ਗਿਆਨੀ ਰਘਬੀਰ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਬਣੇ: ‘ਇਹ ਨਾ ਕਹਿਓ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਲਾਹਿਆ ਗਿਆ’-ਧਾਮੀ

ਗਿਆਨੀ ਰਘਬੀਰ ਸਿੰਘ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਗਿਆਨੀ ਰਘਬੀਰ ਸਿੰਘ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਬਣੇ

ਹੁਣ ਗਿਆਨੀ ਰਘਬੀਰ ਸਿੰਘ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਹੋਣਗੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਵੈ-ਇੱਛਾ ਨਾਲ ਅਹੁਦਾ ਛੱਡਿਆ ਹੈ ਜਿਸ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤਖ਼ਤ ਦਾ ਨਵੇਂ ਜਥੇਦਾਰ ਬਣਾਇਆ ਗਿਆ ਹੈ।

ਗਿਆਨੀ ਰਘਬੀਰ ਸਿੰਘ ਇਸ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਨ।

ਗਿਆਨੀ ਹਰਪ੍ਰੀਤ ਸਿੰਘ ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਨਿਭਾਉਣਗੇ। ਉਹ ਪਹਿਲਾਂ ਵੀ ਦਮਦਮਾ ਸਾਹਿਬ ਦੇ ਹੀ ਜਥੇਦਾਰ ਸਨ ਤੇ ਅਕਾਲ ਤਖ਼ਤ ’ਤੇ ਕਾਰਜਕਾਰੀ ਜਥੇਦਾਰ ਵਜੋਂ ਸੇਵਾਵਾਂ ਨਿਭਾ ਰਹੇ ਸਨ।

ਹਰਪ੍ਰੀਤ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਿਆਨੀ ਹਰਪ੍ਰੀਤ ਸਿੰਘ ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਨਿਭਾਉਣਗੇ।

ਹਰਪ੍ਰੀਤ ਸਿੰਘ ਨਾਲ ਜੁੜੇ ਵਿਵਾਦ

ਜਥੇਦਾਰਾਂ ਦਾ ਐਲਾਨ ਕਰਦੇ ਸਮੇਂ ਧਾਮੀ ਨੇ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਲਈ ‘ਅਹੁਦੇ ਤੋਂ ਲਾਹੇ ਗਏ’ ਸ਼ਬਦਾਂ ਦੀ ਵਰਤੋਂ ਨਾ ਕੀਤੀ ਜਾਵੇ।

ਪਰ ਇਸ ਦੇ ਬਾਵਜੂਦ ਹਰਪ੍ਰੀਤ ਸਿੰਘ ਦੇ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਸੇਵਾਵਾਂ ਨਿਭਾਉਣ ਤੋਂ ਹਟਣਾ ਸਵਾਲ ਖੜੇ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ, ਰਾਜ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਦੇ ਮੰਗਣੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਏ ਸਨ।

ਇਹ ਸਮਾਗਮ ਉਸ ਸਮੇਂ ਹੋਇਆ ਜਦੋਂ ਸੂਬੇ ਵਿੱਚ ਖਾਲਿਸਤਾਨ ਪੱਖੀ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਰਕਾਰ ਵਿਰੋਧੀ ਲਹਿਰ ਚੱਲ ਰਹੀ ਸੀ।

ਇਸ ਮਾਮਲੇ ਵਿੱਚ ਸਿੱਖ ਜਥੇਬੰਦੀਆਂ ਤੇ ਗ੍ਰਿਫ਼ਤਾਰ ਹੋਏ ਲੋਕਾਂ ਦੇ ਪਰਿਵਾਰ ਵਾਲਿਆਂ ਨੇ ਅਕਾਲ ਤਖ਼ਤ ’ਤੇ ਵੀ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਸ਼ਾਮਲ ਹੋਣ ਪਹੁੰਚੇ ਹਜ਼ਾਰਾਂ ਲੋਕਾਂ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਰਿਹਾਈ ਦੀ ਮੰਗ ਕੀਤੀ ਸੀ।

ਅਜਿਹੇ ਵਿੱਚ ਹਰਪ੍ਰੀਤ ਸਿੰਘ ਦੇ ਰਾਘਵ ਚੱਡਾ ਦੇ ਮੰਗਣੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਲੋਚਣਾ ਹੋਈ। ਹਾਲਾਂਕਿ ਕਈਆਂ ਨੇ ਇਸ ਨੂੰ ਧਰਮ ਤੋਂ ਅਲੱਗ ਤੇ ਵਿਅਕਤੀਗਤ ਮਾਮਲਾ ਵੀ ਦੱਸਿਆ ਸੀ।

ਗਿਆਨੀ ਰਘਬੀਰ ਸਿੰਘ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਗਿਆਨੀ ਰਘਬੀਰ ਸਿੰਘ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਵੀ ਸੇਵਾਵਾਂ ਨਿਭਾਉਣਗੇ
ਬੀਬੀਸੀ

ਪਿੰਡ ਦੇ ਗੁਰਦੁਆਰੇ ਤੋਂ ਅਕਾਲ ਤਖ਼ਤ ਤੱਕ ਦਾ ਸਫ਼ਰ

  • ਰਘਬੀਰ ਸਿੰਘ ਦਾ ਜਨਮ ਪਿੰਡ ਸੁਲਤਾਨ ਵਿੰਡ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿੱਚ ਹੋਇਆ।
  • ਰਘਬੀਰ ਸਿੰਘ ਆਪਣੀ ਧਾਰਮਿਕ ਰੁਚੀ ਬਾਰੇ ਦੱਸਦਿਆਂ ਕਹਿੰਦੇ ਹਨ, “ਮੈਂ ਪਿੰਡ ਦੇ ਗੁਰਦੁਆਰੇ ਤੋਂ ਹੀ ਪਾਠ ਸੁਣਨਾ ਸ਼ੁਰੂ ਕੀਤਾ ਤੇ ਉਥੋਂ ਹੀ ਕਰਨਾ ਸਿੱਖਿਆ।”
  • ਉਨ੍ਹਾਂ ਨੇ 1989 ਵਿੱਚ ਸ਼੍ਰੀ ਹਰਮਿੰਦਰ ਸਾਹਿਬ ਵਿੱਚ ਗ੍ਰੰਥੀ ਵਜੋਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ।
  • 1995 ਵਿੱਚ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਏ। ਉਨ੍ਹਾਂ ਪੰਜ ਪਿਆਰਿਆਂ ਵਜੋਂ 2014 ਤੱਕ ਸੇਵਾਵਾਂ ਨਿਭਾਈਆਂ।
  • ਉਸ ਤੋਂ ਬਾਅਦ ਲਗਾਤਾਰ ਹੁਣ ਤੱਕ ਦਰਬਾਰ ਸਾਹਿਬ ਵਿਖੇ ਗ੍ਰੰਥੀ ਦੀ ਸੇਵਾ ਨਿਭਾਈ।
  • 2017 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਕਾਰਜਕਾਰੀ ਜਥੇਦਾਰ ਵਜੋਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ।
  • ਪੰਜਾਬ ਤੋਂ ਹੋਣ ਵਾਲੇ ਪਰਵਾਸ ਬਾਰੇ ਗੱਲ ਕਰਦਿਆਂ ਰਘਬੀਰ ਸਿੰਘ ਨੇ ਕਿਹਾ, “ਸਰਕਾਰਾਂ ਨੂੰ ਸੁਹਿਰਦ ਹੋਣਾ ਚਾਹੀਦਾ ਹੈ ਅਤੇ ਬੱਚਿਆਂ ਲਈ ਇਥੇ ਹੀ ਰੋਜ਼ਗਾਰ ਦੇ ਵਸੀਲੇ ਬਣਾਉਣੇ ਚਾਹੀਦੇ ਹਨ, ਸਿੱਖਿਆ ਦੇ ਚੰਗੇ ਪ੍ਰਬੰਧ ਹੋਣੇ ਚਾਹੀਦੇ ਹਨ ਤਾਂ ਜੋ ਬੱਚੇ ਇਥੇ ਵੱਡੇ ਅਹੁਦਿਆਂ ਨੂੰ ਹਾਸਿਲ ਕਰਨ ਕਾਬਲ ਬਣਨ।”
ਬੀਬੀਸੀ
ਵੀਡੀਓ ਕੈਪਸ਼ਨ, ਐੱਸਜੀਪੀਸੀ ਪ੍ਰਧਾਨ ਕਹਿੰਦੇ, ‘ਇਹ ਨਾ ਕਹਿਓ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਹਿਆ ਗਿਆ’

ਅਕਾਲ ਤਖ਼ਤ ਸਾਹਿਬ ਕੀ ਹੈ?

ਅਕਾਲ ਤਖ਼ਤ ਸਿੱਖ ਕੌਮ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ। ਸਿੱਖਾਂ ਦੇ ਪੰਜਾਂ ਤਖਤਾਂ ਵਿੱਚੋਂ ਅਕਾਲ ਤਖ਼ਤ ਪ੍ਰਮੁੱਖ ਹੈ। ਇਸ ਦੀ ਮਹੱਤਤਾ ਇਸ ਲਈ ਵਧੇਰੇ ਹੈ ਕਿਉਂਕਿ ਇਸ ਦੀ ਸਥਾਪਨਾ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਆਪ ( 15 ਜੂਨ, 1606) ਕੀਤੀ ਸੀ। ਇਸ ਦਾ ਪਹਿਲਾ ਨਾਂ ਅਕਾਲ ਬੁੰਗਾ ਸੀ।

ਇੱਥੇ ਗੁਰੂ ਸਾਹਿਬ ਸਿੱਖਾਂ ਦੇ ਸਿਆਸੀ ਅਤੇ ਸਮਾਜਿਕ ਮਸਲਿਆਂ ਦੇ ਹੱਲ ਕਰਿਆ ਕਰਦੇ ਸਨ। ਇਤਿਹਾਸਕ ਤੌਰ 'ਤੇ ਇਹ ਹਰਮੰਦਿਰ ਸਾਹਿਬ ਸਮੂਹ, ਅੰਮ੍ਰਿਤਸਰ ਸਾਹਿਬ ਦੇ ਅੰਦਰ ਹੀ ਉਸਰਿਆ ਹੋਇਆ ਹੈ।

ਇਤਿਹਾਸਕ ਰਵਾਇਤ ਮੁਤਾਬਕ, ਗੁਰੂ ਸਾਹਿਬ ਨੇ ਇਸ ਦਾ ਨਿਰਮਾਣ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਨਿਰਮਾਣ ਲਈ ਕੱਢੀ ਮਿੱਟੀ ਦੇ ਢੇਰ ਨਾਲ ਬਣੇ ਉੱਚੇ ਸਥਾਨ 'ਤੇ ਕੀਤਾ ਸੀ।

ਅਕਾਲ ਤਖ਼ਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਤਿਹਾਸ ਵਿੱਚ ਤਤਕਾਲੀ ਸਰਕਾਰਾਂ ਅਕਾਲ ਤਖ਼ਤ ਨੂੰ ਆਪਣੇ ਸ਼ਰੀਕ ਵਜੋਂ ਦੇਖਦੀਆਂ ਰਹੀਆਂ ਹਨ ਅਤੇ ਹਮਲੇ ਕਰਦੀਆਂ ਰਹੀਆਂ ਹਨ।

ਅਕਾਲ ਤਖ਼ਤ ਦੀ ਅਹਿਮੀਅਤ ਕਿਉਂ ਹੈ?

ਸਿੱਖਾਂ ਦੇ ਪੰਜ ਤਖ਼ਤ ਹਨ- ਅਕਾਲ ਤਖ਼ਤ ਸਾਹਿਬ, ਕੇਸਗੜ੍ਹ ਸਾਹਿਬ, ਪਟਨਾ ਸਾਹਿਬ, ਹਜ਼ੂਰ ਸਾਹਿਬ ਅਤੇ ਦਮਦਮਾ ਸਾਹਿਬ। ਪੰਜ ਸਿੰਘ ਸਾਹਿਬਾਨ ਦੀਆਂ ਬੈਠਕਾਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਗਵਾਈ ਵਾਲੀ ਭੂਮਿਕਾ ਵਿੱਚ ਸ਼ਾਮਲ ਹੁੰਦੇ ਹਨ।

ਰਵਾਇਤ ਹੈ ਕਿ ਜਥੇਦਾਰਾਂ ਦੀਆਂ ਇਨ੍ਹਾਂ ਬੈਠਕਾਂ ਵਿੱਚ ਸਿੱਖ ਧਰਮ ਦੀਆਂ ਦਰਪੇਸ਼ ਸਮੱਸਿਆਵਾਂ ਉੱਪਰ ਵਿਚਾਰ ਕੀਤਾ ਜਾਂਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿੱਚ ਗੁਰਮਤਿ ਮਰਿਆਦਾ ਅਨੁਸਾਰ ਢੁੱਕਵਾਂ ਫੈਸਲਾ ਕੀਤਾ ਜਾਂਦਾ ਹੈ।

ਸਮੁੱਚੀ ਸਿੱਖ ਕੌਮ ਆਪਣੀ ਅਗਵਾਈ ਲਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲ ਦੇਖਦੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਜਥੇਦਾਰ ਬਿਨਾਂ ਕਿਸੇ ਪੱਖਪਾਤ ਦੇ ਨਿਰੋਲ ਪੰਥਕ ਰਵਾਇਤਾਂ, ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਅਤੇ ਗੁਰ ਮਰਿਆਦਾ ਦੀ ਰੌਸ਼ਨੀ ਵਿੱਚ ਹੀ ਆਪਣੇ ਫੈਸਲੇ ਕਰਨ।

ਅਕਾਲ ਤਖ਼ਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਾਲ ਤਖ਼ਤ ਸਿੱਖਾਂ ਦੀ ਸਿਰਮੌਰ ਸੰਸਥਾ ਹੈ

ਅਕਾਲ ਤਖ਼ਤ ਸਾਹਿਬ ਦਾ ਇਤਿਹਾਸਕ ਪ੍ਰਸੰਗ ਕੀ ਹੈ?

ਇਤਿਹਾਸਕ ਰਵਾਇਤ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾ ਹੁਕਮਨਾਮਾ ਇਸ ਦੇ ਸੰਸਥਾਪਕ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਹੀ ਜਾਰੀ ਕੀਤਾ ਗਿਆ ਸੀ।

ਗੁਰਗੱਦੀ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਸਿੱਖਾਂ ਨੂੰ ਹੁਕਮ ਕੀਤੇ ਸਨ ਕਿ ਉਹ ਗੁਰੂ ਘਰ ਲਈ ਵਧੀਆ ਘੋੜੇ ਅਤੇ ਜਵਾਨਾਂ ਦੀ ਭੇਟਾਂ ਲੈ ਕੇ ਆਉਣ।

ਇਸ ਸਮੇਂ ਨੂੰ ਇਤਿਹਾਸ ਵਿੱਚ ਸਿੱਖ ਧਰਮ ਲਈ ਨਵਾਂ ਮੋੜ ਕਿਹਾ ਜਾਂਦਾ ਹੈ ਜਦੋਂ ਸਿੱਖ ਗੁਰੂਆਂ ਨੇ ਨਿਰੋਲ ਧਾਰਮਿਕ ਅਗਵਾਈ ਦੇ ਨਾਲ-ਨਾਲ ਸਿੱਖਾਂ ਦੀ ਸਿਆਸੀ ਰਹਿਨੁਮਾਈ ਵੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਗੁਰੂ ਸਾਹਿਬਾਨ ਨੇ ਬਾਕਾਇਦਾ ਫੌਜ ਵੀ ਰੱਖਣੀ ਸ਼ੁਰੂ ਕਰ ਦਿੱਤੀ।

ਸਿੱਟੇ ਵਜੋਂ ਸਿੱਖਾਂ ਦੀਆਂ ਤਤਕਾਲੀ ਮੁਗਲ ਹਾਕਮਾਂ ਨਾਲ ਵੀਂ ਟੱਕਰਾਂ ਹੋਣ ਲੱਗੀਆਂ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਪੂਰੇ ਸਿਖਰ ਤੱਖ ਅਪੜ ਗਈਆਂ।

ਅਕਾਲ ਤਖ਼ਤ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, 18ਵੀਂ ਸਦੀ ਵਿੱਚ ਇਹ ਨਿਯੁਕਤੀ ਸਰਬੱਤ ਖ਼ਾਲਸਾ ਵੱਲੋਂ ਸਮੂਹਿਕ ਤੌਰ 'ਤੇ ਕੀਤੀ ਜਾਂਦੀ ਸੀ। ਸ਼੍ਰੋਮਣੀ ਕਮੇਟੀ ਵੱਲੋਂ ਅਪਣਾਈ ਜਾਂਦੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣ ਦੀ ਮੰਗ ਸਮੇਂ-ਸਮੇਂ 'ਤੇ ਸਿੱਖ ਸਮਾਜ ਵਿੱਚ ਉੱਠਦੀ ਰਹੀ ਹੈ।

ਅਕਾਲ ਤਖ਼ਤ ਦੇ ਜੱਥੇਦਾਰ ਦੀ ਨਿਯੁਕਤੀ ਦੀ ਪ੍ਰਕਿਰਿਆ ਕੀ ਹੈ?

ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਗੁਰਦੁਆਰਿਆਂ ਦੇ ਗੁਰਮਤਿ ਦੇ ਸਿਧਾਂਤਾਂ ਮੁਤਾਬਕ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ।

ਉਸ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਕਮੇਟੀ ਵੱਲੋਂ ਹੀ ਕੀਤੀ ਜਾਂਦੀ ਹੈ।

18ਵੀਂ ਸਦੀ ਵਿੱਚ ਇਹ ਨਿਯੁਕਤੀ ਸਰਬੱਤ ਖ਼ਾਲਸਾ ਵੱਲੋਂ ਸਮੂਹਿਕ ਤੌਰ 'ਤੇ ਕੀਤੀ ਜਾਂਦੀ ਸੀ। ਸ਼੍ਰੋਮਣੀ ਕਮੇਟੀ ਵੱਲੋਂ ਅਪਣਾਈ ਜਾਂਦੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣ ਦੀ ਮੰਗ ਸਮੇਂ-ਸਮੇਂ 'ਤੇ ਸਿੱਖ ਸਮਾਜ ਵਿੱਚ ਉੱਠਦੀ ਰਹੀ ਹੈ।

ਅਕਾਲ ਤਖ਼ਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਾਲ ਤਖ਼ਤ ਵਲੋਂ ਸਿੱਖਾਂ ਨੂੰ ਇਸ ਥਾਂ ਤੋਂ ਹੁਕਮਨਾਮੇ ਸੁਣਾਏ ਜਾਂਦੇ ਹਨ

ਅਕਾਲ ਤਖ਼ਤ ਸਾਹਿਬ ਦੇ ਪ੍ਰਮੁੱਖ ਜਥੇਦਾਰ

ਜਥੇਦਾਰਾਂ ਦੀ ਲੜੀ ਵਿੱਚ ਭਾਈ ਗੁਰਦਾਸ ਜੀ (ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ) ਪਹਿਲੇ ਅਤੇ ਗਿਆਨੀ ਗੁਰਬਚਨ ਸਿੰਘ ਤੀਹਵੇਂ ਜਥੇਦਾਰ ਸਨ।

ਇਤਿਹਾਸ ਵਿੱਚ ਭਾਈ ਮਨੀ ਸਿੰਘ, ਅਕਾਲੀ ਫੂਲਾ ਸਿੰਘ ਇਸ ਤਖ਼ਤ ਦੇ ਜਥੇਦਾਰ ਰਹੇ ਹਨ। ਭਾਈ ਮਨੀ ਸਿੰਘ ਨੂੰ ਮੁਗਲ ਕਾਲ ਵਿੱਚ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ ਜਦੋਂ ਕਿ ਅਕਾਲੀ ਫੂਲਾ ਸਿੰਘ ਦੀ ਸ਼ਖ਼ਸ਼ੀਅਤ ਤੋਂ ਮਹਾਰਜਾ ਰਣਜੀਤ ਸਿੰਘ ਵੀ ਭੈਅ ਖਾਂਦੇ ਸਨ।

ਪਿਛਲੇ ਸਮਿਆਂ ਵਿੱਚ- ਪ੍ਰੋਫੈਸਰ ਮਨਜੀਤ ਸਿੰਘ, ਰਣਜੀਤ ਸਿੰਘ, ਜੋਗਿੰਦਰ ਸਿੰਘ ਵੇਦਾਂਤੀ ਇਸ ਦੇ ਜਥੇਦਾਰ ਰਹੇ ਹਨ।

ਅਕਾਲ ਤਖ਼ਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿੱਖ ਪੰਥ ਵਿੱਚ ਪੰਜ ਪਿਆਰਿਆਂ ਨੂੰ ਬਹੁਤ ਖ਼ਾਸ ਅਹਿਮੀਅਤ ਦਿੱਤੀ ਜਾਂਦੀ ਹੈ।

ਅਕਾਲ ਤਖ਼ਤ ਦੇ ਵਿਸ਼ੇਸ਼ ਅਧਿਕਾਰ

ਉਂਝ ਤਾਂ ਪੰਜ ਪਿਆਰਿਆਂ ਦੇ ਸਿਧਾਂਤ ਮੁਤਾਬਕ ਸਾਰੇ ਜਥੇਦਾਰਾਂ ਦਾ ਰੁਤਬਾ ਬਰਾਬਰ ਹੈ ਪਰ ਇਨ੍ਹਾਂ ਵੱਲੋਂ ਲਏ ਸਾਂਝੇ ਫੈਸਲਿਆਂ ਨੂੰ ਅਕਾਲ ਤਖ਼ਤ ਸਾਹਬ ਤੋਂ ਹੀ ਜਾਰੀ ਕੀਤਾ ਜਾਂਦਾ ਹੈ। ਸਿੱਖ ਧਾਰਮਿਕ ਰਵਾਇਤਾਂ ਮੁਤਾਬਕ ਅਕਾਲ ਤਖ਼ਤ ਨੂੰ ਸਿਰਮੌਰ ਰੁਤਬਾ ਹਾਸਲ ਰਿਹਾ ਹੈ।

ਕੋਈ ਵੀ ਸਿੱਖ ਅਕਾਲ ਤਖ਼ਤ ਤੋਂ ਉੱਪਰ ਹੋਣ ਦਾ ਦਾਅਵਾ ਨਹੀਂ ਕਰ ਸਕਦਾ (ਇੱਥੋਂ ਤੱਕ ਕਿ ਮਹਾਰਜਾ ਰਣਜੀਤ ਸਿੰਘ ਵੀ, ਸੱਦੇ ਜਾਣ ’ਤੇ ਇੱਕ ਸਿੱਖ ਵਜੋਂ ਹੀ ਪੇਸ਼ ਹੁੰਦੇ ਸਨ। ਤਤਕਾਲੀ ਜਥੇਦਾਰ ਬਾਬਾ ਫੂਲਾ ਸਿੰਘ ਨੇ ਉਨ੍ਹਾਂ ਨੂੰ ਕੋੜਿਆਂ ਦੀ ਸਜ਼ਾ ਦਿੱਤੀ ਤਾਂ ਉਨ੍ਹਾਂ ਉਹ ਕੋੜੇ ਵੀ ਇੱਕ ਸਿੱਖ ਵਜੋਂ ਹੀ ਆਪਣੀ ਪਿੱਠ ’ਤੇ ਖਾਧੇ ਸਨ)।

ਕਈ ਮਾਮਲਿਆਂ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਦੂਜੇ ਚਾਰ ਸਿੰਘ ਸਾਹਿਬਾਨ ਦੀ ਸਲਾਹ ਨਾਲ ਫੌਰੀ ਫੈਸਲਾ ਵੀ ਲੈ ਸਕਦਾ ਹੈ। ਅਕਾਲ ਤਖ਼ਤ ਤੋਂ ਸਿੱਖਾਂ ਦੇ ਨਾਂ ਜਾਰੀ ਕੀਤੇ ਜਾਂਦੇ ਹੁਕਮ ਨੂੰ ਹੁਕਮਨਾਮਾ ਕਿਹਾ ਜਾਂਦਾ ਹੈ ਜਿਸ ਦੀ ਪਾਲਣਾ ਲਈ ਹਰੇਕ ਨਾਨਕ ਨਾਮ ਲੇਵਾ ਸਿੱਖ ਧਾਰਮਿਕ ਤੌਰ 'ਤੇ ਪਾਬੰਦ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)