ਮਣੀਪੁਰ ਹਿੰਸਾ: ਔਰਤਾਂ ਦੀ ਨਗਨ ਵੀਡੀਓ ਮਾਮਲੇ ਵਿੱਚ ਫੇਕ ਨਿਊਜ਼ ਰਾਹੀ ਕਿਵੇਂ ਚੱਲਿਆ ਫਿਰਕੂ ਦੌਰ

ਤਸਵੀਰ ਸਰੋਤ, Getty Images
- ਲੇਖਕ, ਕੀਰਤੀ ਦੂਬੇ
- ਰੋਲ, ਬੀਬੀਸੀ ਪੱਤਰਕਾਰ
ਮਣੀਪੁਰ ਵਿੱਚ ਪਿਛਲੇ ਢਾਈ ਮਹੀਨਿਆਂ ਤੋਂ ਹਿੰਸਾ ਦੀ ਅੱਗ ਬਲ ਰਹੀ ਹੈ। ਇਸ ਦੌਰਾਨ ਕਈ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ।
ਵਿਰੋਧੀ ਧਿਰਾਂ ਕੇਂਦਰ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ 'ਤੇ ਸਵਾਲ ਚੁੱਕਦੀਆਂ ਰਹੀਆਂ ਹਨ।
ਮੰਗਲਵਾਰ ਰਾਤ ਤੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਣ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਣੀਪੁਰ ਨੂੰ ਲੈ ਕੇ ਬਿਆਨ ਦਿੱਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਮਣੀਪੁਰ ਦੀ ਵਾਇਰਲ ਵੀਡੀਓ ਦੀ ਘਟਨਾ ਨਾਲ ਮੇਰਾ ਦਿਲ ਪੀੜ ਨਾਲ ਭਰ ਗਿਆ ਹੈ। ਘਟਨਾ ਸ਼ਰਮਸਾਰ ਕਰਨ ਵਾਲੀ ਹੈ। ਜੁਰਮ ਕਰਨ ਵਾਲੇ ਕਿੰਨੇ ਹਨ, ਕੌਣ ਹਨ, ਉਹ ਆਪਣੀ ਥਾਂ 'ਤੇ ਹਨ, ਪਰ ਦੇਸ਼ ਦੇ 140 ਕਰੋੜ ਲੋਕਾਂ ਦੀ ਇਸ ਨਾਲ ਬੇਇਜ਼ਤੀ ਹੋਈ ਹੈ।''
''ਮੈਂ ਸੂਬਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।”

ਤਸਵੀਰ ਸਰੋਤ, EPA
ਇਸ ਬਿਆਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਸਿਰਫ਼ ਉਸ ਵੀਡੀਓ ਬਾਰੇ ਗੱਲ ਕੀਤੀ ਜਿਸ ਵਿੱਚ ਲੋਕ ਕੁਕੀ ਭਾਈਚਾਰੇ ਦੀਆਂ ਦੋ ਔਰਤਾਂ ਦੇ ਕੱਪੜੇ ਉਤਾਰ ਕੇ, ਉਨ੍ਹਾਂ ਨਾਲ ਬਦਸਲੂਕੀ ਕਰਦੇ ਨਜ਼ਰ ਆ ਰਹੇ ਹਨ।
ਇਲਜ਼ਾਮ ਇਹ ਵੀ ਹੈ ਕਿ ਭੀੜ ਨੇ ਨਾ ਸਿਰਫ ਇਨ੍ਹਾਂ ਔਰਤਾਂ ਦਾ ਸਰੀਰਕ ਸ਼ੋਸ਼ਣ ਕੀਤਾ, ਸਗੋਂ ਇੱਕ ਔਰਤ ਨਾਲ ਜਨਤਕ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ ਗਿਆ।
ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਬਿਆਨ ਵਿੱਚ ਪਿਛਲੇ 80 ਦਿਨਾਂ ਤੋਂ ਹਿੰਸਾ ਦੀ ਅੱਗ ਵਿੱਚ ਸੜ ਰਹੇ ਮਣੀਪੁਰ ਦੇ ਹਾਲਾਤ ਬਾਰੇ ਕੁਝ ਨਹੀਂ ਕਿਹਾ।
ਆਪਣੇ ਤਾਜ਼ਾ ਬਿਆਨ ਵਿੱਚ ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੇ ਕਿਹਾ ਹੈ ਕਿ ਇਸ ਵੀਡੀਓ ਦੇ ਵਾਇਰਲ ਹੋਣ ਨਾਲ ਕੁਝ ਸ਼ਰਾਰਤੀ ਅਨਸਰਾਂ ਨੇ ਪੂਰੇ ਸੂਬੇ ਦੀ ਬਦਨਾਮੀ ਕੀਤੀ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਕਈ ਸਵਾਲ ਉੱਠ ਰਹੇ ਹਨ
ਇਸ ਮਾਮਲੇ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਹਨ।
ਇਹ ਪੁੱਛਿਆ ਜਾ ਰਿਹਾ ਹੈ ਕਿ ਜਿਹੜੀ ਘਟਨਾ 79 ਦਿਨ ਪਹਿਲਾਂ ਵਾਪਰੀ ਸੀ। ਇਸ ਦੀ ਐੱਫਆਈਆਰ 62 ਦਿਨ ਪਹਿਲਾਂ ਦਰਜ ਹੋਈ ਸੀ ਪਰ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਵੀਡੀਓ ਦੇ ਵਾਇਰਲ ਹੋਣ ਦਾ ਇੰਤਜ਼ਾਰ ਕਿਉਂ ਹੁੰਦਾ ਰਿਹਾ?
ਤੱਥ ਇਹ ਵੀ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋ ਦਿਨਾਂ ਦੇ ਅੰਦਰ ਹੀ ਇਸ ਮਾਮਲੇ ਵਿੱਚ ਚਾਰ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ ਸਨ। ਪੁਲਿਸ ਨੇ ਪੰਜਵੇਂ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਰੇ ਵੀ ਜਾਣਕਾਰੀ ਦਿੱਤੀ ਹੈ।

ਤਸਵੀਰ ਸਰੋਤ, Getty Images
ਵਿਰੋਧੀ ਧਿਰ ਅਤੇ ਹੋਰ ਆਲੋਚਕ ਕੇਂਦਰ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਣੀਪੁਰ ਸਬੰਧੀ ਕਰੀਬ ਢਾਈ ਮਹੀਨਿਆਂ ਤੋਂ ਸਾਧੀ ਚੁੱਪ ਅਤੇ ਦੋ ਮਹੀਨਿਆਂ ਤੋਂ ਔਰਤਾਂ ਦੀ ਐੱਫਆਈਆਰਜ਼ ’ਤੇ ਕੋਈ ਕਾਰਵਾਈ ਨਾ ਕੀਤੇ ਜਾਣ ’ਤੇ ਸਵਾਲ ਚੁੱਕ ਰਹੇ ਹਨ।
ਥੰਬੋਲੇ ਜ਼ਿਲ੍ਹੇ 'ਚ ਕੁਕੀ ਔਰਤਾਂ ਨਾਲ ਦੁਰਵਿਹਾਰ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵੀਰਵਾਰ ਨੂੰ ਕੁਕੀ ਵੱਧ ਗਿਣਤੀ ਵਾਲੇ ਜ਼ਿਲ੍ਹੇ ਚੂਰਾਚੰਦਪੁਰ 'ਚ ਸੈਂਕੜੇ ਲੋਕ ਸੜਕਾਂ 'ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰਨ ਲੱਗੇ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਣੀਪੁਰ ਦੇ ਮੁੱਖ ਮੰਤਰੀ ਦੇ ਬਿਆਨਾਂ ਦੀ ਵੀ ਚਰਚਾ ਹੋ ਰਹੀ ਹੈ।
ਅਸੀਂ ਚੂਰਾਚੰਦਪੁਰ ਵਿੱਚ ਰਹਿੰਦੇ ਕੁਕੀ ਭਾਈਚਾਰੇ ਦੇ ਲੋਕਾਂ ਨਾਲ ਗੱਲ ਕੀਤੀ ਅਤੇ ਜਾਣਨਾ ਚਾਹਿਆ ਕਿ ਉਹ ਇਨ੍ਹਾਂ ਬਿਆਨਾਂ ਨੂੰ ਕਿਵੇਂ ਦੇਖਦੇ ਹਨ।

- ਪਿਛਲੇ ਦੋ ਮਹੀਨਿਆਂ ਤੋਂ ਮਣੀਪੁਰ 'ਚ ਜਾਰੀ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ
- ਮਾਮਲਾ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਸੀ
- ਬਾਕੀ ਕਬੀਲੇ ਮੈਤੇਈ ਨੂੰ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਵਿਰੋਧ ਕਰ ਰਹੇ ਹਨ
- ਇਸ ਮਾਮਲੇ ਨੂੰ ਲੈ ਕੇ ਮੈਤਈ ਤੇ ਕੁਕੀ ਭਚਾਰਿਆਂ ਦਰਮਿਆਨ ਇਹ ਹਿੰਸਾ 3 ਮਈ ਨੂੰ ਸ਼ੁਰੂ ਹੋਈ ਸੀ
- ਉਦੋਂ ਤੋਂ ਹੁਣ ਤੱਕ ਮਣੀਪੁਰ ਵਿੱਚ 142 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਭਗ 60,000 ਲੋਕ ਬੇਘਰ ਹੋ ਚੁੱਕੇ ਹਨ
- ਸੂਬਾ ਸਰਕਾਰ ਮੁਤਾਬਕ ਇਸ ਹਿੰਸਾ 'ਚ ਅੱਗਜ਼ਨੀ ਦੀਆਂ 5000 ਘਟਨਾਵਾਂ ਹੋ ਚੁੱਕੀਆਂ ਹਨ
- ਮਣੀਪੁਰ ਸਰਕਾਰ ਨੇ ਕਿਹਾ ਕਿ ਹਿੰਸਾ ਨਾਲ ਸਬੰਧਤ ਕੁੱਲ 5,995 ਮਾਮਲੇ ਦਰਜ ਕੀਤੇ ਗਏ ਹਨ
- ਇਨ੍ਹਾਂ ਮਾਮਲਿਆਂ ਵਿੱਚ 6,745 ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ

'ਦੁਨੀਆ ਦੀ ਕੋਈ ਨਿਆਂ ਪ੍ਰਣਾਲੀ ਭਰਪਾਈ ਨਹੀਂ ਕਰ ਸਕਦੀ'
ਮਣੀਪੁਰ ਦੇ ਕੁਕੀ ਭਾਈਚਾਰੇ ਦੇ ਸੰਗਠਨ, ਇੰਡੀਜੀਨਸ ਟ੍ਰਾਈਬਲ ਲੀਡਰਜ਼ ਫੋਰਮ ਦੀ ਕਨਵੀਨਰ ਮੈਰੀ ਜੋਨ ਨੇ ਬੀਬੀਸੀ ਨੂੰ ਫ਼ੋਨ 'ਤੇ ਦੱਸਿਆ, "ਮੁੱਖ ਮੰਤਰੀ ਇੱਕ ਬਿਆਨ ਵਿੱਚ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਵੀਡੀਓ ਰਾਹੀਂ ਘਟਨਾ ਬਾਰੇ ਪਤਾ ਲੱਗਾ। ਉਹ ਸੂਬੇ ਦੇ ਮੁੱਖ ਮੰਤਰੀ ਦੇ ਨਾਲ-ਨਾਲ ਗ੍ਰਹਿ ਮੰਤਰੀ ਵੀ ਹਨ ਅਤੇ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਸੂਬੇ ਵਿੱਚ ਕੀ ਹੋ ਰਿਹਾ ਹੈ।”
ਮੈਰੀ ਜੋਨ ਕਹਿੰਦੇ ਹਨ, "ਮੈਂ ਵੀਡੀਓ ਦੇਖੀ ਹੈ, ਮੈਂ ਉਸ ਔਰਤ ਦੀ ਮਾਂ ਨੂੰ ਵੀ ਮਿਲੀ ਹਾਂ, ਜਿਸ ਨਾਲ ਇਹ ਸਭ ਹੋਇਆ ਹੈ। ਜਦੋਂ ਤੋਂ ਮੈਂ ਵੀਡੀਓ ਦੇਖੀ ਹੈ, ਮੈਨੂੰ ਨੀਂਦ ਨਹੀਂ ਆ ਰਹੀ ਹੈ, ਮੈਂ ਰਾਤ ਨੂੰ ਉੱਠ ਕੇ ਦੇਖਦੀ ਹਾਂ ਕਿ ਮੇਰੇ ਸਰੀਰ 'ਤੇ ਕੱਪੜੇ ਹਨ। ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਕਿ ਇਸ ਵੀਡੀਓ ਨੇ ਮੈਨੂੰ ਕਿਸ ਹੱਦ ਤੱਕ ਹਿਲਾ ਦਿੱਤਾ ਹੈ।"
ਉਨ੍ਹਾਂ ਕਿਹਾ, “ਪਰ ਮੈਨੂੰ ਰਾਹਤ ਮਿਲੀ ਹੈ ਕਿ ਇਸ ਵੀਡੀਓ ਦੇ ਆਉਣ ਨਾਲ, ਉਸ ਬਿਰਤਾਂਤ ਦੀ ਸੱਚਾਈ ਸਾਹਮਣੇ ਆ ਗਈ ਹੈ ਜਿਸ ਵਿੱਚ ਲੋਕ ਕਹਿ ਰਹੇ ਸਨ ਕਿ ਕੁਕੀ ਹਿੰਸਾ ਕਰਦੇ ਹਨ। ਹੁਣ ਦੁਨੀਆ ਸੱਚ ਦੇਖ ਰਹੀ ਹੈ ਅਤੇ ਅੰਤਰਰਾਸ਼ਟਰੀ ਮੀਡੀਆ ਸੱਚ ਦਿਖਾ ਰਿਹਾ ਹੈ।”

ਮੈਰੀ ਜੋਨ ਕਹਿੰਦੇ ਹਨ, "ਪੀਐੱਮ ਦਾ ਬਿਆਨ ਇੱਕ ਸਖ਼ਤ ਸੰਦੇਸ਼ ਦਿੰਦਾ ਹੈ, ਉਹ ਵੀ ਜਦੋਂ ਪਹਿਲੀ ਵਾਰ ਪੀਐੱਮ ਨੇ ਮੰਨਿਆ ਹੈ ਕਿ ਮਣੀਪੁਰ ਵਿੱਚ ਕੁਝ ਵੀ ਠੀਕ ਨਹੀਂ ਹੈ, ਪਰ ਬਿਆਨਾਂ ਤੋਂ ਅੱਗੇ ਕਾਰਵਾਈ ਕਿੰਨੀ ਮਜ਼ਬੂਤ ਹੋਵੇਗੀ, ਇਹ ਤੈਅ ਕਰੇਗਾ ਕਿ ਸਰਕਾਰ ਸਾਡੇ ਲਈ ਕਿੰਨੀ ਗੰਭੀਰ ਹੈ।"
ਇਸ ਸਵਾਲ 'ਤੇ ਮੈਰੀ ਫੋਨ ਉੱਪਰ ਭਾਵੁਕ ਹੋ ਗਈ ਕਿ ਕਿਸ ਤਰ੍ਹਾਂ ਦੀ ਕਾਰਵਾਈ ਨੂੰ ਅਸੀਂ ਇਨਸਾਫ਼ ਸਮਝਾਂਗੇ।
ਮੇਰੇ ਸਵਾਲ ਤੋਂ ਬਾਅਦ ਫੋਨ ਲਾਈਨ ਦੇ ਦੋਵੇਂ ਪਾਸੇ ਚੁੱਪ ਛਾ ਗਈ, ਕੁਝ ਸਕਿੰਟਾਂ ਬਾਅਦ ਉਹ ਕਹਿੰਦੇ ਹਨ, “ਉਨ੍ਹਾਂ ਔਰਤਾਂ ਨੂੰ ਜਿਸ ਮਾਨਸਿਕ ਤਸੀਹੇ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਨੇ ਜਿਸ ਤਰ੍ਹਾਂ ਦੀ ਦਹਿਸ਼ਤ ਦੇਖੀ, ਜਿਸ ਤਰ੍ਹਾਂ ਉਨ੍ਹਾਂ ਨੇ ਆਪਣੀ ਇੱਜ਼ਤ ਦੀ ਭੀਖ ਮੰਗੀ, ਦੁਨੀਆਂ ਦੀ ਕੋਈ ਵੀ ਨਿਆਂ ਪ੍ਰਣਾਲੀ ਇਸ ਦੀ ਭਰਪਾਈ ਨਹੀਂ ਕਰ ਸਕਦੀ। ਪਰ ਜੋ ਵੀ ਸਖ਼ਤ ਤੋਂ ਸਖ਼ਤ ਸਜ਼ਾ ਹੈ, ਉਹਨਾਂ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ।”
ਇਸ ਸੰਘਰਸ਼ ਵਿੱਚ ਕੁਕੀ ਭਾਈਚਾਰਾ ਆਪਣੇ ਲਈ ਨਵੇਂ ਪ੍ਰਸ਼ਾਸਨ ਦੀ ਮੰਗ ਕਰ ਰਿਹਾ ਹੈ। ਉਹ ਆਪਣਾ ਇਲਾਕਾ ਅਤੇ ਪ੍ਰਸ਼ਾਸਨ ਦੋਵੇਂ ਮੈਤੇਈ ਤੋਂ ਵੱਖਰਾ ਚਾਹੁੰਦੇ ਹਨ।
ਮੈਰੀ ਜੋਨ ਆਪਣੀ ਮੰਗ ਦੇ ਸਮਰਥਨ ਵਿੱਚ ਕਹਿੰਦੀ ਹੈ, "ਅਸੀਂ ਉਨ੍ਹਾਂ ਲੋਕਾਂ ਨਾਲ ਕਿਵੇਂ ਰਹਿ ਸਕਦੇ ਹਾਂ ਜਿਨ੍ਹਾਂ ਨੇ ਸਾਨੂੰ ਇਨਸਾਨ ਵੀ ਨਹੀਂ ਸਮਝਿਆ, ਸਾਡੇ ਨਾਲ ਉਹ ਕੀਤਾ ਜੋ ਕੋਈ ਵੀ ਮਨੁੱਖੀ ਦਿਮਾਗ ਕਿਸੇ ਨਾਲ ਨਹੀਂ ਕਰ ਸਕਦਾ।"

ਤਸਵੀਰ ਸਰੋਤ, Getty Images
'...ਤਾਂ ਹਾਲਾਤ ਇੰਨੇ ਖਰਾਬ ਨਾ ਹੁੰਦੇ'
'ਦ ਟੈਲੀਗ੍ਰਾਫ਼' ਨੇ ਸ਼ੁੱਕਰਵਾਰ ਨੂੰ 'ਬਹੁਤ ਦੇਰ' ਸਿਰਲੇਖ ਹੇਠ ਛਾਪੀ ਸੰਪਾਦਕੀ ਵਿੱਚ ਲਿਖਿਆ, "ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਮਣੀਪੁਰ ਵਿਚਲੀ ਸਥਿਤੀ ਦੀ ਨਿੰਦਾ ਕੀਤੀ ਹੁੰਦੀ ਅਤੇ ਹਿੰਸਾ ਭੜਕਾਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੁੰਦੀ, ਤਾਂ ਅੱਜ ਹਾਲਾਤ ਇੰਨੇ ਖ਼ਰਾਬ ਨਾ ਹੁੰਦੇ।''
''ਸ਼ਾਇਦ ਭਾਰਤ ਵਿਸ਼ਵ ਪੱਧਰ 'ਤੇ 'ਬੇਇੱਜ਼ਤ' ਹੋਣ ਤੋਂ ਬਚ ਸਕਦਾ ਸੀ। ਹੁਣ ਤੱਕ ਪ੍ਰਧਾਨ ਮੰਤਰੀ ਨੇ ਮਣੀਪੁਰ ਵਿੱਚ ਹਿੰਸਾ 'ਤੇ ਇੱਕ ਵੀ ਸ਼ਬਦ ਨਹੀਂ ਬੋਲਿਆ ਸੀ। ਮਣੀਪੁਰ ਅਤੇ ਭਾਰਤ ਦੋਵੇਂ ਇਸ ਦੀ ਕੀਮਤ ਚੁਕਾ ਰਹੇ ਹਨ।”
ਅਖਬਾਰ ਨੇ ਲਿਖਿਆ, ''ਮਣੀਪੁਰ ਅਤੇ ਕੇਂਦਰ 'ਚ ਭਾਜਪਾ ਦੀ ਸਰਕਾਰ ਹੈ, ਪਰ ਮਣੀਪੁਰ 'ਚ ਜੋ ਕੁਝ ਹੋ ਰਿਹਾ ਹੈ, ਉਹ 'ਡਬਲ ਇੰਜਣ ਵਾਲੀ ਸਰਕਾਰ' ਦੇ ਦਾਅਵੇ ਨੂੰ ਝੁਠਲਾਉਂਦਾ ਹੈ। ਸੱਚਾਈ ਇਹ ਹੈ ਕਿ ਮਣੀਪੁਰ ਦੇ ਲੋਕ ਲੰਬੇ ਸਮੇਂ ਤੋਂ ਦੁਖੀ ਹਨ, ਪਹਿਲਾਂ ਨੋਟਬੰਦੀ ਦਾ ਦਰਦ, ਫਿਰ ਕੋਰੋਨਾ ਮਹਾਂਮਾਰੀ ਦੀ ਪੀੜਾ ਅਤੇ ਹੁਣ ਹਿੰਸਾ ਦਾ ਦਰਦ। ਪ੍ਰਧਾਨ ਮੰਤਰੀ ਦਾ ਰਾਜ ਪ੍ਰਬੰਧ ਉਨ੍ਹਾਂ ਨੂੰ ਰਾਹਤ ਦੇਣ ਵਿੱਚ ਨਾਕਾਮ ਸਾਬਤ ਹੋਇਆ ਹੈ, ਜਾਂ ਕਹਿ ਲਓ ਕਿ ਇਸ ਨੇ ਲੋਕਾਂ ਦੇ ਦੁੱਖ ਵਿੱਚ ਵਾਧਾ ਹੀ ਕੀਤਾ ਹੈ।”
ਚੂਰਾਚੰਦਪੁਰ ਜ਼ਿਲ੍ਹੇ ਵਿੱਚ ਰਹਿਣ ਵਾਲੇ ਕੁਕੀ ਭਾਈਚਾਰੇ ਦੇ ਮੁਆਨ ਤੋਂਮਬਿੰਗ ਦਾ ਕਹਿਣਾ ਹੈ, "ਸਾਨੂੰ ਸੂਬਾ ਸਰਕਾਰ ਤੋਂ ਕੋਈ ਉਮੀਦ ਨਹੀਂ ਬਚੀ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਨੇ ਸਾਨੂੰ ਉਮੀਦ ਦਿੱਤੀ ਹੈ। ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਬਚਾ ਲਵੇ।"
ਪਰ ਤੋਂਮਬਿੰਗ ਦਾ ਕਹਿਣਾ ਹੈ, “ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਮਣੀਪੁਰ ਵਿੱਚ ਵੀ ਉਹ ਸੱਤਾ ਵਿੱਚ ਹਨ। ਪਰ ਪ੍ਰਧਾਨ ਮੰਤਰੀ ਹਾਲੇ ਤੱਕ ਖੁੱਲ੍ਹ ਕੇ ਇਹ ਨਹੀਂ ਕਹਿ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਸਾਡੀ ਰੱਖਿਆ ਕਰਨ ਵਿੱਚ ਅਸਫਲ ਰਹੀ ਹੈ।''
''ਅਸੀਂ ਭਾਰਤ ਦੇ ਲੋਕ ਹਾਂ, ਇਸ ਲਈ ਭਾਰਤ ਸਰਕਾਰ ਸਾਡੀ ਆਖਰੀ ਉਮੀਦ ਹੈ। ਉਨ੍ਹਾਂ ਨੂੰ ਹੁਣ ਕਾਰਵਾਈ ਕਰਨੀ ਪਵੇਗੀ, ਅਸੀਂ ਇਸ ਹਿੰਸਾ ਵਿੱਚ ਬਹੁਤ ਕੁਝ ਗੁਆ ਚੁੱਕੇ ਹਾਂ, ਹੁਣ ਅਸੀਂ ਆਪਣੀਆਂ ਔਰਤਾਂ ਨਾਲ ਬਲਾਤਕਾਰ ਅਤੇ ਸਾਡੇ ਭਰਾਵਾਂ ਨੂੰ ਮਾਰਦੇ ਨਹੀਂ ਦੇਖ ਸਕਦੇ।”

ਤਸਵੀਰ ਸਰੋਤ, Getty Images
ਉਨ੍ਹਾਂ ਕਿਹਾ, "ਪੀਐੱਮ ਦੇ ਬਿਆਨ ਤੋਂ ਬਾਅਦ ਸਾਨੂੰ ਥੋੜ੍ਹੀ ਉਮੀਦ ਹੈ ਕਿ ਹੁਣ ਮਣੀਪੁਰ ਬਾਰੇ ਗੱਲ ਕੀਤੀ ਜਾਵੇਗੀ। ਸਾਡੇ ਨਾਲ ਜੋ ਹੋ ਰਿਹਾ ਹੈ, ਉਸ ਬਾਰੇ ਗੱਲ ਹੋਵੇਗੀ। ਜੋ ਪਿਛਲੇ ਦੋ ਦਿਨਾਂ ਵਿੱਚ ਕਾਰਵਾਈ ਹੋਈ ਹੈ ਜੇਕਰ ਇਸ ਤਰ੍ਹਾਂ ਪਹਿਲਾਂ ਹੁੰਦਾ ਤਾਂ ਸਾਨੂੰ ਆਪਣੀ ਔਰਤਾਂ, ਧੀਆਂ ਅਤੇ ਲੋਕਾਂ ਨਾਲ ਇਹ ਸਭ ਹੁੰਦਾ ਨਾ ਦੇਖਣਾ ਪੈਂਦਾ।”
“ਵੀਡੀਓ ਸਿਰਫ਼ ਤਿੰਨ ਔਰਤਾਂ ਦੀ ਹੀ ਸਾਹਮਣੇ ਆਈ ਹੈ ਪਰ ਕਈ ਔਰਤਾਂ ਹਨ ਜੋ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਕੇ ਰਾਹਤ ਕੈਂਪਾਂ ਵਿੱਚ ਪਹੁੰਚੀਆਂ ਹਨ।"

ਤਸਵੀਰ ਸਰੋਤ, Getty Images
ਫੇਕ ਨਿਊਜ਼ ਤੇ ਵਾਇਰਲ ਵੀਡੀਓਜ਼ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼
ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕਾਂ ਨੇ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਕਿ ਕੁਕੀ ਔਰਤਾਂ ਦੀ ਨਗਨ ਪਰੇਡ ਅਤੇ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕਰਨ ਦੀ ਵਾਇਰਲ ਵੀਡੀਓ ਦਾ ਮੁੱਖ ਮੁਲਜ਼ਮ ਮੁਹੰਮਦ ਇਬੰਗੋ ਉਰਫ ਅਬਦੁਲ ਹਲੀਮ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਸੱਜੇ-ਪੱਖੀ ਵਿਚਾਰਧਾਰਾ ਵਾਲੇ ਕਈ ਟਵਿੱਟਰ ਅਕਾਊਂਟ ਨੇ ਇਹ ਟਵੀਟ ਕੀਤਾ।
ਸ਼ੇਫਾਲੀ ਵੈਦਿਆ ਨੇ ਲਿਖਿਆ, “ਇਹ ਮਣੀਪੁਰ ਪੁਲਿਸ ਦਾ ਹਾਲ ਹੀ ਦਾ ਪ੍ਰੈਸ ਨੋਟ ਹੈ, ਕੀ ਚੋਣਵੇਂ ਰੂਪ ਵਿੱਚ ਗੁੱਸਾ ਜ਼ਾਹਰ ਕਰਨ ਵਾਲੇ ਹੁਣ ਕੁਝ ਨਹੀਂ ਬੋਲਣਗੇ ਕਿਉਂਕਿ ਉਸ ਭਿਆਨਕ ਘਟਨਾ ਦਾ ਮੁੱਖ ਦੋਸ਼ੀ ਅਬਦੁੱਲ ਹਲੀਮ ਹੈ?''
ਹਾਲਾਂਕਿ ਸ਼ੈਫਾਲੀ ਵੈਦਿਆ ਨੇ ਕਰੀਬ ਅੱਠ ਘੰਟੇ ਬਾਅਦ ਟਵੀਟ ਡਿਲੀਟ ਕਰ ਦਿੱਤਾ।
ਦਿੱਲੀ ਬੀਜੇਪੀ ਦੇ ਨੇਤਾ ਤੇਜਿੰਦਰ ਸਿੰਘ ਬੱਗਾ ਨੇ ਵੀ ਇਸ ਬਾਰੇ ਟਵੀਟ ਕੀਤਾ ਅਤੇ ਲਿਖਿਆ, 'ਮਣੀਪੁਰ ਮਾਮਲੇ ਦੇ ਮੁੱਖ ਮੁਲਜ਼ਮ ਅਬਦੁਲ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।'

ਤਸਵੀਰ ਸਰੋਤ, Twitter
ਅਸਲ ਵਿੱਚ ਇਹ ਸਭ ਨਿਊਜ਼ ਏਜੰਸੀ ਏਐੱਨਆਈ ਵੱਲੋਂ ਇੱਕ ਗਲਤ ਅਤੇ ਗੁੰਮਰਾਹਕੁੰਨ ਟਵੀਟ ਕਰਨ ਨਾਲ ਸ਼ੁਰੂ ਹੋਇਆ ਸੀ।
20 ਜੁਲਾਈ ਨੂੰ 9.47 'ਤੇ ਏਐੱਨਆਈ ਨੇ ਮਣੀਪੁਰ ਪੁਲਿਸ ਦੇ ਹਵਾਲੇ ਨਾਲ ਟਵੀਟ ਕੀਤਾ, "ਮਣੀਪੁਰ ਵਾਇਰਲ ਕੇਸ - ਪੀਪਲਜ਼ ਰੈਵੋਲਿਊਸ਼ਨਰੀ ਪਾਰਟੀ ਆਫ਼ ਕਾਂਗਲੀਪਾਕ ਦੇ ਇੱਕ ਮੈਂਬਰ ਮੁਹੰਮਦ ਇਬੰਗੋ ਉਰਫ਼ ਅਬਦੁਲ ਹਲੀਮ (38)ਨੂੰ ਇੰਫਾਲ ਪੂਰਬੀ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।"
ਏਐੱਨਆਈ ਨੇ ਕੁਝ ਸਮੇਂ ਬਾਅਦ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਪਰ ਉਦੋਂ ਤੱਕ ਐੱਨਡੀਟੀਵੀ ਸਮੇਤ ਕੁਝ ਮੀਡੀਆ ਅਦਾਰਿਆਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦੇ ਦਿੱਤੀ ਸੀ।
ਹਾਲਾਂਕਿ, ਇਹ ਟਵੀਟ ਹਟਾ ਦਿੱਤੇ ਗਏ ਪਰ ਕਈ ਲੋਕਾਂ ਨੇ ਗਲਤ ਟਵੀਟ ਸੋਸ਼ਲ ਮੀਡੀਆ 'ਤੇ ਸੂਚਨਾ ਦੇ ਤੌਰ 'ਤੇ ਫੈਲਾਉਣੇ ਸ਼ੁਰੂ ਕਰ ਦਿੱਤੇ।

ਤਸਵੀਰ ਸਰੋਤ, Twitter
ਇਸ ਗਲਤ ਟਵੀਟ ਲਈ ਮੁਆਫੀ ਮੰਗਦੇ ਹੋਏ, ਏਐੱਨਆਈ ਨੇ 12 ਘੰਟੇ ਬਾਅਦ 21 ਜੁਲਾਈ ਨੂੰ ਰਾਤ 10.29 ਵਜੇ ਟਵੀਟ ਕੀਤਾ ਕਿ, “ਕੱਲ੍ਹ ਸ਼ਾਮ ਏਐੱਨਆਈ ਨੇ ਮਣੀਪੁਰ ਪੁਲਿਸ ਦੀ ਗ੍ਰਿਫਤਾਰੀ ਨੂੰ ਲੈ ਕੇ ਇੱਕ ਗਲਤ ਟਵੀਟ ਕੀਤਾ ਸੀ। ''
''ਅਸੀਂ ਮਣੀਪੁਰ ਪੁਲਿਸ ਦੇ ਟਵੀਟ ਨੂੰ ਪੜ੍ਹਨ ਵਿੱਚ ਗਲਤੀ ਕੀਤੀ ਸੀ। ਇਸ ਨੂੰ ਪੁਲਿਸ ਦੇ ਪਹਿਲੇ ਟਵੀਟ ਨਾਲ ਜੋੜ ਦਿੱਤਾ। ਗਲਤੀ ਦਾ ਪਤਾ ਲੱਗਣ ਤੋਂ ਬਾਅਦ ਟਵੀਟ ਨੂੰ ਤੁਰੰਤ ਡਿਲੀਟ ਕਰ ਦਿੱਤਾ ਗਿਆ।"
ਮਣੀਪੁਰ ਪੁਲਿਸ ਵੱਲੋਂ ਜਾਰੀ ਪ੍ਰੈੱਸ ਨੋਟ 'ਚ ਸਾਫ਼ ਲਿਖਿਆ ਗਿਆ ਹੈ ਕਿ ਵਾਇਰਲ ਹੋਈ ਵੀਡੀਓ ਦੇ ਮਾਮਲੇ 'ਚ ਹੁਣ ਤੱਕ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਪੁਲਿਸ ਬਾਕੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇੱਕ ਬਿਲਕੁਲ ਵੱਖਰੇ ਮਾਮਲੇ ਦਾ ਜ਼ਿਕਰ ਕਰਦੇ ਹੋਏ, ਮਣੀਪੁਰ ਪੁਲਿਸ ਨੇ ਆਪਣੇ ਪ੍ਰੈੱਸ ਨੋਟ ਵਿੱਚ ਕਿਹਾ ਕਿ 20 ਜੁਲਾਈ ਨੂੰ, ਪੀਆਰਈਏਕੇ ਪ੍ਰੋ ਦੇ ਇੱਕ ਕਾਡਰ, ਮੁਹੰਮਦ ਇਬੰਗੋ ਉਰਫ਼ ਅਬਦੁਲ ਹਲੀਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਗ੍ਰਿਫਤਾਰੀ ਦਾ ਵਾਇਰਲ ਵੀਡੀਓ ਨਾਲ ਕੋਈ ਸਬੰਧ ਨਹੀਂ ਸੀ।

ਤਸਵੀਰ ਸਰੋਤ, Twitter
ਵਾਇਰਲ ਵੀਡੀਓ ਦੇ ਸਬੰਧ ਵਿੱਚ ਮਣੀਪੁਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ਵਿੱਚੋਂ ਸਿਰਫ਼ ਇੱਕ ਵਿਅਕਤੀ ਦੀ ਪਛਾਣ ਹੀ ਸਾਹਮਣੇ ਆਈ ਹੈ ਅਤੇ ਬਾਕੀ ਮੁਲਜ਼ਮਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ।
ਇਸ ਮਾਮਲੇ 'ਤੇ ਸਰਕਾਰ ਦੇ ਢਿੱਲੇ ਰਵੱਈਏ ਉੱਪਰ ਸਵਾਲ ਚੁੱਕਦੇ ਹੋਏ ਫਾਈਨੈਂਸ਼ੀਅਲ ਐਕਸਪ੍ਰੈੱਸ ਨੇ ਇੱਕ ਸੰਪਾਦਕੀ 'ਚ ਲਿਖਿਆ ਹੈ, 'ਕੇਂਦਰ ਅਤੇ ਸੂਬਾ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਸੂਬੇ ਦੀ ਪੁਲਿਸ ਨੇ ਇਸ ਮਾਮਲੇ 'ਤੇ ਇੰਨੇ ਦਿਨਾਂ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ, ਇਸ ਨੂੰ 70 ਦਿਨਾਂ ਤੱਕ ਠੰਢੇ ਬਸਤੇ 'ਚ ਕਿਉਂ ਰੱਖਿਆ ਗਿਆ। ਜਦਕਿ ਇਹ ਕੋਈ ਆਮ ਅਪਰਾਧ ਨਹੀਂ ਸੀ। ਇਸ ਤੋਂ ਸਾਫ਼ ਹੈ ਕਿ ਸੂਬਾ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।”
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਨੇਤਾਵਾਂ ਦੇ ਬਿਆਨ ਭਾਵੇਂ ਆਏ ਹੋਣ ਪਰ ਫਿਰ ਵੀ ਇਹ ਔਰਤਾਂ ਸ਼ੈਲਟਰ ਹੋਮ 'ਚ ਇਨਸਾਫ਼ ਦੀ ਉਡੀਕ ਕਰ ਰਹੀਆਂ ਹਨ।
ਇਹ ਇੰਤਜ਼ਾਰ ਕਿੰਨਾ ਲੰਮਾ ਹੋਵੇਗਾ, ਇਸ ਦਾ ਜਵਾਬ ਹਾਲੇ ਤੱਕ ਕਿਸੇ ਕੋਲ ਨਹੀਂ ਹੈ।












