ਕੰਵਰ ਸੰਧੂ ਨੇ ਮੰਗ ਕੀਤੀ ਕਿ ਜਿਵੇਂ ਕੈਨੇਡਾ ਵਿਚ ਪਾਰਟੀਆਂ ਸੂਬਾਈ ਲੀਡਰਸ਼ਿਪ ਨੂੰ ਖੁਦਮੁਖਤਿਆਰੀ ਦਿੰਦੀਆਂ ਹਨ ਉਵੇਂ ਹੀ ਅਸੀਂ ਵੀ ਮੰਗ ਕਰ ਰਹੇ ਹਾਂ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Sukhcharan preet/bbc
ਰੈਲੀ 'ਚ ਆਏ ਲੋਕਾਂ ਨੇ ਕੀ ਕਿਹਾ
ਬਠਿੰਡਾ ਵਿੱਚ ਰੈਲੀ ਵਾਲੀ ਥਾਂ ਉੱਤੇ ਬੀਬੀਸੀ ਪੰਜਾਬੀ ਲਈ ਸੁਖਚਰਨ ਪ੍ਰੀਤ ਸਿੰਘ ਨਾਲ ਗੱਲ ਕਰਦਿਆਂ ਤਰਨ ਤਾਰਨ ਤੋਂ ਆਏ ਜਸਵਿੰਦਰ ਸਿੰਘ ਨੇ ਕਿਹਾ, "ਮੈਂ ਇਸ ਸਮਾਗਮ ਵਿੱਚ ਇਸ ਲਈ ਆਇਆ ਹਾਂ ਕਿਉਂਕਿ ਖਹਿਰਾ ਅਤੇ ਸਾਥੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹਨ।"
"ਜੇ ਪਾਰਟੀ ਖਹਿਰਾ ਨੂੰ ਅਗਵਾਈ ਦੇਵੇ ਤਾਂ ਉਹ ਪਾਰਟੀ ਨਾਲ ਹਨ ਨਹੀਂ ਤਾਂ ਬਾਗੀਆਂ ਨਾਲ ਹਨ, ਭਾਵੇਂ ਅੱਜ ਇੱਥੇ ਵੱਖਰੀ ਪਾਰਟੀ ਦਾ ਐਲਾਨ ਕਰਨ ਤਾਂ ਵੀ।"
ਗੌਰਤਲਬ ਹੈ ਕਿ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਪਿਛਲੇ ਦੋ ਤਿੰਨ ਦਿਨਾਂ ਤੋਂ ਹਰ ਮੀਡੀਆ ਪਲੇਟਫਾਰਮ ਰਾਹੀਂ ਇਸ ਰੈਲੀ ਨੂੰ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦਾ ਇਕੱਠ ਦੱਸ ਚੁੱਕੇ ਹਨ।
ਅੰਮ੍ਰਿਤਸਰ ਦੇ ਸੁਲਤਾਨ ਵਿੰਡ ਤੋਂ ਆਏ ਸਵਰਨ ਸਿੰਘ ਗੋਲਡਨ ਨੇ ਕਿਹਾ, ''ਸਾਡੇ ਪੁਰਖ਼ੇ ਅਕਾਲੀ ਦਲ ਵਿੱਚ ਸਨ, ਪਰ ਅਸੀਂ ਖ਼ੁਦ 7 ਸਾਲ ਕਾਂਗਰਸ ਵਿੱਚ ਰਹੇ, 9 ਸਾਲ ਲੋਕ ਭਲਾਈ ਪਾਰਟੀ ਵਿੱਚ ਅਤੇ ਹੁਣ ਆਪ ਦੇ ਮੈਂਬਰ ਹਾਂ''

ਤਸਵੀਰ ਸਰੋਤ, Sukhcharan preet/bbc
ਉਹ ਕਹਿੰਦੇ ਹਨ, ''ਸੁੱਚਾ ਸਿੰਘ ਛੋਟੇਪੁਰ ਨੂੰ ਕੱਢ ਕੇ ਆਪ ਲੀਡਰਸ਼ਿਪ ਨੇ ਮਝੈਲਾਂ ਦਾ ਵਿਰੋਧ ਸਹੇੜਿਆ ਸੀ ਤੇ ਹੁਣ ਖਹਿਰਾ ਨੂੰ ਹਟਾ ਕੇ ਪੂਰੀ ਪਾਰਟੀ ਦਾ ਵਿਰੋਧ ਸਹੇੜ ਲਿਆ ਹੈ, ਪੰਜਾਬੀ ਧੌਂਸ ਨਹੀਂ ਝੱਲਦੇ ਇਸ ਗੱਲ ਦਾ ਸੁਨੇਹਾ ਉਹ ਕੇਜਰੀਵਾਲ ਨੂੰ ਦੇਣ ਆਏ ਹਨ।''












