ਮਣੀਪੁਰ: ਆਪਣੀ ਸੁਰੱਖਿਆ ਲਈ ਘਰਾਂ ’ਚ ਗ੍ਰਨੇਡ ਅਤੇ ਹਥਿਆਰ ਰੱਖਦੇ ਲੋਕ, ਗਰਾਊਂਡ ਜ਼ੀਰੋ ਤੋਂ ‘ਸੁਲਗਦੇ’ ਮਣੀਪੁਰ ਦਾ ਅੱਖੀਂ ਡਿੱਠਾ ਹਾਲ

ਮਣੀਪੁਰ ਹਿੰਸਾ

ਤਸਵੀਰ ਸਰੋਤ, Getty Images

    • ਲੇਖਕ, ਦਿਵਿਆ ਆਰੀਆ
    • ਰੋਲ, ਬੀਬੀਸੀ ਪੱਤਰਕਾਰ, ਇੰਫਾਲ ਤੋਂ ਪਰਤ ਕੇ

ਰਾਜਧਾਨੀ ਇੰਫਾਲ ਦੇ ਹਵਾਈ ਅੱਡੇ ਤੋਂ ਬਾਹਰ ਨਿਕਲਦੇ ਹੀ ਨੀਲਾ ਅਸਮਾਨ ਦਿਖਾਈ ਦਿੰਦਾ ਹੈ, ਹਵਾ ਵਿੱਚ ਤਾਜ਼ਗੀ ਮਹਿਸੂਸ ਹੁੰਦੀ ਹੈ ਅਤੇ ਫ਼ੋਨ ਬੱਸ ਚੁੱਪ ਰਹਿੰਦਾ ਹੈ।

ਲਗਭਗ ਤਿੰਨ ਮਹੀਨੇ ਪਹਿਲਾਂ ਕੂਕੀ ਅਤੇ ਮੈਤਈ ਭਾਈਚਾਰਿਆਂ ਵਿਚਕਾਰ ਸ਼ੁਰੂ ਹੋਏ ਦੰਗਿਆਂ ਤੋਂ ਬਾਅਦ, ਰਹਿ-ਰਹਿ ਕੇ ਹੋ ਰਹੀ ਹਿੰਸਾ ਦੇ ਡਰ ਅਤੇ ਦਿਮਾਗ 'ਚ ਚੱਲ ਰਹੇ ਬੇਚੈਨੀ ਤੋਂ ਇੱਕਦਮ ਉਲਟ, ਇੰਫਾਲ 'ਚ ਇੱਕ ਚੁੱਪ ਪਸਰੀ ਹੋਈ ਹੈ।

ਜੇ ਤੁਹਾਨੂੰ ਸੱਚਾਈ ਪਤਾ ਨਹੀਂ ਹੈ ਤਾਂ ਤੁਸੀਂ ਇਸ ਚੁੱਪ ਨੂੰ ਸ਼ਾਂਤੀ ਸਮਝਣ ਦੀ ਭੁੱਲ ਕਰ ਸਕਦੇ ਹੋ।

ਮਣੀਪੁਰ ਵਿੱਚ ਮੋਬਾਈਲ ਇੰਟਰਨੈਟ ਬੰਦ ਹੈ। ਖ਼ਬਰ ਦਾ ਕੋਈ ਅਲਰਟ ਨਹੀਂ ਆਉਂਦਾ ਜੋ ਇਹ ਦੱਸਦੀ ਹੋਵੇ ਕਿ ਕਦੋਂ, ਕਿਸ ਕੋਨੇ ਵਿੱਚ, ਕਿਸ ਭਾਈਚਾਰੇ ਨੇ ਕੋਈ ਘਰ ਸਾੜਿਆ, ਪੁਲਿਸ ਦੀ ਗੱਡੀ 'ਤੇ ਹਮਲਾ ਕੀਤਾ ਅਤੇ ਕਿੱਥੇ ਕਰਫਿਊ ਲੱਗ ਗਿਆ।

ਫ਼ੋਨ ਦੀ ਬੈਟਰੀ ਪੂਰਾ ਦਿਨ ਚੱਲਦੀ ਹੈ। ਫੋਨ ਦੀ ਸਕਰੀਨ ਜ਼ਿਆਦਾਤਰ ਕਾਲੀ ਹੀ ਰਹਿੰਦੀ ਹੈ।

ਦਿਨ ਵੇਲੇ ਇੰਫਾਲ ਦੀਆਂ ਸੜਕਾਂ 'ਤੇ ਦੌੜਦੇ ਵਾਹਨ, ਬਾਜ਼ਾਰ ਵਿੱਚ ਖੁੱਲ੍ਹੀਆਂ ਕੁਝ ਦੁਕਾਨਾਂ ਅਤੇ ਗਸ਼ਤ ਲਗਾਉਂਦੀ ਪੁਲਿਸ ਦੀ ਇੱਕਾ-ਦੁੱਕਾ ਗੱਡੀ ਹਾਲਾਤ ਦੇ ਆਮ ਹੋਣ ਦਾ ਭਰਮ ਪੈਦਾ ਕਰਦੀ ਹੈ।

ਮਣੀਪੁਰ ਹਿੰਸਾ

ਤਸਵੀਰ ਸਰੋਤ, Getty Images

ਅਸੀਂ ਇਕ ਵੱਡੀ ਇਮਾਰਤ ਦੇ ਸਾਹਮਣੇ ਤੋਂ ਲੰਘਦੇ ਹਾਂ, ਜਿਸ ਵਿਚ ਸ਼ਤਰੰਜ ਦੇ ਬੋਰਡ ਵਾਂਗ ਚੌਰਸ ਖਾਂਚੇ ਬਣਾਏ ਹੋਏ ਹਨ, ਜੋ ਪੂਰੀ ਤਰ੍ਹਾਂ ਸੜ ਕੇ ਕਾਲੇ ਹੋ ਚੁੱਕੇ ਹਨ।

ਇਹ ਇੱਕ ਮਾਲ ਸੀ ਅਤੇ ਉਹ ਖਾਂਚੇ ਦੁਕਾਨਾਂ ਦੇ ਸ਼ੋਰੂਮ ਸਨ। ਸਕੂਲਾਂ ਦੀਆਂ ਇਮਾਰਤਾਂ ਦਾ ਵੀ ਇਹੋ ਹਾਲ ਹੈ। ਇਹ ਸਭ ਮਈ 'ਚ ਭੜਕੀ ਹਿੰਸਾ ਦੀਆਂ ਸਿਆਹ ਨਿਸ਼ਾਨੀਆਂ ਹਨ।

ਕਈ ਥਾਵਾਂ 'ਤੇ ਬੋਰਡ ਲੱਗੇ ਹਨ, ਜਿਨ੍ਹਾਂ 'ਤੇ 'ਰਾਹਤ ਕੈਂਪ' ਲਿਖਿਆ ਹੋਇਆ ਹੈ। ਕੋਈ ਕੈਂਪ ਸਰਕਾਰੀ ਹੈ, ਕੋਈ ਕਿਸੇ ਨਾ ਕਿਸੇ ਪਾਰਟੀ ਨੇ ਬਣਾਇਆ ਹੈ ਅਤੇ ਕਈ ਭਾਈਚਾਰਿਆਂ ਦੀਆਂ ਸੰਸਥਾਵਾਂ ਨੇ ਬਣਾਏ ਹਨ। ਜ਼ਿਆਦਾਤਰ ਕੈਂਪ ਸਕੂਲਾਂ ਦੀਆਂ ਇਮਾਰਤਾਂ ਵਿੱਚ ਹੀ ਬਣਾਏ ਗਏ ਹਨ।

ਸਕੂਲ ਬੰਦ ਹਨ। ਇੰਟਰਨੈੱਟ ਵੀ ਨਹੀਂ ਹੈ ਤਾਂ ਬੱਚਿਆਂ ਲਈ ਆਨਲਾਈਨ ਕਲਾਸਾਂ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਤਿੰਨ ਹਫ਼ਤੇ ਪਹਿਲਾਂ ਸਰਕਾਰ ਨੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਲਈ ਸਕੂਲ ਖੋਲ੍ਹਣ ਦਾ ਹੁਕਮ ਦਿੱਤਾ ਸੀ।

ਘਾਟੀ ਵਿੱਚ ਰਹਿਣ ਵਾਲੇ ਮੈਤਈ ਅਤੇ ਹਿੰਸਾ ਤੋਂ ਬਾਅਦ ਪੂਰੀ ਤਰ੍ਹਾਂ ਪਹਾੜਾਂ ਵੱਲ ਚਲੇ ਗਏ ਕੂਕੀ ਭਾਈਚਾਰਿਆਂ ਵਿਚਕਾਰ ਇੱਕ ਡੂੰਘਾ ਪਾੜਾ ਖਿੱਚਿਆ ਗਿਆ ਹੈ, ਘਾਟੀ ਅਤੇ ਪਹਾੜ ਵਿਚਕਾਰਲੀ ਖਾਈ ਹੀ ਇਸ ਸਮੇਂ ਮਣੀਪੁਰ ਦੀ ਜ਼ਮੀਨੀ ਹਕੀਕਤ ਹੈ।

ਮਣੀਪੁਰ ਦੇ ਅੰਦਰ ਖਿੱਚੀ ਗਈ ਸਰਹੱਦ

ਮਣੀਪੁਰ ਹਿੰਸਾ

ਤਸਵੀਰ ਸਰੋਤ, Getty Images

ਜਾਤੀ ਹਿੰਸਾ ਤੋਂ ਪਹਿਲਾਂ, ਇੰਫਾਲ ਘਾਟੀ ਮੈਤਈ ਦਬਦਬੇ ਵਾਲਾ ਖੇਤਰ ਸੀ।

ਰਾਜਧਾਨੀ ਵਿੱਚ ਜ਼ਿਆਦਾਤਰ ਵੱਡੇ ਸਕੂਲ-ਕਾਲਜ-ਯੂਨੀਵਰਸਿਟੀਆਂ, ਸਰਕਾਰੀ ਨੌਕਰੀਆਂ ਅਤੇ ਰੁਜ਼ਗਾਰ ਦੇ ਮੌਕੇ ਹੋਣ ਕਾਰਨ ਕੁਕੀ ਭਾਈਚਾਰੇ ਦੇ ਲੋਕ ਵੀ ਇੱਥੇ ਰਹਿਣ ਲੱਗ ਪਏ ਸਨ।

ਹਿੰਸਾ ਤੋਂ ਬਾਅਦ ਇਹ ਸਾਰੇ ਘਾਟੀ ਛੱਡ ਕੇ ਪਹਾੜੀ ਇਲਾਕਿਆਂ ਵਿੱਚ ਚਲੇ ਗਏ ਹਨ। ਪਹਾੜੀ ਖੇਤਰਾਂ ਦੇ ਕੁਝ ਪਿੰਡਾਂ ਵਿੱਚ ਰਹਿਣ ਵਾਲੇ ਮੈਤਈ ਵੀ ਉੱਥੋਂ ਭੱਜ ਗਏ ਹਨ ਅਤੇ ਇੰਫਾਲ ਵਿੱਚ ਰਾਹਤ ਕੈਂਪਾਂ ਵਿੱਚ ਰਹਿਣ ਲੱਗੇ ਹਨ।

ਮਣੀਪੁਰ ਦੇ ਵਿਚਕਾਰ ਵੱਸੀ ਇੰਫਾਲ ਘਾਟੀ ਦੇ ਚੁਗਿਰਦੇ ਇੱਕ ਸਰਹੱਦ ਖਿੱਚੀ ਗਈ ਹੈ। ਮੈਤਈ ਪਹਾੜਾਂ ਤੇ ਨਹੀਂ ਜਾ ਸਕਦੀ ਅਤੇ ਕੁਕੀ ਘਾਟੀ ਵਿੱਚ ਨਹੀਂ ਆ ਸਕਦੇ।

ਮਣੀਪੁਰ ਵਿੱਚ ਮੁਸਲਮਾਨ ਹੋਣਾ ਸੁਰੱਖਿਅਤ ਹੈ

ਮਣੀਪੁਰ ਹਿੰਸਾ

ਤਸਵੀਰ ਸਰੋਤ, Getty Images

ਮੈਤਈ ਅਤੇ ਕੂਕੀ ਭਾਈਚਾਰੇ ਵਿੱਚ ਇਹ ਪਾੜਾ ਸਿਰਫ਼ ਉਹੀ ਪਾਰ ਕਰ ਸਕਦੇ ਹਨ, ਜਿਨ੍ਹਾਂ ਦੀ ਦੋਵਾਂ ਭਾਈਚਾਰਿਆਂ ਵਿੱਚੋਂ ਕਿਸੇ ਨਾਲ ਵੀ ਦੋਸਤੀ ਜਾਂ ਦੁਸ਼ਮਣੀ ਨਹੀਂ ਹੈ।

ਹਿੰਦੂ ਬਹੁ-ਗਿਣਤੀ ਵਾਲੇ ਮੈਤਈ ਅਤੇ ਈਸਾਈ ਬਹੁਲ ਕੁਕੀ ਖੇਤਰਾਂ ਦੇ ਵਿਚਕਾਰ ਸਫ਼ਰ ਕਰਨ ਵਾਲੇ ਲੋਕ ਮੁਸਲਿਮ ਡਰਾਈਵਰਾਂ ਦੀ ਮਦਦ ਲੈਂਦੇ ਹਨ, ਮਣੀਪੁਰ ਵਿੱਚ ਮੁਸਲਮਾਨ ਹੋਣਾ ਸੁਰੱਖਿਅਤ ਹੈ।

ਮੁੱਖ ਮੰਤਰੀ ਬੀਰੇਨ ਸਿੰਘ ਅਜੇ ਤੱਕ ਕੁਕੀ ਇਲਾਕਿਆਂ ਦੇ ਲੋਕਾਂ ਨੂੰ ਮਿਲਣ ਨਹੀਂ ਗਏ ਹਨ। ਕਿਹਾ ਜਾਂਦਾ ਹੈ ਕਿ ਇਸ ਦਾ ਕਾਰਨ ਇਹ ਹੈ ਕਿ ਉਹ ਮੈਤਈ ਹਨ।

ਰਾਜਪਾਲ ਅਨੁਸੂਈਆ ਉਈਕੇ ਮਣੀਪੁਰ ਤੋਂ ਨਹੀਂ ਹਨ। ਉਹ ਮੈਤਈ ਅਤੇ ਕੁਕੀ ਦੋਵਾਂ ਖੇਤਰਾਂ ਦੇ ਰਾਹਤ ਕੈਂਪਾਂ ਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਦੇ ਵਾਹਨਾਂ ਦੇ ਕਾਫਲੇ ਦੇ ਡਰਾਈਵਰ ਵੀ ਘਾਟੀ ਅਤੇ ਪਹਾੜ ਦੀ ਸਰਹੱਦ 'ਤੇ ਬਦਲੇ ਜਾਂਦੇ ਹਨ।

ਲਾਈਨ

ਸਰਕਾਰ ਹੈ ਵੀ ਅਤੇ ਨਹੀਂ ਵੀ

ਕੁਕੀ ਅਤੇ ਮੈਤਈ ਭਾਈਚਾਰਿਆਂ ਵਿਚਕਾਰ ਸਰਹੱਦ ਇੱਕ ਰੇਖਾ ਨਹੀਂ ਹੈ। ਇਹ ਕਈ ਕਿਲੋਮੀਟਰ ਦਾ ਇਲਾਕਾ ਹੈ। ਮੈਤਈ ਖੇਤਰ ਤੋਂ ਬਾਹਰ ਨਿਕਲਣ ਅਤੇ ਕੁਕੀ ਖੇਤਰ ਵਿੱਚ ਦਾਖਲ ਹੋਣ ਦੇ ਵਿਚਕਾਰ ਇਸ ਇੱਕ ਕਿਲੋਮੀਟਰ ਵਿੱਚ ਬਹੁਤ ਸਾਰੇ ਚੈੱਕ ਪੁਆਇੰਟ ਹਨ।

ਪਹਿਲੇ ਚੈਕ ਪੁਆਇੰਟ 'ਤੇ ਮੈਤਈ ਭਾਈਚਾਰੇ ਦੇ ਲੋਕ ਹਨ ਅਤੇ ਅਖੀਰ 'ਤੇ ਕੁਕੀ ਭਾਈਚਾਰੇ ਦੇ ਲੋਕ ਹਨ। ਵਿਚਕਾਰ ਫੌਜ ਅਤੇ ਪੁਲਿਸ ਦੇ ਨਾਕੇ ਹਨ।

ਭਾਈਚਾਰੇ ਦੇ ਲੋਕਾਂ ਨੇ ਕਈ ਥਾਵਾਂ ’ਤੇ ਕਿਤੇ ਕੰਡਿਆਲੀਆਂ ਤਾਰਾਂ, ਕਿਤੇ ਵੱਡੀਆਂ-ਵੱਡੀਆਂ ਪਾਈਪਾਂ ਅਤੇ ਕਿਤੇ ਬੋਰੀਆਂ ਲਾ ਕੇ ਰਸਤਾ ਰੋਕਿਆ ਗਿਆ ਹੈ। ਇਨ੍ਹਾਂ ਨਾਕਿਆਂ 'ਤੇ ਤੈਨਾਤ ਲੋਕਾਂ ਕੋਲ ਹਥਿਆਰ ਵੀ ਹਨ।

ਇੱਥੇ ਹਰ ਵਾਹਨ ਦੀ ਜਾਂਚ ਕੀਤੀ ਜਾਂਦੀ ਹੈ ਕਿ ਕਾਰ ਵਿੱਚ ਕੋਈ ਹਥਿਆਰ ਤਾਂ ਨਹੀਂ ਹੈ। ਗੱਡੀ ਦੇ ਡਰਾਈਵਰ ਦਾ ਸ਼ਨਾਖਤੀ ਕਾਰਡ ਮੰਗ ਕੇ ਉਸ ਦੀ ਜਾਤ-ਧਰਮ ਬਾਰੇ ਜਾਣਕਾਰੀ ਲਈ ਜਾਂਦੀ ਹੈ, ਤਾਂ ਜੋ ਇਹ ਫੈਸਲਾ ਕੀਤਾ ਜਾ ਸਕੇ ਕਿ ਉਸ ਨੂੰ ਸਰਹੱਦ ਪਾਰ ਕਰਨ ਦਾ ਅਧਿਕਾਰ ਹੈ ਜਾਂ ਨਹੀਂ।

ਮਣੀਪੁਰ ਹਿੰਸਾ

ਤਸਵੀਰ ਸਰੋਤ, AVIK

ਭਾਈਚਾਰੇ ਦੇ ਲੋਕਾਂ ਵੱਲੋਂ ਬਣਾਏ ਹਥਿਆਰਬੰਦ ਚੈਕ ਪੁਆਇੰਟਾਂ ਦਾ ਅਜੀਬ ਤਜਰਬਾ ਹੈ, ਇਹ ਚੈਕ ਪੁਆਇੰਟ ਸਰਕਾਰ ਦੇ ਹੋਣ ਦੇ ਬਾਵਜੂਦ ਵੀ ਉਸ ਦੇ ਨਾ ਹੋਣ ਦਾ ਸਬੂਤ ਦਿੰਦੇ ਹਨ।

ਸ਼ਹਿਰ 'ਚ ਰਹਿਣ ਵਾਲੇ ਲੋਕਾਂ ਕੋਲ ਵੀ ਹਥਿਆਰ ਹਨ। ਇਹ ਸਸਤੇ ਵਿੱਚ ਮਿਲ ਜਾਂਦੇ ਹਨ ਅਤੇ ਲੋਕ ਆਪਣੀ ਸੁਰੱਖਿਆ ਲਈ ਇਨ੍ਹਾਂ ਨੂੰ ਆਪਣੇ ਘਰਾਂ ਅਤੇ ਦਫਤਰਾਂ ਵਿੱਚ ਰੱਖਦੇ ਹਨ।

ਰਾਜਧਾਨੀ ਇੰਫਾਲ 'ਚ ਇੱਕ ਵਿਅਕਤੀ ਨੇ ਬੜੀ ਆਸਾਨੀ ਨਾਲ ਆਪਣੇ ਮੇਜ਼ ਦੇ ਹੇਠਾਂ ਤੋਂ ਅਸਲ ਗ੍ਰਨੇਡ ਕੱਢ ਕੇ ਦਿਖਾਇਆ।

ਉਨ੍ਹਾਂ ਕਿਹਾ ਕਿ ਇਸ ਨੂੰ ਸਵੈ-ਰੱਖਿਆ ਲਈ ਰੱਖਿਆ ਗਿਆ ਹੈ। ਨੇੜੇ ਹੀ ਉਨ੍ਹਾਂ ਦੀਆਂ ਛੋਟੀਆਂ ਕੁੜੀਆਂ ਖਿਡੌਣੇ ਵਾਲੀ ਬੰਦੂਕਾਂ ਨਾਲ ਖੇਡ ਰਹੀਆਂ ਸਨ।

ਮਣੀਪੁਰ ਹਿੰਸਾ

ਤਸਵੀਰ ਸਰੋਤ, MANISH JAIN/EPA-EFE/REX/SHUTTERSTOCK

ਹਿੰਸਾ ਦਾ ਡਰ

ਸਭ ਤੋਂ ਵੱਧ ਤਣਾਅ ਸਰਹੱਦਾਂ 'ਤੇ ਹੀ ਹੈ। ਇੰਫਾਲ ਘਾਟੀ ਦੇ ਚਾਰੇ ਪਾਸੇ ਤੋਂ ਪਹਾੜਾਂ ਵੱਲ ਜਾਣ ਵਾਲੀਆਂ ਸੜਕਾਂ ਦੇ ਦੋਵੇਂ ਪਾਸੇ ਸੜੇ ਹੋਏ ਘਰ ਅਤੇ ਟੁੱਟੇ ਵਾਹਨ ਖਿੱਲਰੇ ਪਏ ਹਨ।

ਇਨ੍ਹਾਂ ਪਿੰਡਾਂ ਤੋਂ ਲੋਕ ਭੱਜ ਗਏ ਹਨ। ਪਿੱਛੇ ਰਹਿ ਗਈਆਂ ਸੜੀਆਂ ਇਮਾਰਤਾਂ ਵਿੱਚ ਫੌਜ ਦੇ ਜਵਾਨ ਰਹਿ ਰਹੇ ਹਨ।

ਹਰ ਦੂਜੀ ਸ਼ਾਮ ਨੂੰ ਦੋ ਭਾਈਚਾਰਿਆਂ ਦਰਮਿਆਨ ਗੋਲੀਬਾਰੀ ਸ਼ੁਰੂ ਹੋ ਜਾਂਦੀ ਹੈ।

ਕਦੇ ਲੋਕ ਮਾਰੇ ਜਾਂਦੇ ਹਨ ਤੇ ਕਦੇ ਖਾਲੀ ਪਈਆਂ ਦੁਕਾਨਾਂ ਨੂੰ ਅੱਗ ਲੱਗਣ ਦੀ ਖ਼ਬਰ ਆਉਂਦੀ ਹੈ। ਸਬਜ਼ੀਆਂ, ਫਲਾਂ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

ਇਸ ਹਿੰਸਾ ਦੇ ਡਰ ਵਿਚਕਾਰ ਮਣੀਪੁਰ ਸਰਕਾਰ ਨੇ ਅੱਠਵੀਂ ਜਮਾਤ ਤੱਕ ਸਰਕਾਰੀ ਦਫ਼ਤਰ ਅਤੇ ਸਕੂਲ ਖੋਲ੍ਹਣ ਦੇ ਨਿਰਦੇਸ਼ ਦਿੱਤੇ ਸਨ।

ਇੰਫਾਲ ਘਾਟੀ 'ਚ ਕੁਝ ਸਕੂਲ ਖੁੱਲ੍ਹ ਵੀ ਗਏ ਪਰ ਬਹੁਤ ਘੱਟ ਮਾਪੇ ਆਪਣੇ ਬੱਚਿਆਂ ਨੂੰ ਭੇਜ ਰਹੇ ਹਨ।

ਪਹਾੜੀ ਇਲਾਕਿਆਂ ਵਿੱਚ ਸਕੂਲ ਬਿਲਕੁਲ ਨਹੀਂ ਖੁੱਲ੍ਹੇ ਹਨ। ਉੱਥੇ ਰਾਹਤ ਕੈਂਪਾਂ ਵਿੱਚ ਵਲੰਟੀਅਰ ਹੀ ਥੋੜ੍ਹਾ-ਥੋੜ੍ਹਾ ਪੜ੍ਹਾ ਰਹੇ ਹਨ, ਪਰ ਜਦੋਂ ਘਰ ਹੀ ਨਹੀਂ ਹੈ ਤਾਂ ਪੜ੍ਹਾਈ 'ਤੇ ਧਿਆਨ ਦੇਣਾ ਵੀ ਮੁਸ਼ਕਲ ਹੋ ਜਾਂਦਾ ਹੈ।

ਜ਼ਿਆਦਾਤਰ ਸਰਕਾਰੀ ਦਫ਼ਤਰ ਘਾਟੀ ਵਿੱਚ ਹਨ।

‘ਨੋ ਵਰਕ, ਨੋ ਪੇਅ’ ਭਾਵ ਕੰਮ ਨਹੀਂ ਤਾਂ ਤਨਖਾਹ ਨਹੀਂ ਦੇ ਸਰਕਾਰੀ ਹੁਕਮਾਂ ਤੋਂ ਬਾਅਦ ਮੈਤਈ ਭਾਈਚਾਰੇ ਦੇ ਲੋਕਾਂ ਨੇ ਕੰਮ ਕਰਨਾ ਮੁੜ ਸ਼ੁਰੂ ਕਰ ਦਿੱਤਾ ਹੈ, ਪਰ ਕੁਕੀ ਭਾਈਚਾਰੇ ਦੇ ਲੋਕਾਂ ਮੁਤਾਬਕ ਘਟਿ 'ਚ ਵਾਪਸ ਮੁੜਨਾ ਉਨ੍ਹਾਂ ਲਈ ਸੰਭਵ ਨਹੀਂ ਹੈ।

ਮਣੀਪੁਰ ਹਿੰਸਾ

ਸਭ ਕੁਝ ਬੱਸ ਇਸ ਗੱਲ 'ਤੇ ਆ ਰੁਕ ਜਾਂਦਾ ਹੈ ਕਿ ਜਿਵੇਂ ਆਪਸ ਵਿੱਚ ਜੁੜੀਆਂ ਜ਼ਿੰਦਗੀਆਂ, ਨੌਕਰੀਆਂ, ਕਾਰੋਬਾਰ ਸਭ ਨੂੰ ਕਿਵੇਂ ਭਾਲ ਕੀਤਾ ਜਾਵੇ ਜਦੋਂ ਵੰਡ ਦੀ ਖਾਈ ਹੀ ਇੰਨੀ ਢੂੰਘੀ ਹੁੰਦੀ ਜਾ ਰਹੀ ਹੈ।

ਸੂਰਜ ਢਲਣ ਨਾਲ ਹੀ ਹਰ ਪਾਸੇ ਸੁੰਨਸਾਨ ਹੋ ਜਾਂਦਾ ਹੈ, ਪੂਰੇ ਮਣੀਪੁਰ ਵਿੱਚ ਹਨ੍ਹੇਰੇ ਵਿੱਚ ਵੀ ਕਰਫਿਊ ਲਾਗੂ ਹੈ।

ਹਨ੍ਹੇਰਾ ਸਿਰਫ਼ ਰਾਤ ਵਿੱਚ ਨਹੀਂ ਹੈ। ਨਾਰਾਜ਼ਗੀ ਅਤੇ ਨਫ਼ਰਤ ਦੀਆਂ ਆਵਾਜ਼ਾਂ ਬੁਲੰਦ ਹਨ ਅਤੇ ਸ਼ਾਂਤੀ ਦੀ ਗੱਲ ਕਰਨ ਵਾਲੇ ਡਰਦੇ ਹਨ ਕਿ ਉਨ੍ਹਾਂ ਦਾ ਆਪਣਾ ਹੀ ਭਾਈਚਾਰਾ ਉਨ੍ਹਾਂ ਨਾਲ ਨਾਰਾਜ਼ ਨਾ ਹੋ ਜਾਵੇ।

ਮੋਬਾਈਲ 'ਚ ਇੰਟਰਨੈੱਟ ਨਾ ਹੋਣ ਦੇ ਬਾਵਜੂਦ ਦੋ ਮਹਿਲਾਵਾਂ ਦੀ ਨਗਨ ਪਰੇਡ ਦਾ ਵਾਇਰਲ ਵੀਡੀਓ ਹਰ ਫ਼ੋਨ 'ਚ ਹੈ।

ਕਿਤੇ-ਕੀਤੇ ਮਿਲਣ ਵਾਲੇ ਵਾਈਫਾਈ ਕਨੈਕਸ਼ਨਾਂ ਅਤੇ ਬਿਨਾਂ ਇੰਟਰਨੈੱਟ ਦੇ ਵੀਡੀਓ ਟਰਾਂਸਫਰ ਕਰਨ ਵਾਲੀਆਂ ਐਪਸ ਦੀ ਮਦਦ ਨਾਲ ਇਹ ਸ਼ੇਅਰ ਕੀਤਾ ਜਾ ਰਿਹਾ ਹੈ।

ਨਾਲ ਹੀ ਫੈਲ ਰਿਹਾ ਹੈ ਗੁੱਸਾ, ਉਦਾਸੀ ਅਤੇ ਬੇਇਨਸਾਫ਼ੀ ਦੀ ਭਾਵਨਾ। ਅਤੇ ਸਿਰਫ਼ ਇਹੀ ਹੈ ਜੋ ਮਣੀਪੁਰ ਵਿਚਕਾਰ ਖਿੱਚੀ ਗਈ ਇਸ ਸਰਹੱਦ ਨੂੰ ਬਿਨਾਂ ਕਿਸੇ ਰੁਕਾਵਟ ਦੇ ਪਾਰ ਕਰ ਰਿਹਾ ਹੈ।

ਲਾਈਨ

ਮਣੀਪੁਰ ਹਿੰਸਾ ਸਬੰਧੀ ਮੁੱਖ ਗੱਲਾਂ

  • ਪਿਛਲੇ ਦੋ ਮਹੀਨਿਆਂ ਤੋਂ ਮਣੀਪੁਰ 'ਚ ਜਾਰੀ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ
  • ਮਾਮਲਾ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਹੈ
  • ਬਾਕੀ ਕਬੀਲੇ ਮੈਤੇਈ ਨੂੰ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਵਿਰੋਧ ਕਰ ਰਹੇ ਹਨ
  • ਇਸ ਮਾਮਲੇ ਨੂੰ ਲੈ ਕੇ ਮੈਤਈ ਤੇ ਕੁਕੀ ਭਚਾਰੀਆਂ ਦਰਮਿਆਨ ਇਹ ਹਿੰਸਾ 3 ਮਈ ਨੂੰ ਸ਼ੁਰੂ ਹੋਈ ਸੀ
  • ਉਦੋਂ ਤੋਂ ਹੁਣ ਤੱਕ ਮਣੀਪੁਰ ਵਿੱਚ ਸਵਾ ਸੌ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ
  • ਇਸ ਦੌਰਾਨ ਅੱਗਜ਼ਨੀ ਦੀਆਂ ਵੀ ਕਈ ਘਟਨਾਵਾਂ ਵਾਪਰੀਆਂ ਤੇ ਲਗਭਗ 60,000 ਬੇਘਰ ਹੋ ਚੁੱਕੇ ਹਨ
  • ਸੂਬਾ ਸਰਕਾਰ ਮੁਤਾਬਕ, ਇਸ ਹਿੰਸਾ 'ਚ ਅੱਗਜ਼ਨੀ ਦੀਆਂ 5000 ਘਟਨਾਵਾਂ ਹੋ ਚੁੱਕੀਆਂ ਹਨ
  • ਮਣੀਪੁਰ ਸਰਕਾਰ ਨੇ ਕਿਹਾ ਕਿ ਹਿੰਸਾ ਨਾਲ ਸਬੰਧਤ ਕੁੱਲ 5,995 ਮਾਮਲੇ ਦਰਜ ਕੀਤੇ ਗਏ ਹਨ
  • ਇਨ੍ਹਾਂ ਮਾਮਲਿਆਂ ਵਿੱਚ 6,745 ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ
  • ਹਾਲ ਹੀ ਵਿੱਚ ਮਣੀਪੁਰ ਤੋਂ ਮਹਿਲਾਵਾਂ ਨੂੰ ਨਗਨ ਹਾਲਤ 'ਚ ਦੌੜਾਉਣ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ
  • ਇਸ ਵੀਡੀਓ ਨੇ ਦੇਸ਼ ਭਰ ਦੇ ਲੋਕਾਂ 'ਚ ਗੁੱਸਾ ਭਰ ਦਿੱਤਾ ਹੈ ਵਿਰੋਧੀ ਧਿਰ ਵੀ ਸਰਕਾਰ ਨੇ ਨਿਸ਼ਾਨਾ ਸਾਧ ਰਹੀ ਹੈ
  • ਪ੍ਰਧਾਨ ਮੰਤਰੀ ਮੋਦੀ ਨੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਇਸ ਪੂਰੀ ਘਟਨਾ ਨੂੰ ਦੁਖਦਾਈ ਕਰਾਰ ਦਿੱਤਾ ਸੀ
  • ਸੂਬੇ ਦੇ ਮੁੱਖ ਮੰਤਰੀ ਬਿਰੇਨ ਸਿੰਘ ਨੇ ਵੀ ਇਸ ਦੀ ਨਿੰਦਾ ਕੀਤੀ ਅਤੇ ਗ੍ਰਿਫ਼ਤਾਰੀਆਂ ਦੀ ਜਾਣਕਾਰੀ ਦਿੱਤੀ
  • ਹਾਲਾਂਕਿ, ਵਿਰੋਧੀ ਧਿਰ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਸੰਸਦ 'ਚ ਇਸ ਘਟਨਾ 'ਤੇ ਬਿਆਨ ਦੇਣ
ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)