ਇਹ ਪਿਓ ਪੁੱਤ ਨੂੰ ਲੱਗੀ ਗੋਲੀ ਜੇਬ ’ਚ ਲੈ ਕੇ ਪੁੱਛ ਰਿਹਾ, ‘ਕਿਸ ਨੇ ਮਾਰੀ ਗੋਲੀ’

ਤਸਵੀਰ ਸਰੋਤ, DEVASHISH KUMAR
- ਲੇਖਕ, ਰਾਘਵੇਂਦਰ ਰਾਓ
- ਰੋਲ, ਬੀਬੀਸੀ ਪੱਤਰਕਾਰ, ਮਣੀਪੁਰ ਤੋਂ ਪਰਤ ਕੇ
ਭਾਰਤੀ ਫੌਜ ਤੋਂ ਸੇਵਾਮੁਕਤ ਹੋ ਚੁੱਕੇ ਸਾਈਖੋਮ ਰਾਕੇਟ ਆਪਣੀ ਜੇਬ ਵਿੱਚੋਂ ਬੰਦੂਕ ਦੀ ਇੱਕ ਗੋਲੀ ਕੱਢਦੇ ਹੋਏ ਕਹਿੰਦੇ ਹਨ ਕਿ ਇਹ ਉਹੀ ਗੋਲੀ ਹੈ ਜਿਸ ਨੇ ਉਸ ਦੇ ਪੁੱਤ ਦੀ ਜਾਨ ਲੈ ਲਈ।
10 ਜੁਲਾਈ ਦੀ ਸਵੇਰ ਨੂੰ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਇੰਫਾਲ ਤੋਂ ਕੁਝ ਦੂਰੀ 'ਤੇ ਕਦੰਗਬੰਦ ਇਲਾਕੇ 'ਚ ਗੋਲੀਬਾਰੀ ਹੋਈ ਹੈ, ਜਿਸ 'ਚ ਉਨ੍ਹਾਂ ਦਾ 28 ਸਾਲਾ ਪੁੱਤਰ ਸਾਈਖੋਮ ਸ਼ੁਬੋਲ ਜ਼ਖ਼ਮੀ ਹੋ ਗਿਆ ਹੈ।
ਉਹ ਕਹਿੰਦੇ ਹਨ, "ਜਦੋਂ ਅਸੀਂ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਲੱਤ 'ਚ ਗੋਲੀ ਲੱਗੀ ਹੈ। ਮੈਂ ਸੋਚਿਆ ਕਿ ਜੇਕਰ ਲੱਤ 'ਚ ਗੋਲੀ ਲੱਗ ਗਈ ਤਾਂ ਇਲਾਜ ਨਾਲ ਠੀਕ ਹੋ ਜਾਵੇਗਾ। ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਮੇਰਾ ਬੱਚਾ ਮਰ ਗਿਆ ਹੈ।"
ਸਾਈਖੋਮ ਸ਼ੁਬੋਲ ਪਿਛਲੇ ਕੁਝ ਦਿਨਾਂ ਤੋਂ ਮੈਤਈ ਭਾਈਚਾਰੇ ਦੀ ਇੱਕ ਗ੍ਰਾਮੀਣ ਰੱਖਿਆ ਕਮੇਟੀ ਵਿੱਚ ਵਲੰਟੀਅਰ ਵਜੋਂ ਕੰਮ ਕਰ ਰਹੇ ਸਨ।
ਇਹ ਕਮੇਟੀਆਂ ਉਨ੍ਹਾਂ ਖੇਤਰਾਂ ਵਿੱਚ ਸਰਗਰਮ ਹਨ ਜਿੱਥੇ ਮੈਤਈ ਅਤੇ ਕੁਕੀ ਭਾਈਚਾਰਿਆਂ ਦਰਮਿਆਨ ਹਿੰਸਾ ਦੀ ਜ਼ਿਆਦਾ ਸੰਭਾਵਨਾ ਹੈ।
10 ਜੁਲਾਈ ਦੀ ਸਵੇਰ ਨੂੰ, ਸ਼ੁਬੋਲ ਇੰਫਾਲ ਘਾਟੀ ਦੇ ਨੇੜੇ ਪਹਾੜੀ ਖੇਤਰਾਂ ਵਿੱਚ ਹਥਿਆਰਬੰਦ ਸਮੂਹਾਂ ਵਿਚਕਾਰ ਚੱਲ ਰਹੀ ਹਿੰਸਾ ਦੀ ਗੋਲੀਬਾਰੀ ਵਿੱਚ ਫਸ ਗਏ ਸਨ।

ਤਸਵੀਰ ਸਰੋਤ, DEVASHISH KUMAR
ਸਾਈਖੋਮ ਰਾਕੇਟ ਇਸ ਗੱਲ ਦੀ ਜਾਂਚ ਕਰਵਾਉਣਾ ਚਾਹੁੰਦੇ ਹਨ ਕਿ ਗੋਲੀ ਕਿਸ ਨੇ ਚਲਾਈ, ਜਿਸ ਨਾਲ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ।
ਨਾਲ ਹੀ, ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਹੈ ਕਿ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹਿੰਸਾ ਰੁਕ ਕਿਉਂ ਨਹੀਂ ਰਹੀ?
ਉਹ ਕਹਿੰਦੇ ਹਨ, "ਮੈਂ ਉਨ੍ਹਾਂ ਲੋਕਾਂ ਨੂੰ ਕਹਿਣਾ ਚਾਹਾਂਗਾ ਜੋ ਸਿਆਸਤ ਕਰਦੇ ਹਨ ਕਿ ਗਲਤ ਕੰਮ ਨਾ ਕਰੋ। ਇਨਸਾਨ ਦੀ ਜਾਨ ਨੂੰ ਖਿਡੌਣਾ ਨਹੀਂ ਸਮਝਣਾ ਚਾਹੀਦਾ। ਇਸ ਸਮੇਂ ਕੇਂਦਰ ਵਿੱਚ ਅਤੇ ਮਣੀਪੁਰ ਵਿੱਚ ਵੀ ਭਾਜਪਾ ਦੀ ਸਰਕਾਰ ਹੈ। ਕੀ ਦੋਵੇਂ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ? ਕਿਉਂ ਨਹੀਂ ਕਰ ਸਕਦੀਆਂ?''
ਮ੍ਰਿਤਕ ਸ਼ੁਬੋਲ ਦੇ ਘਰ ਹਮਦਰਦ ਲੋਕਾਂ ਦੀ ਭੀੜ ਜੁਟ ਗਈ ਹੈ। ਸ਼ੁਬੋਲ ਦੀ ਮਾਂ ਆਪਣੇ ਬੇਟੇ ਨੂੰ ਉਨ੍ਹਾਂ ਕੱਪੜਿਆਂ ਵਿੱਚ ਲੱਭ ਰਹੀ ਹੈ ਜਿਨ੍ਹਾਂ ਨੂੰ ਪਹਿਨ ਕੇ ਉਹ ਫੁੱਟਬਾਲ ਖੇਡਦੇ ਸਨ।
ਸੜਕਾਂ 'ਤੇ ਫੁੱਟਦਾ ਗੁੱਸਾ

ਤਸਵੀਰ ਸਰੋਤ, DEVASHISH KUMAR
ਇਸ ਮੌਤ ਦੀ ਖ਼ਬਰ ਆਉਣ ਦੇ ਕੁਝ ਘੰਟਿਆਂ ਬਾਅਦ ਹੀ ਸਥਾਨਕ ਲੋਕਾਂ ਦਾ ਦਰਦ ਅਤੇ ਗੁੱਸਾ ਇੰਫਾਲ ਦੀਆਂ ਸੜਕਾਂ 'ਤੇ ਭੜਕ ਪਿਆ।
ਸ਼ੁਬੋਲ ਦੇ ਘਰ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਇੰਫਾਲ ਦੇ ਮਸ਼ਹੂਰ ਐਮਾ ਬਾਜ਼ਾਰ ਨੇੜੇ ਵੱਡੀ ਗਿਣਤੀ 'ਚ ਮਹਿਲਾਵਾਂ ਨੇ ਸਾਰੀਆਂ ਸੜਕਾਂ ਜਾਮ ਕਰ ਦਿੱਤੀਆਂ।
ਭਾਰੀ ਪੁਲਿਸ ਮੌਜੂਦਗੀ ਇਸ ਗੱਲ ਨੂੰ ਯਕੀਨੀ ਬਣਾ ਰਹੀ ਸੀ ਕਿ ਇਹ ਔਰਤਾਂ ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਦੇ ਘਰ ਨਾ ਪਹੁੰਚ ਸਕਣ।
ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਜਾਰੀ ਮਣੀਪੁਰ ਦੀ ਨਸਲੀ ਹਿੰਸਾ ਦਾ ਇੱਕ ਹੋਰ ਅਧਿਆਏ ਇੰਫਾਲ ਦੀਆਂ ਸੜਕਾਂ 'ਤੇ ਲਿਖਿਆ ਜਾ ਰਿਹਾ ਸੀ।
ਮੁਜ਼ਾਹਰੇ ਵਿੱਚ ਹਿੱਸਾ ਲੈਂਦਿਆਂ ਨਿਰੂਪਮਾ ਲੈਸ਼ਰਾਮ ਨੇ ਕਿਹਾ, "ਇੱਕ ਨੌਜਵਾਨ ਸਾਡੇ ਲਈ ਮਰ ਗਿਆ। ਪਤਾ ਨਹੀਂ ਕੱਲ੍ਹ ਹੋਰ ਕਿੰਨੇ ਮਰਨਗੇ। ਕਿਰਪਾ ਕਰਕੇ ਸਾਡੀ ਰੱਖਿਆ ਕਰੋ। ਸਾਡੀ ਇਹੀ ਬੇਨਤੀ ਹੈ। ਅਸੀਂ ਮਰਨਾ ਨਹੀਂ ਚਾਹੁੰਦੇ। ਸਾਡਾ ਪਰਿਵਾਰ ਹੈ, ਬੱਚੇ ਹਨ। ਕਿਰਪਾ ਕਰਕੇ ਸਾਨੂੰ ਬਚਾਓ।''
ਇਹ ਮਹਿਲਾਵਾਂ ਇਸ ਗੱਲ ਤੋਂ ਵੀ ਦੁਖੀ ਸਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਣੀਪੁਰ ਹਿੰਸਾ 'ਤੇ ਹੁਣ ਤੱਕ ਕੁਝ ਨਹੀਂ ਕਿਹਾ ਹੈ।

ਤਸਵੀਰ ਸਰੋਤ, DEVASHISH KUMAR
ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਰਣਿਤਾ ਲੈਸ਼ਰਾਮ ਨੇ ਕਿਹਾ, "ਮੈਂ ਮੋਦੀ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਕੀ ਅਸੀਂ ਭਾਰਤੀ ਨਹੀਂ ਹਾਂ? ਜੇਕਰ ਉਹ ਸਾਡੇ ਬਾਰੇ ਥੋੜ੍ਹਾ ਜਿਹਾ ਵੀ ਸੋਚਦੇ ਹਨ, ਸਾਨੂੰ ਭਾਰਤੀ ਮੰਨਦੇ ਹਨ, ਤਾਂ ਆਓ ਦੇਖੋ ਮਣੀਪੁਰ ਵਿੱਚ ਕੀ ਹੋ ਰਿਹਾ ਹੈ। ਇੱਥੇ ਕਾਰੋਬਾਰ ਸਭ ਬੰਦ ਹੈ, ਪੜ੍ਹਾਈ ਬੰਦ ਹੈ, ਸਭ ਕੁਝ ਤਬਾਹ ਹੋ ਰਿਹਾ ਹੈ।''
“ਚੁੱਪ ਕਰਕੇ ਬੈਠਣ ਨਾਲ ਤਾਂ ਹੱਲ ਨਹੀਂ ਨਿਕਲੇਗਾ। ਮਣੀਪੁਰ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਦਾ ਹੱਲ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਹੀ ਮਿਲ ਕੇ ਕਰ ਸਕਦੇ ਹਨ। ਜਲਦੀ ਤੋਂ ਜਲਦੀ ਹੱਲ ਬਾਰੇ ਸੋਚੋ, ਦੋ ਮਹੀਨੇ ਤੋਂ ਵੱਧ ਹੋ ਗਏ ਹਨ।"
3 ਮਈ ਨੂੰ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤੱਕ ਮਣੀਪੁਰ ਵਿੱਚ 142 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 60,000 ਲੋਕ ਬੇਘਰ ਹੋ ਚੁੱਕੇ ਹਨ। ਸੂਬਾ ਸਰਕਾਰ ਮੁਤਾਬਕ ਇਸ ਹਿੰਸਾ 'ਚ ਅੱਗਜ਼ਨੀ ਦੀਆਂ 5000 ਘਟਨਾਵਾਂ ਹੋ ਚੁੱਕੀਆਂ ਹਨ।
ਸੁਪਰੀਮ ਕੋਰਟ ਵਿੱਚ ਦਾਇਰ ਇੱਕ ਤਾਜ਼ਾ ਰਿਪੋਰਟ ਵਿੱਚ, ਮਣੀਪੁਰ ਸਰਕਾਰ ਨੇ ਕਿਹਾ ਕਿ ਹਿੰਸਾ ਨਾਲ ਸਬੰਧਤ ਕੁੱਲ 5,995 ਮਾਮਲੇ ਦਰਜ ਕੀਤੇ ਗਏ ਹਨ ਅਤੇ 6,745 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਫਿਲਹਾਲ ਮਣੀਪੁਰ 'ਚ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਕੋਈ ਆਨ ਰਿਕਾਰਡ ਬੋਲਣ ਨੂੰ ਤਿਆਰ ਨਹੀਂ, ਪਰ ਸੂਬਾ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਸਥਿਤੀ ਹੌਲੀ-ਹੌਲੀ ਸੁਧਰ ਰਹੀ ਹੈ।

ਚੂਰਾਚਾਂਦਪੁਰ ਜਾਂ ਲਮਕਾ?

ਤਸਵੀਰ ਸਰੋਤ, DEVASHISH KUMAR
ਅਸੀਂ ਚੂਰਾਚਾਂਦਪੁਰ ਚਲੇ ਗਏ, ਜਿੱਥੋਂ ਹਿੰਸਾ ਦੀ ਸ਼ੁਰੂਆਤ ਹੋਈ ਸੀ।
ਚੂਰਾਚਾਂਦਪੁਰ ਇੰਫਾਲ ਤੋਂ ਸਿਰਫ 70 ਕਿਲੋਮੀਟਰ ਦੂਰ ਹੈ। ਪਰ ਇੱਥੇ ਪਹੁੰਚਣਾ ਹੁਣ ਸੌਖਾ ਨਹੀਂ ਹੈ।
ਇੰਫਾਲ ਅਤੇ ਚੂਰਾਚਾਂਦਪੁਰ ਦੇ ਵਿਚਕਾਰ ਪੈਂਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਖੇਤਰ ਨੂੰ ਬਫਰ ਜ਼ੋਨ ਬਣਾ ਦਿੱਤਾ ਗਿਆ ਹੈ। ਭਾਰਤੀ ਫੌਜ ਅਤੇ ਅਰਧ ਸੈਨਿਕ ਬਲਾਂ ਦੀਆਂ ਕਈ ਚੌਕੀਆਂ ਵਿੱਚੋਂ ਲੰਘਦੇ ਹੋਏ ਅਸੀਂ ਚੂਰਾਚਾਂਦਪੁਰ ਪਹੁੰਚੇ।
ਹਿੰਸਾ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਇੱਥੇ ਇੱਕ ਯਾਦਗਾਰ ਬਣਾਈ ਗਈ ਹੈ, ਜਿਸ ਨੂੰ “ਯਾਦ ਦੀ ਕੰਧ” (ਵੌਲ ਆਫ਼ ਰੀਮੈਂਬਰੈਂਸ) ਦਾ ਨਾਮ ਦਿੱਤਾ ਗਿਆ ਹੈ।
ਹਰ ਰੋਜ਼ ਸੈਂਕੜੇ ਰੋਂਦੇ ਲੋਕ ਇਸ ਸਮਾਰਕ 'ਤੇ ਹਿੰਸਾ ਵਿੱਚ ਮਾਰੇ ਗਏ ਲੋਕਾਂ ਦੀਆਂ ਤਸਵੀਰਾਂ ਅੱਗੇ ਆਪਣੇ ਦੁੱਖ ਨਾਲ ਜੂਝਦੇ ਹਨ।
ਸਮਾਰਕ 'ਤੇ ਮ੍ਰਿਤਕਾਂ ਦੀਆਂ ਤਸਵੀਰਾਂ 'ਚ ਦੋ ਮਹੀਨੇ ਦੇ ਬੱਚੇ ਦੀ ਤਸਵੀਰ ਵੀ ਸ਼ਾਮਲ ਹੈ। ਸਮਾਰਕ ਦੇ ਸਾਹਮਣੇ ਵਾਲੀ ਗਲੀ ਵਿੱਚ ਹਰ ਰੋਜ਼ ਕਾਲੇ ਕੱਪੜੇ ਪਾ ਕੇ ਦਰਜਨਾਂ ਔਰਤਾਂ ਰੋਸ ਪ੍ਰਦਰਸ਼ਨ ਕਰਦੀਆਂ ਹਨ।

ਤਸਵੀਰ ਸਰੋਤ, DEVASHISH KUMAR
ਅਜਿਹੇ ਹੀ ਇੱਕ ਪ੍ਰਦਰਸ਼ਨ ਦਾ ਹਿੱਸਾ ਬਣੇ ਕ੍ਰਿਸਟੀ ਸੁਆਂਤਕ ਕਹਿੰਦੇ ਹਨ, "ਸਾਡੇ ਕੋਲ ਸਰਕਾਰ ਨਹੀਂ ਹੈ। ਸਾਡੇ ਲਈ ਖੜ੍ਹਾ ਹੋਣ ਵਾਲਾ ਕੋਈ ਨਹੀਂ ਹੈ। ਸਾਡੇ ਲਈ ਬੋਲਣ ਵਾਲਾ ਕੋਈ ਨਹੀਂ ਹੈ। ਅਸੀਂ ਬੱਸ ਇਹੀ ਕਰ ਸਕਦੇ ਹਾਂ ਕਿ ਇੱਥੇ ਆ ਕੇ ਆਪਣੇ ਭਰਾ-ਭੈਣਾਂ ਦਾ ਸੋਗ ਮਨਾਈਏ ਅਤੇ ਇਨਸਾਫ ਦੀ ਮੰਗ ਕਰੀਏ। ਸਾਨੂੰ ਬਚਾ ਲਓ... ਦੁਨੀਆਂ ਲਈ ਇਹੀ ਸਾਡਾ ਸੰਦੇਸ਼ ਹੈ।''
ਕੁਕੀ ਭਾਈਚਾਰੇ ਦੀ ਵੱਡੀ ਆਬਾਦੀ ਵਾਲੇ ਚੂਰਾਚਾਂਦਪੁਰ ਇਲਾਕੇ ਵਿੱਚ ਵੀ ਵੱਖਰੇ ਪ੍ਰਸ਼ਾਸਨ ਦੀ ਮੰਗ ਜ਼ੋਰ ਫੜ੍ਹ ਰਹੀ ਹੈ।
ਸਵਦੇਸ਼ੀ ਕਬਾਇਲੀ ਲੀਡਰਜ਼ ਫੋਰਮ ਦੀ ਸੰਯੋਜਕ ਮੈਰੀ ਜੋਨਸ ਦਾ ਕਹਿਣਾ ਹੈ, "ਅਸੀਂ ਪੂਰੀ ਤਰ੍ਹਾਂ ਵੱਖਰਾ ਪ੍ਰਸ਼ਾਸਨ ਚਾਹੁੰਦੇ ਹਾਂ। ਉਹ ਇੱਕ ਸੂਬਾ ਵੀ ਹੋ ਸਕਦਾ ਹੈ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਵੀ ਹੋ ਸਕਦਾ ਹੈ। ਮੈਨੂੰ ਉਮੀਦ ਹੈ ਕਿ ਕੇਂਦਰ ਸਰਕਰ ਸਮਝ ਨਾਲ ਕੰਮ ਕਰੇਗੀ ਅਤੇ ਮਣੀਪੁਰ ਦੇ ਕਬਾਇਲੀ ਲੋਕਾਂ ਲਈ ਹੱਲ ਲੱਭੇਗੀ।

ਹਿੰਸਾ ਲਈ ਮਣੀਪੁਰ ਸਰਕਾਰ ਅਤੇ ਮੈਤਈ ਭਾਈਚਾਰਾ ਜ਼ਿੰਮੇਵਾਰ?
ਇਸ ਇਲਾਕੇ ਦੇ ਲੋਕ ਹਿੰਸਾ ਲਈ ਮੈਤਈ ਭਾਈਚਾਰੇ ਅਤੇ ਮਣੀਪੁਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।
ਮੈਰੀ ਜੋਨਸ ਦਾ ਕਹਿਣਾ ਹੈ, "ਅਸੀਂ ਆਪਣੇ ਆਪ ਨੂੰ ਮਣੀਪੁਰ ਸਰਕਾਰ ਦਾ ਹਿੱਸਾ ਨਹੀਂ ਮੰਨਦੇ। ਸਾਡੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਹੈ, ਅਸੀਂ ਆਪਣੇ ਆਪ ਨੂੰ ਮਣੀਪੁਰ ਸਰਕਾਰ ਦਾ ਹਿੱਸਾ ਕਿਵੇਂ ਮੰਨ ਸਕਦੇ ਹਾਂ? ਅਸੀਂ ਚਾਹੀਏ ਜਾਂ ਨਾ, ਉਹ ਸਾਨੂੰ ਪਹਿਲਾਂ ਹੀ ਦੂਰ ਕਰ ਚੁੱਕੇ ਹਨ। ਸਾਨੂੰ ਇਸ ਨੂੰ ਸਵੀਕਾਰ ਕਰਨਾ ਪਵੇਗਾ।"
ਜਿਸ ਤਰ੍ਹਾਂ ਮੈਤਈ ਭਾਈਚਾਰੇ ਦੇ ਲੋਕ ਆਪਣੀ ਹਥਿਆਰਬੰਦ ਗ੍ਰਾਮ ਸੁਰੱਖਿਆ ਕਮੇਟੀ ਬਣਾ ਰਹੇ ਹਨ, ਉਸੇ ਤਰ੍ਹਾਂ ਅਸੀਂ ਦੇਖਿਆ ਕਿ ਚੂਰਾਚਾਂਦਪੁਰ ਦੇ ਕਈ ਨੌਜਵਾਨ ਹਥਿਆਰਾਂ ਨਾਲ ਸੜਕਾਂ 'ਤੇ ਉਤਰ ਆਏ ਹਨ।
ਹਿੰਸਾ ਸ਼ੁਰੂ ਹੋਣ ਦੇ ਦੋ ਮਹੀਨੇ ਬਾਅਦ ਮਣੀਪੁਰ ਦੇ ਚੂਰਾਚਾਂਦਪੁਰ ਇਲਾਕੇ ਵਿੱਚ ਮਾਹੌਲ ਥੋੜ੍ਹਾ ਸੁਧਰਿਆ ਹੈ ਪਰ ਇੱਥੇ ਫੈਲਿਆ ਤਣਾਅ ਅਜੇ ਵੀ ਬਰਕਰਾਰ ਹੈ।
ਚੂਰਾਚਾਂਦਪੁਰ ਇੰਫਾਲ ਘਾਟੀ ਤੋਂ ਪੂਰੀ ਤਰ੍ਹਾਂ ਕਟਿਆ ਹੋਇਆ ਹੈ, ਇਸ ਲਈ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਵੀ ਲੰਬਾ ਰਸਤਾ ਬਣਾ ਕੇ ਮਿਜ਼ੋਰਮ ਰਾਹੀਂ ਪਹੁੰਚਾਈਆਂ ਜਾ ਰਹੀਆਂ ਹਨ।
ਹਿੰਸਾ ਦੌਰਾਨ ਆਪਣੇ ਪਿਆਰਿਆਂ ਨੂੰ ਗੁਆਉਣ ਦਾ ਦੁੱਖ ਅੱਜ ਵੀ ਇੱਥੋਂ ਦੇ ਲੋਕਾਂ ਦੇ ਮਨਾਂ ਵਿੱਚ ਮੌਜੂਦ ਹੈ ਅਤੇ ਦੁੱਖ ਦੇ ਨਾਲ-ਨਾਲ ਗੁੱਸਾ ਵੀ ਹੈ। ਗੁੱਸੇ ਦੀ ਭਾਵਨਾ ਇੰਨੀ ਹੈ ਕਿ ਇੱਥੋਂ ਦੇ ਲੋਕਾਂ ਨੇ ਇਸ ਜਗ੍ਹਾ ਦਾ ਨਾਮ ਬਦਲਣ ਦਾ ਫੈਸਲਾ ਕੀਤਾ ਹੈ। ਜਿੱਥੇ ਕਿਤੇ ਚੂਰਾਚਾਂਦਪੁਰ ਲਿਖਿਆ ਹੈ, ਉਸ ਨੂੰ ਮਿਟਾ ਕੇ ਨਵਾਂ ਨਾਂ ਲਮਕਾ ਲਿਖ ਦਿੱਤਾ ਗਿਆ ਹੈ।
ਲੋਕਾਂ ਦਾ ਕਹਿਣਾ ਹੈ ਕਿ ਚੂਰਾਚਾਂਦਪੁਰ ਦਾ ਨਾਮ ਮਣੀਪੁਰ ਦੇ ਇੱਕ ਮੈਤਈ ਰਾਜੇ ਦੁਆਰਾ ਉਨ੍ਹਾਂ ਉੱਤੇ ਥੋਪਿਆ ਗਿਆ ਸੀ ਅਤੇ ਕਿਉਂਕਿ ਉਹ ਹੁਣ ਇੱਕ ਵੱਖਰੇ ਪ੍ਰਸ਼ਾਸਨ ਦੀ ਮੰਗ ਕਰ ਰਹੇ ਹਨ, ਉਹ ਮਨੀਪੁਰ ਦੇ ਮੈਤਈ ਰਾਜਿਆਂ ਨਾਲ ਸਬੰਧਤ ਕੁਝ ਵੀ ਆਪਣੇ ਜ਼ਹਿਨ ਵਿੱਚ ਨਹੀਂ ਰੱਖਣਾ ਚਾਹੁੰਦੇ।

ਤਸਵੀਰ ਸਰੋਤ, DEVASHISH KUMAR

- ਪਿਛਲੇ ਦੋ ਮਹੀਨਿਆਂ ਤੋਂ ਮਣੀਪੁਰ 'ਚ ਜਾਰੀ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ
- ਮਾਮਲਾ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਸੀ
- ਬਾਕੀ ਕਬੀਲੇ ਮੈਤੇਈ ਨੂੰ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਵਿਰੋਧ ਕਰ ਰਹੇ ਹਨ
- ਇਸ ਮਾਮਲੇ ਨੂੰ ਲੈ ਕੇ ਮੈਤਈ ਤੇ ਕੁਕੀ ਭਚਾਰੀਆਂ ਦਰਮਿਆਨ ਇਹ ਹਿੰਸਾ 3 ਮਈ ਨੂੰ ਸ਼ੁਰੂ ਹੋਈ ਸੀ
- ਉਦੋਂ ਤੋਂ ਹੁਣ ਤੱਕ ਮਣੀਪੁਰ ਵਿੱਚ 142 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਭਗ 60,000 ਬੇਘਰ ਹੋ ਚੁੱਕੇ ਹਨ
- ਸੂਬਾ ਸਰਕਾਰ ਮੁਤਾਬਕ ਇਸ ਹਿੰਸਾ 'ਚ ਅੱਗਜ਼ਨੀ ਦੀਆਂ 5000 ਘਟਨਾਵਾਂ ਹੋ ਚੁੱਕੀਆਂ ਹਨ
- ਮਣੀਪੁਰ ਸਰਕਾਰ ਨੇ ਕਿਹਾ ਕਿ ਹਿੰਸਾ ਨਾਲ ਸਬੰਧਤ ਕੁੱਲ 5,995 ਮਾਮਲੇ ਦਰਜ ਕੀਤੇ ਗਏ ਹਨ
- ਇਨ੍ਹਾਂ ਮਾਮਲਿਆਂ ਵਿੱਚ 6,745 ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ

ਐਨਆਰਸੀ ਦੀ ਮੰਗ
ਜਿੱਥੇ ਇੱਕ ਪਾਸੇ ਪਹਾੜੀ ਖੇਤਰਾਂ ਵਿੱਚ ਵੱਖਰੇ ਪ੍ਰਸ਼ਾਸਨ ਦੀ ਮੰਗ ਉੱਠ ਰਹੀ ਹੈ, ਉੱਥੇ ਹੀ ਦੂਜੇ ਪਾਸੇ ਮੈਦਾਨੀ ਖੇਤਰ ਦੇ ਲੋਕ ਲਗਾਤਾਰ ਇਲਜ਼ਾਮ ਲਾ ਰਹੇ ਹਨ ਕਿ ਮਿਆਂਮਾਰ ਤੋਂ ਮਣੀਪੁਰ ਵਿੱਚ ਦਾਖ਼ਲ ਹੋਏ ਲੋਕਾਂ ਦੀ ਇਸ ਹਿੰਸਾ ਵਿੱਚ ਵੱਡੀ ਭੂਮਿਕਾ ਹੈ।
ਇਸੇ ਲਈ ਘਾਟੀ ਵਿੱਚ ਰਹਿਣ ਵਾਲੇ ਲੋਕ ਹੁਣ ਐਨਆਰਸੀ ਕਰਵਾਉਣ ਅਤੇ ਗੈਰ-ਕਾਨੂੰਨੀ ਢੰਗ ਨਾਲ ਮਣੀਪੁਰ ਵਿੱਚ ਦਾਖਲ ਹੋਏ ਲੋਕਾਂ ਦੀ ਪਛਾਣ ਕਰਨ ਦੀ ਮੰਗ ਕਰ ਰਹੇ ਹਨ।
ਪਹਾੜੀ ਇਲਾਕਿਆਂ ਵਿੱਚ ਰਹਿਣ ਵਾਲੇ ਕੁਕੀ ਭਾਈਚਾਰੇ ਦੇ ਲੋਕ ਇਸ ਗੱਲ ਤੋਂ ਇਨਕਾਰ ਕਰਦੇ ਹਨ।
ਚੂਰਾਚਾਂਦਪੁਰ 'ਚ ਪ੍ਰਦਰਸ਼ਨ ਕਰ ਰਹੇ ਹਾਤਨੇਈਨੇਂਗ ਦਾ ਕਹਿਣਾ ਹੈ, "ਉਹ ਸਾਨੂੰ ਭਾਰਤੀ ਨਹੀਂ ਮੰਨਦੇ। ਉਹ ਸਾਨੂੰ ਬਾਹਰੀ ਸਮਝਦੇ ਹਨ। ਉਹ ਕਹਿੰਦੇ ਹਨ ਕਿ ਅਸੀਂ ਮਿਆਂਮਾਰ ਦੇ ਹਾਂ। ਉਹ ਇਹ ਕਿਵੇਂ ਕਹਿ ਸਕਦੇ ਹਨ?''
''ਅਸੀਂ ਮਿਆਂਮਾਰ ਦੇ ਨਹੀਂ ਹਾਂ। ਅਸੀਂ ਇੱਥੇ ਹੀ ਰਹਿੰਦੇ ਆਏ ਹਾਂ। ਸਾਡੇ ਪੂਰਵਜ ਅੰਗਰੇਜ਼ਾਂ ਦੇ ਨਾਲ ਜੰਗ ਦੌਰਾਨ ਇੱਥੇ ਹੀ ਸਨ। ਅਸੀਂ ਇੱਥੋਂ ਦੇ ਮੂਲ ਵਾਸੀ ਹਾਂ। ਉਹ ਸਾਨੂੰ ਗ਼ੈਰ-ਕਾਨੂੰਨੀ ਪ੍ਰਵਾਸੀ ਕਿਵੇਂ ਕਹਿ ਸਕਦੇ ਹਨ?''

ਨਿੰਗਥੌਜਾ ਲਾਂਚਾ ਇੱਕ ਫਿਲਮ ਨਿਰਮਾਤਾ ਅਤੇ ਸੱਭਿਆਚਾਰ ਵਿਗਿਆਨੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗੈਰ-ਕਾਨੂੰਨੀ ਢੰਗ ਨਾਲ ਮਣੀਪੁਰ ਵਿੱਚ ਦਾਖਲ ਹੋਏ ਲੋਕ ਮੌਜੂਦਾ ਸੰਕਟ ਦਾ ਇੱਕ ਵੱਡਾ ਕਾਰਨ ਹਨ।
ਲਾਂਚਾ ਦਾ ਕਹਿਣਾ ਹੈ, "ਉਨ੍ਹਾਂ ਲੋਕਾਂ ਦੀ ਪਛਾਣ ਕਰਨ ਅਤੇ ਜਾਂਚ ਕਰਨ ਲਈ ਕੋਈ ਨਾ ਕੋਈ ਪ੍ਰਣਾਲੀ ਲਾਗੂ ਕੀਤੀ ਜਾਣੀ ਚਾਹੀਦੀ ਹੈ, ਨਹੀਂ ਤਾਂ ਅਜਿਹੇ ਟਕਰਾਅ ਅਤੇ ਸੰਕਟ ਪੈਦਾ ਹੁੰਦੇ ਰਹਿਣਗੇ।"
ਕਿਉਂਕਿ ਮੈਤਈ ਅਤੇ ਕੁਕੀ ਭਾਈਚਾਰਿਆਂ ਵਿਚਕਾਰ ਹਿੰਸਕ ਝੜਪਾਂ ਜਾਰੀ ਹਨ, ਇਸ ਲਈ ਵੱਡਾ ਸਵਾਲ ਇਹ ਹੈ ਕਿ ਇਹ ਹਿੰਸਾ ਕਦੋਂ ਅਤੇ ਕਿਵੇਂ ਰੁਕੇਗੀ।
ਲਾਂਚਾ ਦਾ ਕਹਿਣਾ ਹੈ ਕਿ "ਕੁੱਝ ਤਰ੍ਹਾਂ ਦੇ ਵਿਸ਼ਵਾਸ-ਬਣਾਉਣ ਵਾਲੇ ਉਪਾਅ ਲਾਗੂ ਕੀਤੇ ਜਾਣੇ ਹਨ। ਪਰ ਦੋ ਭਾਈਚਾਰਿਆਂ ਅਤੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵਿਚਕਾਰ ਵਿਸ਼ਵਾਸ ਦੀ ਕਮੀ ਅਜੇ ਵੀ ਇੱਕ ਵੱਡੀ ਸਮੱਸਿਆ ਹੈ।"

ਤਸਵੀਰ ਸਰੋਤ, DEVASHISH KUMAR
ਸੜੇ ਹੋਏ ਘਰ, ਡਰੇ ਹੋਏ ਚਿਹਰੇ ਅਤੇ ਉਜਾੜ ਪਿੰਡ
ਲਗਭਗ ਦੋ ਮਹੀਨਿਆਂ ਤੋਂ ਚੱਲ ਰਹੀ ਹਿੰਸਾ ਕਾਰਨ ਸੂਬੇ ਦੇ ਵੱਖ-ਵੱਖ ਖੇਤਰਾਂ ਦੇ ਹਜ਼ਾਰਾਂ ਲੋਕ ਆਪਣੇ ਪਿੰਡ ਛੱਡਣ ਲਈ ਮਜਬੂਰ ਹੋਏ ਹਨ।
ਜਦੋਂ ਅਸੀਂ ਅਜਿਹੇ ਹੀ ਇਕ ਪਿੰਡ ਸੁਗਨੂ ਦਾ ਮੁਆਇਨਾ ਕਰਨ ਗਏ ਤਾਂ ਦੇਖਿਆ ਕਿ ਸਥਾਨਕ ਔਰਤਾਂ ਵੱਖ-ਵੱਖ ਥਾਵਾਂ 'ਤੇ ਵਾਹਨਾਂ ਦੀ ਜਾਂਚ ਕਰ ਰਹੀਆਂ ਸਨ।
ਔਰਤਾਂ ਦੇ ਅਜਿਹੇ ਇੱਕ ਸਮੂਹ ਦੀ ਅਗਵਾਈ ਕਰਨ ਵਾਲੀ ਨੌਰੇਮ ਸੁਮਿਤਾ ਨੇ ਕਿਹਾ, "ਅਸੀਂ ਇਨ੍ਹਾਂ ਵਾਹਨਾਂ ਦੀ ਜਾਂਚ ਕਰਦੇ ਹਾਂ। ਕੌਣ ਕੀ ਲੈ ਕੇ ਆ-ਜਾ ਰਿਹਾ ਹੈ। ਕੁਝ ਲੋਕ ਬੰਦੂਕਾਂ ਆਦਿ ਵੀ ਲੈ ਕੇ ਜਾ ਸਕਦੇ ਹਨ ਤਾਂ ਅਸੀਂ ਆਪਣੇ ਪਿੰਡ ਦੀ ਸੁਰੱਖਿਆ ਲਈ ਸਾਰਿਆਂ ਦੀ ਤਲਾਸ਼ੀ ਲੈਂਦੇ ਹਾਂ।''
ਇਹ ਔਰਤਾਂ ਮੈਤਈ ਭਾਈਚਾਰੇ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੂੰ ਡਰ ਹੈ ਕਿ ਕੁਕੀ ਭਾਈਚਾਰੇ ਦੇ ਲੋਕ ਉਨ੍ਹਾਂ 'ਤੇ ਹਮਲਾ ਕਰ ਦੇਣਗੇ। ਸੁਗਨੂ ਨੂੰ ਜਾਣ ਵਾਲੀ ਸੜਕ 'ਤੇ ਸਾਨੂੰ ਹਰ ਕੁਝ ਕਿਲੋਮੀਟਰ 'ਤੇ ਇਸੇ ਤਰ੍ਹਾਂ ਦੀਆਂ ਚੌਕੀਆਂ ਮਿਲੀਆਂ।
ਸੁਗਨੂ ਇੱਕ ਅਜਿਹਾ ਇਲਾਕਾ ਹੈ ਜਿੱਥੇ ਮੈਤਈਅਤੇ ਕੂਕੀ ਦੋਵੇਂ ਭਾਈਚਾਰੇ ਦਹਾਕਿਆਂ ਤੋਂ ਨਾਲ-ਨਾਲ ਰਹਿ ਰਹੇ ਹਨ।
ਜਦੋਂ 3 ਮਈ ਨੂੰ ਸੂਬੇ ਵਿੱਚ ਹਿੰਸਾ ਭੜਕੀ ਤਾਂ ਇੱਥੇ ਰਹਿਣ ਵਾਲੇ ਦੋਵਾਂ ਭਾਈਚਾਰਿਆਂ ਨੇ ਇੱਕ ਸ਼ਾਂਤੀ ਸਮਝੌਤਾ ਕੀਤਾ ਅਤੇ ਫੈਸਲਾ ਕੀਤਾ ਕਿ ਉਹ ਇੱਕ-ਦੂਜੇ ਵਿਰੁੱਧ ਹਿੰਸਾ ਨਹੀਂ ਕਰਨਗੇ। ਇਹ ਸ਼ਾਂਤੀ ਸਮਝੌਤਾ 24 ਦਿਨਾਂ ਤੱਕ ਚੱਲਿਆ। ਸੁਗਨੂ 'ਚ 28 ਮਈ ਨੂੰ ਹਿੰਸਾ ਭੜਕ ਗਈ।
ਨਤੀਜੇ ਵਜੋਂ ਇੱਥੇ ਰਹਿਣ ਵਾਲੇ ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਭੱਜਣ ਲਈ ਮਜਬੂਰ ਹੋ ਗਏ। ਜਿਹੜੇ ਬਚੇ ਹਨ, ਉਹ ਇਸ ਡਰ ਵਿੱਚ ਜੀਅ ਰਹੇ ਹਨ ਕਿ ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦਾ ਕੀ ਬਣੇਗਾ।
ਇੱਥੋਂ ਭੱਜਣ ਵਾਲਿਆਂ ਵਿੱਚ ਮੈਤਈ ਅਤੇ ਕੁਕੀ ਦੋਵਾਂ ਭਾਈਚਾਰਿਆਂ ਦੇ ਲੋਕ ਸ਼ਾਮਲ ਸਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਰੀਬ 7000 ਲੋਕਾਂ ਦੀ ਆਬਾਦੀ ਵਾਲੇ ਇਸ ਇਲਾਕੇ ਵਿੱਚ ਹੁਣ ਸਿਰਫ਼ ਇੱਕ ਹਜ਼ਾਰ ਲੋਕ ਹੀ ਰਹਿ ਗਏ ਹਨ।

ਤਸਵੀਰ ਸਰੋਤ, DEVASHISH KUMAR
ਸੁਗਨੂ 'ਚ ਤੈਨਾਤ ਪੁਲਿਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਕੀ ਭਾਈਚਾਰੇ ਦੇ ਇਲਾਕਿਆਂ 'ਚੋਂ ਲੋਕਲ ਤਰੀਕੇ ਨਾਲ ਬਣੇ ਹੋਏ ਹਥਿਆਰ ਬਰਾਮਦ ਕੀਤੇ ਹਨ।
ਇੱਥੇ ਕੁਝ ਲੋਕਾਂ ਨੇ ਸਾਡੇ ਨਾਲ ਗੱਲ ਕੀਤੀ ਪਰ ਆਪਣੀ ਪਛਾਣ ਛੁਪਾਉਣ ਦੀ ਸ਼ਰਤ 'ਤੇ।
ਇੱਥੇ ਰਹਿਣ ਵਾਲੇ ਇੱਕ ਵਿਅਕਤੀ ਨੇ ਕਿਹਾ, "ਹਰ ਕੋਈ ਡਰਿਆ ਹੋਇਆ ਹੈ। ਪਰ ਮੈਂ ਆਪਣੇ ਪਿੰਡ ਦੀ ਰਾਖੀ ਕਰਨੀ ਹੈ। ਮੈਂ ਆਪਣੇ ਲੋਕਾਂ ਦੀ ਰੱਖਿਆ ਕਰਨੀ ਹੈ। ਲੋਕਾਂ ਤੋਂ ਬਿਨਾਂ ਇਹ ਪਿੰਡ, ਪਿੰਡ ਨਹੀਂ ਰਹੇਗਾ।"
ਸੁਗਨੂ ਵਰਗੇ ਕਈ ਇਲਾਕੇ ਹਨ ਜਿੱਥੇ ਸੁਰੱਖਿਆ ਬਲ ਸਥਾਨਕ ਲੋਕਾਂ ਤੋਂ ਵੱਧ ਨਜ਼ਰ ਆਉਂਦੇ ਹਨ। ਥਾਂ-ਥਾਂ 'ਤੇ ਸਥਾਨਕ ਲੋਕ ਹਥਿਆਰ ਲੈ ਕੇ ਆਪਣੇ ਪਿੰਡਾਂ 'ਚ ਘੁੰਮਦੇ ਦਿਖਾਈ ਦਿੰਦੇ ਹਨ।
ਕੇਂਦਰ ਸਰਕਾਰ ਨੇ ਹਿੰਸਾ ਦੀ ਜਾਂਚ ਲਈ ਨਿਆਇਕ ਕਮਿਸ਼ਨ ਦਾ ਗਠਨ ਕੀਤਾ ਹੈ। ਸੀਬੀਆਈ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਬਾ ਸਰਕਾਰ ਦਾ ਕਹਿਣਾ ਹੈ ਕਿ ਹਾਲਾਤ ਸੁਧਰ ਰਹੇ ਹਨ। ਪਰ ਸੂਬੇ ਵਿੱਚ ਨਿੱਤ ਹੋ ਰਹੀ ਹਿੰਸਾ ਵਾਰ-ਵਾਰ ਯਾਦ ਦਿਵਾਉਂਦੀ ਹੈ ਕਿ ਦੋਵਾਂ ਭਾਈਚਾਰਿਆਂ ਦਰਮਿਆਨ ਬੇਭਰੋਸਗੀ ਦੀ ਪਾੜ ਡੂੰਘਾ ਹੁੰਦਾ ਜਾ ਰਿਹਾ ਹੈ।
ਅਜਿਹਾ ਪਾੜ, ਜਿਸ ਦਾ ਖਮਿਆਜ਼ਾ ਮਣੀਪੁਰ ਦੇ ਹਜ਼ਾਰਾਂ ਲੋਕ ਹਰ ਰੋਜ਼ ਭੁਗਤ ਰਹੇ ਹਨ।













