ਕਿਸਾਨ ਟਰੈਕਟਰ ਪਰੇਡ ਦੌਰਾਨ ਹੋਏ ਹੰਗਾਮੇ ਨੂੰ ਵਿਦੇਸ਼ੀ ਪ੍ਰੈੱਸ ਨੇ ਕਿਵੇਂ ਰਿਪੋਰਟ ਕੀਤਾ

ਤਸਵੀਰ ਸਰੋਤ, ANI
- ਲੇਖਕ, ਸੰਦੀਪ ਸੋਨੀ
- ਰੋਲ, ਬੀਬੀਸੀ ਪੱਤਰਕਾਰ
ਛੱਬੀ ਜਨਵਰੀ 2021 ਦੀ ਤਰੀਕ ਦਿੱਲੀ ਲਈ ਘਟਨਾਵਾਂ ਅਤੇ ਹੰਗਾਮਿਆਂ ਨਾਲ ਭਰਭੂਰ ਰਹੀ। ਆਓ ਨਜ਼ਰ ਮਾਰਦੇ ਹਾਂ ਭਾਰਤ ਤੋਂ ਬਾਹਰਲੇ ਮੀਡੀਆ ਨੇ ਇਸ ਘਟਨਾਕ੍ਰਮ ਨੂੰ ਕਿਵੇਂ ਰਿਪੋਰਟ ਕੀਤਾ।
ਨਿਊਯਾਰਕ ਟਾਈਮਜ਼ ਨੇ ਲਿਖਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਜਿੱਥੇ ਵਿਸ਼ਾਲ ਫੌਜੀ ਪਰੇਡ ਦੇਖ ਰਹੇ ਸਨ। ਉਸੇ ਸਮੇਂ ਉਨ੍ਹਾਂ ਤੋਂ ਕੁਝ ਮੀਲ ਦੂਰ ਰਾਜਧਾਨੀ ਦੇ ਹੋਰ ਹਿੱਸਿਆਂ ਵਿੱਚੋਂ ਅਫ਼ਰਾ-ਤਫ਼ਰੀ ਦੇ ਦ੍ਰਿਸ਼ ਆ ਰਹੇ ਸਨ।
ਰਿਪੋਰਟ ਵਿੱਚ ਲਿਖਿਆ ਹੈ ਕਿ ਜ਼ਿਆਦਾਤਰ ਕਿਸਾਨਾਂ ਕੋਲ਼ ਲੰਬੀਆਂ ਕਿਰਪਾਨਾਂ, ਤੇਜ਼ਧਾਰ ਹਥਿਆਰਾਂ ਸਮੇਤ ਉਨ੍ਹਾਂ ਦੇ ਰਵਾਇਤੀ ਹਥਿਆਰ ਸੀ। ਕਿਸਾਨਾਂ ਨੇ ਕਿਸੇ ਸਮੇਂ ਮੁਗਲ ਹੁਕਮਰਾਨਾਂ ਦੀ ਰਿਹਾਇਸ਼ ਰਹੇ ਲਾਲ ਕਿਲੇ ਉੱਪਰ ਧਾਵਾ ਕੀਤਾ।
ਇਹ ਵੀ ਪੜ੍ਹੋ
ਕਈ ਥਾਵਾਂ ਤੇ ਪੁਲਿਸ ਰਫ਼ਲਾਂ ਸਿੰਨ੍ਹੀ ਖੜ੍ਹੀ ਸੀ ਅਤੇ ਉਨ੍ਹਾਂ ਦੇ ਸਨਮੁੱਖ ਕਿਸਾਨਾਂ ਦਾ ਹਜੂਮ ਸੀ। ਜ਼ਿਆਦਾਤਰ ਕਿਸਾਨ ਪਹਿਲਾਂ ਤੋਂ ਤੈਅ ਸ਼ੁਦਾ ਰਸਤੇ ਉੱਪਰ ਹੀ ਜਾ ਰਹੇ ਸਨ ਪਰ ਕੁਝ ਲੋਕ ਆਪਣੇ ਟਰੈਕਟਰਾਂ ਸਮੇਤ ਸੁਪਰੀਮ ਕੋਰਟ ਵੱਲ ਵਧੇ ਜਿਨ੍ਹਾਂ ਨੂੰ ਪੁਲਿਸ ਨੇ ਅੱਥਰੂ ਗੈਸ ਦੇ ਗੋਲਿਆਂ ਨਾਲ ਰੋਕਿਆ।
ਰਿਪੋਰਟ ਦੇ ਮੁਤਾਬਕ ਉੱਤਰ ਪ੍ਰਦੇਸ਼ ਤੋਂ ਆਏ ਹੈਪੀ ਸ਼ਰਮਾ ਨੇ ਕਿਹਾ,"ਇੱਕ ਵਾਰ ਜਦੋਂ ਅਸੀਂ ਦਿੱਲੀ ਦੇ ਅੰਦਰ ਆ ਗਏ ਤਾਂ ਫਿਰ ਅਸੀਂ ਉਦੋਂ ਤੱਕ ਕਿਤੇ ਨਹੀਂ ਜਾਣ ਵਾਲੇ ਜਦੋਂ ਤੱਕ ਮੋਦੀ ਉਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੇ।"
ਉੱਥੇ ਹੀ ਕਿਸਾਨ ਅੰਦੋਲਨ ਦੇ ਆਗੂਆਂ ਵਿੱਚੋਂ ਬਲਬੀਰ ਸਿੰਘ ਰਾਜੇਵਾਲ ਦੇ ਹਵਾਲੇ ਨਾਲ ਰਿਪੋਰਟ ਵਿੱਚ ਲਿਖਿਆ ਗਿਆ ਹੈ,"ਇਸ ਅੰਦੋਲਨ ਦੀ ਪਛਾਣ ਰਹੀ ਹੈ ਕਿ ਇਹ ਸ਼ਾਂਤੀ ਪੂਰਣ ਰਿਹਾ ਹੈ। ਸਰਕਾਰ ਅਫ਼ਵਾਹ ਫੈਲਾਅ ਰਹੀ ਹੈ ਏਜੰਸੀਆਂ ਨੇ ਲੋਕਾਂ ਗੁਮਰਾਹ ਕੀਤਾ ਹੈ। ਲੇਕਿਨ ਜੇ ਅਸੀਂ ਸ਼ਾਂਤਮਈ ਰਹੇ ਤਾਂ ਅਸੀਂ ਜਿੱਤਾਂਗੇ ਨਹੀਂ ਜਿੱਤ ਮੋਦੀ ਦੀ ਹੋਵੇਗੀ।"
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟਰੈਕਟਰ ਮਾਰਚ ਨੂੰ ਰੋਕਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਜਿਸ ਤੋਂ ਸਾਫ਼ ਹੁੰਦਾ ਹੈ ਕਿ ਇਸ ਰੋਸ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹਨ।
ਆਪਣੇ ਵਿਰੋਧੀਆਂ ਨੂੰ ਤਹਿਸ-ਨਹਿਸ ਕਰਨ ਤੋਂ ਬਾਅਦ ਨਰਿੰਦਰ ਮੋਦੀ ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸ਼ੀਅਤ ਬਣੇ ਪਰ ਕਿਸਾਨਾਂ ਨੇ ਉਨ੍ਹਾਂ ਦੀ ਭੋਰਾ ਪਰਵਾਹ ਨਹੀਂ ਕੀਤੀ।
ਰਿਪੋਰਟ ਮੁਤਾਬਕ ਇਸ ਤੋਂ ਪਹਿਲਾਂ ਕੁਝ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਮੁਜ਼ਾਹਰਾਕਾਰੀਆਂ ਵਿੱਚ ਕੁਝ ਅੱਤਵਾਦੀ ਤੱਤ ਸ਼ਾਮਲ ਹਨ ਜੋ ਕਿਸਾਨਾਂ ਦੇ ਦਿੱਲੀ ਵਿੱਚ ਦਾਖ਼ਲ ਹੋਣ ਤੇ ਹਿੰਸਕ ਹੋ ਜਾਣਗੇ।

'ਮੋਦੀ ਹੁਣ ਸਾਨੂੰ ਸੁਣਨਗੇ'
ਆਸਟਰੇਲੀਆ ਦੇ ਸਿਡਨੀ ਮੌਰਨਿੰਗ ਹੈਰਾਲਡ ਵਿੱਚ ਛਪੀ ਇੱਕ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਹਜ਼ਾਰਾਂ ਕਿਸਾਨ ਉਸ ਸਮੇਂ ਇਤਿਹਾਸਿਕ ਲਾਲ ਕਿਲ੍ਹੇ ’ਤੇ ਜਾ ਪਹੁੰਚੇ ਜਿੱਥੋਂ ਫ਼ਸੀਲ ਤੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਾਲ ਵਿੱਚ ਇੱਕ ਵਾਰ ਦੇਸ ਨੂੰ ਸੰਬੋਧਿਤ ਕਰਦੇ ਹਨ।ਖ਼ਬਰ ਵਿੱਚ ਪੰਜਾਬ ਦੇ 55 ਸਾਲਾ ਕਿਸਾਨ ਸੁਖਦੇਵ ਸਿੰਘ ਦੇ ਹਵਾਲੇ ਤੋਂ ਕਿਹਾ ਗਿਆ ਹੈ, "ਮੋਦੀ ਹੁਣ ਸਾਨੂੰ ਸੁਣਨਗੇ, ਉਨ੍ਹਾਂ ਨੂੰ ਹੁਣ ਸਾਨੂੰ ਸੁਣਨਾ ਹੋਵੇਗਾ।''
ਸੁਖਦੇਵ ਸਿੰਘ ਉਨ੍ਹਾਂ ਸੈਂਕੜੇ ਕਿਸਾਨਾਂ ਵਿਚੋਂ ਇੱਕ ਸਨ ਜੋ ਟਰੈਕਟਰ ਰੈਲ ਦੇ ਤੈਅ ਰਸਤੇ ਤੋਂ ਹੱਟਕੇ ਵੱਖਰੇ ਰਸਤੇ ’ਤੇ ਤੁਰ ਪਏ ਸਨ। ਇਨ੍ਹਾਂ ਵਿੱਚ ਕੁਝ ਲੋਕ ਘੋੜਿਆਂ 'ਤੇ ਵੀ ਸਨ।
ਅਖ਼ਬਾਰ ਨੇ ਦਿੱਲੀ ਦੇ ਇੱਕ ਥਿੰਕ ਟੈਂਕ ਆਬਜ਼ਰਵਰ ਰਿਸਰਚ ਫ਼ਾਉਂਡੇਸ਼ਨ ਦੇ ਮਾਹਰ ਅੰਬਰ ਕੁਮਾਰ ਘੋਸ਼ ਦੇ ਹਵਾਲੇ ਨਾਲ ਲਿਖਿਆ ਹੈ, "ਕਿਸਾਨ ਜਥੇਬੰਦੀਆਂ ਦੀ ਪਕੜ ਬਹੁਤ ਮਜ਼ਬੂਤ ਹੈ। ਉਨ੍ਹਾਂ ਕੋਲ ਲੋਕ ਸਮਰਥਕਾਂ ਨੂੰ ਗਤੀਸ਼ੀਲ ਕਰਨ ਲਈ ਸਾਧਨ ਹਨ।
“ਉਹ ਲੰਬੇ ਸਮੇਂ ਤੱਕ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਨ। ਕਿਸਾਨ ਸੰਗਠਨ ਆਪਣੇ ਵਿਰੋਧ ਨੂੰ ਕੇਂਦਰਿਤ ਰੱਖਣ ਵਿੱਚ ਕਾਫ਼ੀ ਸਫ਼ਲ ਰਹੇ ਹਨ।"
ਖ਼ਬਰ ਦੇ ਮੁਤਾਬਿਕ, ਭਾਰਤ ਦੀ 1.3 ਅਰਬ ਆਬਾਦੀ ਵਿੱਚੋਂ ਤਕਰੀਬਨ ਅੱਧੀ ਆਬਾਦੀ ਖੇਤੀ ’ਤੇ ਨਿਰਭਰ ਹੈ ਅਤੇ ਇੱਕ ਅੰਦਾਜੇ ਮੁਤਾਬਿਕ ਕਰੀਬ 15 ਕਰੋੜ ਕਿਸਾਨ ਇਸ ਸਮੇਂ ਸਰਕਾਰ ਲਈ ਸਿਰਦਰਦ ਬਣੇ ਹੋਏ ਹਨ।
ਅਖ਼ਬਾਰ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਬਿਆਨ ਨੂੰ ਯਾਦ ਕਰਵਾਇਆ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ''ਕਿਸਾਨ ਆਪਣੀ ਟਰੈਕਟਰ ਰੈਲੀ ਲਈ 26 ਜਨਵਰੀ ਦੇ ਇਲਾਵਾ ਕੋਈ ਹੋਰ ਦਿਨ ਚੁਣ ਸਕਦੇ ਸਨ।'
'ਸੁਰੱਖਿਆ ਇੰਤਜ਼ਾਮਾ ਨੂੰ ਅੰਗੂਠਾ ਦਿਖਾਇਆ'

ਅਲਜਜ਼ੀਰਾ ਨੇ ਆਪਣੀ ਖ਼ਬਰ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਕੀਤੀ ਹੈ, "ਭਾਰਤ ਦੇ ਹਜ਼ਾਰਾਂ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਰਾਜਧਾਨੀ ਵਿੱਚ ਮੁਗ਼ਲ ਕਾਲ ਦੀ ਇਮਾਰਤ ਲਾਲ ਕਿਲ੍ਹੇ ਦੇ ਵਿਹੜੇ ਵਿੱਚ ਇੱਕ ਤਰੀਕੇ ਨਾਲ ਧਾਵਾ ਬੋਲ ਦਿੱਤਾ,ਹਿੰਸਕ ਵਿਰੋਧ ਪ੍ਰਦਰਸ਼ਨਾਂ ਵਿੱਚ ਘੱਟੋ ਘੱਟ ਇੱਕ ਵਿਅਕਤੀ ਦੀ ਮੌਤ ਹੋਈ।"
ਖ਼ਬਰ ਵਿੱਚ ਕਿਹਾ ਗਿਆ ਹੈ ਕਿ, "ਗਣਤੰਤਰ ਦਿਵਸ ਦੀ ਪਰੇਡ ਦੇ ਮੱਦੇਨਜ਼ਰ ਕੀਤੇ ਗਏ ਵਿਆਪਕ ਸੁਰੱਖਿਆ ਇੰਤਜ਼ਾਮਾਂ ਨੂੰ ਅੰਗੂਠਾ ਦਿਖਾਉਂਦੇ ਹੋਏ ਮੁਜ਼ਾਹਰਾਕਾਰੀ ਲਾਲ ਕਿਲ੍ਹੇ ਵਿੱਚ ਦਾਖ਼ਲ ਹੋਏ, ਜਿਥੇ ਸਿੱਖ ਕਿਸਾਨਾਂ ਨੇ ਇੱਕ ਧਾਰਮਿਕ ਝੰਡਾ ਵੀ ਲਗਾਇਆ।''
ਖ਼ਬਰ ਵਿੱਚ ਇਸ ਤੱਥ ਵੱਲ ਧਿਆਨ ਦਵਾਇਆ ਗਿਆ ਹੈ ਕਿ ਇਹ ਉਹ ਹੀ ਲਾਲ ਕਿਲ੍ਹਾ ਹੈ ਜਿਥੇ ਭਾਰਤ ਦੇ ਪ੍ਰਧਾਨ ਮੰਤਰੀ ਹਰ ਸਾਲ 15 ਅਗਸਤ ਨੂੰ ਮਨਾਏ ਜਾਣ ਵਾਲੇ ਸੁਤੰਤਰਤਾ ਦਿਵਸ ਮੌਕੇ ਤਿਰੰਗਾ ਫ਼ਹਿਰਾਉਂਦੇ ਹਨ।
ਖ਼ਬਰ ਦੇ ਨਾਲ ਛਾਪੀ ਗਈ ਇੱਕ ਤਸਵੀਰ ਵਿੱਚ ਦਿਖਾਇਆ ਗਿਆ ਹੈ ਕਿ ਸੜਕ ਤੇ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਹੈ, ਜਿਸ ਨੂੰ ਤਿਰੰਗੇ ਨਾਲ ਢਕਿਆ ਗਿਆ ਹੈ ਅਤੇ ਮੁਜ਼ਾਹਰਾਕਾਰੀ ਉਸ ਦੇ ਆਲੇ ਦੁਆਲੇ ਬੈਠੇ ਹੋਏ ਹਨ।
ਨਾਲ ਹੀ ਇੱਕ ਪੋਸਟਰ ਦਾ ਜ਼ਿਕਰ ਕੀਤਾ ਗਿਆ ਹੈ ਜਿਸ 'ਤੇ ਲਿਖਿਆ ਹੈ-"ਅਸੀਂ ਪਿੱਛੇ ਨਹੀਂ ਹਟਾਂਗੇ, ਅਸੀਂ ਜਿੱਤਾਂਗੇ ਜਾਂ ਮਰਾਂਗੇ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਖ਼ਬਰ ਵਿੱਚ 52 ਸਾਲਾ ਕਿਸਾਨ ਵਿਰੇਂਦਰ ਬੀਰ ਸਿੰਘ ਦੇ ਹਵਾਲੇ ਨਾਲ ਲਿਖਿਆ ਗਿਆ ਹੈ, "ਪੁਲਿਸ ਨੇ ਸਾਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਰੋਕ ਨਹੀਂ ਸਕੀ।"
ਇਸੇ ਤਰੀਕੇ ਨਾਲ 73 ਸਾਲ ਦੇ ਕਿਸਾਨ ਗੁਰਬਚਨ ਸਿੰਘ ਦੇ ਹਵਾਲੇ ਨਾਲ ਲਿਖਿਆ ਗਿਆ ਹੈ,"ਉਨ੍ਹਾਂ ਨੇ ਜੋ ਕਾਨੂੰਨ ਬਣਾਏ ਹਨ, ਅਸੀਂ ਉਨ੍ਹਾਂ ਨੂੰ ਰੱਦ ਕਰਕੇ ਰਹਾਂਗੇ।"
'ਲਾਲ ਕਿਲੇ ’ਤੇ ਖ਼ਾਲਿਸਤਾਨ ਦਾ ਝੰਡਾ'

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ਦਿ ਡਾਅਨ ਦੀ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਇਤਿਹਾਸਕ ਸਮਾਰਕ ਲਾਲ ਕਿਲੇ ਦੀ ਮੀਨਾਰ ਉੱਪਰ ਕੁਝ ਮੁਜ਼ਾਹਰਾਕਾਰੀਆਂ ਨੇ ਖ਼ਾਲਿਸਤਾਨ ਦਾ ਝੰਡਾ ਲਗਾ ਦਿੱਤਾ।
ਖ਼ਬਰ ਵਿੱਚ ਕਿਹਾ ਗਿਆ ਹੈ,"ਖੇਤੀ ਸੁਧਾਰਾਂ ਦਾ ਵਿਰੋਧ ਕਰ ਰਹੇ ਹਜ਼ਾਰਾਂ ਕਿਸਾਨ ਮੰਗਲਵਾਰ ਨੂੰ ਬੈਰੀਕੇਡ ਹਟਾ ਕੇ ਇਤਿਹਾਸਿਕ ਲਾਲ ਕਿਲੇ ਵਿੱਚ ਵੜ ਗਏ ਅਤੇ ਉੱਥੇ ਆਪਣੇ ਝੰਡੇ ਲਗਾ ਦਿੱਤੇ।"
ਖ਼ਬਰ ਵਿੱਚ ਕਿਹਾ ਗਿਆ ਹੈ ਕਿ ਨਿੱਜੀ ਖ਼ੀਰਦਾਰਾਂ ਦੀ ਮਦਦ ਕਰਨ ਵਾਲੇ ਖੇਤੀ ਕਾਨੂੰਨਾਂ ਤੋਂ ਖ਼ਫ਼ਾ ਕਿਸਾਨ ਦੇ ਦਿੱਲੀ ਦੇ ਬਾਹਰ ਡੇਰਾ ਲਾਏ ਹੋਏ ਹਨ, ਜੋ ਸਾਲ 2014 ਤੋਂ ਦੀਆਂ ਚੋਣਾਂ ਤੋਂ ਬਾਅਦ ਸੱਤਾ ਵਿੱਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਇੱਕ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ।
ਇਸ ਖ਼ਬਰ ਦੇ ਨਾਲ ਡਾਅਨ ਕਈ ਤਸਵੀਰਾਂ ਲਾਈਆਂ ਹਨ ਜਿਨ੍ਹਾਂ ਵਿੱਚ ਦਿਖਾਇਆ ਗਿਆ ਹੈ ਕਿ ਮੁਜ਼ਾਹਰਾਕਾਰੀ ਰੱਸੀ ਨਾਲ ਲਾਲ ਕਿਲੇ ਦੀ ਮੀਨਾਰ ਉੱਪਰ ਚੜ੍ਹ ਕੇ ਝੰਡੇ ਲਗਾ ਰਹੇ ਹਨ।
ਕੁਝ ਤਸਵੀਰਾਂ ਵਿੱਚ ਮੁਜ਼ਾਹਰਾਕਾਰੀਆਂ ਕੋਲ ਤਲਵਾਰਾਂ ਹਨ ਤਾਂ ਕੁਝ ਵਿੱਚ ਉਹ ਪੁਲਿਸ ਦਾ ਕੀਤੀ ਬੈਰੀਕੇਡਿੰਗ ਹਟਾ ਰਹੇ ਹਨ। ਉੱਥੇ ਹੀ ਪੁਲਿਸ ਅੱਥਰੂ ਗੈਸ ਦੇ ਗੋਲੇ ਦਾਗ਼ ਰਹੀ ਹੈ।
ਸੋਸ਼ਲ ਮੀਡੀਆ ਉੱਤੇ ਫੇਕ ਨਿਊਜ਼ ਦੀ ਜਾਂਚ ਕਰਨ ਵਾਲੀ ਵੈੱਬਸਾਈਟ ਆਲਟ ਨਿਊਜ਼ ਨੇ ਇਸ ਦੀ ਜਾਂਚ ਕੀਤੀ ਅਤੇ ਦੱਸਿਆ ਕਿ ਮੁਜਾਹਰਾਕਾਰੀਆਂ ਨੇ ਤਿਰੰਗੇ ਨੂੰ ਨੁਕਸਾਨ ਨਹੀਂ ਪਹੁੰਚਾਇਆ।
'ਨਰਿੰਦਰ ਮੋਦੀ ਲਈ ਬਹੁਤ ਵੱਡੀ ਚੁਣੌਤੀ'
ਸੀਐੱਨਐੱਨ ਨੇ ਆਪਣੀ ਖ਼ਬਰ ਵਿੱਚ ਕਿਹਾ ਹੈ ਕਿ ਇੱਕ ਪਾਸੇ ਜਿੱਥੇ ਸਰਕਾਰੀ ਪਰੇਡ ਦਾ ਪ੍ਰੋਗਰਾਮ ਕੋਵਿਡ-19 ਕਰਕੇ ਪਹਿਲਾਂ ਜਿੰਨਾਂ ਵੱਡਾ ਨਹੀਂ ਸੀ, ਉਥੇ ਹੀ ਦੂਸਰੇ ਪਾਸੇ ਕਿਸਾਨਾਂ ਨੇ ਗਣਤੰਤਰ ਦਿਵਸ ਪਰੇਡ ਦੌਰਾਨ ਹੀ ਆਪਣਾ ਮਾਰਚ ਕੱਢਣ ਦੀ ਯੋਜਨਾ ਬਣਾਈ।
ਖ਼ਬਰ ਵਿੱਚ ਕਿਹਾ ਗਿਆ ਹੈ ਕਿ 'ਇੰਨਾਂ ਵੱਡਾ ਵਿਰੋਧ ਪ੍ਰਦਰਸ਼ਨ ਨਰਿੰਦਰ ਮੋਦੀ ਲਈ ਬਹੁਤ ਵੱਡੀ ਚੁਣੌਤੀ ਹੈ।'
ਖ਼ਬਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ, ''ਅਸਮਾਜਿਕ ਤੱਤਾਂ ਨੇ ਪ੍ਰਦਰਸ਼ਨ ਦੌਰਾਨ ਘੁਸਪੈਠ ਕੀਤੀ, ਨਹੀਂ ਤਾਂ ਅੰਦੋਲਨ ਸ਼ਾਂਤੀਮਈ ਹੀ ਰਿਹਾ ਹੈ।''
ਸੀਐੱਨਐੱਨ ਦਾ ਕਹਿਣਾ ਹੈ ਕਿ ਦਹਾਕਿਆਂ ਤੋਂ ਭਾਰਤ ਸਰਕਾਰ ਕੁਝ ਫ਼ਸਲਾਂ ਦੀ ਕੀਮਤ ਲਈ ਕਿਸਾਨਾਂ ਨੂੰ ਗਾਰੰਟੀ ਦਿੰਦੀ ਰਹੀ ਹੈ, ਜਿਸ ਨਾਲ ਕਿਸਾਨ ਅਗਲੀ ਫ਼ਸਲ ਲਈ ਨਿਸ਼ਚਿੰਤ ਹੋ ਕੇ ਆਪਣਾ ਪੈਸਾ ਖ਼ਰਚ ਕਰ ਪਾਉਂਦੇ ਹਨ।
ਬੀਤੇ ਸਾਲ ਸਤੰਬਰ ਵਿੱਚ ਮੋਦੀ ਸਰਕਾਰ ਨੇ ਜੋ ਨਵੇਂ ਖੇਤੀ ਕਾਨੂੰਨ ਬਣਾਏ ਹਨ, ਉਨਾਂ ਵਿੱਚ ਕਿਸਾਨਾਂ ਨੂੰ ਆਪਣੀ ਫ਼ਸਲ ਸਿੱਧੇ ਕਿਸੇ ਨੂੰ ਵੀ ਵੇਚਣ ਦੀ ਆਜ਼ਾਦੀ ਦਿੱਤੀ ਗਈ ਹੈ।
ਹਾਲਾਂਕਿ ਕਿਸਾਨਾਂ ਦਾ ਤਰਕ ਹੈ ਕਿ ਇਹ ਨਵੇਂ ਕਾਨੂੰਨ ਕਿਸਾਨਾਂ ਦੀ ਬਜਾਇ ਕਾਰਪੋਰੇਟ ਦੇ ਪੱਖ ਵਿੱਚ ਹਨ। ਭਾਰਤ ਵਿੱਚ ਇਹ ਕਾਨੂੰਨ ਇਸ ਲਈ ਵਿਵਾਦਾਂ ਵਿੱਚ ਰਹੇ ਹਨ ਕਿਉਂਕਿ ਦੇਸ ਦੀ ਤਕਰੀਬਨ 58 ਫ਼ੀਸਦ ਆਬਾਦੀ ਦੀ ਰੋਜ਼ੀ-ਰੋਟੀ ਦਾ ਮੁੱਢਲਾ ਸਾਧਨ ਖੇਤੀ ਹੀ ਹੈ। ਇਹ ਉਹ ਵਰਗ ਹੈ ਜੋ ਸਭ ਤੋਂ ਵੱਡਾ ਵੋਟ ਬੈਂਕ ਹੈ।

ਤਸਵੀਰ ਸਰੋਤ, ANI
ਮੋਦੀ ਨੂੰ ਦਿੱਤੀ ਚੁਣੌਤੀ
ਕੈਨੇਡਾ ਤੋਂ ਪ੍ਰਕਾਸ਼ਿਤ ਹੋਣ ਵਾਲੇ ਅਖ਼ਬਾਰ ਦਾ ਸਟਾਰ ਨੇ ਇਸ ਖ਼ਬਰ ਨੂੰ ਛਾਪਦੇ ਹੋਏ ਲਿਖਿਆ ਹੈ,'ਮੋਦੀ ਨੂੰ ਚੁਣੌਤੀ ਦਿੰਦੇ ਹੋਏ ਭਾਰਤ ਦੇ ਲਾਲਾ ਕਿਲ੍ਹੇ ਵਿੱਚ ਵੜੇ ਨਾਰਾਜ਼ ਕਿਸਾਨ' ਦ ਸਟਾਰ ਨੇ ਨਿਊਜ਼ ਏਜੰਸੀ ਏਪੀ ਦੀ ਖ਼ਬਰ ਨੂੰ ਛਾਪਿਆ ਹੈ ਜਿਸ ਵਿੱਚ 72ਵੇਂ ਗਣਤੰਤਰ ਦਿਵਸ ਦੇ ਦਿਨ ਦਿੱਲੀ ਵਿੱਚ ਜੋ ਕੁਝ ਹੋਇਆ, ਉਸ ਸਭ ਦਾ ਵੇਰਵਾ ਦਿੱਤਾ ਗਿਆ ਹੈ।
ਅਖ਼ਬਾਰ ਵਿੱਚ ਛਪੀ ਖ਼ਬਰ ਵਿੱਚ ਪੰਜ ਲੋਕਾਂ ਦੇ ਪਰਿਵਾਰ ਦੇ ਨਾਲ ਦਿੱਲੀ ਵਿੱਚ ਰਹਿਣ ਵਾਲੇ ਸਤਪਾਲ ਸਿੰਘ ਕਹਿੰਦੇ ਹਨ, "ਅਸੀਂ ਮੋਦੀ ਨੂੰ ਆਪਣੀ ਤਾਕਤ ਦਿਖਾਉਣਾ ਚਾਹੁੰਦੇ ਸੀ। ਅਸੀਂ ਆਤਮ ਸਮਰਪਣ ਨਹੀਂ ਕਰਾਂਗੇ।"
ਉਥੇ ਹੀ ਇੱਕ ਹੋਰ ਨੌਜਵਾਨ ਮਨਜੀਤ ਸਿੰਘ ਨੇ ਕਿਹਾ, " ਅਸੀਂ ਜੋ ਚਹਾਂਗੇ ਉਹ ਕਰਾਂਗੇ। ਤੁਸੀਂ ਆਪਣੇ ਕਾਨੂੰਨ ਸਾਡੇ 'ਤੇ ਥੋਪ ਨਹੀਂ ਸਕਦੇ।"
ਇਹ ਖ਼ਬਰਾਂ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












