'ਅਸੀਂ ਹਾਰ ਨਹੀਂ ਮੰਨਾਗੀਆਂ': ਮਣੀਪੁਰ ਵਾਇਰਲ ਵੀਡੀਓ ਵਿਚਲੀਆਂ ਔਰਤਾਂ

ਤਸਵੀਰ ਸਰੋਤ, bbc
- ਲੇਖਕ, ਦਿਵਿਆ ਆਰੀਆ
- ਰੋਲ, ਬੀਬੀਸੀ ਪੱਤਰਕਾਰ
ਹੁਣ ਤੋਂ ਛੇ ਮਹੀਨੇ ਪਹਿਲਾਂ ਮਣੀਪੁਰ ਵਿੱਚ ਭੜਕੀ ਜਾਤੀ ਹਿੰਸਾ ਦੌਰਾਨ ਭੀੜ ਨੇ ਦੋ ਔਰਤਾਂ ਨੂੰ ਨਗਨ ਕਰਕੇ ਘੁੰਮਾਇਆ ਅਤੇ ਕਥਿਤ ਤੌਰ 'ਤੇ ਉਨ੍ਹਾਂ ਨਾਲ ਸਮੂਹਿਕ ਬਲਾਤਕਾਰ ਕੀਤਾ।
ਉਸ ਹਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ, ਉਨ੍ਹਾਂ ਔਰਤਾਂ ਨੇ ਪਹਿਲੀ ਵਾਰ ਕਿਸੇ ਪੱਤਰਕਾਰ ਨਾਲ ਸਾਹਮਣੇ ਬੈਠ ਕੇ ਆਪਣਾ ਦੁੱਖ ਸਾਂਝਾ ਕੀਤਾ।
ਚੇਤਾਵਨੀ: ਇਸ ਲੇਖ ਵਿੱਚ ਜਿਨਸੀ ਹਿੰਸਾ ਦਾ ਜ਼ਿਕਰ ਹੈ।
ਸਭ ਤੋਂ ਪਹਿਲਾਂ ਮੈਨੂੰ ਸਿਰਫ਼ ਉਨ੍ਹਾਂ ਦੀ ਝੁਕੀ ਹੋਈ ਨਿਗ੍ਹਾ ਹੀ ਨਜ਼ਰ ਆਈ। ਕਾਲੇ ਮਾਸਕ ਨਾਲ ਢੱਕਿਆ ਹੋਇਆ ਮੂੰਹ। ਮੱਥੇ ਅਤੇ ਸਿਰ ਦੁਆਲੇ ਲਪੇਟੀ ਹੋਈ ਚੁੰਨੀ।
ਵਾਇਰਲ ਵੀਡੀਓ 'ਚ ਸਾਹਮਣੇ ਆਈਆਂ ਕੁਕੀ-ਜ਼ੋਮੀ ਭਾਈਚਾਰੇ ਦੀਆਂ ਇਹ ਦੋ ਔਰਤਾਂ ਗਲੋਰੀ ਅਤੇ ਮਰਸੀ (ਬਦਲੇ ਹੋਏ ਨਾਂ) ਜਿਵੇਂ ਅਦ੍ਰਿਸ਼ ਹੋ ਜਾਣਾ ਚਾਹੁੰਦੀਆਂ ਹਨ।
ਪਰ ਆਵਾਜ਼ ਬੁਲੰਦ ਹੈ। ਅੱਜ ਪਹਿਲੀ ਵਾਰ ਉਹ ਕਿਸੇ ਪੱਤਰਕਾਰ ਨੂੰ ਮਿਲਣ ਲਈ ਰਾਜ਼ੀ ਹੋਈਆਂ ਹਨ, ਤਾਂ ਜੋ ਉਹ ਦੂਨੀਆਂ ਨੂੰ ਆਪਣਾ ਦਰਦ ਦੱਸ ਸਕਣ ਅਤੇ ਇਨਸਾਫ਼ ਲਈ ਲੜਨ ਬਾਰੇ ਵੀ ਗੱਲ ਕਰ ਸਕਣ।
ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਉਨ੍ਹਾਂ ਦੀ ਵੀਡੀਓ ਨੂੰ ਦੇਖਣਾ ਹੀ ਬਹੁਤ ਔਖਾ ਹੈ।
ਕਰੀਬ ਇੱਕ ਮਿੰਟ ਦੇ ਇਸ ਵੀਡੀਓ ਵਿੱਚ ਮੈਤੇਈ ਭਾਈਚਾਰੇ ਨਾਲ ਸਬੰਧ ਰੱਖਦੇ ਮਰਦਾਂ ਦੀ ਭੀੜ ਨੇ ਦੋ ਨਗਨ ਔਰਤਾਂ ਨੂੰ ਘੇਰਿਆ ਹੋਇਆ ਹੈ, ਉਨ੍ਹਾਂ ਨੂੰ ਧੱਕੇ ਮਾਰਦੀ ਹੈ, ਉਨ੍ਹਾਂ ਦੇ ਗੁਪਤ ਅੰਗਾਂ ਨੂੰ ਜ਼ਬਰਦਸਤੀ ਛੂੰਹਦੀ ਹੈ ਅਤੇ ਇੱਕ ਖੇਤ ਵਿੱਚ ਘੜੀਸਦੀ ਹੈ, ਜਿੱਥੇ ਉਹ ਦੱਸਦੀਆਂ ਹਨ ਕਿ ਉਨ੍ਹਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।
ਉਸ ਹਮਲੇ ਨੂੰ ਯਾਦ ਕਰਕੇ ਗਲੋਰੀ ਦਾ ਗਲ਼ਾ ਭਰ ਆਉਂਦਾ ਹੈ।
ਉਹ ਦੱਸਦੀ ਹੈ, ''ਮੇਰੇ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਗਿਆ। ਉਸ ਸਦਮੇ ਨਾਲ ਜੀਣਾ ਪਹਿਲਾਂ ਹੀ ਇੰਨਾ ਔਖਾ ਸੀ, ਫਿਰ ਦੋ ਮਹੀਨਿਆਂ ਬਾਅਦ ਜਦੋਂ ਹਮਲੇ ਦਾ ਵੀਡੀਓ ਵਾਇਰਲ ਹੋਇਆ, ਤਾਂ ਮੇਰੀ ਜਿਊਣ ਦੀ ਇੱਛਾ ਹੀ ਖ਼ਤਮ ਹੋਣ ਲੱਗੀ ਸੀ।”
ਮਰਸੀ ਨੇ ਕਿਹਾ, ''ਤੁਸੀਂ ਤਾਂ ਜਾਣਦੇ ਹੀ ਹੋ ਕਿ ਭਾਰਤੀ ਸਮਾਜ ਕਿਹੋ ਜਿਹਾ ਹੈ, ਇਸ ਤਰ੍ਹਾਂ ਦੇ ਹਾਦਸੇ ਤੋਂ ਬਾਅਦ ਔਰਤਾਂ ਨੂੰ ਕਿਵੇਂ ਦੇਖਦਾ ਹੈ। ਹੁਣ ਮੈਂ ਆਪਣੇ ਭਾਈਚਾਰੇ ਦੇ ਲੋਕਾਂ ਨਾਲ ਵੀ ਅੱਖਾਂ ਨਹੀਂ ਮਿਲਾ ਪਾਉਂਦੀ।"
“ਮੇਰੀ ਇੱਜ਼ਤ ਚੱਲੀ ਗਈ। ਹੁਣ ਮੈਂ ਦੁਬਾਰਾ ਕਦੇ ਵੀ ਪਹਿਲਾਂ ਵਰਗਾ ਨਹੀਂ ਹੋ ਸਕਾਂਗੀ।”
ਵੀਡੀਓ ਨੇ ਦੋਵਾਂ ਔਰਤਾਂ ਦੇ ਦਰਦ ਨੂੰ ਕਈ ਗੁਣਾ ਵਧਾ ਦਿੱਤਾ ਪਰ ਇਹ ਵੀਡੀਓ ਇੱਕ ਅਜਿਹਾ ਸਬੂਤ ਵੀ ਬਣ ਗਿਆ ਜਿਸ ਨੇ ਮਣੀਪੁਰ ਵਿੱਚ ਮੈਤੇਈ ਅਤੇ ਕੁਕੀ-ਜ਼ੋਮੀ ਭਾਈਚਾਰਿਆਂ ਵਿਚਕਾਰ ਕਈ ਮਹੀਨਿਆਂ ਤੋਂ ਚੱਲ ਰਹੀ ਜਾਤੀ ਹਿੰਸਾ ਵੱਲ ਹਰ ਕਿਸੇ ਦਾ ਧਿਆਨ ਖਿੱਚਿਆ।

ਸ਼ਰਮ ਅਤੇ ਡਰ
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਅਧਿਕਾਰੀਆਂ ਦੀ ਬਹੁਤ ਅਲੋਚਨਾ ਹੋਈ। ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਿਸ ਨੇ ਕਾਰਵਾਈ ਕੀਤੀ ਸੀ। ਜਿਸ ਕਾਰਨ ਕਈ ਕੁਕੀ ਔਰਤਾਂ ਨੇ ਪੁਲਿਸ ਕੋਲ ਜਿਨਸੀ ਹਿੰਸਾ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਦੀ ਹਿੰਮਤ ਕੀਤੀ।
ਪਰ ਵੀਡੀਓ 'ਤੇ ਦੁਨੀਆਂ ਦੇ ਧਿਆਨ ਨੇ ਗਲੋਰੀ ਅਤੇ ਮਰਸੀ ਨੂੰ ਹੋਰ ਸਿਮਟਣ ਲਈ ਮਜਬੂਰ ਕਰ ਦਿੱਤਾ।
ਹਮਲੇ ਤੋਂ ਪਹਿਲਾਂ, ਗਲੋਰੀ ਇੱਕ ਅਜਿਹੇ ਕਾਲਜ ਵਿੱਚ ਪੜ੍ਹਦੀ ਸੀ, ਜਿੱਥੇ ਮੈਤੇਈ ਅਤੇ ਕੁਕੀ ਦੋਵਾਂ ਭਾਈਚਾਰਿਆਂ ਦੇ ਵਿਦਿਆਰਥੀਆਂ ਆਉਂਦੇ ਸਨ।
ਮਰਸੀ ਦੇ ਦਿਨ ਆਪਣੇ ਦੋਵਾਂ ਬੱਚਿਆਂ ਦੀ ਦੇਖਭਾਲ ਕਰਨ, ਉਨ੍ਹਾਂ ਦੇ ਸਕੂਲ ਦਾ ਹੋਮਵਰਕ ਕਰਵਾਉਣ ਅਤੇ ਚਰਚ ਜਾਣ ਵਿੱਚ ਬੀਤਦੇ ਸਨ।
ਪਰ ਹਮਲੇ ਤੋਂ ਬਾਅਦ ਦੋਵੇਂ ਔਰਤਾਂ ਨੂੰ ਪਿੰਡ ਛੱਡ ਕੇ ਭੱਜਣਾ ਪਿਆ ਅਤੇ ਹੁਣ ਉਹ ਕਿਸੇ ਹੋਰ ਸ਼ਹਿਰ ਵਿੱਚ ਲੁਕ ਕੇ ਰਹਿ ਰਹੀਆਂ ਹਨ।
ਸ਼ਰਮ ਅਤੇ ਡਰ ਦੇ ਪਰਛਾਵੇਂ ਹੇਠ, ਉਹ ਹੁਣ ਇੱਕ ਸ਼ੁਭਚਿੰਤਕ ਦੇ ਘਰ ਦੀਆਂ ਕੰਧਾਂ ਤੱਕ ਸੀਮਤ ਹੋ ਗਈਆਂ ਹਨ।
ਮਰਸੀ ਨਾ ਤਾਂ ਚਰਚ ਜਾਂਦੀ ਹੈ ਅਤੇ ਨਾ ਹੀ ਸਕੂਲ। ਬੱਚਿਆਂ ਨੂੰ ਇੱਕ ਰਿਸ਼ਤੇਦਾਰ ਕੋਲ ਛੱਡ ਆਉਂਦੀ ਹੈ ਤੇ ਵਾਪਸ ਲੈ ਆਉਂਦੀ ਹੈ।
ਉਹ ਕਹਿੰਦੀ ਹੈ, "ਮੈਨੂੰ ਰਾਤ ਨੂੰ ਬਹੁਤ ਔਖੀ ਨੀਂਦ ਆਉਂਦੀ ਹੈ ਅਤੇ ਬਹੁਤ ਡਰਾਉਣੇ ਸੁਪਨੇ ਆਉਂਦੇ ਹਨ। ਮੈਂ ਘਰੋਂ ਬਾਹਰ ਨਹੀਂ ਨਿਕਲ ਸਕਦੀ।”
“ਡਰ ਲੱਗਦਾ ਹੈ। ਮੈਨੂੰ ਲੋਕਾਂ ਨੂੰ ਮਿਲਣ ’ਤੇ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ।”
ਹਾਦਸੇ ਦਾ ਸਦਮਾ ਅਜਿਹਾ ਸੀ ਕਿ ਦੋਵੇਂ ਸਹਿਮ ਗਈਆਂ ਹਨ। ਕਾਉਂਸਲਿੰਗ ਨੇ ਕੁਝ ਮਦਦ ਕੀਤੀ ਹੈ ਪਰ ਨਾਲ ਹੀ ਮਨਾਂ ਵਿੱਚ ਨਫ਼ਰਤ ਅਤੇ ਗੁੱਸਾ ਵੀ ਘਰ ਕਰ ਗਿਆ ਹੈ।
---------------------------------------------------------------------------------------------------
ਮਣੀਪੁਰ ਵਿੱਚ ਕੀ ਹੋਇਆ?
- ਮਣੀਪੁਰ ਦੀ 33 ਲੱਖ ਆਬਾਦੀ ਵਿੱਚੋਂ ਅੱਧੇ ਤੋਂ ਵੱਧ ਲੋਕ ਮੈਤੇਈ ਹਨ ਅਤੇ 43 ਫ਼ੀਸਦ ਕੁਕੀ ਅਤੇ ਨਾਗਾ ਭਾਈਚਾਰਿਆਂ ਨਾਲ ਸਬੰਧ ਰੱਖਦੇ ਹਨ।
- ਮਈ ਵਿੱਚ ਹਿੰਸਾ ਉਦੋਂ ਸ਼ੁਰੂ ਹੋਈ ਸੀ ਜਦੋਂ ਕੁਕੀ ਭਾਈਚਾਰੇ ਨੇ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਦਾ ਵਿਰੋਧ ਕੀਤਾ ਸੀ।
- ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ ਕੁਕੀ ਇਲਾਕਿਆਂ ਵਿੱਚ ਜ਼ਮੀਨ ਖਰੀਦ ਕੇ ਮੈਤੇਈ ਭਾਈਚਾਰਾ ਹੋਰ ਪ੍ਰਭਾਵਸ਼ਾਲੀ ਹੋ ਜਾਵੇਗਾ।
- ਸੂਬਾ ਸਰਕਾਰ ਅਤੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ (ਜੋ ਕਿ ਮੈਤੇਈ ਹਨ) ਭਾਈਚਾਰੇ ਨੂੰ ਭੜਕਾਉਣ ਲਈ ਕੁਕੀ ਕੱਟੜਪੰਥੀ ਸਮੂਹਾਂ ਨੂੰ ਜ਼ਿੰਮੇਵਾਰ ਮੰਨਦੇ ਹਨ।
- ਹਿੰਸਾ 'ਚ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਕੁਕੀ ਭਾਈਚਾਰੇ ਦੇ ਹਨ। ਦੋਵਾਂ ਭਾਈਚਾਰਿਆਂ ਦੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।
- ਮੈਤੇਈ ਔਰਤਾਂ ਨੇ ਵੀ ਕੁਕੀ ਮਰਦਾਂ ’ਤੇ ਜਿਨਸੀ ਹਿੰਸਾ ਦੇ ਇਲਜ਼ਾਮ ਲਾਏ ਹਨ ਅਤੇ ਇੱਕ ਐੱਫ਼ਆਈਆਰ ਵੀ ਦਰਜ ਕਰਵਾਈ ਗਈ ਹੈ ਪਰ ਜ਼ਿਆਦਾਤਰ ਔਰਤਾਂ ਦਾ ਮੰਨਣਾ ਹੈ ਕਿ ਉਹ ਅਜਿਹੀਆਂ ਗਤੀਵਿਧੀਆਂ ਦੀ ਚਰਚਾ ਕਰਕੇ ਸ਼ਰਮਿੰਦਾ ਨਹੀਂ ਹੋਣਾ ਚਾਹੁੰਦੀਆਂ।
----------------------------------------------------------------------------------------------------
ਗੁੱਸਾ ਅਤੇ ਨਫ਼ਰਤ
ਹੁਣ ਗਲੋਰੀ ਮੈਤੇਈ ਦੋਸਤਾਂ ਜਾਂ ਵਿਦਿਆਰਥੀਆਂ ਨਾਲ ਪੜ੍ਹਨਾਂ ਦਾ ਦੂਰ, ਉਸ ਭਾਈਚਾਰੇ ਵਿੱਚੋਂ ਕਿਸੇ ਦਾ ਚਿਹਰਾ ਤੱਕ ਦੇਖਣਾ ਨਹੀਂ ਚਾਹੁੰਦੀ।
ਉਹ ਕਹਿੰਦੀ ਹੈ, “ਮੈਂ ਕਦੇ ਵੀ ਆਪਣੇ ਪਿੰਡ ਵਾਪਸ ਨਹੀਂ ਜਾਵਾਂਗੀ। ਮੈਂ ਉੱਥੇ ਵੱਡੀ ਹੋਈ, ਇਹ ਮੇਰਾ ਘਰ ਸੀ, ਪਰ ਉੱਥੇ ਰਹਿਣ ਦਾ ਮਤਲਬ ਹੈ ਗੁਆਂਢੀ ਪਿੰਡਾਂ ਦੇ ਮੈਤੇਈ ਲੋਕਾਂ ਨੂੰ ਮਿਲਣਾ, ਜੋ ਸੰਭਵ ਨਹੀਂ ਹੈ।”
ਮਰਸੀ ਦਾ ਵੀ ਇਹੀ ਮੰਨਣਾ ਹੈ।
ਉਹ ਗੁੱਸੇ ਨਾਲ ਮੇਜ਼ ਉੱਤੇ ਹੱਥ ਰੱਖਦਿਆਂ ਕਹਿੰਦੀ ਹੈ, “ਮੈਂ ਉਨ੍ਹਾਂ ਦੀ ਬੋਲੀ ਤੱਕ ਸੁਣਨਾ ਵੀ ਨਹੀਂ ਚਾਹੁੰਦੀ,”
ਮਰਸੀ ਅਤੇ ਗਲੋਰੀ ਦਾ ਪਿੰਡ ਮਈ ਮਹੀਨੇ ਦੌਰਾਨ ਮਣੀਪੁਰ ਵਿੱਚ ਫੈਲੀ ਜਾਤੀ ਹਿੰਸਾ ਨਾਲ ਪ੍ਰਭਾਵਿਤ ਹੋਣ ਵਾਲੇ ਪਹਿਲੇ ਪਿੰਡਾਂ ਵਿੱਚੋਂ ਇੱਕ ਸੀ। ਉਸ ਦਿਨ ਹੋਈ ਹਿੰਸਾ ਵਿੱਚ ਭੀੜ ਨੇ ਗਲੋਰੀ ਦੇ ਪਿਤਾ ਅਤੇ ਭਰਾ ਦੀ ਜਾਨ ਲੈ ਲਈ ਸੀ।
ਗਲੋਰੀ ਨੇ ਦੱਬੀ ਹੋਈ ਆਵਾਜ਼ ਵਿੱਚ ਕਿਹਾ, “ਮੈਂ ਆਪਣੀਆਂ ਅੱਖਾਂ ਸਾਹਮਣੇ ਉਨ੍ਹਾਂ ਨੂੰ ਮਰਦਿਆਂ ਦੇਖਿਆ।”
ਗਲੋਰੀ ਨੇ ਦੱਸਿਆ ਕਿ ਉਸ ਨੂੰ ਆਪਣੀ ਜਾਨ ਬਚਾਉਣ ਲਈ ਉਨ੍ਹਾਂ ਦੀਆਂ ਲਾਸ਼ਾਂ ਖੇਤ ਵਿੱਚ ਛੱਡ ਕੇ ਭੱਜਣਾ ਪਿਆ। ਹੁਣ ਉਹ ਉੱਥੇ ਵਾਪਸ ਵੀ ਨਹੀਂ ਜਾ ਸਕਦੀ। ਹਿੰਸਾ ਭੜਕਣ ਤੋਂ ਬਾਅਦ, ਮੈਤੇਈ ਅਤੇ ਕੁਕੀ ਭਾਈਚਾਰਾ ਇੱਕ ਦੂਜੇ ਦੇ ਇਲਾਕਿਆਂ ਵਿੱਚ ਕਦਮ ਨਹੀਂ ਰੱਖ ਸਕਦਾ।
ਮਣੀਪੁਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਅਤੇ ਵਿਚਕਾਰ ਪੁਲਿਸ, ਫੌਜ ਅਤੇ ਦੋਵਾਂ ਭਾਈਚਾਰਿਆਂ ਦੇ ਵਾਲੰਟੀਅਰਾਂ ਨੇ ਚੌਕੀਆਂ ਬਣਾਈਆਂ ਹੋਈਆਂ ਹਨ।
ਗਲੋਰੀ ਕਹਿੰਦੇ ਹਨ, “ਮੈਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੀਆਂ ਲਾਸ਼ਾਂ ਕਿਸ ਮੁਰਦਾਘਰ ਵਿੱਚ ਰੱਖੀਆਂ ਗਈਆਂ ਹਨ, ਨਾ ਹੀ ਮੈਂ ਜਾ ਕੇ ਦੇਖ ਸਕਦੀ ਹਾਂ। ਸਰਕਾਰ ਨੂੰ ਖੁਦ ਉਨ੍ਹਾਂ ਨੂੰ ਸਾਨੂੰ ਵਾਪਸ ਸੌਂਪ ਦੇਣਾ ਚਾਹੀਦਾ ਹੈ।”

ਦਰਦ ਅਤੇ ਸ਼ਰਮਿੰਦਗੀ
ਹਮਲੇ ਦੇ ਸਮੇਂ ਮਰਸੀ ਦੇ ਪਤੀ ਨੇ ਨੇੜਲੇ ਮੈਤੇਈ ਪਿੰਡਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਸੀ, ਜਿਸ ਵਿੱਚ ਸ਼ਾਂਤੀ ਬਣਾਈ ਰੱਖਣ ਦਾ ਫ਼ੈਸਲਾ ਲਿਆ ਗਿਆ ਸੀ।
ਪਰ ਜਿਵੇਂ ਹੀ ਸਾਰੇ ਮੁਖੀ ਬਾਹਰ ਆਏ, ਭੀੜ ਨੇ ਹਮਲਾ ਕਰ ਦਿੱਤਾ, ਘਰਾਂ ਨੂੰ ਅੱਗ ਲਾ ਦਿੱਤੀ ਅਤੇ ਸਥਾਨਕ ਚਰਚ ਨੂੰ ਵੀ ਸਾੜ ਦਿੱਤਾ।
ਉਹ ਦੱਸਦੇ ਹਨ, “ਮੈਂ ਸਥਾਨਕ ਪੁਲਿਸ ਨੂੰ ਫ਼ੋਨ ਕੀਤਾ ਪਰ ਉਨ੍ਹਾਂ ਨੇ ਕਿਹਾ ਕਿ ਪੁਲਿਸ ਸਟੇਸ਼ਨ 'ਤੇ ਹਮਲਾ ਹੋ ਗਿਆ ਹੈ ਇਸ ਲਈ ਉਹ ਇੱਥੇ ਆ ਕੇ ਮਦਦ ਨਹੀਂ ਕਰ ਸਕਦੇ। ਮੈਂ ਸੜਕ 'ਤੇ ਇੱਕ ਪੁਲਿਸ ਵੈਨ ਖੜੀ ਦੇਖੀ, ਪਰ ਉਸ ਵਿੱਚੋਂ ਕੋਈ ਵੀ ਬਾਹਰ ਨਹੀਂ ਨਿਕਲਿਆ।”
ਮਰਸੀ ਦੇ ਪਤੀ ਮੁਤਾਬਕ ਜਦੋਂ ਗੁੱਸੇ ਵਿੱਚ ਆਈ ਭੀੜ ਨੇ ਔਰਤਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ, ਤਾਂ ਉਹ ਰਹਿ ਗਏ ਸਨ, “ਮੈਂ ਇਹ ਸੋਚ ਕੇ ਦੁੱਖ ਅਤੇ ਬੇਬਸੀ ਮਹਿਸੂਸ ਕਰਦਾ ਹਾਂ ਕਿ ਮੈਂ ਕੁਝ ਨਹੀਂ ਕਰ ਸਕਿਆ।”
“ਨਾ ਤਾਂ ਆਪਣੀ ਪਤਨੀ ਨੂੰ ਬਚਾ ਸਕਿਆ ਅਤੇ ਨਾ ਹੀ ਪਿੰਡ ਵਾਲਿਆਂ ਨੂੰ ਬਚਾ ਸਕਿਆ। ਦਿਲ ਦੁਖਦਾ ਹੈ। ਕਦੇ-ਕਦੇ ਮੈਂ ਇੰਨਾ ਪਰੇਸ਼ਾਨ ਹੋ ਜਾਂਦਾ ਹਾਂ ਕਿ ਜੀਅ ਕਰਦਾ ਹੈ, ਕਿਸੇ ਦੀ ਜਾਨ ਲੈ ਲਵਾਂ।”
ਪੁਲਿਸ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਹੁਣ ਇੰਚਾਰਜ ਅਧਿਕਾਰੀ ਸਮੇਤ ਪੰਜ ਲੋਕਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮਰਸੀ ਦੇ ਪਤੀ ਮੁਤਾਬਕ ਉਨ੍ਹਾਂ ਨੇ ਹਮਲੇ ਦੇ ਦੋ ਹਫਤੇ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਵੀਡੀਓ ਸਾਹਮਣੇ ਆਉਣ ਤੱਕ ਕੋਈ ਕਾਰਵਾਈ ਨਹੀਂ ਹੋਈ ਸੀ।
ਵੀਡੀਓ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਮਣੀਪੁਰ ਜਾਤੀ ਹਿੰਸਾ 'ਤੇ ਆਪਣਾ ਪਹਿਲਾ ਬਿਆਨ ਦਿੱਤਾ ਸੀ। ਮਣੀਪੁਰ ਪੁਲਿਸ ਨੇ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ, ਜਿਸ ਨੇ ਹੁਣ ਉਨ੍ਹਾਂ ਸੱਤ ਵਿਅਕਤੀਆਂ ਖ਼ਿਲਾਫ਼ ਸਮੂਹਿਕ ਬਲਾਤਕਾਰ ਅਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ।

ਹੌਸਲਾ ਅਤੇ ਆਸ
ਗਲੋਰੀ, ਮਰਸੀ ਅਤੇ ਉਨ੍ਹਾਂ ਦੇ ਪਤੀ ਦਾ ਕਹਿਣਾ ਹੈ ਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਦੁਨੀਆਂ ਭਰ ਤੋਂ ਤਸੱਲੀ ਦੇਣ ਵਾਲੇ ਸੁਨੇਹੇ ਆਉਣ ਲੱਗੇ, ਜਿਸ ਨਾਲ ਉਨ੍ਹਾਂ ਨੂੰ ਕਾਫੀ ਹੌਸਲਾ ਮਿਲਿਆ।
ਮਰਸੀ ਦੇ ਪਤੀ ਦਾ ਕਹਿਣਾ ਹੈ, "ਵੀਡੀਓ ਤੋਂ ਬਿਨਾਂ ਕੋਈ ਸੱਚ ’ਤੇ ਯਕੀਨ ਨਾ ਕਰਦਾ, ਸਾਡਾ ਦਰਦ ਨਾ ਸਮਝਦਾ।"
ਮਰਸੀ ਨੂੰ ਅਜੇ ਵੀ ਡਰਾਉਣੇ ਸੁਪਨੇ ਆਉਂਦੇ ਹਨ ਅਤੇ ਜਦੋਂ ਉਹ ਭਵਿੱਖ ਬਾਰੇ ਸੋਚਦੀ ਹੈ ਤਾਂ ਉਸ ਨੂੰ ਡਰ ਲੱਗਦਾ ਹੈ।
ਆਪਣੇ ਬੱਚਿਆਂ ਦਾ ਜ਼ਿਕਰ ਕਰਦੇ ਹੋਏ, ਉਹ ਕਹਿੰਦੇ ਹਨ, "ਮੇਰੇ ਦਿਲ 'ਤੇ ਬੋਝ ਰਹਿੰਦਾ ਹੈ ਕਿ ਮੇਰੇ ਬੱਚਿਆਂ ਨੂੰ ਵਿਰਾਸਤ ਵਜੋਂ ਦੇਣ ਲਈ ਹੁਣ ਕੁਝ ਵੀ ਨਹੀਂ ਬਚਿਆ ਹੈ।"
ਹੁਣ ਉਹ ਰੱਬ ਅਤੇ ਅਰਦਾਸ ਵਿੱਚ ਤਸੱਲੀ ਭਾਲਦੀ ਹੈ। ਇਹ ਉੱਥੇ ਸੁਰੱਖਿਅਤ ਮਹਿਸੂਸ ਕਰਦਾ ਹੈ।
ਮਰਸੀ ਨੇ ਕਿਹਾ, "ਮੈਂ ਆਪਣੇ ਆਪ ਨੂੰ ਯਕੀਨ ਦਿਵਾਉਂਦੀ ਹਾਂ ਕਿ ਜੇ ਰੱਬ ਨੇ ਮੈਨੂੰ ਇਹ ਸਭ ਝੱਲਣ ਲਈ ਚੁਣਿਆ ਹੈ, ਤਾਂ ਉਹ ਹੀ ਮੈਨੂੰ ਇਸ 'ਤੋਂ ਬਾਹਰ ਆਉਣ ਦੀ ਤਾਕਤ ਦੇਵੇਗਾ।"
ਹਮਲੇ ਵਿੱਚ ਉਨ੍ਹਾਂ ਦਾ ਪੂਰਾ ਪਿੰਡ ਤਬਾਹ ਹੋ ਗਿਆ ਸੀ, ਹੁਣ ਉਹ ਭਾਈਚਾਰੇ ਦੇ ਸਹਿਯੋਗ ਨਾਲ ਆਪਣੀ ਜ਼ਿੰਦਗੀ ਨੂੰ ਦੁਬਾਰਾ ਲੀਹ ’ਤੇ ਲਿਆ ਰਹੇ ਹਨ।
ਗਲੋਰੀ ਦਾ ਕਹਿਣਾ ਹੈ ਕਿ ਦੋਵਾਂ ਭਾਈਚਾਰਿਆਂ ਲਈ ਵੱਖਰਾ ਪ੍ਰਸ਼ਾਸਨ ਹੀ ਇੱਕੋ ਇੱਕ ਹੱਲ ਹੈ, “ਸੁਰੱਖਿਅਤ ਅਤੇ ਸ਼ਾਂਤੀ ਨਾਲ ਰਹਿਣ ਦਾ ਇਹ ਹੀ ਇੱਕ ਤਰੀਕਾ ਹੈ।”
ਇਸ ਵਿਵਾਦਤ ਮੰਗ ਨੂੰ ਕੁਕੀ ਭਾਈਚਾਰੇ ਵੱਲੋਂ ਕਈ ਵਾਰ ਚੁੱਕਿਆ ਜਾ ਚੁੱਕਿਆ ਹੈ ਅਤੇ ਮੈਤੇਈ ਭਾਈਚਾਰੇ ਨੇ ਇਸ ਦਾ ਵਿਰੋਧ ਕੀਤਾ ਹੈ।
ਦੋਵਾਂ ਦੀਆਂ ਆਪੋ-ਆਪਣੀਆਂ ਦਲੀਲਾਂ ਹਨ। ਸੂਬੇ ਦੇ ਮੁੱਖ ਮੰਤਰੀ ਬੀਰੇਨ ਸਿੰਘ ਮੈਤੇਈ ਹਨ, ਅਤੇ ਮਣੀਪੁਰ ਦੀ ਵੰਡ ਦੇ ਖ਼ਿਲਾਫ਼ ਹਨ।

ਵਿਤਕਰਾ ਅਤੇ ਇਨਸਾਫ਼
ਗਲੋਰੀ ਅਤੇ ਮਰਸੀ ਨੂੰ ਸਥਾਨਕ ਪ੍ਰਸ਼ਾਸਨ 'ਤੇ ਕੋਈ ਭਰੋਸਾ ਨਹੀਂ ਹੈ ਅਤੇ ਦੋਵੇਂ ਪ੍ਰਸ਼ਾਸਨ 'ਤੇ ਕੁਕੀ ਭਾਈਚਾਰੇ ਨਾਲ ਵਿਤਕਰਾ ਕਰਨ ਦਾ ਇਲਜ਼ਾਮ ਲਾਉਂਦੀਆਂ ਹਨ।
ਗਲੋਰੀ ਕਹਿੰਦੀ ਹੈ, ''ਮਣੀਪੁਰ ਸਰਕਾਰ ਨੇ ਮੇਰੇ ਲਈ ਕੁਝ ਨਹੀਂ ਕੀਤਾ। ਮੈਨੂੰ ਮੁੱਖ ਮੰਤਰੀ 'ਤੇ ਭਰੋਸਾ ਨਹੀਂ ਹੈ। ਇਹ ਸਭ ਸਾਡੇ ਨਾਲ ਉਸੇ ਦੇ ਸ਼ਾਸਨ ਦੌਰਾਨ ਹੋਇਆ ਸੀ।”
ਦੋਵਾਂ ਦਾ ਇਲਜ਼ਾਮ ਹੈ ਕਿ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਹੁਣ ਤੱਕ ਜਾਤੀ ਹਿੰਸਾ ਤੋਂ ਪ੍ਰਭਾਵਿਤ ਕੁਕੀ-ਜ਼ੋਮੀ ਪਰਿਵਾਰਾਂ ਨਾਲ ਨਾ ਤਾਂ ਕੋਈ ਗੱਲ ਕੀਤੀ ਹੈ ਅਤੇ ਨਾ ਹੀ ਕੋਈ ਮੁਲਾਕਾਤ ਕੀਤੀ ਹੈ।
ਵਿਰੋਧੀ ਪਾਰਟੀਆਂ ਨੇ ਵਾਰ-ਵਾਰ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ ਪਰ ਸੂਬਾ ਸਰਕਾਰ ਨੇ ਵਿਤਕਰੇ ਦੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।
ਜਦੋਂ ਅਸੀਂ ਇਨ੍ਹਾਂ ਇਲਜ਼ਾਮਾਂ ਬਾਰੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਇੰਡੀਅਨ ਐਕਸਪ੍ਰੈਸ ਅਖਬਾਰ ਨੂੰ ਦਿੱਤੇ ਇੱਕ ਤਾਜ਼ਾ ਇੰਟਰਵਿਊ ਵਿੱਚ, ਉਨ੍ਹਾਂ ਨੇ ਕਿਹਾ ਸੀ ਕਿ ਉਹ ਮੈਤੇਈ ਭਾਈਚਾਰੇ ਦੇ ਪਰਿਵਾਰਾਂ ਨੂੰ ਵੀ ਮਿਲਣ ਨਹੀਂ ਗਏ ਹੈ। ਉਨ੍ਹਾਂ ਕਿਹਾ ਸੀ, “ਮੇਰੇ ਦਿਲ ਵਿੱਚ ਜਾਂ ਮੇਰੇ ਕੰਮ ਵਿੱਚ ਕੋਈ ਵਿਤਕਰਾ ਨਹੀਂ ਹੈ।”
ਵੀਡੀਓ ਦਾ ਨੋਟਿਸ ਲੈਂਦਿਆਂ, ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਹਿੰਸਾ ਵਿੱਚ ਮਾਰੇ ਗਏ ਸਾਰੇ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਸਪੁਰਦ ਕਰਨ ਦਾ ਪ੍ਰਬੰਧ ਕਰਨ ਲਈ ਕਿਹਾ ਹੈ।
ਗਲੋਰੀ ਨੇ ਇਸ 'ਤੇ ਆਪਣੀਆਂ ਉਮੀਦਾਂ ਟਿਕਾਈਆਂ ਹਨ। ਉਹ ਨਿਆਂ ਵਿੱਚ ਵਿਸ਼ਵਾਸ ਰੱਖਦੀ ਹੈ।
ਭਵਿੱਖ ਵਿੱਚ, ਉਹ ਕਿਸੇ ਹੋਰ ਕਾਲਜ ਵਿੱਚ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰਨਾ ਚਾਹੁੰਦੀ ਹੈ ਅਤੇ ਪੁਲਿਸ ਜਾਂ ਫੌਜ ਵਿੱਚ ਅਫ਼ਸਰ ਬਣਨ ਦਾ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੀ ਹੈ।
ਗਲੋਰੀ ਕਹਿੰਦੇ ਹਨ, "ਇਹ ਹਮੇਸ਼ਾ ਮੇਰਾ ਸੁਪਨਾ ਸੀ ਪਰ ਹਮਲੇ ਤੋਂ ਬਾਅਦ ਮੇਰਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਹੈ ਕਿ ਮੈਂ ਬਿਨ੍ਹਾਂ ਕਿਸੇ ਭੇਦਭਾਵ ਦੇ ਸਾਰੇ ਲੋਕਾਂ ਲਈ ਕੰਮ ਕਰਨਾ ਹੈ।"
"ਮੈਨੂੰ ਹਰ ਕੀਤੇ 'ਤੇ ਨਿਆਂ ਚਾਹੀਦਾ ਹੈ। ਮੈਂ ਅੱਜ ਇਸ ਲਈ ਬੋਲ ਰਹੀ ਹਾਂ ਤਾਂ ਜੋ ਮੈਂ ਜੋ ਕੁਝ ਸਹਿਣ ਕੀਤਾ ਉਹ ਦੁਬਾਰਾ ਕਿਸੇ ਹੋਰ ਔਰਤ ਨਾਲ ਨਾ ਵਾਪਰੇ।”
ਮਰਸੀ ਮੇਰੇ ਵੱਲ ਵੇਖ ਕੇ ਕਹਿੰਦੀ ਹੈ, "ਅਸੀਂ ਆਦਿਵਾਸੀ ਔਰਤਾਂ ਬਹੁਤ ਮਜ਼ਬੂਤ ਹਾਂ, ਅਸੀਂ ਹਾਰ ਨਹੀਂ ਮੰਨਾਂਗੀਆਂ।"
ਜਦੋਂ ਮੈਂ ਵਾਪਸ ਆਉਣ ਲਈ ਖੜੀ ਹੋਈ ਤਾਂ ਉਸ ਨੇ ਕਿਹਾ ਹੈ ਕਿ ਉਹ ਇੱਕ ਸੁਨੇਹਾ ਦੇਣਾ ਚਾਹੁੰਦੀ ਹੈ, "ਮੈਂ ਸਾਰੇ ਭਾਈਚਾਰਿਆਂ ਦੀਆਂ ਮਾਵਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਸਿਖਾਉਣ ਕਿ ਜੋ ਵੀ ਹੋਵੇ, ਕਦੇ ਵੀ ਔਰਤਾਂ ਦੀ ਬੇਇੱਝਤੀ ਨਾ ਕਰੋ।"
(ਦੋਵਾਂ ਔਰਤਾਂ ਦੇ ਨਾਂ ਬਦਲ ਦਿੱਤੇ ਗਏ ਹਨ।)
(ਰੇਖਾ ਚਿੱਤਰ - ਜਿੱਲਾ ਦਸਤਮਾਲਚੀ)












