ਉਹ ਤਾਨਾਸ਼ਾਹ ਜਿਸ ’ਤੇ ਕਈ ਕਤਲਾਂ ਦੇ ਇਲਜ਼ਾਮ ਲੱਗੇ, ਹੁਣ ਸੋਸ਼ਲ ਮੀਡੀਆ ’ਤੇ ‘ਪਿਆਰਾ ਬਾਬਾ’ ਬਣ ਵੋਟ ਮੰਗਦਾ

ਪਰਬੋਵੋ ਸੁਬਿਆਂਤੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਰਬੋਵੋ ਸੁਬਿਆਂਤੋ ਦਾ ਨਾਮ ਸੁਣ ਕੇ ਇੰਡੋਨੇਸ਼ੀਆ ਦੇ ਜ਼ਿਆਦਾਤਰ ਲੋਕ ਡਰ ਜਾਂਦੇ
    • ਲੇਖਕ, ਯਵੈਟੇ ਟਾਂ ਅਤੇ ਟਰੀਸ਼ਾ ਹੁਸੈਡਾ
    • ਰੋਲ, ਸਿੰਗਾਪੁਰ ਅਤੇ ਜਕਾਰਤਾ ਤੋਂ

ਕੋਈ ਸਮਾਂ ਹੁੰਦਾ ਸੀ ਜਦੋਂ ਪਰਬੋਵੋ ਸੁਬਿਆਂਤੋ ਦਾ ਨਾਮ ਸੁਣ ਕੇ ਇੰਡੋਨੇਸ਼ੀਆ ਦੇ ਜ਼ਿਆਦਾਤਰ ਲੋਕ ਡਰ ਜਾਂਦੇ ਸਨ।

ਹਾਲਾਂਕਿ ਹੁਣ ਇੰਡੋਨੇਸ਼ੀਆ ਦੇ ਜ਼ਿਆਦਤਰ ਨੌਜਵਾਨ ਆਪਣੇ ਦੇਸ ਦੇ ਰੱਖਿਆ ਮੰਤਰੀ ਵਿੱਚ ਆਏ ਬਦਲਾਅ ਤੋਂ ਪ੍ਰਭਾਵਿਤ ਨਜ਼ਰ ਆ ਰਹੇ ਹਨ।

ਵਿਸ਼ੇਸ਼ ਦਸਤੇ ਦੇ ਇਸ ਸਾਬਕਾ ਕਮਾਂਡੋ ਜਿਸ ਉੱਪਰ ਮਨੁੱਖੀ ਹੱਕਾਂ ਦੇ ਘਾਣ ਅਤੇ ਲੋਕਾਂ ਨੂੰ ਗਾਇਬ ਕਰਨ ਦੇ ਇਲਜ਼ਾਮ ਸਨ ਹੁਣ ਨੌਜਵਾਨਾਂ ਦੀ ਨਜ਼ਰ ਵਿੱਚ ਇੱਕ ਅਜਿਹਾ ਪਿਆਰਾ ਬਜ਼ੁਰਗ ਬਣ ਗਿਆ ਹੈ, ਜੋ ਸਿਰਫ਼ ਮੀਮ ਬਣਾਉਣ ਲਈ ਬਣਿਆ ਹੈ।

ਪਰਬੋਵੋ ਸੁਬਿਆਂਤੋ ਦੇ ਇੱਕ 25 ਸਾਲਾ ਸਮਰਥਕ ਐਲਬਰਟ ਜੋਸ਼ੂਆ ਨੇ ਦੱਸਿਆ, “ਉਹ ਬਹੁਤ ਬਜ਼ੁਰਗ ਹਨ ਪਰ ਉਹ ਮੇਰੀ ਪੀੜ੍ਹੀ ਨਾਲ ਵੀ ਘੁਲਮਿਲ ਸਕਦੇ ਹਨ।”

ਪਰਬੋਵੋ ਸੁਬਿਆਂਤੋ ਹੁਣ 72 ਸਾਲਾਂ ਦੇ ਹਨ। 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਉਹ ਮੌਜੂਦਾ ਰਾਸ਼ਟਰਪਤੀ ਜੋਕੋ ਵਿਡੋਡੋ ਨੂੰ ਟੱਕਰ ਦੇਣ ਜਾ ਰਹੇ ਹਨ। ਇੰਡੋਨੇਸ਼ੀਆ ਦੁਨੀਆਂ ਦਾ ਤੀਜ਼ਾ ਸਭ ਤੋਂ ਵੱਡਾ ਲੋਕਤੰਤਰ ਹੈ।

ਵਿਡੋਡੋ ਨੇ ਪਿਛਲੇ ਦਸ ਸਾਲਾਂ ਦੇ ਆਪਣੇ ਕਾਰਜ ਕਾਲ ਦੌਰਾਨ ਜਿੰਨਾ ਆਰਥਿਕ ਵਿਕਾਸ ਅਤੇ ਸਥਿਰਤਾ ਦਿੱਤੀ ਹੈ ਉਹ ਉਸ ਤੋਂ ਜ਼ਿਆਦਾ ਦਾ ਵਾਅਦਾ ਕਰ ਰਹੇ ਹਨ।

ਹੁਣ ਤੱਕ ਦੇ ਓਪੀਨੀਅਨ ਪੋਲ ਪਰਬੋਵੋ ਸੁਬਿਆਂਤੋ ਨੂੰ ਉਨ੍ਹਾਂ ਦੇ ਨੌਜਵਾਨ ਮੁਕਾਬਲੇਦਾਰਾਂ ਤੋਂ ਅੱਗੇ ਦਿਖਾ ਰਹੇ ਹਨ। ਦੂਸਰੇ ਦੋਵੇਂ ਜਣੇ, ਗੰਜਾਪ ਪਰਾਨੋਵੋ ਅਤੇ ਐਨੀਸ ਬਸਵਾਡਿਨ ਦੋਵੇਂ ਆਪਣੇ ਪੰਜਾਹਵਿਆਂ ਵਿੱਚ ਹਨ ਅਤੇ ਇੰਡੋਨੇਸ਼ੀਆ ਦੇ ਦੋ ਅਹਿਮ ਸੂਬਿਆਂ ਵਿੱਚ ਗਵਰਨਰ ਲਈ ਚੋਣਾਂ ਲੜ ਰਹੇ ਹਨ।

ਉਨ੍ਹਾਂ ਦੇ ਮੁੱਖ ਚੋਣ ਮੁੱਦਿਆਂ ਵਿੱਚ ਸ਼ਾਮਲ ਹਨ, ਰੁਜ਼ਗਾਰ ਸੁਰੱਖਿਆ, ਬੁਨਿਆਦੀ ਢਾਂਚਾ ਅਤੇ ਵਿਸ਼ਵੀ ਮੰਚ ਉੱਪਰ ਇੰਡੋਨੇਸ਼ੀਆ ਲਈ ਜ਼ਿਆਦਾ ਜਗ੍ਹਾ।

ਪਰਬੋਵੋ ਸੁਬਿਆਂਤੋ ਦੇ ਰਨਿੰਗ ਮੇਟ ਵਜੋਂ ਵਿਡੋਡੋ ਦਾ ਵੱਡਾ ਪੁੱਤਰ (ਜਿਬਰਾਨ ਰਾਕਾਬਮਿੰਗ ਰਾਕਾ) ਚੋਣ ਮੈਦਾਨ ਵਿੱਚ ਹੈ।

ਵਿਡੋਡੋ ਨੇ ਅਜੇ ਕਿਸੇ ਦੀ ਹਮਾਇਤ ਦਾ ਐਲਾਨ ਨਹੀਂ ਕੀਤਾ ਹੈ ਇਸ ਲਈ ਰਾਕਾ ਨੂੰ ਸੁਬਿਆਂਤੋ ਲਈ ਵਿਡੋਡੋ ਦੀ ਅਸੀਸ ਹੀ ਸਮਝਿਆ ਜਾ ਰਿਹਾ ਹੈ।

ਜਦਕਿ ਪਰਬੋਵੋ ਦੇ ਰਾਸ਼ਟਰਪਤੀ ਬਣਨ ਤੋਂ ਕਈ ਲੋਕ ਚਿੰਤਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਰਬੋਵੋ ਨੂੰ ਕਦੇ ਵੀ ਦਹਾਕੇ ਪਹਿਲਾਂ ਲੋਕਤੰਤਰ ਪੱਖੀ ਵਿਦਿਆਰਥੀ ਕਾਰਕੁਨਾਂ ਦੇ ਕਤਲ ਅਤੇ ਗੁੰਮਸ਼ੁਦਗੀ ਲਈ ਜਵਾਬਦੇਹ ਨਹੀਂ ਠਹਿਰਾਇਆ ਗਿਆ।

ਇੱਕ ਨੌਜਵਾਨ ਵੋਟਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਰਬੋਵੋ ਦੀ ਜਿੱਤ ਤੋਂ ਡਰ ਲਗਦਾ ਹੈ।

“ਜੇਕਰ ਉਹ ਅਵਾਜ਼ਾਂ ਦਬਾਉਣ ਵਿੱਚ ਸ਼ਾਮਲ ਰਹੇ ਹਨ ਤਾਂ ਹੁਣ ਉਹ ਚੁਣੇ ਜਾਂਦੇ ਹਨ ਤਾਂ ਉਹ ਹੁਣ ਵੀ ਅਵਾਜ਼ਾਂ ਦਬਾਅ ਸਕਦੇ ਹਨ।”

ਵੋਟਰ ਦਾ ਕਹਿਣਾ ਹੈ, “ਮਨਮੋਹਣਾ ਕਦੇ ਵੀ ਕਿਸੇ ਆਗੂ ਦੀ ਯੋਗਤਾ ਨਹੀਂ ਹੁੰਦੀ। ਜੇ ਤੁਹਾਨੂੰ ਲਗਦਾ ਹੈ ਕੋਈ ਆਗੂ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤਾਂ ਤੁਹਾਨੂੰ ਬਲੰਗੂੜੇ ਚੁਣਨੇ ਚਾਹੀਦੇ ਹਨ।”

ਪਰਬੋਵੋ ਸੁਬਿਆਂਤੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਰਬੋਵੋ ਦੇ ਰਾਸ਼ਟਰਪਤੀ ਬਣਨ ਨੂੰ ਲੈ ਕੇ ਕਈ ਲੋਕ ਚਿੰਤਤ ਵੀ ਹਨ

ਇੰਡੋਨੇਸ਼ੀਆ ਦਾ ‘ਮਨਮੋਹਕ ਦਸਤਾ’

ਬਿੱਲੀਆਂ ਵੀ ਪਰਬੋਵੋ ਦੀ ਸੋਸ਼ਲ ਮੀਡੀਆ ਮੁਹਿੰਮ ਦਾ ਹਿੱਸਾ ਹਨ। ਉਨ੍ਹਾਂ ਦੀ ਬਿੱਲੀ ਬੌਬੀ ਦਾ ਆਪਣਾ ਚੰਗੀ ਤਰ੍ਹਾਂ ਚਲਾਇਆ ਜਾ ਰਿਹਾ ਇੰਸਟਾਗ੍ਰਾਮ ਅਕਾਊਂਟ ਹੈ ਜਿਸ ਮੁਤਾਬਕ ਬਿੱਲਾ “ਦੇਸ਼-ਭਗਤ” ਹੈ।

ਇਸ ਤੋਂ ਇਲਾਵਾ ਪਰਬੋਵੋ ਦੀਆਂ ਟਿਕਟੌਕ ਵੀਡੀਓ ਵੀ ਹਨ ਜਿਨ੍ਹਾਂ ਵਿੱਚ ਉਹ ਸਾਰੇ ਸਰੀਰ ਉੱਪਰ ਊਟਪਟਾਂਗ ਹਰਕਤਾਂ ਕਰਦੇ ਹਨ ਅਤੇ ਦਰਸ਼ਕਾਂ ਵੱਲ ਦਿਲ ਵਗਾਹ-ਵਗਾਹ ਕੇ ਮਾਰਦੇ ਹਨ। ਇਨ੍ਹਾਂ ਵੀਡੀਓ ਵਿੱਚ ਸਭ ਕੁਝ ਮਨਮੋਹਕ ਹੈ। ਉਨ੍ਹਾਂ ਦੇ ਨੌਜਵਾਨ ਹਮਾਇਤੀ ਆਪਣੇ ਆਪ ਨੂੰ “ਜਿਮੋਇ ਸਕੂਏਡ” ਕਹਿੰਦੇ ਹਨ।

ਜਿਮੋਇ ਸ਼ਬਦ ਦੇ ਤਾਕਤਵਰ, ਨੇਕ ਵਰਗੇ ਅਰਥ ਹਨ ਜੋ ਕਿ ਕੁੜੀਆਂ-ਮੁੰਡਿਆਂ ਦਾ ਨਾਮ ਵੀ ਹੁੰਦਾ ਹੈ। ਇਸ ਤੋਂ ਇਲਾਵਾ ਇਸਦਾ ਇੱਕ ਹੋਰ ਅਰਥ ਮਨਮੋਹਕ ਵੀ ਹੈ। “ਜਿਮੋਇ ਸਕੂਏਡ” ਮਤਲਬ “ਮਨਮੋਹਕ ਦਸਤਾ”।

ਸੋਸ਼ਲ ਮੀਡੀਆ ਨੇ ਉਨ੍ਹਾਂ ਦੀ ਲੋਕਾਂ ਤੱਕ ਪਹੁੰਚ ਵਿੱਚ ਅਹਿਮ ਭੂਮਿਕਾ ਰਹੀ ਹੈ। 1995 ਤੋਂ 2000 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਦੌਰਾਨ (ਮਿਲੇਨੀਅਲਸ) ਅਤੇ 1997-2012 ਦੌਰਾਨ ਪੈਦਾ ਹੋਏ ਲੋਕਾਂ (ਜੈਨ-ਜ਼ੀ ਜਾਂ ਜ਼ੂਮਰ) ਦਾ ਇੰਡੋਨੇਸ਼ੀਆ ਦੇ 205 ਮਿਲੀਅਨ ਵੋਟਰਾਂ ਵਿੱਚ ਬਹੁਮਤ ਹੈ।

ਇਸ ਤੋਂ ਇਲਾਵਾ ਇੰਡੋਨੇਸ਼ੀਆ ਦੇ 167 ਮਿਲੀਅਨ ਇੰਟਰਨੈਟ ਵਰਤੋਂਕਾਰਾਂ ਵਿੱਚ ਇਨ੍ਹਾਂ ਦੀ ਵੱਡੀ ਸੰਖਿਆ ਹੈ।

ਫੇਸਬੁੱਕ ਦੀ ਮਾਲਕ ਕੰਪਨੀ ਮੇਟਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਰਬੋਵੋ ਦੀ ਅਧਿਕਾਰਿਕ ਫੇਸਬੁੱਕ ਅਤੇ ਸੰਬੰਧਿਤ ਖਾਤਿਆਂ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਇਸ਼ਤਿਹਾਰਾਂ ਉੱਪਰ 1,44,000 ਡਾਲਰ ਖਰਚ ਕੀਤੇ ਹਨ।

ਇਹ ਰਕਮ ਪਰਾਨੋਵੋ ਵੱਲੋਂ ਖਰਚ ਕੀਤੀ ਰਕਮ ਨਾਲੋਂ ਦੁੱਗਣੀ ਅਤੇ ਬਸਵੇਦਾਂ ਦੇ ਖਰਚ ਨਾਲੋਂ ਤਿੰਨ ਗੁਣਾਂ ਹੈ।

ਆਤਮਾ ਜਯਾ ਯੂਨੀਵਰਸਿਟੀ ਵਿੱਚ ਰਿਸਰਚ ਫੈਲੋ ਯੋਇਸ ਸੀ ਕੈਨਾਵਾਸ ਕਹਿੰਦੇ ਹਨ, “ਮੈਂ ਪਰਬੋਵੋ ਦੀ ਅਸਲ ਤਸਵੀਰ ਤਾਂ ਦੁਰਲੱਭ ਹੀ ਦੇਖਦਾ ਹਾਂ।”

ਇਸਦੇ ਉਲਟ ਇੰਟਰਨੈਟ, ਬੈਠਕਾਂ ਅਤੇ ਸੜਕਾਂ ਪਰਾਬੋਵੋ ਦੇ ਕਾਰਟੂਨ ਕਿਰਦਾਰ ਵਰਗੀਆਂ ਤਸਵੀਰਾਂ ਨਾਲ ਭਰੇ ਪਏ ਹਨ।

ਉਹ ਕਹਿੰਦੇ ਹਨ, “ਇਹ ਨਵਾਂ ਅਵਤਾਰ... ਪੂਰੇ ਇੰਡੋਨੇਸ਼ੀਆ ਵਿੱਚ ਹੈ। ਇਸ ਤਰ੍ਹਾਂ ਉਹ ਉਨ੍ਹਾਂ ਦੇ ਅਕਸ ਨੂੰ ਨਰਮ ਕਰ ਰਹੇ ਹਨ। ਹੁਣ ਤੱਕ ਉਹ ਇਸ ਵਿੱਚ ਸਫ਼ਲ ਵੀ ਰਹੇ ਹਨ।”

ਪਰਬੋਵੋ ਸੁਬਿਆਂਤੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਰਬੋਵੋ ਨੇ ਸਾਲ 2014 ਅਤੇ ਫਿਰ 2019 ਦੀਆਂ ਰਾਸ਼ਟਰਪਤੀ ਚੋਣਾਂ ਲੜੀਆਂ ਪਰ ਹਾਰ ਦਾ ਮੂੰਹ ਦੇਖਣਾ ਪਿਆ

ਪਰਬੋਵੇ ਦੇ ਪ੍ਰਚਾਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਹ ਤਾਂ ਸਿਰਫ਼ “ਮਜ਼ੇਦਾਰ” ਪ੍ਰਚਾਰ ਮੁਹਿੰਮ ਰਾਹੀਂ ਨੌਜਵਾਨਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ।

ਡੀਬੇਕ ਪਰੇਯੂਦੀ ਨੇ ਕਿਹਾ, “ਸਿਆਸਤ ਕਈ ਤਰੀਕਿਆਂ ਨਾਲ ਲੋਕਾਂ ਤੱਕ ਪਹੁੰਚਾਈ ਜਾ ਸਕਦੀ ਹੈ। ਇਹ ਕੋਈ ਬੁਰੀ ਚੀਜ਼ ਨਹੀਂ ਹੈ।”

ਜੈਨ-ਜ਼ੀ ਵੋਟਰ ਰਹਾਯੂ ਸਾਰਤਿਕਾ ਦੇਵੀ ਦਾ ਕਹਿਣਾ ਕਿ ਉਨ੍ਹਾਂ ਨੂੰ ਨੂੰ ਪਰਬੋਵੇ ਦੇ ਨਿਵਿਉਣਯੋਗ ਊਰਜਾ ਖੇਤਰ ਅਤੇ ਖੇਤੀਬਾੜੀ ਨੂੰ ਵਿਕਸਿਤ ਕਰਨ ਦੀਆਂ ਯੋਜਨਾਵਾਂ ਤੋਂ ਪ੍ਰਭਾਵਿਤ ਹਨ।

ਪਰੋਬੋਵੇ ਦੀ ਸਮੁੱਚੀ ਪ੍ਰਚਾਰ ਮੁਹਿੰਮ ਨੂੰ ਉਹ “ਬਹੁਤ ਮਨਮੋਹਕ, ਮਜ਼ੇਦਾਰ ਅਤੇ ਪਹੁੰਚਯੋਗ” ਦੱਸਦੇ ਹਨ ਜੋ ਕਿ “ਪਿਛਲੇ ਸਾਲਾਂ ਵਾਂਗ ਬੋਝਲ ਨਹੀਂ ਹੈ।”

ਪਰਬੋਵੋ ਨੇ ਸਾਲ 2014 ਅਤੇ ਫਿਰ 2019 ਦੀਆਂ ਰਾਸ਼ਟਰਪਤੀ ਚੋਣਾਂ ਲੜੀਆਂ ਪਰ ਹਾਰ ਦਾ ਮੂੰਹ ਦੇਖਣਾ ਪਿਆ। ਹਾਲਾਂਕਿ ਇਸ ਵਾਰ ਦੀ ਪ੍ਰਚਾਰ ਮੁਹਿੰਮ ਵਰਨਣਯੋਗ ਢੰਗ ਨਾਲ ਵੱਖਰੀ ਰਹੀ ਹੈ।

ਆਸਟ੍ਰੇਲੀਆ ਨੈਸ਼ਨਲ ਯੂਨੀਵਰਸਿਟੀ ਦੇ ਇੰਡੋਨੇਸ਼ੀ ਇੰਸਟੀਚਿਊਟ ਦੇ ਨਿਰਦੇਸ਼ਕ ਡਾ. ਈਵਾ ਵਾਰਬਰਨ ਕਹਿੰਦੇ ਹਨ, “ਹਾਰ ਲਈ ਉਨ੍ਹਾਂ ਦੀ ਫਾਇਰਬਰੈਂਡ ਇਮੇਜ ਅਤੇ ਵੋਟਰਾਂ ਦੇ ਇੱਕ ਵਰਗ ਤੋਂ ਟੁੱਟਿਆ ਹੋਣਾ ਵੀ ਜ਼ਿੰਮੇਵਾਰ ਸਨ।”

ਪਰਬੋਵੋ ਵੋਟਰਾਂ ਦੇ ਉਸ ਵਰਗ ਨੂੰ ਨਿਸ਼ਾਨਾ ਬਣਾ ਰਹੇ ਹਨ ਜਿਸ ਕੋਲ ਉਨ੍ਹਾਂ ਦੇ ਅਤੀਤ ਦੀਆਂ ਕੋਈ ਯਾਦਾਂ ਨਹੀਂ ਹਨ, ਜਦੋਂ ਉਹ ਸੱਤਾ ਦੇ ਸਿਖਰ ਉੱਤੇ ਪਹੁੰਚੇ ਸਨ।

ਪਰਬੋਵੋ ਤਾਨਾਸ਼ਾਹ ਜਨਰਲ ਸੁਹਾਰਤੋ ਦੇ ਕਾਰਜਕਾਲ ਦੌਰਾਨ ਵਾਪਰਿਆ ਸੀ ਜਿਨ੍ਹਾਂ ਦਾ 1998 ਵਿੱਚ ਤਖਤਾ ਪਲਟ ਕਰ ਦਿੱਤਾ ਗਿਆ ਸੀ।

ਪਰਬੋਵੋ ਸੁਬਿਆਂਤੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਰਬੋਵੋ ਦਾ ਰਾਸ਼ਟਰਪਤੀ ਚੋਣਾਂ ਲਈ ਕਾਗਜ਼ ਭਰਨਾ ਇਸ ਦਾ ਸਬੂਤ ਹੈ ਕਿ ਉਨ੍ਹਾਂ ਨੇ ਇਲਜ਼ਾਮ ਝਾੜ ਸੁੱਟੇ ਹਨ

ਤਾਨਾਸ਼ਾਹ ਦੇ 32 ਸਾਲ ਦਾ ਰਾਜਕਾਲ ਨੂੰ ਕਈ ਇੰਡੋਨੇਸ਼ੀਆ ਵਾਸੀ ਦੇਸ ਦੇ ਆਧੁਨਿਕੀਕਰਨ ਲਈ ਯਾਦ ਕਰਦੇ ਹਨ। ਹਾਲਾਂਕਿ ਉਹ ਸਮਾਂ ਜਾਲਮ ਅੱਤਿਆਚਾਰਾਂ ਅਤੇ ਖੂਨ-ਖਰਾਬੇ ਦਾ ਵੀ ਸਮਾਂ ਸੀ।

ਪੱਚੀ ਸਾਲਾਂ ਬਾਅਦ ਅੱਜ ਦੇ ਨੌਜਵਾਨ ਕਹਿ ਰਹੇ ਹਨ ਕਿ ਉਹ ਪਰਬੋਵੋ ਦਾ ਨਿਰਣਾ ਇਸ ਅਧਾਰ ਉੱਤੇ ਕਰਨਗੇ ਕਿ ਉਹ ਬੇਰੁਜ਼ਗਾਰੀ ਅਤੇ ਮਹਿੰਗਾਈ ਨਾਲ ਕਿਵੇਂ ਨਜਿੱਠਦੇ ਹਨ। ਪਰਬੋਵੋ ਨੇ ਆਉਣ ਵਾਲੇ ਪੰਜ ਸਾਲਾਂ ਵਿੱਚ 19 ਮਿਲੀਅਨ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕੀਤਾ ਹੈ।

ਜੋਸ਼ੂਆ ਕਹਿੰਦੇ ਹਨ, “ਮੈਨੂੰ ਪਤਾ ਹੈ ਕਿ ਕਾਰਕੁਨ ਅਜੇ ਵੀ ਵਿਰੋਧ ਕਰ ਰਹੇ ਹਨ... ਪਰ ਸਾਨੂੰ ਅੱਗੇ ਵਧਣਾ ਪਵੇਗਾ।”

ਪਰਬੋਵੋ ਦੀ ਪ੍ਰਚਾਰ ਮੁਹਿੰਮ ਵਿੱਚ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਗਿਆ ਹੈ। ਭਾਵੇਂ ਕਿ ਉਨ੍ਹਾਂ ਨੂੰ ਸਮਾਜਿਕ ਕਾਰਕੁਨਾਂ ਦੀ ਗੁਮਸ਼ੁਦਗੀ ਵਿੱਚ ਸ਼ਾਮਲ ਹੋਣ ਦੇ ਇਲਜ਼ਾਮਾਂ ਕਾਰਨ ਹੀ ਫੌਜ ਵਿੱਚੋਂ ਕੱਢਿਆ ਗਿਆ ਸੀ।

ਸਾਲ 2014 ਵਿੱਚ ਉਨ੍ਹਾਂ ਨੇ ਅਲ ਜਜ਼ੀਰਾ ਨੂੰ ਦੱਸਿਆ ਕਿ ਉਨ੍ਹਾਂ ਨੇ ਕਾਰਕੁਨ ਅਗਵਾ ਕਰਨ ਦੇ ਹੁਕਮ ਜ਼ਰੂਰ ਦਿੱਤੇ ਸਨ ਉਹ ਵੀ ਆਪਣੇ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਉੱਤੇ।

ਪਿਛਲੇ ਸਮੇਂ ਦੌਰਾਨ ਵੀਡੀਓ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਲੋਕ ਪਰਬੋਵੋ ਲਈ ਹਮਦਰਦੀ ਦੇ ਅੱਥਰੂ ਵਹਾ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਉਹ ਵਿਰੋਧੀਆਂ ਦੀ ਸਾਜਿਸ਼ ਦਾ ਸ਼ਿਕਾਰ ਹੋਏ ਹਨ।

ਇਨ੍ਹਾਂ ਵੀਡੀਓ ਵਿੱਚ ਜ਼ਿਆਦਤਰ ਨੌਜਵਾਨ ਲੋਕ ਹਨ ਅਤੇ ਕਈ ਚੋਣ ਸਰਵੇਖਣ ਨੂੰ ਸ਼ੱਕ ਹੈ ਕਿ ਇਨ੍ਹਾਂ ਵੀਡੀਓ ਵਿੱਚ ਕੋਈ ਸੱਚਾਈ ਹੈ।

ਦੇਵੀ ਦਾ ਕਹਿਣਾ ਹੈ ਕਿ ਪਰਬੋਵੋ ਦਾ ਰਾਸ਼ਟਰਪਤੀ ਚੋਣਾਂ ਲਈ ਕਾਗਜ਼ ਭਰਨਾ ਇਸ ਦਾ ਸਬੂਤ ਹੈ ਕਿ ਉਨ੍ਹਾਂ ਨੇ ਇਲਜ਼ਾਮ ਝਾੜ ਸੁੱਟੇ ਹਨ।

ਮੌਜੂਦਾ ਰਾਸ਼ਟਰਪਤੀ ਵਿਡੋਡੋ ਆਪਣੇ ਪੁੱਤਰ ਜਿਬਰਾਨ ਨਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੌਜੂਦਾ ਰਾਸ਼ਟਰਪਤੀ ਵਿਡੋਡੋ ਆਪਣੇ ਪੁੱਤਰ ਜਿਬਰਾਨ ਨਾਲ

ਬੇਮਿਸਾਲ ਵਾਪਸੀ

ਪਰਬੋਵੋ ਦਾ ਜਨਮ ਇੱਕ ਧਨਾਢ ਸਿਆਸੀ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਇੱਕ ਮੰਨੇ-ਪ੍ਰਮੰਨੇ ਅਰਥ ਸ਼ਾਸਤਰੀ ਸਨ ਜਿਨ੍ਹਾਂ ਨੇ ਇੰਡੋਨੇਸ਼ੀਆ ਸਰਕਾਰ ਦੀ ਸੇਵਾ ਕੀਤੀ।

ਉਹ ਆਪਣੇ ਪਿਤਾ ਦੇ ਨਾਲ 1957 ਵਿੱਚ ਦੇਸ ਛੱਡ ਕੇ ਚਲੇ ਗਏ ਸਨ। ਉਨ੍ਹਾਂ ਨੇ ਆਪਣਾ ਬਚਪਨ ਯੂਰਪ ਦੀ ਜਲਾਵਤਨੀ ਵਿੱਚ ਹੀ ਬਿਤਾਇਆ।

ਇੰਡੋਨੇਸ਼ੀਆ ਵਾਪਸ ਆਉਣ ਤੋਂ ਬਾਅਦ ਉਹ ਤੁਰੰਤ ਹੀ ਫੌਜ ਵਿੱਚ ਭਰਤੀ ਹੋ ਗਏ। ਫੌਜ ਵਿੱਚ ਉਨ੍ਹਾਂ ਨੇ ਦਿਨ-ਦੁੱਗਣੀ ਤਰੱਕੀ ਕੀਤੀ ਅਤੇ ਇੰਡੋਨੇਸ਼ੀਆ ਦੇ ਸਭ ਤੋਂ ਕੁਲੀਨ ਵਿਸ਼ੇਸ਼ ਦਸਤੇ (ਕੋਪਾਸੁਸ) ਦੇ ਕਮਾਂਡਰ ਬਣ ਗਏ।

ਇਸ ਸਮੇਂ ਤੱਕ ਉਨ੍ਹਾਂ ਉੱਪਰ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਇਲਜ਼ਾਮ ਲੱਗ ਚੁੱਕੇ ਸਨ।

ਤਤਕਾਲੀ ਈਸਟ ਤਿਮੋਰ ਵਿੱਚ ਉਨ੍ਹਾਂ ਦੇ ਕਾਰਜਕਾਲ ਦੌਰਾਨ ਸੈਂਕੜੇ ਜਾਨਾਂ ਗਈਆਂ। ਉਨ੍ਹਾਂ ਦੀ ਭੂਮਿਕਾ ਸਾਬਤ ਵੀ ਹੋ ਚੁੱਕੀ ਹੈ ਪਰ ਉਹ ਇਨਕਾਰ ਕਰਦੇ ਹਨ। ਫਿਰ ਵੀ ਇਹ ਧੱਬਾ ਉਨ੍ਹਾਂ ਦੇ ਜੀਵਨ ਉੱਤੇ ਮੌਜੂਦ ਹੈ।

ਉਹ ਤਾਨਾਸ਼ਾਹ ਦੀ ਇੱਕ ਬੇਟੀ ਨਾਲ ਵਿਆਹ ਕਰਵਾ ਕੇ ਉਨ੍ਹਾਂ ਦੇ ਨਜ਼ਦੀਕ ਬਣੇ ਰਹੇ।

ਸੰਨ 1998 ਵਿੱਚ ਸੁਹਾਰਤੋ ਦੇ ਤਖ਼ਤਾ ਪਲਟ ਤੋਂ ਬਾਅਦ ਕੋਪਾਸੁਸ ਉੱਪਰ ਸਰਕਾਰ ਦਾ ਵਿਰੋਧ ਕਰ ਰਹੇ 20 ਤੋਂ ਜ਼ਿਆਦਾ ਕਾਰਕੁਨਾਂ ਨੂੰ ਅਗਵਾ ਕਰਨ ਦੇ ਇਲਜ਼ਾਮ ਲੱਗੇ। ਉਨ੍ਹਾਂ ਵਿੱਚੋਂ ਦਰਜਨ ਤੋਂ ਵੀ ਜ਼ਿਆਦਾ ਅਜੇ ਵੀ ਗੁਮਸ਼ੁਦਾ ਹਨ, ਸਮਝਿਆ ਜਾ ਰਿਹਾ ਹੈ ਕਿ ਉਹ ਹੁਣ ਜ਼ਿੰਦਾ ਨਹੀਂ ਹਨ।

ਜਿਹੜੇ ਬਚ ਗਏ ਉਨ੍ਹਾਂ ਨੇ ਤਸ਼ੱਦਦ ਦੇ ਇਲਜ਼ਾਮ ਲਗਾਏ ਹਨ।

ਪਰਬੋਵੋ ਨੂੰ ਫੌਜ ਤੋਂ ਡਿਸਚਾਰਜ ਕਰ ਦਿੱਤਾ ਗਿਆ। ਹੁਣ ਉਹ ਆਪਣੇ-ਆਪ ਹੀ ਜੌਰਡਨ ਚਲੇ ਗਏ ਅਤੇ ਆਸਟਰੇਲੀਆ ਦੀ ਕਾਲੀ ਸੂਚੀ ਵਿੱਚ ਵੀ ਸ਼ਾਮਲ ਹੋ ਗਏ। ਉਨ੍ਹਾਂ ਉੱਪਰ ਅਮਰੀਕਾ ਵਿੱਚ ਦਾਖਲ ਹੋਣ ਤੋਂ ਵੀ ਪਾਬੰਦੀ ਲੱਗੀ ਰਹੀ ਹੈ।

ਉਨ੍ਹਾਂ ਨੇ ਸਾਲ 2019 ਵਿੱਚ ਧਮਾਕੇਦਾਰ ਵਾਪਸੀ ਕੀਤੀ ਜਦੋਂ ਵਿਡੋਡੋ ਨੇ ਉਨ੍ਹਾਂ ਨੂੰ ਆਪਣਾ ਰੱਖਿਆ ਮੰਤਰੀ ਨਿਯੁਕਤ ਕੀਤਾ। ਅਹੁਦਾ ਮਿਲਦਿਆਂ ਹੀ ਉਨ੍ਹਾਂ ਦੇ ਵੈਰੀ ਮਿੱਤਰ ਹੋ ਗਏ।

ਇਸ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਪਰਬੋਵੋ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਰਬੋਵੇ ਨੇ ਇਸ ਦਾ ਇਲਜ਼ਾਮ ਚੋਣ ਗੜਬੜੀਆਂ, ਧੋਖਾਧੜੀ ਅਤੇ ਹਿੰਸਕ ਮੁਜ਼ਾਹਰਿਆਂ ਦੇ ਸਿਰ ਲਾਇਆ ਜਿਨ੍ਹਾਂ ਵਿੱਚ ਅੱਠ ਜਣਿਆਂ ਦੀ ਮੌਤ ਹੋ ਗਈ ਸੀ।

ਇੱਕ ਉੱਘੇ ਮਨੁੱਖੀ ਅਧਿਕਾਰ ਵਕੀਲ ਤਾਲਿਬ ਦੀ ਵਿਧਵਾ ਸੁਸੀਵਤੀ ਪੁੱਛਦੇ ਹਨ, “ਜੇ ਇੱਕ ਮੁਜ਼ਰਮ ਰਾਸ਼ਟਰਪਤੀ ਬਣ ਗਿਆ ਤਾਂ ਅਸੀਂ ਇਨਸਾਫ਼ ਦੀ ਉਮੀਦ ਕਿਵੇਂ ਰੱਖ ਸਕਦੇ ਹਾਂ?”

ਮੁਨੀਰ ਦੱਸਦੇ ਹਨ ਕਿ ਤਾਲਿਬ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ 1998 ਦੀਆਂ ਗੁਮਸ਼ੁਦਗੀਆਂ ਦੀ ਜਾਂਚ ਕਰਨ ਵਿੱਚ ਹੀ ਬਿਤਾਇਆ ਸੀ। ਸਾਲ 2004 ਵਿੱਚ ਹਵਾਈ ਸਫਰ ਦੌਰਾਨ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।

ਪਰਬੋਵੋ ਸੁਬਿਆਂਤੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਈ ਨਹੀ ਜਾਣਦਾ ਪਰਬੋਵੋ ਕਿਵੇਂ ਸ਼ਾਸ਼ਨ ਕਰਨਗੇ

ਇਸ ਮਾਮਲੇ ਵਿੱਚ ਪਾਇਲਟ ਨੂੰ ਮੁਜਰਮ ਠਹਿਰਾਇਆ ਗਿਆ। ਪਰ ਸੁਸੀਵਤੀ ਇਸ ਨੂੰ ਮੁਕੰਮਲ ਸੱਚ ਨਹੀਂ ਮੰਨਦੇ।

ਉਹ ਕਹਿੰਦੇ ਹਨ, “ਪਰਬੋਵੋ ਦਾ ਰਾਸ਼ਟਰਪਤੀ ਬਣਨਾ ਸਾਡੇ ਪੀੜਤਾਂ ਦੇ ਪਰਿਵਾਰਾਂ, ਮਨੁੱਖੀ ਅਧਿਕਾਰ ਕਾਰਕੁਨਾਂ ਲਈ ਮਿਸਾਲੀ ਹਾਰ ਹੋਵੇਗਾ।”

ਕੁਝ ਕਹਿੰਦੇ ਹਨ ਕਿ ਵਿਡੋਡੋ ਦੀ ਹਮਾਇਤ ਨੇ ਪਰਬੋਵੋ ਦਾ ਅਕਸ ਠੀਕ ਕਰਨ ਵਿੱਚ ਮਦਦ ਕੀਤੀ ਹੈ। ਸੋਸ਼ਲ ਮੀਡੀਆ ਕਾਫ਼ੀ ਨਹੀਂ ਹੈ।

ਰਿਸਰਚ ਫੈਲੋ ਯੋਇਸ ਸੀ ਕੈਨਾਵਾਸ ਕਹਿੰਦੇ ਹਨ, “ਜਿਵੇਂ ਸਰਕਾਰੀ ਤੰਤਰ ਨੇ ਉਨ੍ਹਾਂ ਦੀ ਮੁਹਿੰਮ ਵਿੱਚ ਮਦਦ ਕੀਤੀ ਹੈ। ਉਸ ਨੂੰ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ।”

ਕੁਝ ਹੋਰ ਲੋਕ ਉਨ੍ਹਾਂ ਦੇ ਰਨਿੰਗ ਮੇਟ ਅਤੇ ਵਿਡੋਡੋ ਦੇ ਪੁੱਤਰ ਜਿਬਰਾਨ ਵੱਲ ਇਸ਼ਾਰਾ ਕਰਦੇ ਹਨ। ਇੱਕ ਸੰਵਿਧਾਨਕ ਅਦਾਲਤ ਜਿੱਥੇ ਵਿਡੋਡੋ ਦਾ ਜੀਜਾ ਚੀਫ ਜਸਟਿਸ ਹੈ, ਨੇ 36 ਸਾਲਾ ਉਮੀਦਵਾਰ ਨੂੰ ਉਪ-ਰਾਸ਼ਟਰਪਤੀ ਚੋਣਾਂ ਵਿੱਚ ਖੜ੍ਹੇ ਹੋਣ ਲਈ ਹਰੀ ਝੰਡੀ ਦਿੱਤੀ ਸੀ।

ਹਾਲਾਂਕਿ ਇੰਡੋਨੇਸ਼ੀਆ ਦੇ ਕਾਨੂੰਨ ਮੁਤਾਬਕ ਉਪ-ਰਾਸ਼ਟਰਪਤੀ ਚੋਣਾਂ ਦਾ ਉਮੀਦਵਾਰ 36 ਤੋਂ ਵੱਡੀ ਉਮਰ ਦਾ ਕੋਈ ਵਿਅਕਤੀ ਹੋਣਾ ਚਾਹੀਦਾ ਹੈ।

ਇਸ ਤੋਂ ਇਲਵਾ ਬਹੁਤ ਸਾਰੇ ਲੋਕਾਂ ਨੂੰ “ਪੁਰਾਣੇ ਪਰਾਬੋਵੋ” ਦੇ ਵਾਪਸ ਆ ਜਾਣ ਦਾ ਵੀ ਡਰ ਹੈ, ਜੋ ਆਪਣੇ ਤੁਨਕ ਮਿਜਾਜ਼ ਅਤੇ ਅਸਥਿਰ ਸ਼ਖਸੀਅਤ ਲਈ ਜਾਣਿਆ ਜਾਂਦਾ ਸੀ।

ਡਾ਼ ਈਵਾ ਵਾਰਬਰਨ ਮੁਤਾਬਕ ਪਰਬੋਵੋ ਹਾਲ ਹੀ ਵਿੱਚ ਜਦੋਂ ਜਨਤਾ ਦੇ ਸਾਹਮਣੇ ਆਏ ਹਨ ਤਾਂ ਇਸ ਡਰ ਦੀ ਪੁਸ਼ਟੀ ਵੀ ਹੋਈ ਹੈ।

ਕੋਈ ਨਹੀ ਜਾਣਦਾ ਪਰਬੋਵੋ ਕਿਵੇਂ ਸ਼ਾਸ਼ਨ ਕਰਨਗੇ। ਉਹ ਕਹਿੰਦੇ ਹਨ, “ਉਹ ਬਹੁਤ ਸੁਥਰਾ ਰਾਸ਼ਟਰਪਤੀ ਹੋ ਸਕਦਾ ਹੈ ਜਿਸ ਨੂੰ ਸਿਰਫ਼ ਸ਼ਾਨੋ-ਸ਼ੌਕਤ ਨਾਲ ਹੀ ਮਤਲਬ ਹੋਵੇ। ਜਦਕਿ ਉਸ ਨੂੰ ਜਾਨਣ ਵਾਲੇ ਜ਼ਿਆਦਤਰ ਲੋਕ ਉਸ ਦੀ ਅਨਿਸ਼ਚਿਤ ਸ਼ਖਸ਼ੀਅਤ ਵੱਲ ਇਸ਼ਾਰਾ ਕਰਦੇ ਹਨ। ਉਹ ਸਰਕਾਰ ਚਲਾਉਣ ਲਈ ਬਿਲਕੁਲ ਵੀ ਚੰਗੀ ਨਹੀਂ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)