ਜਦੋਂ ਇੱਕ ਮਹਿਲਾ ਪੁਲਿਸ ਹੌਲਦਾਰ ਬਣੀ ਲਾਵਾਰਿਸ ਬੱਚੇ ਲਈ ਵਰਦਾਨ

ਨਵ ਜੰਮਿਆ ਬੱਚਾ, ਬੰਗਲੁਰੂ

ਤਸਵੀਰ ਸਰੋਤ, electroniccitypolicebengaluru

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੰਗਲੁਰੂ ਤੋਂ ਬੀਬੀਸੀ ਪੰਜਾਬੀ ਲਈ

ਕਰਨਾਟਕ ਦੀ ਰਾਜਧਾਨੀ ਬੰਗਲੁਰੂ 'ਚ ਇੱਕ ਮਹਿਲਾ ਪੁਲਿਸ ਹੌਲਦਾਰ ਉਦੋਂ ਜਜ਼ਬਾਤੀ ਹੋ ਗਏ ਜਦੋਂ ਉਸ ਦੇ ਸਾਹਮਣੇ ਇੱਹ ਲਾਵਾਰਿਸ ਨਵ ਜੰਮਿਆ ਬੱਚਾ ਆਇਆ। ਉਸ ਨੇ ਉਸੇ ਵੇਲੇ ਉਸ ਬੱਚੇ ਨੂੰ ਆਪਣੇ ਸਾਥੀ ਕਰਮੀ ਤੋਂ ਲਿਆ ਤੇ ਆਪਣਾ ਦੁੱਧ ਚੁੰਘਾਇਆ।

ਪੁਲਿਸ ਮੁਤਾਬਕ ਇਸ ਬੱਚੇ ਨੂੰ ਕੋਈ ਉਸਾਰੀ ਅਧੀਨ ਸਾਈਟ 'ਤੇ ਛੱਡ ਗਿਆ ਸੀ ਤੇ ਜਦੋਂ ਉਸਨੂੰ ਪੁਲਿਸ ਥਾਣੇ ਲੈ ਕੇ ਆਏ ਤਾਂ ਉਹ ਬਹੁਤ ਰੋ ਰਿਹਾ ਸੀ।

ਅਰਚਨਾ ਬੰਗਲੁਰੂ 'ਚ ਸੌਫ਼ਟਵੇਅਰ ਪਾਵਰ ਹਾਊਸ ਦੇ ਨੇੜੇ ਇਲੈਕਟ੍ਰੋਨਿਕਸ ਪੁਲਿਸ ਥਾਣੇ ਵਿੱਚ ਹੌਲਦਾਰ ਹਨ।

ਉਹ ਪੰਜ ਸਾਲਾਂ ਤੋਂ ਪੁਲਿਸ ਮਹਿਕਮੇ 'ਚ ਸੇਵਾਵਾਂ ਦੇ ਰਹੇ ਹਨ ਅਤੇ ਬੱਚੇ ਨੂੰ ਇਲੈਕਟ੍ਰੋਨਿਕਸ ਪੁਲਿਸ ਥਾਣੇ ਵਿੱਚ ਹੀ ਲਿਆਂਦਾ ਗਿਆ ਸੀ।

ਨਵ ਜੰਮਿਆ ਬੱਚਾ, ਬੰਗਲੁਰੂ

ਤਸਵੀਰ ਸਰੋਤ, Electronic city police, bangaluru

'ਖ਼ੁਦ ਨੂੰ ਰੋਕ ਨਾ ਸਕੀ'

ਬੱਚੇ ਨੂੰ ਦੁੱਧ ਚੁੰਘਾਉਣ ਬਾਰੇ ਅਰਚਨਾ ਨੇ ਦੱਸਿਆ, ''ਮੈਨੂੰ ਬੱਚੇ ਨੂੰ ਰੌਂਦਿਆਂ ਦੇਖ ਬੁਰਾ ਲੱਗਿਆ।''

''ਇੰਜ ਲੱਗਿਆ ਜਿਵੇਂ ਮੇਰਾ ਹੀ ਬੱਚਾ ਰੋ ਰਿਹਾ ਹੈ ਤੇ ਮੈਨੂੰ ਮਹਿਸੂਸ ਹੋਇਆ ਕਿ ਬੱਚੇ ਨੂੰ ਦੁੱਧ ਚੁੰਘਾਉਣਾ ਚਾਹੀਦਾ ਹੈ।''

ਪੁਲਿਸ ਵਿਭਾਗ ਵਿੱਚ ਬਤੌਰ ਮਹਿਲਾ ਹੌਲਦਾਰ ਕੰਮ ਕਰਦੇ ਅਰਚਨਾ ਹੈਰਾਨ ਹੋਏ ਕਹਿੰਦੇ ਹਨ, ''ਤੁਸੀਂ ਇੱਕ ਨਵੇਂ ਜੰਮੇ ਬੱਚੇ ਨੂੰ ਬੋਤਲ ਦਾ ਦੁੱਧ ਕਿਵੇਂ ਪਿਆ ਸਕਦੇ ਹੋ।''

32 ਸਾਲਾਂ ਦੀ ਅਰਚਨਾ ਦਾ ਆਪਣੀ ਵੀ ਇੱਕ 9 ਮਹੀਨੇ ਦਾ ਬੱਚਾ ਹੈ, ਜਿਸਨੂੰ ਉਹ ਆਪਣਾ ਦੁੱਧ ਚੁੰਘਾਉਂਦੇ ਹਨ।

ਬੱਚੇ ਨੂੰ ਇਲੈਕਟ੍ਰੋਨਿਕਸ ਸਿਟੀ ਪੁਲਿਸ ਸਟੇਸ਼ਨ ਦੇ ਅਸਿਸਟੈਂਟ ਸਬ ਇੰਸਪੈਕਟਰ ਨਾਗੇਸ਼ ਆਰ ਲੈ ਕੇ ਆਏ ਸਨ।

ਨਾਗੇਸ਼ ਨੇ ਦੱਸਿਆ, ''ਬੱਚੇ ਦੇ ਸਰੀਰ ਦੀ ਸਥਾਨਕ ਹਸਪਤਾਲ 'ਚ ਸਾਫ਼ ਸਫਾਈ ਤੋਂ ਬਾਅਦ ਉਸਨੂੰ ਪੁਲਿਸ ਥਾਣੇ ਲੈ ਆਇਆ।''

ਪੁਲਿਸ ਕੰਟਰੋਲ ਵਿੱਚ ਸਥਾਨਕ ਦੁਕਾਨਦਾਰ ਨੇ ਫ਼ੋਨ ਕਾਲ ਕਰਕੇ ਦੱਸਿਆ ਸੀ ਕਿ ਇੱਕ ਬੱਚੇ ਨੂੰ ਕੋਈ ਉਸਾਰੀ ਅਧੀਨ ਸਾਈਟ 'ਤੇ ਛੱਡ ਗਿਆ ਹੈ। ਦੁਕਾਨਦਾਰ ਨੂੰ ਇਹ ਜਾਣਕਾਰੀ ਇੱਕ ਕੂੜਾ ਚੁੱਕਣ ਵਾਲੇ ਨੇ ਦਿੱਤੀ ਸੀ।

ਨਵ ਜੰਮਿਆ ਬੱਚਾ, ਬੰਗਲੁਰੂ

ਤਸਵੀਰ ਸਰੋਤ, Electronic city police, bangaluru

ਕੁਮਾਰਸਵਾਮੀ ਪਿਆ ਨਾਮ

ਨਾਗੇਸ਼ ਦੱਸਦੇ ਹਨ, ''ਉਹ ਬੱਚਾ ਬਹੁਤ ਬੁਰੀ ਹਾਲਤ 'ਚ ਸੀ, ਮੈਂ ਬੱਚੇ ਨੂੰ ਸਥਾਨਕ ਹਸਪਤਾਲ 'ਚ ਲੈ ਕੇ ਗਿਆ ਤੇ ਉਨ੍ਹਾਂ ਸਾਡੇ ਕੋਲ ਕੋਈ ਪੈਸਾ ਵੀ ਨਹੀਂ ਲਿਆ। ਫ਼ਿਰ ਭੀੜ ਮੇਰਾ ਪਿੱਛਾ ਕਰਦੇ ਹੋਏ ਬੱਚੇ ਨੂੰ 'ਸਰਕਾਰੀ ਬੱਚਾ' ਕਹਿਣ ਲੱਗੀ।''

''ਭੀੜ ਵਿੱਚੋਂ ਕਿਸੇ ਨੇ ਕਿਹਾ ਕਿਉਂਕਿ ਇਹ 'ਸਰਕਾਰੀ ਬੱਚਾ' ਹੈ ਅਤੇ ਸੂਬੇ ਵਿੱਚ ਨਵੀਂ ਸਰਕਾਰ ਬਣੀ ਹੈ, ਸੋ ਇਸ ਬੱਚੇ ਦਾ ਨਾਂ ਕੁਮਾਰਸਵਾਮੀ (ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ) ਦੇ ਨਾਂ ਉੱਤੇ ਰੱਖਣਾ ਚਾਹੀਦਾ ਹੈ।''

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਪਹਿਲਾਂ ਵੀ ਮਿਲਿਆ ਸੀ ਇੱਕ ਬੱਚਾ

ਬੰਗੁਲਰੂ ਸਿਟੀ ਪੁਲਿਸ ਦੇ ਡਿਪਟੀ ਕਮਿਸ਼ਨਰ ਡਾ. ਐਸ ਬੋਰਾਲਿੰਗਾਹ ਕਹਿੰਦੇ ਹਨ, ''ਅਰਚਨਾ ਨੇ ਬਹੁਤ ਚੰਗਾ ਕੰਮ ਕੀਤਾ ਹੈ, ਸਾਡੇ ਸਮਾਜ ਵਿੱਚ ਬੱਚਿਆਂ ਨੂੰ ਰੱਬ ਮੰਨਿਆ ਜਾਂਦਾ ਹੈ।''

ਅਰਚਨਾ ਬਹੁਤ ਖ਼ੁਸ਼ ਹਨ ਕਿ ਜੋ ਉਨ੍ਹਾਂ ਦੇ ਕੀਤੇ ਕਾਰਜ ਨਾਲ ਉਨ੍ਹਾਂ ਦੇ ਪਤੀ ਖੁਸ਼ ਹਨ।

"ਉਨ੍ਹਾਂ ਮੈਨੂੰ ਕਿਹਾ ਕਿ ''ਤੂੰ ਬਹੁਤ ਚੰਗਾ ਕੰਮ ਕੀਤਾ ਹੈ।''

ਅਰਚਨਾ ਦੱਸਦੇ ਹਨ, ''ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਵੀ ਹੋਇਆ ਪਰ ਉਦੋਂ ਬੱਚੇ ਦੀ ਮਾਂ ਆਲੇ-ਦੁਆਲੇ ਉਸ ਨੂੰ ਦੁੱਧ ਚੁੰਘਾਉਣ ਲਈ ਮੌਜੂਦ ਸੀ, ਇਹ ਪਹਿਲੀ ਵਾਰ ਹੈ ਕਿ ਕਿਸੇ ਹੋਰ ਦੇ ਨਵ ਜੰਮੇ ਬੱਚੇ ਨੂੰ ਮੈਂ ਦੁੱਧ ਪਿਆਇਆ ਹੋਵੇ।''

ਨਵੇ ਜੰਮੇ ਬੱਚੇ ''ਕੁਮਾਰਸਵਾਮੀ'' ਨੂੰ ਬਾਅਦ ਵਿੱਚ ਪੁਲਿਸ ਵੱਲੋਂ ਸ਼ਿਸ਼ੂ ਵਿਹਾਰ ਨੂੰ ਸੌਂਪ ਦਿੱਤਾ ਗਿਆ।

ਇਸ ਮਾਮਲੇ 'ਚ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)