ਆਜ਼ਾਦ ਭਾਰਤ ਦਾ 'ਜਲ੍ਹਿਆਂਵਾਲਾ ਬਾਗ਼ ਕਾਂਡ': ਜਦੋਂ ਵੱਖਰੇ ਸੂਬੇ ਦੀ ਮੰਗ ਕਰ ਰਹੇ ਆਦਿਵਾਸੀਆਂ 'ਤੇ ਪੁਲਿਸ ਨੇ ਗੋਲੀ ਚਲਾਈ

ਤਸਵੀਰ ਸਰੋਤ, MANISH SHANDILYA
- ਲੇਖਕ, ਮਨੀਸ਼ ਸ਼ਾਂਡਿਲਿਆ
- ਰੋਲ, ਬੀਬੀਸੀ ਲਈ
ਸਟੀਲ ਦੇ ਕਾਰਖਾਨਿਆਂ ਲਈ ਮਸ਼ਹੂਰ ਸ਼ਹਿਰ ਜਮਸ਼ੇਦਪੁਰ ਤੋਂ ਕਰੀਬ 60 ਕਿਲੋਮੀਟਰ ਦੀ ਦੂਰੀ ਉੱਤੇ ਆਦਿਵਾਸੀਆਂ ਦੀ ਬਹੁ ਗਿਣਤੀ ਵਾਲਾ ਕਸਬਾ ਖਰਸਾਵਾਂ ਹੈ।
ਭਾਰਤ ਦੀ ਆਜ਼ਾਦੀ ਤੋਂ ਕਰੀਬ ਪੰਜ ਮਹੀਨੇ ਬਾਅਦ ਜਦੋਂ ਦੇਸ 1 ਜਨਵਰੀ 1948 ਨੂੰ ਆਜ਼ਾਦੀ ਦੇ ਨਾਲ-ਨਾਲ ਨਵੇਂ ਸਾਲ ਦਾ ਜਸ਼ਨ ਮਨਾ ਰਿਹਾ ਸੀ, ਉਦੋਂ ਖਰਸਾਵਾਂ ‘ਆਜ਼ਾਦ ਭਾਰਤ ਦੇ ਜਲ੍ਹਿਆਂਵਾਲਾ ਬਾਗ਼ ਕਾਂਡ’ ਦਾ ਗਵਾਹ ਬਣ ਰਿਹਾ ਸੀ।
ਉਸ ਦਿਨ ਹਫ਼ਤਾਵਾਰੀ ਬਜ਼ਾਰ ਲੱਗਿਆ ਹੋਇਆ ਸੀ। ਓਡੀਸ਼ਾ ਸਰਕਾਰ ਨੇ ਪੂਰੇ ਇਲਾਕੇ ਨੂੰ ਪੁਲਿਸ ਛਾਉਣੀ ਵਿੱਚ ਬਦਲ ਦਿੱਤਾ ਸੀ।
ਖਰਸਾਵਾਂ ਹਾਟ ਵਿੱਚ ਕਰੀਬ 50 ਹਜ਼ਾਰ ਅਦਿਵਾਸੀਆਂ ਦੀ ਭੀੜ ਉੱਤੇ ਓਡੀਸ਼ਾ ਮਿਲਿਟਰੀ ਪੁਲਿਸ ਗੋਲੀ ਚਲਾ ਰਹੀ ਸੀ।
ਆਜ਼ਾਦ ਭਾਰਤ ਦਾ ਇਹ ਪਹਿਲਾ ਗੋਲੀਕਾਂਡ ਮੰਨਿਆ ਜਾਂਦਾ ਹੈ।
ਇਸ ਘਟਨਾ ਵਿੱਚ ਕਿੰਨੇ ਲੋਕ ਮਾਰੇ ਗਏ ਇਸ ਬਾਰੇ ਵੱਖੋ-ਵੱਖਰੇ ਦਾਅਵੇ ਹਨ, ਇਨ੍ਹਾਂ ਦਾਅਵਿਆਂ ਵਿੱਚ ਵੀ ਵੱਡਾ ਫ਼ਰਕ ਹੈ।
ਉੱਘੇ ਪੱਤਰਕਾਰ ਅਤੇ ਪ੍ਰਭਾਤ ਖ਼ਬਰ ਝਾਰਖੰਡ ਦੇ ਕਾਰਜਕਾਰੀ ਸੰਪਾਦਕ ਅਨੁਜ ਕੁਮਾਰ ਸਿਨਹਾ ਦੀ ਕਿਤਾਬ ‘ਝਾਰਖੰਡ ਅੰਦੋਲਨ ਦੇ ਦਸਤਾਵੇਜ਼, ਸ਼ੋਸ਼ਣ ਸੰਘਰਸ਼ ਅਤੇ ਸ਼ਹਾਦਤ’ ਵਿੱਚ ਇਸ ਗੋਲੀਕਾਂਡ ਬਾਰੇ ਇੱਕ ਵੱਖਰਾ ਚੈਪਟਰ ਹੈ।
ਇਸ ਚੈਪਟਰ ਵਿੱਚ ਉਹ ਲਿਖਦੇ ਹਨ, “ਮਾਰੇ ਗਏ ਲੋਕਾਂ ਦੀ ਗਿਣਤੀ ਦੇ ਬਾਰੇ ਬਹੁਤ ਘੱਟ ਦਸਤਾਵੇਜ਼ ਉਪਲਬਧ ਹਨ, ਸਾਬਕਾ ਸੰਸਦ ਮੈਂਬਰ ਅਤੇ ਮਹਾਰਾਜਾ ਪੀਕੇ ਦੇਵ ਦੀ ਕਿਤਾਬ ‘ਮੈਮੋਅਰ ਆਫ ਏ ਬਾਇਗੋਨ ਐਰਾ’ ਦੇ ਮੁਤਾਬਕ ਇਸ ਘਟਨਾ ਵਿੱਚ ਦੋ ਹਜ਼ਾਰ ਲੋਕ ਮਾਰੇ ਗਏ ਸਨ।”
“ਦੇਵ ਦੀ ਕਿਤਾਬ ਅਤੇ ਘਟਨਾ ਦੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਵਿੱਚ ਬਹੁਤ ਸਮਾਨਤਾ ਦਿਖਦੀ ਹੈ, ਉੱਥੇ ਹੀ ਉਦੋਂ ਦੇ ਕਲਕੱਤਾ ਤੋਂ ਪ੍ਰਕਾਸ਼ਿਤ ਅੰਗ੍ਰੇਜ਼ੀ ਅਖ਼ਬਾਰ ਦਿ ਸਟੇਟਸਮੈਨ ਨੇ ਘਟਨਾ ਦੇ ਤੀਜੇ ਦਿਨ ਆਪਣੇ ਤਿੰਨ ਜਨਵਰੀ ਦੇ ਅੰਕ ਵਿੱਚ ਇਸ ਘਟਨਾ ਨਾਲ ਸਬੰਧਤ ਇੱਕ ਖ਼ਬਰ ਛਾਪੀ, ਇਸ ਦਾ ਸਿਰਲੇਖ ਸੀ- ‘35 ਆਦਿਵਾਸੀ ਕਿਲਡ ਇਨ ਖ਼ਰਸਾਵਾਂ’
ਅਖ਼ਬਾਰ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਖਰਸਾਵਾਂ ਨੂੰ ਓਡੀਸ਼ਾ ਵਿੱਚ ਰਲਾਉਣ ਦਾ ਵਿਰੋਧ ਕਰ ਰਹੇ 30 ਹਜ਼ਾਰ ਆਦਿਵਾਸੀਆਂ ਨੇ ਪੁਲਿਸ ਉੱਤੇ ਫਾਇਰਿੰਗ ਕੀਤੀ। ਇਸ ਗੋਲੀਕਾਂਡ ਦੀ ਜਾਂਚ ਦੇ ਲਈ ਟ੍ਰਿਬਿਊਨਲ ਦਾ ਵੀ ਗਠਨ ਕੀਤਾ ਗਿਆ ਸੀ ਪਰ ਉਸ ਦੀ ਰਿਪੋਰਟ ਦਾ ਕੀ ਹੋਇਆ, ਕਿਸੇ ਨੂੰ ਪਤਾ ਨਹੀਂ।

ਖੂਹ ਵਿੱਚ ਲਾਸ਼ਾਂ ਭਰ ਦਿੱਤੀਆਂ ਗਈਆਂ
ਝਾਰਖੰਡ ਵਿੱਚ ਕਾਰਕੁਨ ਅਤੇ ਸਾਬਕਾ ਵਿਧਾਇਕ ਬਹਾਦਰ ਉਰਾਂਵ ਦੀ ਉਮਰ ਇਸ ਘਟਨਾ ਦੇ ਸਮੇਂ ਕਰੀਬ ਅੱਠ ਸਾਲ ਸੀ। ਖਰਸਾਵਾਂ ਦੇ ਨਾਲ ਦੇ ਇਲਾਕੇ ਝਿਲਿਗਦਾ ਵਿੱਚ ਉਨ੍ਹਾਂ ਦੇ ਨਾਨਕੇ ਹਨ।
ਸਭ ਤੋਂ ਪਹਿਲਾਂ ਉਨ੍ਹਾਂ ਨੇ ਬਚਪਨ ਵਿੱਚ ਨਾਨਕੇ ਜਾਣ ‘ਤੇ ਖਰਸਾਵਾਂ ਗੋਲੀਕਾਂਡ ਦੇ ਬਾਰੇ ਵਿੱਚ ਸੁਣਿਆ ਅਤੇ ਫਿਰ ਅੰਦੋਲਨ ਦੇ ਵਿੱਚ ਇਨ੍ਹਾਂ ਦੇ ਇਤਿਹਾਸ ਨਾਲ ਰੂਬਰੂ ਹੋਏ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਗੋਲੀਕਾਂਡ ਦਾ ਦਿਨ ਵੀਰਵਾਰ ਸੀ ਅਤੇ ਉਹ ਬਾਜ਼ਾਰ ਦਾ ਦਿਨ ਸੀ। ਸਰਾਏਕੇਲਾ ਅਤੇ ਖਰਸਾਵਾਂ ਰਾਜ ਨੂੰ ਓਡੀਆ ਭਾਸ਼ਾ ਵਾਲਾ ਰਾਜ ਹੋਣ ਦੇ ਨਾਮ ਉੱਤੇ ਓਡੀਸ਼ਾ ਆਪਣੇ ਨਾਲ ਰਲਾਉਣਾ ਚਾਹੁੰਦਾ ਸੀ ਅਤੇ ਇੱਥੋਂ ਦਾ ਰਾਜਾ ਵੀ ਇਸ ਗੱਲ ਨੂੰ ਲੈ ਕੇ ਤਿਆਰ ਸੀ।”
“ਪਰ ਇਲਾਕੇ ਦੀ ਆਦਿਵਾਸੀ ਜਨਤਾ ਨਾ ਓਡੀਸ਼ਾ ਵਿੱਚ ਰਲਣਾ ਚਾਹੁੰਦੀ ਸੀ ਅਤੇ ਨਾ ਬਿਹਾਰ ਵਿੱਚ।”

ਤਸਵੀਰ ਸਰੋਤ, MANISH SHANDILYA
ਉਨ੍ਹਾਂ ਕਿਹਾ, “ਉਨ੍ਹਾਂ ਦੀ ਮੰਗ ਅਲੱਗ ਝਾਰਖੰਡ ਰਾਜ ਦੀ ਸੀ। ਲੜਾਈ ਵੀ ਇਸੇ ਗੱਲ ਬਾਰੇ ਸੀ। ਅਜਿਹੇ ਵਿੱਚ ਪੂਰੇ ਕੋਲਹਾਨ ਇਲਾਕੇ ਤੋਂ ਬਜ਼ੁਰਗ ਬੱਚੇ ਬੱਚੀਆਂ, ਜਵਾਨ, ਬੱਚੇ ਸਾਰੇ ਇੱਕ ਜਨਵਰੀ ਨੂੰ ਬਾਜ਼ਾਰ ਲਾਉਣ ਅਤੇ ਜੈਪਾਲ ਸਿੰਘ ਮੁੰਡਾ ਨੂੰ ਸੁਣਨ ਦੇਖਣ ਵੀ ਗਏ ਸਨ।”
“ਜੈਪਾਲ ਸਿੰਘ ਅਲੱਗ ਝਾਰਖੰਡ ਰਾਜ ਦਾ ਨਾਅਰਾ ਲਗਾ ਰਹੇ ਸੀ, ਜੈਪਾਲ ਮੁੰਡਾ ਦੇ ਆਉਣ ਤੋਂ ਪਹਿਲਾਂ ਹੀ ਭਾਰਤੀ ਭੀੜ ਜਮ੍ਹਾ ਹੋ ਗਈ ਸੀ ਅਤੇ ਪੁਲਿਸ ਨੇ ਇੱਕ ਲਕੀਰ ਖਿੱਚ ਕੇ ਉਸ ਨੂੰ ਪਾਰ ਨਾ ਕਰਨ ਨੂੰ ਕਿਹਾ ਸੀ।”
ਉਨ੍ਹਾਂ ਕਿਹਾ, “ਨਾਅਰੇਬਾਜ਼ੀ ਦੇ ਵਿੱਚ ਲੋਕ ਇਹ ਸਮਝ ਨਹੀਂ ਸਕੇ ਅਤੇ ਅਚਾਨਕ ਗੋਲੀ ਦੀ ਆਵਾਜ਼ ਆਈ, ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ, ਹਾਲੇ ਜਿਸ ਥਾਂ ਨੂੰ ‘ਸ਼ਹੀਦ ਯਾਦਗਾਰ’ ਕਿਹਾ ਜਾਂਦਾ ਹੈ ਉਹ ਇੱਕ ਬਹੁਤ ਵੱਡਾ ਖੂਹ ਸੀ। ਇਹ ਖੂਹ ਉੱਥੋਂ ਦੇ ਰਾਜਾ ਰਾਮਚੰਦਰ ਸਿੰਘਦੇਵ ਦਾ ਬਣਾਇਆ ਹੋਇਆ ਸੀ। ਇਸ ਖੂਹ ਨੂੰ ਨਾ ਸਿਰਫ਼ ਲਾਸ਼ ਬਲਕਿ ਅਧਮਰੇ ਲੋਕਾਂ ਨਾਲ ਭਰ ਦਿੱਤੀ ਗਈ ਹੈ ਫਿਰ ਉਸ ਨੂੰ ਢੱਕ ਦਿੱਤਾ ਗਿਆ।”
ਮਸ਼ੀਨਗਨ ਗੱਡ ਕੇ ਲਕੀਰ ਖਿੱਚੀ ਗਈ

ਤਸਵੀਰ ਸਰੋਤ, MANISH SHANDILYA
ਲਕੀਰ ਖਿੱਚਣ ਦੀ ਗੱਲ ਦੀ ਤਸਦੀਕ ਖਰਸਾਵਾ ਵਿੱਚ ਰਹਿਣ ਵਾਲੇ ਰਜਬ ਅਲੀ ਕਰਦੇ ਹਨ, ਜਿਨ੍ਹਾਂ ਦੀ ਉਮਰ ਗੋਲੀਕਾਂਡ ਦੇ ਸਮੇਂ ਕਰੀਬ 15 ਸਾਲ ਸੀ। ਗੋਲੀਕਾਂਡ ਦੇ ਦਿਨ ਉਨ੍ਹਾਂ ਨੇ ਸਭਾ ਦੇ ਲਈ ਲੋਕਾਂ ਨੂੰ ਇਕੱਠਾ ਹੁੰਦੇ ਦੇਖਿਆ ਸੀ।
ਹੁਣੇ ਇੱਕ ਸਮਾਜਸੇਵੀ ਵਜੋਂ ਜਾਣੇ ਜਾਣ ਵਾਲੇ ਰਜਬ ਅਲੀ ਨਾਲ ਮੇਰੀ ਮੁਲਾਕਾਤ ਖਰਸਾਵਾ ਚੌਂਕ ਉੱਤੇ ਹੋਈ ਸੀ।
ਗੋਲੀਬਾਰੀ ਦੇ ਦੌਰਾਨ ਉਹ ਘਟਨਾ ਸਥਾਨ ਤੋਂ ਥੋੜ੍ਹੀ ਹੀ ਦੂਰੀ ਉੱਤੇ ਕਬਰਿਸਤਾਨ ਦੇ ਪਿੱਛੇ ਸੀ।
ਇੱਕ ਜਨਵਰੀ 1948 ਦੀ ਘਟਨਾ ਨੂੰ ਉਨ੍ਹਾਂ ਨੇ ਕੁਝ ਇਸ ਤਰੀਕੇ ਯਾਦ ਕੀਤਾ, “ਅੱਜ ਜਿੱਥੇ ‘ਸ਼ਹੀਦੀ ਯਾਦਗਾਰ’ ਹੈ ਉਸ ਦੇ ਨੇੜੇ ਉਦੋਂ ਡਾਕ ਬੰਗਲਾ ਸੀ ਜੋ ਅੱਜ ਵੀ ਹੈ, ਨਾਲ ਹੀ ਬਲਾਕ ਦਫ਼ਤਰ ਸੀ।“
“ਉੱਥੇ ਇੱਕ ਮਸ਼ੀਨਗੰਨ ਗੱਡ ਕੇ ਇੱਕ ਲਕੀਰ ਖਿੱਚ ਦਿੱਤੀ ਗਈ ਸੀ ਅਤੇ ਲੋਕਾਂ ਨੂੰ ਕਿਹਾ ਗਿਆ ਸੀ ਕਿ ਉਹ ਲਕੀਰ ਪਾਰ ਕਰਕੇ ਰਾਜੇ ਨੂੰ ਮਿਲਣ ਦੀ ਕੋਸ਼ਿਸ਼ ਨਾ ਕਰਨ।"
"ਅਜਿਹਾ ਸੁਣਨ ਵਿੱਚ ਆਉਂਦਾ ਹੈ ਕਿ ਆਦਿਵਾਸੀਆਂ ਨੇ ਪਹਿਲਾਂ ਤੀਰ ਨਾਲ ਹਮਲਾ ਕੀਤਾ ਇਸ ਤੋਂ ਬਾਅਦ ਗੋਲੀ ਚਲਾਈ ਗਈ। ਅਸੀਂ ਵੀ ਗੋਲੀ ਦੀ ਆਵਾਜ਼ ਸੁਣੀ ਫਿਰ ਹੌਲੀ-ਹੌਲੀ ਘਰ ਵਾਪਸ ਚਲੇ ਗਏ।”
ਉਨ੍ਹਾਂ ਨੇ ਅੱਗੇ ਦੱਸਿਆ, “ਘਟਨਾ ਤੋਂ ਬਾਅਦ ਇਲਾਕੇ ਵਿੱਚ ਮਾਰਸ਼ਲ ਕਾਨੂੰਨ ਲਾਗੂ ਕਰ ਦਿੱਤਾ ਗਿਆ, ਸ਼ਾਇਦ ਆਜ਼ਾਦ ਭਾਰਤ ਵਿੱਚ ਪਹਿਲਾ ਮਾਰਸ਼ਲ ਕਾਨੂੰਨ ਇੱਥੇ ਹੀ ਲੱਗਾ ਸੀ। ਕੁਝ ਦਿਨਾਂ ਬਾਅਦ ਓਡੀਸ਼ਾ ਸਰਕਾਰ ਨੇ ਪਿੰਡਾਂ ਵਿੱਚ ਕੱਪੜੇ ਵੰਡਣ ਲਈ ਭੇਜਿਆ, ਜਿਸ ਨੂੰ ਆਦਿਵਾਸੀਆਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ”
“ਲੋਕਾਂ ਦੇ ਦਿਲ ਵਿੱਚ ਸੀ ਕਿ ਜੇਕਰ ਸਰਕਾਰ ਨੇ ਸਾਡੇ ਉੱਤੇ ਗੋਲੀ ਚਲਾਈ ਤਾਂ ਅਸੀਂ ਸਰਕਾਰ ਦੇ ਕੱਪੜੇ ਕਿਉਂ ਲਈਏ।”
ਓਡੀਸ਼ਾ ਰਾਜ ਵਿੱਚ ਰਲਾਉਣ ਦਾ ਵਿਰੋਧ

ਤਸਵੀਰ ਸਰੋਤ, ANUJ SINHA BOOK
ਇਸ ਗੋਲੀਕਾਂਡ ਦਾ ਮੁੱਖ ਕਾਰਨ ਸੀ ਖਰਸਾਵਾਂ ਨੂੰ ਓਡੀਸ਼ਾ ਰਾਜ ਵਿੱਚ ਰਲਾਏ ਜਾਣ ਦਾ ਵਿਰੋਧ।
ਅਨੁਜ ਸਿਨਹਾ ਦੱਸਦੇ ਹਨ, “ਆਦਿਵਾਸੀ ਅਤੇ ਝਾਰਖੰਡ (ਉਦੋਂ ਬਿਹਾਰ) ਵਿੱਚ ਰਹਿਣ ਵਾਲੇ ਸਮੂਹ ਵੀ ਓਡੀਸ਼ਾ ਵਿੱਚ ਰਲਾਏ ਜਾਣ ਦੇ ਵਿਰੋਧ ਵਿੱਚ ਸੀ। ਪਰ ਕੇਂਦਰ ਦੇ ਦਬਾਅ ਵਿੱਚ ਸਰਾਏਕੇਲਾ ਦੇ ਨਾਲ ਹੀ ਖਰਸਾਵਾਂ ਰਿਆਸਤ ਨੂੰ ਵੀ ਓਡੀਸ਼ਾ ਵਿੱਚ ਰਲਾਉਣ ਦਾ ਸਮਝੌਤਾ ਹੋ ਚੁੱਕਿਆ ਸੀ।”
“1 ਜਨਵਰੀ 1948 ਨੂੰ ਇਹ ਸਮਝੌਤਾ ਲਾਗੂ ਹੋਣਾ ਸੀ। ਉਦੋਂ ਮਰਾਂਗ ਗੋਮਕੇ ਦੇ ਨਾਮ ਨਾਲ ਜਾਣੇ ਜਾਂਦੇ ਆਦਿਵਾਸੀਆਂ ਦੇ ਸਭ ਤੋਂ ਵੱਡੇ ਆਗੂਆਂ ਵਿੱਚੋਂ ਇੱਕ ਹੋਰ ਓਲੰਪਿਕ ਹਾਕੀ ਟੀਮ ਦੇ ਸਾਬਕਾ ਕਪਤਾਨ ਜੈਪਾਲ ਸਿੰਘ ਮੁੰਡਾ ਨੇ ਇਸ ਦਾ ਵਿਰੋਧ ਕਰਦੇ ਹੋਏ। ਆਦਿਵਾਸੀਆਂ ਤੋਂ ਖਰਸਾਵਾਂ ਪਹੁੰਚਕੇ ਓਡੀਸ਼ਾ ਵਿੱਚ ਰਲਾਏ ਜਾਣ ਦੇ ਵਿਰੋਧ ਦੀ ਸ਼ੁਰੂਆਤ ਕੀਤੀ ਸੀ।”
“ਇਸ ਮਗਰੋਂ ਦੂਰ-ਦੁਰਾਡੇ ਇਲਾਕਿਆਂ ਤੋਂ ਲੈ ਕੇ ਨੇੜੇ-ਤੇੜੇ ਦੇ ਇਲਾਕਿਆਂ ਦੇ ਹਜ਼ਾਰਾਂ ਆਦਿਵਾਸੀਆਂ ਦੀ ਭੀੜ ਆਪਣੇ ਰਵਾਇਤੀ ਹਥਿਆਰਾ ਦੇ ਨਾਲ ਇਕੱਠੀ ਹੋਈ ਸੀ।”
ਗਿਰਧਾਰੀ ਰਾਮ, ਗੈਂਝੂ ਰਾਂਚੀ ਯੂਨੀਵਰਸਿਟੀ ਦੇ ਜਨਜਾਤੀ ਅਤੇ ਖੇਤਰੀ ਭਾਸ਼ਾ ਵਿਭਾਗ ਦੇ ਸਾਬਕਾ ਮੁਖੀ ਰਹੇ ਸਨ।
ਉਨ੍ਹਾਂ ਦੇ ਮੁਤਾਬਕ ਖਰਸਾਵਾਂ ਗੋਲੀਕਾਂਡ ਦੇ ਦਿਨ ਦਹਾਕਿਆਂ ਪੁਰਾਣੇ ਝਾਰਖੰਡ ੳੰਦੋਲਨ ਦੀ ਮੰਗ ਨੂੰ ਅੱਗੇ ਵਧਾਉਣ ਲਈ ਹੀ ਇਕੱਠੇ ਹੋਏ ਸਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਆਦਿਵਾਸੀਆਂ ਦੀ ਆਪਣੇ ਸੂਬੇ ਅਤੇ ਆਪਣੀ ਸਰਕਾਰ ਦੀ ਮੰਗ ਬਹੁਤ ਪੁਰਾਣੀ ਹੈ॥”
1911 ਵਿੱਚ ਤਾਂ ਇਸ ਲਈ ਸਿੱਧੀ ਲੜਾਈ ਹੋ ਗਈ ਸੀ, ਇਸ ਤੋਂ ਪਹਿਲਾਂ ਬਿਰਸਾ ਮੁੰਡਾ ਦੇ ਸਮੇਂ ‘ਦਿਸਮ ਆਬੁਆ ਰਾਜ’ ਯਾਨਿ ‘ਸਾਡਾ ਦੇਸ਼, ਸਾਡਾ ਰਾਜ’ ਦਾ ਅੰਦੋਲਨ ਚੱਲਿਆ।
ਇਸ ਤੋਂ ਪਹਿਲਾਂ 1855 ਦੇ ਕਰੀਬ ਸਿੱਧੂ ਕਾਨੂ ਵੀ ‘ਹਮਾਰੀ ਮਾਟੀ, ਹਮਾਰਾ ਸ਼ਾਸਨ’ ਦੇ ਨਾਅਰੇ ਦੇ ਜ਼ਰੀਏ ਇਹੀ ਗੱਲ ਕਹਿ ਰਹੇ ਸਨ।
“ਇਸੇ ਅੰਦੋਲਨ ਨੂੰ ਅੱਗੇ ਵਧਾਉਂਦਿਆਂ ਆਜ਼ਾਦੀ ਤੋਂ ਬਾਅਦ ਸਰਾਏਕੇਲਾ-ਖਰਸਾਵਾਂ ਦੇ ਇਲਾਕੇ ਦੇ ਆਦਿਵਾਸੀ ਇਹ ਮੰਗ ਕਰ ਰਹੇ ਸਨ ਕਿ ਅਲੱਗ ਝਾਰਖੰਡ ਦੀ ਸਾਡੀ ਮੰਗ ਨੂੰ ਇਵੇਂ ਹੀ ਰਹਿਣ ਦਿੱਤਾ ਜਾਵੇ ਅਤੇ ਸਾਨੂੰ ਕਿਸੇ ਵੀ ਹੋਰ ਸੂਬੇ ਵਿੱਚ ਨਾ ਰਲਾਇਆ ਜਾਵੇ।”

ਤਸਵੀਰ ਸਰੋਤ, MANISH SHANDILYA
54 ਸਾਲਾਂ ਬਾਅਦ ਕੱਢੀ ਗਈ ਗੋਲੀ
ਅਨੁਜ ਕੁਮਾਰ ਸਿਨਹਾ ਦੀ ਕਿਤਾਬ ‘ਝਾਰਖੰਡ ਅੰਦੋਲਨ ਦੇ ਦਸਤਾਵੇਜ਼:ਸ਼ੋਸ਼ਣ, ਸੰਘਰਸ਼ ਅਤੇ ਸ਼ਹਾਦਤ ਵਿੱਚ ਇਸ ਗੋਲੀਕਾਂਡ ਵਿੱਚ ਜ਼ਖ਼ਮੀ ਹੋਏ ਕੁਝ ਲੋਕਾਂ ਦੀ ਆਪ-ਬੀਤੀ ਵੀ ਦਰਜ ਹੈ।
ਦਸ਼ਰਥ ਮਾਂਝੀ ਦੀ ਕਿਤਾਬ ਵਿੱਚ ਵੀ ਇਸ ਦਾ ਜ਼ਿਕਰ ਹੈ, “ਗੋਲੀਕਾਂਡ ਦੇ ਦਿਨ ਭਾਰੀ ਇਕੱਠ ਸੀ, ਲੋਕ ਅੱਗੇ ਵੱਧ ਰਹੇ ਸਨ ਅਤੇ ਨਾਲ ਹੀ ਮੈਂ ਵੀ ਅੱਗੇ ਜਾ ਰਿਹਾ ਸੀ। ਅਚਾਨਕ ਓਡੀਸ਼ਾ ਪੁਲਿਸ ਨੇ ਗੋਲੀਬਾਰੀ ਸੁਰੂ ਕਰ ਦਿੱਤੀ, ਮੈਂ ਸੱਤ ਜਵਾਨਾਂ ਨੂੰ ਮਸ਼ੀਨਗਨ ਨਾਲ ਗੋਲੀਆਂ ਚਲਾਉਂਦਿਆਂ ਦੇਖਿਆ।”
“ਪੁਲਿਸ ਦੀ ਇੱਕ ਗੋਲੀ ਮੈਨੂੰ ਵੀ ਲੱਗੀ ਮੈਂ ਇੱਕ ਦਰੱਖ਼ਤ ਦੇ ਥੱਲੇ ਲਾਸ਼ ਦੇ ਵਾਂਗ ਪਿਆ ਰਿਹਾ ਅਤੇ ਪੁਲਿਸ ਨੂੰ ਲਾਸ਼ਾ ਨੂੰ ਚੁੱਕ ਕੇ ਲਿਜਾਂਦੇ ਹੋਏ ਦੇਖਿਆ ਗਿਆ, ਬਾਅਦ ਵਿੱਚ ਮੈਨੂੰ ਘਸੀਟਦੇ ਹੋਏ ਖਰਸਾਵਾਂ ਥਾਣੇ ਲਿਆਂਦਾ ਗਿਆ ਅਤੇ ਫਿਰ ਇਲਾਜ ਦੇ ਲਈ ਪਹਿਲਾਂ ਜਮਸ਼ੇਦਪੁਰ ਅਤੇ ਕਟਕ ਭੇਜਿਆ ਗਿਆ।”
ਕਿਤਾਬ ਵਿੱਚ ਘਟਨਾ ਵਿੱਚ ਜ਼ਖ਼ਮੀ ਹੋਏ ਇੱਕ ਹੋਰ ਸ਼ਖ਼ਸ ਸਾਧੂ ਚਰਣ ਬਿਰੂਆ ਦੀ ਆਪਬੀਤੀ ਵੀ ਹੈ। ਅਨੁਜ ਲਿਖਦੇ ਹਨ, “ਸਾਧੂ ਚਰਣ ਨੂੰ ਕਈ ਗੋਲੀਆਂ ਲੱਗੀਆਂ ਸਨ, ਇਸ ਦਰਦ ਵਿੱਚ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਇੱਕ ਗੋਲੀ ਉਨ੍ਹਾਂ ਦੀ ਬਾਂਹ ‘ਤੇ ਲੱਗੀ ਹੈ, ਗੋਲੀ ਲੱਗਣ ਤੋਂ 54 ਸਾਲਾਂ ਬਾਅਦ ਉਨ੍ਹਾਂ ਦੀ ਬਾਂਹ ’ਤੇ ਦਰਦ ਹੋਈ, ਗੋਲੀ ਹੌਲੀ-ਹੌਲੀ ਬਾਹਰ ਆਉਣ ਲੱਗੀ, ਉਦੋਂ ਉਸ ਗੋਲੀ ਨੂੰ ਕੱਢਿਆ ਗਿਆ।”

ਤਸਵੀਰ ਸਰੋਤ, MANISH SHANDILYA
ਝਾਰਖੰਡ ਦਾ ਆਰਥਿਕ ‘ਤੀਰਥ’
ਘਟਨਾ ਤੋਂ ਬਾਅਦ ਪੂਰੇ ਦੇਸ ਵਿੱਚ ਪ੍ਰਤਿਕਿਰਿਆ ਹੋਈ ਸੀ।
ਉਨ੍ਹਾਂ ਦਿਨਾਂ ਵਿੱਚ ਦੇਸ ਦੀ ਰਾਜਨੀਤੀ ਵਿੱਚ ਬਿਹਾਰ ਦੇ ਆਗੂਆਂ ਦੀ ਅਹਿਮ ਥਾਂ ਸੀ ਅਤੇ ਉਹ ਵੀ ਇਸ ਖੇਤਰ ਨੂੰ ਰਲਾਉਣ ਦੇ ਵਿਰੋਧ ਵਿੱਚ ਸਨ।
ਅਜਿਹੇ ਵਿੱਚ ਇਸ ਘਟਨਾ ਦਾ ਇਹ ਅਸਰ ਹੋਇਆ ਕਿ ਇਲਾਕੇ ਨੂੰ ਓਡੀਸ਼ਾ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ।
ਘਟਨਾ ਤੋਂ ਬਾਅਦ ਇਸ ਥਾਂ ਨੂੰ ‘ਖਰਸਾਵਾਂ ਸ਼ਹੀਦ ਸਥਾਨ’ ਵਜੋਂ ਜਾਣਿਆ ਜਾਣ ਲੱਗਿਆ ਜਿਸ ਦਾ ਆਦਿਵਾਸੀ ਸਮਾਜ ਅਤੇ ਰਾਜਨੀਤੀ ਵਿੱਚ ਬਹੁਤ ਜ਼ਜ਼ਬਾਤੀ ਅਤੇ ਅਹਿਮ ਥਾਂ ਹੈ।
ਖਰਸਾਵਾਂ ਵਿੱਚ ਜਿਸ ਥਾਂ ’ਤੇ ਬਾਜ਼ਾਰ ਲੱਗਦਾ ਸੀ ਉਸ ਦੇੇ ਇੱਕ ਹਿੱਸੇ ਵਿੱਚ ਅੱਜ ਇਹ ਯਾਦਗਾਰ ਹੈ ਇਸ ਨੂੰ ਇੱਕ ਪਾਰਕ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਪਹਿਲਾਂ ਇਹ ਪਾਰਕ ਆਮ ਲੋਕਾਂ ਦੇ ਲਈ ਵੀ ਖੁੱਲ੍ਹਦਾ ਸੀ ਪਰ ਸਾਲ 2017 ਵਿੱਚ ਇੱਥੇ ‘ਸ਼ਹੀਦ ਦਿਹਾੜੇ’ ਦੇ ਨਾਲ ਜੁੜੇ ਇੱਕ ਪ੍ਰੋਗਰਾਮ ਦੇ ਦੌਰਾਨ ਹੀ ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਦਾ ਵਿਰੋਧ ਹੋਇਆ ਅਤੇ ਜੁੱਤੀਆਂ ਸੁੱਟੀਆਂ ਗਈਆਂ। ਇਸ ਤੋਂ ਬਾਅਦ ਇਹ ਪਾਰਕ ਆਮ ਲੋਕਾਂ ਦੇ ਲਈ ਬੰਦ ਕਰ ਦਿੱਤੀ ਗਈ।
ਇੱਕ ਪਾਸੇ ਜਿੱਥੇ ਜਨਵਰੀ ਨੂੰ ਇਸ ਯਾਦਗਾਰ ‘ਤੇ ਆਦਿਵਾਸੀ ਰਿਵਾਜਾਂ ਨਾਲ ਪੂਜਾ ਕੀਤੀ ਜਾਂਦੀ ਹੈ ਤਾਂ ਦੂਜੇ ਪਾਸੇ ਹਰ ਸਾਲ ਇੱਥੇ ਝਾਰਖੰਡ ਦੇ ਸਾਰੇ ਵੱਡੇ ਸਿਆਸੀ ਦਲ ਅਤੇ ਆਦਿਵਾਸੀ ਸੰਗਠਨ ਪ੍ਰੋਗਰਾਮ ਕਰਦੇ ਹਨ।
ਇਸ ਯਾਦਗਾਰ ਦੀ ਸੰਭਾਲ ਕਰਦੇ ਵਿਜੈ ਸਿੰਘ ਬੋਦਰਾ ਕਹਿੰਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਇੱਥੇ ਪੀੜ੍ਹੀਆਂ ਤੋਂ ਪੂਜਾ ਕਰਵਾਉਂਦਾ ਆ ਰਿਹਾ ਹੈ। ਉਨ੍ਹਾਂ ਨੇ ਦੱਸਿਆ, “ਇੱਕ ਜਨਵਰੀ ਨੂੰ ਸ਼ਹੀਦਾਂ ਦੇ ਨਾਮ ‘ਤੇ ਪੂਜਾ ਕੀਤੀ ਜਾਂਦੀ ਹੈ, ਲੋਕ ਸ਼ਰਧਾਂਜਲੀ ਦਿੰਦੇ ਹਨ।”















