ਪਾਕੀਜ਼ਾ: ਸਿਨੇਮਾ ਪ੍ਰੇਮੀਆਂ ਲਈ ਮੀਨਾ ਕੁਮਾਰੀ ਵੱਲੋਂ ਆਖਰੀ ਤੋਹਫ਼ਾ

ਤਸਵੀਰ ਸਰੋਤ, BBC/GOPAL SHOONYA
- ਲੇਖਕ, ਵੰਦਨਾ
- ਰੋਲ, ਭਾਰਤੀ ਭਾਸ਼ਾਵਾਂ ਦੇ ਟੀਵੀ ਸੰਪਾਦਕ
ਗੱਲ ਜੁਲਾਈ 1972 ਦੀ ਹੈ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਭਾਰਤ ਆਏ ਸਨ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਲ ਸ਼ਿਮਲਾ ਵਿੱਚ ਉਨ੍ਹਾਂ ਦੀ ਅਹਿਮ ਗੱਲਬਾਤ ਚੱਲ ਰਹੀ ਸੀ।
ਬੇਨਜ਼ੀਰ ਭੁੱਟੋ, ਜੋ ਉਸ ਵੇਲੇ ਲਗਭਗ 19 ਸਾਲਾਂ ਦੇ ਸਨ ਤੇ ਉਹ ਵੀ ਆਪਣੇ ਪਿਤਾ ਨਾਲ ਭਾਰਤ ਆਏ ਸਨ। ਅਚਾਨਕ ਉਨ੍ਹਾਂ ਨੇ ਫਿਲਮ ਪਾਕੀਜ਼ਾ ਦੇਖਣ ਦੀ ਇੱਛਾ ਜ਼ਾਹਰ ਕਰ ਦਿੱਤੀ। ਇਸ ਬੈਠਕ ਤੋਂ ਕੁਝ ਮਹੀਨੇ ਪਹਿਲਾਂ ਹੀ, 4 ਫਰਵਰੀ 1972 ਨੂੰ ਪਾਕੀਜ਼ਾ ਫਿਲਮ ਪਰਦੇ 'ਤੇ ਆਈ ਸੀ।
ਸਾਬਕਾ ਆਈਏਐੱਸ ਅਧਿਕਾਰੀ ਐੱਮਕੇ ਕੌ ਨੇ ਆਪਣੀ ਕਿਤਾਬ 'ਐਨ ਆਊਟਸਾਈਡਰ ਐਵਰੀਵੇਰ' ਵਿੱਚ ਲਿਖਿਆ ਹੈ, "ਮੈਂ ਤੁਰੰਤ ਸ਼ਿਮਲਾ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ। ਬੇਨਜ਼ੀਰ ਲਈ ਰਿਟਜ਼ ਸਿਨੇਮਾ ਵਿੱਚ ਇੱਕ ਵਿਸ਼ੇਸ਼ ਸ਼ੋਅ ਦਾ ਆਯੋਜਨ ਕੀਤਾ ਗਿਆ। ਹਾਲ ਵਿੱਚ ਸਿਰਫ਼ ਤਿੰਨ ਲੋਕ ਸਨ।"
ਇਹ ਛੋਟਾ ਜਿਹਾ ਕਿੱਸਾ ਦੱਸਦਾ ਹੈ ਕਿ 50 ਸਾਲ ਪਹਿਲਾਂ 4 ਫਰਵਰੀ 1972 ਨੂੰ ਰਿਲੀਜ਼ ਹੋਈ ਕਮਾਲ ਅਮਰੋਹੀ ਅਤੇ ਮੀਨਾ ਕੁਮਾਰੀ ਦੀ ਫਿਲਮ 'ਪਾਕੀਜ਼ਾ' ਦਾ ਜਾਦੂ ਕਿਹੋ ਜਿਹਾ ਸੀ।
ਫਿਲਮ ਦੇ ਇੱਕ ਦ੍ਰਿਸ਼ ਤੋਂ ਇਸ ਜਾਦੂਈ ਫਿਲਮ ਦੀ ਰੂਹ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
"ਕਲ ਹਮ ਏਕ ਮੁਜਰੇ ਮੇਂ ਜਾ ਰਹੇ ਹੈਂ..ਏਕ ਦਿਨ ਕੇ ਲਿਏ ਤੁਮਹਾਰੀ ਤਕਦੀਰ ਹਮੇਂ ਚਾਹੀਏ, ਪਰਸੋਂ ਲੌਟਾ ਦੇਂਗੇ।''
ਫਿਲਮ ਵਿੱਚ, ਸਾਹਮਣੇ ਵਾਲੇ ਕੋਠੇ ਦੇ ਛੱਜੇ ਤੋਂ ਜਦੋਂ ਉਹ ਤਵਾਇਫ਼ ਮੀਨਾ ਕੁਮਾਰੀ ਭਾਵ ਸਾਹਿਬਜਾਨ ਨੂੰ ਇਹ ਅਲਫਾਜ਼ ਕਹਿੰਦੀ ਹੈ ਤਾਂ ਤੁਸੀਂ ਸਮਝ ਜਾਂਦੇ ਹੋ ਕਿ ਦੁਨੀਆ ਦੀਆਂ ਨਜ਼ਰਾਂ 'ਚ ਸਾਹਿਬਜਾਨ ਦੀ ਕਿਸਮਤ ਬੁਲੰਦੀਆਂ 'ਤੇ ਹੈ।
ਪਰ ਕੋਠੇ 'ਤੇ ਬੈਠੀ ਸਾਹਿਬਜਾਨ (ਮੀਨਾ ਕੁਮਾਰੀ) ਅਜੀਬ ਜਿਹੀ ਉਦਾਸੀਨਤਾ ਨਾਲ ਜਵਾਬ ਦਿੰਦੀ ਹੈ, "ਹਾਂ ਹਾਂ ਜ਼ਰੂਰ ਲੇ ਜਾਨਾ (ਤਕਦੀਰ), ਫਿਰ ਚਾਹੇ ਵਾਪਿਸ ਭੀ ਮਤ ਕਰਨਾ।''
ਫਿਲਮ ਪਾਕੀਜ਼ਾ 'ਚ ਸਾਹਿਬਜਾਨ ਬਣੀ ਮੀਨਾ ਕੁਮਾਰੀ ਦੇ ਇਹ ਅਲਫਾਜ਼ ਸਾਹਿਬਜਾਨ ਦੀ ਜ਼ਿੰਦਗੀ, ਉਸ ਦੀਆਂ ਭਾਵਨਾਵਾਂ, ਕਸ਼ਮਕਸ਼ ਤੇ ਬੇਵਸੀ ਬਾਰੇ ਸਭ ਕੁਝ ਦੱਸ ਦਿੰਦੇ ਹਨ।
ਜੇ ਧਿਆਨ ਨਾਲ ਵੇਖੀਏ ਤਾਂ ਪਾਕੀਜ਼ਾ ਦੀ ਕਹਾਣੀ ਕਈ ਵਾਰ ਕਹੀ ਜਾ ਚੁੱਕੀ ਹੈ। ਇੱਕ ਤਵਾਇਫ਼, ਇੱਕ 'ਸਤਿਕਾਰਯੋਗ' ਪਰਿਵਾਰ ਦਾ ਮੁੰਡਾ ਅਤੇ ਉਨ੍ਹਾਂ ਦੀ ਪ੍ਰੇਮ ਕਹਾਣੀ।
ਕਹਾਣੀ ਸ਼ਾਇਦ ਬਹੁਤ ਵੱਖਰੀ ਨਹੀਂ ਹੈ, ਪਰ ਜਿਸ ਤਰੀਕੇ ਨਾਲ ਇਹ ਕਹਾਣੀ ਕਹੀ ਗਈ ਹੈ ਉਹੀ ਪਾਕੀਜ਼ਾ ਨੂੰ ਖਾਸ ਬਣਾਉਂਦਾ ਹੈ।

ਤਸਵੀਰ ਸਰੋਤ, KAMAL AMROHI
ਇਹ ਇੱਕ ਤਵਾਇਫ਼ ਸਾਹਿਬਜਾਨ (ਮੀਨਾ ਕੁਮਾਰੀ) ਅਤੇ ਸਲੀਮ (ਰਾਜ ਕੁਮਾਰ) ਦੀ ਦਾਸਤਾਨ ਹੈ - ਰਾਤ ਨੂੰ ਰੇਲ ਦੇ ਇੱਕ ਡੱਬੇ ਵਿੱਚ ਇਸ਼ਕ ਦੀ ਅਜਿਹੀ ਕਹਾਣੀ ਜਿੱਥੇ ਸਲੀਮ ਨੇ ਸਿਰਫ ਸਾਹਿਬਜਾਨ ਦੇ ਸੁੰਦਰ ਪੈਰ ਦੇਖੇ ਹਨ।
ਅਤੇ ਸਾਹਿਬਜਾਨ ਨੇ ਸਿਰਫ ਕੁਝ ਅਲਫਾਜ਼ਾਂ ਵਾਲੀ ਉਹ ਚਿੱਠੀ ਪੜ੍ਹੀ ਹੈ, ਜਿਸ ਨੂੰ ਸਲੀਮ ਚੁੱਪ-ਚਾਪ ਉਸਦੇ ਲਈ ਛੱਡ ਗਿਆ ਹੈ - "ਆਪਕੇ ਪਾਂਵ ਦੇਖੇ, ਬਹੁਤ ਹਸੀਨ ਹੈਂ। ਇਨ੍ਹੇਂ ਜ਼ਮੀਨ ਪਰ ਮਤ ਉਤਾਰੀਏਗਾ, ਮੈਲੇ ਹੋ ਜਾਏਂਗੇ।''
ਪਰ ਦੋ ਵਿਅਕਤੀਆਂ ਦੀ ਪ੍ਰੇਮ ਕਹਾਣੀ ਤੋਂ ਪਰੇ, ਅਸਲ ਵਿੱਚ ਇਹ ਸਾਹਿਬਜਾਨ ਦੇ ਸੰਘਰਸ਼, ਹਸਰਤ ਅਤੇ ਤੜਪ ਦੀ ਕਹਾਣੀ ਹੈ - ਤੜਪ ਕਿ ਉਹ ਜਿਹੋ ਜਿਹੀ ਵੀ ਹੈ, ਉਸ ਦਾ ਜੋ ਵੀ ਅਤੀਤ ਹੈ, ਕੀ ਸਮਾਜ ਉਸ ਨੂੰ ਉਸੇ ਹਾਲ 'ਚ ਸਵੀਕਾਰ ਕਰੇਗਾ ਜਾਂ ਠੁਕਰਾ ਦੇਵੇਗਾ?
ਅਤੇ ਇਹੀ ਸਵਾਲ ਨਿਰਦੇਸ਼ਕ ਕਮਾਲ ਅਮਰੋਹੀ ਦੀ ਫਿਲਮ ਪਾਕੀਜ਼ਾ ਨੂੰ ਵੀ ਟਾਇਮਲੇਸ ਬਣਾ ਦਿੰਦਾ ਹੈ, ਕਿਉਂਕਿ ਪਾਕੀਜ਼ਾ ਇੱਕ ਅਜਿਹੀ ਮਨੁੱਖੀ ਭਾਵਨਾ ਨੂੰ ਛੂਹ ਜਾਂਦੀ ਹੈ ਜਿਸ ਨਾਲ ਇਨਸਾਨ ਕਦੇ ਨਾ ਕਦੇ ਜੂਝਦਾ ਹੀ ਹੈ - ਸਵੀਕਾਰੇ ਜਾਣ ਦਾ ਸਵਾਲ।
ਰਾਜ ਕੁਮਾਰ ਦਾ ਉਹ ਡਾਇਲਾਗ - 'ਇਨ੍ਹੇਂ ਜ਼ਮੀਨ ਪਰ ਮਤ...'
ਫਿਲਮ 'ਚ ਹਰ ਰਾਤ ਮੀਨਾ ਕੁਮਾਰੀ ਰੇਲਗੱਡੀ ਦੀ ਆਵਾਜ਼ ਸੁਣਦੀ ਹੈ ਅਤੇ ਉਸ ਅਣਜਾਣ ਵਿਅਕਤੀ ਨੂੰ ਯਾਦ ਕਰਦੇ ਹੋਏ ਕਹਿੰਦੀ ਹੈ - "ਹਰ ਰਾਤ ਤੀਨ ਬਜੇ ਏਕ ਰੇਲਗਾੜੀ ਅਪਨੀ ਪਟਰੀਯੋਂ ਸੇ ਉਤਰਕਰ ਮੇਰੇ ਦਿਲ ਸੇ ਗੁਜ਼ਰਤੀ ਹੈ ... ਔਰ ਮੁਝੇ ਏਕ ਪੈਗਾਮ ਦੇ ਜਾਤੀ ਹੈ।"

ਤਸਵੀਰ ਸਰੋਤ, ASHA RANI SING
ਇੱਕ ਤਵਾਇਫ਼ ਦੀ ਇਹ ਤੜਪ ਉਸ ਗੁਮਨਾਮ ਵਿਅਕਤੀ ਲਈ ਹੈ ਜੋ ਉਸਦੇ ਪੈਰਾਂ ਦੇ ਨਾਂਅ ਇੱਕ ਹਸੀਨ ਪੈਗਾਮ ਲਿਖ ਗਿਆ ਹੈ। ਉਹ ਪੈਰ ਜੋ ਸਿਰਫ ਦੂਸਰਿਆਂ ਲਈ ਸ਼ਾਮਾਂ ਨੂੰ ਥਿਰਕਦੇ ਰਹੇ ਹਨ।
ਪਰ ਕੋਠੇ 'ਚ ਰਹਿਣ ਵਾਲੀ ਸਾਹਿਬਜਾਨ (ਮੀਨਾ ਕੁਮਾਰੀ) ਦੀ ਸਹੇਲੀ ਉਸਨੂੰ ਹਕੀਕਤ ਦਾ ਅਹਿਸਾਸ ਕਰਵਾਉਂਦੀ ਹੈ- "ਯੇ ਪੈਗਾਮ ਤੇਰੇ ਲਿਏ ਨਹੀਂ ਹੈ। ਉਸ ਵਕਤ ਤੇਰੇ ਪੈਰੋਂ ਮੇਂ ਘੁੰਘਰੂ ਬੰਧੇ ਹੁਏ ਨਹੀਂ ਹੋਂਗੇ। ਅਗਰ ਘੁੰਗਰੂ ਬੰਧੇ ਹੁਏ ਹੋਤੇ ਤੋ ਕੈਸੇ ਕੋਈ ਕੈਹਤਾ ਕੇ ਇਨ ਪੈਰੋਂ ਕੋ ਜ਼ਮੀਂ ਪਰ ਮਤ ਰਖਨਾ। ਯੇ ਪੈਗਾਮ ਤੋ ਹੈ ਲੇਕਿਨ ਭਟਕ ਗਯਾ ਹੈ।''
ਪਾਕੀਜ਼ਾ ਭਾਵਨਾਵਾਂ ਦੀ ਕਹਾਣੀ ਹੈ, ਤਵਾਇਫ਼ਾਂ ਅਤੇ ਕੋਠਿਆਂ ਦੀ ਕਹਾਣੀ ਹੈ, ਮੁਸਲਿਮ ਸਮਾਜ ਨੂੰ ਦਰਸਾਉਂਦੀ ਦਾਸਤਾਨ ਹੈ, ਪਰ ਸਭ ਤੋਂ ਖ਼ੂਬਸੂਰਤ ਗੱਲ ਇਹ ਹੈ ਕਿ ਇਹ ਔਰਤ ਦੇ ਨਜ਼ਰੀਏ ਤੋਂ ਕਹੀ ਗਈ ਇੱਕ ਔਰਤ ਦੀ ਕਹਾਣੀ ਹੈ, ਜੋ ਆਮ ਤੌਰ 'ਤੇ ਘੱਟ ਹੀ ਦੇਖਣ ਨੂੰ ਮਿਲਦਾ ਹੈ।
ਮੀਨਾ ਕੁਮਾਰੀ ਦਾ ਸ਼ਾਨਦਾਰ ਪ੍ਰਦਰਸ਼ਨ
ਉਂਝ ਤਾਂ ਪਾਕੀਜ਼ਾ ਵਿੱਚ ਰਾਜ ਕੁਮਾਰ, ਅਸ਼ੋਕ ਕੁਮਾਰ.. ਕਈ ਕਿਰਦਾਰ ਹਨ ਪਰ ਫ਼ਿਲਮ ਦੀ ਜਾਨ ਹਨ ਮੀਨਾ ਕੁਮਾਰੀ।
ਆਪਣੀ ਅਦਾਕਾਰੀ ਨਾਲ ਮੀਨਾ ਕੁਮਾਰੀ ਨੇ ਇੱਕ ਔਰਤ ਦੇ ਸੁਪਨਿਆਂ ਅਤੇ ਤਵਾਇਫ਼ ਦੀ ਦੁਬਿਧਾ ਨੂੰ ਬੜੀ ਗੰਭੀਰਤਾ ਅਤੇ ਕੋਮਲਤਾ ਨਾਲ ਨਿਭਾਇਆ ਹੈ।
ਦੁਨੀਆ ਲਈ ਸਾਹਿਬਜਾਨ ਕੋਠੇ 'ਤੇ ਬੈਠੀ ਸਿਰਫ ਇੱਕ ਤਵਾਇਫ਼ ਹੈ।

ਫਿ਼ਲਮ ਵਿੱਚ ਮੀਨਾ ਕੁਮਾਰੀ ਦੀਆਂ ਅੱਖਾਂ ਦਾ ਉਹ ਦਰਦ ਸੱਚਾ ਜਾਪਦਾ ਹੈ ਜਦੋਂ ਟੁੱਟੀ ਹੋਈ ਸਾਹਿਬਜਾਨ ਕਹਿੰਦੀ ਹੈ - ''ਯੇ ਹਮਾਰੇ ਕੋਠੇ, ਹਮਾਰੇ ਮਕਬਰੇ ਹੈਂ ਜਿਨ ਮੇਂ ਮੁਰਦਾ ਔਰਤੋਂ ਕੇ ਜ਼ਿੰਦਾ ਜਨਾਜ਼ੇ ਸਜਾ ਕਰ ਰੱਖ ਦਿਏ ਜਾਤੇ ਹੈਂ। ਹਮਾਰੀ ਕਬਰੇਂ ਪਾਟੀ ਨਹੀਂ ਜਾਤੀਂ, ਖੁਲੀ ਛੋੜ ਦੀ ਜਾਤੀ ਹੈਂ। ਮੈਂ ਐਸੀ ਹੀ ਕਿਸੀ ਖੁਲੀ ਹੁਈ ਕਬਰ ਕੀ ਬੇਸਬਰ ਲਾਸ਼ ਹੂੰ।''
ਰਾਜ ਕੁਮਾਰ ਭਾਵ ਸਲੀਮ ਤੋਂ ਸੰਸਾਰ ਭਰ ਦੀ ਮੁਹੱਬਤ ਮਿਲਣ ਦੇ ਬਾਅਦ ਵੀ ਸਾਹਿਬਜਾਨ (ਮੀਨਾ ਕੁਮਾਰੀ) ਆਪਣੇ ਆਪ ਨੂੰ ਇਸ 'ਅਪਰਾਧ ਬੋਧ' ਤੋਂ ਮੁਕਤ ਨਹੀਂ ਕਰ ਪਾਉਂਦੀ ਕਿ ਉਹ ਆਖ਼ਰ ਹੈ ਤਾਂ ਇੱਕ ਤਵਾਇਫ਼ ਹੀ।
ਜਾਂ ਕਹੀਏ ਕਿ ਸਮਾਜ ਉਸ ਨੂੰ ਇਹ ਗੱਲ ਕਦੇ ਭੁੱਲਣ ਹੀ ਨਹੀਂ ਦਿੰਦਾ। ਉਸ ਸਮੇਂ ਉਹ ਸਿਰਫ ਸਮਾਜ ਨਾਲ ਹੀ ਨਹੀਂ ਸਗੋਂ ਆਪਣੇ ਆਪ ਨਾਲ ਵੀ ਲੜ ਰਹੀ ਹੁੰਦੀ ਹੈ।
ਮੀਨਾ ਕੁਮਾਰੀ ਅਤੇ ਕਮਾਲ ਅਮਰੋਹੀ ਦੇ ਟੁੱਟੇ ਰਿਸ਼ਤੇ ਦੀ ਕਹਾਣੀ
ਇਸ ਫ਼ਿਲਮ ਨੂੰ ਬਣਾਉਣਾ, ਮੀਨਾ ਕੁਮਾਰੀ ਅਤੇ ਕਮਾਲ ਅਮਰੋਹੀ ਦੋਵਾਂ ਲਈ ਹੀ ਆਸਾਨ ਨਹੀਂ ਸੀ।
ਫ਼ਿਲਮ ਦੇ ਨਿਰਮਾਣ ਦੀ ਕਹਾਣੀ ਵੀ ਫ਼ਿਲਮ ਜਿੰਨੀ ਹੀ ਦਿਲਚਸਪ ਅਤੇ ਉਤਰਾਅ-ਚੜ੍ਹਾਅ ਵਾਲੀ ਹੈ। ਪਾਕੀਜ਼ਾ ਕਮਾਲ ਅਮਰੋਹੀ ਦਾ ਸ਼ਾਨਦਾਰ ਸੁਪਨਾ ਸੀ। ਇਸ ਫ਼ਿਲਮ ਦੀ ਸ਼ੂਟਿੰਗ 1954-1955 ਦੇ ਨੇੜੇ-ਤੇੜੇ ਸ਼ੁਰੂ ਹੋਈ।
ਮੀਨਾ ਕੁਮਾਰੀ ਅਤੇ ਕਮਾਲ ਅਮਰੋਹੀ ਦਾ ਇਸ਼ਕ ਸਿਖਰਾਂ 'ਤੇ ਸੀ ਅਤੇ ਦੋਵਾਂ ਦਾ ਨਿਕਾਹ ਵੀ ਹੋ ਚੁੱਕਿਆ ਸੀ।
ਪਰ ਹੌਲੀ-ਹੌਲੀ ਮੀਨਾ ਕੁਮਾਰੀ ਅਤੇ ਕਮਾਲ ਅਮਰੋਹੀ ਵਿਚਾਲੇ ਦੂਰੀਆਂ ਵਧਣ ਲੱਗੀਆਂ ਅਤੇ 1964 ਤੋਂ ਬਾਅਦ ਦੋਵੇਂ ਵੱਖ-ਵੱਖ ਰਹਿਣ ਲੱਗ ਪਏ।
ਦਮ ਤੋੜਦੇ ਰਿਸ਼ਤਿਆਂ ਦੀ ਧੂੜ ਫਿਲਮ 'ਤੇ ਜੰਮਣ ਲਗੀ ਅਤੇ ਫਿਲਮ ਦਾ ਕੰਮ ਪੂਰੀ ਤਰ੍ਹਾਂ ਬੰਦ ਹੋ ਗਿਆ।
ਇਸ ਦੌਰਾਨ ਮੀਨਾ ਕੁਮਾਰੀ ਕਾਫੀ ਬਿਮਾਰ ਰਹਿਣ ਲੱਗੇ। ਫਿਲਮੀ ਦੁਨੀਆ ਦੇ ਸਿਖਰ 'ਤੇ ਬੈਠੀ ਮੀਨਾ ਨੂੰ ਸ਼ਰਾਬ ਦੀ ਲਤ ਲੱਗ ਗਈ। ਉਹ ਇਲਾਜ ਲਈ ਵਿਦੇਸ਼ ਚਲੇ ਗਏ। ਉਨ੍ਹਾਂ ਦੇ ਚਿਹਰੇ ਅਤੇ ਸਰੀਰ ਵਿੱਚ ਕਈ ਬਦਲਾਅ ਆ ਚੁੱਕੇ ਸਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਬਿਮਾਰ ਮੀਨਾ ਕੁਮਾਰੀ ਦੀ ਥਾਂ ਬਾਡੀ ਡਬਲ
ਦਿਲਾਂ 'ਚ ਬੈਠੀ ਕਠੋਰਤਾ ਨੂੰ ਕੁਝ ਸਮੇਂ ਨੇ ਘੱਟ ਕਰ ਦਿੱਤਾ ਅਤੇ ਕੁਝ ਹਾਲਾਤਾਂ ਨੇ। ਸਭ ਕੁਝ ਇੱਕ ਪਾਸੇ ਰੱਖ ਕੇ ਮੀਨਾ ਕੁਮਾਰੀ ਅਤੇ ਕਮਾਲ ਅਮਰੋਹੀ ਨੇ 1968 'ਚ ਦੁਬਾਰਾ ਫ਼ਿਲਮ 'ਤੇ ਜੀ-ਜਾਨ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਫ਼ਿਲਮ ਪਾਕੀਜ਼ਾ ਦੇ ਗੀਤ ਅਤੇ ਮੁਜਰੇ ਇਸ ਫ਼ਿਲਮ ਦੀ ਰੂਹ ਹਨ। ਪਰ ਜਦੋਂ ਫ਼ਿਲਮ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਹੋਈ ਤਾਂ ਮੀਨਾ ਕੁਮਾਰੀ ਦੀ ਸਿਹਤ ਅਜਿਹੀ ਨਹੀਂ ਸੀ ਕਿ ਉਹ ਔਖੇ ਡਾਂਸ ਸਟੈਪ ਕਰ ਸਕਣ।
ਇਸ ਲਈ ਫਿਲਮ 'ਚ ਕੁਝ ਖਾਸ ਥਾਵਾਂ 'ਤੇ ਬਾਡੀ ਡਬਲ ਦੀ ਵਰਤੋਂ ਕੀਤੀ ਗਈ ਹੈ। ਮੇਘਨਾਦ ਦੇਸਾਈ ਨੇ ਆਪਣੀ ਕਿਤਾਬ ਵਿੱਚ ਇਸ ਦਾ ਜ਼ਿਕਰ ਕੀਤਾ ਹੈ।
ਪਾਕੀਜ਼ਾ ਦੇ ਅੰਤ ਵਿੱਚ ਇੱਕ ਮੁਜਰਾ ਹੈ ਜੋ ਫ਼ਿਲਮ ਨੂੰ ਕਲਾਈਮੈਕਸ ਤੱਕ ਲੈ ਜਾਂਦਾ ਹੈ... ਜਦੋਂ ਸਾਹਿਬਜਾਨ ਆਪਣੇ ਹੀ ਪ੍ਰੇਮੀ ਸਲੀਮ ਦੇ ਵਿਆਹ 'ਤੇ ਮੁਜਰਾ ਕਰ ਰਹੀ ਹੈ- 'ਆਜ ਹਮ ਅਪਨੀ ਦੁਆਓਂ ਕਾ ਅਸਰ ਦੇਖੇਂਗੇ, ਜ਼ਖਮੇ ਜਿਗਰ ਦੇਖੇਂਗੇ।' ਇਸ ਮੁਜਰੇ ਵਿੱਚ ਅਦਾਕਾਰਾ ਪਦਮਾ ਖੰਨਾ ਨੂੰ ਬਾਡੀ ਡਬਲ ਵਜੋਂ ਇਸਤੇਮਾਲ ਕੀਤਾ ਗਿਆ ਸੀ।
ਮੀਨਾ ਕੁਮਾਰੀ ਦੀ ਸਿਹਤ ਦੇ ਹਿਸਾਬ ਨਾਲ ਬਣੇ ਕੱਪੜੇ
ਫ਼ਿਲਮ ਦਾ ਇੱਕ ਹੋਰ ਖੂਬਸੂਰਤ ਗੀਤ ਹੈ- 'ਮੌਸਮ ਹੈ ਆਸ਼ਿਕਨਾ'।
ਫਿ਼ਲਮਫੇ਼ਅਰ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਮੀਨਾ ਕੁਮਾਰੀ ਦੇ ਮਤਰੇਏ ਪੁੱਤਰ ਤਾਜਦਾਰ ਅਮਰੋਹੀ ਆਪਣੀ ਛੋਟੀ ਅੰਮੀ ਨੂੰ ਯਾਦ ਕਰਦੇ ਹੋਏ ਦੱਸਦੇ ਹਨ, ''ਜਦੋਂ 'ਪਾਕੀਜ਼ਾ' ਦੀ ਸ਼ੂਟਿੰਗ ਦੁਬਾਰਾ ਸ਼ੁਰੂ ਹੋਈ ਤਾਂ 'ਮੌਸਮ ਹੈ ਆਸ਼ਿਕਨਾ' ਗੀਤ ਦੀ ਸ਼ੂਟਿੰਗ ਹੋ ਰਹੀ ਸੀ। ਬਾਬਾ (ਕਮਾਲ ਅਮਰੋਹੀ) ਨੇ ਉਸ ਗੀਤ 'ਚ ਛੋਟੀ ਅੰਮੀ ਨੂੰ ਕੁੜਤਾ ਅਤੇ ਲੁੰਗੀ ਪਹਿਨਵਾਈ ਕਿਉਂਕਿ ਜਿਗਰ ਦੀ ਬੀਮਾਰੀ ਕਾਰਨ ਉਨ੍ਹਾਂ ਦਾ ਪੇਟ ਫੁੱਲ ਗਿਆ ਸੀ।''
''ਬਾਅਦ ਵਿੱਚ ਉਹ ਟ੍ਰੇਂਡ ਬਣ ਗਿਆ। ਖਰਾਬ ਸਿਹਤ ਕਾਰਨ ਉਹ ਬਹੁਤ ਥੱਕ ਜਾਂਦੇ ਸਨ ਪਰ ਸ਼ਾਟ ਸ਼ੁਰੂ ਹੁੰਦੇ ਹੀ ਫਿਰ ਤੋਂ ਜੋਸ਼ 'ਚ ਆ ਜਾਂਦੇ ਸਨ।''
"ਫਿਲਮ ਦੇ ਆਖਰੀ ਮੁਜਰੇ 'ਚ ਉਨ੍ਹਾਂ ਨੇ ਤੇਜ਼ ਅਤੇ ਗੋਲ-ਗੋਲ ਘੁੰਮਣਾ ਸੀ ਅਤੇ ਫਿਰ ਡਿੱਗਣਾ ਸੀ, ਪਰ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਦੇ ਕਲੋਜ਼-ਅੱਪ ਬੈਠੀ ਹੋਈ ਸਥਿਤੀ 'ਚ ਹੀ ਲਏ ਗਏ।''
''ਜਦੋਂ ਰਾਜ ਕੁਮਾਰ ਨਾਲ ਵਿਆਹ ਦੇ ਸਮੇਂ ਉਹ ਪੌੜੀਆਂ 'ਤੇ ਦੌੜਦੇ ਹੋਏ ਭੱਜ ਜਾਂਦੇ ਹਨ, ਉੱਥੇ ਵੀ ਬਾਡੀ ਡਬਲ ਦੀ ਵਰਤੋਂ ਕੀਤੀ ਗਈ। 'ਚਲੋ ਦਿਲਦਾਰ ਚਲੋ' ਗੀਤ ਵਿੱਚ ਵੀ ਉਨ੍ਹਾਂ ਦੇ ਚਿਹਰੇ 'ਤੇ ਜ਼ਿਆਦਾ ਫੋਕਸ ਨਹੀਂ ਰੱਖਿਆ ਗਿਆ।"
ਪਰ ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਨਾ ਤਾਂ ਮੀਨਾ ਕੁਮਾਰੀ ਦਾ ਹੌਸਲਾ ਟੁੱਟਿਆ ਅਤੇ ਨਾ ਹੀ ਕਮਾਲ ਅਮਰੋਹੀ ਦਾ।
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਬਲੈਕ ਐਂਡ ਵ੍ਹਾਈਟ 'ਚ ਸ਼ੂਟ ਹੋਇਆ 'ਇਨ੍ਹੀਂ ਲੋਗੋਂ ਨੇ..'
ਟੁੱਟੇ ਰਿਸ਼ਤਿਆਂ ਦੀਆਂ ਦਰਾਰਾਂ ਵਿੱਚ ਫਸੀ ਇਸ ਫਿਲਮ ਨੂੰ ਦੁਬਾਰਾ ਸ਼ੁਰੂ ਕਰਨ ਦਾ ਸਿਹਰਾ ਨਰਗਿਸ ਦੇ ਸਿਰ ਵੀ ਬੰਨ੍ਹਿਆ ਜਾਂਦਾ ਹੈ।
ਮੇਘਨਾਦ ਦੇਸਾਈ ਆਪਣੀ ਕਿਤਾਬ 'ਪਾਕੀਜ਼ਾ - ਐਨ ਓਡ ਟੂ ਏ ਬਾਈਗੌਨ ਵਰਲਡ' ਵਿੱਚ ਲਿਖਦੇ ਹਨ ਕਿ ਇੱਕ ਵਾਰ ਨਰਗਿਸ ਅਤੇ ਸੁਨੀਲ ਦੱਤ ਨੇ ਪਾਕੀਜ਼ਾ ਦੇ ਸ਼ੁਰੂਆਤੀ ਪ੍ਰਿੰਟ ਦੇਖੇ ਅਤੇ ਦੇਖ ਕੇ ਕਮਾਲ ਅਮਰੋਹੀ ਨੂੰ ਕਿਹਾ ਕਿ ਇੱਹ ਫਿਲਮ ਪੂਰੀ ਹੋਣੀ ਚਾਹੀਦੀ ਹੈ।
1956 ਵਿੱਚ ਬਲੈਕ ਐਂਡ ਵ੍ਹਾਈਟ ਵਿੱਚ ਸ਼ੂਟ ਹੋਇਆ 'ਇਨ੍ਹੀਂ ਲੋਗੋਂ ਨੇ ਲੇ ਲੀਨਾ' ਦਾ ਇੱਕ ਕਲਿੱਪ ਵੀ ਤੁਹਾਨੂੰ ਯੂਟਿਊਬ 'ਤੇ ਮਿਲ ਜਾਵੇਗਾ, ਜਿਸ ਵਿੱਚ ਮੀਨਾ ਕੁਮਾਰੀ ਡਾਂਸ ਕਰਦੇ ਨਜ਼ਰ ਆਉਂਦੇ ਹਨ।
ਛੇ ਮਹੀਨਿਆਂ ਵਿੱਚ ਬਣਿਆ ਬਜ਼ਾਰ-ਏ-ਹੁਸਨ ਦਾ ਸੈੱਟ
ਪਾਕੀਜ਼ਾ, ਜਿੰਨੀ ਆਪਣੀ ਅਦਾਕਾਰੀ ਅਤੇ ਨਿਰਦੇਸ਼ਨ ਲਈ ਜਾਣੀ ਜਾਂਦੀ ਹੈ ਓਨੀ ਹੀ ਹੋਰ ਚੀਜ਼ਾਂ ਲਈ ਵੀ, ਜਿਵੇਂ ਕਿ ਫਿਲਮ ਦੇ ਸੈੱਟ ਲਈ।
ਕਮਾਲ ਅਮਰੋਹੀ ਨੇ ਦਿੱਲੀ ਅਤੇ ਲਖਨਊ ਦੇ ਕੋਠਿਆਂ ਦੀ ਦੁਨੀਆ ਨੂੰ ਆਪਣੀ ਕਲਪਨਾ ਅਨੁਸਾਰ ਬੇਹਤਰੀਨ ਢੰਗ ਨਾਲ ਢਾਲਣ ਦੀ ਕੋਸ਼ਿਸ਼ ਕੀਤੀ।
'ਬਾਜ਼ਾਰ-ਏ-ਹੁਸਨ' ਦਾ ਸੈੱਟ, ਜਿੱਥੇ 'ਇਨ੍ਹੀਂ ਲੋਗੋਂ ਨੇ' ਗਾਣੇ ਦੀ ਸ਼ੂਟਿੰਗ ਹੋਈ ਸੀ, ਉਸ ਨੂੰ ਬਣਾਉਣ 'ਚ ਲਗਭਗ ਛੇ ਮਹੀਨੇ ਲੱਗੇ ਸਨ।
ਗਹਿਣੇ ਜੈਪੁਰ ਤੋਂ ਮੰਗਵਾਏ ਗਏ ਸਨ ਅਤੇ ਸ਼ੂਟਿੰਗ ਦੌਰਾਨ ਸਾਹਿਬਜਾਨ (ਮੀਨਾ ਕੁਮਾਰੀ) ਦੇ ਕਮਰੇ ਵਿੱਚ ਬੇਹਤਰੀਨ ਅਤੇ ਅਸਲੀ ਇੱਤਰ ਦੀਆਂ ਸ਼ੀਸ਼ੀਆਂ ਰੱਖੀਆਂ ਜਾਂਦੀਆਂ ਸਨ।
ਮੀਨਾ ਕੁਮਾਰੀ ਨੇ ਪੋਸ਼ਾਕ ਡਿਜ਼ਾਈਨਿੰਗ ਦੀ ਜ਼ਿੰਮੇਵਾਰੀ ਆਪ ਲਈ ਸੀ ਅਤੇ ਫਿਲਮ ਦੇ ਕ੍ਰੈਡਿਟ ਤੋਂ ਇਸਦੀ ਜਾਣਕਾਰੀ ਵੀ ਮਿਲਦੀ ਹੈ।
ਸ਼ੂਟਿੰਗ ਦੌਰਾਨ ਸੰਗੀਤਕਾਰ ਅਤੇ ਸਿਨੇਮੈਟੋਗ੍ਰਾਫਰ ਦੀ ਮੌਤ
ਪਾਕੀਜ਼ਾ ਇੱਕ ਤਵਾਇਫ਼ ਦੀ ਕਹਾਣੀ ਹੈ ਅਤੇ ਇਸ ਫ਼ਿਲਮ ਦਾ ਸੰਗੀਤ ਅਤੇ ਇੱਕ-ਇੱਕ ਗੀਤ ਇਸ ਕਹਾਣੀ ਦੀ ਰੂਹ ਹੈ। ਫ਼ਿਲਮ ਦੀ ਸ਼ੁਰੂਆਤ ਹੀ ਘੁੰਗਰੂਆਂ ਦੀ ਥਾਪ ਨਾਲ ਹੁੰਦੀ ਹੈ ਅਤੇ ਤੁਸੀਂ ਸਮਝ ਜਾਂਦੇ ਹੋ ਕਿ ਇਹ ਸਫ਼ਰ ਸੰਗੀਤ ਨਾਲ ਭਰਪੂਰ ਹੋਣ ਵਾਲਾ ਹੈ।
ਉਂਝ ਤਾਂ ਗੁਲਾਮ ਮੁਹੰਮਦ ਇੱਕ ਸਤਿਕਾਰਤ ਸੰਗੀਤਕਾਰ ਸਨ, ਪਰ ਉਸ ਸਮੇਂ ਹੋਰ ਸੰਗੀਤਕਾਰਾਂ ਦਾ ਬੋਲਬਾਲਾ ਸੀ। ਪਰ ਕਮਾਲ ਅਮਰੋਹੀ ਦੀ ਜ਼ਿੱਦ ਸੀ ਕਿ ਫ਼ਿਲਮ ਦਾ ਸੰਗੀਤ ਗੁਲਾਮ ਮੁਹੰਮਦ ਹੀ ਦੇਣਗੇ। ਕਮਾਲ ਅਮਰੋਹੀ ਨੇ 12 ਧੁਨਾਂ ਵਿੱਚੋਂ 6 ਧੁਨਾਂ ਰੱਖੀਆਂ ਅਤੇ ਅੱਜ ਦੀ ਤਾਰੀਖ 'ਚ ਇੱਕ-ਇੱਕ ਗੀਤ ਨਗੀਨਾ ਮੰਨਿਆ ਜਾਂਦਾ ਹੈ।
ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਹੀ ਗ਼ੁਲਾਮ ਮੁਹੰਮਦ ਗੁਜ਼ਰ ਗਏ ਤਾਂ ਨੌਸ਼ਾਦ ਸਾਹਿਬ ਨੇ ਬੈਕਗ੍ਰਾਊਂਡ ਸਕੋਰ ਪੂਰਾ ਕੀਤਾ।
'ਇਨ੍ਹੀਂ ਲੋਗੋਂ ਨੇ..' ਸੰਗੀਤ, ਬੋਲ, ਸਿਨੇਮੈਟੋਗ੍ਰਾਫੀ ਅਤੇ ਗਾਇਨ, ਹਰ ਤਰ੍ਹਾਂ ਨਾਲ ਬੇਮਿਸਾਲ ਹੈ।
ਜਦੋਂ ਮੀਨਾ ਕੁਮਾਰੀ ਗੁਲਾਬੀ ਪਹਿਰਾਵੇ ਵਿੱਚ ਇਹ ਮੁਜਰਾ ਕਰ ਰਹੇ ਹੁੰਦੇ ਹਨ, ਤਾਂ ਤੁਸੀਂ ਬੈਕਗ੍ਰਾਊਂਡ ਵਿੱਚ ਵੱਖ-ਵੱਖ ਕੋਠਿਆਂ 'ਤੇ ਕੁਝ 10-12 ਤਵਾਇਫ਼ਾਂ ਨੂੰ ਨੱਚਦੇ ਹੋਏ ਦੇਖ ਸਕਦੇ ਹੋ। ਕਮਾਲ ਅਮਰੋਹੀ ਨੇ ਸਿਨੇਮਾਸਕੋਪ ਵਿੱਚ ਇਸ ਗੀਤ ਨੂੰ ਬਹੁਤ ਹੀ ਖੂਬਸੂਰਤੀ ਨਾਲ ਸ਼ੂਟ ਕੀਤਾ ਸੀ।
ਸੰਗੀਤਕਾਰ ਦੀ ਤਰ੍ਹਾਂ ਹੀ ਜਰਮਨ ਸਿਨੇਮੈਟੋਗ੍ਰਾਫਰ ਜੋਸੇਫ਼ ਵਰਸ਼ਿੰਗ ਦਾ ਵੀ ਫ਼ਿਲਮ ਦੇ ਵਿਚਕਾਰ ਹੀ ਦੇਹਾਂਤ ਹੋ ਗਿਆ ਅਤੇ ਕਈ ਸਿਨੇਮੈਟੋਗ੍ਰਾਫਰਾਂ ਨੇ ਮਿਲ ਕੇ ਇਸ ਫ਼ਿਲਮ ਦਾ ਕੰਮ ਪੂਰਾ ਕੀਤਾ।
ਕਮਾਲ ਅਮਰੋਹੀ ਪਰਫੈਕਸ਼ਨਿਸਟ ਸਨ

ਤਸਵੀਰ ਸਰੋਤ, TAJDAR AMROHI
ਉਂਝ ਤਾਂ 'ਇਨ੍ਹੀਂ ਲੋਗੋਂ ਨੇ' ਵਾਲਾ ਗੀਤ ਹਿੰਦੀ ਸਿਨੇਮਾ 'ਚ ਕਈ ਵਾਰ ਫਿਲਮਾਇਆ ਜਾ ਚੁੱਕਿਆ ਹੈ। ਚਾਹੇ ਉਹ 1941 'ਚ ਫ਼ਿਲਮ 'ਹਿੰਮਤ' ਲਈ ਸ਼ਮਸ਼ਾਦ ਬੇਗ਼ਮ ਦਾ ਗਾਇਆ ਗੀਤ ਹੋਵੇ ਜਾਂ 'ਆਬਰੂ' ਵਿੱਚ ਯਾਕੂਬ ਵੱਲੋਂ ਗਾਇਆ ਗਿਆ ਵਰਜ਼ਨ।
ਮੇਘਨਾਦ ਦੇਸਾਈ ਆਪਣੀ ਕਿਤਾਬ ਵਿੱਚ ਫਿਲਮ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਦੱਸਦੇ ਹਨ। ਉਹ ਲਿਖਦੇ ਹਨ, "ਕਮਾਲ ਅਮਰੋਹੀ ਨੇ ਫਿਲਮ ਲਈ ਵਿਦੇਸ਼ ਜਾ ਕੇ ਲੈਂਸ ਖਰੀਦੇ, ਪਰ ਉਸ ਵੇਲੇ ਲੈਂਸ ਕੈਮਰੇ 'ਚ ਲੱਗੇ ਹੋਏ ਨਹੀਂ ਆਉਂਦੇ ਸਨ। ਉਨ੍ਹਾਂ ਨੂੰ ਫਿੱਟ ਕਰਨਾ ਇੱਕ ਔਖਾ ਕੰਮ ਸੀ। ਖੈਰ, ਅਮਰੋਹੀ ਨੇ ਲੈਂਸ ਨਾਲ ਸ਼ੂਟਿੰਗ ਕੀਤੀ, ਪਰ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਕਿਹਾ ਕਿ ਸਭ ਕੁਝ ਆਊਟ ਆਫ਼ ਫ਼ੋਕਸ ਹੈ। ਕੋਈ ਮਾਹਰ ਇਹ ਮੰਨਣ ਲਈ ਤਿਆਰ ਨਹੀਂ ਸੀ।"
"ਆਖਿਰਕਾਰ ਐੱਮਜੀਐੱਮ ਕੰਪਨੀ ਲੰਡਨ ਵਿੱਚ ਟੈਸਟ ਕਰਵਾਉਣ ਲਈ ਰਾਜ਼ੀ ਹੋਈ। ਫਿਰ ਹਾਲੀਵੁੱਡ ਲੈਬ ਵਿੱਚ ਵੀ ਟੈਸਟ ਹੋਇਆ ਤਾਂ ਪਤਾ ਲੱਗਿਆ ਕਿ 1000 ਦੇ ਇੱਕਵੇਂ ਹਿੱਸੇ ਦੇ ਮਾਰਜਿਨ ਤੋਂ ਲੈਂਸ ਆਊਟ ਆਫ਼ ਫੋਕਸ ਸੀ। ਇਸ ਹੱਦ ਤੱਕ ਅਮਰੋਹੀ ਪਰਫੈਕਸ਼ਨਿਸਟ ਸਨ।"
ਸੰਗੀਤ ਅਤੇ ਬੋਲ ਵੀ ਬੇਮਿਸਾਲ
ਹੋਰ ਪਹਿਲੂਆਂ ਦੀ ਗੱਲ ਕਰੀਏ ਤਾਂ, ਪੂਰੀ ਫਿਲਮ ਵਿੱਚ ਸਾਊਂਡ ਦਾ ਸ਼ਾਨਦਾਰ ਇਸਤੇਮਾਲ ਹੋਇਆ ਹੈ - ਰਾਤ ਦੀ ਚੁੱਪ ਨੂੰ ਵਾਰ-ਵਾਰ ਚੀਰਦੀ ਰੇਲਗੱਡੀ ਦੀ ਉਹ ਸੀਟੀ, ਜੋ ਸਾਹਿਬਜਾਨ ਨੂੰ ਉਸ ਅਣਜਾਣ ਸ਼ਖਸ ਦੀ ਯਾਦ ਦਿਵਾਉਂਦੀ ਹੈ ਜਿਸਨੇ ਤਵਾਇਫ਼ ਦੀ ਪਹਿਚਾਣ ਤੋਂ ਪਰ੍ਹੇ ਉਸਨੂੰ ਦੇਖਿਆ ਅਤੇ ਸਾਹਿਬਜਾਨ ਦੇ ਦਿਲ ਵਿੱਚ ਉਮੀਦ ਜਗਾਈ।
ਅਤੇ ਦੂਸਰਾ, ਲਤਾ ਦੀ ਆਵਾਜ਼ 'ਚ ਉਹ ਆਲਾਪ ਜੋ ਹਰ ਵਾਰ ਸੁਣਾਈ ਦਿੰਦਾ ਹੈ, ਜਦੋਂ ਸਾਹਿਬਜਾਨ ਡੂੰਘੀ ਉਦਾਸੀ 'ਚ ਹੁੰਦੀ ਹੈ।
ਮਜਰੂਹ ਸੁਲਤਾਨਪੁਰੀ (ਠਾੜੇ ਰਹਿਓ..), ਕੈਫੀ ਆਜ਼ਮੀ (ਚਲਤੇ ਚਲਤੇ ਯੂੰ ਹੀ ਕੋਈ..), ਕੈਫ਼ ਭੋਪਾਲੀ (ਚਲੋ ਦਿਲਦਾਰ ਚਲੋ..) ਵਰਗੇ ਮਹਾਨ ਗੀਤਕਾਰਾਂ ਦੇ ਬੋਲ ਇਸ ਫ਼ਿਲਮ ਵਿੱਚ ਹਨ। 'ਮੌਸਮ ਹੈ ਆਸ਼ਿਕਾਨਾ..' ਦੇ ਬੋਲ ਤਾਂ ਆਪ ਕਮਾਲ ਅਮਰੋਹੀ ਨੇ ਹੀ ਲਿਖੇ ਹਨ।
ਪਾਕੀਜ਼ਾ ਨੂੰ ਮਿਲੇ ਸਨ ਖਰਾਬ ਰੀਵਿਊ
ਫਿਲਮ ਦਾ ਸੰਗੀਤ ਹੋਵੇ ਜਾਂ ਬੋਲ ਜਾਂ ਇਸਦੇ ਡਾਇਲਾਗ... ਹਰ ਪਹਿਲੂ 'ਚ ਗਰਿਰਾਈ ਤੇ ਕੋਮਲਤਾ ਝਲਕਦੀ ਹੈ। ਮਿਸਾਲ ਵਜੋਂ, ਇੱਕ ਰਈਸ ਸਾਹਿਬਜਾਨ ਨੂੰ ਆਪਣੇ ਨਾਲ ਰਾਤ ਬਿਤਾਉਣ ਲਈ ਇੱਕ ਸ਼ਿਕਾਰੇ 'ਤੇ ਲੈ ਕੇ ਜਾਂਦਾ ਹੈ।
ਪਰ ਸਾਹਿਬਜਾਨ ਤਾਂ ਕਿਸੇ ਅਣਜਾਣ ਸ਼ਖਸ ਦੇ ਪਿਆਰ 'ਚ ਗੁਆਚ ਚੁੱਕੀ ਹੈ। ਖਿਆਲਾਂ 'ਚ ਗੁਆਚੀ ਸਾਹਿਬਜਾਨ ਨੂੰ ਦੇਖ ਕੇ ਉਹ ਸ਼ਖਸ ਕਹਿੰਦਾ-"ਤੁਮ੍ਹੇਂ ਖਰੀਦਾ ਤੋ ਥਾ ਪਰ ਨੁਕਸਾਨ ਹੋ ਗਯਾ। ਦਿਲ ਕਹਿਤਾ ਹੈ ਤੁਮ ਕੋਈ ਚੁਰਾਈ ਹੁਈ ਚੀਜ਼ ਹੋ, ਜਿਸੇ ਖਰੀਦਨਾ ਜੁਰਮ ਹੈ।"
4 ਫਰਵਰੀ 1972 ਨੂੰ ਜਦੋਂ ਇਹ ਫਿਲਮ ਰਿਲੀਜ਼ ਹੋਈ, ਤਾਂ ਇਹ ਆਪਣੇ ਹੋਂਦ 'ਚ ਆਉਣ ਤੋਂ ਲਗਭਗ 15 ਸਾਲਾਂ ਬਾਅਦ ਪਰਦੇ 'ਤੇ ਆ ਰਹੀ ਸੀ। ਉਸ ਵੇਲੇ ਤੱਕ ਸਿਨੇਮਾ ਪ੍ਰੇਮੀ ਅਮਿਤਾਭ ਬੱਚਨ ਦੀ ਦੁਨੀਆ 'ਚ ਕਦਮ ਰੱਖ ਚੁੱਕੇ ਸਨ।
ਹੌਲੀ ਅਤੇ ਸ਼ਾਇਰਾਨਾ ਅੰਦਾਜ਼ 'ਚ ਬਣੀ ਇਸ ਫਿਲਮ ਨੂੰ ਪਹਿਲੇ ਦਿਨ ਆਲੋਚਕਾਂ ਨੇ ਬਹੁਤ ਮਾੜੇ ਰੀਵਿਊ ਦਿੱਤੇ।
ਵਿਨੋਦ ਮਹਿਤਾ ਨੇ ਆਪਣੀ ਕਿਤਾਬ 'ਮੀਨਾ ਕੁਮਾਰੀ ਦਿ ਕਲਾਸਿਕ ਬਾਇਓਗ੍ਰਾਫੀ' 'ਚ ਲਿਖਿਆ, "ਉਸ ਸਮੇਂ 'ਟਾਈਮਜ਼ ਆਫ਼ ਇੰਡੀਆ' ਨੇ ਪਾਕੀਜ਼ਾ ਨੂੰ ਲੈਵਿਸ਼ ਵੇਸਟ ਕਰਾਰ ਦਿੱਤਾ ਸੀ, ਮਤਲਬ ਕਿ ਇੱਕ ਆਲੀਸ਼ਾਨ ਬਰਬਾਦੀ। ਜਦਕਿ ਫਿਲਮਫੇਅਰ ਕ੍ਰਿਟਿਕਸ ਨੇ ਪਾਕੀਜ਼ਾ ਨੂੰ ਸਿਰਫ਼ ਇੱਕ ਸਟਾਰ ਦਿੱਤਾ ਸੀ।"
ਪਰ ਮਰਾਠਾ ਮੰਦਰ ਚ ਰਿਲੀਜ਼ ਹੋਈ ਪਾਕੀਜ਼ਾ ਹੌਲੀ-ਹੌਲੀ ਆਪਣਾ ਜਾਦੂ ਫੈਲਾਉਣ ਲੱਗੀ।
ਇਤਿਹਾਸ 'ਚ ਦਰਜਪਾਕੀਜ਼ਾ
ਫਿਲਮਫੇਅਰ 'ਚ ਪਾਕੀਜ਼ਾ ਨੂੰ ਕਈ ਪੁਰਸਕਾਰ ਮਿਲਣ ਦੀ ਉਮੀਦ ਸੀ, ਪਰ ਲੋਕਾਂ ਨੂੰ ਉਸ ਸਮੇਂ ਕਾਫੀ ਹੈਰਾਨੀ ਹੋਈ ਜਦੋਂ ਸਰਵੋਤਮ ਫਿਲਮ, ਸਰਵੋਤਮ ਨਿਰਦੇਸ਼ਕ ਅਤੇ ਸਰਵੋਤਮ ਸੰਗੀਤ ਦਾ ਪੁਰਸਕਾਰ ਫਿਲਮ 'ਬੇਈਮਾਨ' ਨੂੰ ਮਿਲਿਆ।
ਜਦੋਂ ਪ੍ਰਾਣ ਨੂੰ ਫਿਲਮ 'ਬੇਈਮਾਨ' ਲਈ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਮਿਲਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਇਸਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੀ ਆਪਣੀ ਫਿਲਮ 'ਬੇਈਮਾਨ' ਦੀ ਬਜਾਏ 'ਪਾਕੀਜ਼ਾ' ਸਰਵੋਤਮ ਸੰਗੀਤ ਪੁਰਸਕਾਰ ਦੀ ਹੱਕਦਾਰ ਹੈ।
ਪਰ ਇਸ ਸਭ ਤੋਂ ਪਰੇ 'ਪਾਕੀਜ਼ਾ' ਕਈ ਤਰੀਕਿਆਂ ਨਾਲ ਖਾਸ ਰਹੀ। ਇਹ ਫਿਲਮ 4 ਫਰਵਰੀ 1972 ਨੂੰ ਰਿਲੀਜ਼ ਹੋਈ ਅਤੇ 31 ਮਾਰਚ 1972 ਨੂੰ ਮੀਨਾ ਕੁਮਾਰੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸਿਨੇਮਾ ਪ੍ਰੇਮੀਆਂ ਲਈ 'ਪਾਕੀਜ਼ਾ' ਉਨ੍ਹਾਂ ਦਾ ਆਖਰੀ ਤੋਹਫ਼ਾ ਸੀ।

ਤਸਵੀਰ ਸਰੋਤ, PAKEEZAH POSTER
ਕਮਾਲ ਅਮਰੋਹੀ ਨੇ ਆਪਣੀ ਜ਼ਿੰਦਗੀ 'ਚ ਸਿਰਫ਼ ਚਾਰ ਹੀ ਫ਼ਿਲਮਾਂ ਬਣਾਈਆਂ, ਜਿਨ੍ਹਾਂ ਵਿੱਚੋਂ ਪਾਕੀਜ਼ਾ ਨੇ ਉਨ੍ਹਾਂ ਨੂੰ ਸਿਨੇਮਾ ਦੇ ਇਤਿਹਾਸ ਵਿੱਚ ਸਦਾ ਲਈ ਦਰਜ ਕਰ ਦਿੱਤਾ।
ਫਿਲਮ ਦੇ ਅੰਤ ਵਿੱਚ ਇੱਕ ਸੀਨ ਹੈ ਜਿੱਥੇ ਸਾਹਿਬਜਾਨ ਨੂੰ ਸਲੀਮ (ਰਾਜ ਕੁਮਾਰ) ਦੇ ਵਿਆਹ ਲਈ ਮੁਜਰੇ ਦਾ ਸੱਦਾ ਮਿਲਦਾ ਹੈ। ਉਹ ਪਹਿਲਾਂ ਹੀ ਸਲੀਮ ਨਾਲ ਵਿਆਹ ਦੀ ਪੇਸ਼ਕਸ਼ ਨੂੰ ਠੁਕਰਾ ਚੁੱਕੀ ਹੈ।
ਸਾਹਿਬਜਾਨ (ਮੀਨਾ ਕੁਮਾਰੀ) ਦਿਲ ਖੋਲ੍ਹ ਕੇ ਨੱਚਦੀ ਹੈ ਅਤੇ ਉੱਥੇ ਟੁੱਟੇ ਕੱਚ 'ਤੇ ਨੱਚਦੇ ਹੋਏ ਉਸ ਦੇ ਪੈਰਾਂ 'ਚੋਣ ਖੂਨ ਨਿੱਕਲ ਆਉਂਦਾ ਹੈ। ਉਹੀ ਪੈਰ, ਜਿਨ੍ਹਾਂ ਲਈ ਕਦੇ ਰਾਜ ਕੁਮਾਰ ਨੇ ਕਿਹਾ ਸੀ ਕਿ ਇਨ੍ਹਾਂ ਨੂੰ ਜ਼ਮੀਨ 'ਤੇ ਨਾ ਰੱਖਣਾ।
ਪਰ ਇਸ ਫ਼ਿਲਮ ਵਿੱਚ ਆਖ਼ਰਕਾਰ ਇੱਕ ਔਰਤ ਹੀ ਔਰਤ ਲਈ ਆਵਾਜ਼ ਉਠਾਉਂਦੀ ਹੈ। ਸਾਹਿਬਜਾਨ ਦੀ ਮਾਸੀ ਖੁਦ ਕੋਠਾ ਚਲਾਉਂਦੀ ਹੈ ਅਤੇ ਉਹ ਸਾਹਿਬਜਾਨ ਦੀ ਮਾਂ ਨਾਲ ਹੋਈ ਬੇਇਨਸਾਫੀ ਦੇਖ ਚੁੱਕੀ ਹੈ। ਆਖਰ ਉਹੀ ਸਾਹਿਬਜਾਨ ਨੂੰ ਉਸਦਾ ਹੱਕ ਦਿਵਾਉਂਦੀ ਹੈ।
ਫਿਲਮ ਵਿੱਚ ਮੀਨਾ ਕੁਮਾਰੀ ਦੀ ਦੋਹਰੀ ਭੂਮਿਕਾ ਹੈ - ਤਵਾਇਫ਼ ਮਾਂ, ਜੋ ਅਸ਼ੋਕ ਕੁਮਾਰ ਦੀ ਧੀ ਸਾਹਿਬਜਾਨ ਨੂੰ ਜਨਮ ਦੇਣ ਤੋਂ ਬਾਅਦ ਗੁਜ਼ਰ ਜਾਂਦੀ ਹੈ।
ਹਾਲਾਂਕਿ ਇਹ ਫਿਲਮ ਉਸ ਫਰੇਮ 'ਤੇ ਖਤਮ ਹੋ ਸਕਦੀ ਸੀ ਜਦੋਂ ਅੰਤ 'ਚ ਮੀਨਾ ਕੁਮਾਰੀ ਇੱਕ ਦੁਲਹਨ ਬਣ ਕੇ ਕੋਠੇ ਤੋਂ ਵਿਦਾ ਹੁੰਦੀ ਹੈ ਅਤੇ ਉਸਦਾ ਨਿਕਾਹ ਰਾਜ ਕੁਮਾਰ ਨਾਲ ਹੋ ਜਾਂਦਾ ਹੈ।
ਉਹ ਇੱਕ ਸੋਹਣਾ ਮੰਜ਼ਰ ਹੁੰਦਾ, ਪਰ ਕਮਲ ਅਮਰੋਹੀ ਫਿਲਮ 'ਪਾਕੀਜ਼ਾ' ਨੂੰ ਉਸੇ ਕੋਠੇ ਦੀ ਇੱਕ ਅਣਜਾਣ ਤਵਾਇਫ਼ ਦੇ ਚਿਹਰੇ 'ਤੇ ਲਿਆ ਕੇ ਖ਼ਤਮ ਕਰਦੇ ਹਨ- ਉਸਦੀਆਂ ਅੱਖਾਂ 'ਚ ਵੀ ਉਹੀ ਤਲਾਸ਼, ਉਹੀ ਸਵਾਲ, ਉਹੀ ਤੜਪ ਹੈ ਜੋ ਸਾਹਿਬਜਾਨ ਦੀਆਂ ਅੱਖਾਂ 'ਚ ਸੀ।
ਸ਼ਾਇਦ ਇੱਕ ਹੋਰ ਸਾਹਿਬਜਾਨ ਇੱਥੋਂ ਜਨਮ ਲਵੇਗੀ ਅਤੇ ਉੱਥੇ ਹੀ ਕੈਦ ਹੋ ਕੇ ਰਹਿ ਜਾਵੇਗੀ।
ਬੇਮਿਸਾਲ ਅਦਾਕਾਰੀ, ਖ਼ੂਬਸੂਰਤ ਲਿਬਾਸ, ਨੱਕਾਸ਼ੀ ਵਾਲੇ ਆਲੀਸ਼ਾਨ ਮਹਿਲ, ਕੀਮਤੀ ਗਹਿਣੇ, ਮਨਮੋਹਕ ਨਜ਼ਾਰਿਆਂ ਨਾਲ ਸਜੇ ਕੈਮਰੇ ਦਾ ਹਰ ਫਰੇਮ, ਸੰਗਮਰਮਰ ਵਾਂਗ ਤਰਾਸ਼ਿਆ ਹੋਇਆ ਸੰਗੀਤ, ਸ਼ਾਇਰਾਨਾ ਸੰਵਾਦ ਅਤੇ ਗੀਤ- 'ਪਾਕੀਜ਼ਾ' ਦੇਖਣ ਵੇਲੇ ਇਹ ਸਮਝਣਾ ਮੁਸ਼ਕਿਲ ਹੈ ਕਿ ਤੁਸੀਂ ਕਿਸ ਲਈ ਇਹ ਫਿਲਮ ਦੇਖਣਾ ਚਾਹੁੰਦੇ ਹੋ।
ਵਿਨੋਦ ਮਹਿਤਾ, ਮੀਨਾ ਕੁਮਾਰੀ ਵਜੋਂ ਕਿਤਾਬ ਵਿੱਚ ਲਿਖਦੇ ਹਨ- "ਪਾਕੀਜ਼ਾ ਇੱਕ ਅਜਿਹਾ ਸੁਪਨਾ ਸੀ, ਜਿਸ ਦੇ ਪਿੱਛੇ ਉਨ੍ਹਾਂ ਦੀ (ਕਮਾਲ ਅਮਰੋਹੀ) ਦੀ ਰੂਹ ਸਾਲਾਂ ਤੋਂ ਭਟਕਦੀ ਰਹੀ ਹੈ। ਇਹ ਉਹ ਮਹਿਬੂਬਾ ਹੈ, ਜਿਹੜੀ ਉਨ੍ਹਾਂ ਦੀ ਕਲਪਨਾ 'ਚ ਪਤਾ ਨਹੀਂ ਕਦੋਂ ਤੋਂ ਵੱਸੀ ਹੋਈ ਸੀ।''
ਅਸਲ ਜ਼ਿੰਦਗੀ 'ਚ ਮੀਨਾ ਕੁਮਾਰੀ ਅਤੇ ਕਮਾਲ ਅਮਰੋਹੀ ਦੀ ਅਧੂਰੀ ਪ੍ਰੇਮ ਕਹਾਣੀ ਭਾਵੇਂ ਅਧੂਰੀ ਹੀ ਰਹੀ, ਪਰ ਦੋਵਾਂ ਨੇ ਮਿਲ ਕੇ 'ਪਾਕੀਜ਼ਾ' ਦਾ ਆਲੀਸ਼ਾਨ ਸੁਪਨਾ ਜ਼ਰੂਰ ਪੂਰਾ ਕੀਤਾ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












