ਸਿਕੰਦਰ: ਪੋਰਸ ਨਾਲ ਜੰਗ ਤੋਂ ਬਾਅਦ ਉਹ ਵਤਨ ਮੁੜਨ ਲਈ ਮਜਬੂਰ ਕਿਉਂ ਹੋ ਗਿਆ ਸੀ

ਤਸਵੀਰ ਸਰੋਤ, RISCHGITZ/GETTY IMAGES
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਯੂਨਾਨੀ ਦਾਰਸ਼ਨਿਕ ਅਤੇ ਇਤਿਹਾਸਕਾਰ ਪਲੂਟਾਰਕ ਨੇ ਸਿਕੰਦਰ ਦੀ ਸ਼ਖਸੀਅਤ ਦਾ ਵਰਣਨ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦਾ ਰੰਗ ਗੋਰਾ ਅਤੇ ਚਿਹਰੇ ’ਤੇ ਲਾਲੀ ਸੀ।
ਉਨ੍ਹਾਂ ਦਾ ਕੱਦ ਇੱਕ ਆਮ ਮੈਸੇਡੋਨੀਅਨ ਦੀ ਤੁਲਨਾ ’ਚ ਛੋਟਾ ਸੀ, ਪਰ ਯੁੱਧ ਦੇ ਮੈਦਾਨ ’ਚ ਇਸ ਦਾ ਕੋਈ ਪ੍ਰਭਾਵ ਨਹੀਂ ਵਿਖਾਈ ਦਿੰਦਾ ਸੀ। ਸਿਕੰਦਰ ਦਾੜ੍ਹੀ ਨਹੀਂ ਰੱਖਦੇ ਸਨ। ਉਨ੍ਹਾਂ ਦੀਆਂ ਗੱਲ੍ਹਾਂ ਪਤਲੀਆਂ, ਜਬਾੜਾ ਚੌੜਾ ਅਤੇ ਉਨ੍ਹਾਂ ਦੀਆਂ ਅੱਖਾਂ ’ਚ ਦ੍ਰਿੜਤਾ ਦਾ ਭਾਵ ਸਾਫ਼ ਵਿਖਾਈ ਦਿੰਦਾ ਸੀ।
ਮਾਰਕਸ ਕਾਰਟੀਅਸ ਨੇ ਸਿਕੰਦਰ ਦੀ ਜੀਵਨੀ ‘ਹਿਸਟਰੀ ਆਫ਼ ਅਲੈਗਜ਼ੈਂਡਰ’ ’ਚ ਲਿਖਿਆ ਹੈ, “ਸਿਕੰਦਰ ਦੇ ਵਾਲ ਸੁਨਹਿਰੀ ਅਤੇ ਘੁੰਗਰਾਲੇ ਸਨ। ਉਨ੍ਹਾਂ ਦੀਆਂ ਦੋਵਾਂ ਅੱਖਾਂ ਦਾ ਰੰਗ ਵੱਖੋ-ਵੱਖ ਸੀ। ਉਨ੍ਹਾਂ ਦੀ ਖੱਬੀ ਅੱਖ ਸਲੇਟੀ ਅਤੇ ਸੱਜੀ ਅੱਖ ਕਾਲੇ ਰੰਗ ਦੀ ਸੀ। ਉਨ੍ਹਾਂ ਦੀਆਂ ਅੱਖਾਂ ’ਚ ਇੰਨ੍ਹੀ ਤਾਕਤ ਸੀ ਕਿ ਸਾਹਮਣੇ ਵਾਲਾ ਉਨ੍ਹਾਂ ਨੂੰ ਵੇਖ ਕੇ ਹੀ ਘਬਰਾ ਜਾਂਦਾ ਸੀ। ਸਿਕੰਦਰ ਹਮੇਸ਼ਾ ਹੀ ਆਪਣੇ ਨਾਲ ਹੋਮਰ ਦੀ ਕਿਤਾਬ ‘ਦ ਇਲਿਅਡ ਆਫ਼ ਦ ਕਾਸਕੇਟ’ ਆਪਣੇ ਨਾਲ ਰੱਖਿਆ ਕਰਦੇ ਸਨ। ਇੱਥੋਂ ਤੱਕ ਕਿ ਸੌਂਦੇ ਸਮੇਂ ਵੀ ਉਹ ਉਸ ਕਿਤਾਬ ਨੂੰ ਆਪਣੇ ਸਿਰਾਹਣੇ ਹੇਠ ਰੱਖਦੇ ਸਨ।”
ਪਲੂਟਾਰਕ ਸਿਕੰਦਰ ਦੀ ਜੀਵਨੀ ‘ਦ ਲਾਈਫ਼ ਆਫ਼ ਅਲੈਗਜ਼ੈਂਡਰ ਦ ਗ੍ਰੇਟ’ ’ਚ ਲਿਖਦੇ ਹਨ, “ਸਿਕੰਦਰ ਨੇ ਕਦੇ ਵੀ ਸਰੀਰਕ ਸੁੱਖਾਂ ’ਚ ਦਿਲਚਸਪੀ ਨਹੀਂ ਵਿਖਾਈ ਸੀ ਜਦਕਿ ਦੂਜੇ ਮਾਮਲਿਆਂ ’ਚ ਉਨ੍ਹਾਂ ਨਾਲੋਂ ਦਲੇਰ ਅਤੇ ਨਿਡਰ ਲੋਕ ਬਹੁਤ ਘੱਟ ਹੋਏ ਹੋਣਗੇ। ਬਚਪਨ ਤੋਂ ਹੀ ਉਨ੍ਹਾਂ ਨੇ ਔਰਤਾਂ ਪ੍ਰਤੀ ਸਤਿਕਾਰ ਦੀ ਭਾਵਨਾ ਆਪਣੇ ਦਿਲ ’ਚ ਰੱਖੀ। ਇਹ ਉਹ ਜ਼ਮਾਨਾ ਸੀ ਜਦੋਂ ਗੁਲਾਮ ਕੁੜੀਆਂ, ਰਖੇਲਾਂ ਅਤੇ ਇੱਥੋਂ ਤੱਕ ਕਿ ਪਤਨੀਆਂ ਨੂੰ ਵੀ ਨਿੱਜੀ ਸੰਪਤੀ ਮੰਨਿਆ ਜਾਂਦਾ ਸੀ।”
ਉਹ ਅੱਗੇ ਲਿਖਦੇ ਹਨ, “ਸਿਕੰਦਰ ਦੀ ਮਾਂ ਓਲੰਪੀਆ, ਉਨ੍ਹਾਂ ਦੀ ਕੁੜੀਆਂ ਪ੍ਰਤੀ ਉਦਾਸੀਨਤਾ ਤੋਂ ਇੰਨੇਂ ਪਰੇਸ਼ਾਨ ਹੋ ਗਏ ਸਨ ਕਿ ਉਨ੍ਹਾਂ ਨੇ ਸਿਕੰਦਰ ਦੀ ਵਿਰੋਧੀ ਲਿੰਗ ’ਚ ਰੁਚੀ ਪੈਦਾ ਕਰਨ ਲਈ ਇੱਕ ਸੁੰਦਰ ਵੇਸ਼ਯਾ ਕੈਲੀਕਸੇਨਾ ਦੀਆਂ ਸੇਵਾਵਾਂ ਲਈਆਂ, ਪਰ ਸਿਕੰਦਰ ’ਤੇ ਉਸ ਦਾ ਕੋਈ ਅਸਰ ਨਾ ਪਿਆ। ਬਾਅਦ ’ਚ ਸਿਕੰਦਰ ਨੇ ਖੁਦ ਮੰਨਿਆ ਕਿ ਸੈਕਸ ਅਤੇ ਨੀਂਦ ਉਨ੍ਹਾਂ ਨੂੰ ਹਮੇਸ਼ਾ ਯਾਦ ਦਿਵਾਉਂਦੇ ਹਨ ਕਿ ਉਨ੍ਹਾਂ ਦਾ ਸਰੀਰ ਨਾਸ਼ਵਾਨ ਹੈ।”
23 ਸਾਲ ਦੀ ਉਮਰ ’ਚ ਦੁਨੀਆ ਜਿੱਤਣ ਦੀ ਮੁਹਿੰਮ

ਤਸਵੀਰ ਸਰੋਤ, MODERN LIBRARY NEW YORK
23 ਸਾਲਾਂ ਦੇ ਰਾਜਕੁਮਾਰ ਸਿਕੰਦਰ ਨੇ 334 ਈਸਾ ਪੂਰਵ ’ਚ ਮੈਸੇਡੋਨੀਆ, ਯੂਨਾਨ ਤੋਂ ਦੁਨੀਆ ਜਿੱਤਣ ਦੀ ਆਪਣੀ ਮੁਹਿੰਮ ਦਾ ਆਗਾਜ਼ ਕੀਤਾ ਸੀ।
ਸਿਕੰਦਰ ਦੀ ਫੌਜ ’ਚ 1 ਲੱਖ ਫੌਜੀ ਸਨ, ਜੋ ਕਿ 10 ਹਜ਼ਾਰ ਮੀਲ ਦਾ ਰਸਤਾ ਤੈਅ ਕਰਦੇ ਹੋਏ ਇਰਾਨ ਹੁੰਦੇ ਹੋਏ ਸਿੰਧੂ ਨਦੀ ਦੇ ਕੰਢੇ ’ਤੇ ਪਹੁੰਚੇ ਸਨ।
326 ਈਸਾ ਪੂਰਵ ਦੇ ਸ਼ੁਰੂ ’ਚ ਜਦੋਂ ਸਿਕੰਦਰ ਇਰਾਨ ’ਚ ਸਨ, ਉਸ ਸਮੇਂ ਉਨ੍ਹਾਂ ਨੇ ਭਾਰਤ ਦੇ ਨੇੜੇਲੇ ਸ਼ਹਿਰਾਂ ਦੇ ਰਾਜਿਆਂ ਕੋਲ ਆਪਣੇ ਸੰਦੇਸ਼ਵਾਹਕ ਭੇਜੇ ਅਤੇ ਉਨ੍ਹਾਂ ਨੂੰ ਸਿਕੰਦਰ ਦੀ ਅਧੀਨਗੀ ਮੰਨਣ ਲਈ ਕਿਹਾ।
ਜਿਵੇਂ ਹੀ ਸਿਕੰਦਰ ਕਾਬੁਲ ਦੀ ਘਾਟੀ ’ਚ ਪਹੁੰਚੇ ਤਾਂ ਇੰਨ੍ਹਾਂ ਰਾਜਿਆਂ ਨੇ ਉਨ੍ਹਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ’ਚੋਂ ਇੱਕ ਸਨ ਭਾਰਤੀ ਨਗਰ ਤਕਸ਼ਿਲਾ/ਟੈਕਸਲਾ ਦੇ ਰਾਜਕੁਮਾਰ ਅਭੀ।
ਸਿਕੰਦਰ ਪ੍ਰਤੀ ਆਪਣੀ ਵਫ਼ਾਦਾਰੀ ਵਿਖਾਉਣ ਲਈ ਉਨ੍ਹਾਂ ਨੇ ਸਿਕੰਦਰ ਨੂੰ 65 ਹਾਥੀ ਭੇਂਟ ਵਜੋਂ ਦਿੱਤੇ ਤਾਂ ਜੋ ਉਨ੍ਹਾਂ ਹਾਥੀਆਂ ਦੀ ਵਰਤੋਂ ਸਿਕੰਦਰ ਆਪਣੀ ਅਗਾਮੀ ਮੁਹਿੰਮ ’ਚ ਕਰ ਸਕਣ।
ਤਕਸ਼ਿਲਾ ਵਿਖੇ ਸਿਕੰਦਰ ਦਾ ਬਹੁਤ ਹੀ ਵੱਡੇ ਪੱਧਰ ’ਤੇ ਸਵਾਗਤ ਇਸ ਲਈ ਕੀਤਾ ਗਿਆ ਕਿਉਂਕਿ ਉੱਥੋਂ ਦਾ ਰਾਜਾ ਚਾਹੁੰਦਾ ਸੀ ਕਿ ਉਨ੍ਹਾਂ ਦੇ ਦੁਸ਼ਮਣ ਪੋਰਸ ਦੇ ਖਿਲਾਫ ਯੁੱਧ ’ਚ ਸਿਕੰਦਰ ਉਨ੍ਹਾਂ ਦਾ ਸਾਥ ਦੇਣ।
ਸਾਰੇ ਰਾਜਿਆਂ ਨੂੰ ਹਰਾਉਂਦੇ ਹੋਏ ਸਿੰਧੂ ਨਦੀ ਵੱਲ ਵਧੇ

ਤਸਵੀਰ ਸਰੋਤ, Getty Images
ਮਾਰਕਸ ਕਾਰਟਿਅਸ ਲਿਖਦੇ ਹਨ, “ਤਕਸ਼ੀਲਾ ਨੇ ਜਾਣਬੁੱਝ ਕੇ ਸਿਕੰਦਰ ਲਈ ਭਾਰਤ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ। ਉਸ ਨੇ ਸਿਕੰਦਰ ਦੀ ਫੌਜ ਨੂੰ ਅਨਾਜ ਦੇ ਨਾਲ-ਨਾਲ 5 ਹਜ਼ਾਰ ਭਾਰਤੀ ਸਿਪਾਹੀ ਅਤੇ 65 ਹਾਥੀ ਤੱਕ ਭੇਂਟ ਕੀਤੇ ਸਨ। ਉਨ੍ਹਾਂ ਦਾ ਨੌਜਵਾਨ ਜਨਰਲ ਸੰਦ੍ਰੋਕੁਪਤੋਸ ਵੀ ਉਨ੍ਹਾਂ ਦੇ ਨਾਲ ਮਿਲ ਗਿਆ ਸੀ।”
ਸਿਕੰਦਰ ਇੱਥੇ ਦੋ ਮਹੀਨੇ ਰਿਹਾ ਅਤੇ ਇੱਥੋਂ ਦੇ ਰਾਜਾ ਦੀ ਪ੍ਰਹੁਣਚਾਰੀ ਦਾ ਖੂਬ ਆਨੰਦ ਵੀ ਮਾਣਿਆ।
ਸਿਕੰਦਰ ਦੇ ਜੀਵਨੀਕਾਰ ਫਿਲਿਪ ਫ੍ਰੀਮੈਨ ਆਪਣੀ ਕਿਤਾਬ ‘ਅਲੈਗਜ਼ੈਂਡਰ ਦ ਗ੍ਰੇਟ’ ’ਚ ਲਿਖਦੇ ਹਨ, “ਇਸ ਮੋੜ ’ਤੇ ਸਿਕੰਦਰ ਨੇ ਆਪਣੇ ਫੌਜੀਆਂ ਨੂੰ ਦੋ ਹਿੱਸਿਆਂ ’ਚ ਵੰਡਿਆ। ਉਨ੍ਹਾਂ ਨੇ ਹੈਪੇ ਸਟਿਅਨ ਦੀ ਅਗਵਾਈ ’ਚ ਇੱਕ ਵੱਡੀ ਫੌਜ ਖ਼ੈਬਰ ਦੱਰਰੇ ਦੇ ਪਾਰ ਭੇਜੀ ਤਾਂ ਜੋ ਉਹ ਰਸਤੇ ’ਚ ਆਉਣ ਵਾਲੇ ਕਬਾਇਲੀ ਵਿਦਰੋਹੀਆਂ ਨੂੰ ਕੁਚਲ ਸਕਣ ਅਤੇ ਇਸ ਤੋਂ ਵੀ ਮਹੱਤਵਪੂਰਣ ਕਿ ਉਹ ਜਲਦੀ ਤੋਂ ਜਲਦੀ ਸਿੰਧੂ ਨਦੀ ’ਤੇ ਪਹੁੰਚ ਕੇ ਇੱਕ ਪੁਲ ਬਣਾ ਸਕਣ ਤਾਂ ਜੋ ਸਿਕੰਦਰ ਦੀ ਫੌਜ ਦਰਿਆ ਪਾਰ ਕਰ ਸਕੇ।”
ਉਹ ਅੱਗੇ ਲਿਖਦੇ ਹਨ, “ਇਸ ਰਸਤੇ ’ਤੇ ਬਹੁਤ ਸਾਰੇ ਭਾਰਤੀ ਰਾਜੇ ਅਤੇ ਵੱਡੀ ਗਿਣਤੀ ’ਚ ਇੰਜੀਨੀਅਰ ਸਿਕੰਦਰ ਦੀ ਫੌਜ ਦੇ ਨਾਲ ਚੱਲ ਰਹੇ ਸਨ। ਸਿਕੰਦਰ ਇੱਕ ਘੁਮਾਓਦਾਰ ਰਾਹ ਰਾਹੀਂ ਹਿੰਦੂਕੁਸ਼ ਦੇ ਪੂਰਬ ਵੱਲ ਗਏ ਤਾਂ ਜੋ ਉਧਰ ਰਹਿਣ ਵਾਲੇ ਕਬੀਲਿਆਂ ਨੂੰ ਆਪਣੇ ਅਧੀਨ ਕਰ ਸਕਣ।”

ਇਹ ਵੀ ਪੜ੍ਹੋ:

ਜਦੋਂ ਸਿਕੰਦਰ ਦੀ ਬਾਂਹ ’ਚ ਤੀਰ ਲੱਗਿਆ

ਤਸਵੀਰ ਸਰੋਤ, Getty Images
ਇਸ ਰਸਤੇ ’ਚ ਜਿਹੜੇ ਰਾਜਿਆਂ ਨੇ ਸਿਕੰਦਰ ਦੀ ਈਨ ਨਾ ਮੰਨੀ, ਸਿਕੰਦਰ ਨੇ ਉਨ੍ਹਾਂ ਸਾਰੇ ਰਾਜਿਆਂ ਦੇ ਕਿਲਿਆਂ ’ਤੇ ਆਪਣਾ ਕਬਜ਼ਾ ਕਰ ਲਿਆ।
ਇਸ ਮੁਹਿੰਮ ਦੌਰਾਨ ਸਿਕੰਦਰ ਦੀ ਬਾਂਹ ’ਤੇ ਇੱਕ ਤੀਰ ਵੱਜਿਆ। ਇੱਕ ਥਾਂ ’ਤੇ ਕਬਾਇਲੀ ਬਾਗ਼ੀਆਂ ਨੇ ਧੋਖੇ ਨਾਲ ਸਿਕੰਦਰ ਦੀ ਫੌਜ ’ਤੇ ਹਮਲਾ ਕੀਤਾ। ਉਸ ਸਮੇਂ ਉਹ ਸ਼ਾਮ ਨੂੰ ਆਰਾਮ ਕਰਨ ਲਈ ਕੈਂਪ ਲਗਾ ਰਹੇ ਸਨ। ਸਿਕੰਦਰ ਦੇ ਸੈਨਿਕਾਂ ਨੇ ਨੇੜੇ ਦੀ ਪਹਾੜੀ ’ਤੇ ਚੜ੍ਹ ਕੇ ਆਪਣੀ ਜਾਨ ਬਚਾਈ।
ਹਮਲਾਵਰਾਂ ਨੂੰ ਲੱਗਿਆ ਕਿ ਸਿਕੰਦਰ ਬਚ ਨਿਕਲੇ ਹਨ, ਪਰ ਸਿਕੰਦਰ ਦੇ ਸੈਨਿਕਾਂ ਨੇ ਅਚਾਨਕ ਪਹਾੜੀ ਤੋਂ ਉੱਤਰ ਕੇ ਜਵਾਬੀ ਹਮਲਾ ਕੀਤਾ ਅਤੇ ਆਖਰਕਾਰ ਬਾਗ਼ੀਆਂ ਨੇ ਆਪਣੇ ਹਥਿਆਰ ਸੁੱਟ ਦਿੱਤੇ।
ਸਿਕੰਦਰ ਨੇ ਇਸ ਸ਼ਰਤ ’ਤੇ ਉਨ੍ਹਾਂ ਦੀ ਜਾਨ ਬਖ਼ਸ਼ੀ ਕਿ ਉਹ ਉਨ੍ਹਾਂ ਦੀ ਫੌਜ ’ਚ ਭਰਤੀ ਹੋ ਜਾਣ। ਉਹ ਪਹਿਲਾਂ ਤਾਂ ਇਸ ਲਈ ਮੰਨ ਗਏ ਪਰ ਜਦੋਂ ਕੁਝ ਲੋਕਾਂ ਨੇ ਉੱਥੋਂ ਭੱਜਣ ਦਾ ਯਤਨ ਕੀਤਾ ਤਾਂ ਸਿਕੰਦਰ ਨੇ ਉਨ੍ਹਾਂ ਨੂੰ ਮਾਰਨ ਦੇ ਹੁਕਮ ਜਾਰੀ ਕੀਤੇ।
ਜਦੋਂ ਸਿਕੰਦਰ ਬਜ਼ੀਰਾ ਨਗਰ ਵਿਖੇ ਪਹੁੰਚੇ ਤਾਂ ਉਨ੍ਹਾਂ ਨੇ ਵੇਖਿਆ ਕਿ ਉੱਥੋਂ ਦੇ ਨਾਗਰਿਕ ਅਤੇ ਸੈਨਿਕ ਸਾਰੇ ਹੀ ਸ਼ਹਿਰ ਛੱਡ ਕੇ ਓਰਨਸ ਨਾਮ ਦੀ ਪਹਾੜੀ ’ਤੇ ਚੜ੍ਹ ਗਏ ਸਨ।
ਇਸ ਪਹਾੜੀ ਦੇ ਚਾਰੇ ਪਾਸੇ ਡੂੰਗੀ ਖੱਢ ਸੀ ਅਤੇ ਉੱਪਰ ਵੱਲ ਜਾਣ ਲਈ ਸਿਰਫ ਇੱਕ ਹੀ ਰਸਤਾ ਸੀ। ਸਿਖਰ ’ਤੇ ਇੱਕ ਸਮਤਲ ਮੈਦਾਨ ਸੀ, ਜਿੱਥੇ ਵੱਡੀ ਮਾਤਰਾ ’ਚ ਅਨਾਜ ਉਗਾਇਆ ਜਾ ਸਕਦਾ ਸੀ। ਉੱਥੇ ਪਾਣੀ ਦੀ ਵੀ ਬਹੁਤਾਤ ਸੀ।
ਸਿਕੰਦਰ ਦੇ ਸਥਾਨਕ ਗਾਈਡ ਨੇ ਉਨ੍ਹਾਂ ਨੂੰ ਦੱਸਿਆ ਕਿ ਹਰਕੁਲਿਅਸ ਵੀ ਉਸ ਪਹਾੜੀ ’ਤੇ ਚੜ੍ਹਣ ’ਚ ਅਸਮਰਥ ਰਿਹਾ ਸੀ। ਸਿਕੰਦਰ ਨੇ ਇਸ ਨੂੰ ਇੱਕ ਚੁਣੌਤੀ ਵੱਜੋਂ ਸਵੀਕਾਰ ਕੀਤਾ।
ਵਿਰੋਧੀਆਂ ਨੂੰ ਉਚਾਈ ਦਾ ਲਾਭ ਹੋਣ ਦੇ ਬਾਵਜੂਦ ਸਿਕੰਦਰ ਦੇ ਸੈਨਿਕ ਡੱਟ ਕੇ ਲੜਦੇ ਹੋਏ ਪਹਾੜ ਦੀ ਚੋਟੀ ’ਤੇ ਪਹੁੰਚ ਗਏ।
ਇਸ ਹਮਲੇ ਤੋਂ ਹੈਰਾਨ ਬਜ਼ੀਰਾ ਨਗਰ ਦੇ ਸੈਨਿਕਾਂ ਨੇ ਅਗਲੇ ਹੀ ਦਿਨ ਆਤਮ ਸਮਰਪਣ ਕਰਨ ਦੀ ਪੇਸ਼ਕਸ਼ ਕੀਤੀ।
ਰਾਤ ਨੂੰ ਉਨ੍ਹਾਂ ਨੇ ਉੱਥੋਂ ਭੱਜਣ ਦਾ ਯਤਨ ਤਾਂ ਕੀਤਾ ਪਰ ਸਿਕੰਦਰ ਇਸ ਲਈ ਪਹਿਲਾਂ ਹੀ ਤਿਆਰ ਸਨ। ਉਨ੍ਹਾਂ ਨੇ ਤੁਰੰਤ ਉਨ੍ਹਾਂ ’ਤੇ ਹਮਲਾ ਕੀਤਾ ਅਤੇ ਬਹੁਤ ਸਾਰੇ ਲੋਕ ਖੱਢ ’ਚ ਡਿੱਗ ਕੇ ਮਰ ਗਏ।
ਪੋਰਸ ਨੇ ਆਤਮ ਸਮਰਪਣ ਕਰਨ ਦੀ ਪੇਸ਼ਕਸ਼ ਠੁਕਰਾਈ

ਤਸਵੀਰ ਸਰੋਤ, Getty Images
ਸਿੰਧੂ ਨਦੀ ਤੱਕ ਮਾਰਚ ਕਰਨ ’ਚ ਸਿਕੰਦਰ ਦੀ ਫੌਜ ਨੂੰ 20 ਦਿਨਾਂ ਦਾ ਸਮਾਂ ਲੱਗਿਆ।
ਉੱਥੇ ਟੈਕਸਲਾ ਦੇ ਮਹਾਰਾਜਾ ਨੇ ਸਿੰਧੂ ਨਦੀ ’ਤੇ ਬੇੜੀਆਂ/ਕਿਸ਼ਤੀਆਂ ਨਾਲ ਪੁਲ ਬਣਾਉਣ ’ਚ ਉਨ੍ਹਾਂ ਦੀ ਮਦਦ ਕੀਤੀ।
ਸਿੰਧੂ ਨਦੀ ਦੇ ਕੰਢੇ ਵਸਦੇ ਲੋਕ ਇਸ ਗੱਲ ਤੋਂ ਜਾਣੂ ਸਨ ਕਿ ਕਿਵੇਂ ਨਦੀ ਦੇ ਵਹਾਅ ਦੇ ਸਮਾਨਾਂਤਰ ਲੱਕੜ ਦੀਆਂ ਕਿਸ਼ਤੀਆਂ ਨੂੰ ਜੋੜ ਕੇ ਨਦੀ ਦੇ ਪਾਰ ਪੁਲ ਬਣਾਇਆ ਜਾ ਸਕਦਾ ਹੈ।
ਸਿਕੰਦਰ ਦੇ ਜਾਸੂਸਾਂ ਨੇ ਉਨ੍ਹਾਂ ਨੂੰ ਖ਼ਬਰ ਦਿੱਤੀ ਕਿ ਪੋਰਸ ਕੋਲ ਇੱਕ ਵੱਡੀ ਸੈਨਾ ਹੈ, ਜਿਸ ’ਚ ਕਈ ਵੱਡੇ ਆਕਾਰ ਦੇ ਹਾਥੀ ਵੀ ਸ਼ਾਮਲ ਹਨ।
ਸਿਕੰਦਰ ਦਾ ਮੰਨਣਾ ਸੀ ਕਿ ਉਹ ਪੋਰਸ ਦੀ ਫੌਜ ਨੂੰ ਹਰਾ ਸਕਦਾ ਹੈ ਪਰ ਮਾਨਸੂਨ ਸ਼ੁਰੂ ਹੋਣ ਕਰਕੇ ਅਜਿਹਾ ਕਰਨਾ ਸੌਖਾ ਨਹੀਂ ਹੋਵੇਗਾ।
ਸਿਕੰਦਰ ਦੀ ਫੌਜ ਨੂੰ ਮੀਂਹ ’ਚ ਲੜਨ ਦਾ ਤਜ਼ਰਬਾ ਬੇਸ਼ੱਕ ਸੀ, ਪਰ ਉਨ੍ਹਾਂ ਨੂੰ ਜਬਰਦਸਤ ਗਰਮੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ।
ਇਸ ਲਈ ਉਨ੍ਹਾਂ ਨੇ ਉੱਥੋਂ ਹੀ ਪੋਰਸ ਨੂੰ ਸੁਨੇਹਾ ਭਿਜਵਾਇਆ ਕਿ ਉਹ ਆਪਣੀ ਹਦੂਦ ’ਤੇ ਆ ਕੇ ਉਨ੍ਹਾਂ ਨੂੰ ਮਿਲੇ ਅਤੇ ਉਨ੍ਹਾਂ ਦੀ ਅਧੀਨਗੀ ਸਵੀਕਾਰ ਕਰ ਲਵੇ।
ਪੋਰਸ ਨੇ ਜਵਾਬ ਦਿੱਤਾ ਕਿ ਉਹ ਸਿਕੰਦਰ ਦੀ ਅਧੀਨਤਾ ਸਵੀਕਾਰ ਨਹੀਂ ਕਰਨਗੇ, ਪਰ ਉਹ ਆਪਣੀ ਸਰਹੱਦ ’ਤੇ ਸਿਕੰਦਰ ਨਾਲ ਮਿਲਣ ਲਈ ਤਿਆਰ ਜ਼ਰੂਰ ਹਨ।
ਹਨੇਰੀ-ਝੱਖੜ ਵਿਚਾਲੇ ਸਿਕੰਦਰ ਦੀ ਫੌਜ ਨੇ ਜੇਹਲਮ ਨਦੀ ਕੀਤੀ ਪਾਰ

ਤਸਵੀਰ ਸਰੋਤ, Getty Images
ਸਿਕੰਦਰ ਅਤੇ ਉਨ੍ਹਾਂ ਦੇ ਸੈਨਿਕ ਕਈ ਦਿਨਾਂ ਤੱਕ ਮਾਰਚ ਕਰਨ ਤੋਂ ਬਾਅਦ ਜੇਹਲਮ ਨਦੀ ਨਜ਼ਦੀਕ ਪਹੁੰਚੇ।
ਪੋਰਸ ਦੀ ਫੌਜ ਜੇਹਲਮ ਦੇ ਉਸ ਪਾਰ ਸੀ। ਸਿਕੰਦਰ ਨੇ ਨਦੀ ਦੇ ਉੱਤਰੀ ਹਿੱਸੇ ’ਚ ਆਪਣਾ ਕੈਂਪ ਲਗਾਇਆ।
ਉਹ ਉਸ ਜਗ੍ਹਾ ਦੀ ਭਾਲ ’ਚ ਸਨ ਜਿੱਥੋਂ ਪੋਰਸ ਉਨ੍ਹਾਂ ਨੂੰ ਨਦੀ ਪਾਰ ਕਰਦਿਆਂ ਵੇਖ ਨਾ ਸਕੇ।
ਪੋਰਸ ਨੂੰ ਧੋਖਾ ਦੇਣ ਲਈ ਉਨ੍ਹਾਂ ਨੇ ਆਪਣੀ ਫੌਜ ਨੂੰ ਨਦੀ ਦੇ ਕੰਢੇ ਤੋਂ ਬਹੁਤ ਪਿੱਛੇ ਭੇਜ ਦਿੱਤਾ।
ਸਿਕੰਦਰ ਨੇ ਆਪਣੇ ਸੈਨਿਕਾਂ ਨੂੰ ਇੱਕ ਥਾਂ ’ਤੇ ਨਹੀਂ ਰੱਖਿਆ। ਉਹ ਕਦੇ ਪੱਛਮ ਵੱਲ ਅਤੇ ਕਦੇ ਪੂਰਬ ਵੱਲ ਜਾਂਦੇ। ਇਸ ਦੌਰਾਨ ਉਨ੍ਹਾਂ ਨੇ ਨਦੀ ਕੰਢੇ ਅੱਗ ਬਾਲ ਕੇ ਹੱਲਾ-ਗੁੱਲਾ ਕਰਨਾ ਸ਼ੁਰੂ ਕਰ ਦਿੱਤਾ।
ਨਦੀ ਦੇ ਪਰਲੇ ਪਾਸੇ ਪੋਰਸ ਦੇ ਸੈਨਿਕ ਸਿਕੰਦਰ ਦੇ ਸੈਨਿਕਾਂ ਦੇ ਇਧਰ-ਉਧਰ ਜਾਣ ਦੀ ਗਤੀਵਿਧੀ ਦੇ ਆਦਿ ਹੋ ਗਏ ਅਤੇ ਉਨ੍ਹਾਂ ਨੇ ਉਨ੍ਹਾਂ ’ਤੇ ਪੈਨੀ ਨਜ਼ਰ ਰੱਖਣੀ ਬੰਦ ਕਰ ਦਿੱਤੀ।
ਸਿਕੰਦਰ ਦੇ ਉਲਟ ਪੋਰਸ ਦੀ ਫੌਜ ਇੱਕ ਹੀ ਥਾਂ ’ਤੇ ਖੜ੍ਹੀ ਰਹੀ ਕਿਉਂਕਿ ਸਭ ਤੋਂ ਅੱਗੇ ਹਾਥੀ ਤਾਇਨਾਤ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਵਾਰ-ਵਾਰ ਇਧਰ-ਉਧਰ ਕਰਨਾ ਬਹੁਤ ਮੁਸ਼ਕਲ ਵਾਲਾ ਕਾਰਜ ਸੀ।
ਸਿਕੰਦਰ ਨੇ ਇਹ ਵੀ ਹੁਕਮ ਦਿੱਤਾ ਕਿ ਨੇੜਲੇ ਖੇਤਾਂ ’ਚੋਂ ਅਨਾਜ ਉਨ੍ਹਾਂ ਦੇ ਕੈਂਪ ’ਚ ਪਹੁੰਚਾਇਆ ਜਾਵੇ। ਪੋਰਸ ਦੇ ਜਾਸੂਸਾਂ ਵੱਲੋਂ ਇਹ ਖ਼ਬਰ ਦਿੱਤੇ ਜਾਣ ਤੋਂ ਬਾਅਦ ਪੋਰਸ ਨੇ ਇਸ ਦਾ ਇਹ ਮਤਲਬ ਸਮਝਿਆ ਕਿ ਸਿਕੰਦਰ ਦਾ ਉੱਥੇ ਮਾਨਸੂਨ ਦੇ ਖ਼ਤਮ ਹੋਣ ਤੱਕ ਰੁਕਣ ਦਾ ਇਰਾਦਾ ਹੈ।
ਇਸ ਦੌਰਾਨ ਉੱਥੇ ਤੇਜ਼ ਹਨੇਰੀ ਅਤੇ ਤੂਫ਼ਾਨ ਆਇਆ। ਸਿਕੰਦਰ ਨੇ ਇਸ ਦਾ ਫਾਇਦਾ ਚੁੱਕਦਿਆਂ ਆਪਣੇ ਸੈਨਿਕਾਂ ਨੂੰ ਨਦੀ ਪਾਰ ਕਰਨ ਦਾ ਹੁਕਮ ਦਿੱਤਾ। ਹਾਲਾਂਕਿ ਇਸ ਕੋਸ਼ਿਸ਼ ਦੌਰਾਨ ਬਿਜਲੀ ਡਿੱਗਣ ਕਰਕੇ ਸਿਕੰਦਰ ਦੇ ਕਈ ਸੈਨਿਕ ਹਲਾਕ ਵੀ ਹੋਏ ਸਨ।
ਜਦੋਂ ਪੋਰਸ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਸਿਕੰਦਰ ਦੇ ਸੈਨਿਕਾਂ ਨੂੰ ਨਦੀ ਪਾਰ ਕਰਨ ਤੋਂ ਰੋਕਣ ਦਾ ਯਤਨ ਕੀਤਾ।
ਹਾਲਾਂਕਿ ਪੋਰਸ ਇੱਕ ਬਹਾਦਰ ਅਤੇ ਯੋਗ, ਕਾਬਲ ਜਰਨੈਲ ਸਨ ਪਰ ਉਨ੍ਹਾਂ ਦੇ ਸਾਹਮਣੇ ਇਹ ਸਮੱਸਿਆ ਸੀ ਕਿ ਸਿਕੰਦਰ ਦੇ ਉੱਚ ਸਿਖਲਾਈ ਪ੍ਰਾਪਤ ਸੈਨਿਕਾਂ ਦਾ ਟਾਕਰਾ ਕਿਵੇਂ ਕੀਤਾ ਜਾਵੇ?
ਪੋਰਸ ਦੇ ਹਾਥੀਆਂ ਦੀ ਅੱਖ ’ਤੇ ਨਿਸ਼ਾਨਾ ਲਗਾਉਣ ਦੀ ਤਰਕੀਬ

ਤਸਵੀਰ ਸਰੋਤ, Getty Images
ਪੋਰਸ ਦੇ ਹੱਕ ’ਚ ਸਿਰਫ ਇੱਕ ਹੀ ਗੱਲ ਸੀ ਕਿ ਉਨ੍ਹਾਂ ਦੀ ਫੌਜ ’ਚ ਹਾਥੀਆਂ ਦੀ ਗਿਣਤੀ ਵਧੇਰੇ ਸੀ।
ਫ੍ਰੀਮੈਨ ਲਿਖਦੇ ਹਨ, “ਪਰ ਉਦੋਂ ਤੱਕ ਸਿਕੰਦਰ ਦੇ ਸੈਨਿਕਾਂ ਨੂੰ ਹਾਥੀਆਂ ਨਾਲ ਲੜਾਈ ਕਰਨ ਦਾ ਢੰਗ ਆ ਗਿਆ ਸੀ। ਸਿਕੰਦਰ ਦੇ ਸੈਨਿਕ ਹਾਥੀ ਨੂੰ ਪਹਿਲਾਂ ਘੇਰ ਲੈਂਦੇ ਅਤੇ ਫਿਰ ਬਰਛਿਆਂ ਨਾਲ ਉਸ ’ਤੇ ਹਮਲਾ ਕਰਦੇ। ਇਸ ਦੌਰਾਨ ਇੱਕ ਤੀਰਅੰਦਾਜ਼ ਹਾਥੀ ਦੀ ਅੱਖ ’ਤੇ ਨਿਸ਼ਾਨਾ ਸੇਧਦਾ। ਜਿਵੇਂ ਹੀ ਹਾਥੀ ਦੀ ਅੱਖ ’ਤੇ ਤੀਰ ਲੱਗਦਾ ਉਹ ਬੇਕਾਬੂ ਹੋ ਜਾਂਦਾ ਅਤੇ ਆਪਣੇ ਹੀ ਲੋਕਾਂ ਨੂੰ ਕੁਚਲ ਦਿੰਦਾ।”
“ਸਿਕੰਦਰ ਨੇ ਆਪਣੇ ਸੈਨਿਕਾਂ ਨੂੰ ਪੋਰਸ ਦੀ ਫੌਜ ਦੇ ਖੱਬੇ ਅਤੇ ਸੱਜੇ ਪਾਸੇ ਭੇਜਿਆ ਅਤੇ ਕਿਹਾ ਕਿ ਉਹ ਅੱਗੇ ਜਾ ਕੇ ਪਿੱਛੇ ਤੋਂ ਪੋਰਸ ਦੇ ਸੈਨਿਕਾਂ ’ਤੇ ਹਮਲਾ ਕਰਨ। ਇਸ ਭਿਆਨਕ ਲੜਾਈ ’ਚ ਦੋਹਾਂ ਧਿਰਾਂ ਦਾ ਬਹੁਤ ਜਾਨੀ ਨੁਕਸਾਨ ਹੋਇਆ ਸੀ ਅਤੇ ਵੱਡੀ ਗਿਣਤੀ ’ਚ ਲੋਕ ਜ਼ਖਮੀ ਵੀ ਹੋਏ ਸਨ।”
“ਇਹ ਲੜਾਈ ਜੇਹਲਮ ਨਦੀ ਦੇ ਕੰਢੇ ਪੰਜਾਬ ਦੇ ਜਲਾਲਪੁਰ ਵਿਖੇ ਹੋਈ ਸੀ। ਸਿਕੰਦਰ ਆਪਣੇ ਬੁਸੇਫੇਲਸ ਘੋੜੇ ’ਤੇ ਸਵਾਰ ਸਨ। ਫਿਰ ਇੱਕ ਤੀਰ ਉਨ੍ਹਾਂ ਦੇ ਘੋੜੇ ਦੇ ਆ ਕੇ ਵੱਜਿਆ ਅਤੇ ਉਸ ਨੇ ਮੌਕੇ ’ਤੇ ਹੀ ਆਪਣੇ ਪ੍ਰਾਣ ਤਿਆਗ ਦਿੱਤੇ।
ਸਿਕੰਦਰ ਨੂੰ ਆਪਣੇ ਘੋੜੇ ਦੀ ਮੌਤ ’ਤੇ ਸੋਗ ਕਰਨ ਦਾ ਵੀ ਮੌਕਾ ਨਾ ਮਿਲਿਆ। ਉਨ੍ਹਾਂ ਨੇ ਦੂਜਾ ਘੋੜਾ ਲਿਆ ਅਤੇ ਜੰਗ ਜਾਰੀ ਰੱਖੀ । ਜਿਵੇਂ ਹੀ ਪੋਰਸ ਦੇ ਸੈਨਿਕਾਂ ’ਤੇ ਦਬਾਅ ਬਣਿਆ, ਸਿਕੰਦਰ ਦੇ ਸੈਨਿਕਾਂ ਨੇ ਪਿੱਛੇ ਤੋਂ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦਾ ਪਿੱਛੇ ਭੱਜਣ ਦਾ ਰਾਹ ਵੀ ਬੰਦ ਕਰ ਦਿੱਤਾ।”

ਤਸਵੀਰ ਸਰੋਤ, Getty Images
ਪੋਰਸ ਨੂੰ ਬੰਦੀ ਬਣਾਇਆ ਗਿਆ
ਪਰ ਇੱਕ ਵਿਸ਼ਾਲ ਹਾਥੀ ’ਤੇ ਸਵਾਰ ਪੋਰਸ ਨੇ ਲੜਣਾ ਜਾਰੀ ਰੱਖਿਆ।
ਸਿਕੰਦਰ ਨੇ ਉਨ੍ਹਾਂ ਦੀ ਹਿੰਮਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸੁਨੇਹਾ ਭੇਜਿਆ ਕਿ ਜੇ ਉਹ ਹਥਿਆਰ ਸੁੱਟ ਦੇਣ ਤਾਂ ਉਨ੍ਹਾਂ ਦੀ ਜਾਨ ਬਖ਼ਸ਼ ਦਿੱਤੀ ਜਾਵੇਗੀ। ਇਸ ਦੂਤ ਦਾ ਨਾਮ ਓਮਫ਼ਿਸ ਸੀ।
ਪੋਰਸ ਨੇ ਉਸ ਦੂਤ ਨੂੰ ਆਪਣੇ ਬਰਛੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਫਿਰ ਸਿਕੰਦਰ ਨੇ ਪੋਰਸ ਕੋਲ ਇੱਕ ਦੂਜਾ ਦੂਤ ਭੇਜਿਆ ਅਤੇ ਉਨ੍ਹਾਂ ਨੇ ਪੋਰਸ ਨੂੰ ਆਤਮ ਸਮਰਪਣ ਕਰਨ ਲਈ ਮਨਾ ਲਿਆ।
ਫ੍ਰੀਮੈਨ ਲਿਖਦੇ ਹਨ, “ਜਦੋਂ ਦੋਵੇਂ ਰਾਜੇ ਮਿਲੇ ਤਾਂ ਪੋਰਸ ਦੇ ਹਾਥੀ ਨੇ ਜ਼ਖਮੀ ਹੋਣ ਦੇ ਬਾਵਜੂਦ ਹੇਠਾਂ ਗੋਡਿਆਂ ਦੇ ਭਾਰ ਬੈਠ ਕੇ ਉਨ੍ਹਾਂ ਦੀ ਹੇਠਾਂ ਉਤਰਨ ’ਚ ਮਦਦ ਕੀਤੀ। ਸਿਕੰਦਰ ਪੋਰਸ ਦੇ 6 ਫੁੱਟ ਲੰਬੇ ਕੱਦ-ਕਾਠ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਬੰਦੀ ਬਣਾਉਣ ਤੋਂ ਬਾਅਦ ਸਿਕੰਦਰ ਨੇ ਪੋਰਸ ਤੋਂ ਪੁੱਛਿਆ ਕਿ ਉਨ੍ਹਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਵੇ ਤਾਂ ਪੋਰਸ ਨੇ ਤੁਰੰਤ ਜਵਾਬ ਦਿੱਤਾ, ‘‘ਜਿਵੇਂ ਦਾ ਇੱਕ ਰਾਜਾ ਦੂਜੇ ਰਾਜੇ ਨਾਲ ਕਰਦਾ ਹੈ।”
“ਸਿਕੰਦਰ ਨੇ ਪੋਰਸ ਨੂੰ ਮਰਹਮ ਪੱਟੀ ਕਰਾਉਣ ਲਈ ਜੰਗ ਦੇ ਮੈਦਾਨ ’ਚੋਂ ਜਾਣ ਦੀ ਇਜਾਜ਼ਤ ਦੇ ਦਿੱਤੀ। ਕੁਝ ਦਿਨਾਂ ਬਾਅਦ ਸਿਕੰਦਰ ਨੇ ਨਾ ਸਿਰਫ ਉਨ੍ਹਾਂ ਤੋਂ ਜਿੱਤੀ ਹੋਈ ਜ਼ਮੀਨ ਵਾਪਸ ਕੀਤੀ ਸਗੋਂ ਨੇੜੇ-ਤੇੜੇ ਦੀ ਕੁਝ ਵਾਧੂ ਜ਼ਮੀਨ ਵੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਸਿਕੰਦਰ ਦੇ ਸਹਾਇਕਾਂ ਨੂੰ ਇਹ ਸਭ ਪਸੰਦ ਨਹੀਂ ਆਇਆ।”
ਉੱਥੇ ਹੀ ਸਿਕੰਦਰ ਦੀ ਫੌਜ ਨੇ ਆਪਣੇ ਮਾਰੇ ਗਏ ਸੈਨਿਕਾਂ ਦਾ ਅੰਤਿਮ ਸਸਕਾਰ ਕੀਤਾ। ਆਪਣੇ ਮਾਰੇ ਗਏ ਘੋੜੇ ਦੀ ਯਾਦ ’ਚ ਸਿਕੰਦਰ ਨੇ ਜੰਗ ਦੇ ਮੈਦਾਨ ਦੇ ਨਜ਼ਦੀਕ ਹੀ ਇੱਕ ਨਵੇਂ ਸ਼ਹਿਰ ਦੀ ਸਥਾਪਨਾ ਕੀਤੀ ਅਤੇ ਇਸ ਦਾ ਨਾਮ ਆਪਣੇ ਘੋੜੇ ਦੇ ਨਾਮ ’ਤੇ ਬੁਸੇਫ਼ੇਲਸ ਰੱਖਿਆ।
ਸਿਕੰਦਰ ਦੇ ਜੀਵਨੀਕਾਰ ਪਲੂਟਾਰਕ ਲਿਖਦੇ ਹਨ, “ਜਦੋਂ ਤੱਕ ਪੋਰਸ ਲੜਨ ਦੀ ਸਥਿਤੀ ’ਚ ਸੀ, ਉਨ੍ਹਾਂ ਨੇ ਸਿਕੰਦਰ ਦਾ ਡੱਟ ਕੇ ਮੁਕਾਬਲਾ ਕੀਤਾ।”
ਸੈਨਿਕਾਂ ਵੱਲੋਂ ਵਾਪਸ ਮੈਸੇਡੋਨੀਆ ਪਰਤਣ ਦਾ ਦਬਾਅ

ਤਸਵੀਰ ਸਰੋਤ, SIMON & SCHUSTER
ਸਿਕੰਦਰ ਇਸ ਤੋਂ ਅੱਗੇ ਗੰਗਾ ਦੇ ਕੰਢੇ ਤੱਕ ਜਾਣਾ ਚਾਹੁੰਦੇ ਸਨ, ਪਰ ਉਨ੍ਹਾਂ ਦੇ ਸੈਨਿਕ ਅਜਿਹਾ ਨਹੀਂ ਚਾਹੁੰਦੇ ਸਨ।
ਇੱਕ ਪੁਰਾਣੇ ਸੈਨਿਕ ਨੇ ਪੂਰੀ ਫੌਜ ਵੱਲੋਂ ਬੋਲਦਿਆਂ ਕਿਹਾ, “ਸਾਰੇ ਹੀ ਖ਼ਤਰਿਆਂ ਦੇ ਵਿਚਾਲੇ ਇੰਨੇ ਲੰਮੇ ਸਮੇਂ ਤੱਕ ਤੁਹਾਡੇ ਨਾਲ ਇੱਥੋਂ ਤੱਕ ਆਉਣ ਨਾਲ ਸਾਡਾ ਮਾਣ ਵਧਿਆ ਹੈ, ਪਰ ਹੁਣ ਅਸੀਂ ਥੱਕ ਚੁੱਕੇ ਹਾਂ ਅਤੇ ਸਾਡੀ ਹਿੰਮਤ ਜਵਾਬ ਦੇ ਚੁੱਕੀ ਹੈ।”
“ਇਸ ਦੌਰਾਨ ਸਾਡੇ ਬਹੁਤ ਸਾਰੇ ਸਾਥੀ ਸ਼ਹੀਦ ਹੋ ਗਏ ਅਤੇ ਜੋ ਬਚੇ ਵੀ ਹਨ ਉਨ੍ਹਾਂ ਦੇ ਸਰੀਰਾਂ ’ਤੇ ਇਸ ਮੁਹਿੰਮ ਦੇ ਨਿਸ਼ਾਨ ਹਨ। ਉਨ੍ਹਾਂ ਦੇ ਆਪਣੇ ਕੱਪੜੇ ਕਦੋਂ ਦੇ ਫੱਟ ਚੁੱਕੇ ਹਨ। ਹੁਣ ਉਨ੍ਹਾਂ ਨੂੰ ਇਰਾਨੀ ਅਤੇ ਭਾਰਤੀ ਕੱਪੜੇ ਪਾਉਣੇ ਪੈ ਰਹੇ ਹਨ।”
“ਅਸੀਂ ਆਪਣੇ ਮਾਤਾ-ਪਿਤਾ ਨੂੰ ਵੇਖਣਾ ਚਾਹੁੰਦੇ ਹਾਂ ਅਤੇ ਆਪਣੇ ਬੱਚਿਆਂ ਅਤੇ ਪਤਨੀਆਂ ਨੂੰ ਗਲੇ ਲਗਾਉਣਾ ਚਾਹੁੰਦੇ ਹਾਂ। ਹੁਣ ਅਸੀਂ ਚਾਹੁੰਦੇ ਹਾਂ ਕਿ ਅਸੀਂ ਵਾਪਸ ਮੈਸੇਡੋਨੀਆ ਚੱਲੀਏ।”
“ਉਸ ਤੋਂ ਬਾਅਦ ਤੁਸੀਂ ਨਵੀਂ ਪੀੜ੍ਹੀ ਦੇ ਲੋਕਾਂ ਨੂੰ ਲੈ ਕੇ ਮੁੜ ਦੂਜੀ ਮੁਹਿੰਮ ‘ਤੇ ਨਿਕਲ ਜਾਣਾ। ਜਿੱਥੋਂ ਤੱਕ ਸਾਡਾ ਸਵਾਲ ਹੈ, ਹੁਣ ਅਸੀਂ ਇਸ ਤੋਂ ਅੱਗੇ ਨਹੀਂ ਜਾ ਸਕਦੇ ਹਾਂ।”
ਸਿਕੰਦਰ ਦੀ ਵਾਪਸੀ

ਤਸਵੀਰ ਸਰੋਤ, Getty Images
ਜਿਵੇਂ ਹੀ ਉਸ ਸੈਨਿਕ ਨੇ ਬੋਲਣਾ ਬੰਦ ਕੀਤਾ ਤਾਂ ਸਾਰੇ ਹੀ ਸੈਨਿਕਾਂ ਨੇ ਤਾੜੀਆਂ ਮਾਰ ਕੇ ਉਸ ਦਾ ਸਵਾਗਤ ਕੀਤਾ। ਪਰ ਸਿਕੰਦਰ ਨੂੰ ਉਸ ਦੇ ਇਹ ਬੋਲ ਚੰਗੇ ਨਾ ਲੱਗੇ।
ਸਿਕੰਦਰ ਗੁੱਸੇ ’ਚ ਉੱਠੇ ਅਤੇ ਤੰਬੂ ਵੱਲ ਚਲੇ ਗਏ। ਤਿੰਨ ਦਿਨਾਂ ਤੱਕ ਉਨ੍ਹਾਂ ਨੇ ਆਪਣੇ ਕਿਸੇ ਵੀ ਨਜ਼ਦੀਕੀ ਸਾਥੀ ਨਾਲ ਕੋਈ ਗੱਲ ਨਾ ਕੀਤੀ।
ਉਹ ਇੰਤਜ਼ਾਰ ਕਰਦੇ ਰਹੇ ਕਿ ਉਨ੍ਹਾਂ ਦੇ ਸੈਨਿਕ ਉਨ੍ਹਾਂ ਨੂੰ ਮਨਾਉਣ ਲਈ ਆਉਣਗੇ ਅਤੇ ਨਾਲ ਹੀ ਮੁਆਫ਼ੀ ਵੀ ਮੰਗਣਗੇ, ਪਰ ਇਸ ਵਾਰ ਉਨ੍ਹਾਂ ਕੋਲ ਕੋਈ ਨਹੀਂ ਆਇਆ।
ਆਖ਼ਿਰਕਾਰ ਸਿਕੰਦਰ ਨੂੰ ਉਨ੍ਹਾਂ ਦੀ ਗੱਲ ਮੰਨਣੀ ਹੀ ਪਈ ਅਤੇ ਨਾਲ ਹੀ ਉਨ੍ਹਾਂ ਨੇ ਸਵੀਕਾਰ ਕਰ ਲਿਆ ਕਿ ਉਨ੍ਹਾਂ ਦਾ ਗੰਗਾ ਤੱਕ ਜਾਣ ਦਾ ਸੁਪਨਾ ਹੁਣ ਕਦੇ ਵੀ ਪੂਰਾ ਨਹੀਂ ਹੋਵੇਗਾ।
ਫਿਰ ਉਨ੍ਹਾਂ ਨੇ ਆਪਣੇ ਸਾਰੇ ਸੈਨਿਕਾਂ ਨੂੰ ਇੱਕਠਾ ਕਰਕੇ ਐਲਾਨ ਕੀਤਾ ਕਿ ਉਹ ਆਪਣੇ ਘਰ ਵਾਪਸ ਪਰਤ ਰਹੇ ਹਨ।
ਉਨ੍ਹਾਂ ਨੇ ਪੂਰਬ ਵੱਲ ਉਦਾਸ ਨਜ਼ਰਾਂ ਨਾਲ ਵੇਖਿਆ ਅਤੇ ਵਾਪਸ ਆਪਣੇ ਮੁਲਕ ਮੈਸੇਡੋਨੀਆ ਵੱਲ ਤੁਰ ਪਏ।












