'ਭਾਜਪਾ ਅਕਾਲੀ ਦਲ ਨਾਲ ਮਿਲ ਕੇ ਨਹੀਂ, ਆਜ਼ਾਦ ਤੌਰ ’ਤੇ ਆਪਣੀ ਥਾਂ ਬਣਾਉਣਾ ਚਾਹੁੰਦੀ ਹੈ'

ਅਮਿਤ ਸ਼ਾਹ

ਤਸਵੀਰ ਸਰੋਤ, Parbhu Dyal/BBC

ਤਸਵੀਰ ਕੈਪਸ਼ਨ, ਅਮਿਤ ਸ਼ਾਹ ਨੇ ਹਰਿਆਣਾ ਦੇ ਸਿਰਸਾ ਵਿੱਚ ਵੀ ਰੈਲੀ ਕੀਤੀ
    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਗੁਰਦਾਸਪੁਰ ਵਿੱਚ ਐਤਵਾਰ ਨੂੰ ਬੋਲਦਿਆਂ ਸੂਬੇ ਦੀ ਕਾਨੂੰਨ ਵਿਵਸਥਾ, ਨਸ਼ੇ ਦੀ ਸਮੱਸਿਆ ਅਤੇ ਦਲਿਤਾਂ ’ਤੇ ਅੱਤਿਆਚਾਰ ਦੇ ਮਸਲੇ ਚੁੱਕੇ।

ਅਮਿਤ ਸ਼ਾਹ ਮੋਦੀ ਸਰਕਾਰ ਦੇ ਨੌ ਸਾਲ ਪੂਰੇ ਹੋਣ ’ਤੇ ਰੱਖੀ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਹਾਲਾਂਕਿ ਭਾਜਪਾ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਫ਼ਿਲਮ ਅਦਾਕਾਰ ਸਨੀ ਦਿਓਲ ਅਮਿਤ ਸ਼ਾਹ ਦੀ ਰੈਲੀ ਵਿੱਚੋਂ ਗੈਰ-ਹਾਜ਼ਰ ਸਨ।

ਰੈਲੀ ਦੌਰਾਨ ਅਮਿਤ ਸ਼ਾਹ ਨੇ ਪੰਜਾਬ ਦੇ ਜ਼ੁਲਮ ਖਿਲਾਫ਼ ਲੜਨ ਵਾਲੇ ਇਤਿਹਾਸ ਅਤੇ ਸਿੱਖਾਂ ਗੁਰੂਆਂ ਦੇ ਸ਼ਾਂਤੀ ਤੇ ਸਦਭਾਵਨਾ ਦੇ ਸੰਦੇਸ਼ ਨੂੰ ਯਾਦ ਕੀਤਾ ਅਤੇ ਪੰਜਾਬੀਆਂ ਦੀ ਮੁਗਲਾਂ ਤੇ ਅੰਗਰੇਜ਼ਾਂ ਵਿਰੁੱਧ ਲੜਨ ਦੀ ਭਾਵਨਾਂ ਦੀ ਸਿਫ਼ਤ ਵੀ ਕੀਤੀ।

ਸ਼ਾਹ ਨੇ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਤੇ ਸਿੱਖ ਭਾਈਚਾਰੇ ਲਈ ਕੀਤੇ ਕੰਮਾਂ ਨੂੰ ਗਿਣਵਾਇਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਇਲਜ਼ਾਮ ਲਗਾਇਆ।

ਅਮਿਤ ਸ਼ਾਹ ਨੇ ਆਪਣੇ ਭਾਸ਼ਣ ਵਿੱਚ ਸਾਬਕਾ ਲੋਕ ਸਭਾ ਮੈਂਬਰ ਵਿਨੋਦ ਖੰਨਾ ਦਾ ਜ਼ਿਕਰ ਤਾਂ ਕੀਤਾ ਪਰ ਸਨੀ ਦਿਓਲ ਬਾਰੇ ਇੱਕ ਸ਼ਬਦ ਵੀ ਨਹੀਂ ਕਿਹਾ।

ਅਮਿਤ ਸ਼ਾਹ

ਤਸਵੀਰ ਸਰੋਤ, BBC/Gurpreet Chawla

‘ਅੰਮ੍ਰਿਤਸਾਰ ’ਚ ਐੱਨਸੀਬੀ ਦਾ ਦਫ਼ਤਰ ਖੋਲਾਂਗੇ’

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਵੱਧ ਰਿਹਾ ਹੈ ਤੇ ਇਸ ਨੂੰ ਭਾਜਪਾ ਉਖਾੜ ਦੇਵੇਗੀ।

ਉਨ੍ਹਾਂ ਕਿਹਾ, “ਅੰਮ੍ਰਿਤਸਾਰ ’ਚ ਐੱਨਸੀਬੀ ਦਾ ਦਫ਼ਤਰ ਖੋਲਾਂਗੇ ਅਤੇ ਭਾਜਪਾ ਦੇ ਵਰਕਰ ਪੰਜਾਬ ਦੀ ਹਰ ਤਹਿਸੀਲ ਤੇ ਪਿੰਡ ਪਿੰਡ ਜਾ ਕੇ ਨਸ਼ੇ ਖ਼ਿਲਾਫ਼ ਲੋਕ ਜਾਗਰੂਕਤਾ ਮੁਹਿੰਮ ਸ਼ੁਰੂ ਕਰਨਗੇ।”

ਅਮਿਤ ਸ਼ਾਹ ਨੇ ਰੈਲੀ ਦੌਰਾਨ ਬੋਲਦਿਆਂ ਕਿਹਾ, “ਆਜ਼ਾਦੀ ਤੋਂ ਬਾਅਦ ਜੇਕਰ ਕਿਸੇ ਸਰਕਾਰ ਨੇ ਝੋਨੇ ਅਤੇ ਕਣਕ ਦੀ ਖਰੀਦ ਕੀਤੀ ਹੈ ਤਾਂ ਉਹ ਮੋਦੀ ਸਰਕਾਰ ਹੈ।”

ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਹਾਜ਼ ਵਿੱਚ ਪੂਰੇ ਦੇਸ਼ ਦੇ ਚੱਕਰ ਲਗਵਾ ਰਹੇ ਹਨ।

ਸ਼ਾਹ ਨੇ ਕਿਹਾ, “ਉਨ੍ਹਾਂ (ਭਗਵੰਤ ਮਾਨ) ਦਾ ਪੂਰਾ ਸਮਾਂ ਕੇਜਰੀਵਾਲ ਦੇ ਦੌਰਿਆਂ ਵਿੱਚ ਜਾਂਦਾ ਹੈ। ਇਸ ਕਾਰਨ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਹੈ। ਇੱਥੇ ਲੋਕ ਸੁਰੱਖਿਅਤ ਨਹੀਂ ਹਨ। ਨਸ਼ੇ ਦਾ ਕਾਰੋਬਾਰ ਵੱਧ ਰਿਹਾ ਹੈ, ਕਿਸਾਨਾਂ ਦੀਆਂ ਤਕਲੀਫ਼ਾਂ ਵੱਧ ਰਹੀਆਂ ਹਨ ਪਰ ਸੀਐੱਮ ਕੋਲ ਇਸ ਲਈ ਸਮਾਂ ਨਹੀਂ ਹੈ। ਇੱਥੇ ਦਲਿਤਾਂ ’ਤੇ ਅੱਤਿਆਚਾਰ ਵਧਿਆ ਹੈ।”

ਉਨ੍ਹਾਂ ਕਿਹਾ, “ਮੈਂ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਪੁੱਛਣ ਆਇਆ ਹਾਂ ਕਿ ਤੁਸੀਂ ਹਰ ਔਰਤ ਦੇ ਖਾਤੇ ਵਿੱਚ ਹਰ ਮਹੀਨੇ 1000 ਰੁਪਏ ਪਾਉਣ ਵਾਲੇ ਸੀ ਪਰ ਪੰਜਾਬ ਦੀਆਂ ਮਾਵਾਂ-ਭੈਣਾਂ ਇਸ ਦਾ ਰਾਹ ਦੇਖ ਰਹੀਆਂ ਹਨ ਪਰ ਹਾਲੇ ਤੱਕ ਇੱਕ ਪੈਸਾ ਵੀ ਨਹੀਂ ਆਇਆ।”

‘ਅੰਮ੍ਰਿਤਸਰ ’ਚ ਐੱਨਸੀਬੀ ਜਾਂ ਭਾਜਪਾ ਦਾ ਦਫ਼ਤਰ’

ਅਮਿਤ ਸ਼ਾਹ ਵੱਲੋਂ ਅੰਮ੍ਰਿਤਸਰ ਵਿੱਚ ਐੱਨਸੀਬੀ ਦਾ ਦਫ਼ਤਰ ਖੋਲਣ ਅਤੇ ਨਸ਼ੇ ਖਿਲਾਫ਼ ਮੁਹਿੰਮ ਚਲਾਉਣ ਦੇ ਐਲਾਨ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਰੜੇ ਹੱਥੀ ਲਿਆ ਹੈ।

ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ, “ਤੁਸੀਂ ਅੰਮ੍ਰਿਤਸਰ ਵਿੱਚ ਐੱਨਸੀਬੀ ਜਾਂ ਭਾਜਪਾ ਦਾ ਦਫ਼ਤਰ ਖੋਲ੍ਹ ਰਹੇ ਹੋ? ਫਿਰ ਐੱਨਸੀਬੀ ਭਾਜਪਾ ਵਰਕਰਾਂ ਰਾਹੀਂ ਪਿੰਡ-ਪਿੰਡ ਵਿੱਚ ਕਿਵੇਂ ਕੰਮ ਕਰ ਸਕਦੀ ਹੈ? ਇਸ ਦਾ ਮਤਲਬ ਹੈ ਕਿ ਤੁਹਾਨੂੰ ਪੰਜਾਬ ਦੇ ਨਸ਼ੇ ਨਾਲ ਕੋਈ ਲੈਣਾ-ਦੇਣਾ ਨਹੀਂ। ਐੱਨਸੀਬੀ ਦੀ ਵਰਤੋਂ ਕਰਕੇ ਭਾਜਪਾ ਦਾ ਪ੍ਰਚਾਰ ਕਰਨਾ ਹੈ। ਉਂਝ ਨਸ਼ਾ ਤਾਂ ਤੁਹਾਡੀ ਤੇ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਫੈਲਿਆ ਸੀ, ਸ਼ਾਹ ਸਾਹਿਬ?"

ਕੇਜਰੀਵਾਲ

ਤਸਵੀਰ ਸਰੋਤ, AK Twitter

ਪੰਜਾਬ ਵਿੱਚ ‘ਆਪ’ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਕਿਹਾ, “ਜਦੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇਸ਼ ਵਿੱਚ ਦੌਰੇ ਕਰ ਰਹੇ ਹਨ ਤਾਂ ਭਾਜਪਾ ਵਿੱਚ ਡਰ ਪੈਦਾ ਹੋ ਰਿਹਾ ਹੈ। ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਜੇਕਰ ਕੋਈ ਬੇਨਕਾਬ ਕਰ ਰਿਹਾ ਹੈ ਤਾਂ ਉਹ ਅਰਵਿੰਦ ਕੇਜਰੀਵਾਲ ਅਤੇ ਆਪ ਆਦਮੀ ਪਾਰਟੀ ਹੈ।”

ਅਮਿਤ ਸ਼ਾਹ

ਅਮਿਤ ਸ਼ਾਹ ਦੀ ਪੰਜਾਬ ਰੈਲੀ ਬਾਰੇ ਖਾਸ ਗੱਲਾਂ

  • ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਪੰਜਾਬ ਵਿੱਚ ਵਧਾਈਆਂ ਸਰਗਰਮੀਆਂ
  • ਅਮਿਤ ਸ਼ਾਹ ਨੇ ਨਸ਼ਾ ਰੋਕਣ ਲਈ ਅੰਮ੍ਰਿਤਸਾਰ ’ਚ ਐੱਨਸੀਬੀ ਦਾ ਦਫ਼ਤਰ ਖੋਲਣ ਦਾ ਕੀਤਾ ਐਲਾਨ
  • ਕੇਂਦਰੀ ਮੰਤਰੀ ਦੀ ਰੈਲੀ ਵਿੱਚੋਂ ਭਾਜਪਾ ਐੱਮਪੀ ਸਨੀ ਦਿਓਲ ਰਹੇ ਗੈਰ-ਹਾਜ਼ਰ
  • ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ’ਤੇ ਕੁਝ ਨਹੀਂ ਬੋਲੇ ਕੇਂਦਰੀ ਮੰਤਰੀ
ਅਮਿਤ ਸ਼ਾਹ

‘ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ’ਚ ਇਕੱਲੇ ਉੱਭਰਨਾ ਚਾਹੁੰਦੀ ਹੈ ਭਾਜਪਾ’

ਅਮਿਤ ਸ਼ਾਹ ਤੋਂ ਪਹਿਲਾਂ ਭਾਜਪਾ ਦੇ ਪ੍ਰਧਾਨ ਜੇਪੀ ਨੱਢਾ ਨੇ ਵੀ 14 ਜੂਨ ਨੂੰ ਹੁਸ਼ਿਆਰਪੁਰ ਵਿੱਚ ਰੈਲੀ ਨੂੰ ਸੰਬੋਧਨ ਕੀਤਾ ਸੀ। ਨੱਢਾ ਨੇ ਵੀ ਮੋਦੀ ਸਰਕਾਰ ਵੱਲੋਂ ਪੰਜਾਬ ਅਤੇ ਕਿਸਾਨਾਂ ਲਈ ਕੀਤੇ ਕੰਮਾਂ ਨੂੰ ਜ਼ੋਰ ਦੇ ਕੇ ਗਿਣਵਾਇਆ ਸੀ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਾਜਨੀਤੀ ਸਾਸ਼ਤਰ ਦੇ ਪ੍ਰੋਫੈਸਰ ਮੁਹੰਮਦ ਖਾਲਿਦ ਕਹਿੰਦੇ ਹਨ, “ਬੀਜੇਪੀ ਹਰ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਵਿੱਚ ਪਾਰਟੀ ਨੂੰ ਫੈਲਾਇਆ ਜਾਵੇ। ਉਹ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਨਹੀਂ ਬਲਕਿ ਆਜ਼ਾਦ ਤੌਰ ’ਤੇ ਆਪਣੀ ਥਾਂ ਬਣਾਉਣਾ ਚਾਹੁੰਦੇ ਹਨ। ਇਸ ਲਈ ਭਾਜਪਾ ਡੇਰਿਆਂ ਤੱਕ ਪਹੁੰਚ ਕਰ ਰਹੀ ਹੈ ਅਤੇ ਸਿੱਖ ਚਿਹਰਿਆਂ ਨੂੰ ਅੱਗੇ ਲਿਆ ਰਹੀ ਹੈ।”

ਭਾਜਪਾ

ਤਸਵੀਰ ਸਰੋਤ, BBC/Gurpreet Chawla

ਪ੍ਰੋਫੈਸਰ ਮੁਹੰਮਦ ਖਾਲਿਦ ਅਨੁਸਾਰ, “ਪਾਰਟੀ ਦੀ ਰਣਨੀਤੀ ਮੁਤਾਬਕ ਕੇਂਦਰੀ ਮੰਤਰੀ ਹਰਦੀਪ ਪੁਰੀ ਵਾਰ-ਵਾਰ ਪੰਜਾਬ ਆ ਰਹੇ ਹਨ। ਪਾਰਟੀ ਨੇ ਆਪਣੇ ਹੋਰ ਵੀ ਕਈ ਸੀਨੀਅਰ ਲੀਡਰ ਪੰਜਾਬ ਵਿੱਚ ਲਗਾਏ ਹੋਏ ਹਨ ਤਾਂ ਜੋ ਬੀਜੀਪੀ ਸਾਲ 2024 ਵਿੱਚ ਕਿਸੇ ਤਰੀਕੇ ਨਾਲ ਸੀਟਾਂ ਕੱਢ ਸਕੇ। ਇਸੇ ਹੀ ਸੰਦਰਭ ਵਿੱਚ ਅਮਿਤ ਸ਼ਾਹ ਪੰਜਾਬ ਵਿੱਚ ਆਏ ਹਨ।”

ਪ੍ਰੋਫੈਸਰ ਮੁਹੰਮਦ ਖਾਲਿਦ ਕਹਿੰਦੇ ਹਨ, “ਪੰਜਾਬ ਵਿੱਚ ਨਸ਼ੇ ਦਾ ਵਾਧਾ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸਮੇਂ ਹੀ ਹੋਇਆ। ਭਾਜਪਾ ਇਸ ਗੱਲ ਤੋਂ ਆਪਣੇ ਆਪ ਨੂੰ ਬਰੀ ਨਹੀਂ ਕਰ ਸਕਦੀ ਕਿ ਨਸ਼ੇ ਦੇ ਵਧਣ ਵਿੱਚ ਉਹਨਾਂ ਦੀ ਕੋਈ ਅਣਗਹਿਲੀ ਨਹੀਂ ਹੈ।”

ਉਨ੍ਹਾਂ ਕਿਹਾ, “ਜਦੋਂ ਪਹਿਲਾਂ ਹੀ ਬਾਰਡਰ ਤੋਂ ਲੈ ਕੇ 50 ਕਿਲੋਮੀਟਰ ਦਾ ਇਲਾਕਾ ਬੀਐੱਸਐੱਫ ਅਧੀਨ ਹੈ ਤਾਂ ਨਸ਼ਾਂ ਕਿੱਥੋਂ ਤੇ ਕਿਵੇਂ ਆ ਰਿਹਾ ਹੈ? ਇਸ ਲਈ ਕੌਣ ਜ਼ਿੰਮੇਵਾਰ ਹੈ?”

ਸਨੀ ਦਿਓਲ ਦੀ ਗੈਰ-ਹਾਜ਼ਰੀ 'ਤੇ ਚੁੱਕੇ ਗਏ ਸਵਾਲ

ਪੰਜਾਬ ਨਾਲ ਸਬੰਧਤ ਅਦਾਕਾਰ ਧਰਮਿੰਦਰ ਦੇ ਅਦਾਕਾਰ ਪੁੱਤਰ ਸਨੀ ਦਿਓਲ ਗੁਰਦਾਸਪੁਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਹਨ ਪਰ ਉਹ ਲੰਮੇ ਸਮੇਂ ਤੋਂ ਇਲਾਕੇ ਵਿੱਚੋਂ ਨਦਾਰਦ ਹਨ ਜਿਸ ਦੀ ਵਿਰੋਧੀ ਧਿਰਾਂ ਵੱਲੋਂ ਅਲੋਚਨਾ ਕੀਤੀ ਜਾ ਰਹੀ ਹੈ।

ਅੱਜ ਕੱਲ੍ਹ ਸਨੀ ਦਿਓਲ ਦੇ ਪੁੱਤਰ ਕਰਨ ਦਿਓਲ ਦੇ ਵਿਆਹ ਦੇ ਸਮਾਗਮ ਚੱਲ ਰਹੇ ਹਨ ਅਤੇ ਉਹ ਆਪਣੀ ਨਵੀਂ ਫਿਲਮ ‘ਗਦਰ-2’ ਦਾ ਵੀ ਪ੍ਰਚਾਰ ਕਰ ਰਹੇ ਹਨ।

ਸਨੀ ਦਿਓਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਨੀ ਦਿਓਲ

‘ਆਪ’ ਦੇ ਬੁਲੇਰੇ ਮਾਲਵਿੰਦਰ ਕੰਗ ਨੇ ਕਿਹਾ, “ਸਭ ਤੋਂ ਵੱਡੀ ਗੱਲ ਇਹ ਹੈ ਕਿ ਅਮਿਤ ਸ਼ਾਹ ਦੀ ਰੈਲੀ ਵਿੱਚ ਉਹਨਾਂ ਦੇ ਸਥਾਨਕ ਲੋਕ ਸਭਾ ਮੈਂਬਰ ਹਾਜ਼ਰ ਨਹੀਂ ਸਨ। ਜੇਕਰ ਉਹਨਾਂ ਦੇ ਮੈਂਬਰ ਪਾਰਲੀਮੈਂਟ ਉਹਨਾਂ ਨਾਲ ਸਹਿਮਤ ਨਹੀਂ ਹਨ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਭਾਜਪਾ ਕਿਸ ਦਿਸ਼ਾ ਵਿੱਚ ਜਾ ਰਹੀ ਹੈ?”

ਸਨੀ ਦਿਓਲ ਦੀ ਗੈਰ-ਹਾਜ਼ਰੀ ’ਤੇ ਸਵਾਲ ਚੁੱਕਦਿਆਂ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ, “ਸਨੀ ਦਿਓਲ ਕਈ ਸਾਲਾਂ ਤੋਂ ਗੁਰਦਾਸਪੁਰ ਵਿੱਚ ਦਿਖਾਈ ਨਹੀਂ ਦੇ ਰਹੇ। ਅਮਿਤ ਸ਼ਾਹ ਉਹਨਾਂ ਬਾਰੇ ਕੁਝ ਨਹੀਂ ਬੋਲੇ ਪਰ ਇਸ ਦਾ ਉਹਨਾਂ ਨੂੰ ਜਵਾਬ ਦੇਣਾ ਪੈਣਾ ਕਿ ਸਨੀ ਦਿਓਲ ਕਿੱਥੇ ਹੈ?”

ਪ੍ਰੋਫੈਸਰ ਮੁਹੰਮਦ ਖਾਲਿਦ ਕਹਿੰਦੇ ਹਨ, “ਇੱਕ ਲੋਕ ਸਭਾ ਮੈਂਬਰ ਦਾ ਗੈਰ ਹਾਜ਼ਰ ਹੋਣਾ ਸੰਕੇਤ ਦਿੰਦਾ ਹੈ ਕਿ ਸ਼ਾਇਦ ਪਾਰਟੀ ਨੇ ਉਸ ਵਿਅਕਤੀ ਨੂੰ ਸ਼ਾਮਿਲ ਕਰ ਲਿਆ ਜੋ ਸਿਆਸਤ ਨੂੰ ਲੈ ਕੇ ਗੰਭੀਰ ਨਹੀਂ ਹੈ। ਜੇਕਰ ਅਮਿਤ ਸ਼ਾਹ ਦੀ ਰੈਲੀ ਵਿੱਚ ਕੋਈ ਐੱਮਪੀ ਹੀ ਨਹੀਂ ਆਵੇਗਾ ਤਾਂ ਬਾਕੀ ਵਰਕਰਾਂ ਨੂੰ ਕਿਵੇਂ ਕੰਟਰੋਲ ਕੀਤਾ ਜਾਵੇਗਾ?”

ਸਿੱਖ

ਤਸਵੀਰ ਸਰੋਤ, BBC/Gurpreet Chawla

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਨੇਤਾ ਸਿੱਖਾਂ ਦੀ ਮੁਗਲਾਂ ਖਿਲਾਫ਼ ਬਹਾਦਰੀ ਭਰੀ ਲੜਾਈ ਦਾ ਆਪਣੇ ਭਾਸ਼ਣਾ ਵਿੱਚ ਜ਼ਿਕਰ ਕਰਦੇ ਹਨ।

ਮੁਗਲਾਂ ਨਾਲ ਸਿੱਖਾਂ ਦਾ ਸੰਘਰਸ਼ ਤੇ ਮੌਜੂਦਾ ਰਾਜਨੀਤੀ

ਸਿੱਖ ਗੁਰੂ ਮੁਗਲ ਰਾਜਿਆਂ ਦੇ ਜ਼ੁਲਮ ਖਿਲਾਫ਼ ਆਵਾਜ਼ ਚੁੱਕਦੇ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਨੇਤਾ ਸਿੱਖਾਂ ਦੀ ਮੁਗਲਾਂ ਖਿਲਾਫ਼ ਬਹਾਦਰੀ ਭਰੀ ਲੜਾਈ ਦਾ ਆਪਣੇ ਭਾਸ਼ਣਾ ਵਿੱਚ ਜ਼ਿਕਰ ਕਰਦੇ ਹਨ।

ਪ੍ਰੋਫੈਸਰ ਮੁਹੰਮਦ ਖਾਲਿਦ ਕਹਿੰਦੇ ਹਨ, “ਮੁਗਲਾ ਨੂੰ ਭੰਡ ਕੇ ਭਾਜਪਾ ਆਪਣਾ ਸੰਪਰਦਾਇਕ ਏਜੰਡਾ ਅੱਗੇ ਲਿਜਾਣਾ ਚਹੁੰਦੀ ਹੈ। ਮੁਗਲਾਂ ’ਤੇ ਨਿਸ਼ਾਨੇ ਸਾਧ ਕੇ ਉਹ ਹਿੰਦੂ ਵੋਟ ਇਕੱਠਾ ਕਰਦੇ ਹਨ। ਐਨਸੀਈਆਰਟੀ ਦੀਆਂ ਕਿਤਾਬਾਂ ਨਾਲ ਛੇੜਛਾੜ ਕਰਨਾ ਅਤੇ ਸੰਸਥਾਵਾਂ ਦੇ ਮੁਗਲਾਂ ਨਾਲ ਸਬੰਧਤ ਨਾਮ ਬਦਲਣੇ ਇਹਨਾਂ ਦਾ ਇੱਕ ਵੱਡਾ ਪ੍ਰੋਜੈਕਟ ਹੈ। ਉਹ ਮੁਗਲ ਇਤਿਹਾਸ ਨੂੰ ਭਾਰਤ ਦੇ ਇਤਿਹਾਸ ਵਿੱਚੋਂ ਖਤਮ ਕਰਨਾ ਚਹੁੰਦੇ ਹਨ ਜੋ ਸੰਭਵ ਨਹੀਂ ਹੈ।”

ਕੇਂਦਰੀ ਮੰਤਰੀ ਵੱਲੋਂ ਸਿੱਖ ਇਤਿਹਾਸ ਦੀ ਸ਼ਲਾਘਾ ਕਰਨ ਬਾਰੇ ਜਗਤਾਰ ਸਿੰਘ ਨੇ ਕਿਹਾ, “ਇਹ ਵਾਰ-ਵਾਰ ਮੁਗਲਾਂ ਨੂੰ ਸਿੱਖ ਵਿਰੋਧੀ ਦਿਖਾ ਰਹੇ ਹਨ। ਇਹ ਉਨ੍ਹਾਂ ਦੀ ਨੀਤੀ ਦਾ ਹਿੱਸਾ ਹੈ ਜਿਸ ਨੂੰ ਉਹ ਦੁਹਰਾ ਰਹੇ ਹਨ ਪਰ ਇਸ ਬਾਰੇ ਸਿੱਖਾਂ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਨੇ ਕੀ ਰੁਖ ਲੈਣਾ ਹੈ।”

‘ਬੰਦੀ ਸਿੱਖਾਂ ਦੇ ਮੁੱਦੇ ’ਤੇ ਚੁੱਪੀ’

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ, “ਪੰਜਾਬ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦਾ ਸੰਘਰਸ਼ ਚੱਲ ਰਿਹਾ ਹੈ ਪਰ ਅਮਿਤ ਸ਼ਾਹ ਇਸ ਮੁੱਦੇ ਉਪਰ ਬਿਲਕੁੱਲ ਚੁੱਪ ਰਹੇ। ਉਨ੍ਹਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ ਹਨ ਜਿਸ ਦੇ ਖਰਾਬ ਹੋਣ ਨੂੰ ਮੰਨਿਆ ਜਾ ਸਕਦਾ ਹੈ ਪਰ ਮਣੀਪੁਰ ਵਿੱਚ ਤਾਂ ਅੱਗ ਲੱਗੀ ਹੋਈ ਹੈ। ਉਸ ਬਾਰੇ ਉਹ ਇੱਕ ਸ਼ਬਦ ਨਹੀਂ ਬੋਲੇ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)