ਰੁਚੀ ਰਾਮ ਸਾਹਨੀ: ਪੰਜਾਬ ਦੇ ਪਿੰਡਾਂ 'ਚ ਸਦੀ ਪਹਿਲਾਂ ਤਜ਼ਰਬੇ ਦਿਖਾ ਲੋਕਾਂ ਨੂੰ ਸਾਇੰਸ ਨਾਲ ਜੋੜਨ ਵਾਲਾ ਪੰਜਾਬੀ ਵਿਗਿਆਨੀ

ਤਸਵੀਰ ਸਰੋਤ, Neera Burra
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
19ਵੀਂ ਸਦੀਂ ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕੀਤਾ ਸੀ ਤਾਂ ਉਸ ਸਮੇਂ ਭਾਰਤੀ ਉਪਮਹਾਦੀਪ ਵਿੱਚ ਆਧੁਨਿਕ ਵਿਗਿਆਨ ਹਾਲੇ ਬਹੁਤ ਹੀ ਸ਼ੁਰੂਆਤੀ ਪੜਾਅ ਵਿੱਚ ਸੀ।
ਬਹੁਤੇ ਲੋਕ ਆਧੁਨਿਕ ਵਿਗਿਆਨ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲੈ ਰਹੇ ਸਨ ਪਰ ਪ੍ਰੋਫ਼ੈਸਰ ਰੁਚੀ ਰਾਮ ਸਾਹਨੀ ਨੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਆਮ ਭਾਸ਼ਾ ਵਿੱਚ ਵਿਗਿਆਨ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ।
ਪ੍ਰੋਫ਼ੈਸਰ ਰੁਚੀ ਰਾਮ ਸਾਹਨੀ ਭਾਰਤੀ ਵਿਗਿਆਨੀਆਂ ਦੀ ਪਹਿਲੀ ਪੀੜ੍ਹੀ ਵਿੱਚੋਂ ਸਨ।
ਇੱਕ ਸਿੱਖਿਆ ਸ਼ਾਸਤਰੀ, ਸਮਾਜ ਸੁਧਾਰਕ ਅਤੇ ਧਾਰਮਿਕ ਕੱਟੜਤਾ ਦੇ ਵਿਰੋਧੀ ਰੁਚੀ ਰਾਮ ਸਾਹਨੀ ਨੂੰ ਲੋਕਾਂ ਵਿੱਚ ਸਾਇੰਸ ਦੇ ਪ੍ਰਚਾਰਕ ਵੱਜੋਂ ਜਾਣਿਆਂ ਜਾਂਦਾ ਹੈ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਾਬਕਾ ਵਾਇਸ ਚਾਂਸਲਰ ਪ੍ਰੋਫੈਸਰ ਅਰੁਣ ਗਰੋਵਰ ਕਹਿੰਦੇ ਹਨ, “ਰੁਚੀ ਰਾਮ ਸਾਹਨੀ ਨੇ 1885 ਤੋਂ 1897 ਤੱਕ 500 ਜਨਤਕ ਲੈਕਚਰ ਦਿੱਤੇ।
ਰੁਚੀ ਰਾਮ ਸਾਹਨੀ ਪੁਰਾਣੇ ਪੰਜਾਬ ਦੇ ਪਿੰਡਾਂ ਵਿੱਚ ਬਹੁਤ ਘੁੰਮੇ ਸਨ ਅਤੇ ਲੋਕਾਂ ਵਿੱਚ ਜਾ ਕੇ ਵਿਗਿਆਨ ਦਾ ਪ੍ਰਚਾਰ ਕਰਦੇ ਸਨ। ਲੋਕ ਉਹਨਾਂ ਦੇ ਭਾਸ਼ਣ ਸੁਣਨ ਲਈ ਪੈਸੇ ਵੀ ਦਿੰਦੇ ਸਨ।”
ਰੁਚੀ ਰਾਮ ਸਾਹਨੀ ਦੀ ਪੜਪੋਤੀ ਨੀਰਾ ਬੁਰਾ ਦੱਸਦੇ ਹਨ ਕਿ ਉਨ੍ਹਾਂ ਦਾ ਮੰਨਣਾ ਸੀ ਕਿ ਸਾਇੰਸ ਸਿਰਫ ਅੰਗਰੇਜ਼ੀ ’ਚ ਹੀ ਨਹੀਂ ਪੜ੍ਹਾਈ ਜਾਣੀ ਚਾਹੀਦੀ ਹੈ ਬਲਕਿ ਆਮ ਲੋਕਾਂ ਦੀ ਭਾਸ਼ਾ ’ਚ ਹੋਵੇ ਅਤੇ ਵਿਹਾਰਕ ਵੀ ਹੋਣੀ ਚਾਹੀਦੀ ਹੈ।
ਰੁਚੀ ਰਾਮ ਸਾਹਨੀ ਕੌਣ ਸਨ?

ਤਸਵੀਰ ਸਰੋਤ, Neera Burra
ਰੁਚੀ ਰਾਮ ਸਾਹਨੀ ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਦੇ ਅਣਵੰਡੇ ਪੰਜਾਬ ’ਚ 5 ਅਪ੍ਰੈਲ 1863 ਨੂੰ ਅਜੋਕੇ ਪਾਕਿਸਤਾਨ ਦੇ ਡੇਰਾ ਇਸਮਾਈਲ ਖਾਨ ਸ਼ਹਿਰ ਵਿੱਚ ਜਨਮੇ ਸਨ।
ਉਨ੍ਹਾਂ ਦੇ ਪਿਤਾ ਕਰਮ ਚੰਦ ਸਾਹਨੀ ਪੇਸ਼ੇ ਵੱਜੋਂ ਇੱਕ ਕਾਰੋਬਾਰੀ ਸਨ।
‘ਮੈਮਓਅਰਜ਼ ਆਫ਼ ਰੁਚੀ ਰਾਮ ਸਾਹਨੀ’ ਨਾਮ ਹੇਠ ਛਪੀ ਕਿਤਾਬ ਮੁਤਾਬਕ ਸਾਹਨੀ ਭਾਰਤੀ ਮੌਸਮ ਵਿਭਾਗ ਵਿੱਚ ਨੌਕਰੀ ਕਰਨ ਵਾਲੇ ਪਹਿਲੇ ਭਾਰਤੀ ਅਫ਼ਸਰ ਸਨ।
ਸਾਹਨੀ ਨੇ ਜਨਵਰੀ 1885 ਨੂੰ ਮੌਸਮ ਵਿਭਾਗ ਵਿੱਚ ਕਲਕੱਤਾ ਵਿਖੇ ਸਹਾਇਕ ਅਫ਼ਸਰ (ਸੈਕਿੰਡ ਅਸਿਸਟੈਂਟ ਰਿਪੋਰਟਰ) ਵੱਜੋਂ ਆਪਣੀ ਪਹਿਲੀ ਨੌਕਰੀ ਕੀਤੀ ਪਰ ਬਾਅਦ ਵਿੱਚ ਉਹ ਸ਼ਿਮਲਾ ਆ ਗਏ ਜਿੱਥੇ ਉਸ ਸਮੇਂ ਵਿਭਾਗ ਦਾ ਮੁੱਖ ਦਫ਼ਤਰ ਸੀ।

ਸਾਲ 1887 ਵਿੱਚ ਉਹ ਸਰਕਾਰੀ ਕਾਲਜ, ਲਾਹੌਰ ਵਿੱਚ ਕੈਮਿਸਟਰੀ ਪੜ੍ਹਾਉਣ ਲੱਗੇ ਜਿੱਥੇ ਉਹਨਾਂ ਨੇ ਪੜ੍ਹਾਈ ਵਿੱਚ ਸੁਧਾਰ ਨੂੰ ਲੈ ਕੇ ਕੰਮ ਕਰਨਾ ਸ਼ੁਰੂ ਕੀਤਾ।
ਸਾਹਨੀ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ ਅਤੇ ਉਨ੍ਹਾਂ ਮੋਤੀ ਲਾਲ ਨਹਿਰੂ, ਸੀਆਰ ਦਾਸ ਅਤੇ ਪੰਡਿਤ ਮਦਨ ਮੋਹਨ ਮਾਲਵੀਆ ਨਾਲ ਵੀ ਕੰਮ ਕੀਤਾ ਸੀ।
ਉਹ ਜਨਤਕ ਸਿੱਖਿਆ ਦੇ ਹੱਕ ’ਚ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਸਿੱਖਿਆ ਕਦੇ ਵੀ ਸਿਰਫ਼ ਕਲਾਸ ਰੂਮ ਤੱਕ ਸੀਮਤ ਨਹੀਂ ਹੋਣੀ ਚਾਹੀਦੀ ਹੈ।
ਰੁਚੀ ਰਾਮ ਸਾਹਨੀ ਨੇ ਵਿਗਿਆਨ ਦੇ ਪ੍ਰਸਾਰ ਲਈ ਕਿਵੇਂ ਕੰਮ ਕੀਤਾ?

ਤਸਵੀਰ ਸਰੋਤ, Neera Burra
ਪ੍ਰੋਫ਼ੈਸਰ ਰੁਚੀ ਰਾਮ ਸਾਹਨੀ ਪੰਜਾਬ ਵਿੱਚ ਵਿਗਿਆਨ ਦੇ ਪ੍ਰਸਾਰ ਲਈ ਬਣੀ ‘ਪੰਜਾਬ ਸਾਇੰਸ ਇੰਸਟੀਟਿਊਟ’ ਨਾਮ ਦੀ ਸੰਸਥਾ ਦੇ ਸਹਾਇਕ-ਸੰਸਥਾਪਕ ਸਨ।
‘ਮੈਮਓਅਰਜ਼ ਆਫ਼ ਰੁਚੀ ਰਾਮ ਸਾਹਨੀ’ ਮੁਤਾਬਕ ਉਹ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਮਝਾਉਂਦੇ ਸਨ ਕਿ ਸਾਬਣ ਕਿਵੇਂ ਬਣਦਾ ਹੈ।
ਉਨ੍ਹਾਂ ਦੇ ਭਾਸ਼ਣਾਂ ਦੇ ਵਿਸ਼ੇ ਕੁਝ ਇਸ ਤਰ੍ਹਾਂ ਹੁੰਦੇ ਸਨ ਜਿਵੇਂ, ਸ਼ੁੱਧ ਅਤੇ ਅਸ਼ੁੱਧ ਹਵਾ, ਬਿਜਲੀ, ਗਲਾਸ ਮੇਕਿੰਗ, ਇਲੈਕਟ੍ਰੋਪਲੇਟਿੰਗ, ਪੰਜਾਬ ਅਤੇ ਇੱਥੇ ਵਗ਼ਦੇ ਦਰਿਆ।
ਉਹ ਅਕਸਰ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਭਾਸ਼ਣ ਦਿੰਦੇ ਸਨ ਪਰ ਕਦੇ-ਕਦੇ ਉਰਦੂ ਦੀ ਵੀ ਵਰਤੋਂ ਕਰਦੇ ਸਨ।
ਨੀਰਾ ਦੱਸਦੇ ਹਨ ਸਾਹਨੀ ਲਾਹੌਰ ਕਾਲਜ ਵਿੱਚ ਜੋ ਵੀ ਸਾਇੰਸ ਬਾਰੇ ਪੜਾਉਂਦੇ ਸਨ, ਉਸ ਦਾ ਅਨਾਰਕਲੀ ਬਾਜ਼ਾਰ ’ਚ, ਗਲੀ-ਨੁੱਕਰਾਂ ’ਚ ਜਾਂ ਹੋਰ ਪਿੰਡਾਂ ’ਚ ਜਾ ਕੇ ਵਿਗਿਆਨਕ ਪ੍ਰਯੋਗ ਕਰਕੇ ਵਿਖਾਉਂਦੇ ਸਨ।
ਉਹ ਉਸ ਦੇ ਪਿੱਛੇ ਅਸਲ ਤੱਤਾਂ ਦੀ ਜਾਣਕਾਰੀ ਦਿੰਦੇ ਸਨ। ਜਿਵੇਂ ਕਿ ਬਿਜਲੀ ਕਿਵੇਂ ਆਉਂਦੀ ਹੈ, ਟੈਲੀਗ੍ਰਾਫੀ ਕਿਵੇਂ ਕੰਮ ਕਰਦੀ ਹੈ ਆਦਿ।
"ਰੁਚੀ ਰਾਮ ਸਾਹਨੀ ਨੇ ਹਰ ਵਿਅਕਤੀ ਤੱਕ ਵਿਗਿਆਨ ਦੀ ਪਹੁੰਚ ਨੂੰ ਸਰਲ ਕਰਨ ਲਈ ਕਾਲਜ ’ਚ ਅੰਗਰੇਜ਼ੀ ਵਿੱਚ ਹੁੰਦੀ ਪੜ੍ਹਾਈ ਨੂੰ ਪੰਜਾਬੀ ਅਤੇ ਉਰਦੂ ’ਚ ਵੀ ਕਰਵਾਉਣ ’ਤੇ ਜ਼ੋਰ ਦਿੱਤਾ।"
“ਇਸ ਦੇ ਲਈ ਉਨ੍ਹਾਂ ਨੇ ਕਾਲਜ ਦੀਆਂ ਸਾਇੰਸ ਦੀਆਂ ਕਿਤਾਬਾਂ ਦਾ ਉਰਦੂ ’ਚ ਅਨੁਵਾਦ ਕੀਤਾ ਅਤੇ ਸਰਲ ਭਾਸ਼ਾ ’ਚ ਪ੍ਰਯੋਗਾਂ ਦਾ ਵੀ ਵਰਣਨ ਕੀਤਾ।”
ਉਨ੍ਹਾਂ ਦਾ ਮੰਨਣਾ ਸੀ ਕਿ ਜੋ ਵਿਦਿਆਰਥੀ ਅੰਗਰੇਜ਼ੀ ਨਹੀਂ ਜਾਣਦੇ ਹਨ, ਉਹ ਉਰਦੂ ’ਚ ਪੜ੍ਹ ਸਕਦੇ ਹਨ।
‘ਦੇਸ਼ ਦੇ ਵਿਕਾਸ ਲਈ ਆਮ ਲੋਕਾਂ ਤੱਕ ਵਿਗਿਆਨ ਪਹੁੰਚਾਉਣਾ ਜ਼ਰੂਰੀ’

ਤਸਵੀਰ ਸਰੋਤ, Neera Burra
ਸਾਹਨੀ ਦਾ ਮੰਨਣਾ ਸੀ ਕਿ ਭਾਰਤ ’ਚ ਵਿਕਾਸ ਨੂੰ ਹੁਲਾਰਾ ਤਾਂ ਹੀ ਮਿਲ ਸਕਦਾ ਹੈ ਜੇਕਰ ਵਿਗਿਆਨ ਦੀ ਪਹੁੰਚ ਹਰ ਘਰ ਤੱਕ ਹੋਵੇ, ਕਿਉਂਕਿ ਇੱਥੇ ਅੰਧ ਵਿਸ਼ਵਾਸ ਦਾ ਬਹੁਤ ਹੀ ਬੋਲ-ਬਾਲਾ ਸੀ।
ਲੋਕ ਕਿਸੇ ਵੀ ਘਟਨਾ ਪਿੱਛੇ ਕਿਸੇ ਤੱਥ ਜਾਂ ਤਰਕ ਨੂੰ ਲੱਭਣ ਦੀ ਥਾਂ ’ਤੇ ਉਸ ਦਾ ਨਾਤਾ ਅੰਧ ਵਿਸ਼ਵਾਸ ਨਾਲ ਜੋੜ ਦਿੰਦੇ ਸਨ।
ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਹਨੇਰ ਵਿੱਚੋਂ ਬਾਹਰ ਕੱਢਣ ਲਈ ਵਿਗਿਆਨ ਦੀ ਪਹੁੰਚ ਹਰ ਘਰ ਤੱਕ ਪਹੁੰਚਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ।
ਨੀਰਾ ਨੇ ਬੀਬੀਸੀ ਨੂੰ ਦੱਸਿਆ ਕਿ ਇੱਕ ਜ਼ਮਾਨੇ ’ਚ ਲਾਹੌਰ ’ਚ ਬਹੁਤ ਟਾਈਫਾਈਡ ਫੈਲਿਆ ਸੀ ਅਤੇ ਲੋਕ ਅੰਧ ਵਿਸ਼ਵਾਸ ਦਾ ਸ਼ਿਕਾਰ ਹੋ ਰਹੇ ਸਨ। ਲੋਕਾਂ ਦਾ ਮੰਨਣਾ ਸੀ ਕਿ ਕਲਯੁੱਗ ਦੇ ਕਾਰਨ ਹੀ ਇੰਨੇ ਲੋਕ ਮਰ ਰਹੇ ਹਨ।
ਉਹ ਦੱਸਦੇ ਹਨ, “ਪਰ ਉਨ੍ਹਾਂ ਨੇ ਲੋਕਾਂ ਨੂੰ ਸਮਝਾਇਆ ਕਿ ਇਹ ਮੁਸੀਬਤ ਕਿਸੇ ਕਲਯੁੱਗ ਕਰਕੇ ਨਹੀਂ ਸਗੋਂ ਗੰਦੇ ਪਾਣੀ ਕਰਕੇ ਆਈ ਹੈ।”
ਨੀਰਾ ਦੱਸਦੇ ਹਨ ਕਿ ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਸ਼ਹਿਰ ’ਚ ਥਾਂ-ਥਾਂ ’ਤੇ ਲੱਗੇ ਗੰਦਗੀ ਦੇ ਢੇਰ ਹੀ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਤਰਕ ਨਾਲ ਲੋਕਾਂ ਦੀ ਅਜਿਹੇ ਅੰਧ ਵਿਸ਼ਵਾਸਾਂ ਤੋਂ ਛੁਟਕਾਰਾ ਪਾਉਣ ’ਚ ਮਦਦ ਕੀਤੀ।
ਲੈਬ ਦੀ ਲੋੜ ’ਤ ਜ਼ੋਰ ਅਤੇ ਘਰ ’ਚ ਹੀ ਖੋਲ੍ਹੀ ਵਰਕਸ਼ਾਪ

ਤਸਵੀਰ ਸਰੋਤ, Neera Burra
ਰੁਚੀ ਰਾਮ ਸਾਹਨੀ ਨੇ ਸਾਇੰਸ ਦੀ ਸਿੱਖਿਆ ਦੇ ਪ੍ਰਸਾਰ ਲਈ ਵੱਧ ਤੋਂ ਵੱਧ ਪ੍ਰਯੋਗਸ਼ਾਲਾਵਾਂ ਕਾਇਮ ਕਰਨ ’ਤੇ ਜ਼ੋਰ ਦਿੱਤਾ, ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਬਿਨਾ ਪ੍ਰਯੋਗ ਦੇ ਵਿਗਿਆਨ ਅਧੂਰਾ ਹੈ।
ਨੀਰਾ ਦੱਸਦੇ ਹਨ, “ਉਹ ਮੰਨਦੇ ਸਨ ਕਿ ਬੱਚਿਆਂ ਨੂੰ ਸੁਤੰਤਰ ਤੌਰ ’ਤੇ ਪ੍ਰਯੋਗਸ਼ਾਲਾ ’ਚ ਪ੍ਰਯੋਗ ਕੀਤੇ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਪਰ ਉਸ ਜ਼ਮਾਨੇ ’ਚ ਲੈਬ ’ਚ ਵਰਤੇ ਜਾਣ ਵਾਲੇ ਉਪਕਰਣ ਅਮਰੀਕਾ ਤੋਂ ਮੰਗਵਾਏ ਜਾਂਦੇ ਸਨ, ਜਿਸ ਕਰਕੇ ਉਹ ਬਹੁਤ ਹੀ ਮਹਿੰਗੇ ਪੈਂਦੇ ਸਨ ਅਤੇ ਬਹੁਤ ਹੀ ਘੱਟ ਸਕੂਲਾਂ ਜਾਂ ਕਹਿ ਲਓ ਕਿ ਕੁਲੀਨ/ਉੱਚ ਸੰਸਥਾਵਾਂ ’ਚ ਹੀ ਇਹ ਪਾਏ ਜਾਂਦੇ ਸਨ।”
"ਇਸ ਚੁਣੌਤੀ ਨਾਲ ਨਜਿੱਠਣ ਲਈ ਉਨ੍ਹਾਂ ਨੇ ਆਪਣੇ ਹੀ ਘਰ ’ਚ ਇੱਕ ਵਰਕਸ਼ਾਪ ਦਾ ਇੰਤਜ਼ਾਮ ਕੀਤਾ ਅਤੇ ਰੇਲਵੇ ਦੇ ਇੱਕ ਸੇਵਾਮੁਕਤ ਮਿਸਤਰੀ ਨੂੰ ਯੰਤਰ ਠੀਕ ਕਰਨ ਲਈ ਨੌਕਰੀ ’ਤੇ ਰੱਖਿਆ।”
“ਉਸ ਤੋਂ ਬਾਅਦ ਉਹ ਪੇਂਡੂ ਪੰਜਾਬ ਦੇ ਜਿਸ ਵੀ ਪਿੰਡ ’ਚ ਗਏ, ਉੱਥੋਂ ਦੇ ਸਕੂਲ ’ਚ ਜੋ ਲੈਬੋਰਟਰੀ ਦੇ ਉਪਕਰਣ ਸਨ ਜਾਂ ਟੁੱਟੇ-ਫੁੱਟੇ ਸਨ ਤਾਂ ਉਨ੍ਹਾਂ ਨੇ ਆਪਣੀ ਵਰਕਸ਼ਾਪ ’ਚ ਲਿਆ ਕੇ ਠੀਕ ਕਰਨੇ ਸ਼ੁਰੂ ਕੀਤੇ ਅਤੇ ਮੁੜ ਉਨ੍ਹਾਂ ਹੀ ਸਕੂਲਾਂ ਦੀਆਂ ਲੈਬਾਂ ’ਚ ਚਾਲੂ ਕੀਤੇ।”

ਜੈਵਿਕ ਖੇਤੀ
ਰੁਚੀ ਰਾਮ ਸਾਹਨੀ ਇੱਕ ਚੰਗੀ ਆਰਥਿਕਤਾ ਵਾਲੇ ਪਰਿਵਾਰ ਵਿੱਚੋਂ ਸਨ ਅਤੇ ਖੇਤੀਬਾੜੀ ਦਾ ਵੀ ਬਹੁਤ ਰੱਖਦੇ ਸਨ। ਇਸ ਲਈ ਉਹ ਚੰਗੀ ਫਸਲ ਲਈ ਵੀ ਵੱਖ-ਵੱਖ ਪ੍ਰਯੋਗ ਵੀ ਕਰਦੇ ਸਨ।
ਨੀਰਾ ਕਹਿੰਦੇ ਹਨ ਕਿ ਉਹ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜੈਵਿਕ ਖਾਦ ਦੀ ਵਰਤੋਂ ਕਰਕੇ ਜੈਵਿਕ ਖੇਤੀ ਲਈ ਉਤਸ਼ਾਹਿਤ ਕਰਦੇ ਸਨ।
ਬ੍ਰਹਮੋ ਸਮਾਜ ਨੇ ਕੀਤਾ ਪ੍ਰਭਾਵਿਤ

ਤਸਵੀਰ ਸਰੋਤ, Neera Burra
ਜਦੋਂ ਪੰਜਾਬ ’ਚ ਬ੍ਰਹਮੋ ਸਮਾਜ ਦੀ ਸੁਧਾਰ ਲਹਿਰ ਚੱਲੀ ਤਾਂ ਉਸ ਸਮੇਂ ਰੁਚੀ ਰਾਮ ਸਾਹਨੀ ਸਕੂਲ ’ਚ ਸਨ।
ਉਸ ਸਮੇਂ ਛੂਤ-ਛਾਤ ਬਹੁਤ ਮੰਨੀ ਜਾਂਦੀ ਸੀ।
ਜਿਸ ਸਮੇਂ ਅੰਗਰੇਜ਼ਾਂ ਨੇ ਪੰਜਾਬ ਦਾ ਰੁਖ਼ ਕੀਤਾ ਤਾਂ ਉਨ੍ਹਾਂ ਨੂੰ ਅੰਗਰੇਜ਼ੀ ਪੜ੍ਹੇ ਲਿਖੇ ਲੋਕਾਂ ਦੀ ਜ਼ਰੂਰਤ ਮਹਿਸੂਸ ਹੋਈ, ਪਰ ਪੰਜਾਬ ’ਚ ਅਜਿਹੇ ਲੋਕ ਨਾਮਾਤਰ ਹੀ ਸਨ।
ਇਸ ਲਈ ਅੰਗਰੇਜ਼ ਬੰਗਾਲ ਤੋਂ ਅੰਗਰੇਜ਼ੀ ਪੜ੍ਹੇ ਲਿਖੇ ਲੋਕਾਂ ਨੂੰ ਪੰਜਾਬ ਲੈ ਕੇ ਆਏ ਅਤੇ ਉਨ੍ਹਾਂ ਦੇ ਨਾਲ ਹੀ ਆਇਆ ‘ਬ੍ਰਹਮੋ ਸਮਾਜ’।
ਬ੍ਰਹਮੋ ਸਮਾਜ ਦੇ ਅਨੁਸਾਰ ਸਾਰੇ ਧਰਮ ਬਰਾਬਰ ਹਨ ਅਤੇ ਭਗਵਾਨ ਵੀ ਇੱਕ ਹੀ ਹੈ। ਹਰ ਕਿਸੇ ਨੂੰ ਆਪੋ ਆਪਣਾ ਮਜ਼ਹਬ ਅਪਣਾਉਣ ਦੀ ਖੁੱਲ੍ਹ ਹੈ। ‘ਬ੍ਰਹਮੋ ਸਮਾਜ’ ਦੀਆਂ ਇਨ੍ਹਾਂ ਵਿਸ਼ੇਸ਼ਤਾਵਾਂ ਦੇ ਕਾਰਨ ਹੀ ਸਾਹਨੀ ਬਹੁਤ ਪ੍ਰਭਾਵਿਤ ਹੋਏ।

ਤਸਵੀਰ ਸਰੋਤ, Neera Burra
ਆਰੀਆ ਸਮਾਜ ਅਤੇ ਬ੍ਰਹਮੋ ਸਮਾਜ ਵਿਚਕਾਰ ਪਾੜਾ
ਨੀਰਾ ਕਹਿੰਦੇ ਹਨ ਕਿ ਆਰੀਆ ਸਮਾਜ ਦਾ ਕਹਿਣਾ ਸੀ ਕਿ ਹਿੰਦੂ ਧਰਮ ਖ਼ਤਰੇ ’ਚ ਹੈ।
ਉਨ੍ਹਾਂ ਲਈ ਇਹ ਖ਼ਤਰਾ ਇਸਲਾਮ ਤੋਂ ਨਹੀਂ ਸਗੋਂ ਈਸਾਈ ਧਰਮ ਤੋਂ ਸੀ। ਕਿਉਂਕਿ ਬ੍ਰਿਟਿਸ਼ ਹਕੂਮਤ ਦੇ ਨਾਲ ਈਸਾਈ ਪ੍ਰਚਾਰਕ ਵੀ ਆਏ ਅਤੇ ਬਹੁਤ ਸਾਰੇ ਲੋਕਾਂ ਨੇ ਈਸਾਈ ਧਰਮ ਅਪਣਾਉਣਾ ਸ਼ੁਰੂ ਕੀਤਾ।
ਉਹ ਕਹਿੰਦੇ ਹਨ, “ਅਜਿਹੇ ਮਾਹੌਲ ’ਚ ਆਰੀਆ ਸਮਾਜ ਅਤੇ ਬ੍ਰਹਮੋ ਸਮਾਜ ਵਿਚਕਾਰ ਦੂਰੀਆਂ ਵਧਣ ਲੱਗੀਆਂ। ਜਿਵੇਂ ਹੀ ਆਰੀਆ ਸਮਾਜ ਨੇ ਹਿੰਦੂ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਸ਼ੁਰੂ ਕੀਤਾ ਅਤੇ ਬਾਕੀ ਧਰਮਾਂ ਨੂੰ ਵੱਖ ਨਜ਼ਰ ਨਾਲ ਵੇਖਣਾ ਸੁਰੂ ਕੀਤਾ ਤਾਂ ਸਾਹਨੀ ਜੀ ਨੂੰ ਲੱਗਿਆ ਕਿ ਆਰੀਆ ਸਮਾਜ ਲੋਕਾਂ ’ਚ ਵੰਡ ਪਾ ਰਿਹਾ ਹੈ।”
ਨੀਰਾ ਦੱਸਦੇ ਹਨ ਕਿ ਸਾਹਨੀ ਦਾ ਬ੍ਰਹਮੋ ਸਮਾਜ ’ਚ ਇੰਨਾ ਵਿਸ਼ਵਾਸ ਸੀ ਕਿ ਉਨ੍ਹਾਂ ਨੇ ਇਸ ਬਾਰੇ ਆਪਣੀ ਸਵੈ ਜੀਵਨੀ ’ਚ ਵੀ ਲਿਖਿਆ ਹੈ ਕਿ “ਜਦੋਂ ਵੀ ਕਿਤੇ ਆਰੀਆ ਸਮਾਜ ਦਾ ਕੋਈ ਸਮਾਗਮ ਹੁੰਦਾ ਸੀ ਅਤੇ ਮੈਂ ਆਪਣੇ ਬ੍ਰਹਮੋ ਸਮਾਜ ਦੇ ਸਾਥੀਆਂ ਨਾਲ ਆਰੀਆ ਸਮਾਜ ਮੰਦਰ ਜਾਂਦਾ ਸੀ ਤਾਂ ਉਹ ਉਦੋਂ ਤੱਕ ਪ੍ਰਸ਼ਾਦ ਨਹੀਂ ਦਿੰਦੇ ਸਨ ਜਦੋਂ ਤੱਕ ਅਸੀਂ ਉੱਥੋਂ ਚਲੇ ਨਹੀਂ ਜਾਂਦੇ ਸੀ।”
“ਮੈਂ ਵੀ ਇੱਕ ਉੱਚ ਜਾਤੀ ਦਾ ਹਿੰਦੂ ਸੀ ਅਤੇ ਉਹ ਵੀ ਹਿੰਦੂ ਹੀ ਸਨ। ਪਰ ਮੇਰੇ ਕਿਸੇ ਹੋਰ ਸੁਧਾਰ ਲਹਿਰ ਨਾਲ ਜੁੜਿਆ ਹੋਣ ਕਰਕੇ ਉਹ ਮੇਰੇ ਨਾਲ ਭੇਦ ਭਾਵ ਕਰਦੇ ਸਨ।”

ਤਸਵੀਰ ਸਰੋਤ, Neera Burra
ਜਦੋਂ ਵਿਚਾਰਾਂ ਦੇ ਵਖਰੇਵੇਂ ਕਾਰਨ ਮਾਂ ਅਲੱਗ ਹੋਈ
ਨੀਰਾ ਬੁਰਾ ਦੱਸਦੇ ਹਨ ਕਿ ਸਾਹਨੀ ਦੇ ਮਾਤਾ ਰੂੜ੍ਹੀਵਾਦੀ ਵਿਚਾਰਾਂ ਵਾਲੇ ਸਨ ਅਤੇ ਉਨ੍ਹਾਂ ਨੇ ਸਾਹਨੀ ਦੇ ਘਰ ’ਚ ਰਹਿਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਦੇ ਘਰ ਵੱਖ-ਵੱਖ ਧਰਮਾਂ, ਜਾਤੀਆਂ ਦੇ ਲੋਕ ਆਉਂਦੇ ਸਨ।
ਨੀਰਾ ਦੱਸਦੇ ਹਨ ਕਿ, “ਸਾਹਨੀ ਜੀ ਨੇ ਆਪਣੀ ਮਾਂ ਨੂੰ ਆਪਣੇ ਘਰ ’ਚ ਰੱਖਣ ਲਈ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਸੀ।”
ਨੀਰਾ ਅੱਗੇ ਦੱਸਦੇ ਹਨ, “ਉਨ੍ਹਾਂ ਨੇ ਆਪਣੀ ਮਾਂ ਨੂੰ ਕਿਹਾ ਕਿ ਮੈਂ ਤੁਹਾਡੇ ਵਿਸ਼ਵਾਸ ਅਨੁਸਾਰ ਸਮਾਂ ਆਉਣ ’ਤੇ ਸਾਰੇ ਰੀਤੀ-ਰਿਵਾਜ਼ ਕਰਾਂਗਾ, ਪਰ ਉਨ੍ਹਾਂ ਦੀ ਮਾਂ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਤੁਹਾਡਾ ਰਹਿਣ-ਸਹਿਣ, ਖਾਣਾ-ਪੀਣਾ ਮੇਰੇ ਅਨੁਸਾਰ ਨਹੀਂ ਹੈ, ਜੋ ਮੈਨੂੰ ਠੀਕ ਨਹੀਂ ਲੱਗਦਾ ਹੈ, ਇਸ ਲਈ ਮੈਂ ਤੁਹਾਡੇ ਨਾਲ ਨਹੀਂ ਰਹਾਂਗੀ।”












