ਇਨ੍ਹਾਂ 12 ਮੁਸਲਮਾਨਾਂ ਦੇ ਭਗਵਾ ਚੋਲਾ ਪਾ ਕੇ 'ਜੋਗੀ' ਬਣਨ ਦੀ ਹਕੀਕਤ-ਗਰਾਊਂਡ ਰਿਪੋਰਟ

- ਲੇਖਕ, ਰਜਨੀਸ਼ ਕੁਮਾਰ
- ਰੋਲ, ਬੀਬੀਸੀ ਪੱਤਰਕਾਰ, ਬਾਗਪਤ ਦੇ ਬਦਰਖਾ ਪਿੰਡ ਤੋਂ
"ਤੁਹਾਡਾ ਨਾਂ ਕੀ ਹੈ, ਮੇਰਾ ਨਾਂ ਅਖ਼ਤਰ ਅਲੀ ਹੈ ਜੀ।'' 64 ਸਾਲਾ ਅਖ਼ਤਰ ਅਲੀ ਸ਼ਾਇਦ ਭੁੱਲ ਚੁੱਕੇ ਹਨ ਕਿ ਉਹ ਦੋ ਅਕਤੂਬਰ ਨੂੰ ਬਾਗਪਤ ਦੇ ਬਦਰਖਾ ਪਿੰਡ ਵਿੱਚ ਹਿੰਦੂ ਬਣ ਗਏ ਸਨ।
ਅਚਾਨਕ ਉਨ੍ਹਾਂ ਨੂੰ ਯਾਦ ਆਇਆ "ਨਹੀਂ ਜੀ ਹੁਣ ਤਾਂ ਮੇਰਾ ਨਾਂ ਧਰਮ ਸਿੰਘ ਹੈ।"
ਤਿੰਨ ਅਕਤੂਬਰ ਦੀ ਸ਼ਾਮ ਪੰਜ ਵਜੇ ਦਾ ਵਕਤ, ਉਨ੍ਹਾਂ ਦੇ ਘਰ ਦੇ ਪਿੱਛੇ ਇੱਕ ਛੋਟੀ ਜਿਹੀ ਮਸਜਿਦ ਹੈ। ਮਸਜਿਦ ਤੋਂ ਅਜ਼ਾਨ ਦੀ ਆਵਾਜ਼ ਆਉਂਦੀ ਹੈ।
ਧਰਮ ਸਿੰਘ ਵਿਚਾਲੇ ਹੀ ਗੱਲਬਾਤ ਰੋਕ ਦਿੰਦੇ ਹਨ ਅਤੇ ਅਜ਼ਾਨ ਪੂਰੀ ਹੋਣ ਤੱਕ ਚੁੱਪ ਹੀ ਰਹਿੰਦੇ ਹਨ।
ਕੀ 64 ਸਾਲ ਤੱਕ ਮੁਸਲਮਾਨ ਰਹੇ ਅਖ਼ਤਰ ਅਲੀ ਬਾਕੀ ਜੀਵਨ ਧਰਮ ਸਿੰਘ ਬਣ ਕੇ ਜੀਣਗੇ?
ਉਹ ਕਹਿੰਦੇ ਹਨ, "ਮਜਬੂਰੀ ਹੈ ਜੀ, ਨਾ ਉੱਥੇ ਸੁੱਖ ਸੀ ਅਤੇ ਨਾ ਇੱਥੇ ਚੈਨ ਹੈ। ਨੌਜਵਾਨ ਹਿੰਦੂ ਵਾਹਿਨੀ ਨੇ ਯੋਗੀ-ਮੋਦੀ ਸਰਕਾਰ ਤੋਂ ਸਾਨੂੰ ਇਨਸਾਫ਼ ਦਿਵਾਉਣ ਦਾ ਵਾਅਦਾ ਕੀਤਾ ਹੈ।''
ਜੇ ਇੱਥੇ ਵੀ ਇਨਸਾਫ ਨਹੀਂ ਮਿਲੀਆ ਤਾਂ?
ਉਹ ਕਹਿੰਦੇ ਹਨ, "ਉਹੀ ਹੋਵੇਗਾ...ਨਾ ਘਰ ਦੇ ਨਾ ਘਾਟ ਦੇ।''
ਇਹ ਵੀ ਪੜ੍ਹੋ:
ਕੀ ਇਹ ਚੰਗਾ ਨਹੀਂ ਹੁੰਦਾ ਕਿ ਇਨਸਾਫ਼ ਲਈ ਤੁਹਾਨੂੰ ਹਿੰਦੂ ਨਹੀਂ ਬਣਨਾ ਪੈਂਦਾ? ਇਸ ਸਵਾਲ 'ਤੇ ਧਰਮ ਸਿੰਘ ਖ਼ੁਦ ਨੂੰ ਸੰਭਾਲਦੇ ਹੋਏ ਅੱਖਾਂ ਬੰਦ ਕਰ ਲੈਂਦੇ ਹਨ।
ਉੱਤਰ ਪ੍ਰਦੇਸ਼ ਦੇ ਬਾਗਪਤ ਤੋਂ 35 ਕਿਲੋਮੀਟਰ ਦੂਰ ਬਦਰਖਾ ਪਿੰਡ ਵਿੱਚ ਦੋ ਅਕਤੂਬਰ ਨੂੰ ਅਖ਼ਤਰ ਅਲੀ ਅਤੇ ਉਨ੍ਹਾਂ ਦੇ ਤਿੰਨ ਪੁੱਤਰਾਂ ਦੇ ਨਾਲ ਨੂੰਹ ਅਤੇ ਅੱਠ ਲੋਕਾਂ ਦੇ ਹਿੰਦੂ ਬਣਨ ਦੀ ਖ਼ਬਰ ਆਈ।
'ਮੈਂ ਨਹੀਂ ਬਦਲਣਾ ਧਰਮ'
ਦਿਲਸ਼ਾਦ ਦਾ ਕਹਿਣਾ ਹੈ ਕਿ ਹੁਣ ਉਹ ਦਲੇਰ ਸਿੰਘ ਬਣ ਗਏ ਹਨ। ਇਰਸ਼ਾਦ ਕਹਿੰਦੇ ਹਨ ਕਿ ਉਨ੍ਹਾਂ ਨੂੰ ਹੁਣ ਕਵੀ ਕਿਹਾ ਜਾਂਦਾ ਹੈ ਅਤੇ ਨੌਸ਼ਾਦ ਨੂੰ ਨਰਿੰਦਰ ਸਿੰਘ ਨਾਂ ਪਸੰਦ ਆ ਰਿਹਾ ਹੈ।
ਦਿਲਸ਼ਾਦ ਦੀ ਪਤਨੀ ਮਨਸੁ ਦਾ ਵੀ ਕਹਿਣਾ ਹੈ ਕਿ ਉਹ ਹੁਣ ਅੰਜੂ ਹਨ। ਨੌਸ਼ਾਦ ਯਾਨੀ ਹੁਣ ਨਰਿੰਦਰ ਦੀ ਪਤਨੀ ਰੁਕੱਈਆ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਮਜ਼ਹਬ ਵਿੱਚ ਹੀ ਰਹਿਣਾ ਹੈ ਅਤੇ ਉਨ੍ਹਾਂ ਦੇ ਪਤੀ ਝੂਠ ਬੋਲ ਰਹੇ ਹਨ ਕਿ ਉਹ ਹੁਣ ਹਿੰਦੂ ਬਣ ਗਈ ਹਨ।

ਰੁਕੱਈਆ ਜਦੋਂ ਮੈਨੂੰ ਇਸ ਬਾਰੇ ਦੱਸ ਰਹੀ ਸੀ ਤਾਂ ਨਰਿੰਦਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਰੁਕੱਈਆ ਨੇ ਆਪਣੇ ਪਤੀ ਨੂੰ ਕਿਹਾ, "ਤੁਸੀਂ ਜੋ ਬਣਨਾ ਹੈ ਬਣੋ ਮੈਂ ਆਪਣੇ ਮਜ਼ਹਬ ਵਿੱਚ ਹੀ ਰਹਿਣਾ ਹੈ।''
ਰੁਕੱਈਆ ਦੀ ਗੋਦ ਵਿੱਚ ਚਾਰ ਸਾਲ ਦਾ ਉਨ੍ਹਾਂ ਦਾ ਬੇਟਾ ਨਾਹਿਦ ਹੈ। ਨਰਿੰਦਰ ਕਹਿੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਨਾਹਿਦ ਵੀ ਹਿੰਦੂ ਬਣ ਗਿਆ ਹੈ।
ਇਹ ਸੁਣ ਕੇ ਰੁਕੱਈਆ ਸਖ਼ਤ ਇਤਰਾਜ਼ ਜਤਾਉਂਦੀ ਹੈ ਅਤੇ ਕਹਿੰਦੀ ਹੈ, "ਤੁਸੀਂ ਬਣੋ ਜੋ ਬਣਨਾ ਹੈ ਇਹ ਮੁਸਲਮਾਨ ਹੀ ਰਹੇਗਾ।''
ਨਰਿੰਦਰ ਆਪਣੀ ਪਤਨੀ ਨੂੰ ਕੋਈ ਜਵਾਬ ਨਹੀਂ ਦੇ ਪਾਉਂਦੇ। ਇਸੇ ਵਿਚਾਲੇ ਨਾਹਿਦ ਅਨਾਜ ਦੀ ਬੋਰੀ 'ਤੇ ਰੱਖੇ ਉਸ ਭਗਵਾ ਕੱਪੜੇ ਨੂੰ ਆਪਣੇ ਮੋਢੇ 'ਤੇ ਸੁੱਟ ਲੈਂਦਾ ਹੈ ਜਿਸ ਨੂੰ ਪਹਿਨ ਕੇ ਉਹ ਨੌਸ਼ਾਦ ਤੋਂ ਨਰਿੰਦਰ ਬਣੇ ਸਨ।
ਰੁਕੱਈਆ ਨਾਹਿਦ ਨੂੰ ਝਿੜਕਦੀ ਹੈ ਅਤੇ ਉਹ ਉਸ ਕੱਪੜੇ ਨੂੰ ਉੱਥੇ ਹੀ ਰੱਖ ਦਿੰਦਾ ਹੈ।
ਯੁਵਾ ਹਿੰਦੂ ਵਾਹਿਨੀ ਨੇ ਬਣਾਇਆ ਹਿੰਦੂ
ਬਦਰਖਾ ਪਿੰਡ ਵਿੱਚ ਇਸ ਪਰਿਵਾਰ ਦਾ ਕੋਈ ਘਰ ਨਹੀਂ ਹੈ। ਇਹ ਪਿੰਡ ਦੇ ਹੀ ਜਸਬੀਰ ਸਿੰਘ ਚੌਧਰੀ ਦੇ ਘਰ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਰਹਿ ਰਹੇ ਹਨ। ਇਹ ਵੱਡਾ ਘਰ ਹੈ।
ਇਨ੍ਹਾਂ ਦਾ ਕਹਿਣਾ ਹੈ ਕਿ 'ਯੁਵਾ ਹਿੰਦੂ ਵਾਹਿਨੀ ਭਾਰਤ' ਨਾਂ ਦੇ ਸੰਗਠਨ ਦੇ ਉਨ੍ਹਾਂ ਨੂੰ ਇਹ ਘਰ ਦਿਵਾਇਆ ਹੈ।
ਸੰਗਠਨ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਸੋਕੇਂਦਰ ਖੋਖਰ ਇਸੇ ਪਿੰਡ ਦੇ ਹਨ ਅਤੇ ਉਨ੍ਹਾਂ ਨੇ ਹੀ ਇਹ ਘਰ ਦਿਵਾਇਆ ਹੈ।
ਇਹ ਵੀ ਪੜ੍ਹੋ:
ਕੀ ਇਹ ਸੰਗਠਨ ਹਿੰਦੂ ਯੁਵਾ ਵਾਹਿਨੀ ਤੋਂ ਵੱਖ ਹਨ?
ਸੋਕੇਂਦਰ ਕਹਿੰਦੇ ਹਨ, "ਹਿੰਦੂ ਯੁਵਾ ਵਾਹਿਨੀ ਨੂੰ ਯੋਗੀ ਜੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਇਹ ਤਾਂ ਵੱਖ ਹੈ ਜੀ।''
''ਸਾਡੇ ਕੌਮੀ ਪ੍ਰਧਾਨ ਸ਼ਿਵਰਾਜ ਸਿੰਘ ਚੌਹਾਨ (ਐਮਪੀ ਦੇ ਮੁੱਖ ਮੰਤਰੀ ਨਹੀਂ) ਹਨ ਅਤੇ ਸਾਬਕਾ ਸਮਾਜਵਾਦੀ ਪਾਰਟੀ ਨੇਤਾ ਅਮਰ ਸਿੰਘ ਵੀ ਜੁੜੇ ਹੋਏ ਹਨ।''

ਯੁਵਾ ਹਿੰਦੂ ਵਾਹਿਨੀ ਦੇ ਸੋਕੇਂਦਰ ਖੋਖਰ ਅਤੇ ਯੋਗੇਂਦਰ ਤੋਮਰ ਨੇ ਇਸ ਪਰਿਵਾਰ ਨੂੰ ਬਦਰਖਾ ਪਿੰਡ ਦੇ ਇੱਕ ਮੰਦਿਰ ਵਿੱਚ ਮੁਸਲਮਾਨ ਤੋਂ ਹਿੰਦੂ ਬਣਾਇਆ ਸੀ।
ਸੋਕੇਂਦਰ ਦਾ ਕਹਿਣਾ ਹੈ ਕਿ ਇਹ ਇਸਲਾਮ ਤੋਂ ਤੰਗ ਆ ਗਏ ਸਨ ਅਤੇ ਆਪਣੀ ਇੱਛਾ ਨਾਲ ਹਿੰਦੂ ਧਰਮ ਅਪਣਾਇਆ ਹੈ।
ਯੁਵਾ ਹਿੰਦੂ ਵਾਹਿਨੀ ਕਿਸ ਅਧਿਕਾਰ ਨਾਲ ਲੋਕਾਂ ਦਾ ਧਰਮ ਬਦਲਵਾਉਂਦੀ ਹੈ?
ਸੋਕੇਂਦਰ ਕਹਿੰਦੇ ਹਨ, "ਕੁਝ ਨਹੀਂ ਜੀ, ਬਸ ਕੋਈ ਮੁਸਲਮਾਨ ਤੋਂ ਹਿੰਦੂ ਬਣਦਾ ਹੈ ਤਾਂ ਚੰਗਾ ਲੱਗਦਾ ਹੈ।''
"ਮੈਂ ਇਨ੍ਹਾਂ ਨਾਲ ਕੋਈ ਵਾਅਦਾ ਨਹੀਂ ਕੀਤਾ ਹੈ। ਹਾਂ ਘਰ ਜ਼ਰੂਰ ਦਿਵਾਇਆ ਹੈ ਪਰ ਇਹ ਹਮੇਸ਼ਾ ਲਈ ਨਹੀਂ ਹੈ। ਇਨ੍ਹਾਂ ਨੂੰ ਇਹ ਘਰ ਵੀ ਛੱਡਣਾ ਪਵੇਗਾ।''
ਦੂਜੇ ਪਾਸੇ ਨੌਸ਼ਾਦ ਕਹਿੰਦੇ ਹਨ, "ਸਾਡੇ ਲੋਕ 29 ਸਤੰਬਰ ਨੂੰ ਸੋਕੇਂਦਰ ਖੋਖਰ ਨੂੰ ਮਿਲਣ ਗਏ ਸਨ। ਉਨ੍ਹਾਂ ਨੇ ਕਿਹਾ ਕਿ ਉਹ ਮੇਰੇ ਭਰਾ ਗੁਲਸ਼ਨ ਦੀ ਮੌਤ ਦੀ ਜਾਂਚ ਵਿੱਚ ਪੁਲਿਸ ਅਤੇ ਸਰਕਾਰ ਦੀ ਮਦਦ ਕਰਵਾਉਣਗੇ।''
"ਉਨ੍ਹਾਂ ਨੇ ਸਾਥ ਦੇਣ ਦਾ ਵਾਅਦਾ ਕੀਤਾ ਅਤੇ ਕਈ ਤਰ੍ਹਾਂ ਦੀ ਮਦਦ ਵੀ ਕੀਤੀ। ਧਰਮ ਬਦਲਣ ਬਾਰੇ ਗੱਲ ਵੀ ਉੱਥੇ ਹੀ ਹੋਈ। ਅਸੀਂ ਤੈਅ ਕੀਤਾ ਕਿ ਹਿੰਦੂ ਬਣਨਾ ਹੈ।''
ਦਿਲਸ਼ਾਦ ਜੋ ਹੁਣ ਦਲੇਰ ਸਿੰਘ ਬਣਨ ਦਾ ਦਾਅਵਾ ਕਰ ਰਹੇ ਹਨ, ਉਹ ਕਹਿੰਦੇ ਹਨ, "ਇਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ। ਬਸ ਭਰਾ ਦੇ ਕਤਲ ਵਿੱਚ ਇਨਸਾਫ਼ ਮਿਲ ਜਾਏ।''
ਜਦੋਂ ਦਲੇਰ ਸਿੰਘ ਨੇ ਪੁੱਛਿਆ ਕਿ ਇਸ ਘਰ ਵਿੱਚ ਤੁਹਾਨੂੰ ਕਦੋਂ ਤੱਕ ਰਹਿਣ ਦਿੱਤਾ ਜਾਵੇਗਾ ਤਾਂ ਉਨ੍ਹਾਂ ਦੀਆਂ ਅੱਖਾਂ ਭਿੱਜ ਗਈਆਂ।
ਉਨ੍ਹਾਂ ਕਿਹਾ, "ਪਤਾ ਨਹੀਂ ਜੀ ਕਿੱਥੇ ਜਾਵਾਂਗਾ। ਜੇ ਇੱਥੇ ਰਹਿਣ ਤੋਂ ਬਾਅਦ ਵੀ ਕੁਝ ਫਾਇਦਾ ਨਹੀਂ ਹੋਇਆ ਤਾਂ ਪਛਤਾਵਾ ਹੀ ਹੋਵੇਗਾ। ਸਾਡਾ ਕੁਝ ਨਹੀਂ ਰਹੇਗਾ।''
ਦਿਲਸ਼ਾਦ ਦੀ ਪਤਨੀ ਮਨਸੁ ਵੀ ਖੁਦ ਨੂੰ ਹਿੰਦੂ ਦੱਸ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਮੰਜੂ ਹਨ।
ਮਨਸੁ ਨੂੰ ਮੰਜੂ ਬਣਨਾ ਕਿੰਨਾ ਚੰਗਾ ਲੱਗ ਰਿਹਾ ਹੈ?
ਮਿੱਟੀ ਦੇ ਚੁੱਲ੍ਹੇ 'ਤੇ ਖਾਣਾ ਬਣਾ ਰਹੀ ਮੰਜੂ ਇਸ ਸਵਾਲ 'ਤੇ ਚੁੱਪ ਹੋ ਜਾਂਦੀ ਹੈ। ਇੱਥੇ ਕੋਈ ਉੱਜਵਲਾ ਸਿਲੰਡਰ ਨਹੀਂ ਦਿਖਿਆ। ਮੰਜੂ ਚੁੱਪੀ ਤੋੜਦੇ ਹੋਏ ਕਹਿੰਦੇ ਹਨ, "ਹੁਣ ਤੱਕ ਤਾਂ ਪਿੰਡ ਦੇ ਹਿੰਦੂਆਂ ਨੇ ਕਾਫ਼ੀ ਮਦਦ ਕੀਤੀ ਹੈ। ਅੱਗੇ ਦਾ ਨਹੀਂ ਪਤਾ।''
ਧਰਮ ਬਦਲਣ ਨੂੰ ਲੈ ਕੇ ਪਰਿਵਾਰ ਵਿੱਚ ਮਤਭੇਦ
ਇਰਸ਼ਾਦ ਦੀ ਪਤਨੀ ਆਸ਼ਿਮਾ ਆਪਣੇ ਪਤੀ ਦੇ ਹਿੰਦੂ ਬਣਨ ਤੋਂ ਨਾਰਾਜ਼ ਸੀ ਅਤੇ ਉਹ ਘਰ ਛੱਡ ਕੇ ਪੇਕੇ ਚਲੀ ਗਈ ਹੈ।
ਸ਼ਬਾਰਾ ਵੀ ਇਸੇ ਪਰਿਵਾਰ ਦੀ ਇੱਕ ਨੂੰਹ ਹੈ, ਉਨ੍ਹਾਂ ਨੂੰ ਵੀ ਘਰ ਦੇ ਮਰਦਾਂ ਨੇ ਹਿੰਦੂ ਬਣਨ ਲਈ ਕਿਹਾ ਸੀ ਪਰ ਸ਼ਬਾਰਾ ਨੇ ਇਨਕਾਰ ਕਰ ਦਿੱਤਾ।

ਤਸਵੀਰ ਸਰੋਤ, Getty Images
ਸ਼ਬਾਰਾ ਕਹਿੰਦੀ ਹੈ, "ਮੈਂ ਜੋ ਹਾਂ ਉਹੀ ਰਹਾਂਗੀ। ਇਨ੍ਹਾਂ ਨੂੰ ਲੱਗਦਾ ਹੈ ਕਿ ਹਿੰਦੂ ਬਣਨ ਤੋਂ ਪੁੱਤਰ ਦੀ ਮੌਤ ਵਿੱਚ ਇਨਸਾਫ ਮਿਲ ਜਾਵੇਗਾ ਤਾਂ ਚੰਗਾ ਹੀ ਹੈ, ਮੈਂ ਵੀ ਇਸ ਦੀ ਦੁਆ ਕਰਦੀ ਹਾਂ।''
ਘਰ ਵਿੱਚ ਭਾਂਡੇ ਧੋ ਰਹੀ ਸ਼ਬਾਰਾ ਵੱਡੀ ਮਾਯੂਸੀ ਨਾਲ ਕਹਿੰਦੀ ਹੈ ਕਿ ਹਿੰਦੂ-ਮੁਸਲਮਾਨ ਦੇ ਫੇਰ ਵਿੱਚ ਪੂਰਾ ਪਰਿਵਾਰ ਖੇਰੂ-ਖੇਰੂ ਹੋ ਗਿਆ ਹੈ।
ਜਦੋਂ ਉਹ ਇਹ ਸਭ ਕੁਝ ਦੱਸ ਰਹੀ ਸੀ ਤਾਂ ਪਿੰਡ ਦੇ ਵੀ ਕਈ ਲੋਕ ਉੱਥੇ ਮੌਜੂਦ ਸਨ। ਉਹ ਉਸ ਪਰਿਵਾਰ ਨੂੰ ਕਈ ਵਾਰ ਸਮਝਾਉਂਦੇ ਹੋਏ ਦਿਖੇ ਕਿ, ਕੀ ਕਹਿਣਾ ਹੈ ਅਤੇ ਕੀ ਨਹੀਂ ਕਹਿਣਾ।
ਉਨ੍ਹਾਂ ਦੇ ਸਿਖਾਉਣ ਤੋਂ ਬਾਅਦ ਇਸ ਪਰਿਵਾਰ ਦਾ ਬਿਆਨ ਫੌਰਨ ਬਦਲ ਜਾਂਦਾ ਹੈ। ਭਾਵੇਂ ਇਸ ਘਰ ਵਿੱਚ ਰੁਕੱਈਆ ਇੱਕ ਅਜਿਹੀ ਔਰਤ ਹੈ ਜੋ ਸਾਰਿਆਂ ਦੇ ਸਾਹਮਣੇ ਕਹਿੰਦੀ ਹੈ ਕਿ ਉਨ੍ਹਾਂ ਦੇ ਪਤੀ ਨੇ ਕਾਹਲੀ ਵਿੱਚ ਫੈਸਲਾ ਲਿਆ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ 20 ਮੈਂਬਰਾਂ ਵਾਲੇ ਇਸ ਪਰਿਵਾਰ ਦੇ 12 ਜੀਆਂ ਨੇ ਹਿੰਦੂ ਧਰਮ ਅਪਣਾ ਲਿਆ ਹੈ। ਜੇ ਇਸ ਪਰਿਵਾਰ ਨਾਲ ਗੱਲ ਕਰੋਗੇ ਤਾਂ ਕੁੱਲ੍ਹ 6 ਲੋਕ ਖੁੱਲ੍ਹ ਕੇ ਕਹਿੰਦੇ ਹਨ ਕਿ ਉਹ ਹਿੰਦੂ ਬਣ ਗਏ ਹਨ। ਪੂਰੇ ਪਿੰਡ ਵਿੱਚ ਇਸ ਬਾਰੇ ਕਾਫੀ ਚਰਚਾ ਹੈ।
ਰਾਤ ਦੇ ਅੱਠ ਵੱਜ ਚੁੱਕੇ ਹਨ। ਰਾਜਕੁਮਾਰ ਇਸੇ ਪਿੰਡ ਦੇ ਹਨ ਅਤੇ ਉਹ ਪ੍ਰਧਾਨ ਹਨ। ਉਨ੍ਹਾਂ ਦੇ ਘਰ ਵਿੱਚ ਕਈ ਲੋਕ ਬੈਠੇ ਹੋਏ ਹਨ।
ਗ੍ਰੈਜੁਏਸ਼ਨ ਕਰ ਰਹੇ ਕੁਝ ਨੌਜਵਾਨ ਵੀ ਹਨ ਜੋ ਆਪਸ ਵਿੱਚ ਗੱਲ ਕਰਦੇ ਹੋਏ ਕਹਿੰਦੇ ਹਨ, "ਮੀਡੀਆ ਵਾਲੇ ਤਾਂ ਪਾਗਲ ਹੋ ਗਏ ਹਨ। ਇਨ੍ਹਾਂ ਨੂੰ ਪਤਾ ਨਹੀਂ ਹੈ ਕਿ ਜਦੋਂ ਤੱਕ ਫਾਇਦਾ ਹੈ ਉਸ ਵੇਲੇ ਤੱਕ ਹੀ ਇਹ ਹਿੰਦੂ ਰਹਿਣਗੇ ਅਤੇ ਫਿਰ ਮੁਸਲਮਾਨ ਬਣ ਜਾਣਗੇ।''
ਪਿੰਡ ਵਿੱਚ ਪੁਲਿਸ ਵਾਲੇ ਵੀ ਆਏ ਹਨ। ਉਨ੍ਹਾਂ ਵਿੱਚੋਂ ਇੱਕ ਅਫ਼ਸਰ ਨੇ ਗੱਲਬਾਤ ਦੌਰਾਨ ਕਿਹਾ, "ਜੋ ਨਾ ਖਾਏ ਸੁਰਾ (ਸੂਰ) ਹਿੰਦੂ ਨਾ ਹੋਵੇ ਪੂਰਾ।''
ਉਨ੍ਹਾਂ ਦਾ ਕਹਿਣਾ ਸੀ ਕਿ ਹਿੰਦੂ ਤਾਂ ਹੋ ਗਿਆ ਹੈ ਪਰ ਉਸ ਨੂੰ ਸੂਰ ਖਿਲਾ ਦਿਓ।
ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇੱਕ-ਦੋ ਦਿਨਾਂ ਵਿੱਚ ਸੱਤ ਤੋਂ ਅੱਠ ਲੋਕ ਹੋਰ ਹਿੰਦੂ ਬਣ ਸਕਦੇ ਹਨ। ਭਾਵੇਂ ਯੁਵਾ ਹਿੰਦੂ ਵਾਹਿਨੀ ਇਸ ਤੋਂ ਇਨਕਾਰ ਕਰ ਰਹੀ ਹੈ।
ਜਾਟ ਬਹੁਗਿਣਤੀ ਵਾਲਾ ਪਿੰਡ
ਇਸ ਪਿੰਡ ਵਿੱਚ ਜਾਟ ਬਹੁਗਿਣਤੀ ਵਿੱਚ ਹਨ। ਬਾਕੀ ਜਾਤੀਆਂ ਵੀ ਹਨ ਪਰ ਦਬਦਬਾ ਜਾਟਾਂ ਦਾ ਹੀ ਹੈ।
ਪ੍ਰਧਾਨ ਰਾਜਕੁਮਾਰ ਦਾ ਕਹਿਣਾ ਹੈ ਕਿ ਇਸ ਪਿੰਡ ਵਿੱਚ ਸਾਢੇ ਤਿੰਨ ਹਜ਼ਾਰ ਵੋਟਰ ਹਨ ਅਤੇ ਇਨ੍ਹਾਂ ਵਿੱਚ ਮੁਸਲਮਾਨ ਵੋਟਰਾਂ ਦੀ ਗਿਣਤੀ ਸਾਢੇ ਤਿੰਨ ਸੌ ਦੇ ਨੇੜੇ ਹੈ। ਪਿੰਡ ਦੇ ਮੁਸਲਮਾਨ ਇਸ ਬਾਰੇ ਕੁਝ ਨਹੀਂ ਬੋਲਣਾ ਚਾਹੁੰਦੇ।
ਰਾਤ ਦੇ ਨੌਂ ਵੱਜ ਰਹੇ ਸਨ ਅਤੇ ਮਸਜਿਦ ਵਿੱਚ 10 ਤੋਂ 12 ਲੋਕ ਬੈਠੇ ਸਨ। ਉਨ੍ਹਾਂ ਤੋਂ ਧਰਮ ਬਦਲਣ ਬਾਰੇ ਪੁੱਛਿਆ ਤਾਂ ਮੁਹੰਮਦ ਇਰਫ਼ਾਨ ਨੇ ਕਿਹਾ, "ਸਭ ਠੀਕ ਹੈ ਜੀ ਸਭ ਠੀਕ ਹੈ। ਤੁਸੀਂ ਚਾਹ ਲਓਗੇ ਜਾਂ ਕੁਝ ਠੰਡਾ ਲਿਆਵਾਂ?''

ਫਿਰ ਪੁੱਛਿਆ ਕਿ ਇਹ ਸਭ ਕਿਵੇਂ ਹੋਇਆ ਅਤੇ ਕੀ ਕਾਰਨ ਹਨ। ਉਨ੍ਹਾਂ ਦਾ ਫਿਰ ਜਵਾਬ ਸੀ, "ਸਭ ਠੀਕ ਹੈ। ਅਸੀਂ ਲੋਕ ਬਿਲਕੁਲ ਠੀਕ ਹਾਂ। ਉਨ੍ਹਾਂ ਨੇ ਆਖਿਰ ਵਿੱਚ ਕਿਹਾ, ਖੁਦਾ ਲਈ ਹੁਣ ਕੁਝ ਨਾ ਪੁੱਛੋ।''
ਇੱਥੇ ਖਾਮੋਸ਼ੀ ਹੈ ਪਰ ਪਿੰਡ ਦੇ ਪ੍ਰਧਾਨ ਰਾਜਕੁਮਾਰ ਕਹਿੰਦੇ ਹਨ ਕਿ ਮੁਸਲਮਾਨ ਤੋਂ ਕੋਈ ਹਿੰਦੂ ਬਣਦਾ ਹੈ ਤਾਂ ਚੰਗਾ ਹੀ ਲੱਗਦਾ ਹੈ।
ਰਾਜਕੁਮਾਰ ਦਾ ਚੰਗਾ ਲੱਗਣਾ ਇਸ ਪਰਿਵਾਰ ਦੇ ਲਈ ਕਿੰਨਾ ਚੰਗਾ ਹੋਵੇਗਾ ਸ਼ਾਇਦ ਇਹ ਸਵਾਲ ਪੂਰੇ ਪਰਿਵਾਰ ਨੂੰ ਪ੍ਰੇਸ਼ਾਨ ਕਰ ਰਿਹਾ ਹੈ।
ਕਿਉਂ ਹਿੰਦੂ ਬਣਨ ਦਾ ਦਾਅਵਾ ਕਰ ਰਿਹਾ ਹੈ ਇਹ ਪਰਿਵਾਰ?
ਅਖ਼ਤਰ ਅਲੀ ਦਾ ਪਰਿਵਾਰ ਪਹਿਲਾਂ ਬਾਗਪਤ ਸ਼ਹਿਰ ਨੇੜੇ ਖੂਬੀਪੁਰ ਨਿਵਾਡਾ ਪਿੰਡ ਵਿੱਚ ਰਹਿੰਦਾ ਸੀ। ਇਸੇ ਪਿੰਡ ਇਹ ਇੱਕ ਸਾਲ ਰਹੇ।
ਇਸੇ ਸਾਲ ਜੁਲਾਈ ਮਹੀਨੇ ਵਿੱਚ ਇਨ੍ਹਾਂ ਦੇ ਪੁੱਤਰ ਗੁਲਸ਼ਨ ਦੀ ਲਾਸ਼ ਸ਼ੱਕੀ ਹਾਲਾਤ ਵਿੱਚ ਲਟਕੀ ਹੋਈ ਮਿਲੀ ਸੀ।
ਬਾਗਪਤ ਦੇ ਐਸਪੀ ਸ਼ੈਲੇਸ਼ ਪਾਂਡੇ ਕਹਿੰਦੇ ਹਨ ਕਿ ਇਸ ਪਰਿਵਾਰ ਨੇ ਪੁਲਿਸ ਨੂੰ ਦੱਸੇ ਬਿਨਾਂ ਖੁਦ ਹੀ ਲਾਸ਼ ਉਤਾਰੀ ਅਤੇ ਨਹਿਲਾ ਕੇ ਦਫਨਾਉਣ ਚਲੇ ਗਏ।
ਸ਼ੈਲੇਸ਼ ਕਹਿੰਦੇ ਹਨ, "ਪਿੰਡ ਤੋਂ ਹੀ ਪੁਲਿਸ ਨੂੰ ਫੋਨ ਆਇਆ ਕਿ ਗੁਲਸ਼ਨ ਨਾਂ ਦੇ ਵਿਅਕਤੀ ਦੀ ਲਾਸ਼ ਮਿਲੀ ਹੈ ਅਤੇ ਉਸ ਨੂੰ ਘਰ ਵਾਲੇ ਦਫ਼ਨਾਉਣ ਲਈ ਜਾ ਰਹੇ ਹਨ।''
"ਪੁਲਿਸ ਦੀ ਗੱਡੀ ਉੱਥੇ ਪਹੁੰਚੀ ਤਾਂ ਕਬਰਿਸਤਾਨ ਦੇ ਰਾਹ ਵਿੱਚੋਂ ਹੀ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ।''
"ਉਹ ਇਸ ਮਾਮਲੇ ਵਿੱਚ ਖੁਦ ਹੀ ਸ਼ੱਕੀ ਹਨ। ਇਨ੍ਹਾਂ ਨੇ ਪੁਲਿਸ ਨੂੰ ਬਿਨਾਂ ਦੱਸੇ ਲਾਸ਼ ਕਿਉਂ ਉਤਾਰੀ? ਇਹ ਦਫਨਾਉਣ ਦੀ ਕਾਹਲੀ ਕਿਉਂ ਕਰ ਰਹੇ ਸਨ? ਇਨ੍ਹਾਂ ਨੇ ਜੋ ਐਫਆਈਆਰ ਲਿਖਵਾਈ ਹੈ ਉਸ ਵਿੱਚ ਇਹੀ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਲਟਕੀ ਹੋਈ ਮਿਲੀ ਸੀ।''
ਇਹ ਵੀ ਪੜ੍ਹੋ:
ਸ਼ੈਲੇਸ਼ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਚੱਲ ਰਹੀ ਹੈ ਅਤੇ ਜਲਦ ਹੀ ਸਭ ਕੁਝ ਸਾਫ਼ ਹੋ ਜਾਵੇਗਾ।
ਅਖ਼ਤਰ ਅਲ਼ੀ ਜੋ ਹੁਣ ਧਰਮ ਸਿੰਘ ਬਣ ਗਏ ਹਨ, ਉਨ੍ਹਾਂ ਦਾ ਕਹਿਣਾ ਹੈ ਕਿ 22 ਸਾਲ ਦੇ ਗੁਲਸ਼ਨ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਇਸ ਦੀ ਜਾਂਚ ਕਰਨ ਵਿੱਚ ਲਾਪਰਵਾਹੀ ਵਰਤ ਰਹੀ ਹੈ।

ਇਹੀ ਗੱਲ ਨੌਸ਼ਾਦ ਕਹਿੰਦੇ ਹਨ। ਉਹ ਕਹਿੰਦੇ ਹਨ ਕਿ ਇਸ ਮੁਸ਼ਕਿਲ ਹਾਲਾਤ ਵਿੱਚ ਉਨ੍ਹਾਂ ਦੀ ਕੌਮ ਦੇ ਲੋਕਾਂ ਨੇ ਵੀ ਸਾਥ ਨਹੀਂ ਦਿੱਤਾ ਇਸ ਲਈ ਹਿੰਦੂ ਧਰਮ ਅਪਨਾਉਣ ਦਾ ਫੈਸਲਾ ਕੀਤਾ।
ਖੂਬੀਪੁਰ ਨਿਵਾਡਾ ਦੇ ਲੋਕਾਂ ਦਾ ਕਹਿਣਾ ਹੈ ਕਿ ਗੁਲਸ਼ਨ ਨੇ ਖੁਦਕੁਸ਼ੀ ਕੀਤੀ ਸੀ ਕਿਉਂਕਿ ਉਨ੍ਹਾਂ ਦੀ ਪਤਨੀ ਨੂੰ ਘਰ ਵਾਲੇ ਇੱਕ ਸਾਲ ਤੋਂ ਆਉਣ ਨਹੀਂ ਦੇ ਰਹੇ ਸਨ।
ਮੁਸ਼ਕਿਲ ਵਕਤ ਵਿੱਚ ਕੌਮ ਦਾ ਸਾਥ ਨਹੀਂ ਦੇਣ ਦੇ ਇਲਜ਼ਾਮ 'ਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜੇ ਅਜਿਹਾ ਹੁੰਦਾ ਤਾਂ ਕਬਰਿਸਤਾਨ ਵਿੱਚ ਲਾਸ਼ ਨੂੰ ਦਫ਼ਨਾਉਣ ਹੀ ਨਹੀਂ ਦਿੱਤਾ ਜਾਂਦਾ।
ਕੀ ਹਿੰਦੂ ਬਣਨ ਨਾਲ ਪੁਲਿਸ ਇਸ ਜਾਂਚ ਵਿੱਚ ਅਖ਼ਤਰ ਅਲੀ ਦੇ ਮਨ ਮੁਤਾਬਿਕ ਕਰੇਗੀ?
ਸ਼ੈਲੇਸ਼ ਪਾਂਡੇ ਕਹਿੰਦੇ ਹਨ, "ਪੁਲਿਸ ਧਰਮ ਦੇ ਆਧਾਰ 'ਤੇ ਕੰਮ ਨਹੀਂ ਕਰਦੀ ਹੈ। ਜਾਂਚ ਤੱਥਾਂ ਦੇ ਆਧਾਰ 'ਤੇ ਕਰਦੀ ਹੈ।''
ਜੇ ਕੋਈ ਅਜਿਹਾ ਸੋਚ ਰਿਹਾ ਹੈ ਤਾਂ ਬਿਲਕੁੱਲ ਗਲਤ ਹੈ ਕਿ ਧਰਮ ਬਦਲਣ ਦੇ ਕਾਰਨ ਉਸ ਨੂੰ ਮਦਦ ਮਿਲੇਗੀ।
ਇਸੇ ਪਰਿਵਾਰ ਦਾ ਨੌਸ਼ਾਦ ਐਸਡੀਐਮ ਕੋਲ ਇੱਕ ਅਹਿਦਨਾਮਾ ਲੈ ਕੇ ਆਇਆ ਸੀ ਕਿ ਉਹ ਹਿੰਦੂ ਧਰਮ ਨਾਲ ਬਹੁਤ ਪ੍ਰਭਾਵਿਤ ਹੈ ਅਤੇ ਇਸ ਲਈ ਆਪਣੀ ਇੱਛਾ ਨਾਲ ਹਿੰਦੂ ਬਣਨ ਜਾ ਰਿਹਾ ਹੈ।
ਧਰਮ ਬਦਲਣ ਦਾ ਕੋਈ ਸਰਕਾਰੀ ਤਰੀਕਾ ਨਹੀਂ ਹੈ। ਤੁਹਾਨੂੰ ਹਿੰਦੂ ਬਣ ਕੇ ਰਹਿਣਾ ਹੈ ਜਾਂ ਮੁਸਲਮਾਨ, ਇਸ ਨਾਲ ਪ੍ਰਸ਼ਾਸਨ ਨੂੰ ਕੋਈ ਲੈਣਾ-ਦੇਣਾ ਨਹੀਂ ਹੈ।
ਧਰਮ ਬਦਲਣ ਤੋਂ ਬਾਅਦ ਹਿੰਦੂ ਵਿੱਚ ਕਿਹੜੀ ਜਾਤ ਮਿਲੇਗੀ?
ਯੁਵਾ ਹਿੰਦੂ ਵਾਹਿਨੀ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਵੱਡੇ-ਵਡੇਰੇ ਜੋਗੀ ਜਾਤੀ ਦੇ ਸਨ, ਇਸ ਲਈ ਇਨ੍ਹਾਂ ਨੂੰ ਜੋਗੀ ਜਾਤੀ ਹੀ ਮਿਲੇਗੀ।
ਅਖ਼ਤਰ ਅਲੀ ਦੇ ਪਰਿਵਾਰ ਦਾ ਵੀ ਕਹਿਣਾ ਹੈ ਕਿ ਉਹ ਫੇਰੀ ਲਾਉਣ ਦਾ ਕੰਮ ਕਰਦੇ ਹਨ ਇਸ ਲਈ ਇਹ ਜਾਤੀ ਉਨ੍ਹਾਂ ਦੇ ਪੇਸ਼ੇ ਦੇ ਹਿਸਾਬ ਤੋਂ ਠੀਕ ਹੈ।

ਭਾਵੇਂ ਸ਼ੈਲੇਸ਼ ਪਾਂਡੇ ਕਹਿੰਦੇ ਹਨ ਕਿ ਕੋਈ ਖੁਦ ਆਪਣੀ ਜਾਤੀ ਨਹੀਂ ਚੁਣ ਸਕਦਾ ਅਤੇ ਜੇ ਚੁਣ ਵੀ ਲੈਂਦਾ ਹੈ ਤਾਂ ਉਸ ਨੂੰ ਉਸ ਆਧਾਰ 'ਤੇ ਸਰਕਾਰੀ ਯੋਜਨਾਵਾਂ ਦਾ ਲਾਭ ਨਹੀਂ ਮਿਲੇਗਾ।
ਸੂਰਜ ਡੁੱਬ ਚੁੱਕਾ ਹੈ। ਬਦਰਖਾ ਪਿੰਡ ਹਨੇਰੇ ਵਿੱਚ ਸਮਾ ਰਿਹਾ ਹੈ। ਅਖ਼ਤਰ ਅਲੀ ਦੇ ਵੇਹੜੇ ਵਿੱਚ ਵੀ ਰਾਤ ਦਸਤਕ ਦੇ ਚੁੱਕੀ ਹੈ ਪਰ ਹੁਣ ਇਹ ਰਾਤ ਅਖ਼ਤਰ ਅਲੀ ਦੇ ਵੇਹੜੇ ਵਿੱਚ ਨਹੀਂ ਬਲਕਿ ਧਰਮ ਸਿੰਘ ਦੇ ਵੇਹੜੇ ਵਿੱਚ ਹੈ।
ਰੁਕੱਈਆ ਆਟਾ ਗੁੰਨ੍ਹ ਰਹੇ ਹਨ। ਕੱਲ੍ਹ ਤਕ ਨੌਸ਼ਾਦ ਲਈ ਰੋਟੀ ਬਣਾਉਂਦੇ ਸਨ ਅਤੇ ਅੱਜ ਉਹ ਨਰਿੰਦਰ ਲਈ ਰੋਟੀ ਬਣਾਉਣਗੇ।
ਰੁਕੱਈਆ ਕਹਿੰਦੇ ਹਨ, "ਕੀ ਫਰਕ ਪੈਂਦਾ ਹੈ ਜੀ, ਅਸੀਂ ਤਾਂ ਉਹੀ ਕਰਨਾ ਹੈ ਜੋ ਰੋਜ਼ ਕਰਦੇ ਹਾਂ। ਹਿੰਦੂ ਰਹਾਂ ਜਾਂ ਮੁਸਲਮਾਨ।''
ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












