‘ਮੇਰੀ ਮਾਂ ਤਵਾਇਫ਼ ਸੀ ਤੇ ਮੇਰੇ ਲਈ ਇਹ ਸ਼ਰਮਿੰਦਗੀ ਦੀ ਗੱਲ ਨਹੀਂ’

ਤਸਵੀਰ ਸਰੋਤ, MANISH GAEKWAD
- ਲੇਖਕ, ਸ਼ੈਰਿਲਨ ਮੋਲਨ
- ਰੋਲ, ਬੀਬੀਸੀ ਸਹਿਯੋਗੀ
‘‘ਮੈਂ ਹਨੇਰੇ ਵਿੱਚ ਨੱਚਦੀ ਸੀ। ਮੈਂ ਕਮਰੇ ਵਿੱਚ ਮੋਮਬੱਤੀ ਬਾਲ ਕੇ ਨੱਚਦੀ ਸੀ ਅਤੇ ਪੇਸ਼ਕਾਰੀ ਦਿੰਦੀ ਸੀ। ਹਨੇਰੇ ਵਿੱਚ ਮੇਰਾ ਨਸੀਬ ਚਮਕਣ ਵਾਲਾ ਸੀ।’’
ਸਾਲ 1962 ਦੀ ਗੱਲ ਹੈ। ਚੀਨ ਅਤੇ ਭਾਰਤ ਦੇ ਵਿਚਕਾਰ ਸਰਹੱਦੀ ਵਿਵਾਦ ਦੇ ਚੱਲਦਿਆ ਜੰਗ ਛਿੜ ਚੁੱਕੀ ਸੀ ਅਤੇ ਦੇਸ਼ ਵਿੱਚ ਨੈਸ਼ਨਲ ਐਮਰਜੈਂਸੀ ਲਾ ਦਿੱਤੀ ਗਈ ਸੀ।
ਲਗਾਤਾਰ ਵੱਜਦੇ ਸਾਇਰਨ ਅਤੇ ਕਈ ਦਿਨਾਂ ਦੇ ਬਲੈਕਆਊਟ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਸਨ। ਡਰ ਉਨ੍ਹਾਂ ਦੇ ਮਨ ਵਿੱਚ ਬੈਠ ਗਿਆ ਸੀ। ਭਵਿੱਖ ਅੰਧਕਾਰਮਈ ਲੱਗ ਰਿਹਾ ਸੀ।
ਪਰ ਰੇਖਾਬਾਈ ਨੇ ਕਦੇ ਆਪਣੇ ਡਰ ਨੂੰ ਆਪਣੀ ਕਿਸਮਤ ’ਤੇ ਹਾਵੀ ਨਹੀਂ ਹੋਣ ਦਿੱਤਾ। ਦੂਜੀਆਂ ਤਵਾਇਫ਼ਾਂ ਦੀ ਤਰ੍ਹਾਂ ਉਨ੍ਹਾਂ ਨੇ ਆਪਣੀ ਦੁਕਾਨ ਬੰਦ ਨਹੀਂ ਕੀਤੀ।
ਉਹ ਤਿਆਰ ਹੋ ਕੇ ਰਾਤ ਨੂੰ ਖੂਬਸੂਰਤ ਸਾੜੀ ਪਹਿਨ ਕੇ ਆਪਣੇ ਕੋਠੇ ’ਤੇ ਆਉਣ ਵਾਲੇ ਮਰਦਾਂ ਲਈ ਨੱਚਦੇ ਸਨ।
ਆਪਣੀ ਜ਼ਿੰਦਗੀ ਤੋਂ ਉਨ੍ਹਾਂ ਨੇ ਸਿੱਖਿਆ ਕਿ ਤਕਲੀਫ਼ਾਂ ਨੂੰ ਪਾਰ ਕਰਕੇ ਮੌਕਿਆਂ ਦੇ ਦਰਵਾਜ਼ੇ ਖੁੱਲ੍ਹਦੇ ਹਨ, ਉਹ ਹੋਰ ਨਹੀਂ ਤਾਂ ਘੱਟ ਤੋਂ ਘੱਟ ਤੁਹਾਨੂੰ ਜੀਵਨ ਜਿਉਣਾ ਸਿਖਾ ਜਾਂਦੇ ਹਨ।

ਤਸਵੀਰ ਸਰੋਤ, Getty Images
ਰੇਖਾਬਾਈ ਦੀ ਉਤਰਾਅ ਚੜ੍ਹਾਅ ਨਾਲ ਭਰੀ ਜ਼ਿੰਦਗੀ ਹੁਣ ਇੱਕ ਕਿਤਾਬ ਦੀ ਸ਼ਕਲ ਲੈ ਚੁੱਕੀ ਹੈ, ‘ਦਿ ਲਾਸਟ ਕੋਰਟੇਸਨ-ਰਾਈਟਿੰਗ ਮਾਈ ਮਦਰਜ਼ ਮੈਮੋਇਰ’।
ਇਸ ਨੂੰ ਲਿਖਿਆ ਹੈ ਰੇਖਾਬਾਈ ਦੇ ਬੇਟੇ ਮਨੀਸ਼ ਗਾਇਕਵਾੜ ਨੇ।
ਗਾਇਕਵਾੜ ਕਹਿੰਦੇ ਹਨ, ‘‘ਮੇਰੀ ਮਾਂ ਹਮੇਸ਼ਾ ਆਪਣੀ ਕਹਾਣੀ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਸਨ।’’
ਉਨ੍ਹਾਂ ਦਾ ਕਹਿਣਾ ਹੈ, ‘‘ਉਨ੍ਹਾਂ ਨੂੰ ਇਹ ਕਹਾਣੀ ਦੱਸਣ ਵਿੱਚ ਕਿਸੇ ਤਰ੍ਹਾਂ ਦੀ ਸ਼ਰਮ ਅਤੇ ਝਿਜਕ ਮਹਿਸੂਸ ਨਹੀਂ ਹੋਈ, ਕਿਉਂਕਿ ਉਹ ਕਿਸ਼ੋਰ ਅਵਸਥਾ ਤੱਕ ਕੋਠੇ ਵਿੱਚ ਰਹੇ ਸਨ ਅਤੇ ਉਨ੍ਹਾਂ ਦੀ ਮਾਂ ਦੇ ਜੀਵਨ ਵਿੱਚ ਕੁਝ ਲੁਕਾਉਣ ਲਾਇਕ ਨਹੀਂ ਹੈ।’’
ਉਹ ਕਹਿੰਦੇ ਹਨ, ‘‘ਕੋਠੇ ਵਿੱਚ ਪਲਿਆ ਇੱਕ ਬੱਚਾ ਜੋ ਉਸ ਨੂੰ ਦੇਖਣਾ ਚਾਹੀਦਾ ਹੈ, ਉਸ ਤੋਂ ਬਹੁਤ ਜ਼ਿਆਦਾ ਦੇਖਦਾ ਹੈ। ਮੇਰੀ ਮਾਂ ਨੂੰ ਇਹ ਪਤਾ ਸੀ ਅਤੇ ਉਨ੍ਹਾਂ ਨੂੰ ਨਹੀਂ ਲੱਗਿਆ ਕਿ ਇਸ ਵਿੱਚ ਲੁਕਾਉਣ ਵਾਲੀ ਕੋਈ ਗੱਲ ਹੈ।’’
ਉਨ੍ਹਾਂ ਦੀ ਕਿਤਾਬ, ਜਿਸ ਵਿੱਚ ਉਨ੍ਹਾਂ ਨੇ ਆਪਣੀ ਮਾਂ ਦੀਆਂ ਸੁਣਾਈਆਂ ਕਈ ਗੱਲਾਂ ਦਾ ਜ਼ਿਕਰ ਕੀਤਾ ਹੈ, ਪਾਠਕਾਂ ਨੂੰ ਕਈ ਵਾਰ ਹੈਰਾਨ ਕਰਦੀਆਂ ਹਨ ਅਤੇ ਭਾਰਤ ਵਿੱਚ 90 ਦੇ ਦਹਾਕੇ ਦੇ ਮੱਧ ਵਿੱਚ ਤਵਾਇਫ਼ਾਂ ਦੇ ਜੀਵਨ ਨੂੰ ਇਮਾਨਦਾਰੀ ਨਾਲ ਦੇਖਦੀਆਂ ਹਨ।
ਲੇਖਕ ਅਤੇ ਡਾਂਸਰ ਮਧੁਰ ਗੁਪਤਾ ਦੇ ਮੁਤਾਬਿਕ, ‘‘ਤਵਾਇਫ਼ ਭਾਰਤੀ ਉਪਮਹਾਂਦੀਪ ਵਿੱਚ 2 ਈਸਾ ਪੂਰਵ ਤੋਂ ਰਹੀ ਹੈ।’’
‘‘ਉਨ੍ਹਾਂ ਔਰਤਾਂ ਦਾ ਕੰਮ ਰਾਜਿਆਂ ਅਤੇ ਦੇਵਤਿਆਂ ਦਾ ਮਨੋਰੰਜਨ ਕਰਨਾ ਸੀ।’’
ਆਜ਼ਾਦੀ ਤੋਂ ਪਹਿਲਾਂ ਬ੍ਰਿਟਿਸ਼ ਰਾਜ ਵਿੱਚ ਤਵਾਇਫ਼ਾਂ ਨੂੰ ਇੱਜ਼ਤਦਾਰ ਪੇਸ਼ਕਾਰਾਂ ਦਾ ਦਰਜਾ ਦਿੱਤਾ ਜਾਂਦਾ ਸੀ। ਉਹ ਕਲਾ ਵਿੱਚ ਨਿਪੁੰਨ ਹੁੰਦੀਆਂ ਸਨ ਅਤੇ ਉਨ੍ਹਾਂ ਨੂੰ ਸਭ ਤੋਂ ਤਾਕਤਵਰ ਲੋਕਾਂ ਦੀ ਸਰਪ੍ਰਸਤੀ ਪ੍ਰਾਪਤ ਸੀ।

ਤਸਵੀਰ ਸਰੋਤ, BHANSALI PRODUCTION
ਆਜ਼ਾਦੀ ਦੇ ਬਾਅਦ ਬਦਲੀ ਸਥਿਤੀ
ਗੁਪਤਾ ਦੇ ਮੁਤਾਬਿਕ, ‘‘ਸਮਾਜ ਦੇ ਮਰਦ ਉਨ੍ਹਾਂ ਨਾਲ ਦੁਰਵਿਵਹਾਰ ਵੀ ਕਰਦੇ ਸਨ।’’
ਭਾਰਤੀ ਤਵਾਇਫ਼ਾਂ ਦੇ ਦਰਜੇ ਵਿੱਚ ਗਿਰਾਵਟ ਬ੍ਰਿਟਿਸ਼ ਰਾਜ ਦੇ ਬਾਅਦ ਆਈ ਜੋ ਉਨ੍ਹਾਂ ਨੂੰ ‘ਨੱਚਣ ਵਾਲੀਆਂ’ ਜਾਂ ਫਿਰ ਸਿਰਫ਼ ਸੈਕਸ ਵਰਕਰ ਦੀ ਤਰ੍ਹਾਂ ਦੇਖਦੇ ਸਨ।
ਉਨ੍ਹਾਂ ਵੱਲੋਂ ਇਹ ਕੰਮ ਕਰਨ ਲਈ ਕਾਨੂੰਨ ਲਿਆਂਦੇ ਗਏ।
ਉਨ੍ਹਾਂ ਦਾ ਰੁਤਬਾ ਭਾਰਤ ਦੀ ਆਜ਼ਾਦੀ ਦੇ ਬਾਅਦ ਹੋਰ ਡਿੱਗਦਾ ਗਿਆ ਅਤੇ ਕਈ ਤਵਾਇਫ਼ਾਂ ਨੂੰ ਵੇਸਵਾਗਮਨੀ ਵੱਲ ਮੁੜਨਾ ਪਿਆ।
ਇਹ ਪ੍ਰਥਾ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕੀ ਹੈ, ਪਰ ਤਵਾਇਫ਼ਾਂ ਦੇ ਕਿੱਸੇ ਕਿਤਾਬਾਂ ਅਤੇ ਫਿਲਮਾਂ ਵਿੱਚ ਜਿਉਂਦੇ ਹਨ।
ਇਨ੍ਹਾਂ ਵਿੱਚੋਂ ਇੱਕ ਕਹਾਣੀ ਹੈ ਰੇਖਾਬਾਈ ਦੀ।
ਉਹ ਪੁਣੇ ਦੇ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਈ, 10 ਬੱਚਿਆਂ ਵਿੱਚੋਂ ਉਹ ਛੇਵੇਂ ਨੰਬਰ ’ਤੇ ਸੀ।
ਰੇਖਾਬਾਈ ਨੂੰ ਆਪਣੇ ਜਨਮ ਦੀ ਮਿਤੀ ਠੀਕ ਤਰ੍ਹਾਂ ਪਤਾ ਹੀ ਨਹੀਂ ਹੈ, ਬਚਪਨ ਨਾਲ ਜੁੜੀਆਂ ਉਨ੍ਹਾਂ ਦੀਆਂ ਯਾਦਾਂ ਵੀ ਕੁਝ ਧੁੰਦਲੀਆਂ ਹਨ।
ਪੰਜ ਧੀਆਂ ਨੂੰ ਸੰਭਾਲਦੇ ਹੋਏ ਥੱਕ ਚੁੱਕੇ ਉਨ੍ਹਾਂ ਦੇ ਪਿਤਾ ਸ਼ਰਾਬ ਪੀ ਕੇ ਇੱਕ ਤਲਾਅ ਵਿੱਚ ਡਿੱਗ ਗਏ ਸਨ।
ਨੌਂ ਜਾਂ ਦਸ ਸਾਲ ਦੀ ਉਮਰ ਵਿੱਚ ਕਰਜ਼ਾ ਨਾ ਮੋੜ ਸਕਣ ਦੀ ਸੂਰਤ ਵਿੱਚ ਪਰਿਵਾਰ ਨੇ ਉਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਕੋਲਕਾਤਾ ਦੇ ਬਾਜ਼ਾਰ ਵਿੱਚ ਕੋਠੇ ਵਿੱਚ ਵੇਚ ਦਿੱਤਾ ਗਿਆ ਸੀ।
ਕਿਸ਼ੋਰ ਅਵਸਥਾ ਵਿੱਚ ਉਨ੍ਹਾਂ ਨੇ ਤਵਾਇਫ਼ ਦੀ ਟਰੇਨਿੰਗ ਸ਼ੁਰੂ ਕਰ ਦਿੱਤੀ ਸੀ। ਉਹ ਗਾਉਣ ਅਤੇ ਨ੍ਰਿਤ ਸਿੱਖਣ ਲੱਗੀ।
ਪਰ ਉਨ੍ਹਾਂ ਦੀ ਜ਼ਿੰਦਗੀ ਅਤੇ ਕਮਾਈ ’ਤੇ ਅਧਿਕਾਰ ਉਨ੍ਹਾਂ ਦੀਆਂ ਮਹਿਲਾ ਰਿਸ਼ਤੇਦਾਰਾਂ ਦਾ ਸੀ। ਉਹ ਵੀ ਉੱਥੇ ਤਵਾਇਫ਼ ਸਨ।
End of ਇਹ ਵੀ ਪੜ੍ਹੋ-

ਤਸਵੀਰ ਸਰੋਤ, MANISH GAEKWAD
ਜਦੋਂ ਮਿਲਿਆ ਆਪਣੀ ਜ਼ਿੰਦਗੀ ਦਾ ਅਖ਼ਤਿਆਰ
ਭਾਰਤ-ਚੀਨ ਜੰਗ ਦੇ ਦੌਰਾਨ, ਉਨ੍ਹਾਂ ਦੀ ਰਿਸ਼ਤੇਦਾਰ ਚਲੀ ਗਈ ਅਤੇ ਫਿਰ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਕੰਟਰੋਲ ਮਿਲਿਆ।
ਉਨ੍ਹਾਂ ਦੀ ਕੈਂਡਲ ਲਾਈਟ ਪੇਸ਼ਕਾਰੀ ਨੇ ਉਨ੍ਹਾਂ ਨੂੰ ਅਲੱਗ ਪਛਾਣ ਦਿਵਾਈ ਅਤੇ ਉਨ੍ਹਾਂ ਨੂੰ ਅਹਿਸਾਸ ਦਿਵਾਇਆ ਕਿ ਜੇਕਰ ਉਹ ਹਿੰਮਤ ਦਿਖਾਉਣ ਤਾਂ ਖ਼ੁਦ ਦਾ ਖਿਆਲ ਰੱਖ ਸਕਦੀ ਹੈ ਅਤੇ ਆਪਣੀ ਸੁਰੱਖਿਆ ਕਰ ਸਕਦੀ ਹੈ।
ਅਤੇ ਇਹੀ ਉਨ੍ਹਾਂ ਦੇ ਜੀਵਨ ਦਾ ਸਿਧਾਂਤ ਬਣ ਗਿਆ। ਰੇਖਾਬਾਈ ਬਾਲੀਵੁੱਡ ਦੀਆਂ ਤਵਾਇਫ਼ਾਂ ਉਮਰਾਓ ਜਾਨ ਅਤੇ ਪਾਕੀਜ਼ਾ ਦੀ ਤਰ੍ਹਾਂ ਦੂਜੇ ਮਰਦ ਦੇ ਨਾਲ ਨਹੀਂ ਗਈ।
ਉਨ੍ਹਾਂ ਨੇ ਮੁੜ ਤੋਂ ਵਿਆਹ ਨਾ ਕਰਵਾਉਣ ਦਾ ਫੈਸਲਾ ਕੀਤਾ। ਹਾਲਾਂਕਿ, ਉਨ੍ਹਾਂ ਨੂੰ ਪਸੰਦ ਕਰਨ ਵਾਲਿਆਂ ਦੀ ਇੱਕ ਲੰਬੀ ਸੂਚੀ ਸੀ, ਜਿਨ੍ਹਾਂ ਦੀ ਵਿਆਹ ਦੀ ਪੇਸ਼ਕਸ਼ ਸੀ।
ਇਨ੍ਹਾਂ ਵਿੱਚ ਛੋਟੇ ਅਪਰਾਧੀਆਂ ਤੋਂ ਲੈ ਕੇ ਵੱਡੇ ਸ਼ੇਖ ਅਤੇ ਸੰਗੀਤਕਾਰ ਸ਼ਾਮਲ ਸਨ, ਕਿਉਂਕਿ ਅਜਿਹਾ ਕਰਨ ਦਾ ਮਤਲਬ ਹੁੰਦਾ, ਕੋਠੇ ਅਤੇ ਤਵਾਇਫ਼ ਦਾ ਕਾਰੋਬਾਰ ਛੱਡਣਾ।
ਛੋਟੇ ਜਿਹੇ ਕੋਠੇ ਵਿੱਚ ਉਨ੍ਹਾਂ ਨੇ ਪੇਸ਼ਕਾਰੀ ਦਿੱਤੀ, ਆਪਣੇ ਬੱਚਿਆਂ ਦਾ ਖਿਆਲ ਰੱਖਿਆ ਅਤੇ ਕਈ ਵਾਰ ਲੋੜ ਪੈਣ ’ਤੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਜਗ੍ਹਾ ਦਿੱਤੀ।
ਇਹ ਉਨ੍ਹਾਂ ਦੀ ਆਜ਼ਾਦੀ ਅਤੇ ਸ਼ਕਤੀ ਦਾ ਸਮਾਨਅਰਥੀ ਬਣ ਗਿਆ।
ਹਾਲਾਂਕਿ ਇਹੀ ਜਗ੍ਹਾ ਵਿਵਾਦ ਅਤੇ ਮੁਸ਼ਕਿਲਾਂ ਦਾ ਗੜ੍ਹ ਬਣ ਗਈ। ਕਈ ਵਾਰ ਹਾਲਾਤ ਅਜਿਹੇ ਬਣੇ ਜਿਨ੍ਹਾਂ ਕਾਰਨ ਮਨੁੱਖਤਾ ਅਤੇ ਮਾਸੂਮੀਅਤ ਖ਼ਤਮ ਹੁੰਦੀ ਨਜ਼ਰ ਆਈ ਅਤੇ ਇਸ ਦੀ ਜਗ੍ਹਾ ਲੈ ਲਈ ਗੁੱਸੇ, ਡਰ ਅਤੇ ਦਰਦ ਨੇ।

ਤਸਵੀਰ ਸਰੋਤ, Getty Images
ਕੌੜੇ ਅਹਿਸਾਸਾਂ ਨੇ ਬਣਾਇਆ ਮਜ਼ਬੂਤ
ਇਸ ਕਿਤਾਬ ਵਿੱਚ ਗਾਇਕਵਾੜ ਨੇ ਆਪਣੀ ਮਾਂ ਨਾਲ ਜੁੜੀਆਂ ਕਈ ਕੌੜੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ, ਜਿਵੇਂ ਕਿ ਇੱਕ ਵਾਰ ਵਿਆਹ ਤੋਂ ਇਨਕਾਰ ਕਰਨ ’ਤੇ ਇੱਕ ਵਿਅਕਤੀ ਨੇ ਬੰਦੂਕ ਕੱਢ ਲਈ ਸੀ।
ਇੱਕ ਹੋਰ ਘਟਨਾ ਹੋਈ ਜਦੋਂ ਰੇਖਾਬਾਈ ਨਾਲ ਦੂਜੀਆਂ ਤਵਾਇਫ਼ਾਂ ਨੇ ਬਦਸਲੂਕੀ ਕੀਤੀ ਕਿਉਂਕਿ ਉਹ ਉਨ੍ਹਾਂ ਤੋਂ ਸੜਦੀਆਂ ਸਨ।
ਕੁਝ ਲੋਕ ਗੈਂਗਸਟਰ ਬੁਲਾ ਕੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਸਨ, ਕੁਝ ਲੋਕ ਉਨ੍ਹਾਂ ਨੂੰ ਵੇਸਵਾ ਵੀ ਕਹਿੰਦੇ ਸਨ, ਜੋ ਉਹ ਨਹੀਂ ਸਨ।
ਪਰ ਕੋਠੇ ਨੇ ਉਨ੍ਹਾਂ ਨੂੰ ਇੱਕ ਮਜ਼ਬੂਤ ਮਹਿਲਾ ਵੀ ਬਣਨ ਵਿੱਚ ਮਦਦ ਕੀਤੀ।
ਉਨ੍ਹਾਂ ਨੇ ਆਪਣੇ ਡਾਂਸ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਇਸ ਦੇ ਮਰਦਾਂ ’ਤੇ ਹੋਣ ਵਾਲੇ ਅਸਰ ਨੂੰ ਵੀ ਸਮਝਿਆ।
ਉਹ ਜਾਣ ਗਏ ਸਨ ਕਿ ਮਰਦ ਆਪਣੀਆਂ ਅਸਰੁੱਖਿਆਵਾਂ ਜਾਂ ਜੀਵਨ ਦੀ ਨੀਰਸਤਾ ਅਤੇ ਉਦਾਸੀ ਤੋਂ ਬਚਣਾ ਚਾਹੁੰਦੇ ਸਨ।
ਉਨ੍ਹਾਂ ਨੇ ਇੱਥੇ ਮਰਦਾਂ ਨੂੰ ਸਮਝਣਾ ਸਿੱਖਿਆ ਅਤੇ ਉਨ੍ਹਾਂ ਦੇ ਸਵੈਮਾਣ ਨੂੰ ਲੋੜ ਦੇ ਹਿਸਾਬ ਨਾਲ ਸ਼ਾਂਤ ਕਰਨਾ ਅਤੇ ਤੋੜਨਾ ਸਿੱਖਿਆ।
ਉਹ ਕਹਿੰਦੇ ਹਨ, ‘‘ਮੈਂ ਕੋਠੇ ਦੀ ਭਾਸ਼ਾ ’ਤੇ ਪਕੜ ਬਣਾਈ। ਜਦੋਂ ਲੋੜ ਪਈ ਤਾਂ ਉਸ ਭਾਸ਼ਾ ਵਿੱਚ ਗੱਲ ਵੀ ਕੀਤੀ।’’
ਪਰ ਇਸ ਦਲੇਰ, ਆਕਰਸ਼ਕ, ਸਟਰੀਟ-ਸਮਾਰਟ ਕਲਾਕਾਰ ਨਾਲ, ਕੋਠੇ ਨੇ ਰੇਖਾਬਾਈ ਨੂੰ ਇੱਕ ਦਿਆਲੂ, ਬੇਹੱਦ ਸੁਰੱਖਿਆਤਮਕ ਮਾਂ ਵਿੱਚ ਤਬਦੀਲ ਹੁੰਦੇ ਦੇਖਿਆ, ਜਿਸ ਨੇ ਆਪਣੇ ਬੇਟੇ ਨੂੰ ਬਿਹਤਰ ਜੀਵਨ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ।
ਗਾਇਕਵਾੜ ਜਦੋਂ ਛੋਟੇ ਸਨ ਤਾਂ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਹਮੇਸ਼ਾ ਆਪਣੇ ਕੋਲ ਰੱਖਦੀ ਸੀ। ਉਹ ਯਾਦ ਕਰਦੇ ਹਨ ਕਿ ਜੇਕਰ ਉਸ ਦੇ ਰੋਣ ਦੀ ਆਵਾਜ਼ ਆਉਂਦੀ ਸੀ ਤਾਂ ਕਿਵੇਂ ਪੇਸ਼ਕਾਰੀ ਦੇ ਵਿਚਕਾਰ ਵੀ ਉਹ ਉਨ੍ਹਾਂ ਨੂੰ ਦੇਖਣ ਭੱਜ ਕੇ ਜਾਂਦੀ ਸੀ।
ਬਾਅਦ ਵਿੱਚ ਉਨ੍ਹਾਂ ਨੇ ਆਪਣੇ ਬੱਚੇ ਨੂੰ ਬੋਰਡਿੰਗ ਸਕੂਲ ਵਿੱਚ ਭੇਜ ਦਿੱਤਾ। ਫਿਰ ਉਨ੍ਹਾਂ ਨੇ ਇੱਕ ਅਪਾਰਟਮੈਂਟ ਖਰੀਦਿਆ ਤਾਂ ਕਿ ਉਨ੍ਹਾਂ ਨੂੰ ਆਪਣੇ ਦੋਸਤਾਂ ਨੂੰ ਬੁਲਾਉਣ ਵਿੱਚ ਸ਼ਰਮਿੰਦਗੀ ਮਹਿਸੂਸ ਨਾ ਹੋਵੇ।

ਤਸਵੀਰ ਸਰੋਤ, Getty Images
ਉਨ੍ਹਾਂ ਨੂੰ ਆਪਣੇ ਵੱਡੇ ਹੁੰਦੇ ਬੇਟੇ ’ਤੇ ਮਾਣ ਸੀ, ਇਹ ਗੱਲ ਅਲੱਗ ਸੀ ਕਿ ਉਨ੍ਹਾਂ ਦੀ ਅੰਗਰੇਜ਼ੀ ਮੀਡੀਅਮ ਦੀ ਪੜ੍ਹਾਈ ਅਤੇ ਬੋਰਡਿੰਗ ਸਕੂਲ ਦੇ ਰਹਿਣ ਸਹਿਣ ਨੇ ਉਨ੍ਹਾਂ ਨੂੰ ਬਹੁਤ ਅਲੱਗ ਬਣਾ ਦਿੱਤਾ ਸੀ।
ਕਿਤਾਬ ਦੇ ਇੱਕ ਦਿਲ ਨੂੰ ਛੂਹ ਲੈਣ ਵਾਲੇ ਕਿੱਸੇ ਵਿੱਚ, ਉਹ ਉਸ ਸਮੇਂ ਨੂੰ ਯਾਦ ਕਰਦੀ ਹੈ ਜਦੋਂ ਉਨ੍ਹਾਂ ਦਾ ਬੇਟਾ, ਜੋ ਛੁੱਟੀਆਂ ਦੇ ਦੌਰਾਨ ਆਇਆ ਸੀ, ਖਾਣ ਲਈ ਕਾਂਟਾ ਅਤੇ ਚਮਚ ਮੰਗਦਾ ਹੈ।
ਕਿਤਾਬ ਵਿੱਚ ਉਹ ਕਹਿੰਦੇ ਹਨ, ‘‘ਮੈਨੂੰ ਕਾਂਟੇ ਬਾਰੇ ਪਤਾ ਸੀ, ਪਰ ਅੰਗਰੇਜ਼ੀ ਵਿੱਚ ਇਸ ਨੂੰ ਕੀ ਕਹਿੰਦੇ ਹਨ, ਮੈਂ ਨਹੀਂ ਜਾਣਦੀ ਸੀ। ਉਸ ਨੇ ਜੋ ਦੱਸਿਆ ਉਹ ਸਮਝ ਕੇ ਮੈਂ ਮਾਰਕੀਟ ਗਈ।’’
2000 ਦੇ ਦਹਾਕੇ ਦੇ ਅੰਤ ਵਿੱਚ ਵੇਸਵਾ ਸੰਸਕ੍ਰਿਤੀ ਪੂਰੀ ਤਰ੍ਹਾਂ ਨਾਲ ਗਾਇਬ ਹੋ ਗਈ ਸੀ ਅਤੇ ਰੇਖਾਬਾਈ ਨੇ ਕੋਲਕਾਤਾ ਵਿੱਚ ਆਪਣੇ ਅਪਾਰਟਮੈਂਟ ਵਿੱਚ ਰਹਿਣ ਲਈ ਕੋਠਾ ਛੱਡ ਦਿੱਤਾ ਸੀ।
ਫਰਵਰੀ ਵਿੱਚ ਮੁੰਬਈ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਗਾਇਕਵਾੜ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਆਪਣੀ ਮਾਂ, ਉਨ੍ਹਾਂ ਦੇ ਸਬਰ, ਪ੍ਰਤਿਭਾ ਅਤੇ ਜੀਵਨ ਪ੍ਰਤੀ ਉਤਸ਼ਾਹ ਤੋਂ ਹੈਰਾਨ ਰਹੇ।
ਉਹ ਕਹਿੰਦੇ ਹਨ, ‘‘ਮੇਰਾ ਮਤਲਬ ਹੈ ਇਸ ਕਿਤਾਬ ਨੂੰ ਪੜ੍ਹੋ।’’
‘‘ਭਾਰਤ ਦੇ ਮਰਦਾਂ ਦਾ ਮਾਂ ਨੂੰ ਲੈ ਕੇ ਮੰਨਣਾ ਹੈ ਕਿ ਉਹ ਪਵਿੱਤਰਤਾ ਦੀ ਮੂਰਤ ਹੋਵੇ…ਪਰ ਮੈਨੂੰ ਲੱਗਦਾ ਹੈ ਕਿ ਇਸ ਕਿਤਾਬ ਨਾਲ ਲੋਕ ਆਪਣੀਆਂ ਮਾਵਾਂ ਨੂੰ ਇੱਕ ਇਨਸਾਨ, ਸੁਤੰਤਰ ਇਨਸਾਨ ਅਤੇ ਸਾਡੇ ਨਾਲ ਰਿਸ਼ਤਿਆਂ ਦੇ ਨਜ਼ਰੀਏ ਤੋਂ ਦੇਖਣਾ ਸ਼ੁਰੂ ਕਰ ਦੇਣਗੇ।’’












