ਕੇਬੀਸੀ ਜੇਤੂ ਬਿਨੀਤਾ : ਮੇਰਾ ਪਤੀ ਘਰੋਂ ਗਿਆ ਤੇ ਦਹਿਸ਼ਤਗਰਦੀ ਦੀ ਲਪੇਟ 'ਚ ਆ ਗਿਆ

ਬਿਨੀਤਾ ਜੈਨ

ਤਸਵੀਰ ਸਰੋਤ, SONY

ਤਸਵੀਰ ਕੈਪਸ਼ਨ, ਬਿਨੀਤਾ ਨੂੰ ਫਿੱਟ ਰਹਿਣ ਅਤੇ ਪੜ੍ਹਾਉਣ ਦਾ ਸ਼ੌਂਕ ਹੈ

ਅਸਾਮ ਦੀ ਬਿਨੀਤਾ ਜੈਨ ਨੇ ਕੌਣ ਬਣੇਗਾ ਕਰੋੜਪਤੀ ਵਿੱਚ ਇੱਕ ਕਰੋੜ ਰੁਪਏ ਜਿੱਤੇ ਹਨ।ਉਹ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ ਦੇ ਇਸ ਸੀਜ਼ਨ ਦੀ ਪਹਿਲੀ ਕਰੋੜਪਤੀ ਬਣੀ ਹੈ।

ਦੋ ਅਕਤੂਬਰ ਨੂੰ ਪ੍ਰਸਾਰਿਤ ਹੋਏ ਐਪੀਸੋਡ ਵਿੱਚ ਕਰੋੜਪਤੀ ਬਣੀ ਬਿਨੀਤਾ ਜੈਨ ਨੂੰ 15ਵੇਂ ਸਵਾਲ ਦਾ ਜਵਾਬ ਵੀ ਪਤਾ ਸੀ, ਜਿਸ ਨੂੰ ਦੇ ਕੇ ਉਹ ਸੱਤ ਕਰੋੜ ਰੁਪਏ ਜਿੱਤ ਸਕਦੀ ਸੀ। ਪਰ ਖਤਰਾ ਲੈਣ ਤੋਂ ਬਚਦੇ ਹੋਏ ਉਨ੍ਹਾਂ ਨੇ ਇੱਕ ਕਰੋੜ ਜਿੱਤ ਕੇ ਘਰ ਜਾਣਾ ਪਸੰਦ ਕੀਤਾ।

ਪਰ ਚਰਚਾ ਬਿਨੀਤਾ ਦੇ ਇੱਕ ਕਰੋੜ ਜਿੱਤਣ ਤੋਂ ਵੱਧ ਉਨ੍ਹਾਂ ਦੀ ਪ੍ਰੇਰਣਾਦਾਇਕ ਕਹਾਣੀ ਦੀ ਵਧੇਰੇ ਹੋ ਰਹੀ ਹੈ। ਜਿਸ ਸਮੇਂ ਬਿਨੀਤਾ ਆਪਣੀ ਕਹਾਣੀ ਸਕਰੀਨ ਉੱਤੇ ਦੱਸ ਰਹੀ ਸੀ ਤਾਂ ਉਸ ਦੇ ਪਰਿਵਾਕਰ ਮੈਂਬਰ ਤੇ ਦਰਸ਼ਕ ਹੰਝੂ ਵਹਾਉਂਦੇ ਦਿਖ ਰਹੇ ਸਨ। ।

ਬਿਨੀਤਾ ਨੇ ਪ੍ਰੋਗਰਾਮ ਦੌਰਾਨ ਦੱਸਿਆ, "ਮੇਰਾ ਪਤੀ ਹਰ ਮਹੀਨੇ ਕੰਮਕਾਰ ਲਈ ਹਰ ਮਹੀਨੇ ਦੂਜੇ ਸੂਬੇ ਵਿਚ ਜਾਂਦਾ ਸੀ, ਇੱਕ ਮਹੀਨੇ ਉਹ ਗਿਆ ਤੇ ਫਿਰ ਕਦੇ ਨਾ ਮੁੜਿਆ। ਪਤਾ ਕਰਨ ਨੇ ਉਨ੍ਹਾਂ ਦੇ ਅਗਵਾ ਹੋਣ ਦੀ ਜਾਣਕਾਰੀ ਮਿਲੀ। ਉਨ੍ਹੀ ਦਿਨੀਂ ਦਹਿਸ਼ਤਗਰਦੀ ਦਾ ਕਾਫ਼ੀ ਖੌਫ਼ ਸੀ ਅਸੀਂ ਵੀ ਉਸੇ ਦੀ ਲਪੇਟ ਵਿਚ ਆ ਗਏ। ਮੇਰੇ ਘਰਦਿਆਂ ਨੇ ਕੋਈ ਕਸਰ ਨਹੀਂ ਛੱਡੀ ਪਰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੀਏ। ਆਖ਼ਰ ਫਿਰ ਹਾਲਾਤ ਨਾਲ ਸਮਝੌਤਾ ਕਰ ਲਿਆ ਅਤੇ ਸੋਚ ਲਿਆ ਕਿ ਅੱਗੇ ਤਾਂ ਵਧਣਾ ਹੀ ਪਵੇਗਾ।"

ਇਹ ਵੀ ਪੜ੍ਹੋ:

ਬੀਬੀਸੀ ਲਈ ਮੁੰਬਈ ਵਿੱਚ ਮਧੁਪਾਲ ਨਾਲ ਖਾਸ ਗੱਲਬਾਤ ਕਰਦੇ ਹੋਏ ਬਿਨੀਤਾ ਜੈਨ ਨੇ ਕਿਹਾ, "ਮੈਂ ਮੰਨਦੀ ਹਾਂ ਕਿ ਜੋ ਸਾਡੀ ਕਿਸਮਤ ਵਿੱਚ ਲਿਖਿਆ ਹੁੰਦਾ ਹੈ ਸਾਨੂੰ ਉਹੀ ਮਿਲਦਾ ਹੈ। ਸੱਤ ਕਰੋੜ ਵਾਲੇ ਜਵਾਬ ਬਾਰੇ ਮੈਨੂੰ ਪੂਰਾ ਭਰੋਸਾ ਨਹੀਂ ਸੀ ਪਰ ਜੋ ਜਵਾਬ ਮੈਂ ਦਿੱਤਾ ਉਹ ਸਹੀ ਨਿਕਲਿਆ। ਜਿੱਤੀ ਰਕਮ ਮੈਂ ਆਪਣੇ ਪੁੱਤਰ ਦੇ ਡੈਂਟਲ ਕਲੀਨਿਕ ਦੇ ਸੈਟਅਪ ਲਈ ਖਰਚ ਕਰਾਂਗੀ ਅਤੇ ਮੇਰੀ ਇੱਛਾ ਹੈ ਕਿ ਕੁਝ ਪੈਸਾ ਕੋਚਿੰਗ ਇਸਟੀਚਿਊਟ ਲਈ ਲਾਵਾਂ।"

''ਅਸਾਮ ਤੋਂ ਮੁੰਬਈ ਆਉਂਦੇ ਹੋਏ ਮੈਨੂੰ ਸਭ ਤੋਂ ਵੱਡਾ ਡਰ ਸੀ ਕਿ ਮੈਂ ਖੇਡ ਦੇ ਪਹਿਲੇ ਗੇੜ ਨੂੰ ਪਾਰ ਕਰ ਸਕਾਂ ਜਿਸ ਤੋਂ ਬਾਅਦ ਹੀ ਤੁਸੀਂ ਅਮਿਤਾਭ ਬੱਚਣ ਦੇ ਸਾਹਮਣੇ ਬੈਠ ਕੇ ਇਹ ਖੇਡ, ਖੇਡ ਸਕਦੇ ਹੋ। ਕਿਉਂਕਿ ਇਸ ਤੋਂ ਬਿਨਾਂ ਕੋਈ ਸੁਪਨਾ ਪੂਰਾ ਨਹੀਂ ਹੋ ਸਕਦਾ। ਇੰਨਾ ਤਾਂ ਪਤਾ ਸੀ ਕਿ ਜੇ ਪਹਿਲਾ ਗੇੜ ਪਾਰ ਕਰ ਲਿਆ ਤਾਂ ਕੁਝ ਨਾ ਕੁਝ ਤਾਂ ਕਰ ਹੀ ਲਵਾਂਗੀ।''

ਫਿਟਨੈਸ ਤੇ ਪੜ੍ਹਾਉਣ ਦਾ ਸ਼ੌਂਕ

ਬਿਨੀਤਾ ਜੈਨ ਨੂੰ ਜਿਮ ਜਾਣ ਅਤੇ ਕੋਚਿੰਗ ਦਾ ਸ਼ੌਂਕ ਹੈ। ਉਹ ਕਹਿੰਦੀ ਹੈ, "ਮੈਨੂੰ ਫਿਟ ਰਹਿਣ ਦਾ ਸ਼ੌਂਕ ਹੈ। ਮੈਂ ਲੋਕਾਂ ਨੂੰ ਇਹੀ ਕਹਾਂਹਗੀ ਕਿ ਆਪਣੇ ਅੰਦਰ ਦੀ ਆਵਾਜ਼ ਸੁਣੋ। ਤੁਸੀਂ ਔਰਤ ਹੋ ਇਹ ਸੋਚ ਕੇ ਆਪਣੇ ਸੁਪਨੇ ਦੱਬਣੇ ਨਹੀਂ ਚਾਹੀਦੇ। ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।"

BBC/MADHUPAL

ਤਸਵੀਰ ਸਰੋਤ, BBC/MADHUPAL

ਤਸਵੀਰ ਕੈਪਸ਼ਨ, ਅਸਾਮ ਦੀ ਬਿਨੀਤਾ ਜੈਨ ਨੇ ਕੌਣ ਬਣੇਗਾ ਕਰੋੜਪਤੀ ਵਿੱਚ ਇੱਕ ਕਰੋੜ ਰੁਪਏ ਜਿੱਤੇ ਹਨ

ਬਿਨੀਤਾ ਦੱਸਦੇ ਹਨ, "ਮੁਬੰਈ ਆਉਣ ਤੋਂ ਪਹਿਲਾਂ ਮੇਰੇ ਬੱਚੇ ਪ੍ਰੈਕਟਿਸ ਕਰਵਾਉਂਦੇ ਸੀ। ਰੋਜ਼ 'ਫਾਸਟੈਸਟ ਫਿੰਗਰ ਫਸਟ' ਦਾ ਅਭਿਆਸ ਕਰਵਾਉਂਦੇ ਸੀ। ਬੱਚੇ ਮੈਨੂੰ ਝਿੜਕਦੇ ਹੋਏ ਇਹ ਵੀ ਕਹਿ ਦਿੰਦੇ ਸੀ ਕਿ ਇਸ ਤਰ੍ਹਾਂ ਪਹੁੰਚ ਨਹੀਂ ਸਕੋਗੇ ਹੌਟ ਸੀਟ ਤੱਕ। ਬੱਚਿਆਂ ਤੋਂ ਕਾਫੀ ਸਮਰਥਨ ਮਿਲਿਆ। ਮੈਂ ਜਿਨ੍ਹਾਂ ਸਵਲਾਂ ਦੇ ਜਵਾਬ ਦਿੱਤੇ ਮੈਂ ਇਹ ਨਹੀਂ ਕਹਾਂਗੀ ਕਿ ਮੈਨੂੰ ਉਨ੍ਹਾਂ ਦੇ ਜਵਾਬ ਪਹਿਲਾਂ ਹੀ ਪਤਾ ਸਨ। ਮੈਂ ਲਾਈਫਲਾਈਨ ਦੀ ਵੀ ਵਰਤੋਂ ਕੀਤੀ ਹੈ। ਪੁਰਾਣਾ ਜੋ ਗਿਆਨ ਸੀ ਉਸ ਤੋਂ ਅਮਿਤਾਭ ਜੀ ਵੀ ਹੈਰਾਨ ਨਜ਼ਰ ਆਏ।"

''ਮੈਂ ਸੱਤ ਕਰੋੜ ਰੁਪਏ ਜਿੱਤ ਵੀ ਜਾਂਦੀ, ਉਦੋਂ ਜੋ ਮਹਿਸੂਸ ਕਰਦੀ ਉਸ ਤੋਂ 10 ਗੁਣਾ ਜ਼ਿਆਦਾ ਖੁਸ਼ੀ ਮੈਨੂੰ ਅਮਿਤਾਭ ਬੱਚਨ ਨਾਲ ਮਿਲ ਕੇ ਹੋਈ। ਭਵਿੱਖ ਵਿੱਚ ਜਦੋਂ ਅਮਿਤਾਭ ਜੀ ਨੂੰ ਦੇਖਾਂਗੀ ਤਾਂ ਇਹ ਯਾਦ ਆਏਗਾ। ਮੈਂ ਖੇਡ ਦੀ ਸ਼ੁਰੂਆਤ ਵਿੱਚ ਜਦੋਂ ਨਰਵਸ ਹੋ ਗਈ ਸੀ ਤਾਂ ਅਮਿਤਾਭ ਨੇ ਮੇਰੀ ਕਾਫ਼ੀ ਹਿੰਮਤ ਵਧਾਈ।"

ਬਿਨੀਤਾ ਜੈਨ ਕਿਵੇਂ 15ਵੇਂ ਸਵਾਲ ਤੱਕ ਪਹੁੰਚੀ

ਇਸ ਬਾਰੇ ਉਹ ਕਹਿੰਦੀ ਹੈ, "ਮੈਨੂੰ ਉਮੀਦ ਸੀ ਕਿ 12-13 ਸਵਾਲਾਂ ਦੇ ਜਵਾਬ ਤਾਂ ਮੈਂ ਦੇ ਹੀ ਦੇਵਾਂਗੀ। ਇਸ ਤੋਂ ਵੱਧ ਮੈਂ ਕਦੇ ਨਹੀਂ ਸੋਚਿਆ ਸੀ। ਘਰਵਾਲੇ ਮੇਰੇ ਜਿੱਤਣ ਤੋਂ ਕਾਫ਼ੀ ਖੁਸ਼ ਹਨ। ਸਭ ਦਾ ਪਿਆਰ ਮਿਲ ਰਿਹਾ ਹੈ। ਤੁਹਾਨੂੰ ਕੁਝ ਕਰਨ ਲਈ ਖੁਦ ਹੀ ਹਿੰਮਤ ਦਿਖਾਉਣੀ ਪੈਂਦੀ ਹੈ, ਜੇ ਤੁਸੀਂ ਖੁਦ ਹਿੰਮਤ ਨਹੀਂ ਦਿਖਾਓਗੇ ਤਾਂ ਕੁਝ ਨਹੀਂ ਹੋ ਸਕਦਾ। ਆਪਣੇ ਅੰਦਰ ਦੀ ਇੱਛਾ ਨੂੰ ਸਮਝ ਪਾਉਣਾ ਅਤੇ ਉਸ ਨੂੰ ਬਾਹਰ ਕੱਢ ਪਾਉਣਾ ਬੇਹੱਦ ਜ਼ਰੂਰੀ ਹੈ। ਰੋਜ਼ ਤੁਹਾਡੇ ਸਾਹਮਣੇ ਇੱਕ ਨਵੀਂ ਚੁਣੌਤੀ ਆਉਂਦੀ ਹੈ।"

ਬਿਨੀਤਾ ਜੈਨ

ਤਸਵੀਰ ਸਰੋਤ, SONY

ਤਸਵੀਰ ਕੈਪਸ਼ਨ, ਬਿਨੀਤਾ ਜੈਨ ਨੂੰ 15ਵੇਂ ਸਵਾਲ ਦਾ ਜਵਾਬ ਵੀ ਪਤਾ ਸੀ ਪਰ ਉਹ ਖੇਡ ਛੱਡ ਚੁੱਕੀ ਸੀ

ਆਪਣੀ ਕਹਾਣੀ ਸੁਣਾਉਂਦੇ ਹੋਏ ਬਿਨੀਤਾ ਨੇ 15 ਸਾਲ ਪੁਰਾਣਾ ਇੱਕ ਹਿੱਸਾ ਸ਼ੇਅਰ ਕੀਤਾ।

''ਸਾਲ 2003 ਦੀ ਗੱਲ ਹੈ। ਮੇਰੇ ਪਤੀ ਬਿਜ਼ਨੈਸ ਦੇ ਸਿਲਸਿਲੇ ਵਿੱਚ ਬਾਹਰ ਜਾਂਦੇ ਰਹਿੰਦੇ ਸਨ। ਇੱਕ ਦਿਨ ਉਹ ਨਹੀਂ ਪਰਤੇ। ਪਤਾ ਲਗਿਆ ਕਿ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਹੈ। ਉਨ੍ਹਾਂ ਦਿਨਾਂ ਵਿੱਚ ਕੱਟੜਪੰਥੀਆਂ ਦਾ ਖੌਫ ਰਹਿੰਦਾ ਸੀ। ਅਸੀਂ ਵੀ ਉਸੇ ਲਪੇਟ ਵਿੱਚ ਆ ਗਏ। ਮੇਰੇ ਘਰਵਾਲਿਆਂ ਨੇ ਲੱਭਣ ਵਿੱਚ ਕੋਈ ਕਮੀ ਨਹੀਂ ਛੱਡੀ। ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੀਏ। ਹਾਲਾਤ ਨਾਲ ਸਮਝੌਤਾ ਕਰਦੇ ਹੋਏ ਅਸੀਂ ਸੋਚਿਆ ਕਿ ਉਡੀਕ ਕਰਦੇ ਹੋਏ ਸਾਨੂੰ ਅੱਗੇ ਵਧਣਾ ਪਏਗਾ। ਮੈਂ ਸੋਚਿਆ ਕਿ ਪੜ੍ਹਾਉਣ ਦਾ ਕੰਮ ਕਰ ਲੈਂਦੀ ਹਾਂ, ਘਰ ਵੀ ਰਹਾਂਗੀ ਅਤੇ ਆਪਣੇ ਬੱਚਿਆਂ ਦੀ ਦੇਖਭਾਲ ਵੀ ਕਰ ਸਕਾਂਗੀ।''

ਵਿਆਹ ਤੋਂ ਵੀ ਬਾਅਦ ਵੀ ਬਿਨੀਤਾ ਜੈਨ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਸੀ।

ਇਹ ਵੀ ਪੜ੍ਹੋ:

ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਬਿਨੀਤਾ ਨੇ ਕਿਹਾ, "ਮੈਂ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਵਾਲਿਆਂ ਦੇ ਸਾਹਮਣੇ ਪੜ੍ਹਣ ਦੀ ਇੱਛਾ ਜ਼ਾਹਿਰ ਕੀਤੀ। ਉਹ ਤਿਆਰ ਹੋਏ। ਜਿੰਨਾ ਮੈਨੂੰ ਮੇਰੇ ਘਰਵਾਲਿਆਂ ਨੇ ਨਹੀਂ ਪੜ੍ਹਾਇਆ, ਮੇਰੀ ਸੱਸ ਨੇ ਮੈਨੂੰ ਉੰਨਾ ਹੀ ਪੜ੍ਹਾਇਆ ਹੈ। ਜਦੋਂ ਮੈਂ ਗਰੈਜੁਏਸ਼ਨ ਪੂਰੀ ਕੀਤਾ ਤਾਂ ਮੇਰਾ ਪੁੱਤਰ ਤਿੰਨ ਸਾਲ ਦਾ ਸੀ। ਮੇਰੇ ਬੱਚੇ ਜੋ ਜ਼ਿੰਦਗੀ ਵਿੱਚ ਕਰਨਾ ਚਾਹੁਣਗੇ ਮੈਂ ਉਨ੍ਹਾਂ ਨੂੰ ਕਰਨ ਦੇਵਾਂਗੀ।"

ਕੇਬੀਸੀ ਦਾ ਉਹ ਆਖਿਰੀ ਸਵਾਲ...

ਕੇਬੀਸੀ ਦੇ ਸ਼ੁਰੂਆਤੀ ਪੜਾਅ ਬਿਨੀਤਾ ਪਾਰ ਕਰ ਚੁੱਕੀ ਸੀ।

ਕੇਬੀਸੀ ਦੀ ਥੀਮ ਮਿਊਜ਼ਿਕ ਅਤੇ ਰੌਸ਼ਨੀ ਆ ਕੇ ਬਿਨੀਤਾ ਜੈਨ ਦੇ ਚਿਹਰੇ 'ਤੇ ਰੁਕਦੀ ਹੈ। ਅਮਿਤਾਭ ਬੱਚਨ 14ਵਾਂ ਸਵਾਲ ਪੁੱਛਦੇ ਹਨ, "ਭਾਰਤ ਵਿੱਚ 13 ਜੱਜਾਂ ਦੀ ਸੁਪਰੀਮ ਕੋਰਟ ਦੀ ਸਭ ਤੋਂ ਵੱਡੀ ਸੰਵਿਧਾਨਿਕ ਪੀਠ ਨੇ ਕਿਸ ਕੇਸ ਦੀ ਸੁਣਵਾਈ ਕੀਤੀ ਸੀ?"

ਬਿਨੀਤਾ

ਤਸਵੀਰ ਸਰੋਤ, SONY

ਤਸਵੀਰ ਕੈਪਸ਼ਨ, ਬਿਨੀਤਾ ਦਾ ਦਾਅਵਾ ਹੈ ਕਿ ਸਾਲ 2003 ਵਿੱਚ ਉਨ੍ਹਾਂ ਦੇ ਪਤੀ ਨੂੰ ਅਗਵਾ ਕਰ ਲਿਆ ਗਿਆ ਸੀ

ਬਿਨੀਤਾ ਇਸ ਸਵਾਲ ਦਾ ਸਹੀ ਜਵਾਬ ਦਿੰਦੀ ਹੈ- ਕੇਸ਼ਵਾਨੰਦ ਭਾਰਤੀ ਕੇਸ।

ਸਹੀ ਜਵਾਬ ਦਿੰਦੇ ਹੀ ਤਾੜੀਆਂ ਦੇ ਨਾਲ ਅਮਿਤਾਭ ਬਿਨੀਤਾ ਨੂੰ ਇੱਕ ਕਰੋੜ ਰੁਪਏ ਜਿੱਤਣ ਦੀ ਵਧਾਈ ਦਿੰਦੇ ਹਨ ਪਰ ਖੇਡ ਦਾ ਅਸਲੀ ਸਵਾਲ ਹਾਲੇ ਆਉਣਾ ਬਾਕੀ ਸੀ ਜੋ ਬਿਨੀਤਾ ਨੂੰ ਸੱਤ ਕਰੋੜ ਰੁਪਏ ਜਿਤਾ ਸਕਦਾ ਸੀ।

ਇਹ ਸਵਾਲ ਸੀ ਕਿ 1867 ਵਿੱਚ ਪਹਿਲੇ ਸਟਾਕ ਟਿਕਰ ਦੀ ਖੋਜ ਕਿਸ ਨੇ ਕੀਤੀ ਸੀ? ਕਾਫ਼ੀ ਸਮਾਂ ਲੈ ਕੇ ਬਿਨੀਤਾ ਇਸ ਸਵਾਲ ਦਾ ਜਵਾਬ ਨਾ ਦੇਣ ਅਤੇ ਇੱਕ ਕਰੋੜ ਰੁਪਏ ਦੀ ਰਾਸ਼ੀ ਲੈ ਕੇ ਹੀ ਖੇਡ ਛੱਡਣਾ ਚੁਣਦੀ ਹੈ।

ਜਿਵੇਂ 'ਕੌਣ ਬਣੇਗਾ ਕਰੋੜਪਤੀ' ਖੇਡ ਦੀ ਰਵਾਇਤ ਹੈ, ਅਮਿਤਾਭ ਇਸ ਸਵਾਲ ਦਾ ਜਵਾਬ ਪੁੱਛਦੇ ਹਨ।

ਬਿਨੀਤਾ ਜਵਾਬ ਵਿੱਚ ਐਡਵਰਡ ਕੇਲਹਨ ਕਹਿੰਦੀ ਹੈ। ਇਹ ਬਿਲਕੁਲ ਸਹੀ ਜਵਾਬ ਸੀ ਪਰ ਬਿਨੀਤਾ ਗੇਮ ਛੱਡ ਚੁੱਕੀ ਸੀ।

ਸਿਤਾਰਿਆਂ ਦਾ ਬਦਲਿਆ ਰੁਖ...

ਬਿਨੀਤਾ ਦਾ ਵਿਆਹ 1991 ਵਿੱਚ ਹੋਇਆ ਸੀ।

ਉਨ੍ਹਾਂ ਦੇ ਦੋ ਬੱਚੇ ਵੀ ਸਨ। ਬਿਨੀਤਾ ਦੱਸਦੀ ਹੈ, "ਪਤੀ ਦੇ ਅਗਵਾ ਹੋਣ ਤੋਂ ਪਹਿਲਾਂ ਸਭ ਕੁਝ ਠੀਕ ਚੱਲ ਰਿਹਾ ਸੀ। ਮੈਂ ਸੋਚਿਆ ਕਿ ਜੇ ਮੈਂ ਕੁਝ ਨਹੀਂ ਕੀਤਾ ਤਾਂ ਮੈਂ ਡਿਪਰੈਸ਼ਨ ਵਿੱਚ ਆ ਜਾਵਾਂਗੀ। ਮੈਂ ਘਰਵਾਲਿਆਂ ਨਾਲ ਕੰਮ ਕਰਨ ਦੀ ਗੱਲਬਾਤ ਕੀਤੀ। ਮੇਰਾ ਅਜਿਹਾ ਮੰਨਣਾ ਹੈ ਕਿ ਜਦੋਂ ਤੁਸੀਂ ਕਿਸੇ ਅਜਿਹੀ ਹਾਲਤ ਵਿੱਚ ਫਸਦੇ ਹੋ ਤਾਂ ਰੱਬ ਤੁਹਾਨੂੰ ਖੁਦ ਤਾਕਤ ਦਿੰਦਾ ਹੈ।"

ਸੋਨੀ ਟੀਵੀ ਦੇ ਅਧਿਕਾਰੀ ਟਵਿੱਟਰ ਹੈਂਡਲ ਤੋਂ ਟਵੀਟ ਕੀਤੇ ਵੀਡੀਓ ਵਿੱਚ ਬਿਨੀਤਾ ਜਿਮ ਵਿੱਚ ਕਸਰਤ ਕਰਦੀ ਹੋਈ ਨਜ਼ਰ ਆਉਂਦੀ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਬਿਨੀਤਾ ਕਹਿੰਦੀ ਹੈ, "ਮੈਨੂੰ ਇਹ ਯਕੀਨ ਹੈ ਕਿ ਮੇਰੇ ਪਤੀ ਜਿੱਥੇ ਵੀ ਹੋਣਗੇ ਉਹ ਠੀਕ ਹੋਣਗੇ। ਕਿਤੇ ਨਾ ਕਿਤੇ ਤਾਂ ਉਹ ਠੀਕ ਹੋਣਗੇ। ਮੈਨੂੰ ਲਗਦਾ ਹੈ ਕਿ ਸ਼ਾਇਦ ਮੇਰੇ ਵੀ ਸਿਤਾਰੇ ਪਲਟ ਜਾਣ ਅਤੇ ਇਨ੍ਹਾਂ ਦਾ ਰੁਖ ਘਰ ਵੱਲ ਹੋ ਜਾਵੇ।"

ਇਹ ਵੀ ਪੜ੍ਹੋ:

ਕੇਬੀਸੀ ਵਿੱਚ ਇੱਕ ਕਰੋੜ ਰੁਪਏ ਜਿੱਤਣ ਤੋਂ ਬਾਅਦ ਸ਼ਾਇਦ ਹੁਣ ਕੁਝ ਸਿਤਾਰਿਆਂ ਦਾ ਰੁਖ ਤਾਂ ਬਿਨੀਤਾ ਦੇ ਘਰ ਵੱਲ ਹੁੰਦਾ ਨਜ਼ਰ ਆ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)