ਮਾਓਵਾਦੀਆਂ ਦੇ ਪੈਰ੍ਹਾਂ ਥੱਲਿਓਂ ਜ਼ਮੀਨ ਕਿਉਂ ਖਿਸਕ ਰਹੀ?

ਤਸਵੀਰ ਸਰੋਤ, Getty Images
- ਲੇਖਕ, ਜੈਦੀਪ ਹਾਰਡੀਕਰ
- ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਲਈ
ਟੀਨ ਦੀ ਛੱਤ ਵਾਲਾ ਇੱਟਾਂ ਦਾ ਇੱਕ ਕਮਰਾ ਬੇਸ਼ੱਕ ਹੁਣ ਖਾਲੀ ਹੋ ਗਿਆ ਹੈ ਪਰ ਕਦੇ ਇਹ ਇੱਕ ਕਬਾਈਲੀ ਜੋੜੇ ਦਾ ਘਰ ਹੁੰਦਾ ਸੀ ਅਤੇ ਉਨ੍ਹਾਂ ਨੇ ਕਦੇ ਇਸ ਵਿੱਚ ਆਪਣੀ ਨਵ-ਜੰਮੀ ਧੀ ਦਾ ਜਸ਼ਨ ਸਾਦਗੀ ਨਾਲ ਮਨਾਇਆ ਸੀ।
ਪੂਰਬੀ ਮਾਹਰਾਸ਼ਟਰ ਦੇ ਦੂਰ ਦਰਾਡੇ ਦੇ ਪਿੰਡ ਗੜ੍ਹਚਿਰੋਲੀ ਦੇ ਰਹਿਣ ਵਾਲੇ 26 ਸਾਲਾਂ ਸੁਖਦੇਵ ਵਡੇ ਗੌਂਡ ਕਬੀਲੇ ਦਾ ਮੈਂਬਰ ਸਨ ਅਤੇ ਉਨ੍ਹਾਂ ਦੀ ਪਤਨੀ ਨੰਦਾ ਉਮਰ ਵਿੱਚ ਉਨ੍ਹਾਂ ਨਾਲੋਂ ਕੁਝ ਛੋਟੀ ਅਤੇ ਸ਼ਰਮਾਊ ਪਰ ਊਰਜਾਵਾਨ ਔਰਤ ਸੀ। ਜਿਸ ਦਾ ਸਬੰਧ ਛੱਤੀਸਗੜ੍ਹ ਦੇ ਬਸਤਰ ਇਲਾਕੇ ਦੇ ਮੁਰੀਆ ਕਬੀਲੇ ਨਾਲ ਸੀ।
ਉਹ ਗੜ੍ਹਚਿਰੋਲੀ ਦੇ ਬਾਹਰਵਾਰ ਇੱਕ ਝੁੱਗੀ ਵਿੱਚ ਰਹਿੰਦੇ ਸਨ। ਸਾਲ 2015 ਵਿੱਚ ਮੇਰੀ ਮੁਲਾਕਾਤ ਉਨ੍ਹਾਂ ਨਾਲ ਹੋਈ ਅਤੇ ਉਨ੍ਹਾਂ ਨੇ ਦੱਸਿਆ ਕਿ 2014 ਦੇ ਅੱਧ ਵਿੱਚ ਮਾਪਿਆਂ ਦੀ ਮਨਜ਼ੂਰੀ ਨਾਲ ਵਿਆਹ ਕਰਵਾ ਲਿਆ ਸੀ, ਜੋ ਇੱਕ ਕਿਸਮ ਦਾ ਅੰਤਰ-ਕਬੀਲਾ ਵਿਆਹ ਸੀ।
ਸੁਖਦੇਵ ਅਤੇ ਨੰਦਾ ਸੀਪੀਆਈ (ਮਾਓਵਾਦੀ) ਦੇ ਹਥਿਆਰਬੰਦ ਗੁਰੀਲੇ ਰਹੇ ਸਨ। ਸੀਪੀਆਈ (ਮਾਓਵਾਦੀ) ਇੱਕ ਪਾਬੰਦੀਸ਼ੁਦਾ ਸੰਗਠਨ ਹੈ, ਜਿਸ ਨੂੰ ਕਦੇ ਤਤਕਾਲੀ ਪ੍ਰਧਾਨ ਮੰਤਰੀ ਡਾ਼ ਮਨਮੋਹਨ ਸਿੰਘ ਨੇ ਦੇਸ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਅੰਦਰੂਨੀ ਖ਼ਤਰਾ ਦੱਸਿਆ ਸੀ।

ਤਸਵੀਰ ਸਰੋਤ, Getty Images
ਇਹ ਕੇਂਦਰੀ ਭਾਰਤ ਦੇ ਦੂਰ ਦੁਰਾਡੇ ਜੰਗਲਾਂ ਵਿੱਚ ਦਿਨ ਰਾਤ ਭਟਕੇ। ਸਾਗਵਾਨ ਅਤੇ ਬਾਂਸ ਦੇ ਸੰਘਣੇ ਜੰਗਲਾਂ ਵਿੱਚ ਲੁਕੇ। ਉਹ ਦੇਸ ਦੀਆਂ ਸਭ ਤੋਂ ਭੈੜੀਆਂ ਅਤੇ ਤਣਾਅ ਵਾਲੀਆਂ ਹਾਲਤਾਂ ਵਿੱਚ ਪੁਲਿਸ ਦੇ ਆਹਮੋਂ-ਸਾਹਮਣੇ ਹੋਏ ਅਤੇ ਇਸੇ ਭੱਜ-ਦੌੜ ਦੌਰਾਨ ਕੁਝ ਨਿੱਜੀ ਪਲ ਵੀ ਗੁਜ਼ਾਰਨ ਵਿੱਚ ਕਾਮਯਾਬ ਹੋ ਜਾਂਦੇ।
ਬਦਲਦੇ ਹਾਲਾਤ
ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਪਿਆਰ ਹੋ ਗਿਆ ਅਤੇ ਉਨ੍ਹਾਂ ਦਾ ਹੱਥਿਆਰਬੰਦ ਸੰਘਰਸ਼ ਤੋਂ ਮੋਹ ਭੰਗ ਹੋ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਇਸ ਰਸਤੇ ਦੀ ਕੋਈ ਮੰਜ਼ਿਲ ਨਹੀਂ ਹੈ।
ਉਹ ਪਰਿਵਾਰ ਵਸਾਉਣਾ ਚਾਹੁੰਦੇ ਸਨ। ਹਥਿਆਰ ਛੱਡਣ ਵਾਲਾ ਇਹ ਕੋਈ ਇਕੱਲਾ ਜੋੜਾ ਨਹੀਂ ਸੀ। ਇਕੱਲੇ ਗੜ੍ਹਚਿਰੋਲੀ ਵਿੱਚ ਹੀ ਕੋਈ 150 ਸਾਬਕਾ ਗੁਰੀਲਿਆਂ ਦੇ ਜੋੜੇ ਹੁਣ ਸ਼ਾਂਤਮਈ ਜ਼ਿੰਦਗੀ ਜਿਉਂ ਰਹੇ ਸਨ।
ਇਸ ਤੋਂ ਇਲਾਵਾ ਕਈ ਹੋਰ ਕਾਰਨਾਂ ਕਰਕੇ ਮਾਹਾਰਸ਼ਟਰ ਦੇ ਧੁਰ-ਪੂਰਬੀ ਜੰਗਲਾਂ ਵਿੱਚ ਮਾਓਵਾਦੀਆਂ ਲਈ ਹਾਲਾਤ ਬਦਲ ਰਹੇ ਹਨ।
ਕਦੇ ਇਹ ਇਲਾਕਾ ਆਂਧਰਾ ਪ੍ਰਦੇਸ਼ ਅਤੇ ਛੱਤੀਸਗੜ੍ਹ ਨੂੰ ਜੋੜਨ ਵਾਲਾ ਮਾਓਵਾਦੀਆਂ ਦੇ ਦਬਦਬੇ ਵਾਲਾ ਲਾਂਘਾ ਸੀ। ਉਹ ਪੁਲਿਸ ਨੂੰ ਤਿੰਨ ਦਹਾਕਿਆਂ ਤੱਕ ਪਰੇਸ਼ਾਨ ਕਰਦੇ ਰਹੇ ਸਨ।

ਤਸਵੀਰ ਸਰੋਤ, Getty Images
ਪਿਛਲੇ ਕੁਝ ਸਮੇਂ ਤੋਂ ਬਾਗੀਆਂ ਦਾ ਸਥਾਨਕ ਲੋਕਾਂ ਉੱਪਰ ਸਿਆਸੀ ਪ੍ਰਭਾਵ ਕਈ ਕਾਰਨਾਂ ਕਰਕੇ ਘਟ ਰਿਹਾ ਹੈ। ਇਹ ਘਟ ਰਿਹਾ ਪ੍ਰਭਾਵ ਬਦਲਦੇ ਮਾਹੌਲ ਦਾ ਸੰਕੇਤ ਹੈ।
ਪੁਲਿਸ ਦਾ ਦਾਅਵਾ
ਪਿਛਲੇ ਐਤਵਾਰ ਅਤੇ ਸੋਮਵਾਰ ਨੂੰ ਦੋ ਵੱਖੋ-ਵੱਖ ਮੁਕਾਬਲਿਆਂ ਵਿੱਚ ਗੜ੍ਹਚਿਰੋਲੀ ਪੁਲਿਸ ਦੀ ਮਾਓ ਵਿਰੋਧੀ ਸੀ-60 ਕਮਾਂਡੋਜ਼ ਵੱਲੋਂ 37 ਗੁਰੀਲਾ ਸਾਥੀ ਮਾਰੇ ਗਏ। ਜਿਨ੍ਹਾਂ ਵਿੱਚ ਦੋ ਡਿਵੀਜ਼ਨ ਪੱਧਰ ਦੇ ਕਮੇਟੀ ਮੈਂਬਰ ਵੀ ਸ਼ਾਮਲ ਸਨ।
ਪੁਲਿਸ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੇ ਗੜ੍ਹਚਿਰੋਲੀ ਦੀ ਭਾਮਰਾਗੜ੍ਹ ਤਹਿਸੀਲ ਦੇ ਕਸਨਸੋਰ ਪਿੰਡ ਦੇ ਬੋਰੀਆ ਜੰਗਲ ਵਿੱਚ ਆਪਣੇ ਆਪ੍ਰੇਸ਼ਨ ਮਗਰੋਂ 9 ਔਰਤਾਂ ਸਣੇ 16 ਲਾਸ਼ਾਂ ਬਰਾਮਦ ਕੀਤੀਆਂ ਹਨ। ਇਹ ਇਲਾਕਾ ਮਾਹਾਰਾਸ਼ਟਰ ਅਤੇ ਛੱਤੀਸਗੜ੍ਹ ਦੀ ਸਰਹੱਦ 'ਤੇ ਸਥਿਤ ਹੈ।
ਸੋਮਵਾਰ ਨੂੰ ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਛੇ ਹੋਰ ਮਾਓਵਾਦੀਆਂ ਨੂੰ ਜ਼ਿਲ੍ਹੇ ਦੇ ਜਿਮਲਗੱਟਾ ਇਲਾਕੇ ਵਿੱਚ ਮਾਰਿਆ ਹੈ, ਜੋ ਕਿ ਐਤਵਾਰ ਦੀ ਮੁੱਠਭੇੜ ਵਾਲੀ ਥਾਂ ਤੋਂ 60 ਕਿਲੋਮੀਟਰ ਦੂਰ ਹੈ। ਮੰਗਲਵਾਰ ਨੂੰ ਕਥਿਤ ਮਾਓਵਾਦੀਆਂ ਦੀਆਂ 15 ਤੋਂ ਵੱਧ ਲਾਸ਼ਾਂ ਇੰਦਰਾਵਤੀ ਨਦੀ ਵਿੱਚੋਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ।
ਇਹ ਥਾਂ ਵੀ ਐਤਵਾਰ ਦੀ ਮੁੱਠਭੇੜ ਵਾਲੀ ਥਾਂ ਦੇ ਨੇੜੇ ਸੀ। ਗੜ੍ਹਚਿਰੋਲੀ ਪੁਲਿਸ ਮੁਤਾਬਕ ਸਾਰੀਆਂ ਬਰਾਮਦ ਹੋਈਆਂ ਲਾਸ਼ਾਂ ਦੀ ਕੁੱਲ ਗਿਣਤੀ 37 ਹੋ ਗਈ ਹੈ। ਜੋ ਕਿ ਹੁਣ ਤੱਕ ਹੋਈਆਂ ਮੌਤਾਂ ਵਿੱਚੋਂ ਸਭ ਤੋਂ ਵੱਧ ਹੈ।
ਮਾਰੇ ਗਏ ਮਾਓਵਾਦੀਆਂ ਵਿੱਚੋਂ ਕਈਆਂ ਦੀ ਪਛਾਣ ਹੋ ਚੁੱਕੀ ਹੈ ਜਦ ਕਿ ਬਾਕੀਆਂ ਦੀ ਪਛਾਣ ਹੋ ਰਹੀ ਹੈ।

ਤਸਵੀਰ ਸਰੋਤ, Getty Images
ਗੜ੍ਹਚਿਰੋਲੀ ਦੇ ਦੱਖਣੀ ਇਲਾਕਿਆਂ ਵਿੱਚ ਸੁਰਖਿਆਂ ਦਸਤਿਆਂ ਵੱਲੋਂ ਪਿਛਲੇ ਹਫਤੇ ਤੋਂ ਗਸ਼ਤ ਤੇਜ਼ ਕੀਤੀ ਗਈ ਸੀ। ਸੂਤਰਾਂ ਮੁਤਾਬਕ ਭਾਮਰਾਗੜ੍ਹ ਜਿੱਥੇ ਕਥਿਤ ਰੂਪ ਵਿੱਚ ਐਤਵਾਰ ਦੀ ਮੁੱਠਭੇੜ ਹੋਈ ਸੀ ਮਾਓਵਾਦੀਆਂ ਦੀ ਨਰਸਰੀ ਹੈ।
ਮਾਓਵਾਦੀਆਂ ਲਈ ਵੱਡਾ ਧੱਕਾ
ਕੁਲ ਮਿਲਾ ਕੇ ਇਹ ਮਾਓਵਾਦੀਆਂ ਲਈ ਵੱਡਾ ਧੱਕਾ ਹੈ। ਦੋ ਦਿਨਾਂ ਦੇ ਅੰਦਰ ਪਹਿਲਾਂ ਕਦੇ ਵੀ ਉਨ੍ਹਾਂ ਦਾ ਐਨਾ ਨੁਕਸਾਨ ਨਹੀਂ ਹੋਇਆ। ਜ਼ਿਲ੍ਹਾ ਪੁਲਿਸ ਦੇ ਅੰਕੜਿਆਂ ਮੁਤਾਬਕ ਸਾਲ 2013 ਤੋਂ 2017 ਤੱਕ 76 ਮਾਓਵਾਦੀ ਮਾਰੇ ਗਏ ਹਨ। 2013 ਵਿੱਚ ਸਭ ਤੋਂ ਵੱਧ ਮੌਤਾਂ ਦੀ ਗਿਣਤੀ 27 ਸੀ।
ਇਸੇ ਦੌਰਾਨ 25 ਸੁਰੱਖਿਆ ਕਰਮੀ ਵੀ ਬਾਗੀਆਂ ਹੱਥੋਂ ਮਾਰੇ ਗਏ। ਅੰਕੜਿਆਂ ਮੁਤਾਬਕ ਇਸੇ ਸਮੇਂ ਦੌਰਾਨ 200 ਤੋਂ ਵੱਧ ਮਾਓਵਾਦੀਆਂ ਨੇ ਆਤਮ ਸਮਰਪਣ ਵੀ ਕੀਤਾ।
ਇਸ ਦੌਰਾਨ ਆਤਮ ਸਮਰਪਣ ਵੀ ਹੁੰਦੇ ਰਹੇ ਅਤੇ ਪੁਲਿਸ ਵੱਲੋਂ ਮਾਓਵਾਦੀਆਂ ਦੀਆਂ ਗ੍ਰਿਫ਼ਤਾਰੀਆਂ ਅਤੇ ਲੱਭ-ਲੱਭ ਕੇ ਉਨ੍ਹਾਂ ਦੇ ਮੁਕਾਬਲੇ ਵੀ ਬਣਾਏ ਜਾਂਦੇ ਰਹੇ। ਪੁਲਿਸ ਅਜਿਹੇ ਮੁਕਾਬਲਿਆਂ ਦਾ ਸਿਹਰਾ ਖੂਫੀਆ ਏਜੰਸੀਆਂ ਦੀ ਮੌਕੇ ਸਿਰ ਦਿੱਤੀ ਸੂਹ ਨੂੰ ਦਿੰਦੀ ਰਹੀ ਹੈ।
ਮਾਹਾਰਾਸ਼ਟਰ ਦੇ ਪੁਲਿਸ ਮੁਖੀ ਸਤੀਸ਼ ਮਾਥੁਰ ਨੇ ਸੋਮਵਾਰ ਨੂੰ ਇਸ ਸਫ਼ਲਤਾ ਦਾ ਸਿਹਰਾ "ਸਟੀਕ ਅਤੇ ਪੱਕੀ ਜਾਣਕਾਰੀ" ਨੂੰ ਅਤੇ ਨਕਸਲਵਾਦੀਆਂ ਦੇ ਡਿੱਗੇ ਮਨੋਬਲ ਨੂੰ ਅਤੇ ਮਾਓਵਾਦੀਆਂ ਵਿਚਲੀ ਫੁੱਟ ਨੂੰ ਦਿੱਤਾ।
ਐਤਵਾਰ ਅਤੇ ਸੋਮਵਾਰ ਦੇ ਆਪਰੇਸ਼ਨ ਬਦਲੀ ਰਣਨੀਤੀ ਦਾ ਹਿੱਸਾ ਹਨ।
ਇਸ ਬਦਲੀ ਰਣਨੀਤੀ ਤਹਿਤ ਜਿੱਥੇ ਪਿੰਡ ਵਾਲੇ ਮਾਓਵਾਦੀਆਂ ਨੂੰ ਪੁਲਿਸ ਦੀ ਸੂਹ ਦਿੰਦੇ ਸਨ ਉੱਥੇ ਹੀ ਉਹ ਹੁਣ ਪੁਲਿਸ ਨੂੰ ਮਾਓਵਾਦੀਆਂ ਦੀ ਸੂਹ ਦਿੰਦੇ ਹਨ, ਜੋ ਕਿ ਪੁਲਿਸ ਦੇ ਹੱਕ ਵਿੱਚ ਵੱਡੀ ਤਬਦੀਲੀ ਹੈ।

ਤਸਵੀਰ ਸਰੋਤ, Getty Images
ਪਿਆਰ ਦੇ ਕਿੱਸਿਆਂ ਤੋਂ ਲੈ ਕੇ ਪਾਬੰਦੀਸ਼ੁਦਾ ਪਾਰਟੀ ਤੋਂ ਮੋਹ ਭੰਗ ਹੋਣ ਅਤੇ ਸਰਕਾਰ ਦੀ ਲਾਹੇਵੰਦ ਮੁੜ ਵਸੇਬਾ ਨੀਤੀ ਸਮੇਤ ਕਈ ਕਾਰਨ ਮਾਓਵਾਦੀਆਂ ਦੇ ਹਥਿਆਰ ਸੁੱਟਣ ਦੀ ਵੱਡੇ ਕਾਰਨ ਹਨ।
ਇਸ ਦੇ ਨਾਲ ਹੀ ਬਦਲ ਰਹੇ ਸਮਾਜਿਕ-ਆਰਥਿਕ ਅਤੇ ਸਿਆਸੀ ਮਾਹੌਲ ਕਾਰਨ ਵੀ ਹਥਿਆਰਬੰਦ ਅੰਦੋਲਨ ਖ਼ਤਮ ਹੋ ਰਹੇ ਹਨ।
ਸਤੰਬਰ 2013 ਦੇ ਸੀਪੀਆਈ (ਮਾਓਵਾਦੀ) ਦੀ ਕੇਂਦਰੀ ਕਮੇਟੀ ਦੇ ਇੱਕ ਦਸਤਾਵੇਜ਼ ਵਿੱਚ ਦਰਜ ਹੈ, "ਪਿਛਲੇ ਸਾਲਾਂ ਦੌਰਾਨ ਹੋ ਰਹੀਆਂ ਲਗਾਤਾਰ ਗ੍ਰਿਫ਼ਤਾਰੀਆਂ ਕਰਕੇ ਮਾਹਾਰਾਸ਼ਟਰ ਵਿੱਚ ਲਹਿਰ ਨੂੰ ਨੁਕਸਾਨ ਹੋ ਰਿਹਾ ਹੈ।...ਭਾਵੇਂ ਕ੍ਰਾਂਤੀ ਦੀ ਦੇਸ ਵਿਆਪੀ ਸਥਿਤੀ ਗੰਭੀਰ ਹੈ ਪਰ ਸਾਰੇ ਸੂਬਿਆਂ ਵਿੱਚ ਹਾਲਾਤ ਇੱਕੋ-ਜਿਹੇ ਨਹੀਂ ਹਨ।
ਦੰਦਕਰਿਆਨਾ ਦੇ ਵੱਡੇ ਇਲਾਕੇ ਵਿੱਚ ਲੋਕ ਆਧਾਰ ਘਟਿਆ ਹੈ।ਪਾਰਟੀ ਅਤੇ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਵਿੱਚ ਵੀ ਸਰਗਰਮੀ ਘਟੀ ਅਤੇ ਵਿਸਥਾਰ ਘਟਿਆ ਹੈ। ਭਰਤੀ ਘਟੀ ਹੈ ਜਦ ਕਿ ਸੰਗਠਨ ਛੱਡਣ ਵਾਲਿਆਂ ਦੀ ਗਿਣਤੀ ਵਧੀ ਹੈ। ਇਨ੍ਹਾਂ ਸਾਰੇ ਕਾਰਨਾਂ ਕਰਕੇ ਲਹਿਰ ਗੰਭੀਰ ਹਾਲਾਤ ਦਾ ਸਾਹਮਣਾ ਕਰ ਰਹੀ ਹੈ।"
ਹਥਿਆਰਬੰਦ ਟਕਰਾਅ ਵਿੱਚ ਸੂਹ ਦੀ ਆਪਣੀ ਮਹੱਤਵਪੂਰਨ ਥਾਂ ਹੈ। ਸਥਾਨਕ ਕਬੀਲਿਆਂ ਦਾ ਮਾਓਵਾਦੀਆਂ ਨਾਲ ਟਕਰਾਅ ਵਿੱਚ ਸਹਿਯੋਗ ਲੈਣ ਦਾ ਹੁਣ ਸਰਕਾਰ ਨੂੰ ਲਾਭ ਮਿਲ ਰਿਹਾ ਹੈ।
ਸੀ-60 ਕੀ ਹੈ?
ਸਾਲ 1992 ਵਿੱਚ ਮਾਹਾਰਸ਼ਟਰ ਪੁਲਿਸ ਨੇ ਮਾਓਵਾਦੀਆਂ ਨਾਲ ਆਪਣੀ ਪਿਛਲੀ ਰਣਨੀਤੀ ਵਿੱਚ ਅਸਫ਼ਲ ਰਹਿਣ ਮਗਰੋਂ ਗੜ੍ਹਚਿਰੋਲੀ ਵਿੱਚ ਇੱਕ ਵਿਸ਼ੇਸ਼ ਪੁਲਿਸ ਟੀਮ ਬਣਾਈ। ਜਿਸ ਵਿੱਚ ਸਥਾਨਕ ਕਬੀਲਿਆਂ ਦੇ ਲੋਕਾਂ ਨੂੰ ਭਰਤੀ ਕੀਤਾ ਜਾਣਾ ਸੀ।

ਤਸਵੀਰ ਸਰੋਤ, Getty Images
ਉੱਪਰੋਂ 60 ਲੜਾਕਿਆਂ ਦੀ ਇੱਕ ਟੀਮ ਬਣਾਉਣ ਨੂੰ ਮਨਜ਼ੂਰੀ ਮਿਲੀ। ਸਮੇਂ ਨਾਲ ਇਸ ਸੀ-60 ਦੀ ਟੀਮ ਦਾ ਵਾਧਾ ਹੋਇਆ ਅਤੇ ਇਹ ਇੱਕ ਖ਼ਾਸ ਨਕਸਲ ਵਿਰੋਧੀ ਤਾਕਤ ਬਣ ਗਈ। ਮੌਜੂਦਾ ਸਮੇਂ ਇਸ ਵਿੱਚ ਗੁਰੀਲਾ ਸਿਖਲਾਈ ਪ੍ਰਾਪਤ ਇੱਕ ਹਜ਼ਾਰ ਦੇ ਲਗਪਗ ਕਮਾਂਡੋ ਹਨ। ਉਨ੍ਹਾਂ ਕੋਲ ਆਧੁਨਿਕ ਹਥਿਆਰ ਹਨ ਅਤੇ ਉਨ੍ਹਾਂ ਨੂੰ ਢੁਕਵੇਂ ਇਨਾਮ ਅਤੇ ਤਰਕੀਆਂ ਦੇ ਕੇ ਪ੍ਰੇਰਿਤ ਰੱਖਿਆ ਜਾਂਦਾ ਹੈ।
ਹਾਲਾਂਕਿ ਸੀ-60 ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਸਥਾਨਕ ਕਬੀਲਾਈ ਕਮਾਂਡੋਜ਼ ਨੇ ਗੁਰੀਲਿਆਂ ਖਿਲਾਫ਼ ਆਪਣੇ ਸਥਾਨਕ ਭਾਸ਼ਾ, ਸੱਭਿਆਚਾਰ ਅਤੇ ਲੋਕਾਂ ਤੇ ਆਪਣੇ ਇਲਾਕੇ ਦੇ ਗਿਆਨ ਦਾ ਲਾਭ ਉਠਾਇਆ ਹੈ।
ਪੁਰਾਣੇ ਲੋਕਾਂ ਨੂੰ ਯਾਦ ਹੋਵੇਗਾ ਕਿ ਕਿਵੇਂ 1990 ਦੇ ਅਖ਼ੀਰ ਅਤੇ 2000 ਦੀ ਸ਼ੁਰੂ ਵਿੱਚ ਨਕਸਲਵਾਦੀ, ਸੀ-60 ਦੇ ਉਤਸ਼ਾਹੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਜੀਆਂ ਨੂੰ ਫੋਰਸ ਵਿੱਚ ਭਰਤੀ ਹੋਣ ਤੋਂ ਰੋਕਣ ਲਈ ਮਾਰ ਦਿੰਦੇ ਸਨ। ਉਹ ਇਹ ਕਾਰਵਾਈਆਂ ਇਸ ਲਈ ਕਰਦੇ ਸਨ ਕਿਉਂਕਿ ਨਕਸਲਵਾਦੀਆਂ ਨੂੰ ਇਹ ਕਮਾਂਡੋ ਆਪਣੀ ਹੋਂਦ ਲਈ ਖ਼ਤਰਾ ਲਗਦੇ ਸਨ।
ਇਸ ਸਭ ਦੇ ਬਾਵਜ਼ੂਦ ਦੋ ਦਹਾਕਿਆਂ ਤੋ ਵੱਧ ਸਮੇਂ ਤੱਕ ਸੀ-60 ਨੇ ਮਾਓਵਾਦੀਆਂ (ਜਿਨ੍ਹਾਂ ਦੇ ਲੜਾਕੇ ਵੀ ਇਨ੍ਹਾਂ ਕਬੀਲਿਆਂ ਵਿੱਚੋਂ ਹੀ ਭਰਤੀ ਹੋਏ ਹੁੰਦੇ ਹਨ) ਖਿਲਾਫ਼ ਇੱਕ ਸਟੀਕ ਲੜਾਈ ਲੜੀ ਹੈ।
ਐਤਵਾਰ ਅਤੇ ਸੋਮਵਾਰ ਦੇ ਦੋਵੇਂ ਆਪ੍ਰੇਸ਼ਨ ਸੀ-60 ਕਮਾਂਡੋਜ਼ ਦੀਆਂ ਕੰਪਨੀਆਂ ਨੇ ਨੇਪਰੇ ਚਾੜ੍ਹੇ ਹਨ। ਜਿਨ੍ਹਾਂ ਦੇ ਖੂਫੀਆ ਨੈਟਵਰਕ, ਬਹੁਤ ਸਾਰੇ ਸੋਮਿਆਂ,ਖੇਤਰ ਵਿੱਚ ਸੈਟਲਾਈਟ ਫੋਨ, ਪੈਰਾ ਮਿਲਟਰੀ ਫੌਜ ਦੀ ਸ਼ਮੂਲੀਅਤ, ਵਧੀ ਹੋਈ ਗਸ਼ਤ ਨੇ ਗੁਰੀਲਿਆਂ (ਜਿਨ੍ਹਾਂ ਦੀ ਸ਼ਕਤੀ ਪਿਛਲੇ ਸਮੇਂ ਦੌਰਾਨ ਘਟੀ ਹੈ ਅਤੇ ਜਿਨ੍ਹਾਂ ਕੋਲ ਅਸਲੇ ਦੀ ਵੀ ਘਾਟ ਹੈ), ਉੱਪਰ ਦਬਾਅ ਵਧਾਇਆ ਹੈ।
ਸਟੀਕ ਖੂਫੀਆ ਜਾਣਕਾਰੀ ਕਰਕੇ ਸਾਲ 2014, 2015 ਅਤੇ 2016 ਦੌਰਾਨ ਸੀ-60 ਵੱਲੋਂ ਕਈ ਸਫ਼ਲ ਆਪਰੇਸ਼ਨਾਂ ਨੂੰ ਅੰਜਾਮ ਦਿੱਤਾ ਹੈ। ਉਹ ਮੁਕਾਬਲੇ ਨਹੀਂ ਸਨ ਬਲਕਿ ਸੋਚੀਆਂ ਸਮਝੀਆਂ ਮੁੱਠਭੇੜਾਂ ਸਨ। ਇਸ ਦੇ ਨਾਲ ਹੀ ਮਾਓਵਾਦੀਆਂ ਪ੍ਰਤੀ ਘਟਦੀ ਲੋਕ ਹਮਾਇਤ ਵੀ ਹੁਣ ਸਪਸ਼ਟ ਹੈ।
ਜਦੋਂ ਸੁਖਦੇਵ ਅਤੇ ਨੰਦਾ ਨੇ ਵਿਆਹ ਕਰਵਾਇਆ ਸੀ ਤਾਂ ਉਨ੍ਹਾਂ ਦੇ ਕਈ ਪੁਰਾਣੇ ਕਾਮਰੇਡ ਸਾਥੀਆਂ ਇਸ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਦਾ ਹਥਿਆਰ ਬੰਦ ਸੰਘਰਸ਼ ਪਾਸਾ ਬਦਲ ਕੇ ਘਰ ਵਸਾਉਣ ਦਾ ਫੈਸਲਾ ਛੋਟਾ ਲੱਗ ਸਕਦਾ ਹੈ ਪਰ ਇਹ ਉਨ੍ਹਾਂ ਸਾਰੇ ਬਿੰਦੂਆਂ ਨੂੰ ਜੋੜਦਾ ਹੈ ਜੋ ਬਦਲਦੀ ਰਣਨੀਤਿਕ ਜ਼ਮੀਨ ਵੱਲ ਯੋਗਦਾਨ ਪਾ ਰਹੇ ਹਨ।












