ਮਣੀਪੁਰ ਹਿੰਸਾ:‘ਘਰ ਅੱਗੋਂ ਧੀ ਨੂੰ ਚੁੱਕ ਕੇ ਲੈ ਗਏ, ਸਮੂਹਿਕ ਬਲਤਾਕਾਰ ਕੀਤਾ ਤੇ ਅਗਲੇ ਦਿਨ ਸੁੱਟ ਗਏ’, ਮਾਂ ਦੋ ਮਹੀਨੇ ਰਪਟ ਲਿਖਾਉਣ ਦੀ ਹਿੰਮਤ ਨਹੀਂ ਜੁਟਾ ਸਕੀ
- ਲੇਖਕ, ਦਿਵਿਆ ਆਰੀਆ
- ਰੋਲ, ਬੀਬੀਸੀ ਨਿਊਜ਼, ਇੰਫਾਲ ਤੋਂ
ਦੋ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਹੈ ਪਰ ਕੁਕੀ ਮਹਿਲਾ ਮੈਰੀ (ਬਦਲਿਆ ਹੋਇਆ ਨਾਮ) ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਹਿੰਮਤ ਨਹੀਂ ਜੁਟਾ ਸਕੇ।
ਉਨ੍ਹਾਂ ਦੀ 18 ਸਾਲ ਦੀ ਧੀ ਨੂੰ ਉਨ੍ਹਾਂ ਦੇ ਘਰ ਦੇ ਬਾਹਰੋਂ ਅਗਵਾ ਕਰ ਲਿਆ ਗਿਆ ਸੀ। ਇਲਜ਼ਾਮ ਹੈ ਕਿ ਰਾਤ ਭਰ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਅਗਲੀ ਸਵੇਰ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿਚ ਦਰਵਾਜ਼ੇ 'ਤੇ ਛੱਡ ਦਿੱਤਾ ਗਿਆ।
ਜਦੋਂ ਮੈਂ ਰਾਹਤ ਕੈਂਪ ਦੇ ਬਾਹਰ ਮੈਰੀ ਨੂੰ ਮਿਲੀ ਤਾਂ ਉਨ੍ਹਾਂ ਨੇ ਮੈਨੂੰ ਦੱਸਿਆ, "ਹਮਲਾਵਰਾਂ ਨੇ ਮੇਰੀ ਧੀ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਕੁਝ ਕਿਹਾ ਤਾਂ ਉਹ ਉਸ ਨੂੰ ਮਾਰ ਦੇਣਗੇ।"
ਮਈ ਵਿੱਚ ਜਦੋਂ ਤੋਂ ਮਣੀਪੁਰ ਵਿੱਚ ਮੈਤਈ ਅਤੇ ਕੁਕੀ ਭਾਈਚਾਰਿਆਂ ਦਰਮਿਆਨ ਨਸਲੀ ਹਿੰਸਾ ਭੜਕੀ ਹੈ, ਉਦੋਂ ਤੋਂ ਮੈਰੀ ਇੱਕ ਰਾਹਤ ਕੈਂਪ ਵਿੱਚ ਰਹਿ ਰਹੇ ਹਨ।
ਇਸ ਹਿੰਸਾ ਵਿੱਚ ਹੁਣ ਤੱਕ ਸਵਾ ਸੌ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 60,000 ਤੋਂ ਵੱਧ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਚੁੱਕੇ ਹਨ।
ਪਰ ਪਿਛਲੇ ਹਫ਼ਤੇ ਕੁਝ ਅਜਿਹਾ ਹੋਇਆ ਜਿਸ ਨੇ ਚੀਜ਼ਾਂ ਬਦਲ ਦਿੱਤੀਆਂ ਹਨ।

ਦੋ ਕੁਕੀ ਔਰਤਾਂ ਨੂੰ ਭੀੜ ਵੱਲੋਂ ਨਗਨ ਹਾਲਤ ਵਿੱਚ ਸੜਕ 'ਤੇ ਦੌੜਾਉਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ।
ਇਸ ਘਟਨਾ ਨੇ ਵਿਆਪਕ ਰੋਸ ਪੈਦਾ ਕੀਤਾ ਅਤੇ ਹਰ ਪਾਸੇ ਇਸ ਦੀ ਨਿੰਦਾ ਕੀਤੀ ਗਈ। ਇਸ ਤੋਂ ਬਾਅਦ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚ ਇੱਕ ਨਾਬਾਲਿਗ ਵੀ ਸ਼ਾਮਲ ਹੈ।
ਨਿਆਂ ਦੀ ਉਮੀਦ ਵਿੱਚ, ਮੈਰੀ ਨੇ ਵੀ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਉਣ ਦਾ ਫੈਸਲਾ ਕੀਤਾ।
ਉਹ ਕਹਿੰਦੇ ਹਨ, ''ਮੈਂ ਸੋਚਿਆ ਸੀ ਕਿ ਜੇਕਰ ਮੈਂ ਹੁਣ ਅਜਿਹਾ ਨਹੀਂ ਕੀਤਾ ਤਾਂ ਮੈਨੂੰ ਦੂਜਾ ਮੌਕਾ ਨਹੀਂ ਮਿਲੇਗਾ। ਮੈਨੂੰ ਹਮੇਸ਼ਾ ਅਫਸੋਸ ਰਹੇਗਾ ਕਿ ਮੈਂ ਆਪਣੀ ਧੀ ਦੇ ਹਮਲਾਵਰਾਂ ਨੂੰ ਸਜ਼ਾ ਦਿਵਾਉਣ ਦੀ ਮੈਂ ਕੋਸ਼ਿਸ਼ ਵੀ ਨਹੀਂ ਕੀਤੀ।
ਜਦੋਂ ਭੀੜ ਨੇ ਘੇਰ ਲਿਆ

19 ਸਾਲਾ ਚਿਨ ਅਜੇ ਵੀ ਡਰੇ ਹੋਏ ਹਨ ਕਿ ਉਨ੍ਹਾਂ ਨਾਲ ਵੀ ਅਜਿਹੀ ਹੀ ਘਟਨਾ ਘਟ ਸਕਦੀ ਸੀ।
ਚਿਨ ਦੱਸਦੇ ਹਨ ਕਿ ਉਹ ਅਤੇ ਉਨ੍ਹਾਂ ਦੀ ਸਹੇਲੀ ਨਰਸਿੰਗ ਦੀ ਪੜ੍ਹਾਈ ਕਰ ਰਹੇ ਹਨ ਅਤੇ ਜਿਸ ਹੋਸਟਲ ਵਿੱਚ ਉਹ ਰਹਿ ਰਹੇ ਸਨ, ਉੱਥੇ ਉਨ੍ਹਾਂ ਨੂੰ ਕੁਕੀ ਹੋਣ ਕਾਰਨ ਨਿਸ਼ਾਨਾ ਬਣਾਇਆ ਗਿਆ ਅਤੇ ਹਮਲਾ ਕੀਤਾ ਗਿਆ।
ਉਨ੍ਹਾਂ ਦੱਸਿਆ, "ਜਿਸ ਕਮਰੇ 'ਚ ਅਸੀਂ ਲੁਕੇ ਹੋਏ ਸੀ, ਭੀੜ ਲਗਾਤਾਰ ਉਸ ਦਾ ਦਰਵਾਜ਼ਾ ਖੜਕਾ ਰਹੀ ਸੀ ਅਤੇ ਚੀਕ-ਚੀਕ ਕੇ ਕਹਿ ਰਹੀ ਸੀ ਕਿ ਤੁਹਾਡੇ ਆਦਮੀਆਂ ਨੇ ਸਾਡੀਆਂ ਔਰਤਾਂ ਨਾਲ ਬਲਾਤਕਾਰ ਕੀਤਾ, ਹੁਣ ਅਸੀਂ ਤੁਹਾਡੇ ਨਾਲ ਵੀ ਅਜਿਹਾ ਹੀ ਕਰਾਂਗੇ।''
ਦੰਗਿਆਂ ਅਤੇ ਹਿੰਸਾ ਦੌਰਾਨ, ਦੂਜੇ ਭਾਈਚਾਰਿਆਂ ਨੂੰ ਜ਼ਲੀਲ ਕਰਨ ਲਈ ਔਰਤਾਂ ਨੂੰ ਬੇਰਹਿਮੀ ਨਾਲ ਸਰੀਰਕ ਅਤੇ ਜਿਨਸੀ ਹਿੰਸਾ ਦਾ ਸ਼ਿਕਾਰ ਬਣਾਇਆ ਜਾਂਦਾ ਹੈ।
ਇੰਝ ਲੱਗਦਾ ਹੈ ਕਿ ਕੁਕੀ ਮਰਦਾਂ ਦੁਆਰਾ ਇੱਕ ਮੈਤਈ ਮਹਿਲਾ ਦਾ ਜਿਨਸੀ ਸ਼ੋਸ਼ਣ ਕੀਤੇ ਜਾਣ ਦੀਆਂ ਕੁਝ ਅਪੁਸ਼ਟ ਰਿਪੋਰਟਾਂ ਨੇ ਚਿਨ ਅਤੇ ਉਨ੍ਹਾਂ ਦੀ ਮਹਿਲਾ ਦੇ ਵਿਰੁੱਧ ਮੈਤਈ ਪੁਰਸ਼ਾਂ ਦੇ ਗੁੱਸੇ ਨੂੰ ਭੜਕਾ ਦਿੱਤਾ।
ਚਿਨ ਕਹਿੰਦੇ ਹਨ, "ਡਰ ਨਾਲ ਮੇਰੀ ਹਾਲਤ ਖ਼ਰਾਬ ਹੋ ਰਹੀ ਸੀ ਅਤੇ ਮੈਂ ਆਪਣੀ ਮਾਂ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਮੈਨੂੰ ਜਾਨੋਂ ਵੀ ਮਾਰਿਆ ਜਾ ਸਕਦਾ ਹੈ, ਹੋ ਸਕਦਾ ਹੈ ਕਿ ਇਹ ਤੁਹਾਡੇ ਨਾਲ ਮੇਰੀ ਆਖ਼ਰੀ ਗੱਲਬਾਤ ਹੋਵੇ।"
ਇਸ ਤੋਂ ਕੁਝ ਹੀ ਮਿੰਟਾਂ ਵਿੱਚ ਚਿਨ ਅਤੇ ਉਨ੍ਹਾਂ ਦੀ ਦੋਸਤ ਨੂੰ ਖਿੱਚ ਕੇ ਬਾਹਰ ਕੱਢਿਆ ਗਿਆ, ਸੜਕਾਂ 'ਤੇ ਘੜੀਸਿਆ ਗਿਆ ਅਤੇ ਉਦੋਂ ਤੱਕ ਕੁੱਟਿਆ ਗਿਆ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਈਆਂ।
ਉਹ ਕਹਿੰਦੇ ਹਨ ਕਿ ਅਸੀਂ ਇਸੇ ਕਾਰਨ ਅਸੀਂ ਬਚ ਗਏ ਕਿਉਂਕਿ ਭੀੜ ਨੂੰ ਲੱਗਿਆ ਕਿ ਅਸੀਂ ਮਰ ਗਏ ਹਾਂ।
ਉਨ੍ਹਾਂ ਨੂੰ ਹਸਪਤਾਲ ਵਿੱਚ ਹੋਸ਼ ਆਇਆ, ਜਿੱਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਇੱਥੇ ਦਾਖਲ ਕਰਵਾਇਆ ਹੈ।

ਇੱਜ਼ਤ ਅਤੇ ਸ਼ਰਮਿੰਦਗੀ

ਸੂਬੇ ਵਿੱਚ ਨਸਲੀ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਬੇਭਰੋਸਗੀ ਦੀ ਖਾਈ ਵਧਦੀ ਹੀ ਗਈ ਹੈ, ਪਰ ਇੱਕ ਗੱਲ ਬਰਾਬਰ ਹੈ, ਉਹ ਹੈ ਮਹਿਲਾਵਾਂ ਖ਼ਿਲਾਫ਼ ਹਿੰਸਾ।
ਹੁਣ ਮਣੀਪੁਰ ਵਿੱਚ ਮਿਸ਼ਰਤ ਆਬਾਦੀ ਵਾਲਾ ਕੋਈ ਖੇਤਰ ਨਹੀਂ ਬਚਿਆ ਹੈ। ਜ਼ਿਆਦਾਤਰ ਈਸਾਈ ਕੂਕੀ ਪਹਾੜੀਆਂ ਵਿੱਚ ਕੇਂਦਰਿਤ ਹਨ ਅਤੇ ਜ਼ਿਆਦਾਤਰ ਹਿੰਦੂ ਮੈਤਈ ਮੈਦਾਨਾਂ ਵਿੱਚ ਹਨ।
ਫੌਜ ਅਤੇ ਸੂਬਾ ਪੁਲਿਸ ਚੌਕੀਆਂ ਤੋਂ ਇਲਾਵਾ, ਦੋਵਾਂ ਭਾਈਚਾਰਿਆਂ ਨੇ ਆਪਣੇ ਪਿੰਡ ਦੀ ਸਰਹੱਦ 'ਤੇ ਅਸਥਾਈ ਬੈਰੀਕੇਡ ਲਗਾ ਦਿੱਤੇ ਹਨ।
ਰਾਤ ਨੂੰ ਝੜਪਾਂ ਦੀਆਂ ਖ਼ਬਰਾਂ ਆਉਂਦੀਆਂ ਹਨ ਅਤੇ ਸ਼ਾਮ ਨੂੰ ਕਰਫਿਊ ਲਗਾ ਦਿੱਤਾ ਗਿਆ ਹੈ। ਹਿੰਸਾ ਸ਼ੁਰੂ ਹੋਣ ਤੋਂ ਬਾਅਦ ਇੰਟਰਨੈੱਟ ਬੰਦ ਹੋਏ ਢਾਈ ਮਹੀਨੇ ਹੋ ਗਏ ਹਨ।
ਇਸ ਸਭ ਦੇ ਵਿਚਕਾਰ ਦੋ ਮਹਿਲਾਵਾਂ ਦੇ ਵਾਇਰਲ ਹੋਏ ਵੀਡੀਓ ਨੇ ਲੋਕਾਂ ਨੂੰ ਇਕੱਠੇ ਆਉਣ ਦਾ ਕਾਰਨ ਦਿੱਤਾ ਹੈ।
ਇਸ ਘਟਨਾ ਦੀ ਨਿੰਦਾ ਕਰਨ ਲਈ ਕੁਕੀ ਅਤੇ ਮੈਤਈ ਦੋਵਾਂ ਭਾਈਚਾਰਿਆਂ ਦੀਆਂ ਮਹਿਲਾਵਾਂ ਨੇ ਪ੍ਰਦਰਸ਼ਨ ਕੀਤੇ ਹਨ।
ਮਣੀਪੁਰ ਵਿੱਚ ਇਹ ਪੁਰਾਣੀ ਰਵਾਇਤ ਰਹੀ ਹੈ ਕਿ ਬਰਾਬਰੀ ਦੀ ਮੰਗ ਵਾਲੇ ਅੰਦੋਲਨਾਂ ਵਿੱਚ ਮਹਿਲਾਵਾਂ ਦੀ ਬਰਾਬਰ ਦੀ ਭਾਗੀਦਾਰੀ ਰਹਿੰਦੀ ਹੈ।

ਮੀਰਾ ਪੈਬਿਸ (ਮਹਿਲਾ ਮਸ਼ਾਲਧਾਰੀ), ਜਿਨ੍ਹਾਂ ਨੂੰ ਇਮਾਸ ਜਾਂ ਮਦਰਸ ਆਫ਼ ਮਣੀਪੁਰ ਵਜੋਂ ਜਾਣਿਆ ਜਾਂਦਾ ਹੈ, ਮੈਤਈ ਮਹਿਲਾਵਾਂ ਦਾ ਇੱਕ ਸ਼ਕਤੀਸ਼ਾਲੀ ਸੰਗਠਨ ਹੈ, ਜਿਸ ਨੇ ਸੂਬੇ ਦੇ ਅੱਤਿਆਚਾਰਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਹੈ।
ਸਿਨਾਮ ਸੁਅਰਨਲਤਾ ਲੀਮਾ ਨੋਂਗਪੋਕ ਸੇਕਮਾਈ ਬਲਾਕ ਦੇ ਪਿੰਡਾਂ ਵਿੱਚ ਮੀਰਾ ਪੈਬਿਸ ਦੀ ਅਗਵਾਈ ਕਰਦੇ ਹਨ। ਇਹ ਉਹੀ ਇਲਾਕਾ ਹੈ ਜਿੱਥੇ ਭੀੜ ਦੇ ਹਮਲੇ ਦੀ ਵਾਇਰਲ ਵੀਡੀਓ ਸ਼ੂਟ ਹੋਈ ਸੀ ਅਤੇ ਹਮਲਾਵਰ ਵੀ ਇੱਥੋਂ ਦੇ ਹੀ ਸਨ।
ਲੀਮਾ ਕਹਿੰਦੇ ਹਨ ਕਿ ਜਿਵੇਂ ਹੀ ਉਨ੍ਹਾਂ ਨੇ ਇਹ ਵੀਡੀਓ ਦੇਖਿਆ ਤਾਂ ਪਿੰਡ ਵਾਸੀਆਂ ਨੇ ਆਪ ਹੀ ਮੁੱਖ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਇਸ ਤੋਂ ਬਾਅਦ ਬਲਾਕ ਦੀ ਮੀਰਾ ਪੈਬਿਸ ਨੇ ਇਕੱਠੇ ਹੋ ਕੇ ਉਸ ਦਾ ਘਰ ਸਾੜ ਦਿੱਤਾ।
ਲੀਮਾ ਕਹਿੰਦੇ ਹਨ, "ਅੱਗ ਲਗਾਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਭਾਈਚਾਰਾ ਉਨ੍ਹਾਂ ਆਦਮੀਆਂ ਦੁਆਰਾ ਕੀਤੇ ਗਏ ਘਿਨੌਣੇ ਅਪਰਾਧ ਦੀ ਨਿੰਦਾ ਕਰਦਾ ਹੈ ਅਤੇ ਉਨ੍ਹਾਂ ਦੇ ਕਰਮ ਸਮੁੱਚੇ ਮੈਤਈ ਸਮਾਜ ਨੂੰ ਬਦਨਾਮ ਨਹੀਂ ਕਰ ਸਕਦੇ।''
ਘਰ ਨੂੰ ਸਾੜਨ ਤੋਂ ਬਾਅਦ ਮੁਲਜ਼ਮ ਦੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਵੀ ਪਿੰਡ ਤੋਂ ਬਾਹਰ ਕੱਢ ਦਿੱਤਾ ਗਿਆ।
ਜਿਸ ਸਮਾਜ ਵਿੱਚ ਔਰਤਾਂ ਦੀ ਬਹੁਤ ਇੱਜ਼ਤ ਹੁੰਦੀ ਹੈ, ਉੱਥੇ ਭੀੜ ਇਹ ਸਭ ਕਿਵੇਂ ਕਰ ਸਕਦੀ ਹੈ?
ਲੀਮਾ ਕਹਿੰਦੇ ਹਨ, "ਇਹ ਉਨ੍ਹਾਂ ਮੈਤਈ ਔਰਤਾਂ ਲਈ ਸੋਗ ਅਤੇ ਬਦਲੇ ਦੀ ਕਾਰਵਾਈ ਸੀ, ਜਿਨ੍ਹਾਂ 'ਤੇ ਕੁਕੀ ਪੁਰਸ਼ਾਂ ਨੇ ਹਮਲਾ ਕੀਤਾ ਸੀ।"

ਹਾਲਾਂਕਿ ਉਹ ਨਿੱਜੀ ਤੌਰ 'ਤੇ ਅਜਿਹੇ ਕਿਸੇ ਵੀ ਹਮਲਿਆਂ ਤੋਂ ਜਾਣੂ ਨਹੀਂ ਹਨ, ਪਰ ਜਿਣਸੀ ਹਿੰਸਾ ਦੀਆਂ ਪੀੜਤਾਂ 'ਤੇ ਸਮਾਜਿਕ ਸ਼ਰਮ ਦੇ ਕਾਰਨ ਲਗਾਈ ਗਈ ਮੈਤਈ ਮਹਿਲਾਵਾਂ ਦੀ ਚੁੱਪੀ ਨੂੰ ਉਹ ਜ਼ਿੰਮੇਦਾਰ ਠਹਿਰਾਉਂਦੇ ਹਨ।
ਜਦੋਂ ਤੋਂ ਹਿੰਸਾ ਭੜਕੀ ਹੈ, ਉਦੋਂ ਤੋਂ ਹੁਣ ਤੱਕ ਮੈਤਈ ਮਹਿਲਾਵਾਂ ਦੇ ਖ਼ਿਲਾਫ਼ ਜਿਨਸੀ ਹਿੰਸਾ ਦੀਆਂ ਰਿਪੋਰਟਾਂ ਤੋਂ ਪੁਲਿਸ ਨੇ ਇਨਕਾਰ ਕੀਤਾ ਹੈ।
ਮੈਤਈ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਸੰਗਠਨ ਕੋਕੋਮੀ ਦੇ ਬੁਲਾਰੇ ਖੋਰੈਜਾਮ ਅਥਾਉਬਾ ਇਲਜ਼ਾਮ ਲਗਾਉਂਦੇ ਹਨ ਕਿ 'ਬਹੁਤ ਸਾਰੇ ਹਮਲੇ ਹੋਏ ਹਨ, ਪਰ ਉਨ੍ਹਾਂ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ।'
ਉਹ ਕਹਿੰਦੇ ਹਨ, "ਸਾਡੀਆਂ ਔਰਤਾਂ ਆਪਣੇ ਨਾਲ ਹੋਏ ਅੱਤਿਆਚਾਰਾਂ ਬਾਰੇ ਖੁੱਲ੍ਹ ਕੇ ਗੱਲ ਕਰਕੇ ਜਾਂ ਪੁਲਿਸ ਕੋਲ ਸ਼ਿਕਾਇਤਾਂ ਦਰਜ ਕਰਵਾ ਕੇ ਆਪਣੀ ਇੱਜ਼ਤ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੀਆਂ।"
ਉਨ੍ਹਾਂ ਮੁਤਾਬਕ, ਸੰਘਰਸ਼ ਕਾਰਨ ਹੋਏ ਕਤਲਾਂ ਅਤੇ ਉਜਾੜੇ ਦੇ ਮੁੱਦੇ 'ਤੇ ਧਿਆਨ ਦੇਣਾ ਚਾਹੀਦਾ ਹੈ।
ਨਿਆਂ ਦੀ ਉਮੀਦ

ਵਾਇਰਲ ਵੀਡੀਓ 'ਚ ਨਜ਼ਰ ਆ ਰਹੀ ਇੱਕ ਮਹਿਲਾ ਦੇ ਭਰਾ ਦਾ ਦੁੱਖ ਕਿਤੇ ਜ਼ਿਆਦਾ ਭਾਰੀ ਹੈ।
ਭੀੜ ਨੇ ਉਸ ਦੀ ਭੈਣ ਨੂੰ ਨਗਨ ਕੀਤਾ ਅਤੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ, ਇਸ ਮਗਰੋਂ ਉਸ ਦੇ ਪਿਤਾ ਅਤੇ ਛੋਟੇ ਭਰਾ ਨੂੰ ਮਾਰ ਦਿੱਤਾ।
ਉਹ ਅਤੇ ਉਨ੍ਹਾਂ ਦੀ ਮਾਂ ਕਿਸੇ ਤਰ੍ਹਾਂ ਬਚ ਗਏ ਕਿਉਂਕਿ ਉਹ ਇੱਕ ਨੇੜਲੇ ਪਿੰਡ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਸੀ ਅਤੇ ਜਦੋਂ ਹਿੰਸਾ ਸ਼ੁਰੂ ਹੋਈ ਤਾਂ ਉਹ ਉੱਥੇ ਫਸ ਗਏ ਸਨ।
ਜਦੋਂ ਮੈਂ ਉਸ 23 ਸਾਲਾ ਨੌਜਵਾਨ ਨੂੰ ਉਸ ਦੇ ਰਿਸ਼ਤੇਦਾਰ ਦੇ ਘਰ ਦੇ ਛੋਟੇ ਜਿਹੇ ਕਮਰੇ ਵਿੱਚ ਮਿਲੀ, ਤਾਂ ਜ਼ਿਆਦਾਤਰ ਸਮੇਂ ਉਸ ਦਾ ਚਿਹਰਾ ਭਾਵਹੀਣ ਸੀ।
ਮੈਂ ਪੁੱਛਿਆ ਕਿ ਉਹ ਸਰਕਾਰ ਜਾਂ ਪੁਲਿਸ ਤੋਂ ਕੀ ਚਾਹੁੰਦੇ ਹਨ?
ਨੌਜਵਾਨ ਨੇ ਜਵਾਬ ਦਿੱਤਾ, "ਉਸ ਭੀੜ ਦੇ ਹਰ ਸ਼ਖਸ ਨੂੰ ਗ੍ਰਿਫ਼ਤਾਰ ਕਰੋ, ਖ਼ਾਸ ਤੌਰ 'ਤੇ ਉਨ੍ਹਾਂ ਨੂੰ ਜਿਨ੍ਹਾਂ ਨੇ ਮੇਰੇ ਪਿਤਾ ਅਤੇ ਭਰਾ ਨੂੰ ਮਾਰ ਦਿੱਤਾ, ਅਤੇ ਦੋਵਾਂ ਭਾਈਚਾਰਿਆਂ ਨਾਲ ਨਿਰਪੱਖ ਵਿਵਹਾਰ ਕਰੋ।"

ਦੋਵਾਂ ਭਾਈਚਾਰਿਆਂ ਦੇ ਜਿਨ੍ਹਾਂ ਲੋਕਾਂ ਨੂੰ ਅਸੀਂ ਮਿਲੇ, ਇੰਝ ਲੱਗਿਆ ਕਿ ਉਨ੍ਹਾਂ ਦਾ ਕੇਂਦਰ ਅਤੇ ਸੂਬਾ ਸਰਕਾਰਾਂ ਵਿੱਚ ਵਿਸ਼ਵਾਸ ਖਤਮ ਹੋ ਗਿਆ ਹੈ।
ਵਿਰੋਧੀ ਪਾਰਟੀਆਂ ਨੇ ਕਾਰਵਾਈ ਦੀ ਮੰਗ ਕੀਤੀ ਹੈ, ਸੰਸਦ ਦੀ ਕਾਰਵਾਈ ਰੋਕ ਦਿੱਤੀ ਹੈ ਅਤੇ ਦੇਸ਼ ਭਰ ਵਿੱਚ ਰੋਸ ਰੈਲੀਆਂ ਕੀਤੀਆਂ ਹਨ।
ਸੂਬੇ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਮੈਤਈ ਭਾਈਚਾਰੇ ਤੋਂ ਆਉਂਦੇ ਹਨ।
ਉਸ ਨੇ 'ਮੁਲਜ਼ਮ ਖ਼ਿਲਾਫ਼ ਸਖ਼ਤ ਤੋਂ ਸਖ਼ਤ ਸਜ਼ਾ, ਜਿਸ 'ਚ ਮੌਤ ਦੀ ਸਜ਼ਾ ਵੀ ਸ਼ਾਮਲ ਹੈ' ਦਾ ਵਾਅਦਾ ਕੀਤਾ ਹੈ, ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਹਿੰਸਾ ਨੂੰ ਖ਼ਤਮ ਕਰਨ ਵਿੱਚ ਅਸਫਲ ਰਹਿਣ ਲਈ ਅਸਤੀਫ਼ਾ ਕਦੋਂ ਦੇਣਗੇ, ਤਾਂ ਉਨ੍ਹਾਂ ਕਿਹਾ, "ਮੈਂ ਇਸ ਸਭ ਵਿੱਚ ਨਹੀਂ ਪੈਣਾ ਚਾਹੁੰਦਾ, ਮੇਰਾ ਕੰਮ ਸੂਬੇ ਵਿੱਚ ਸ਼ਾਂਤੀ ਲਿਆਉਣਾ ਅਤੇ ਦੰਗਾ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣਾ ਹੈ।''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਨੀਪੁਰ ਹਿੰਸਾ 'ਤੇ ਆਪਣੀ ਚੁੱਪੀ ਉਸ ਵੇਲੇ ਤੋੜੀ, ਜਦੋਂ ਦੋ ਮਹਿਲਾਵਾਂ ਦੇ ਸ਼ੋਸ਼ਣ ਵਾਲੇ ਵੀਡੀਓ ਨੇ ਵੱਡੇ ਪੱਧਰ 'ਤੇ ਗੁੱਸਾ ਪੈਦਾ ਕਰ ਦਿੱਤਾ।
ਪਰ ਲੀਮਾ ਲਈ, ਉਸ ਬਿਆਨ ਨੇ ਉਨ੍ਹਾਂ ਦੇ ਭਾਈਚਾਰੇ ਦੇ ਅਕਸ ਨੂੰ ਖ਼ਰਾਬ ਕੀਤਾ ਹੈ।
ਉਹ ਕਹਿੰਦੇ ਹਨ, "ਪ੍ਰਧਾਨ ਮੰਤਰੀ ਨੇ ਕਿਹਾ, ਜਦੋਂ ਕੁਕੀ ਔਰਤ 'ਤੇ ਹਮਲਾ ਹੋਇਆ, ਉਸ ਸਭ ਦਾ ਕੀ ਜਿਸ ਦਾ ਅਸੀਂ ਲੋਕ ਸਾਹਮਣਾ ਕਰ ਰਹੇ ਹਾਂ, ਕੀ ਅਸੀਂ ਮੈਤਈ ਮਹਿਲਾਵਾਂ ਭਾਰਤ ਦੀਆਂ ਨਾਗਰਿਕ ਨਹੀਂ ਹਾਂ?"

ਇਸ ਵੀਡੀਓ ਨੇ ਮਣੀਪੁਰ ਹਿੰਸਾ ਨੂੰ ਸੁਰਖੀਆਂ 'ਚ ਲੈ ਆਂਦਾ ਹੈ।
ਗ੍ਰੇਸੀ ਹਾਓਕਿਪ ਇੱਕ ਰਿਸਰਚ ਸਕਾਲਰ ਹਨ ਅਤੇ ਨਰਸਿੰਗ ਦੀ ਵਿਦਿਆਰਥੀ ਚਿਨ ਸਮੇਤ ਹਿੰਸਾ ਦੇ ਪੀੜਤਾਂ ਦੀ ਮਦਦ ਕਰ ਰਹੇ ਹਨ।
ਗ੍ਰੇਸੀ ਕਹਿੰਦੇ ਹਨ, "ਜੇਕਰ ਇਹ ਵੀਡੀਓ ਸਾਹਮਣੇ ਨਾ ਆਇਆ ਹੁੰਦਾ, ਤਾਂ ਸਾਨੂੰ ਸਰਕਾਰ ਅਤੇ ਹੋਰ ਸਿਆਸੀ ਪਾਰਟੀਆਂ ਦਾ ਇੰਨਾ ਧਿਆਨ ਨਾ ਮਿਲਦਾ।"
ਉਹ ਕਹਿੰਦੇ ਹਨ ਕਿ ਇਹ ਉਨ੍ਹਾਂ ਪੀੜਤਾਂ ਦੀ ਮਦਦ ਕਰੇਗਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹੋਏ ਆਪਣੇ ਤਜ਼ਰਬੇ ਸਾਂਝੇ ਕਰਨ ਦੀ ਹਿੰਮਤ ਜੁਟਾਈ ਹੈ।
ਚਿਨ ਨੇ ਮੈਨੂੰ ਇੱਕ ਭਾਸ਼ਣ ਬਾਰੇ ਦੱਸਿਆ ਜੋ ਉਨ੍ਹਾਂ ਨੇ ਆਪਣੇ ਭਾਈਚਾਰੇ ਦੀਆਂ ਮਹਿਲਾਵਾਂ ਨੂੰ ਦਿੱਤਾ ਸੀ। ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਇਲਾਕੇ ਦੇ ਇੱਕ ਹੋਰ ਨਰਸਿੰਗ ਇੰਸਟੀਚਿਊਟ ਵਿੱਚ ਦਾਖਲਾ ਲੈ ਲਿਆ ਹੈ।
ਉਹ ਕਹਿੰਦੇ ਹਨ, "ਮੇਰੀ ਮਾਂ ਨੇ ਮੈਨੂੰ ਕਿ ਕਿ ਰੱਬ ਨੇ ਮੈਨੂੰ ਕਿਸੇ ਕਾਰਨ ਕਰਕੇ ਜ਼ਿੰਦਾ ਬਚਾਇਆ, ਇਸ ਲਈ ਮੈਂ ਤੈਅ ਕੀਤਾ ਕਿ ਮੈਂ ਆਪਣੇ ਸੁਪਨੇ ਨੂੰ ਅਧੂਰਾ ਨਹੀਂ ਛੱਡਾਂਗੀ।''

ਮਣੀਪੁਰ ਹਿੰਸਾ ਬਾਰੇ ਮੁੱਖ ਗੱਲਾਂ
- ਪਿਛਲੇ ਦੋ ਮਹੀਨਿਆਂ ਤੋਂ ਮਣੀਪੁਰ 'ਚ ਜਾਰੀ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ
- ਮਾਮਲਾ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਸੀ
- ਬਾਕੀ ਕਬੀਲੇ ਮੈਤੇਈ ਨੂੰ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਵਿਰੋਧ ਕਰ ਰਹੇ ਹਨ
- ਇਸ ਮਾਮਲੇ ਨੂੰ ਲੈ ਕੇ ਮੈਤੇਈ ਤੇ ਕੁਕੀ ਭਚਾਰਿਆਂ ਦਰਮਿਆਨ ਇਹ ਹਿੰਸਾ 3 ਮਈ ਨੂੰ ਸ਼ੁਰੂ ਹੋਈ ਸੀ
- ਉਦੋਂ ਤੋਂ ਹੁਣ ਤੱਕ ਮਣੀਪੁਰ ਵਿੱਚ 142 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਭਗ 60,000 ਲੋਕ ਬੇਘਰ ਹੋ ਚੁੱਕੇ ਹਨ
- ਸੂਬਾ ਸਰਕਾਰ ਮੁਤਾਬਕ ਇਸ ਹਿੰਸਾ 'ਚ ਅੱਗਜ਼ਨੀ ਦੀਆਂ 5000 ਘਟਨਾਵਾਂ ਹੋ ਚੁੱਕੀਆਂ ਹਨ
- ਮਣੀਪੁਰ ਸਰਕਾਰ ਨੇ ਕਿਹਾ ਕਿ ਹਿੰਸਾ ਨਾਲ ਸਬੰਧਤ ਕੁੱਲ 5,995 ਮਾਮਲੇ ਦਰਜ ਕੀਤੇ ਗਏ ਹਨ
- ਇਨ੍ਹਾਂ ਮਾਮਲਿਆਂ ਵਿੱਚ 6,745 ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ














