ਆਜ਼ਾਦੀ ਦੇ 70 ਸਾਲਾਂ ਬਾਅਦ ਬਿਜਲੀ ਆਈ, ਫਿਰ ਚਲੀ ਗਈ, ਹੁਣ ਟਾਰਚ ਦੀ ਰੋਸ਼ਨੀ ਹੀ ਚਾਨਣਾ ਹੈ

ਤਸਵੀਰ ਸਰੋਤ, SEETU TIWARI
- ਲੇਖਕ, ਸੀਟੂ ਤਿਵਾੜੀ
- ਰੋਲ, ਬੀਬੀਸੀ ਲਈ, ਰੋਹਤਾਸ ਤੋਂ
ਸਰਿਤਾ ਦੇ ਮਿੱਟੀ ਨਾਲ ਢਕੇ ਹੋਏ ਘਰ ਦੇ ਵਿਹੜੇ ਵਿੱਚ ਦੋ ਥੰਮ੍ਹ ਉੱਤੇ ਟਿਕੀ ਇੱਕ ਸੂਰਜੀ ਪਲੇਟ ਹੈ। ਇਨ੍ਹਾਂ ਸੋਲਰ ਪਲੇਟਾਂ ਤੋਂ ਕੁਝ ਤਾਰਾਂ ਵੀ ਲਟਕ ਰਹੀਆਂ ਹਨ। ਇਹ ਤਾਰਾਂ ਗਵਾਹ ਹਨ ਕਿ ਇੱਥੇ ਕਦੇ ਬਿਜਲੀ ਆਉਂਦੀ ਸੀ।
ਸਰਿਤਾ, ਜੋ ਕਦੇ ਸਕੂਲ ਨਹੀਂ ਗਈ, ਦੱਸਦੀ ਹੈ, "ਇਹ 2018 ਵਿੱਚ ਲਾ ਗਏ ਸੀ। ਦੋ ਬਲਬ ਅਤੇ ਇੱਕ ਪੱਖਾ ਵੀ ਸਰਕਾਰ ਨੇ ਦਿੱਤਾ ਸੀ। ਇਹ ਕੁਝ ਦਿਨ ਕੰਮ ਕੀਤਾ, ਫਿਰ ਇਹ ਸੜ ਗਿਆ ਅਤੇ ਹਮੇਸ਼ਾ ਲਈ ਬੰਦ ਹੋ ਗਿਆ। ਬਾਅਦ ਵਿੱਚ ਮੁਖੀਆ ਜੀ ਬਲਬ ਵੀ ਲੈ ਗਏ।"
ਪਿਓ ਮਛੋਰ ਅਤੇ ਪੰਜ ਭੈਣ-ਭਰਾਵਾਂ ਵਿੱਚੋਂ ਇੱਕ ਇਸ ਬੱਚੀ ਨੂੰ ਮੈਂ ਪੁੱਛਿਆ ਫਿਰ ਰਾਤ ਨੂੰ ਕੀ ਕਰਦੇ ਹੋ?
ਉਸ ਨੇ ਕੁਝ ਰੁਕ ਕੇ ਕਿਹਾ, "ਕੁਝ ਨਹੀਂ ਹਨੇਰੇ ਵਿੱਚ ਜਾਨਵਰਾਂ ਵਾਂਗ ਰਹਿੰਦੇ ਹਨ। ਜਿਨ੍ਹਾਂ ਕੋਲ ਥੋੜ੍ਹੇ ਜਿਹੇ ਪੈਸੇ ਵੀ ਹਨ, ਉਨ੍ਹਾਂ ਨੇ ਆਪਣਾ ਬੰਦੋਬਸਤ ਕਰ ਲਿਆ ਹੈ। ਮੇਰੀ ਥਾਂ 'ਤੇ ਮੇਰੀ ਮਾਂ ਗਾਂ ਚੁਗਾ ਕੇ ਘਰ ਚਲਾਉਂਦੀ ਹੈ ਅਤੇ ਮੇਰਾ ਭਰਾ ਬੱਸ ਘੁੰਮਦਾ ਫਿਰਦਾ ਹੈ।"
ਸਰਿਤਾ ਦੇ ਘਰ ਦੇ ਬਿਲਕੁਲ ਗੁਆਂਢ ਵਿੱਚ, ਸੋਨੀ ਦੇਵੀ ਆਪਣੇ ਤਿੰਨ ਬੱਚਿਆਂ ਨਾਲ ਟਾਰਚ ਦੇ ਚਾਨਣੇ ਵਿੱਚ ਰਹਿੰਦੀ ਹੈ। ਉਹ ਵਾਰ-ਵਾਰ 'ਟਾਰਚ' ਨੂੰ ਰੋਸ਼ਨੀ ਕਹਿੰਦੀ ਹੈ। ਜਦੋਂ ਮੈਂ ਪੁੱਛਦੀ ਹਾਂ, ਤਾਂ ਉਹ ਆਪਣੀ ਰੋਸ਼ਨੀ ਦਿਖਾਉਂਦੀ ਹੈ, ਜੋ ਅਸਲ ਵਿੱਚ ਇੱਕ ਟਾਰਚ ਹੈ।
ਸੋਨੀ ਦੇ ਘਰ ਵੀ ਟਾਈਲਾਂ ’ਤੇ ਪਈ ਸੋਲਰ ਪਲੇਟ ਸੂਰਜ ਦੀ ਧੁੱਪ ਸੇਕ ਰਹੀ ਹੈ। ਉਹ ਗੁੱਸੇ 'ਚ ਕਹਿੰਦੀ ਹੈ, "ਸਰਕਾਰ ਵੱਲੋਂ ਦਿੱਤਾ ਗਿਆ ਸੋਲਰ ਪਲਾਂਟ ਨਹੀਂ ਚੱਲਿਆ ਹੀ ਨਹੀਂ। ਚੰਗਾ ਹੋਵੇਗਾ ਜੇਕਰ ਸਰਕਾਰ ਸਾਰਿਆਂ ਨੂੰ ਜ਼ਮੀਨ ਦੇ ਕੇ ਉੱਥੇ ਹੀ ਰੱਖ ਲਵੇ। ਰੋਹਤਾਸ ਵਿੱਚ ਹਰ ਪਾਸੇ ਬਿਜਲੀ-ਬਲਬ ਲੱਗੇ ਹੀ ਹੋਏ ਹਨ।"
'ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਵੀ ਹਨੇਰਾ ਕਾਇਮ ਹੈ'

ਤਸਵੀਰ ਸਰੋਤ, SEETU TIWARI
ਸਰਿਤਾ ਅਤੇ ਸੋਨੀ ਦੋਵੇਂ ਰੋਹਤਾਸ ਜ਼ਿਲ੍ਹੇ ਦੇ ਰੋਹਤਾਸ ਬਲਾਕ ਦੇ ਰੋਹਤਾਸਗੜ੍ਹ ਪੰਚਾਇਤ ਦੇ ਪਿੰਡ ਲੁਕਾਪਹਾਰੂ ਦੀਆਂ ਰਹਿਣ ਵਾਲੀਆਂ ਹਨ।
ਲੁਕਾਪਹਾਰੂ ਕੈਮੂਰ ਪਹਾੜੀਆਂ ਵਿੱਚ ਵਸਿਆ ਪਿੰਡ ਹੈ। ਆਦਿਵਾਸੀਆਂ ਬਹੁਗਿਣਤੀ ਵਾਲੇ ਇਸ ਅਣਗੌਲੇ ਇਲਾਕੇ ਵਿੱਚ ਵਸੇ ਲੁਕਾਪਹਾੜੂ ਵਰਗੇ ਸੈਂਕੜੇ ਪਿੰਡਾਂ ਦੇ ਲੋਕ ਅਜਿਹੇ ਹਨੇਰੇ ਵਿੱਚ ਦਿਨ ਕੱਟਣ ਲਈ ਮਜਬੂਰ ਹਨ।
ਬਿਜਲੀ, ਸੜਕਾਂ ਅਤੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਇਸ ਇਲਾਕੇ ਨੂੰ ਆਜ਼ਾਦੀ ਦੇ 70 ਸਾਲਾਂ ਬਾਅਦ ਸੂਰਜੀ ਊਰਜਾ ਰਾਹੀਂ ਬਿਜਲੀ ਮਿਲੀ, ਪਰ ਇਹ ਖ਼ੁਸ਼ੀ ਛੇਤੀ ਹੀ ਉੱਡ ਗਈ।
ਕੈਮੂਰ ਪਹਾੜੀਆਂ ਲਗਭਗ 483 ਕਿਲੋਮੀਟਰ ਲੰਬੀਆਂ ਵਿੰਧਿਆ ਪਹਾੜੀਆਂ ਦਾ ਪੂਰਬੀ ਹਿੱਸਾ ਹੈ ਜੋ ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਦੇ ਕਟੰਗੀ ਤੋਂ ਬਿਹਾਰ ਦੇ ਸਾਸਾਰਾਮ ਤੱਕ ਫੈਲਿਆ ਹੋਇਆ ਹੈ।
ਰੋਹਤਾਸ ਅਤੇ ਕੈਮੂਰ ਜ਼ਿਲ੍ਹਿਆਂ ਦੇ ਪਿੰਡ ਇਨ੍ਹਾਂ ਪਹਾੜੀਆਂ ਵਿੱਚ ਵਸੇ ਹਨ। ਰੋਹਤਾਸ ਜ਼ਿਲ੍ਹੇ ਦੇ ਰੋਹਤਾਸ ਅਤੇ ਨੌਹੱਟਾ ਬਲਾਕਾਂ ਅਤੇ ਕੈਮੂਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਅਧੌਰਾ ਅਤੇ ਚੈਨਪੁਰ ਬਲਾਕ ਦੇ ਪਿੰਡ ਹਨ।

ਤਸਵੀਰ ਸਰੋਤ, SEETU TIWARI
ਰੋਹਤਾਸ ਬਲਾਕ ਦੀ ਰੋਹਤਾਸਗੜ੍ਹ ਪੰਚਾਇਤ ਦੇ ਸਰਪੰਚ ਨਗੇਂਦਰ ਯਾਦਵ ਕਹਿੰਦੇ ਹਨ, "ਮੇਰੀ ਪੰਚਾਇਤ ਵਿੱਚ 27 ਪਿੰਡ ਹਨ, ਜਿਨ੍ਹਾਂ ਵਿੱਚੋਂ 20 ਪਹਾੜੀਆਂ 'ਤੇ ਹਨ। ਇਨ੍ਹਾਂ 20 ਪਿੰਡਾਂ ਦੀ ਆਬਾਦੀ 23 ਹਜ਼ਾਰ ਹੈ। ਇੱਥੇ ਸਰਕਾਰ ਨੇ ਐਲਐਂਡਟੀ ਕੰਪਨੀ ਤੋਂ ਸਾਲ 2017 ਵਿੱਚ ਸੋਲਰ ਪੈਨਲ ਲਗਵਾਏ ਸਨ। ਕੰਪਨੀ ਨੇ ਡੇਢ ਸਾਲ ਤੱਕ ਬਿਜਲੀ ਦਿੱਤੀ ਪਰ ਉਸ ਤੋਂ ਬਾਅਦ ਬੈਟਰੀ ਖਰਾਬ ਹੋ ਗਈ। ਅਸੀਂ ਜ਼ਿਲਾ ਮੈਜਿਸਟ੍ਰੇਟ ਨੂੰ ਲਿਖਤੀ ਸ਼ਿਕਾਇਤ ਕੀਤੀ ਪਰ ਕੋਈ ਹੱਲ ਨਹੀਂ ਹੋਇਆ। ਪੰਚਾਇਤ 'ਚ ਹਰ ਕੋਈ ਸਾਡੇ 'ਤੇ ਇਲਜ਼ਾਮ ਲਾਉਂਦਾ ਰਹਿੰਦਾ ਹੈ।”
ਸਰਕਾਰ ਨੇ ਇਨ੍ਹਾਂ ਪਿੰਡਾਂ ਵਿੱਚ ਦੋ ਤਰ੍ਹਾਂ ਦੇ ਸੋਲਰ ਪੈਨਲ ਲਾਏ ਹਨ। ਪਿੰਡ ਦੇ ਬਾਹਰਵਾਰ ਡੇਰਿਆਂ ਵਿੱਚ ਘਰਾਂ ਦੇ ਅੰਦਰ ਅਤੇ ਪਿੰਡ ਦੇ ਅੰਦਰ ਸਮੂਹਿਕ ਸੋਲਰ ਪੈਨਲ ਲੱਗੇ ਹਨ।
ਦੀਨ ਦਿਆਲ ਗ੍ਰਾਮ ਜੋਤੀ ਯੋਜਨਾ ਤਹਿਤ ਬਿਜਲੀ ਆਈ

ਤਸਵੀਰ ਸਰੋਤ, SEETU TIWARI
ਕੈਮੂਰ ਪਹਾੜੀਆਂ ਦਾ ਇਹ ਖੇਤਰ ਦੂਰ ਅਤੇ ਉੱਚਾਈ 'ਤੇ ਸਥਿਤ ਹੋਣ ਦੇ ਨਾਲ-ਨਾਲ ਜੰਗਲਾਤ ਵਿਭਾਗ ਦਾ ਖੇਤਰ ਵੀ ਹੈ।
ਕਿਸੇ ਸਮੇਂ ਇਹ ਇਲਾਕਾ ਨਕਸਲ ਪ੍ਰਭਾਵਿਤ ਵੀ ਸੀ, ਜਿਸ ਦੇ ਨਿਸ਼ਾਨ ਅੱਜ ਵੀ ਰੋਹਤਾਸ ਕਿਲ੍ਹੇ ਦੇ ਖੰਡਰਾਂ ਵਿੱਚ ਦੇਖੇ ਜਾ ਸਕਦੇ ਹਨ।
ਦਸੰਬਰ 2014 ਵਿੱਚ, ਕੇਂਦਰ ਸਰਕਾਰ ਨੇ ਦੀਨ ਦਿਆਲ ਗ੍ਰਾਮ ਜੋਤੀ ਯੋਜਨਾ (ਡੀਡੀਯੂਜੀਜੇਵਾਈ) ਸ਼ੁਰੂ ਕੀਤੀ ਸੀ।
6 ਫਰਵਰੀ, 2024 ਨੂੰ ਰਾਜ ਸਭਾ ਵਿੱਚ ਦਿੱਤੇ ਗਏ ਜਵਾਬ ਅਨੁਸਾਰ, ਇਸ ਯੋਜਨਾ ਤਹਿਤ 18,374 ਪਿੰਡਾਂ ਦਾ ਬਿਜਲੀ ਪਹੁੰਚਾਈ ਗਈ ਸੀ, ਜਿਨ੍ਹਾਂ ਵਿੱਚੋਂ 2,763 ਪਿੰਡਾਂ ਵਿੱਚ ਨਵਿਆਉਣ ਯੋਗ ਊਰਜਾ (ਸੂਰਜੀ ਊਰਜਾ ਆਦਿ) ਬਿਜਲੀ ਕਰਨ ਕੀਤਾ ਗਿਆ ਸੀ।
ਸਾਲ 2020-23 ਲਈ ਇਹ ਸਕੀਮ ਅਤੇ ਸੌਭਾਗਿਆ ਦੇ ਤਹਿਤ ਬਿਹਾਰ ਨੂੰ 2,152 ਕਰੋੜ ਰੁਪਏ ਜਾਰੀ ਕੀਤੇ ਗਏ ਸਨ।
ਡੀਡੀਯੂਜੀਜੇਵਾਈ ਯੋਜਨਾ ਦੇ ਤਹਿਤ ਸਾਲ 2016 ਵਿੱਚ ਬਿਹਾਰ ਦੇ ਕੈਮੂਰ ਪਹਾੜੀ ਖੇਤਰ ਦਾ ਸਰਵੇਖਣ ਕੀਤਾ ਗਿਆ ਸੀ।
ਉਸ ਤੋਂ ਬਾਅਦ ਸਾਲ 2017 ਤੋਂ ਇੱਥੇ ਸੋਲਰ ਪੈਨਲ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। 2018 ਵਿੱਚ ਜਦੋਂ ਤਤਕਾਲੀ ਮੁੱਖ ਮੰਤਰੀ ਨਿਤੀਸ਼ ਕੁਮਾਰ ਇਸ ਖੇਤਰ ਵਿੱਚ ਆਏ ਸਨ, ਉਦੋਂ ਤੱਕ ਜ਼ਿਆਦਾਤਰ ਪਿੰਡ ਸੂਰਜੀ ਊਰਜਾ ਨਾਲ ਰੋਸ਼ਨ ਹੋ ਚੁੱਕੇ ਸਨ।
'ਸੂਰਜ ਬੁਤ ਗਿਆ, ਅਸੀਂ ਸੁਤ ਗਏ'

ਤਸਵੀਰ ਸਰੋਤ, SEETU TIWARI
ਜਿਵੇਂ-ਜਿਵੇਂ ਇੱਕ ਸਾਲ ਬੀਤ ਗਿਆ ਤਾਂ ਇਨ੍ਹਾਂ ਪਿੰਡਾਂ ਵਿੱਚ ਲਾਏ ਗਏ ਸੋਲਰ ਪੈਨਲ ਵੀ ਖ਼ਰਾਬ ਹੋਣ ਲੱਗੇ।
ਪਿਪਰਡੀਹ ਪੰਚਾਇਤ ਦੇ ਹਸੜੀ ਪਿੰਡ ਦੇ ਰਾਮਨਰੇਸ਼ ਕਹਿੰਦੇ ਹਨ, "2018 ਤੋਂ, ਬਿਜਲੀ ਕਦੇ ਬਣਦੀ ਹੈ ਅਤੇ ਕਦੇ ਖ਼ਰਾਬ ਹੋ ਜਾਂਦੀ ਹੈ। ਪੂਰੇ ਪਹਾੜ ਵਿੱਚ ਸੋਲਰ ਸਿਸਟਮ ਖਰਾਬ ਪਿਆ ਹੈ। ਸਾਰਾ ਚੀਨੀ ਸਮਾਨ ਲਗਾ ਦਿੱਤਾ ਹੈ ਤਾਂ ਕੀ ਹੋਵੇਗਾ? ਇਸ ਲਈ ਇੱਥੇ 'ਸੂਰਜ ਬੁਤ (ਛਿਪ) ਗਿਆ ਅਸੀਂ ਸੁਤ (ਸੌਂ) ਗਏ' ਵਾਲਾ ਹਾਲ ਹੋਇਆ ਪਿਆ ਹੈ।"
ਸ਼ਿਆਮ ਨਾਰਾਇਣ ਓਰਾਂਵ ਰੋਹਤਾਸਗੜ੍ਹ ਪੰਚਾਇਤ ਦੇ ਰਾਨਾਡੀਹ ਪਿੰਡ ਦੇ ਵਾਰਡ ਨੰਬਰ 4 ਦੇ ਵਾਰਡ ਕੌਂਸਲਰ ਹਨ।
ਉਹ ਦੱਸਦੇ ਹਨ, "ਸਾਡੇ ਪਿੰਡ 'ਚ ਪੂਰਾ ਸਾਲ ਬਿਜਲੀ ਆਈ, ਫਿਰ ਬਿਜਲੀ ਨਹੀਂ ਆਈ। ਜਦੋਂ ਅਸੀਂ ਮੁਖੀਆ ਨੂੰ ਸ਼ਿਕਾਇਤ ਕਰਦੇ ਹਾਂ ਤਾਂ ਮਕੈਨਿਕ ਆ ਜਾਂਦੇ ਹਨ। ਉਹ ਥੋੜ੍ਹਾ-ਮੋਟਾ ਠੀਕ ਕਰਕੇ ਚਲੇ ਜਾਂਦੇ ਹਨ।ਸਰਕਾਰ ਨੇ ਜਿਹੜੇ ਸੋਲਰ ਲਵਾਏ ਹਨ, ਉਨ੍ਹਾਂ ਵਿੱਚੋਂ ਇੱਕ-ਦੋ ਘਰ ਛੱਡ ਦਿੱਤੇ ਸਨ। ਇਸ ਲਈ ਪੂਰੇ ਵਾਰਡ ਵਿੱਚ ਕਿਤੇ ਵੀ ਬਿਜਲੀ ਨਹੀਂ ਹੈ।"

ਤਸਵੀਰ ਸਰੋਤ, SEETU TIWARI
ਬਿਜਲੀ ਦੀ ਇਸ ਸਥਿਤੀ ਨਾਲ ਨਜਿੱਠਣ ਲਈ ਲੋਕਾਂ ਨੇ ਖੁਦ ਆਪਣੇ ਘਰਾਂ ਵਿੱਚ ਸੋਲਰ ਪਲੇਟਾਂ ਲਾ ਲਈਆਂ ਹਨ।
ਰਾਜੇਂਦਰ ਉਰਾਂਵ ਅਤੇ ਰਾਜੰਤੀ ਦੇਵੀ ਦੇ ਘਰ ਦੇ ਅੰਦਰ ਲੱਗੇ ਸੋਲਰ ਪੈਨਲ ਬੇਕਾਰ ਪਏ ਹਨ।
ਰਾਜੇਂਦਰ ਉਰਾਂਵ ਦਾ ਕਹਿਣਾ ਹੈ, "ਅਸੀਂ ਆਪਣੀ ਸੋਲਰ ਪਲੇਟ ਖ਼ਰੀਦ ਲਿਆ ਹੈ, ਜੋ 1,800 ਰੁਪਏ ਦਾ ਪਿਆ, ਬੈਟਰੀ 1,200 ਰੁਪਏ ਅਤੇ 25-25 ਰੁਪਏ ਦੇ ਤਿੰਨ ਬਲਬ ਲਏ ਹਨ, ਜੋ ਕੁਝ ਦਿਨਾਂ ਬਾਅਦ ਬਦਲਣੇ ਪੈਂਦੇ ਹਨ। ਇਹ ਤਿੰਨ ਬਲਬ ਹੀ ਰਾਤ ਨੂੰ ਖਾਣਾ ਬਣਾਉਣ ਅਤੇ ਖਾਣ ਸਮੇਂ ਚੱਲਦੇ ਹਨ।"
ਟਾਰਚ ਨਾਲ ਤੁਰਦੀ ਜ਼ਿੰਦਗੀ

ਤਸਵੀਰ ਸਰੋਤ, SEETU TIWARI
ਰਾਜੇਂਦਰ ਉਰਾਂਵ ਨੇ ਜਦੋਂ ਦਿਨ ਦੇ ਚਾਨਣੇ ਵਿੱਚ ਇਹ ਬਲਬ ਜਗਾ ਕੇ ਦਿਖਾਏ ਤਾਂ ਇਹ ਜ਼ੀਰੋ ਵਾਟ ਦੇ ਬਲਬਾਂ ਵਾਂਗ ਲੱਗਦੇ ਸਨ। ਯਾਨੀ ਕਿ ਉਹ ਅਜਿਹਾ ਚਾਨਣ ਦੇ ਰਹੇ ਸਨ ਜਿਸ ਨੂੰ ਬਿਜਲੀ ਵਾਲੇ ਇਲਾਕਿਆਂ ਵਿੱਚ ਰਾਤ ਨੂੰ ਸੌਣ ਵੇਲੇ ਚਲਾਉਂਦੇ ਹਨ।
ਜਿਹੜੇ ਲੋਕ ਆਰਥਿਕ ਤੌਰ 'ਤੇ ਸਮਰੱਥ ਨਹੀਂ ਹਨ ਉਨ੍ਹਾਂ ਦਾ ਕੀ ਬਣਿਆ?
ਦਰਅਸਲ, ਸੂਰਜੀ ਊਰਜਾ ਦੇ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਹੋਇਆ ਕਿ ਮਿੱਟੀ ਦਾ ਤੇਲ ਜਨਤਕ ਵੰਡ ਪ੍ਰਣਾਲੀ ਤੋਂ ਮਿਲਣਾ ਬੰਦ ਕਰ ਦਿੱਤਾ ਗਿਆ। ਜਿਸ ਕਾਰਨ ਦੀਵੇ ਅਤੇ ਲਾਲਟੈਣ ਜਗਾ ਕੇ ਕੰਮ ਸਰਦਾ ਰਿਹਾ।
ਜਦੋਂ ਮੈਂ ਰੋਹਤਾਸਗੜ੍ਹ ਪੰਚਾਇਤ ਦੀ ਸੁਨੀਤਾ ਓਰਾਉਂ ਨੂੰ ਮਿਲੀ ਤਾਂ ਉਨ੍ਹਾਂ ਨੇ ਮੈਨੂੰ ਦੋ ਟਾਰਚ ਦਿਖਾਈਆਂ।
ਉਹ ਕਹਿੰਦੇ ਹਨ, "ਅਸੀਂ ਇਸ ਨੂੰ ਜਗਾ ਕੇ ਖਾਣਾ ਬਣਾਉਂਦੇ ਹਾਂ। ਹੁਣ ਜਦੋਂ ਮਿੱਟੀ ਦਾ ਤੇਲ ਨਹੀਂ ਹੈ, ਤਾਂ ਢਿਬਰੀ ਕਿਵੇਂ ਬਾਲੀਏ? ਜਦੋਂ ਕੋਈ ਰੋਹਤਾਸ (ਜ਼ਮੀਨ ਖੇਤਰ) ਜਾਂਦਾ ਹੈ, ਤਾਂ ਉਹ ਬੈਟਰੀ ਲੈ ਕੇ ਆਉਂਦਾ ਹੈ।"
ਸੁਨੀਤਾ ਵਾਂਗ ਹੀ ਪਿਪਰਡੀਹ ਪੰਚਾਇਤ ਦੇ ਨਯਾਡੀਹ ਪਿੰਡ ਦੇ ਵਿਜੇਂਦਰ ਦਾ ਕਹਿਣਾ ਹੈ, "ਜਦੋਂ ਬਿਜਲੀ ਆਈ ਤਾਂ ਸਾਨੂੰ ਤੇਲ ਮਿਲਣਾ ਬੰਦ ਹੋ ਗਿਆ। ਪਹਿਲਾਂ ਸਾਨੂੰ ਅੱਧਾ ਲੀਟਰ ਮਿੱਟੀ ਦਾ ਤੇਲ ਮਿਲਦਾ ਸੀ। ਹੁਣ ਜਦੋਂ ਹਨੇਰਾ ਹੋ ਜਾਂਦਾ ਹੈ ਤਾਂ ਅਸੀਂ ਹਨੇਰੇ ਵਿੱਚ ਪਏ ਰਹਿੰਦੇ ਹਾਂ। ਅਸੀਂ ਮਿਸਤਰੀ ਤਾਂ ਨਹੀਂ ਹਾਂ ਕਿ ਬੈਟਰੀ ਠੀਕ ਕਰ ਲਈਏ।"
ਰੇਹਲ: ਬਿਹਾਰ ਦਾ ਪਹਿਲਾ ਕਾਰਬਨ ਨੈਗੇਟਿਵ ਪਿੰਡ ਹੋਣ ਦਾ ਦਾਅਵਾ

ਤਸਵੀਰ ਸਰੋਤ, SEETU TIWARI
ਮੁੱਖ ਮੰਤਰੀ ਨਿਤੀਸ਼ ਕੁਮਾਰ 6 ਅਪ੍ਰੈਲ 2018 ਨੂੰ ਕੈਮੂਰ ਪਹਾੜੀਆਂ 'ਤੇ ਸਥਿਤ ਪਿਪਰਡੀਹ ਪੰਚਾਇਤ ਦੇ ਰੇਹਲ ਪਿੰਡ ਆਏ ਸਨ।
ਉਹ ਇੱਥੇ ਰਾਜ ਸਰਕਾਰ ਵੱਲੋਂ ਸੱਤ ਨਿਸ਼ਚੈ ਤੇ ਹੋਰ ਸਰਕਾਰੀ ਸਕੀਮਾਂ ਤਹਿਤ ਚਲਾਈਆਂ ਜਾ ਰਹੀਆਂ ਵਿਕਾਸ ਸਕੀਮਾਂ ਦਾ ਜਾਇਜ਼ਾ ਲੈਣ ਆਏ ਸਨ।
ਰੋਹਤਾਸ ਜ਼ਿਲੇ ਦੀ ਵੈੱਬਸਾਈਟ ਮੁਤਾਬਕ ਇਹ ਕਾਰਬਨ ਨੈਗੇਟਿਵ ਪਿੰਡ ਹੈ, ਯਾਨੀ ਅਜਿਹਾ ਪਿੰਡ ਜਿੱਥੇ ਸੂਰਜੀ ਊਰਜਾ ਤੋਂ ਬਿਜਲੀ ਦਿੱਤੀ ਜਾ ਰਹੀ ਹੈ।
ਵੈੱਬਸਾਈਟ 'ਤੇ ਪਿੰਡ ਦੀਆਂ ਪੱਕੀਆਂ ਗਲੀਆਂ, ਨਾਲੀਆਂ, ਟੂਟੀ ਦੇ ਪਾਣੀ ਅਤੇ ਖੁੰਬਾਂ ਦੇ ਸ਼ੈੱਡ ਦੀ ਤਸਵੀਰ ਵੀ ਹੈ।
ਇਸ ਪਿੰਡ ਵਿੱਚ ਚਾਰ ਥਾਵਾਂ ’ਤੇ ਸੋਲਰ ਪੈਨਲ ਲਗਾਏ ਗਏ ਹਨ, ਜਿਸ ਨਾਲ ਪੂਰੇ ਪਿੰਡ ਨੂੰ ਬਿਜਲੀ ਮਿਲਣੀ ਸੀ।

ਤਸਵੀਰ ਸਰੋਤ, SEETU TIWARI
ਪਿੰਡ ਵਾਸੀ ਧਨੰਜੈ ਯਾਦਵ ਦਾ ਕਹਿਣਾ ਹੈ, "ਸਿਰਫ਼ ਕੁਝ ਘਰਾਂ ਨੂੰ ਇੱਕ ਪੈਨਲ ਤੋਂ ਕੁਝ ਹੱਦ ਤੱਕ ਬਿਜਲੀ ਮਿਲ ਰਹੀ ਹੈ, ਬਾਕੀ ਦੇ ਪੈਨਲ ਸਿਰਫ਼ ਕਾਸਮੈਟਿਕ ਸਮਾਨ ਹਨ। ਇੱਥੇ ਨਾ ਤਾਂ ਪੀਣ ਲਈ ਪਾਣੀ ਹੈ ਅਤੇ ਨਾ ਹੀ ਰਹਿਣ ਲਈ ਬਿਜਲੀ ਹੈ।"
ਰੇਹਲ ਪਿੰਡ ਵਿੱਚ ਨਾਈ ਦੀ ਦੁਕਾਨ ਚਲਾਉਣ ਵਾਲੀ ਮੁਮਤਾਜ਼ ਦਾ ਕਹਿਣਾ ਹੈ, "ਸਾਡੇ ਪਿਉ-ਦਾਦੇ ਮਸ਼ਾਲਾਂ ਜਗਾ ਕੇ ਗੁਜ਼ਾਰਾ ਕਰਦੇ ਸਨ। ਇੰਨੀ ਲੱਕੜ ਮਿਲਦੀ ਸੀ। ਪਰ ਹੁਣ ਜੰਗਲਾਤ ਵਿਭਾਗ ਸਾਨੂੰ ਲੱਕੜਾਂ ਲੈਣ ਦੀ ਇਜਾਜ਼ਤ ਵੀ ਨਹੀਂ ਦਿੰਦਾ। ਡੀ.ਐੱਮ. ਸਾਹਿਬ ਨੂੰ ਸ਼ਿਕਾਇਤ ਕਰਦੇ ਹਾਂ ਫਿਰ ਵੀ ਕੋਈ ਨਹੀਂ ਸੁਣਦਾ। ਰਿਸ਼ਤੇਦਾਰ ਆਉਂਦੇ ਹਨ ਪਰ ਛੇਤੀ ਭੱਜ ਜਾਂਦੇ ਹਨ।"
ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਲੱਗੇ ਸੋਲਰ ਸਟੋਵ ਦਾ ਸਾਰਾ ਸਿਸਟਮ ਟੁੱਟਿਆ ਪਿਆ ਹੈ। ਇਹ ਉਹ ਸਟੋਵ ਹੈ ਜਿਸ ਵਿੱਚ ਕਿਸੇ ਸਮੇਂ ਬੱਚਿਆਂ ਦਾ ਮਿਡ-ਡੇ-ਮੀਲ ਤਿਆਰ ਕੀਤਾ ਗਿਆ ਸੀ ਅਤੇ ਜਿਸ ਨੂੰ ਦੇਖ ਕੇ ਮੁੱਖ ਮੰਤਰੀ ਨੇ ਕਿਹਾ ਸੀ, "ਅਸੀਂ ਰੇਹਲ ਪਿੰਡ ਨੂੰ ਕਦੇ ਨਹੀਂ ਭੁੱਲਾਂਗੇ, ਜਿੱਥੇ ਅਸੀਂ ਪਹਿਲੀ ਵਾਰ ਸੂਰਜੀ ਊਰਜਾ ਨਾਲ ਚੱਲਣ ਵਾਲਾ ਸਟੋਵ ਦੇਖਿਆ ਸੀ।"
ਇਸ ਸਕੂਲ ਵਿੱਚ 2003 ਤੋਂ ਕੰਮ ਕਰ ਰਹੇ ਅਧਿਆਪਕ ਸੁਰਿੰਦਰ ਸਿੰਘ ਦਾ ਕਹਿਣਾ ਹੈ, "ਜਦੋਂ ਮੁੱਖ ਮੰਤਰੀ ਆਏ ਸਨ ਤਾਂ ਇਹ ਸਟੋਵ ਲਾਇਆ ਗਿਆ ਸੀ। ਕੁਝ ਦਿਨਾਂ ਤੱਕ ਖਾਣਾ ਬਣਾਇਆ ਗਿਆ ਸੀ ਪਰ ਉਸ ਤੋਂ ਬਾਅਦ ਇਹ ਖ਼ਰਾਬ ਹੋ ਗਿਆ। ਅਸੀਂ ਇਸ ਬਾਰੇ ਕਈ ਵਾਰ ਬਲਾਕ ਸਿੱਖਿਆ ਅਫ਼ਸਰ (ਬੀਡੀਓ.) ਨੂੰ ਸੂਚਿਤ ਕਰ ਦਿੱਤਾ ਹੈ।"
ਬਿ-ਪਾ-ਸ ਦੇ ਨਾਲ-ਨਾਲ ਸਿੱਖਿਆ ਵੀ ਇਕ ਸੁਪਨਾ

ਤਸਵੀਰ ਸਰੋਤ, SEETU TIWARI
ਕੈਮੂਰ ਪਹਾੜੀ ਉੱਤੇ ਬਣਿਆ ਪ੍ਰਸਿੱਧ ਰੋਹਤਾਸਗੜ੍ਹ ਕਿਲ੍ਹਾ, ਜੋ ਕਿ ਸਮੁੰਦਰ ਤਲ ਤੋਂ 1,500 ਫੁੱਟ ਦੀ ਉਚਾਈ 'ਤੇ ਹੈ। ਲਗਭਗ ਇਸ ਉਚਾਈ 'ਤੇ ਰੋਹਤਾਸ ਅਤੇ ਕੈਮੂਰ ਦੇ ਇਹ ਪਿੰਡ ਵਸੇ ਹਨ।
ਇਹ ਸਾਰੇ ਪਿੰਡ ਬਿ-ਪਾ-ਸ ਭਾਵ ਬਿਜਲੀ, ਪਾਣੀ, ਸੜਕਾਂ ਦੇ ਨਾਲ-ਨਾਲ ਸਿੱਖਿਆ ਤੋਂ ਵੀ ਮਹਿਰੂਮ ਹਨ। ਪਹਾੜ ਉੱਤੇ ਚੜ੍ਹਨ ਲਈ ਇੱਥੇ ਕੋਈ ਮੁੱਖ ਸੜਕ ਨਹੀਂ ਹੈ। ਹਾਲਾਂਕਿ ਇਹ ਨਿਰਮਾਣ ਅਧੀਨ ਹਨ।
ਇਸ ਖੇਤਰ ਵਿੱਚ ਕਈ ਥਾਈਂ ਸਰਕਾਰ ਨੇ ਨਲ-ਜਲ ਯੋਜਨਾ ਤਹਿਤ ਘਰਾਂ ਵਿੱਚ ਟੂਟੀਆਂ ਲਾਈਆਂ ਹਨ।
ਫਿਰ ਵੀ ਕਈ ਥਾਵਾਂ 'ਤੇ ਕੁੜੀਆਂ ਸਿਰਾਂ ਉੱਤੇ ਐਲੂਮੀਨੀਅਮ ਦੇ ਘੜਿਆਂ ਵਿੱਚ ਪਾਣੀ ਢੋਂਦੀਆਂ ਦਿਸ ਪੈਣਗੀਆਂ।

ਤਸਵੀਰ ਸਰੋਤ, SEETU TIWARI
ਮਨਵਤੀ ਦੇਵੀ ਵੀ ਸਿਰ 'ਤੇ ਘੜਾ ਲੈ ਕੇ ਮੈਨੂੰ ਮਿਲੇ। ਉਨ੍ਹਾਂ ਨੇ ਦੱਸਿਆ, "ਟੂਟੀ ਤਾਂ ਦਿੱਤੀ ਗਈ ਪਰ ਦੁੱਖ ਤਾਂ ਇਹ ਹੈ ਕਿ ਇਸ ਵਿੱਚ ਪਾਣੀ ਨਹੀਂ ਹੈ। ਸਿਰਾਂ 'ਤੇ ਪਾਣੀ ਢੋਅ ਰਹੇ ਹਹਾਂ। ਹਰ ਰੋਜ਼ ਇਸ ਲਈ ਲੜਾਈ-ਝਗੜਾ ਹੁੰਦਾ ਹੈ।"
ਪਾਣੀ ਹੀ ਨਹੀਂ ਸਿੱਖਿਆ ਵੀ ਵੱਡਾ ਮੁੱਦਾ ਹੈ। ਰਾਨਾਡੀਹ ਪਿੰਡ ਦੇ ਨਿਤੀਸ਼ ਕੁਮਾਰ ਨੂੰ ਛੇਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡਣੀ ਪਈ।
ਉਹ ਦੱਸਦੇ ਹਨ, "ਮੰਮੀ ਹੋਸਟਲ 'ਚ ਰੱਖ ਕੇ ਸਾਨੂੰ ਪੜ੍ਹਾਈ ਕਰਵਾਉਂਦੀ ਸੀ, ਪਰ ਉਸ ਤੋਂ ਬਾਅਦ ਅਸੀਂ ਪੈਸੇ ਨਹੀਂ ਜੁੜੇ ਤਾਂ ਮੈਨੂੰ ਆਪਣੀ ਪੜ੍ਹਾਈ ਛੱਡਣੀ ਪਈ।"
ਰਾਨਾਡੀਹ ਪਿੰਡ ਦੀ ਰਜੰਤੀ ਦੇਵੀ ਆਪਣੀ ਨੌਂ ਸਾਲ ਦੀ ਧੀ ਨੂੰ ਹੋਸਟਲ ਵਿੱਚ ਰੱਖ ਕੇ ਪੜ੍ਹਾ ਰਹੇ ਹਨ।
ਉਹ ਦੱਸਦੇ ਹਨ, "ਸਾਰਾ ਇਲਾਕਾ ਜੰਗਲ ਹੈ। ਪਿੰਡ ਵਿੱਚ ਕੋਈ ਸਕੂਲ ਨਹੀਂ ਹੈ। ਸ਼ਾਮ ਨੂੰ ਬਿਜਲੀ ਨਹੀਂ ਹੈ ਤਾਂ ਕਿ ਕੁੜੀ ਪੜ੍ਹ ਸਕੇ। ਜੇਕਰ ਮੀਂਹ ਪਿਆ ਤਾਂ ਹੜ੍ਹ ਆ ਜਾਵੇਗਾ। ਅਸੀਂ ਕੁੜੀ ਨੂੰ ਪੜ੍ਹਨ ਲਈ ਕਿੱਥੇ ਭੇਜੀਏ। ?"
'ਸਰਕਾਰ ਬਿਜਲੀ ਦੇਣੀ ਚਾਹੁੰਦੀ ਹੈ, ਲੋਕ ਨਹੀਂ ਦਿੰਦੇ ਸਾਥ'

ਤਸਵੀਰ ਸਰੋਤ, SEETU TIWARI
ਰੋਹਤਾਸ ਜ਼ਿਲ੍ਹੇ ਦੇ ਇਨ੍ਹਾਂ ਪਿੰਡਾਂ ਵਾਂਗ ਹੀ ਕੈਮੂਰ ਜ਼ਿਲ੍ਹੇ ਦੀਆਂ ਪਹਾੜੀਆਂ 'ਵਿੱਚ ਵਸੇ ਹੋਰ ਪਿੰਡ ਵੀ ਹਨੇਰੇ 'ਚ ਡੁੱਬੇ ਹੋਏ ਹਨ।
ਕੈਮੂਰ ਵਿੱਚ ਦੈਨਿਕ ਪ੍ਰਭਾਤ ਖਬਰ ਦੇ ਬਿਊਰੋ ਚੀਫ਼ ਵਿਕਾਸ ਕੁਮਾਰ ਦਾ ਕਹਿਣਾ ਹੈ, "ਅਧੌਰਾ ਦੇ 108 ਅਤੇ ਚੈਨਪੁਰ ਦੇ 18 ਪਿੰਡਾਂ ਵਿੱਚ ਬਲੈਕਆਊਟ ਹੈ। ਇੱਥੇ ਬਿਜਲੀ ਸੋਲਰ ਪੈਨਲਾਂ ਨਾਲ ਆਈ ਅਤੇ ਚਲੀ ਗਈ। ਅਜਿਹੀ ਸਥਿਤੀ ਵਿੱਚ ਇੱਥੋਂ ਦੇ ਲੋਕਾਂ ਨੇ ਕਿਸੇ ਸਰਕਾਰੀ ਸਕੀਮ ਦਾ ਲਾਭ ਲੈਣਾ ਹੋਵੇ, ਫਾਰਮ ਭਰਨਾ ਹੋਵੇ ਤਾਂ ਉਨ੍ਹਾਂ ਨੂੰ ਸ਼ਹਿਰ ਆਉਣਾ ਪੈਂਦਾ ਹੈ।
ਬਿਹਾਰ ਸਰਕਾਰ ਨਾਲ ਹੋਏ ਸਮਝੌਤੇ ਤਹਿਤ ਕੈਮੂਰ ਦੀਆਂ ਪਹਾੜੀਆਂ 'ਤੇ ਇਹ ਸਾਰਾ ਕੰਮ ਲਾਰਸਨ ਅਤੇ ਟਰਬੋ ਨੇ ਕੀਤਾ ਸੀ।
ਬਿਹਾਰ ਦੇ 12 ਜ਼ਿਲ੍ਹਿਆਂ ਵਿੱਚ ਕੰਪਨੀ ਦਾ ਕੰਮ ਦੇਖ ਰਹੇ ਰੋਹਿਤ ਸ਼ਰਮਾ ਬੀਬੀਸੀ ਨੂੰ ਦੱਸਦੇ ਹਨ, "ਸੋਲਰ ਪਲੇਟਾਂ ਦੀ ਸਥਾਪਨਾ ਅਤੇ ਰੱਖ-ਰਖਾਅ ਲਈ ਅਸੀਂ ਜ਼ਿੰਮੇਵਾਰ ਹਾਂ। ਜਦਕਿ ਸਮੱਸਿਆ ਇਹ ਹੈ ਕਿ ਲੋਕਾਂ ਦਾ ਸਹਿਯੋਗ ਨਹੀਂ ਮਿਲਦਾ। ਬੈਟਰੀ ਚੋਰੀ, ਇਨਵਰਟਰ ਟੁੱਟਣ ਦੀਆਂ ਘਟਨਾਵਾਂ ਪਹਾੜੀ ਇਲਾਕਿਆਂ ਵਿੱਚ ਹੁੰਦੀਆਂ ਰਹਿੰਦੀਆਂ ਹਨ। ਰੇਹਲ ਦੀ ਹੀ ਗੱਲ ਕਰੀਏ ਤਾਂ ਉੱਥੇ 6 ਬੈਟਰੀਆਂ ਚੋਰੀ ਹੋ ਗਈਆਂ। ਇਸ ਬਿਜਲੀ ਲਈ ਲੋਕਾਂ ਨੇ ਰੋਜ਼ਾਨਾ 1 ਰੁਪਿਆ ਦੇਣਾ ਹੁੰਦਾ, ਪਰ ਉਹ ਵੀ ਲੋਕ ਅਦਾ ਨਹੀਂ ਕਰਦੇ।"
ਉਹ ਇਹ ਵੀ ਦੱਸਦੇ ਹਨ, "ਇਸ ਪੂਰੇ ਇਲਾਕੇ ਵਿੱਚ ਛੇ ਤੋਂ ਅੱਠ ਘੰਟੇ ਬਿਜਲੀ ਸਪਲਾਈ ਹੋਣੀ ਹੈ। ਲੇਕਿਨ ਲੋਕ ਪਲਾਂਟ ਵਿੱਚ ਲੱਗੇ ਟਾਈਮਰ ਨਾਲ ਵੀ ਛੇੜਛਾੜ ਕਰਦੇ ਹਨ। ਜਿਸ ਕਾਰਨ ਬੈਟਰੀ ਦਾ ਲੋਡ ਵੱਧ ਜਾਂਦਾ ਹੈ, ਉਹ ਸੜ ਜਾਂਦੀ ਹੈ।"
ਇਸ ਮਾਮਲੇ ਵਿੱਚ ਰੋਹਤਾਸ ਦੇ ਜ਼ਿਲ੍ਹਾ ਮੈਜਿਸਟਰੇਟ ਨਵੀਨ ਕੁਮਾਰ ਬੀਬੀਸੀ ਨੂੰ ਦੱਸਦੇ ਹਨ, "ਬਿਜਲੀ ਦੀ ਸਮੱਸਿਆ ਸਾਡੀ ਜਾਣਕਾਰੀ ਵਿੱਚ ਹੈ। ਉੱਥੇ ਦੀ ਬੈਟਰੀ ਖ਼ਰਾਬ ਹੋ ਗਈ ਹੈ। ਅਸੀਂ ਊਰਜਾ ਵਿਭਾਗ ਨੂੰ ਲਿਖਿਆ ਹੈ, ਜਲਦੀ ਹੀ ਇਸ ਨੂੰ ਠੀਕ ਕਰ ਲਿਆ ਜਾਵੇਗਾ।"












