ਪੰਜਾਬ ਦਾ ਉਹ ਸ਼ਹਿਰ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਕੋਈ ਭੁੱਖਾ ਨਹੀਂ ਸੌਂਦਾ

ਤਸਵੀਰ ਸਰੋਤ, Getty Images
- ਲੇਖਕ, ਸ੍ਰਿਸ਼ਟੀ ਚੌਧਰੀ ਅਤੇ ਰਾਫੇਲ ਰੀਚੇਲ
- ਰੋਲ, ਬੀਬੀਸੀ ਟਰੈਵਲ
ਅੰਮ੍ਰਿਤਸਰ, 20 ਲੱਖ ਲੋਕਾਂ ਦੀ ਆਬਾਦੀ ਵਾਲਾ ਇਹ ਸ਼ਹਿਰ, ਬਹੁਤ ਸਾਰੀਆਂ ਚੀਜ਼ਾਂ ਲਈ ਮਸ਼ਹੂਰ ਹੈ। ਇਹਨਾਂ ਵਿੱਚ ਮਨਮੋਹਕ ਪਕਵਾਨ, ਇਤਿਹਾਸਕ ਪੁਰਾਣਾ ਸ਼ਹਿਰ ਅਤੇ ਹਰਿਮੰਦਰ ਸਾਹਿਬ ਸ਼ਾਮਲ ਹੈ ਜੋ ਸਿੱਖ ਧਰਮ ਦਾ ਸਭ ਤੋਂ ਮਹੱਤਵਪੂਰਨ ਅਸਥਾਨ ਹੈ।
ਫਿਰ ਵੀ, ਦਰਬਾਰ ਸਾਹਿਬ ਤੋਂ ਲੈ ਕੇ ਗਲੀਆਂ ਦੇ ਲੋਕਾਂ ਤੱਕ, ਜੋ ਚੀਜ਼ ਹਰ ਥਾਂ ਇੱਕੋ ਜਿਹੀ ਹੈ, ਉਹ ਸ਼ਹਿਰ ਦੀ ਸਥਾਪਨਾ ਨਾਲ ਜੁੜੀ ਹੋਈ ਉਦਾਰਤਾ ਦੀ ਭਾਵਨਾ ਹੈ।
ਅੰਮ੍ਰਿਤਸਰ ਦੀ ਸਥਾਪਨਾ ਸੋਲ੍ਹਵੀਂ ਸਦੀ ਵਿੱਚ ਚੌਥੇ ਸਿੱਖ ਗੁਰੂ, ਗੁਰੂ ਰਾਮ ਦਾਸ ਵੱਲੋਂ ਕੀਤੀ ਗਈ ਸੀ। ਇਹ ਪੰਜਾਬ ਦੇ ਉਸ ਖੇਤਰ ਵਿੱਚ ਸਥਿਤ ਹੈ ਜਿੱਥੋਂ ਸਿੱਖ ਧਰਮ ਦੀ ਸ਼ੁਰੂਆਤ ਹੋਈ ਸੀ। ਸਿੱਖ ਧਰਮ ਆਪਣੀ ਸੇਵਾ ਦੀ ਪਰੰਪਰਾ ਲਈ ਜਾਣਿਆ ਜਾਂਦਾ ਹੈ।

ਤਸਵੀਰ ਸਰੋਤ, Getty Images
ਸਿੱਖ ਧਰਮ ਅਤੇ ਸੇਵਾ ਭਾਵਨਾ
ਸਿੱਖ ਧਰਮ ਮਰਜ਼ੀ ਨਾਲ ਬਿਨਾਂ ਕਿਸੇ ਉਮੀਦ ਜਾਂ ਮੁਕਾਬਲੇ ਦੇ ਦੂਜਿਆਂ ਲਈ ਕੀਤੀ ਗਈ ਸੇਵਾ ਲਈ ਜਾਣਿਆ ਜਾਂਦਾ ਹੈ। ਦੁਨੀਆਂ ਭਰ ਦੇ ਸਿੱਖ ਗੁਰਦੁਆਰਿਆਂ ਵਿੱਚ ਸੇਵਾ ਕਰਦੇ ਹਨ। ਜਿਵੇਂ ਫਰਸ਼ਾਂ ਦੀ ਸਫਾਈ, ਲੰਗਰ ਵਰਤਾਉਣ ਅਤੇ ਗੁਰਦੁਆਰੇ ਦੇ ਪ੍ਰਬੰਧਕੀ ਕੰਮ ਵਿੱਚ ਸਹਿਯੋਗ ਕਰਨਾ।
ਬਹੁਤ ਸਾਰੇ ਸਿੱਖ ਆਪਣੇ ਨਿੱਜੀ ਜੀਵਨ ਵਿੱਚ ਵੀ ਉਦਾਰਤਾ ਅਤੇ ਦਾਨ ਦੇ ਕੰਮਾਂ ਨਾਲ ਸੇਵਾ ਕਰਦੇ ਹਨ।
ਅਪ੍ਰੈਲ 2021 ਵਿੱਚ ਜਦੋਂ ਕੋਵਿਡ ਨੇ ਪੂਰੇ ਭਾਰਤ ਵਿੱਚ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਸੀ, ਤਾਂ ਸਿੱਖ ਭਾਈਚਾਰਾ ਬਹੁਤ ਸਾਰੇ ਲੋੜਵੰਦਾਂ ਨੂੰ ਆਕਸੀਜਨ ਦੇ ਸਿਲੰਡਰ ਅਤੇ ਹੋਰ ਡਾਕਟਰੀ ਸਹੂਲਤਾ ਦੀ ਸਪਲਾਈ ਪਹੁੰਚਾਉਣ ਦਾ ਚੁਣੌਤੀਪੂਰਨ ਕੰਮ ਕਰ ਰਿਹਾ ਸੀ।

ਤਸਵੀਰ ਸਰੋਤ, Getty Images
ਜਸਰੀਨ ਮਯਾਲ ਖੰਨਾ ਨੇ ਆਪਣੀ ਕਿਤਾਬ “ਸਰਵਿਸ: ਸਿੱਖ ਵਿਜ਼ਡਮ ਫਾਰ ਲਿਵਿੰਗ ਵੈੱਲ ਬਾਇ ਡੂਇੰਗ ਗੁੱਡ” ਵਿੱਚ ਲਿਖਿਆ ਹੈ, "ਸੇਵਾ ਦਾ ਅਰਥ ਹੈ ਨਿਰਸਵਾਰਥ ਸੇਵਾ, ਅਤੇ ਸਿੱਖ ਧਰਮ ਵਿੱਚ ਇਹ ਸਿਰਫ਼ ਇੱਕ ਉਪਦੇਸ਼ ਅਤੇ ਇੱਕ ਮਾਰਗਦਰਸ਼ੀ ਸਿਧਾਂਤ ਮਾਤਰ ਨਹੀਂ ਹੈ, ਸਗੋਂ ਇੱਕ ਰੋਜ਼ਾਨਾ ਕੀਤਾ ਜਾਣ ਵਾਲਾ ਅਭਿਆਸ ਹੈ।
"ਬਰੁਕਲਿਨ ਹਿਪਸਟਰ ਦਾ ਨਾਅਰਾ ਬਣਨ ਤੋਂ ਪਹਿਲਾਂ ਹੀ ਸਿੱਖਾਂ ਵਿੱਚ ਮਿਹਰਬਾਨੀ ਚੰਗੀ ਸਮਝੀ ਜਾਂਦੀ ਰਹੀ ਹੈ।
23 ਸਾਲਾ ਅਭਿਨੰਦਨ ਚੌਧਰੀ ਨੇ ਦੱਸਿਆ, "ਸੇਵਾ ਦਾ ਦੂਜਾ ਨਾਮ ਪਿਆਰ ਹੈ।”
ਅਭਿਨੰਦਨ ਅੱਠ ਸਾਲ ਦੀ ਉਮਰ ਤੋਂ ਹੀ ਆਪਣੇ ਪਰਿਵਾਰ ਨਾਲ ਸੇਵਾ ਕਰ ਰਿਹਾ ਹੈ। ਇਹ "ਇੱਕ ਆਮ ਸਿੱਖਿਆ ਹੈ ਕਿ ਵਿਅਕਤੀ ਨੂੰ ਇੰਨਾ ਸੂਝਵਾਨ ਅਤੇ ਨਿਰਸਵਾਰਥ ਹੋਣਾ ਚਾਹੀਦਾ ਹੈ, ਕਿ ਜੇ ਤੁਸੀਂ ਖੱਬੇ ਹੱਥ ਤੋਂ ਸੇਵਾ ਕਰ ਰਹੇ ਹੋ, ਤਾਂ ਤੁਹਾਡੇ ਸੱਜੇ ਹੱਥ ਨੂੰ ਵੀ ਇਸ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ।
ਇੱਕ ਤੇਜ਼ੀ ਨਾਲ ਵਿਅਕਤੀਵਾਦੀ ਅਤੇ ਪੂੰਜੀਵਾਦੀ ਹੁੰਦੇ ਜਾ ਰਹੇ ਸੰਸਾਰ ਵਿੱਚ, ਇਹ ਇੱਕ ਤਾਜ਼ਗੀ ਭਰੀ ਜੀਵਨ ਸ਼ੈਲੀ ਹੈ।

ਤਸਵੀਰ ਸਰੋਤ, Getty Images
ਸਿੱਖਾਂ ਦੀ ਉਦਾਰਤਾ ਤੇ ਲੰਗਰ
ਸਿੱਖ ਧਰਮ ਦੀ ਉਦਾਰਤਾ ਦੀ ਭਾਵਨਾ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਵਿੱਚ ਦੇਖੀ ਜਾ ਸਕਦੀ ਹੈ। ਕੋਵਿਡ ਲੌਕਡਾਊਨ ਦੌਰਾਨ, ਇੰਗਲੈਂਡ ਦੇ ਇੱਕ ਗੁਰਦੁਆਰੇ ਵਿੱਚ ਸਿੱਖ ਵਲੰਟੀਅਰਾਂ ਨੇ ਇੱਕ ਦਿਨ ਵਿੱਚ ਐੱਨਐੱਚਐੱਸ ਦੇ ਹਜ਼ਾਰਾਂ ਦੇ ਸਟਾਫ ਮੈਂਬਰਾਂ ਨੂੰ ਭੋਜਨ ਪਹੁੰਚਾਇਆ।
ਜਦਕਿ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖਾਂ ਨੇ ਲੱਖਾਂ ਭੋਜਨ ਮੁਫ਼ਤ ਵੰਡਿਆਂ। ਸੰਕਟ ਜਾਂ ਐਮਰਜੈਂਸੀ ਹਾਲਾਤ ਵਿੱਚ ਸਿੱਖਾਂ ਨੇ ਆਪਣੀ ਪੂਰੀ ਤਾਕਤ ਲਾ ਕੇ ਲੋੜਵੰਦਾਂ ਦੀ ਮਦਦ ਕੀਤੀ, ਭਾਵੇਂ ਉਹ ਤੂਫ਼ਾਨ ਦਾ ਮਾਰਿਆ ਕੈਨੇਡਾ ਹੋਵੇ ਜਾਂ ਫਿਰ ਚੱਕਰਵਾਤ ਨਾਲ ਝੰਬਿਆ ਨਿਊਜ਼ੀਲੈਂਡ।

- ਦਰਬਾਰ ਸਾਹਿਬ ਦਾ ਲੰਗਰ, ਦੁਨੀਆਂ ਦੀ ਸਭ ਤੋਂ ਵੱਡੀ ਮੁਫ਼ਤ, ਭਾਈਚਾਰਕ ਰਸੋਈ ਹੈ। ਇਹ ਹਰ ਰੋਜ਼ 100,000 ਲੋਕਾਂ ਦੀ ਸੇਵਾ ਕਰਦਾ ਹੈ।
- ਸਾਰੇ ਗੁਰਦੁਆਰਿਆਂ ਵਾਂਗ, ਹਰਿਮੰਦਰ ਸਾਹਿਬ ਨੂੰ ਵੀ ਸੁਚਾਰੂ ਢੰਗ ਨਾਲ ਅਤੇ ਅਤਿਅੰਤ ਅਨੁਸ਼ਾਸਨ ਨਾਲ ਵਲੰਟੀਅਰਾਂ ਦੇ ਇੱਕ ਫ਼ੌਜ ਵੱਲੋਂ ਚਲਾਇਆ ਜਾਂਦਾ ਹੈ।
- ਦਿਲਚਸਪ ਪਰ ਅਣਗੌਲਿਆ ਪੁਰਾਣਾ ਸ਼ਹਿਰ, ਤੰਗ ਗਲੀਆਂ, ਜੰਕਸ਼ਨਾਂ ਅਤੇ ਛੋਟੇ ਚੌਰਾਹਿਆਂ ਦੀ ਭੁੱਲ-ਭਲੱਈਆ, ਜੀਵੰਤ ਅਤੇ ਹਲਚਲ ਵਾਲੇ ਬਾਜ਼ਾਰਾਂ ਨਾਲ ਭਰਿਆ ਹੋਇਆ ਹੈ।
- ਅੰਮ੍ਰਿਤਸਰ ਅਕਸਰ ਬ੍ਰਿਟਿਸ਼ ਬਸਤੀਵਾਦੀ ਰਾਜ ਦੌਰਾਨ ਇਕੱਠਾਂ ਅਤੇ ਵਿਰੋਧ ਪ੍ਰਦਰਸ਼ਨਾਂ ਲਈ ਇੱਕ ਕੇਂਦਰੀ ਥਾਂ ਹੁੰਦਾ ਸੀ।

ਅੰਮ੍ਰਿਤਸਰ, ਸਿੱਖੀ ਦੇ ਇਸ ਧੜਕਦੇ ਦਿਲ ਵਿੱਚ ਸੇਵਾ ਕਰਨ ਨੂੰ ਇੱਕ ਹੋਰ ਪੱਧਰ ’ਤੇ ਲਿਜਾਇਆ ਜਾਂਦਾ ਹੈ। ਇਹ ਗੱਲ ਪੂਰੇ ਭਾਰਤ ਵਿੱਚ ਜਾਣੀ ਜਾਂਦੀ ਹੈ ਕਿ ਅੰਮ੍ਰਿਤਸਰ ਵਿੱਚ ਕਿਸੇ ਵੀ ਵਿਅਕਤੀ ਨੂੰ ਕਦੇ ਭੁੱਖੇ ਨਹੀਂ ਸੌਣਾ ਪੈਂਦਾ। ਅਜਿਹਾ ਇਸ ਲਈ ਹੈ ਕਿਉਂਕਿ ਸਿੱਖ ਧਰਮ ਦੇ ਸਭ ਤੋਂ ਮਹੱਤਵਪੂਰਨ ਅਸਥਾਨ, ਹਰਿਮੰਦਰ ਸਾਹਿਬ ਵਿਖੇ ਹਰ ਲੋੜਵੰਦ ਵਿਅਕਤੀ ਲਈ ਹਮੇਸ਼ਾ ਤਾਜ਼ਾ ਲੰਗਰ ਤਿਆਰ ਹੁੰਦਾ ਹੈ।
ਦਰਬਾਰ ਸਾਹਿਬ ਦਾ ਲੰਗਰ, ਦੁਨੀਆਂ ਦੀ ਸਭ ਤੋਂ ਵੱਡੀ ਮੁਫ਼ਤ, ਭਾਈਚਾਰਕ ਰਸੋਈ ਹੈ। ਇਹ ਹਰ ਰੋਜ਼ 100,000 ਲੋਕਾਂ ਦੀ ਸੇਵਾ ਕਰਦਾ ਹੈ। ਬਿਨਾਂ ਕਿਸੇ ਭੇਦਭਾਵ ਦੇ, ਲੋੜਵੰਦਾਂ ਅਤੇ ਸ਼ਰਧਾਲੂਆਂ ਲਈ ਚੌਵੀਂ ਘੰਟੇ ਲੰਗਰ ਅਤੇ ਸ਼ਰਣ ਉੁਪਲਭਦ ਹੈ।
ਨਿਊਯਾਰਕ ਸਥਿਤ, ਮਿਸ਼ੇਲਿਨ-ਸਟਾਰ ਸ਼ੈੱਫ ਵਿਕਾਸ ਖੰਨਾ, ਜਿਨ੍ਹਾਂ ਨੇ ਕੋਵਿਡ ਲੌਕਡਾਊਨ ਦੌਰਾਨ ਭਾਰਤ ਵਿੱਚ ਖਾਣੇ ਦੇ ਲੱਖਾਂ ਪੈਕਟ ਵੰਡੇ ਸਨ, ਨੇ ਦੱਸਿਆ: "ਮੇਰਾ ਜਨਮ ਅਤੇ ਪਾਲਣ-ਪੋਸ਼ਣ ਅੰਮ੍ਰਿਤਸਰ ਵਿੱਚ ਹੋਇਆ ਸੀ ਅਤੇ ਸਾਡੇ ਕੋਲ ਇੱਕ ਵਿਸ਼ਾਲ ਕਮਿਊਨਿਟੀ ਰਸੋਈ ਹੈ ਜਿੱਥੇ ਹਰ ਕੋਈ ਭੋਜਨ ਖਾਂਦਾ ਹੈ। ਸਾਰਾ ਸ਼ਹਿਰ ਉੱਥੇ ਖਾਣਾ ਖਾ ਸਕਦਾ ਹੈ... ਮੈਨੂੰ ਭੁੱਖ ਦੀ ਸਮਝ ਨਿਊਯਾਰਕ ਵਿੱਚ ਉਦੋਂ ਆਈ, ਜਦੋਂ ਮੈਂ ਇੱਥੇ ਬਹੁਤ ਹੇਠਲੇ ਪੱਧਰ ’ਤੇ ਸੰਘਰਸ਼ ਕਰ ਰਿਹਾ ਸੀ।

ਤਸਵੀਰ ਸਰੋਤ, Getty Images
ਸੇਵਾਦਾਰਾਂ ਦੀ ਫੌਜ
ਸਾਰੇ ਗੁਰਦੁਆਰਿਆਂ ਵਾਂਗ, ਹਰਿਮੰਦਰ ਸਾਹਿਬ ਨੂੰ ਵੀ ਸੁਚਾਰੂ ਢੰਗ ਨਾਲ ਅਤੇ ਅਤਿਅੰਤ ਅਨੁਸ਼ਾਸਨ ਨਾਲ ਵਲੰਟੀਅਰਾਂ ਦੇ ਇੱਕ ਫ਼ੌਜ ਵੱਲੋਂ ਚਲਾਇਆ ਜਾਂਦਾ ਹੈ। ਇਹ ਵਲੰਟੀਅਰ ਹਰ ਰੋਜ਼ ਸਟੇਨਲੈੱਸ ਸਟੀਲ ਦੀਆਂ ਪਲੇਟਾਂ ਵਿੱਚ ਦਾਲ, ਫੁਲਕੇ, ਛੋਲੇ ਅਤੇ ਦਹੀਂ ਦਾ ਬੁਨਿਆਦੀ ਪਰ ਸੁਆਦੀ ਭੋਜਨ, ਛਕਣ ਦੇ ਚਾਹਵਾਨਾਂ ਨੂੰ ਪਰੋਸਦੇ ਹਨ।
ਲੋਕ ਫਰਸ਼ 'ਤੇ ਚੌਂਕੜਾ ਮਾਰ ਕੇ ਵੱਡੇ-ਵੱਡੇ ਹਾਲਾਂ ਵਿੱਚ ਬੈਠਦੇ ਹਨ, ਜਿੱਥੇ ਇੱਕ ਵਾਰ ਵਿੱਚ 200 ਲੋਕ ਆਸਾਨੀ ਨਾਲ ਬੈਠ ਸਕਦੇ ਹਨ: ਮਰਦ ਅਤੇ ਔਰਤਾਂ, ਬੁੱਢੇ ਅਤੇ ਜਵਾਨ, ਅਮੀਰ ਅਤੇ ਗਰੀਬ।
ਲੰਗਰ ਵਰਾਤਾਏ ਜਾਣ ਪਿੱਛੇ ਇੱਕ ਸਪੱਸ਼ਟ ਕੋਰੀਓਗ੍ਰਾਫੀ ਹੈ ਜੋ ਇੰਝ ਲਗਦਾ ਹੈ ਜਿਵੇਂ ਹਰ ਕੋਈ ਜਾਣਦਾ ਹੈ।
ਕਤਾਰ ਵਿੱਚ ਜਿੱਥੇ ਕੁਝ ਲੋਕ ਵਧੇਰੇ ਭੋਜਨ ਦੀ ਮੰਗ ਕਰਦੇ ਹਨ, ਕੁਝ ਹੋਰ ਲੋਕ ਜਲਦੀ ਹੀ ਆਪਣੀਆਂ ਪਲੇਟਾਂ ਖਤਮ ਕਰਕੇ ਚਲੇ ਜਾਂਦੇ ਹਨ। ਹਰ 15 ਮਿੰਟਾਂ ਬਾਅਦ, ਵਲੰਟੀਅਰ ਸਾਫ਼-ਸਫ਼ਾਈ ਕਰਦੇ ਹਨ ਅਤੇ ਖਾਣ ਵਾਲਿਆਂ ਦੇ ਅਗਲੇ ਗੇੜ ਲਈ ਹਾਲ ਤਿਆਰ ਕਰਦੇ ਹਨ। ਇਹ ਖਾਣ ਅਤੇ ਪਰੋਸਣ ਦਾ ਇੱਕ ਨਿਰੰਤਰ ਸਿਲਸਿਲਾ ਹੈ।
ਦਰਬਾਰ ਸਾਹਿਬ ਤੋਂ ਲੈ ਕੇ ਸੜਕਾਂ 'ਤੇ ਲੋਕਾਂ ਤੱਕ, ਦੋਸਤੀ, ਉਦਾਰਤਾ ਅਤੇ ਮਦਦ ਅੰਮ੍ਰਿਤਸਰ ਵਿੱਚ ਸਭ ਨੂੰ ਬਖ਼ਸ਼ੀ ਗਈ ਹੈ।
ਜਦੋਂ ਅਸੀਂ ਪਹੁੰਚੇ ਤਾਂ ਅਸੀਂ ਕੁਝ ਗੁਆਚੇ ਅਤੇ ਉਲਝੇ ਹੋਏ ਲੱਗ ਰਹੇ ਸਾਂ ਕਿ ਮੁਸਕਰਾਹਟਾਂ ਸਾਡੇ ਪਿੱਛੇ-ਪਿੱਛੇ ਆ ਗਈਆਂ। ਲੋਕਾਂ ਨੇ ਸਾਨੂੰ ਆਕੇ ਪੁੱਛਿਆ ਕਿ ਉਹ ਸਾਡੀ ਕੀ ਮਦਦ ਕਰ ਸਕਦੇ ਹਨ।

ਤਸਵੀਰ ਸਰੋਤ, Getty Images
ਸ਼ਹਿਰ ਦੀ ਮਦਦ ਵਾਲੀ ਫ਼ਿਜ਼ਾ
ਰਾਤ ਨੂੰ ਸੜਕ 'ਤੇ ਤੁਰਦੇ ਹੋਏ, ਰਾਹਗੀਰਾਂ ਨੇ ਸਾਨੂੰ ਭੀੜਭਾੜ ਵਾਲੀਆਂ ਥਾਵਾਂ ਵਿੱਚ ਆਪਣੇ ਬੈਗਾਂ ਦੀ ਦੇਖਭਾਲ ਕਰਨ ਲਈ ਕਿਹਾ।
ਜਦੋਂ ਅਸੀਂ ਕੇਸਰ ਦਾ ਢਾਬੇ 'ਤੇ ਪਹੁੰਚੇ, ਜੋ ਕਿ ਲੰਬੇ ਇੰਤਜ਼ਾਰ ਦੇ ਸਮੇਂ ਦੇ ਨਾਲ ਇੱਕ ਮਸ਼ਹੂਰ ਖਾਣੇ ਦੀ ਦੁਕਾਨ ਹੈ, ਤਾਂ ਲੋਕ ਸਾਡੇ ਲਈ ਜਗ੍ਹਾ ਬਣਾਉਣ ਲਈ ਭਾਈਚਾਰਕ ਮੇਜ਼ਾਂ 'ਤੇ ਥੋੜ੍ਹਾ ਜੁੜ ਕੇ ਬੈਠ ਗਏ। ਭਾਵੇਂ ਖਾਣਾ ਖਾਂਦਿਆਂ ਇੱਕ ਦੂਜੇ ਦੇ ਕੂਹਣੀਆਂ ਹੀ ਕਿਉਂ ਨਾ ਵੱਜੀ ਜਾਣ।
ਸਵਾਗਤ ਅਤੇ ਸਾਂਝ ਪੈਦਾ ਕਰਨ ਦੀ ਭਾਵਨਾ ਸਰਵ ਵਿਆਪਕ ਸੀ; ਅਜਨਬੀਆਂ ਲਈ ਸਾਨੂੰ ਚਾਹ ਲਈ ਬੁਲਾਉਣ ਅਤੇ ਜ਼ਿੰਦਗੀ ਬਾਰੇ ਗੱਲ ਕਰਨ ਲਈ ਇੱਕ ਪਿਆਰ ਭਰੀ ਤੱਕਣੀ ਅਤੇ ਇੱਕ ਮੁਸਕਰਾਹਟ ਹੀ ਕਾਫ਼ੀ ਸੀ।

ਤਸਵੀਰ ਸਰੋਤ, Getty Images
ਵੱਖ-ਵੱਖ ਧਰਮਾਂ ਦੀ ਭਾਈਚਾਰਕ ਸਾਂਝ
ਅੰਮ੍ਰਿਤਸਰ ਵਿੱਚ ਇੱਥੇ ਪੈਦਾ ਹੋਏ ਅਤੇ ਵੱਡੇ ਹੋਏ ਰਾਹਤ ਸ਼ਰਮਾ ਨੇ ਕਿਹਾ, "ਅੰਮ੍ਰਿਤਸਰ ਵਿੱਚ ਵੱਡੇ ਹੋ ਕੇ, ਇੱਕ ਵੱਡੇ ਭਾਈਚਾਰੇ ਵਿੱਚ ਰਹਿਣ ਦੀ ਭਾਵਨਾ ਸੀ।"
"ਮੈਂ ਹਰਿਮੰਦਰ ਸਾਹਿਬ ਵਿੱਚ ਲੁਕਣ-ਮੀਟੀ ਖੇਡਦਾ ਵੱਡਾ ਹੋਇਆ ਹਾਂ, ਜਿੱਥੇ ਅਸੀਂ ਸਾਰੇ ਸੇਵਾ ਕਰਦੇ ਸੀ। ਹਰ ਕੋਈ ਇੱਕ-ਦੂਜੇ ਦੀ ਭਾਲ ਵਿੱਚ ਰਹਿੰਦਾ ਸੀ ਅਤੇ ਸ਼ਹਿਰ ਦੇ ਦੋ ਬਹੁ-ਗਿਣਤੀ ਧਰਮਾਂ ਦੇ ਸਿੱਖ ਅਤੇ ਹਿੰਦੂ, ਅਕਸਰ ਇੱਕ ਦੂਜੇ ਦਾ ਸਿਆਸੀ ਵਿਰੋਧ ਕਰਨ ਦੇ ਬਾਵਜੂਦ ਪਿਆਰ ਨਾਲ ਇਕੱਠੇ ਰਹਿੰਦੇ ਸਨ।"
ਇਸ ਦਾ ਮਤਲਬ ਸਿਰਫ ਇੰਨਾ ਹੀ ਬਣਦਾ ਹੈ ਕਿ ਇਹ ਸ਼ਹਿਰ ਉਨਾਂ ਹੀ ਜੋਸ਼ੀਲਾ ਵੀ ਹੈ ਜਿੰਨਾ ਕਿ ਅਧਿਆਤਮਿਕ ਹੈ।
ਤੰਗ ਗਲੀਆਂ ਤੇ ਬਜ਼ਾਰਾ ਦੀ ਹਲਚਲ
ਅੰਮ੍ਰਿਤਸਰ ਬ੍ਰਹਮ ਦਾ ਸ਼ਹਿਰ ਹੈ, ਇਹ ਜੀਵਨ ਦਾ ਸ਼ਹਿਰ ਹੈ। ਸਥਾਨਕ, ਗਲੀ ਦੇ ਕਿਨਾਰੇ ਦਾ ਪਕਵਾਨ, ਇਸਦੇ ਕੁਲਚੇ ਅਤੇ ਚੋਲੇ, ਫਿਰਨ, ਰਵਾਇਤੀ ਮਿੱਟੀ ਦੇ ਭਾਂਡਿਆਂ ਵਿੱਚ ਅਤੇ ਲੱਸੀ ਦੇ ਦਿਲਕਸ਼ ਗਲਾਸਾਂ ਦੇ ਨਾਲ, ਪੂਰੇ ਭਾਰਤ ਵਿੱਚ ਈਰਖਾ ਦੀ ਵਜ੍ਹਾ ਹਨ।
ਦਿਲਚਸਪ ਪਰ ਅਣਗੌਲਿਆ ਪੁਰਾਣਾ ਸ਼ਹਿਰ, ਤੰਗ ਗਲੀਆਂ, ਜੰਕਸ਼ਨਾਂ ਅਤੇ ਛੋਟੇ ਚੌਰਾਹਿਆਂ ਦੀ ਭੁੱਲ-ਭਲੱਈਆ, ਜੀਵੰਤ ਅਤੇ ਹਲਚਲ ਵਾਲੇ ਬਾਜ਼ਾਰਾਂ ਨਾਲ ਭਰਿਆ ਹੋਇਆ ਹੈ। ਇੰਝ ਲਗਦਾ ਹੈ ਜਿਵੇਂ ਸ਼ਹਿਰ ਦਾ ਇਹ ਹਿੱਸਾ ਸਮੇਂ ਵਿੱਚ ਕਿਤੇ ਗੁਆਚ ਗਿਆ ਹੋਵੇ।
ਫਿਰ ਵੀ, ਅੰਮ੍ਰਿਤਸਰ ਦੇ ਵਿਸ਼ਾਲ ਅਤੇ ਖੁੱਲ੍ਹੇ ਚਰਿੱਤਰ ਦੇ ਕੇਂਦਰ ਵਿੱਚ ਇੱਕ ਹਨੇਰਾ ਸਮਕਾਲੀ ਇਤਿਹਾਸ ਹੈ ਜਿਸ ਨੇ ਸ਼ਹਿਰ ਦੇ ਨਾਲ-ਨਾਲ ਸਿੱਖ ਧਰਮ ਦੀ ਸਵੈ-ਸੰਕਲਪਨਾ ਨੂੰ ਆਕਾਰ ਦੇਣ ਵਿੱਚ ਇਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ।

ਤਸਵੀਰ ਸਰੋਤ, Getty Images
ਅੰਗਰੇਜ਼ਾਂ ਖਿਲਾਫ਼ ਵਿਦਰੋਹ ਦਾ ਕੇਂਦਰ
ਪੰਜਾਬ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਜੋਂ, ਅੰਮ੍ਰਿਤਸਰ ਅਕਸਰ ਬ੍ਰਿਟਿਸ਼ ਬਸਤੀਵਾਦੀ ਰਾਜ ਦੌਰਾਨ ਇਕੱਠਾਂ ਅਤੇ ਵਿਰੋਧ ਪ੍ਰਦਰਸ਼ਨਾਂ ਲਈ ਇੱਕ ਕੇਂਦਰੀ ਥਾਂ ਹੁੰਦਾ ਸੀ।
ਅਜਿਹੀ ਹੀ ਇੱਕ ਘਟਨਾ ਨੇ 1919 ਵਿੱਚ ਇੱਕ ਵਹਿਸ਼ੀ ਰੂਪ ਧਾਰਨ ਕਰ ਲਿਆ, ਜਦੋਂ ਇੱਕ ਬ੍ਰਿਟਿਸ਼ ਜਰਨੈਲ ਨੇ ਲੋਕਾਂ ਦੇ ਸ਼ਾਂਤਮਈ ਇਕੱਠ 'ਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ। ਉਸ ਹੌਲਨਾਕ ਵਾਕੇ ਨੂੰ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿੱਥੇ 1,500 ਲੋਕ ਮਾਰੇ ਗਏ ਸਨ।
ਇਸ ਤੋਂ ਇਲਾਵਾ, ਜਦੋਂ 1947 ਵਿੱਚ ਅੰਗਰੇਜ਼ਾਂ ਨੇ ਕਾਹਲੀ-ਕਾਹਲੀ ਨਾਲ ਭਾਰਤ ਛੱਡਿਆ ਤਾਂ ਬਟਵਾਰੇ ਤੋਂ ਬਾਅਦ ਫ਼ੈਲੀ ਹਿੰਸਾ ਨੇ ਨਵੀਂ ਖਿੱਚੀ ਗਈ ਸਰਹੱਦ ਦੇ ਨਾਲ ਲੱਗਦੇ ਸ਼ਹਿਰ ਦੇ ਟਿਕਾਣੇ ਕਾਰਨ ਅੰਮ੍ਰਿਤਸਰ ਨੂੰ ਬਹੁਤ ਪ੍ਰਭਾਵਿਤ ਕੀਤਾ।
(ਇਸ ਇਤਿਹਾਸ ਦੇ ਕਾਰਨ, ਭਾਰਤ ਦਾ ਪਹਿਲਾ ਅਤੇ ਇੱਕੋ-ਇੱਕ ਪਾਰਟੀਸ਼ਨ ਮਿਊਜ਼ੀਅਮ 2017 ਵਿੱਚ ਅੰਮ੍ਰਿਤਸਰ ਵਿੱਚ ਖੋਲ੍ਹਿਆ ਗਿਆ ਸੀ।)
1984 ਵਿੱਚ ਅੰਮ੍ਰਿਤਸਰ ਇੱਕ ਵਾਰ ਫਿਰ ਦੁਖਦਾਈ ਘਟਨਾਵਾਂ ਦਾ ਗਵਾਹ ਬਣਿਆ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਅਨੁਸਾਰ ਇੱਕ ਅਹਿਮ ਫ਼ੌਜੀ ਕਾਰਵਾਈ ਵਿੱਚ ਵੱਖਵਾਦੀਆਂ ਨੂੰ ਖ਼ਤਮ ਕਰਨ ਲਈ ਫ਼ੌਜੀ ਬਲਾਂ ਵਲੋਂ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ।
ਇਸਦੇ ਝਟਕੇ ਅੱਜ ਵੀ ਮਹਿਸੂਸ ਕੀਤੇ ਜਾਂਦੇ ਹਨ। ਇਸ ਦੇ ਸਿੱਟੇ ਵਜੋਂ ਕੁਝ ਮਹੀਨਿਆਂ ਬਾਅਦ ਉਸ ਦੇ ਦੋ ਸਿੱਖ ਅੰਗ ਰੱਖਿਅਕਾਂ ਦੁਆਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ, ਅਤੇ ਬਾਅਦ ਦੇ ਦਿਨਾਂ ਵਿੱਚ ਭਾਰਤ ਭਰ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲੇਆਮ ਕੀਤਾ ਗਿਆ।

ਤਸਵੀਰ ਸਰੋਤ, Getty Images
ਸ਼ਹੀਦਾਂ ਦੀ ਯਾਦ ਤੇ ਕਹਾਣੀਆਂ
ਸਿੱਖਾਂ ਲਈ ਇਨ੍ਹਾਂ ਘਟਨਾਵਾਂ ਦੀਆਂ ਯਾਦਾਂ ਨੂੰ ਸਾਂਭ ਕੇ ਰੱਖਣਾ ਜ਼ਰੂਰੀ ਹੈ; ਸਿੱਖ ਸ਼ਹੀਦਾਂ ਦੀਆਂ ਕਹਾਣੀਆਂ ਉਨ੍ਹਾਂ ਦੀ ਸਭਿਆਚਾਰਕ ਯਾਦ ਦਾ ਇੱਕ ਵੱਡਾ ਹਿੱਸਾ ਹਨ, ਇੱਥੋਂ ਤੱਕ ਕਿ ਉਨ੍ਹਾਂ ਦੀ ਪ੍ਰਾਰਥਨਾ ਵਿੱਚ, ਅਰਦਾਸਾਂ ਵੀ ਯਾਦ ਕੀਤੀਆਂ ਜਾਂਦੀਆਂ ਹਨ।
ਖੰਨਾ ਲਿਖਦੇ ਹਨ, "ਪਰ ਇਨ੍ਹਾਂ ਕਹਾਣੀਆਂ ਨੂੰ ਨਫ਼ਰਤ ਭੜਕਾਉਣ ਜਾਂ ਬਦਲਾ ਲੈਣ ਲਈ ਨਹੀਂ ਦੱਸਿਆ ਜਾਂਦਾ ਸਗੋਂ, ਰਾਖੇ ਹੋਣ ਦੀ ਸਾਡੀ ਵਿਰਾਸਤ 'ਤੇ ਜ਼ੋਰ ਦਿੱਤਾ ਗਿਆ ਸੀ।"
ਇਸੇ ਕਰਕੇ ਇਹ ਹੋਰ ਵੀ ਸ਼ਲਾਘਾਯੋਗ ਹੈ ਕਿ ਇੱਕ ਭਾਈਚਾਰਾ ਜਿਸਨੇ ਇੰਨੇ ਸਾਰੇ ਸਮੂਹਿਕ ਸਦਮੇ ਝੱਲੇ ਹਨ, ਉਹ ਅਜੇ ਵੀ ਸਾਰਿਆਂ ਨੂੰ ਏਨਾ ਦੇਣ ਅਤੇ ਸਵੀਕਾਰ ਕਰਨ ਵਾਲਾ ਹੈ।
ਖੰਨਾ ਅਨੁਸਾਰ ਇਹ ਗੁਣ ਸਿੱਖ ਹੋਣ ਦਾ ਅਨਿੱਖੜਵਾਂ ਅੰਗ ਹਨ।
"ਗੁਰੂ ਨਾਨਕ ਨੇ ਸੇਵਾ ਨੂੰ ਸਿੱਖਾਂ ਦਾ ਗੀਤ ਬਣਾਇਆ... ਸਿੱਖ ਸਿਰਫ਼ ਆਪਣੇ ਗੁਰੂ ਦੇ ਸ਼ਬਦਾਂ ਅਤੇ ਕੰਮਾਂ ਤੋਂ ਪ੍ਰੇਰਿਤ ਹੋ ਕੇ ਨਿਰਸਵਾਰਥਤਾ ਨੂੰ ਆਪਣੇ ਜੀਵਨ ਦਾ ਇੱਕ ਵੱਡਾ ਹਿੱਸਾ ਬਣਾਉਂਦੇ ਹਨ।”
ਸੇਵਾ ਦੀ ਪਰੰਪਰਾ, ਸਿੱਖਾਂ ਦੀ ਸਵੀਕਾਰਤਾ ਅਤੇ ਲੋਕਾਂ ਦਾ ਸੁਆਗਤ ਉਹਨਾਂ ਦੇ ਧਰਮ ਬਾਰੇ ਸੋਚੇ ਬਿਨਾ ਕਰਨਾ, ਸਿੱਖਾਂ ਦੀ ਉਦਾਰਤਾ ਦਾ ਪ੍ਰਮਾਣ ਹੈ। ਇਹ ਸ਼ਹਿਰ ਦੀ ਭਾਵਨਾ ਨੂੰ ਸਭ ਤੋਂ ਵੱਧ ਮਿਸਾਲੀ ਤਰੀਕੇ ਨਾਲ ਆਧਾਰਿਤ ਕਰਦਾ ਹੈ।
ਅੰਮ੍ਰਿਤਸਰ ਦਾ ਸ਼ਹਿਰ ਇਸ ਭਾਵਨਾ ਨੂੰ ਬਹੁਤ ਹੀ ਮਿਸਾਲੀ ਢੰਗ ਨਾਲ ਰੂਪਮਾਨ ਕਰਦਾ ਹੈ। ਅੰਮ੍ਰਿਤਸਰ ਵਿੱਚ ਭਾਵੇਂ ਕਿੰਨੀਆਂ ਵੀ ਧੁੰਦਲੀਆਂ ਅਤੇ ਹਨੇਰੀਆਂ ਗੱਲਾਂ ਕਿਉਂ ਨਾ ਜਾਪਦੀਆਂ ਹੋਣ, ਦਿਆਲਤਾ, ਪਿਆਰ ਅਤੇ ਉਦਾਰਤਾ ਦੀ ਭਾਵਨਾ ਹਮੇਸ਼ਾ ਇਨ੍ਹਾਂ ਵਿੱਚੋਂ ਨਿੱਖਰ ਕੇ ਸਾਹਮਣੇ ਆਉਂਦੀ ਨਜ਼ਰ ਆਉਂਦੀ ਹੈ।
(ਇਹ ਆਰਟੀਕਲ ਬੀਬੀਸੀ ਟਰੈਵਲ ਦੀ ਲੜੀ 'ਸੋਲ ਆਫ ਦਿ ਸਿਟੀ' ਦਾ ਹਿੱਸਾ ਹੈ।)












