ਸੁਖਪਾਲ ਖਹਿਰਾ ਦੀ ਬਠਿੰਡਾ ਰੈਲੀ ਲਈ ਪਰਵਾਸੀਆਂ ਦੀ ਟੈਲੀਫੋਨ ਮੁਹਿੰਮ

ਤਸਵੀਰ ਸਰੋਤ, Sukhcharan/BBC
- ਲੇਖਕ, ਖੁਸ਼ਹਾਲ ਲਾਲੀ/ ਸੁਖਚਰਨ ਪ੍ਰੀਤ/ ਜਸਬੀਰ ਸ਼ੇਤਰਾ
- ਰੋਲ, ਪੱਤਰਕਾਰ, ਬੀਬੀਸੀ
ਪੰਜਾਬ ਵਿਚ ਪਾਟੋਧਾੜ ਹੋਣ ਦੀ ਕਗਾਰ ਉੱਤੇ ਖੜੀ ਆਮ ਆਦਮੀ ਪਾਰਟੀ ਦੇ ਦੋਵਾਂ ਧੜਿਆਂ ਦੀ ਵੱਡੀ ਟੇਕ ਪਰਵਾਸੀ ਪੰਜਾਬੀ ਭਾਈਚਾਰੇ ਉੱਤੇ ਲੱਗੀ ਹੋਈ ਹੈ।
ਜਿਵੇਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਰਵਾਸੀਆਂ ਨੇ 'ਆਪ' ਲਈ ਸਮਰਥਨ ਜੁਟਾਉਣ ਵਿਚ ਮਦਦ ਕੀਤੀ ਸੀ ਉਵੇਂ ਹੀ ਹੁਣ ਸੰਕਟ ਦੌਰਾਨ ਪਾਰਟੀ ਦੇ ਦੋਵੇਂ ਧੜੇ ਪਰਵਾਸੀਆਂ ਨੂੰ ਆਪੋ-ਆਪਣੇ ਹੱਕ ਵਿਚ ਭੁਗਤਾਉਣ ਲੱਗੇ ਹੋਏ ਹਨ।
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਆਗੂ ਦੇ ਅਹੁਦੇ ਤੋਂ ਹਟਾਏ ਗਏ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਧੜਾ ਲਗਾਤਾਰ ਵੀਡੀਓਜ਼ ਰਾਹੀ ਪਰਵਾਸੀਆਂ ਨੂੰ ਬਠਿੰਡਾ ਰੈਲੀ ਲਈ ਲੋਕਾਂ ਨੂੰ ਭੇਜਣ ਦੀਆਂ ਅਪੀਲਾਂ ਕਰ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਕੇਜਰੀਵਾਲ ਧੜੇ ਖਿਲਾਫ਼ ਚੱਲ ਰਹੀ ਮੁਹਿੰਮ ਵਿਚ ਪਰਵਾਸੀਆਂ ਦੀ ਚੰਗੀ ਗਿਣਤੀ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ:
ਆਮ ਆਦਮੀ ਪਾਰਟੀ ਦੇ ਆਗੂ ਜਨਤਕ ਤੌਰ ਉੱਤੇ ਇਹ ਸਵਿਕਾਰ ਕਰ ਰਹੇ ਹਨ ਕਿ ਉਨ੍ਹਾਂ ਉੱਤੇ ਪਰਵਾਸੀ ਪੰਜਾਬੀਆਂ ਵੱਲੋਂ ਬਠਿੰਡਾ ਰੈਲੀ ਵਿਚ ਜਾਣ ਲਈ ਦਬਾਅ ਬਣਾਇਆ ਜਾ ਰਿਹਾ ਹੈ।
ਪਰਵਾਸੀਆਂ ਦਾ ਬਠਿੰਡੇ ਜਾਣ ਲਈ ਦਬਾਅ
ਆਮ ਆਦਮੀ ਪਾਰਟੀ ਦੇ ਬੁਢਲਾਡਾ ਹਲਕੇ ਤੋਂ ਵਿਧਾਇਕ ਬੁੱਧਰਾਮ ਕਹਿੰਦੇ ਨੇ ਉਨ੍ਹਾਂ ਨੂੰ ਕਈ ਪਰਵਾਸੀਆਂ ਨੇ ਖਹਿਰਾ ਧੜੇ ਦਾ ਸਾਥ ਦੇਣ ਅਤੇ ਬਠਿੰਡਾ ਰੈਲੀ ਨੂੰ ਸਫ਼ਲ ਬਣਾਉਣ ਲਈ ਫੋਨ ਕੀਤੇ ਹਨ।
ਬੁੱਧਰਾਮ ਕਹਿੰਦੇ ਹਨ ਕਿ ਉਨ੍ਹਾਂ ਆਪਣੇ ਪਰਵਾਸੀ ਸਾਥੀਆਂ ਨੂੰ ਸਾਫ਼ ਕਹਿ ਦਿੱਤਾ ਕਿ ਉਹ ਪਾਰਟੀ ਦਾ ਸਾਥ ਨਹੀਂ ਛੱਡਣਗੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਫੋਨ ਆਉਂਣੇ ਬੰਦ ਹੋ ਗਏ।

ਤਸਵੀਰ ਸਰੋਤ, Sukhcharan/BBC
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਰੋਪੜ ਤੋਂ ਪਾਰਟੀ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਵੀ ਪਰਵਾਸੀ ਭਾਈਚਾਰੇ ਦੀ ਬਠਿੰਡਾ ਰੈਲੀ ਵਿਚ ਜਾਣ ਲਈ ਫੋਨ ਆਉਣ ਦੀ ਗੱਲ ਕਬੂਲੀ ਹੈ।
ਵਿਧਾਇਕ ਸੰਦੋਆ ਨੇ ਕਿਹਾ ਹੈ ਕਿ ਉਹ ਪਾਰਟੀ ਦਾ ਚੋਣ ਨਿਸ਼ਾਨ, ਅਰਵਿੰਦ ਕੇਜ਼ਰੀਵਾਲ ਦੀ ਫੋਟੋ ਵਰਤਕੇ ਪਾਰਟੀ ਖਿਲਾਫ਼ ਪ੍ਰਚਾਰ ਕਰਨ ਵਾਲਿਆਂ ਦਾ ਸਾਥ ਨਹੀਂ ਦੇਣਗੇ।
ਜੇਕਰ ਕਿਸੇ ਨੂੰ ਸਮੱਸਿਆ ਹੈ ਤਾਂ ਪਹਿਲਾਂ ਉਹ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਵੇ ਅਤੇ ਆਪਣੇ ਦਮ ਉੱਤੇ ਵਿਧਾਇਕ ਬਣ ਕੇ ਫਿਰ ਆਪਣੀ ਮਰਜ਼ੀ ਨਾਲ ਮੁਹਿੰਮ ਚਲਾਵੇ।
ਚਾਰ ਵਿਧਾਇਕਾਂ ਉੱਤੇ ਵੱਧ ਦਬਾਅ
ਆਮ ਆਦਮੀ ਪਾਰਟੀ ਦੇ ਸੂਤਰਾਂ ਮੁਤਾਬਕ ਚਾਰ ਵਿਧਾਇਕਾਂ ਨੂੰ ਸਭ ਤੋਂ ਵੱਧ ਵਿਦੇਸ਼ਾਂ ਵਿੱਚੋਂ ਫੋਨ ਆਏ ਹਨ। ਇਹ ਉਹ ਵਿਧਾਇਕ ਹਨ ਜਿਹੜੇ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਕਰਵਾਉਣ ਲਈ ਸਰਗਰਮ ਸਨ ਅਤੇ ਥੋੜਾ ਜਿਹਾ ਨਰਮ ਰੁਖ ਰੱਖਦੇ ਸਨ।

ਤਸਵੀਰ ਸਰੋਤ, Sukhcharan Preet/BBC
ਆਪ ਦੇ ਇੱਕ ਵਿਧਾਇਕ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਕਿਹਾ ਕਿ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਬਿਲਾਸਪੁਰ, ਮਹਿਲਕਲਾਂ ਤੋਂ ਕੁਲਵੰਤ ਪੰਡੋਰੀ, ਬਰਨਾਲਾ ਤੋਂ ਮੀਤ ਹੇਅਰ ਅਤੇ ਗੜ੍ਹਸ਼ੰਕਰ ਤੋਂ ਜੈ ਸਿੰਘ ਰੋੜੀ ਉੱਤੇ ਪਰਵਾਸੀਆਂ ਦਾ ਸਭ ਤੋਂ ਵੱਧ ਦਬਾਅ ਹੈ।
ਸੋਸ਼ਲ ਮੀਡੀਆ ਰਾਹੀ ਵੀ ਮੁਹਿੰਮ
ਬਰਨਾਲਾ ਤੋ ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਖਚਰਨ ਪ੍ਰੀਤ ਮੁਤਾਬਕ ਪਰਵਾਸੀਆਂ ਦਾ ਇਸ ਸੰਕਟ ਦੌਰਾਨ ਕਾਫ਼ੀ ਜ਼ੋਰ ਲੱਗਿਆ ਹੋਇਆ ਹੈ ਅਤੇ ਪੰਜਾਬ ਵਿਚ ਵੀ ਆਪ ਦਾ ਕਾਰਡ ਇਸ ਸੰਕਟ ਦੌਰਾਨ ਦੁਚਿੱਤੀ ਵਿਚ ਘਿਰਿਆ ਨਜ਼ਰ ਆ ਰਿਹਾ ਹੈ।

ਤਸਵੀਰ ਸਰੋਤ, Sukhcharan/BBC
ਮਹਿਲ ਕਲਾਂ ਹਲਕੇ ਦੇ ਪਿੰਡ ਬੀਹਲਾ ਨਾਲ ਸਬੰਧ ਰੱਖਦੇ ਇੱਕ ਐਨ ਆਰ ਆਈ ਦਵਿੰਦਰ ਸਿੰਘ ਬੀਹਲਾ ਵੱਲੋਂ ਸੋਸ਼ਲ ਮੀਡੀਆ ਉੱਤੇ ਆਪ ਐਮ ਐਲ ਏ ਕੁਲਵੰਤ ਸਿੰਘ ਪੰਡੋਰੀ ਨੂੰ ਸੰਬੋਧਿਤ ਹੋ ਕੇ ਇੱਕ ਆਡੀਓ ਪਾਈ ਗਈ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਕੁਲਵੰਤ ਸਿੰਘ ਪੰਡੋਰੀ ਦੀ ਚੋਣਾਂ ਵਿੱਚ ਮਦਦ ਕਰਨ ਦਾ ਦਾਅਵਾ ਕਰਦਿਆਂ ਉਨ੍ਹਾਂ ਨੂੰ ਸੁਖਪਾਲ ਸਿੰਘ ਖਹਿਰਾ ਦਾ ਸਾਥ ਦੇਣ ਲਈ ਜ਼ੋਰ ਪਾਇਆ ਗਿਆ ਹੈ।
150 ਪਰਵਾਸੀਆਂ ਦਾ ਕੇਜਰੀਵਾਲ ਦੇ ਹੱਕ 'ਚ ਬਿਆਨ
ਆਮ ਆਦਮੀ ਪਾਰਟੀ ਦੇ ਮੀਡੀਆ ਕੋਆਡੀਨੇਟਰ ਮਨਜੀਤ ਸਿੱਧੂ ਮੁਤਾਬਕ ਸੁਖਪਾਲ ਖਹਿਰਾ ਧੜੇ ਨੇ ਸੋਚੀ ਸਮਝੀ ਚਾਲ ਤਹਿਤ ਯੋਜਨਾਬੱਧ ਤਰੀਕੇ ਨਾਲ ਵਿਧਾਇਕਾਂ ਨੂੰ ਫੋਨ ਕਰਵਾ ਕੇ ਪਾਰਟੀ ਗੁਮਰਾਹ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਵਿਧਾਇਕ ਪਾਰਟੀ ਨਾਲ ਹਨ ਅਤੇ ਇਹ ਆਉਣ ਵਾਲੇ ਦਿਨਾਂ ਵਿਚ ਪਤਾ ਲੱਗ ਜਾਵੇਗਾ।
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ ਕਿ 150 ਤੋਂ ਵੱਧ ਪਰਵਾਸੀ ਆਗੂਆਂ ਦਾ ਸਾਂਝਾ ਬਿਆਨ ਸਾਬਤ ਕਰਦਾ ਹੈ ਕਿ ਪਰਵਾਸੀ ਭਾਈਚਾਰਾ ਕਿਸ ਨਾਲ ਖੜਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖਹਿਰਾ ਧੜੇ ਨੇ ਸੋਸ਼ਲ ਮੀਡੀਆ ਉੱਤੇ ਗੁਮਰਾਹਕੁਨ ਪ੍ਰਚਾਰ ਕੀਤਾ ਹੈ ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੈ।
ਜਸਬੀਰ ਸ਼ੇਤਰਾ ਨੇ ਦੱਸਿਆ ਕਿ ਬਠਿੰਡਾ ਰੈਲੀ ਵਿੱਚ ਸ਼ਾਮਲ ਹੋਣ ਲਈ ਕਈ ਹਲਕਿਆਂ ਤੋਂ ਵਾਲੰਟੀਅਰਾਂ ਨੇ ਤਿਆਰੀਆਂ ਖਿੱਚ ਲਈਆਂ ਹਨ। ਪਰਵਾਸੀ ਪੰਜਾਬੀ ਵਿਦੇਸ਼ਾਂ ਤੋਂ ਇਸ ਨੂੰ ਸਫ਼ਲ ਬਣਾਉਣ ਲਈ ਜ਼ੋਰ ਲਾ ਰਹੇ ਹਨ।
ਜਗਰਾਉਂ ਤੋਂ ਵਿਧਾਇਕ ਬਣੀ ਅਤੇ ਖਹਿਰਾ ਨਾਲ ਹੀ ਡਿਪਟੀ ਲੀਡਰ ਸਰਵਜੀਤ ਕੌਰ ਮਾਣੂੰਕੇ ਫਿਲਹਾਲ 'ਦਿੱਲੀ ਵਾਲਿਆਂ' ਨਾਲ ਹੈ। ਲੰਘੇ ਐਤਵਾਰ ਹਲਕੇ ਦੇ 'ਆਪ' ਆਗੂਆਂ ਤੇ ਵਾਲੰਟੀਅਰਾਂ ਨੇ ਉਨ੍ਹਾਂ ਨੂੰ ਮਿਲ ਕੇ ਖਹਿਰਾ ਧੜੇ ਦਾ ਸਾਥ ਦੇਣ ਲਈ ਦਬਾਅ ਬਣਾਇਆ ਪਰ ਉਹ ਤਿਆਰ ਨਹੀਂ ਹੋਏ।
ਪ੍ਰਧਾਨ ਗੁਰਚਰਨ ਸਿੰਘ ਨਿੱਕਾ ਗਾਲਿਬ ਤੇ ਪ੍ਰਧਾਨ ਸੁਖਦੇਵ ਸਿੰਘ ਡੱਲਾ ਨੇ ਦੱਸਿਆ ਕਿ ਬੀਬੀ ਮਾਣੂੰਕੇ ਨੇ ਮੀਟਿੰਗ ਵਿੱਚ ਖਹਿਰਾ ਨੂੰ ਮੁੜ ਵਿਰੋਧੀ ਧਿਰ ਦਾ ਲੀਡਰ ਲਾਉਣ ਸਬੰਧੀ ਇਕ ਚਿੱਠੀ ਮਨੀਸ਼ ਸਿਸੋਦੀਆਂ ਨੂੰ ਈ-ਮੇਲ ਕਰਨ ਲਈ ਸਹਿਮਤੀ ਦਿੱਤੀ ਤੇ ਉਨ੍ਹਾਂ ਦੇ ਦਸਤਖ਼ਤ ਵੀ ਕਰਵਾਏ ਪਰ ਉਹ ਖਹਿਰਾ ਧੜੇ ਨਾਲ ਤੁਰਨ ਨੂੰ ਤਿਆਰ ਨਹੀਂ ਹੋਏ।












