ਤਰਨ ਤਾਰਨ: ਪ੍ਰੇਮ ਵਿਆਹ ਬਦਲੇ ਮੁੰਡੇ ਦੀ ਮਾਂ ਨੂੰ 'ਨਗਨ’ ਕਰਨ ਦਾ ਕੀ ਹੈ ਮਾਮਲਾ, ਚਾਰ ਜਣੇ ਹੋਏ ਗ੍ਰਿਫ਼ਤਾਰ

ਔਰਤਾਂ ਖਿਲਾਫ ਅਪਰਾਧ ਖਿਲਾਫ ਮੁਜ਼ਾਹਰੇ ਦੀ ਤਸਵੀਰ

ਤਸਵੀਰ ਸਰੋਤ, Getty IMages

ਤਸਵੀਰ ਕੈਪਸ਼ਨ, ਔਰਤਾਂ ਨਾਲ ਅਜਿਹੇ ਕਥਿਤ ਜੁਰਮਾਂ ਦੀਆਂ ਖ਼ਬਰਾਂ ਕਈ ਵਾਰੀ ਸਾਹਮਣੇ ਆ ਚੁੱਕੀਆਂ ਹਨ। (ਸੰਕੇਤਕ ਤਸਵੀਰ)
    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਲਈ

ਤਰਨ ਤਾਰਨ ਦੇ ਵਲਟੋਹਾ ਵਿੱਚ ਇੱਕ ਮਹਿਲਾ ਨਾਲ ਉਸ ਦੇ ਗੁਆਂਢੀਆਂ ਵੱਲੋਂ ਕਥਿਤ ਤੌਰ ਉੱਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਘਟਨਾ ਦੀ ਇੱਕ ਕਥਿਤ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਮਹਿਲਾ ਨਿਰਵਸਤਰ ਦਿਖਾਈ ਦਿੰਦੀ ਹੈ।

ਪੀੜਤ ਮਹਿਲਾ ਨੇ ਇਲਜ਼ਾਮ ਲਾਇਆ ਕਿ ਉਸ ਨਾਲ ਅਜਿਹਾ ਵਤੀਰਾ ਇਸ ਲਈ ਕੀਤਾ ਗਿਆ ਕਿਉਂਕਿ ਉਸ ਦੇ ਪੁੱਤਰ ਨੇ ਗੁਆਂਢੀਆਂ ਦੀ ਕੁੜੀ ਨਾਲ ਭੱਜ ਕੇ ਵਿਆਹ ਕਰਵਾ ਲਿਆ ਸੀ।

ਚੇਤਾਵਨੀ— ਖ਼ਬਰ ਵਿੱਚ ਸ਼ਾਮਲ ਕੁਝ ਵੇਰਵੇ ਕੁਝ ਪਾਠਕਾਂ ਨੂੰ ਪ੍ਰੇਸ਼ਾਨ ਕਰ ਸਕਦੇ ਹਨ।

ਇਲਜ਼ਾਮਾਂ ਮੁਤਾਬਕ ਮੁਲਜ਼ਮਾਂ ਨੇ ਨਾ ਸਿਰ ਖ਼ੁਦ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੀ ਔਰਤ ਕੋਲੋਂ ਕੱਪੜੇ ਖੋਹ ਕੇ ਗਲੀਆਂ 'ਚ ਭਜਾ-ਭਜਾ ਉਸ ਦੀ ਵੀਡੀਓ ਬਣਾਈ ਸਗੋਂ ਵੀਡੀਓ ਨੂੰ ਸ਼ੋਸ਼ਲ ਮੀਡੀਆ 'ਤੇ ਵਾਇਰਲ ਵੀ ਕੀਤਾ।

ਹਾਲਾਂਕਿ ,ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਔਰਤ ਕੈਮਰੇ ਤੋਂ ਬਚਣ ਲਈ ਲੋਕਾਂ ਦੀਆਂ ਦੁਕਾਨਾਂ 'ਚ ਵੀ ਲੁਕਣ ਦਾ ਯਤਨ ਕਰਦੀ ਨਜ਼ਰ ਆ ਰਹੀ ਹੈ।

ਤਰਨਤਾਰਨ ਦੇ ਪੁਲਿਸ ਮੁਖੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ 3 ਅਪ੍ਰੈਲ ਨੂੰ ਦਰਜ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਕੇਸ ਪੰਜ ਜਣਿਆਂ ਉੱਤੇ ਦਰਜ ਹੋਇਆ ਸੀ, ਜਿਨ੍ਹਾਂ ਵਿੱਚੋਂ ਕੁੜੀ ਦੀ ਮਾਂ, ਉਨ੍ਹਾਂ ਦੇ ਪੁੱਤਰ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਲਵਿੰਦਰ ਕੌਰ, ਗੁਰਚਰਨ ਸਿੰਘ, ਸ਼ਰਨਜੀਤ ਸਿੰਘ ਉਰਫ਼ ਸੰਨੀ ਵਜੋਂ ਹੋਈ ਹੈ।

ਇਹ ਕੇਸ ਆਈਪੀਸੀ ਦੀ ਧਾਰਾ 354, 354ਬੀ, 354ਡੀ, 323 ਅਤੇ 149 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।

ਪੁਲਿਸ ਨੇ ਇੰਫਰਮੇਸ਼ਨ ਟੈਕਨਾਲਜੀ ਐਕਟ ਦੀ ਧਾਰਾਵਾਂ 67 ਅਤੇ 67ਏ ਵੀ ਬਾਅਦ ਵਿੱਚ ਜੋੜ ਦਿੱਤੀਆਂ ਸਨ।

ਇਸ ਮਾਮਲੇ ਦਾ ਨੈਸ਼ਨਲ ਕਮਿਸ਼ਨ ਫਾਰ ਵੁਮੈਨ ਨੇ ਵੀ ਨੋਟਿਸ ਲਿਆ ਹੈ ਅਤੇ ਪੰਜਾਬ ਦੇ ਡੀਜੀਪੀ ਨੂੰ ਇਸ ਉੱਤੇ ਤੁਰੰਤ ਕਾਰਵਾਈ ਕਰਨ ਲਈ ਨਿਰਦੇਸ਼ ਦਿੱਤੇ ਹਨ।

ਔਰਤਾਂ ਖਿਲਾਫ ਸੋਸ਼ਲ ਮੀਡੀਆ ਅਪਰਾਧਾਂ ਬਾਰੇ ਗਰਾਫਿਕਸ
ਤਸਵੀਰ ਕੈਪਸ਼ਨ, ਔਰਤ ਦਾ ਇਲਜ਼ਾਮ ਹੈ ਕਿ ਲੜਕੀ ਦੇ ਭਰਾ 'ਤੇ ਮਾਂ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਰੌਲਾ ਪਾਉਣ ਲੱਗੇ।

ਕੀ ਹੈ ਪੂਰਾ ਮਾਮਲਾ ?

ਇਹ ਘਟਨਾ 31 ਮਾਰਚ ਦੀ ਦੱਸੀ ਜਾ ਰਹੀ ਹੈ।

ਔਰਤ ਦਾ ਇਲਜ਼ਾਮ ਹੈ ਕਿ ਲੜਕੀ ਦੇ ਭਰਾ 'ਤੇ ਮਾਂ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਰੌਲਾ ਪਾਉਣ ਲੱਗੇ। ਜਦੋਂ ਉਹ ਘਰੋਂ ਬਾਹਰ ਆਈ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਕੁੱਟ ਮਾਰ ਕਰਨ ਤੋਂ ਇਲਾਵਾ ਉਸ ਦੇ ਕੱਪੜੇ ਪਾੜ ਕੇ ਉਸ ਨੂੰ ਪੂਰੀ ਤਰ੍ਹਾਂ ਨਗਨ ਕਰ ਦਿੱਤਾ ਅਤੇ ਉਸੇ ਹਾਲਤ ਵਿੱਚ ਹੀ ਵੀਡੀਓ ਬਣਾ ਲਈ।

ਉਸ ਦਾ ਕਹਿਣਾ ਹੈ ਕਿ ਉਹ ਇਹਨਾਂ ਲੋਕਾਂ ਤੋਂ "ਬਚਣ ਲਈ ਭੱਜਦੀ ਰਹੀ ਅਤੇ ਦੁਕਾਨਾਂ ਵਿੱਚ ਆਸਰਾ ਲੈਂਦੀ" ਰਹੀ।

ਪੀੜਤਾ ਨੇ ਦੱਸਿਆ, ''ਉਹ ਪੰਜ ਜਣੇ ਮੇਰੇ ਗਲ ਪੈ ਗਏ। ਕੁੜੀ ਮੁੰਡੇ ਦੀ ਆਪਸ ਵਿੱਚ ਗੱਲ ਸੀ ਪਰ ਮੇਰੇ ਨਾਲ ਕੋਈ ਮਤਲਬ ਨਹੀਂ ਸੀ। ਮੈਂ ਭੱਜ-ਨੱਸ ਕੇ ਜਾਨ ਬਚਾਈ। ਇਨ੍ਹਾਂ ਨੇ ਮੇਰਾ ਬਹੁਤ ਮੰਦਾ ਹਾਲ ਕੀਤਾ। ਲੀੜੇ ਪਾੜ ਦਿੱਤੇ।”

ਔਰਤ ਨੇ ਦੱਸਿਆ ਕਿ ਉਨ੍ਹਾਂ ਨਾਲ ਬਦਸਲੂਕੀ ਕਰਨ ਵਾਲੇ ਪੰਜ ਜਣੇ ਸਨ ਜਿਨ੍ਹਾਂ ਵਿੱਚ “ਇੱਕ ਔਰਤ ਅਤੇ ਚਾਰ ਬੰਦੇ” ਸਨ ਪਰ “ਪੁਲਿਸ ਨੇ ਕੋਈ ਗ੍ਰਿਫ਼ਤਾਰੀ ਨਹੀਂ ਕੀਤਾ ਸਗੋਂ ਪੁਲਿਸ ਜਾਂਦੀ ਹੈ ਅਤੇ ਮੁੜ ਆਉਂਦੀ ਹੈ”।

ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਦਖਲ

ਪੰਜਾਬ ਰਾਜ ਮਹਿਲਾ ਕਮਿਸ਼ਨ
ਤਸਵੀਰ ਕੈਪਸ਼ਨ, ਕਮਿਸ਼ਨ ਵੱਲੋਂ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਨੂੰ ਪੱਤਰ ਲਿਖਿਆ ਗਿਆ ਹੈ।

ਇਸ ਘਟਨਾ ਦਾ ਸੰਗਿਆਨ ਲੈਂਦਿਆਂ ਹੋਇਆਂ ਚੇਅਰ ਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ “ਮਾਮਲੇ ਵਿੱਚ ਕੇਸ ਦਰਜ ਕਰਕੇ ਤੁਰੰਤ ਡਿਪਟੀ ਸੁਪਰੀਡੈਂਟ ਰੈਂਕ ਦੇ ਅਧਿਕਾਰੀ ਤੋਂ ਪੜਤਾਲ” ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਕਮਿਸ਼ਨ ਵੱਲੋਂ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਨੂੰ ਪੱਤਰ ਲਿਖਿਆ ਗਿਆ ਹੈ।

ਇਸ ਦੇ ਨਾਲ ਹੀ ਕਾਰਵਾਈ ਸਬੰਧੀ ਕਮਿਸ਼ਨ ਨੂੰ ਸ਼ਨਿੱਚਰਵਾਰ 6 ਅਪ੍ਰੈਲ ਨੂੰ ਦੁਪਹਿਰ ਦੋ ਵਜੇ ਤੱਕ ਸਟੇਟਸ ਰਿਪੋਰਟ ਭੇਜਣ ਦੀ ਗੱਲ ਕਹੀ ਗਈ ਹੈ ਤਾਂ ਜੋ ਮਾਮਲੇ ਵਿੱਚ ਅਗਲੀ ਕਰਵਾਈ ਕੀਤੀ ਜਾ ਸਕੇ।

ਗਰਾਫਿਕਸ

ਪੁਲਿਸ ਨੇ ਕੀ ਕਾਰਵਾਈ ਕੀਤੀ ਹੈ

ਵਲਟੋਹਾ ਐੱਸਐੱਚਓ

ਤਸਵੀਰ ਸਰੋਤ, BBC/ Ravunder Robin

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਵਲਟੋਹਾ ਐੱਸਐੱਚਓ ਸੁਨੀਤਾ ਬਾਵਾ ਨੇ ਦੱਸਿਆ, “ਇਸ ਘਟਨਾ ਪਿੱਛੇ ਕਾਰਨ ਸੀ ਕਿ ਔਰਤ ਦੇ ਬੇਟੇ ਨੇ ਉੱਥੋਂ ਦੀ ਇੱਕ ਲੜਕੀ ਨਾਲ ਵਿਆਹ ਕਰਵਾ ਲਿਆ ਸੀ। ਉਸੇ ਦੇ ਸੰਬੰਧ ਵਿੱਚ ਲੜਕੀ ਦੇ ਮਾਪੇ ਉਨ੍ਹਾਂ ਨੂੰ ਉਲਾਂਭਾ ਦੇਣ ਗਏ ਸਨ। ਇਸ ਦੌਰਾਨ ਉਨ੍ਹਾਂ ਦੀ ਤੂੰ-ਤੂੰ-ਮੈਂ-ਮੈਂ ਹੋ ਗਈ ਅਤੇ ਕੁੜੀ ਨੂੰ ਲੈਕੇ ਝਗੜਾ ਜ਼ਿਆਦਾ ਵਧ ਗਿਆ।”

ਉਹਨਾਂ ਕਿਹਾ, ''ਵੀਡੀਓ ਕਲਿੱਪ ਤੋਂ ਤਾਂ ਇਹੀ ਲਗਦਾ ਹੈ ਕਿ ਜਦੋਂ ਲੜਾਈ ਹੋਈ ਹੈ ਤਾਂ ਔਰਤ ਨਗਨ ਸੀ। ਉਸ ਨੇ ਚੁੰਨੀ ਲਪੇਟੀ ਹੋਈ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)