ਕੀ ਕੁੱਤੇ ਕੈਂਸਰ ਨੂੰ ਸੁੰਘ ਕੇ ਪਛਾਣ ਸਕਦੇ ਹਨ? ਭਾਰਤ ਵਿੱਚ ਹੋ ਰਹੀ ਇਹ ਰਿਸਰਚ ਕਿੱਥੇ ਤੱਕ ਪਹੁੰਚੀ ਹੈ

ਤਸਵੀਰ ਸਰੋਤ, Dognosis
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੰਗਲੁਰੂ ਤੋਂ ਬੀਬੀਸੀ ਹਿੰਦੀ ਲਈ
- ਪੜ੍ਹਨ ਦਾ ਸਮਾਂ: 9 ਮਿੰਟ
ਅਗਲੀ ਵਾਰ ਜਦੋਂ ਤੁਸੀਂ ਕਿਸੇ ਸਿਹਤ ਜਾਂਚ ਕੈਂਪ ਜਾਂ ਹਸਪਤਾਲ ਜਾਓ ਤਾਂ ਜੇ ਤੁਹਾਨੂੰ 10 ਮਿੰਟ ਤੱਕ ਇੱਕ ਮਾਸਕ ਅੰਦਰ ਸਾਹ ਲੈਣ ਨੂੰ ਕਿਹਾ ਜਾਵੇ ਤਾਂ ਬਿਨ੍ਹਾਂ ਝਿਜਕ ਅਤੇ ਡਰ ਤੋਂ ਅਜਿਹਾ ਕਰੋ।
ਮੈਡੀਕਲ ਟੀਮ ਤੁਹਾਨੂੰ ਸਾਹ ਲੈਣ ਲਈ ਇਸ ਲਈ ਕਹਿ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਕਿਤੇ ਤੁਸੀਂ ਕੈਂਸਰ ਜਿਹੀ ਲੁਕੀ ਹੋਈ ਬਿਮਾਰੀ ਨਾਲ ਤਾਂ ਨਹੀਂ ਜੂਝ ਰਹੇ ਹੋ।
ਅਸੀਂ ਜਾਣਦੇ ਹਾਂ ਕਿ ਕਿਵੇਂ ਕੋਲੋਰੈਕਟਲ ਕੈਂਸਰ ਜਿਹੀਆਂ ਕੁਝ ਬਿਮਾਰੀਆਂ ਦੂਜੀ ਜਾਂ ਤੀਜੀ ਸਟੇਜ ਵਿੱਚ ਜਾ ਕੇ ਪਕੜ ਵਿੱਚ ਆਉਂਦੀਆਂ ਹਨ। ਇਸ ਸਟੇਜ 'ਤੇ ਕੈਂਸਰ ਦੇ ਡਾਕਟਰਾਂ ਲਈ ਮਰੀਜ਼ ਦੀ ਜਾਨ ਬਚਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਜੋ ਮੈਡੀਕਲ ਟੀਮ ਤੁਹਾਨੂੰ ਸਾਹ ਲੈਣ ਨੂੰ ਕਹਿ ਰਹੀ ਹੈ, ਉਹ ਦਰਅਸਲ ਤੁਹਾਡਾ ਸੈਂਪਲ ਲੈ ਰਹੀ ਹੈ ਤਾਂ ਕਿ ਉਸ ਨੂੰ ਇੱਕ ਖ਼ਾਸ ਤਰੀਕੇ ਨਾਲ ਟ੍ਰੇਨ ਕੀਤੇ ਹੋਏ ਕੁੱਤੇ ਨੂੰ ਸੁੰਘਾਇਆ ਜਾ ਸਕੇ ਅਤੇ ਇਹ ਪਤਾ ਲੱਗ ਸਕਦੇ ਕਿ ਸਰੀਰ ਦੇ ਕਿਸੇ ਹਿੱਸੇ ਵਿੱਚ ਕੈਂਸਰ ਦੇ ਨਿਸ਼ਾਨ ਹਨ ਜਾਂ ਨਹੀਂ।
ਕੈਂਸਰ ਜਿੰਨੀ ਜਲਦੀ ਪਕੜ ਵਿੱਚ ਆਵੇ, ਜਾਨ ਬਚਾਉਣਾ ਓਨਾ ਅਸਾਨ ਹੁੰਦਾ ਹੈ।
ਇਜ਼ਰਾਈਲ, ਬ੍ਰਿਟੇਨ, ਫਰਾਂਸ, ਜਪਾਨ, ਅਮਰੀਕਾ, ਜਰਮਨੀ, ਤਾਈਵਾਨ ਸਮੇਤ ਕਈ ਦੇਸ਼ਾਂ ਵਿੱਚ ਕਾਫ਼ੀ ਸਮੇਂ ਤੋਂ ਕੁੱਤੇ ਦੀ ਮਦਦ ਨਾਲ ਕੈਂਸਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ ਅਤੇ ਇਹ ਇੱਕ ਚੰਗਾ ਅਜ਼ਮਾਇਆ ਹੋਇਆ ਤਰੀਕਾ ਹੈ।
ਪਰ ਭਾਰਤ ਵਿੱਚ ਪਹਿਲੀ ਵਾਰ ਕਰਨਾਟਕ ਦੇ ਛੇ ਵੱਖ-ਵੱਖ ਹਸਪਤਾਲਾਂ ਵਿੱਚ ਟ੍ਰੇਨਡ ਕੁੱਤਿਆਂ ਦੀ ਮਦਦ ਨਾਲ ਇੱਕ ਸਟੱਡੀ ਕੀਤੀ ਗਈ ਹੈ।
ਇਸ ਸਟੱਡੀ ਵਿੱਚ ਕੁੱਤਿਆਂ ਨੇ 1502 ਮਰੀਜ਼ਾਂ ਦੇ ਸੈਂਪਲ ਸੁੰਘੇ ਅਤੇ 91 ਫ਼ੀਸਦੀ ਸਟੀਕਤਾ ਦੇ ਨਾਲ ਕੁੱਤਿਆਂ ਨੇ ਸੁੰਘ ਕੇ ਦੱਸਿਆ ਕਿ ਕਿਹੜੇ ਮਰੀਜ਼ਾਂ ਨੂੰ ਸੱਤ ਗੰਭੀਰ ਤਰ੍ਹਾਂ ਦੇ ਕੈਂਸਰ ਹਨ ਅਤੇ ਕਿਨ੍ਹਾਂ ਨੂੰ ਨਹੀਂ ਹਨ।
ਇਨ੍ਹਾਂ 1502 ਲੋਕਾਂ ਵਿੱਚੋਂ 283 ਅਜਿਹੇ ਸੀ ਜਿਨ੍ਹਾਂ ਵਿੱਚ ਬਾਇਓਪਸੀ ਨਾਲ ਕੈਂਸਰ ਦੀ ਪੁਸ਼ਟੀ ਹੋ ਚੁੱਕੀ ਸੀ ਅਤੇ 1219 ਲੋਕਾਂ ਨੂੰ ਕੈਂਸਰ ਨਹੀਂ ਸੀ।
ਕੁੱਤਿਆਂ ਦੇ ਸੁੰਘਣ ਦੀ ਵਿਲੱਖਣ ਆਦਤ

ਤਸਵੀਰ ਸਰੋਤ, Dognosis
ਇਹ ਸਟੱਡੀ ਬੰਗਲੁਰੂ ਦੀ ਇੱਕ ਸਟਾਰਟਅਪ ਕੰਪਨੀ ਡੌਗਨੋਸਿਸ ਨੇ ਕੀਤੀ ਹੈ। ਇਸ ਸਟੱਡੀ ਦੇ ਨਤੀਜੇ ਸ਼ੁੱਕਰਵਾਰ ਨੂੰ ਜਰਨਲ ਆਫ ਕਲੀਨਿਕਲ ਆਨਕੋਲੋਜੀ ਵਿੱਚ ਪ੍ਰਕਾਸ਼ਿਤ ਹੋਏ ਹਨ।
ਇਹ ਅਧਿਐਨ ਡਾ. ਸੰਜੀਵ ਕੁਲਗੋਡ ਦੀ ਅਗਵਾਈ ਵਿੱਚ ਕੀਤਾ ਗਿਆ ਹੈ ਜੋ ਕਰਨਾਟਕ ਦੇ ਹੁਬਲੀ ਸਥਿਤ ਰੇਡ ਆਨ ਕੈਂਸਰ ਸੈਂਟਰ ਦੇ ਸਰਜੀਕਲ ਆਨਕੋਲੋਜਿਸਟ ਅਤੇ ਡਾਇਰੈਕਟਰ ਹਨ।
ਡੌਗਨੋਸਿਸ ਦੇ ਸੀਈਓ ਅਤੇ ਕੋ-ਫਾਊਂਡਰ ਅਕਾਸ਼ ਕੁਲਗੋਡ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਅਸੀਂ ਹੁਣ ਤੱਕ ਕਰਨਾਟਕ ਦੇ ਹਸਪਤਾਲਾਂ ਨਾਲ ਮਿਲ ਕੇ ਦਸ ਹਜ਼ਾਰ ਸੈਂਪਲ ਜਮ੍ਹਾ ਕਰ ਚੁੱਕੇ ਹਾਂ। ਅਗਲੇ ਪੜਾਅ ਵਿੱਚ ਅਸੀਂ ਮਹਾਰਾਸ਼ਟਰ ਅਤੇ ਦੂਜੇ ਸੂਬਿਆਂ ਵਿੱਚ ਜਾਣ ਦੀ ਯੋਜਨਾ ਬਣਾ ਰਹੇ ਹਾਂ। ਇੱਥੇ ਅਗਲੇ ਛੇ ਤੋਂ ਨੌ ਮਹੀਨਿਆਂ ਵਿੱਚ ਤਕਰੀਬਨ ਪੰਦਰਾਂ ਹਜ਼ਾਰ ਲੋਕਾਂ ਦੀ ਜਾਂਚ ਕੀਤੀ ਜਾਵੇਗੀ।"
ਅਕਾਸ਼ ਕੁਲਗੋਡ ਨੇ ਦੱਸਿਆ ਕਿ ਇਹ ਦਸ ਹਜ਼ਾਰ ਸੈਂਪਲ ਕੁੱਤਿਆਂ ਦੀ ਟ੍ਰੇਨਿੰਗ ਦੇ ਨਾਲ-ਨਾਲ ਏਆਈ ਸਿਸਟਮ ਬਣਾਉਣ ਵਿੱਚ ਵੀ ਕੰਮ ਆਉਣਗੇ। ਇਸ ਦਾ ਮਕਸਦ ਇਸ ਪੂਰੀ ਪ੍ਰਕਿਰਿਆ ਨੂੰ ਵੱਡੇ ਪੱਧਰ 'ਤੇ ਲੈ ਕੇ ਜਾਣਾ ਹੈ।
ਉਨ੍ਹਾਂ ਦਾ ਕਹਿਣਾ ਹੈ, "ਸਾਡਾ ਟੀਚਾ ਤੀਹ ਕੁੱਤਿਆਂ ਦੀ ਮਦਦ ਨਾਲ ਹਰ ਸਾਲ ਦਸ ਲੱਖ ਸੈਂਪਲ ਜਾਂਚਣ ਦੀ ਸਮਰੱਥਾ ਤਿਆਰ ਕਰਨਾ ਹੈ।"
ਉਨ੍ਹਾਂ ਦੀਆਂ ਗੱਲਾਂ ਵਿੱਚ ਦਿਸਦੀ ਇੱਕ ਤਰ੍ਹਾਂ ਦੀ ਜਲਦਬਾਜ਼ੀ ਦਾ ਵੀ ਇੱਕ ਕਾਰਨ ਹੈ। ਮੌਜੂਦਾ ਅਨੁਮਾਨਾਂ ਮੁਤਾਬਕ, ਇਸ ਸਾਲ ਦੇਸ਼ ਵਿੱਚ ਕੈਂਸਰ ਦੇ ਮਾਮਲੇ ਪੰਦਰਾਂ ਲੱਖ ਦਾ ਅੰਕੜਾ ਪਾਰ ਕਰ ਜਾਣਗੇ, ਜੋ ਤਿੰਨ ਦਹਾਕਿਆਂ ਵਿੱਚ 26 ਫ਼ੀਸਦੀ ਦਾ ਵਾਧਾ ਹੈ।
ਸਟੱਡੀ ਦੇ ਲੇਖਕ ਡਾ. ਸੰਜੀਵ ਕੁਲਗੋਡ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਕੈਂਸਰ ਵਧਣ ਦੇ ਦੋ ਕਾਰਨ ਹਨ। ਇੱਕ ਤਾਂ ਅਬਾਦੀ ਵਧ ਰਹੀ ਹੈ। ਦੂਜਾ, ਕੈਂਸਰ ਉਮਰ ਨਾਲ ਜੁੜੀ ਬਿਮਾਰੀ ਹੈ। ਜਿਵੇਂ ਜਿਵੇਂ ਲੋਕਾਂ ਦੀ ਉਮਰ ਵਧਦੀ ਹੈ, ਕੈਂਸਰ ਦੇ ਮਾਮਲੇ ਵੀ ਵਧਦੇ ਜਾਂਦੇ ਹਨ।"
ਸਭ ਤੋਂ ਪਹਿਲਾਂ ਸਾਲ 1989 ਵਿੱਚ ਕੁੱਤਿਆਂ ਵੱਲ ਧਿਆਨ ਗਿਆ।
ਖੋਜਕਾਰਾਂ ਏਮਿਲੀ ਮੋਜਰ ਅਤੇ ਮਾਈਕਲ ਮੈਕਕੁਲਾਕ ਨੇ 2010 ਵਿੱਚ ਜਨਰਲ ਆਫ ਵੈਟਰਨਰੀ ਬਿਹੇਵੀਅਰ ਵਿੱਚ ਲਿਖਿਆ, "ਇੱਕ ਮਹਿਲਾ ਨੂੰ ਉਸ ਦੀ ਚਮੜੀ 'ਤੇ ਇੱਕ ਦਾਗ਼ ਦੀ ਜਾਂਚ ਕੁੱਤੇ ਤੋਂ ਕਰਵਾਉਣ ਲਈ ਕਿਹਾ ਗਿਆ। ਉਹ ਕੁੱਤਾ ਉਸ ਦਾਗ਼ ਵਾਲੀ ਜਗ੍ਹਾ ਲੋੜ ਤੋਂ ਜ਼ਿਆਦਾ ਦਿਲਚਸਪੀ ਦਿਖਾ ਰਿਹਾ ਸੀ।"
"ਕਲੀਨਿਕਲ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਹ ਦਾਗ਼ ਮੈਲਿਗਨੇਂਟ ਮੇਲੇਨੋਮਾ ਭਾਵ ਇੱਕ ਖ਼ਤਰਨਾਕ ਕਿਸਮ ਦਾ ਸਕਿਨ ਕੈਂਸਰ ਸੀ।"
ਉਨ੍ਹਾਂ ਦੇ ਇਸ ਪੇਪਰ ਦਾ ਸਿਰਲੇਖ ਸੀ- "ਕੁੱਤਿਆਂ ਤੋਂ ਮਨੁੱਖੀ ਕੈਂਸਰ ਦਾ ਪਤਾ ਲਗਾਉਣ ਦੀ ਸਮਰੱਥਾ, ਤਰੀਕਿਆਂ ਅਤੇ ਸਟੀਕਤਾ ਦੀ ਸਮੀਖਿਆ।"
ਕੇਰਲ ਦੇ ਲਾਸ਼ਾਂ ਲੱਭਣ ਵਾਲੇ ਕੁੱਤੇ

ਤਸਵੀਰ ਸਰੋਤ, Kerala Police Academy
ਕੁੱਤਿਆਂ ਦੇ ਸੁੰਘਣ ਦੀ ਸਮਰੱਥਾ ਸਭ ਤੋਂ ਤੇਜ਼ ਮੰਨੀ ਜਾਂਦੀ ਹੈ। ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਉਨ੍ਹਾਂ ਵਿੱਚ ਤੀਹ ਕਰੋੜ ਓਲਫੈਕਟਰੀ ਰਿਸੈਪਟਰ ਭਾਵ ਗੰਧ ਪਛਾਣਨ ਵਾਲੀਆਂ ਕੋਸ਼ਿਕਾਵਾਂ ਹੁੰਦੀਆਂ ਹਨ। ਉਧਰ ਇਨਸਾਨਾਂ ਵਿੱਚ ਇਹ ਗਿਣਤੀ ਮਹਿਜ਼ ਪੰਜਾਹ ਲੱਖ ਹੈ।
ਹਾਂਗਕਾਂਗ ਦੇ ਟਿਮੋਥੀ ਕਵਾਨ ਲੋ ਅਤੇ ਉਨ੍ਹਾਂ ਦੀ ਟੀਮ ਨੇ ਫਰੰਟੀਅਰਜ਼ ਇਨ ਮੈਡੀਸਿਨ ਵਿੱਚ ਲਿਖਿਆ, "ਕੁੱਤੇ ਇਨਸਾਨੀ ਸਰੀਰ ਤੋਂ ਨਿਕਲਣ ਵਾਲੇ ਬੇਹਦ ਘੱਟ ਮਾਤਰਾ ਦੇ ਵੋਲੇਟਾਈਲ ਆਰਗੈਨਿਕ ਕੰਪਾਊਂਡ ਭਾਵ ਵੀਓਸੀ ਨੂੰ ਵੀ ਪਛਾਣ ਸਕਦੇ ਹਨ। ਇਹ ਗੰਧ ਸਰੀਰ ਵਿੱਚ ਹੋ ਰਹੇ ਬਦਲਾਅ, ਕਿਸੇ ਸੰਕਰਮਣ ਜਾਂ ਕੈਂਸਰ ਨਾਲ ਜੁੜੇ ਹੋ ਸਕਦੇ ਹਨ।"
ਮੈਡੀਕਲ ਟੀਮ ਮਰੀਜ਼ ਨੂੰ ਮਾਸਕ ਪਹਿਨਾਉਂਦੀ ਹੈ ਅਤੇ ਉਸ ਵਿੱਚ ਦਸ ਮਿਟ ਸਾਹ ਲੈਣ ਨੂੰ ਕਹਿੰਦੀ ਹੈ। ਇਹ ਮਾਸਕ ਤਿੰਨ ਮਹੀਨੇ ਜਾਂ ਉਸ ਤੋਂ ਵੀ ਜ਼ਿਆਦਾ ਸਮੇਂ ਤੱਕ ਆਪਣੀ ਸਮਰੱਥਾ ਕਾਇਮ ਰੱਖਦੇ ਹਨ।
ਇਸ ਤੋਂ ਬਾਅਦ ਇਨ੍ਹਾਂ ਮਾਸਕਾਂ ਨੂੰ ਇੱਕ ਨਿਯੰਤਰਿਤ ਲੈਬ ਸੈਟਿੰਗ ਵਿੱਚ ਕੁੱਤਿਆਂ ਦੇ ਸਾਹਮਣੇ ਰੱਖਿਆ ਜਾਂਦਾ ਹੈ।
ਕੁੱਤੇ ਸਰੀਰ ਦੇ ਵੀਓਸੀ ਵਿੱਚ ਹੋਏ ਬਦਲਾਵਾਂ ਨੂੰ ਸੁੰਘ ਲੈਂਦੇ ਹਨ ਅਤੇ ਸੱਤ ਤਰ੍ਹਾਂ ਦੇ ਕੈਂਸਰ ਦੀ ਪਛਾਣ ਕਰਦੇ ਹਨ। ਇੱਥੋਂ ਤੱਕ ਕਿ ਸ਼ੁਰੂਆਤੀ ਸਟੇਜ ਦੇ ਕੈਂਸਰ ਦਾ ਵੀ ਪਤਾ ਲਗਾ ਲੈਂਦੇ ਹਨ।
ਐੱਚਸੀਜੀ ਕੈਂਸਰ ਸ਼ੈਟਰ, ਬੰਗਲੁਰੂ ਦੇ ਸੈਂਟਰ ਆਫ ਅਕੈਡਮਿਕਸ ਐਂਡ ਰਿਸਰਚ ਦੇ ਡੀਨ ਡਾਇਰੈਕਟਰ ਯੂਐੱਸ ਵਿਸ਼ਾਲ ਰਾਓ ਬੀਬੀਸੀ ਨਿਊਜ਼ ਹਿੰਦੀ ਨੂੰ ਕਹਿੰਦੇ ਹਨ, "ਵੋਮੇਰੋਨੈਸਲ ਆਰਗਨ, ਜਿਸ ਨੂੰ ਜੈਰਬਸਨ ਆਰਗਨ ਵੀ ਕਿਹਾ ਜਾਂਦਾ ਹੈ, ਕੁੱਤੇ ਦੀ ਨੱਕ ਦੇ ਅੰਦਰ ਹੇਠਾਂ ਵੱਲ ਮੌਜੂਦ ਇੱਕ ਵਿਸ਼ੇਸ਼ ਸੰਰਚਨਾ ਹੁੰਦੀ ਹੈ।"
"ਇਹ ਉਨ੍ਹਾਂ ਨੂੰ ਨਮੀ ਦੇ ਨਾਲ ਆਉਣ ਵਾਲੀ ਗੰਧ ਅਤੇ ਜਟਿਲ ਰਸਾਇਣਕ ਸੰਕੇਤਾਂ ਨੂੰ ਪਛਾਣਨ ਵਿੱਚ ਮਦਦ ਕਰਦੀ ਹੈ।"
ਕੁੱਤਿਆਂ ਦੀ ਇਸੇ ਸਮਰੱਥਾ ਨੂੰ ਦੇਖਦਿਆਂ ਕੇਰਲ ਪੁਲਿਸ ਅਕੈਡਮੀ ਨੇ ਅਜਿਹੇ ਕੁੱਤਿਆਂ ਨੂੰ ਟ੍ਰੇਨ ਕੀਤਾ, ਜਿਨ੍ਹਾਂ ਨੇ ਜੁਲਾਈ 2024 ਵਿੱਚ ਵਾਇਆਨਾਡ ਲੈਂਡਸਲਾਈਡ ਆਪਦਾ ਦੌਰਾਨ ਲਾਸ਼ਾਂ ਦੀ ਪਛਾਣ ਕੀਤੀ।

ਤਸਵੀਰ ਸਰੋਤ, Dognosis
ਸਿਰਫ਼ ਤਿੰਨ ਦਿਨਾਂ (31 ਜੁਲਾਈ ਤੋਂ 2 ਅਗਸਤ) ਵਿੱਚ ਮਾਇਆ, ਮਰਫੀ ਅਤੇ ਏਂਜਲ ਨੇ ਉਸ ਇਲਾਕੇ ਤੋਂ 23 ਲਾਸ਼ਾਂ ਲੱਭ ਲਈਆਂ। ਇਸ ਇਲਾਕੇ ਵਿੱਚ ਬਹੁਤ ਜ਼ਿਆਦਾ ਮੀਂਹ ਕਾਰਨ ਆਏ ਹੜ੍ਹ ਅਤੇ ਲੈਂਡਸਲਾਈਡ ਨੇ ਤਬਾਹੀ ਮਚਾਈ ਸੀ। ਕੇਰਲ ਨੇ ਅਜਿਹੀ ਆਪਦਾ ਪਹਿਲਾਂ ਕਦੇ ਨਹੀਂ ਦੇਖੀ ਸੀ।
ਇਹ ਕੁੱਤੇ ਮਲਬੇ ਦੇ 25 ਫੁੱਟ ਹੇਠਾਂ ਦੱਬੀਆਂ ਲਾਸ਼ਾਂ ਨੂੰ ਵੀ ਸੁੰਘ ਕੇ ਲੱਭ ਸਕਦੇ ਹਨ। ਮੇਰਠ ਦੇ ਰਿਮਾਉਂਟ ਵੈਟਰਨਰੀ ਕੋਰ ਸ਼ੈਟਰ ਦੇ ਤਿੰਨ ਹੋਰ ਕੁੱਤਿਆਂ ਨੂੰ ਵੀ ਲਾਸ਼ਾਂ ਦੀ ਤਲਾਸ਼ ਵਿੱਚ ਲਗਾਇਆ ਗਿਆ ਸੀ।
ਅਕੈਡਮੀ ਦੇ ਆਈਜੀਪੀ ਅਤੇ ਡਾਇਰੈਕਟਰ ਕੇ.ਸੇਥੁਰਮਨ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਸਾਡੇ ਕੁੱਤਿਆਂ ਨੂੰ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਵੀ ਲਾਸ਼ਾਂ ਲੱਭਣ ਲਈ ਲੈ ਜਾਂਦੀ ਹੈ। ਫ਼ਿਲਹਾਲ ਅਸੀਂ ਐਨਡੀਆਰਐਫ ਦੇ ਲੋਕਾਂ ਨੂੰ ਕੁੱਤਿਆਂ ਨੂੰ ਟ੍ਰੇਨ ਕਰਨ ਦੀ ਟ੍ਰੇਨਿੰਗ ਦੇ ਰਹੇ ਹਾਂ।"
ਇਨ੍ਹਾਂ ਕੁੱਤਿਆਂ ਅਤੇ ਉਨ੍ਹਾਂ ਦੇ ਟ੍ਰੇਨਰਾਂ ਨੂੰ ਕਾਲੀਕਟ ਯੂਨੀਵਰਸਿਟੀ ਦੇ ਫਾਰੈਂਸਿਕ ਵਿਭਾਗ ਨੇ ਟ੍ਰੇਨ ਕੀਤਾ ਸੀ।
ਕਾਲੀਕਟ ਯੂਨੀਵਰਸਿਟੀ ਦੇ ਫਾਰੈਂਸਿਕ ਸਾਇੰਸ ਵਿਭਾਗ ਦੇ ਕੋਰਸ ਕੋ-ਆਰਡੀਨੇਟਰ ਸਿਵਾ ਪ੍ਰਸਾਦ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਅਸੀਂ ਖੂਨ ਨੂੰ ਗੌਜ (ਇੱਕ ਤਰ੍ਹਾਂ ਦਾ ਪਤਲਾ, ਮੁਲਾਇਮ ਮੈਡੀਕਲ ਕੱਪੜਾ) 'ਤੇ ਲਗਾ ਕੇ ਕੁਝ ਸਮੇਂ ਲਈ ਲੁਕੀ ਥਾਂ ਸੜਨ ਲਈ ਛੱਡਿਆ। ਕੁੱਤਿਆਂ ਨੂੰ ਟ੍ਰੇਨ ਕਰਨ ਲਈ ਇਸ ਤਰ੍ਹਾਂ ਦੀ ਬਣਾਉਟੀ ਗੰਧ ਨੂੰ ਇਸਤੇਮਾਲ ਕੀਤਾ ਜਾਂਦਾ ਹੈ।"
ਕੇਰਲ ਪੁਲਿਸ ਅਕੈਡਮੀ ਅਤੇ ਫਾਰਂਸਿਕ ਵਿਭਾਗ ਵਿਚਕਾਰ ਹੋਏ ਐੱਮਓਯੂ ਦੇ ਕਾਰਨ ਹੀ ਹੁਣ ਪੁਲਿਸ ਕਰਮੀਆਂ ਅਤੇ ਆਮ ਲੋਕਾਂ ਲਈ ਇੱਕ ਸਰਟੀਫਿਕੇਟ ਕੋਰਸ ਸ਼ੁਰੂ ਕੀਤਾ ਗਿਆ ਹੈ। ਇਸ ਕੋਰਸ ਵਿੱਚ ਕੁੱਤਿਆਂ ਨੂੰ ਇਨਸਾਨਾਂ ਵਿੱਚ ਕੈਂਸਰ ਪਛਾਣਨ ਲਈ ਟ੍ਰੇਨ ਕਰਨਾ ਸਿਖਾਇਆ ਜਾਵੇਗਾ।
ਸਿਵਾ ਪ੍ਰਸਾਦ ਦਾ ਕਹਿਣਾ ਹੈ, "ਜਿਹੜੇ ਹਸਪਤਾਲਾਂ ਵਿੱਚ ਅਸੀਂ ਗੱਲ ਕੀਤੀ ਹੈ, ਉਨ੍ਹਾਂ ਕੋਲੋਂ ਚੰਗਾ ਰਿਸਪਾਂਸ ਮਿਲਿਆ ਹੈ। ਇਨ੍ਹਾਂ ਹਸਪਤਾਲਾਂ ਦੇ ਤਕਰੀਬਨ ਇੱਕ ਦਰਜਨ ਡਾਕਟਰ ਸਾਡੀ ਟ੍ਰੇਨਿੰਗ ਫੈਸਿਲਟੀ ਦੇਖਣ ਤ੍ਰਿਸੂਰ ਵੀ ਆ ਚੁੱਕੇ ਹਨ।"
"ਇਹ ਕੇਰਲ ਪੁਲਿਸ ਅਕੈਡਮੀ ਦਾ ਮੁੱਖ ਦਫ਼ਤਰ ਹੈ। ਸਾਡਾ ਇਰਾਦਾ ਇਨ੍ਹਾਂ ਮੈਡੀਕਲ ਸੰਸਥਾਵਾਂ ਤੋਂ ਸੈਂਪਲ ਇਕੱਠੇ ਕਰਕੇ ਪਹਿਲਾਂ ਕੁੱਤਿਆਂ ਨੂੰ ਅਤੇ ਫਿਰ ਕਰਮੀਆਂ ਨੂੰ ਟ੍ਰੇਨ ਕਰਨਾ ਹੈ।"

ਕੁੱਤਿਆਂ ਦੇ ਇਸਤੇਮਾਲ ਦਾ ਇੱਕ ਹੋਰ ਵੱਡਾ ਕਾਰਨ
ਕੈਂਸਰ ਦੀ ਜਾਂਚ ਵਿੱਚ ਕੁੱਤੇ ਇੱਕ ਅਹਿਮ ਜ਼ਰੀਆ ਬਣ ਸਕਦੇ ਹਨ। ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਮੌਜੂਦਾ ਤਰੀਕਿਆਂ ਵਿੱਚ ਮਰੀਜ਼ਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੈਮੋਗ੍ਰਾਮ ਜਿਹੇ ਟੈਸਟ ਵਿੱਚ ਮਰੀਜ਼ ਨੂੰ ਆਇਓਨਾਇਜ਼ਿੰਗ ਰੇਡੀਏਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਰੇਡੀਏਸ਼ਨ ਵਿਅਕਤੀ ਦੇ ਸਰੀਰ ਲਈ ਨੁਕਸਾਨਦਾਇਕ ਹੁੰਦੀ ਹੈ। ਉਧਰ, ਕੋਲੋਰੈਕਟਲ ਕੈਂਸਰ ਦੀ ਜਾਂਚ ਲਈ ਇਨਵੇਸਿਵ ਪ੍ਰੋਸੀਜ਼ਰ ਕਰਨਾ ਪੈਂਦਾ ਹੈ।
ਭਾਰਤ ਜਿਹੇ ਦੇਸ਼ ਵਿੱਚ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਮਰੀਜ਼ਾਂ ਨੂੰ ਅਜਿਹੇ ਕੈਂਸਰ ਦੀ ਜਾਂਚ ਲਈ ਭਰੋਸੇਮੰਦ ਅਤੇ ਅਸਾਨੀ ਨਾਲ ਉਪਲਬਧ ਥਾਵਾਂ ਮਿਲ ਪਾਉਂਦੀਆਂ ਹਨ ਜਾ ਨਹੀਂ।
ਕੈਂਸਰ ਜਾਂਚ ਦੀਆਂ ਇਨ੍ਹਾਂ ਕਮੀਆਂ ਨੂੰ ਦੇਖਦਿਆਂ ਇਜ਼ਰਾਈਲ ਦੀ ਐਲਿਜ਼ਾਬੈਥ ਹਾਫ਼ ਅਤੇ ਉਨ੍ਹਾਂ ਦੀ ਟੀਮ ਨੇ 2024 ਵਿੱਚ 'ਨੇਚਰ: ਸਾਇੰਟਿਫਿਕ ਰਿਪੋਰਟਸ' ਵਿੱਚ ਇਕ ਸਟੱਡੀ ਪ੍ਰਕਾਸ਼ਿਤ ਕੀਤੀ।
ਇਸ ਸਟੱਡੀ ਵਿੱਚ ਦੱਸਿਆ ਗਿਆ ਹੈ ਕਿ ਇਜ਼ਰਾਈਲ ਦੀ ਕੰਪਨੀ ਸਪਾਟਇਟ ਅਰਲੀ ਲਿਮਿਟਡ ਨੇ ਕੈਂਸਰ ਦੀ ਜਾਂਚ ਦਾ ਨਵਾਂ ਤਰੀਕਾ ਵਿਕਸਿਤ ਕੀਤਾ ਹੈ।
ਇਸ ਵਿੱਚ ਸਰੀਰ ਅੰਦਰ ਕੁਝ ਪਾਉਣ ਦੀ ਲੋੜ ਨਹੀਂ ਹੁੰਦੀ ਅਤੇ ਨਾ ਹੀ ਕਿਸੇ ਖ਼ਾਸ ਮਦਦ ਦੀ ਲੋੜ ਹੁੰਦੀ ਹੈ। ਇਸ ਵਿੱਚ ਸਿਰਫ਼ ਸਾਹ ਦਾ ਸੈਂਪਲ ਲਿਆ ਜਾਂਦਾ ਹੈ, ਜਿਸ ਦੇ ਅਧਾਰ 'ਤੇ ਕੈਂਸਰ ਦਾ ਪਤਾ ਲਗਾਇਆ ਜਾਂਦਾ ਹੈ।
ਇਹ ਤਕਨੀਕ ਕੁੱਤਿਆਂ ਦੀ ਸੁੰਘਣ ਦੀ ਸਮਰੱਥਾ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਮਿਲਾ ਕੇ ਕੰਮ ਕਰਦੀ ਹੈ।
ਉਨ੍ਹਾਂ ਦੀ ਸਟੱਡੀ ਵਿੱਚ ਇਹ ਵੀ ਕਿਹਾ ਗਿਆ ਕਿ ਸਾਹ ਦੇ ਸੈਂਪਲ ਅਕਸਰ ਪਿਸ਼ਾਬ ਦੇ ਸੈਂਪਲ ਦੇ ਮੁਕਾਬਲੇ ਕੈਂਸਰ ਦਾ ਪਤਾ ਲਗਾਉਣ ਵਿੱਚ ਵਧੇਰੇ ਕਾਰਗਰ ਸਿੱਧ ਹੁੰਦੇ ਹਨ।
ਡਾ. ਸੰਜੀਵ ਕੁਲਗੋਡ ਨੇ ਦੱਸਿਆ ਕਿ ਕੁੱਤਿਆਂ ਨੂੰ ਇਨਸਾਨਾਂ ਦੇ ਸਾਹ ਦੇ ਸੈਂਪਲ ਵਿੱਚ ਮੌਜੂਦ ਖਾਸ ਗੰਧ ਪਛਾਣਨ ਲਈ ਟ੍ਰੇਨ ਕੀਤਾ ਜਾਂਦਾ ਹੈ। ਇਹ ਠੀਕ ਉਸੇ ਤਰ੍ਹਾਂ ਦਾ ਕੰਮ ਹੈ ਜਿਵੇ ਕੁੱਤਿਆਂ ਨੂੰ ਬੰਬ, ਨਸ਼ੀਲੇ ਪਦਾਰਥ ਅਤੇ ਭੂਚਾਲ਼ ਵਿੱਚ ਦਬੇ ਇਨਸਾਨਾਂ ਨੂੰ ਲੱਭਣ ਲਈ ਟ੍ਰੇਨ ਕੀਤਾ ਜਾਂਦਾ ਹੈ।
ਪਤਾ ਲਗਾਉਣ ਲਈ ਕੁੱਤਿਆਂ ਦੀਆਂ ਕਿਹੜੀਆਂ ਨਸਲਾਂ ਵਧੀਆ ਹੁੰਦੀਆਂ ਹਨ?

ਤਸਵੀਰ ਸਰੋਤ, Kerala Police Academy
ਕੇਰਲ ਪੁਲਿਸ ਅਕੈਡਮੀ ਅਤੇ ਡੌਗਨੋਸਿਸ ਨੇ ਵੱਖ-ਵੱਖ ਮਸਲਾਂ ਦੇ ਕੁੱਤਿਆਂ ਦਾ ਇਸਤੇਮਾਲ ਕੀਤਾ ਹੈ। ਇਨ੍ਹਾਂ ਵਿੱਚ ਦੇਸੀ ਕੁੱਤੇ ਵੀ ਸ਼ਾਮਲ ਹਨ।
ਅਕੈਡਮੀ ਦਾ ਕਹਿਣਾ ਹੈ ਕਿ ਉਸ ਨੇ ਦੇਸੀ ਕੁੱਤੇ, ਲੈਬਰਾਡਾਰ ਅਤੇ ਇੱਕ ਬੀਗਲ ਦਾ ਇਸਤੇਮਾਲ ਕੀਤਾ ਹੈ। ਉਧਰ ਫਾਰੈਂਸਿਕ ਵਿਭਾਗ ਨੇ ਅੱਠ ਬੈਲਜੀਅਨ ਮੇਲਿਨੋਇਸ ਖਰੀਦੇ ਹਨ ਅਤੇ ਇਨ੍ਹਾਂ ਨੂੰ ਟ੍ਰੇਨ ਕਰਕੇ ਸਰਟੀਫਿਕੋਟ ਕੋਰਸ ਦੇ ਵਿਦਿਆਰਥੀਆਂ ਨੂੰ ਵੀ ਟ੍ਰੇਨਿੰਗ ਦਿੱਤੀ ਜਾਏਗੀ।
ਡੌਗਨੋਸਿਸ ਨੇ ਚਾਰ ਬੀਗਲ, ਇੱਕ ਲੈਬਰਾਡਾਰ-ਇੰਡੀ ਮਿਕਸ ਅਤੇ ਇੱਕ ਡਚ ਸ਼ੈਫਰਡ-ਬੈਲਜੀਅਨ ਮੇਲਿਨੋਇਸ ਮਿਕਸ ਕੁੱਤੇ ਦਾ ਇਸਤੇਮਾਲ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਲੈਬਰਾਡਾਰ-ਇੰਡੀ ਮਿਕਸ ਨੂੰ ਡੌਗਨੋਸਿਸ ਨੇ ਇੱਕ ਸ਼ੈਲਟਰ ਤੋਂ ਗੋਦ ਲਿਆ ਸੀ।
ਕੇਰਲ ਪੁਲਿਸ ਅਕੈਡਮੀ ਅਤੇ ਡੌਗਨੋਸਿਸ ਨੇ ਇਨ੍ਹਾਂ ਕੁੱਤਿਆਂ ਨੂੰ ਦਸ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਰਿਵਾਰਡ ਬੇਸਡ ਤਰੀਕਿਆਂ ਨਾਲ ਟ੍ਰੇਨ ਕੀਤਾ। ਇਸ ਵਿੱਚ ਕੁੱਤਿਆਂ ਨੂੰ ਸਹੀ ਗੰਧ ਪਛਾਣਨ 'ਤੇ ਇਨਾਮ ਦਿੱਤਾ ਜਾਂਦਾ ਸੀ।
ਸਿਵਾ ਪ੍ਰਸਾਦ ਮੁਤਾਬਕ, ਇਸ ਪ੍ਰਕਿਰਿਆ ਵਿੱਚ ਜਿਸ ਵਿਅਕਤੀ ਦੀ ਜਾਂਚ ਹੋਣੀ ਹੈ ਉਸ ਨੂੰ ਮਾਸਕ ਪਹਿਨਾ ਕੇ ਤਕਰੀਬਨ ਦਸ ਮਿੰਟ ਤੱਕ ਆਮ ਦੀ ਤਰ੍ਹਾਂ ਸਾਹ ਲੈਣ ਨੂੰ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਜ਼ਰੂਰੀ ਕਲੀਨਿਕਲ ਟੈਸਟ ਕੀਤੇ ਜਾਂਦੇ ਹਨ ਅਤੇ ਉਦੋਂ ਇਹ ਪੁਸ਼ਟੀ ਕੀਤੀ ਜਾਂਦੀ ਹੈ ਕਿ ਕੁੱਤਿਆਂ ਦਾ ਅੰਦਾਜ਼ਾ ਸਹੀ ਸੀ ਜਾਂ ਨਹੀਂ।
ਅਕਾਸ਼ ਕੁਲਗੋਡ ਨੇ ਕਿਹਾ, "ਜਿਨ੍ਹਾਂ ਲੋਕਾਂ ਬਾਰੇ ਕੁੱਤੇ ਕੈਂਸਰ ਦਾ ਸ਼ੱਕ ਜਤਾਉਂਦੇ ਹਨ, ਉਨ੍ਹਾਂ ਦੀ ਫੁੱਲ ਬਾਡੀ ਪੀਈਟੀ-ਸੀਟੀ ਸਕੈਨ ਜਿਹੀ ਡਿਟੇਲ ਜਾਂਚ ਕਰਵਾਈ ਜਾਂਦੀ ਹੈ।"
ਉਨ੍ਹਾਂ ਨੇ ਦੱਸਿਆ, "ਇਹ ਜਾਂਚ ਸ਼ੁਰੂਆਤੀ ਸਟੇਜ ਵਿੱਚ ਵੀ ਟਿਊਮਰ ਫੜ ਲੈਂਦੀ ਹੈ। ਇਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਂਚ ਕਰਨਾ ਅਸਾਨ ਵੀ ਹੋ ਜਾਂਦਾ ਹੈ ਅਤੇ ਖਰਚ ਵੀ ਘੱਟ ਆਉਂਦਾ ਹੈ।"
ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਇਹ ਸਾਹ ਲੈਣ ਵਾਲਾ ਟੈਸਟ ਕੈਂਸਰ ਦੀ ਵੱਡੀ ਪੈਮਾਨੇ 'ਤੇ ਪ੍ਰੀ-ਸਕਰੀਨਿੰਗ ਲਈ ਇੱਕ ਕਾਰਗਰ ਔਜ਼ਾਰ ਬਣ ਕੇ ਉੱਭਰਦਾ ਹੈ।
ਪਰ ਡਾ. ਯੂਐੱਸ ਵਿਸ਼ਾਲ ਰਾਓ ਦਾ ਇੱਕ ਸੁਝਾਅ ਹੈ, ਜਿਸ ਵਿੱਚ ਉਹ ਭਾਈਚਾਰੇ ਦੇ ਪੱਧਰ 'ਤੇ ਇਸ ਦੀ ਪਛਾਣ ਲਈ ਜ਼ਿਆਦਾ ਸਟੈਂਡਰਡ ਤਰੀਕਾ ਵਿਕਸਤ ਕਰਨ ਲਈ ਪਸ਼ੂ ਮੈਡੀਕਲ ਵਿਗਿਆਨ ਅਤੇ ਮੈਡੀਕਲ ਕਲੀਨਿਕਲ ਪ੍ਰੋਫੈਸ਼ਨਲਜ਼ ਦੇ ਸਰਗਰਮ ਸਹਿਯੋਗ ਦੀ ਗੱਲ ਕਰਦੇ ਹਨ।
ਇਸ ਤਰ੍ਹਾਂ ਦੇ ਇਨੋਵੇਸ਼ਨਜ਼ ਬਾਰੇ ਉਹ ਕਹਿੰਦੇ ਹਨ, "ਇਹ ਭਾਰਤ ਲਈ ਸਹੀ ਸਮਾਂ ਹੈ ਕਿ ਉਹ ਅਜਿਹੀ ਨਕਲੀ ਨੱਕ ਵਿਕਸਤ ਕਰੇ, ਜੋ ਕੁੱਤਿਆਂ ਦੀ ਸੁੰਘਣ ਪ੍ਰਣਾਲੀ ਦੀ ਨਕਲ ਕਰ ਸਕੇ ਅਤੇ ਇਨ੍ਹਾਂ ਵੀਓਸੀ ਨੂੰ ਪਛਾਣ ਸਕੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































