ਹੇਮਕੁੰਟ ਸਾਹਿਬ ਤੱਕ ਬਣੇਗਾ ਰੋਪਵੇਅ, ਰੋਜ਼ਾਨਾ ਕਿੰਨੇ ਯਾਤਰੀ ਜਾ ਸਕਣਗੇ, ਕਿੰਨਾ ਸਮਾਂ ਲੱਗੇਗਾ ਤੇ ਕੀ ਰਹੇਗਾ ਰੂਟ

ਹੇਮਕੁੰਟ ਸਾਹਿਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਸਵੇਂ ਗੁਰੂ ਗੋਬਿੰਦ ਸਿੰਘ ਦੇ ਸਵੈ-ਜੀਵਨੀ ਬਿਰਤਾਂਤ ਬਚਿਤ੍ਰ ਨਾਟਕ ਵਿੱਚ ਹੇਮਕੁੰਟ ਦਾ ਜ਼ਿਕਰ ਕੀਤਾ ਗਿਆ ਹੈ
    • ਲੇਖਕ, ਰਾਜਵੀਰ ਕੌਰ ਗਿੱਲ
    • ਰੋਲ, ਬੀਬੀਸੀ ਪੱਤਰਕਾਰ

ਉੱਤਰਾਖੰਡ ਸੂਬੇ ਦੇ ਚਮੋਲੀ ਜ਼ਿਲ੍ਹੇ ਵਿੱਚ 15,000 ਫੁੱਟ ਦੀ ਉੱਚਾਈ 'ਤੇ ਸਥਿਤ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਲੰਬੀ ਚੜ੍ਹਾਈ ਕਾਰਨ ਔਖਾ ਮੰਨਿਆ ਜਾਂਦਾ ਹੈ।

ਪਰ ਹੁਣ ਇਹ ਸਫ਼ਰ ਕੁਝ ਸੌਖਾ ਹੋਣ ਦੇ ਆਸਾਰ ਹਨ। ਕੇਂਦਰੀ ਕੈਬਨਿਟ ਨੇ ਉੱਤਰਾਖੰਡ ਸੂਬੇ ਵਿੱਚ ਹੇਮਕੁੰਟ ਸਾਹਿਬ ਅਤੇ ਕੇਦਾਰਨਾਥ ਧਾਮ ਲਈ ਦੋ ਰੋਪਵੇਅ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਰੋਪਵੇਅ ਗੋਵਿੰਦਘਾਟ ਤੋਂ ਹੇਮਕੁੰਟ ਸਾਹਿਬ ਤੱਕ ਹੋਵੇਗਾ। ਇਸ ਦੇ ਨਾਲ ਹੀ ਸੋਨਪ੍ਰਯਾਗ ਤੋਂ ਕੇਦਾਰਨਾਥ ਧਾਮ ਤੱਕ ਵੀ ਇੱਕ ਰੋਪਵੇਅ ਬਣਾਇਆ ਜਾਵੇਗਾ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਹੇਮਕੁੰਟ ਸਾਹਿਬ ਟਰੱਸਟ ਨੂੰ ਆਸ ਹੈ ਕਿ ਇਹ ਰੋਪਵੇਅ ਇਨ੍ਹਾਂ ਧਾਰਮਿਕ ਸਥਾਨਾਂ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਕਾਫ਼ੀ ਫਾਇਦਾ ਪਹੁੰਚਾਉਣਗੇ ਅਤੇ ਆਉਣ ਵਾਲੇ ਸਾਲਾਂ ਵਿੱਚ ਸ਼ਰਧਾਲੂਆਂ ਦੀ ਗਿਣਤੀ ਵਧੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਰੋਪਵੇਅ ਬਾਰੇ ਐਕਸ 'ਤੇ ਲਿਖਿਆ, "ਅੱਜ ਕੈਬਨਿਟ ਨੇ ਦੋ ਅਹਿਮ ਫ਼ੈਸਲੇ ਲਏ ਹਨ ਅਤੇ ਦੇਵਭੂਮੀ ਉੱਤਰਾਖੰਡ 'ਚ ਦੋ ਨਵੇਂ ਰੋਪਵੇਅ ਨੂੰ ਮਨਜ਼ੂਰੀ ਦਿੱਤੀ ਹੈ।"

"ਸੋਨਪ੍ਰਯਾਗ ਤੋਂ ਕੇਦਾਰਨਾਥ ਅਤੇ ਗੋਵਿੰਦਘਾਟ ਤੋਂ ਹੇਮਕੁੰਟ ਸਾਹਿਬ ਜੀ ਤੱਕ ਇਨ੍ਹਾਂ ਦੇ ਨਿਰਮਾਣ ਨਾਲ ਜਿੱਥੇ ਸ਼ਰਧਾਲੂਆਂ ਦੇ ਸਮੇਂ ਦੀ ਬੱਚਤ ਹੋਵੇਗੀ, ਉੱਥੇ ਹੀ ਉਨ੍ਹਾਂ ਦੀ ਯਾਤਰਾ ਸੌਖੀ ਵੀ ਹੋ ਜਾਵੇਗੀ।"

ਕਿੰਨਾ ਖ਼ਰਚਾ ਆਵੇਗਾ ਰੋਪਵੇਅ 'ਤੇ

ਹੇਮਕੁੰਟ ਸਾਹਿਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਂਦਰੀ ਕੈਬਨਿਟ ਨੇ ਉੱਤਰਾਖੰਡ ਸੂਬੇ ਵਿੱਚ ਹੇਮਕੁੰਟ ਸਾਹਿਬ ਅਤੇ ਕੇਦਾਰਨਾਥ ਧਾਮ ਲਈ ਦੋ ਰੋਪਵੇਅ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਭਾਰਤ ਸਰਕਾਰ ਦੇ ਪ੍ਰੈੱਸ ਸੂਚਨਾ ਬਿਊਰੋ (ਪੀਆਈਬੀ) ਨੇ ਪ੍ਰੈੱਸ ਨੋਟ ਜਾਰੀ ਕਰਕੇ ਦੋਵਾਂ ਰੋਵਪੇਅਜ਼ ਬਾਰੇ ਜਾਣਕਾਰੀ ਦਿੱਤੀ ਹੈ।

ਹੇਮਕੁੰਟ ਸਾਹਿਬ ਰੋਪਵੇਅ ਪ੍ਰੋਜੈਕਟ 'ਤੇ ਤਕਰੀਬਨ 2730.13 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਇਸ ਰੋਪਵੇਅ ਦੀ ਲੰਬਾਈ 12.4 ਕਿਲੋਮੀਟਰ ਹੋਵੇਗੀ।

ਪ੍ਰੋਜੈਕਟ ਨੂੰ ਡਿਜ਼ਾਈਨ, ਬਿਲਡ, ਫਾਈਨਾਂਸ, ਓਪਰੇਟ ਐਂਡ ਟ੍ਰਾਂਸਫਰ (ਡੀਬੀਐੱਫ਼ਓਟੀ) ਮੋਡ 'ਤੇ ਤਿਆਰ ਕੀਤਾ ਜਾਵੇਗਾ।

ਰੋਪਵੇਅ ਨੂੰ ਜਨਤਕ-ਨਿੱਜੀ ਭਾਈਵਾਲੀ ਵਿੱਚ ਵਿਕਸਤ ਕਰਨ ਦੀ ਯੋਜਨਾ ਹੈ। ਗੋਵਿੰਦਘਾਟ ਤੋਂ ਘੰਗਰੀਆ ਤੱਕ ਕਰੀਬ 10.55 ਕਿਲੋਮੀਟਰ ਰੋਪਵੇਅ ਮੋਨੋਕੇਬਲ ਡੀਟੈਚਏਬਲ ਗੋਂਡੋਲਾ 'ਤੇ ਅਧਾਰਤ ਹੋਵੇਗੀ।

ਇਸ ਤੋਂ ਅੱਗੇ ਘੰਗਰੀਆ ਤੋਂ ਹੇਮਕੁੰਟ ਸਾਹਿਬ ਤੱਕ ਸਭ ਤੋਂ ਉੱਨਤ ਟ੍ਰਾਈਕੇਬਲ ਡੀਟੈਚੇਬਲ ਗੋਂਡੋਲਾ (3ਐੱਸ) ਤਕਨੀਕ ਨਾਲ 1.85 ਕਿਲੋਮੀਟਰ ਰੋਪਵੇਅ ਤਿਆਰ ਹੋਵੇਗਾ।

ਰੋਪਵੇਅ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੇਮਕੁੰਟ ਸਾਹਿਬ ਰੋਪਵੇਅ ਪ੍ਰੋਜੈਕਟ 'ਤੇ ਤਕਰੀਬਨ 2730.13 ਕਰੋੜ ਰੁਪਏ ਖਰਚ ਕੀਤੇ ਜਾਣਗੇ (ਸੰਕੇਤਕ ਤਸਵੀਰ)

ਇਸ ਡਿਜ਼ਾਈਨ ਨਾਲ ਹਰ ਰੋਜ਼ ਹਰ ਦਿਸ਼ਾ ਵੱਲ ਕਰੀਬ 11000 ਯਾਤਰੀ ਜਾ ਸਕਣਗੇ ਅਤੇ ਇਸ ਵਿੱਚ ਇੱਕ ਘੰਟੇ ਦਾ ਸਮਾਂ ਲੱਗੇਗਾ।

ਰੋਪਵੇਅ ਪ੍ਰੋਜੈਕਟ ਨਿਰਮਾਣ ਅਤੇ ਸੰਚਾਲਨ ਦੇ ਨਾਲ-ਨਾਲ ਸਹਾਇਕ ਸੈਰ-ਸਪਾਟਾ ਉਦਯੋਗਾਂ ਜਿਵੇਂ ਪ੍ਰਾਉਣਚਾਰੀ, ਯਾਤਰਾ, ਰੈਸਟੋਰੈਂਟ ਉਦਯੋਗ ਨੂੰ ਉਤਸ਼ਾਹਿਤ ਕਰੇਗਾ।

ਇਸ ਪ੍ਰਬੰਧ ਨਾਲ ਸੈਰ-ਸਪਾਟਾ ਵੀ ਪੂਰਾ ਸਾਲ ਸੰਭਵ ਹੋਵੇਗਾ ਅਤੇ ਰੁਜ਼ਗਾਰ ਦੇ ਅਹਿਮ ਮੌਕੇ ਪੈਦਾ ਹੋਣਗੇ।

ਰੋਪਵੇਅ ਪ੍ਰੋਜੈਕਟ ਦਾ ਵਿਕਾਸ ਸੰਤੁਲਿਤ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਸ਼ਰਧਾਲੂਆਂ ਸਾਰੇ ਸਫ਼ਰ ਨੂੰ ਸੁਵਿਧਾਜਨਕ ਬਣਾਉਣਾ ਅਤੇ ਇਲਾਕੇ ਵਿੱਚ ਢਾਂਚਾਗਤ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ।

ਹੇਮਕੁੰਟ ਤੋਂ ਇਲਾਵਾ ਦੂਜਾ ਪ੍ਰਾਜੈਕਟ ਸੋਨਪ੍ਰਯਾਗ ਅਤੇ ਕੇਦਾਰਨਾਥ ਵਿਚਕਾਰ ਬਣਨ ਵਾਲੇ ਰੋਪਵੇਅ ਦੀ ਲੰਬਾਈ 12.9 ਕਿਲੋਮੀਟਰ ਹੋਵੇਗੀ। ਇਸ ਦੇ ਨਿਰਮਾਣ 'ਤੇ 4 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ।

ਹੇਮਕੁੰਟ ਅਤੇ ਕੇਦਾਰਨਾਥ ਜਾਣ ਵਾਲੇ ਸ਼ਰਧਾਲੂਆਂ ਵਿੱਚ ਦੋਵਾਂ ਪ੍ਰਾਜੈਕਟਾਂ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ।

ਹੇਮਕੁੰਟ ਸਾਹਿਬ
ਤਸਵੀਰ ਕੈਪਸ਼ਨ, ਹਰ ਸਾਲ ਅਪ੍ਰੈਲ-ਮਈ ਅਤੇ ਅਕਤੂਬਰ-ਨਵੰਬਰ ਦਰਮਿਆਨ ਲਗਭਗ 20 ਲੱਖ ਸ਼ਰਧਾਲੂ ਹੇਮਕੁੰਟ ਸਾਹਿਬ ਪਹੁੰਚਦੇ ਹਨ

ਕਰੀਬ 2 ਲੱਖ ਸ਼ਰਧਾਲੂ ਹਰ ਸਾਲ ਜਾਂਦੇ ਹਨ ਹੇਮਕੁੰਟ

ਹੇਮਕੁੰਟ ਸਾਹਿਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਰਦੁਆਰੇ ਪਹੁੰਚਣ ਲਈ ਗੋਵਿੰਦਘਾਟ ਤੋਂ 21 ਕਿਲੋਮੀਟਰ ਦਾ ਔਖਾ ਸਫ਼ਰ ਤੈਅ ਕਰਨਾ ਪੈਂਦਾ ਹੈ

ਪੀਆਈਬੀ ਦੇ ਅਨੁਸਾਰ, ਹੇਮਕੁੰਟ ਸਾਹਿਬ ਨੂੰ ਸ਼ਰਧਾਲੂਆਂ ਲਈ ਮਈ ਮਹੀਨੇ ਦੇ ਅਖ਼ੀਰ ਵਿੱਚ ਖੋਲ੍ਹਿਆ ਜਾਂਦਾ ਹੈ ਅਤੇ ਤਕਰੀਬਨ 1.5 ਤੋਂ 2 ਲੱਖ ਸ਼ਰਧਾਲੂ ਚਮੋਲੀ ਜ਼ਿਲੇ ਦੇ ਹੇਮਕੁੰਟ ਸਾਹਿਬ ਗੁਰਦੁਆਰੇ ਆਉਂਦੇ ਹਨ। ਇਹ ਯਾਤਰਾ ਅਕਤੂਬਰ ਤੱਕ ਜਾਰੀ ਰਹਿੰਦੀ ਹੈ।

ਕੇਦਾਰਨਾਥ ਧਾਮ ਸਾਲ ਵਿੱਚ 6 ਤੋਂ 7 ਮਹੀਨੇ ਸ਼ਰਧਾਲੂਆਂ ਲਈ ਖੁੱਲ੍ਹਾ ਰਹਿੰਦਾ ਹੈ ਅਤੇ ਹਰ ਸਾਲ ਅਪ੍ਰੈਲ-ਮਈ ਅਤੇ ਅਕਤੂਬਰ-ਨਵੰਬਰ ਦਰਮਿਆਨ ਲਗਭਗ 20 ਲੱਖ ਸ਼ਰਧਾਲੂ ਇੱਥੇ ਪਹੁੰਚਦੇ ਹਨ।

ਇਹ ਵੀ ਪੜ੍ਹੋ-

ਸ਼ਰਧਾਲੂਆਂ ਦੀ ਗਿਣਤੀ ਦੁਗਣੀ ਤੋਂ ਵਧਣ ਦੀ ਆਸ

ਹੇਮਕੁੰਟ ਸਾਹਿਬ ਟਰੱਸਟ ਦੇ ਚੇਅਰਮੈਨ ਇੰਦਰਜੀਤ ਸਿੰਘ ਬਿੰਦਰਾ ਰੋਪਵੇਅ ਨੂੰ ਲੈ ਕੇ ਉਤਸ਼ਾਹਿਤ ਹਨ।

ਉਨ੍ਹਾਂ ਦੱਸਿਆ, "2022 ਵਿੱਚ ਇਸ ਰੋਪਵੇਅ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਟੈਂਡਰ ਕੈਂਸਲ ਹੋ ਗਿਆ ਸੀ। ਸਾਨੂੰ ਖੁਸ਼ੀ ਹੈ ਕਿ ਹੁਣ ਇਸ ਪ੍ਰਾਜੈਕਟ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਦਾ ਨਿਰਮਾਣ ਸ਼ੁਰੂ ਹੋ ਸਕੇਗਾ।"

ਬਿੰਦਰਾ ਕਹਿੰਦੇ ਹਨ ਕਿ ਇਸ ਰੋਪਵੇਅ ਦੇ ਬਣਨ ਨਾਲ ਬਜ਼ੁਰਗ ਵੀ ਅਸਾਨੀ ਨਾਲ ਹੇਮਕੁੰਟ ਤੱਕ ਪਹੁੰਚ ਸਕਣਗੇ।

ਉਹ ਸ਼ਰਧਾਲੂਆਂ ਦੀ ਗਿਣਤੀ ਵੱਧਣ ਲਈ ਵੀ ਆਸਵੰਦ ਹਨ।

ਹੇਮਕੁੰਟ ਨੂੰ ਜਾਂਦੇ ਯਾਤਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੇਮਕੁੰਟ ਨੂੰ ਜਾਂਦੇ ਯਾਤਰੀ

ਬਿੰਦਰਾ ਮੁਤਾਬਕ ਹਰ ਸਾਲ ਕਰੀਬ 14 ਲੱਖ ਸ਼ਰਧਾਲੂ ਬਦਰੀਨਾਥ ਤੱਕ ਆਉਂਦੇ ਹਨ ਪਰ ਹੇਮਕੁੰਟ ਦਾ ਸਫ਼ਰ ਔਖਾ ਹੋਣ ਕਾਰਨ ਇੱਥੇ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਰੋਪਵੇਅ ਬਣਨ ਨਾਲ ਉਨ੍ਹਾਂ ਵਿੱਚੋਂ ਜੇ ਜ਼ਿਆਦਾ ਨਹੀਂ ਵੀ ਤਾਂ 50 ਫ਼ੀਸਦ ਲੋਕ ਹੁਣ ਹੇਮਕੁੰਟ ਜ਼ਰੂਰ ਆਉਣਗੇ।

ਬਿੰਦਰਾ ਦਾ ਮੰਨਣਾ ਹੈ ਕਿ ਰੋਪਵੇਅ ਸਥਾਨਕ ਕਾਰੋਬਾਰੀਆਂ ਲਈ ਵੀ ਫ਼ਾਇਦੇਮੰਦ ਹੋਵੇਗਾ ਕਿਉਂਕਿ ਇਸ ਨਾਲ ਹੇਮਕੁੰਟ ਵਿੱਚ ਆਉਣ ਵਾਲੇ ਸ਼ੁਰਧਾਲੂਆਂ ਦੀ ਗਿਣਤੀ ਦੁਗਣੇ ਤੋਂ ਵੀ ਵੱਧ ਹੋਣ ਦੀ ਆਸ ਹੈ।

ਉਨ੍ਹਾਂ ਦੱਸਿਆ ਕਿ ਇਸ ਹਫ਼ਤੇ ਹੇਮਕੁੰਟ ਦੇ ਰਾਹ ਵਿੱਚ ਗੋਵਿੰਦਘਾਟ ਦਾ ਪੁਲ ਟੁੱਟਣ ਨਾਲ ਰਸਤਾ ਬੰਦ ਹੋ ਗਿਆ ਸੀ ਪਰ ਇਸਦੇ ਨਿਰਮਾਣ ਦਾ ਕੰਮ ਫ਼ੌਰਨ ਸ਼ੁਰੂ ਕਰ ਦਿੱਤਾ ਗਿਆ ਅਤੇ ਇਹ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ।

ਇਸ ਸਾਲ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਲੈ ਕੇ 10 ਅਕਤੂਬਰ ਤੱਕ ਜਾਰੀ ਰਹੇਗੀ।

ਹੇਮਕੁੰਟ ਸਾਹਿਬ ਦੀ ਯਾਤਰਾ

ਸ਼ਰਧਾਲੂ ਹੇਮਕੁੰਟ ਦਾ ਸਫ਼ਰ ਕਰਦੇ ਹੋਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਸ਼ਰਧਾਲੂ ਚੜ੍ਹਾਈ ਲਈ ਖੱਚਰਾਂ ਦੀ ਸਵਾਰੀ ਕਰਦੇ ਹਨ

ਹੇਮਕੁੰਟ ਸਾਹਿਬ ਦੀ ਵੈੱਬਸਾਈਟ ਮੁਤਾਬਕ ਮੌਜੂਦਾ ਸਮੇਂ ਵਿੱਚ, ਗੁਰਦੁਆਰੇ ਪਹੁੰਚਣ ਲਈ ਗੋਵਿੰਦਘਾਟ ਤੋਂ 21 ਕਿਲੋਮੀਟਰ ਦਾ ਔਖਾ ਸਫ਼ਰ ਤੈਅ ਕਰਨਾ ਪੈਂਦਾ ਹੈ।

ਇਹ ਇੱਕ ਮੁਸ਼ਕਿਲ ਚੜ੍ਹਾਈ ਹੈ ਜਿਸ ਨੂੰ ਸ਼ਰਧਾਲੂ ਪੈਦਲ ਜਾਂ ਪਾਲਕੀ ਰਾਹੀਂ ਮੁਕੰਮਲ ਕਰਦੇ ਹਨ।

ਹੇਮਕੁੰਟ ਸਾਹਿਬ ਉੱਤਰਾਖੰਡ ਸੂਬੇ ਦੇ ਚਮੋਲੀ ਜ਼ਿਲ੍ਹੇ ਵਿੱਚ 15,000 ਫੁੱਟ ਦੀ ਉਚਾਈ 'ਤੇ ਸਥਿਤ ਸਿੱਖਾਂ ਦਾ ਇੱਕ ਬਹੁਤ ਹੀ ਸਤਿਕਾਰਯੋਗ ਤੀਰਥ ਅਸਥਾਨ ਹੈ।

ਇਨ੍ਹਾਂ ਵਾਦੀਆਂ ਵਿੱਚ ਹੇਮਕੁੰਟ ਨਾਮ ਦੀ ਇੱਕ ਝੀਲ ਹੈ ਜੋ ਸੱਤ ਚੋਟੀਆਂ ਨਾਲ ਘਿਰੀ ਹੋਈ ਹੈ। ਇਸ ਝੀਲ ਦੇ ਕੰਢੇ 'ਤੇ ਹੀ ਗੁਰਦੁਆਰਾ ਸਥਿਤ ਹੈ, ਜਿਸ ਨੂੰ ਸ੍ਰੀ ਹੇਮਕੁੰਟ ਸਾਹਿਬ ਕਿਹਾ ਜਾਂਦਾ ਹੈ।

ਇਹ ਗੁਰਦੁਆਰਾ ਮਈ ਅਤੇ ਅਕਤੂਬਰ ਦੇ ਵਿਚਕਾਰ ਸਾਲ ਵਿੱਚ ਤਕਰੀਬਨ 5 ਮਹੀਨੇ ਖੁੱਲ੍ਹਾ ਰਹਿੰਦਾ ਹੈ ਅਤੇ ਸਾਲਾਨਾ ਲਗਭਗ 1.5 ਤੋਂ 2 ਲੱਖ ਸ਼ਰਧਾਲੂ ਇੱਥੇ ਆਉਂਦੇ ਹਨ।

ਇਸ ਦੌਰਾਨ ਯਾਤਰੀ ਗੜ੍ਹਵਾਲ ਹਿਮਾਲਿਆ ਵਿੱਚ ਸਥਿਤ, ਯੂਨੈਸਕੋ ਦੀ ਵਿਸ਼ਵ ਵਿਰਾਸਤ ਹਾਸਿਲ ਇੱਕ ਕੌਮੀ ਪਾਰਕ ਤੇ ਫੁੱਲਾਂ ਦੀ ਘਾਟੀ ਦਾ ਨਜ਼ਾਰਾ ਵੀ ਲੈਂਦੇ ਹਨ।

ਹੇਮਕੁੰਟ ਸਾਹਿਬ ਦਾ ਇਤਿਹਾਸ

ਹੇਮਕੁੰਟ ਸਾਹਿਬ
ਤਸਵੀਰ ਕੈਪਸ਼ਨ, ਹੇਮਕੁੰਟ ਸਾਹਿਬ ਉੱਤਰਾਖੰਡ ਸੂਬੇ ਦੇ ਚਮੋਲੀ ਜ਼ਿਲ੍ਹੇ ਵਿੱਚ 15,000 ਫੁੱਟ ਦੀ ਉਚਾਈ 'ਤੇ ਸਥਿਤ ਹੈ

ਹੇਮਕੁੰਟ ਸਾਹਿਬ ਦੀ ਅਧਿਕਾਰਿਤ ਵੈੱਬਸਾਈਟ ਮੁਤਾਬਕ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਸਵੈ-ਜੀਵਨੀ ਬਿਰਤਾਂਤ ਬਚਿਤ੍ਰ ਨਾਟਕ ਵਿੱਚ ਹੇਮਕੁੰਟ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਇਹ 'ਸੱਤ ਬਰਫ਼ ਦੀਆਂ ਚੋਟੀਆਂ ਨਾਲ ਸਜਿਆ ਹੋਇਆ' ਸਥਾਨ ਸੀ।

ਵੀਹਵੀਂ ਸਦੀ ਦੇ ਚੌਥੇ ਦਹਾਕੇ ਦੌਰਾਨ ਇਸ ਸਥਾਨ ਦੀ ਖੋਜ ਸੰਤ ਸੋਹਣ ਸਿੰਘ ਅਤੇ ਭਾਈ ਮੋਦਨ ਸਿੰਘ ਨੇ ਕੀਤੀ ਸੀ।

ਸਿੱਖ ਕਾਰਕੁਨ ਅਤੇ ਸਿੰਘ ਸਭਾ ਲਹਿਰ ਦੀ ਪ੍ਰਮੁੱਖ ਸ਼ਖਸੀਅਤ ਭਾਈ ਵੀਰ ਸਿੰਘ ਨੇ ਪਹਿਲਾਂ ਸੰਤ ਸੋਹਣ ਸਿੰਘ ਅਤੇ ਭਾਈ ਮੋਦਨ ਸਿੰਘ ਦੀ ਮਦਦ ਨਾਲ ਇਸ ਥਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਬਾਅਦ ਵਿੱਚ ਹੇਮਕੁੰਟ ਵਿਖੇ ਇੱਕ ਗੁਰਦੁਆਰਾ ਬਣਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰ ਕੇ ਅਹਿਮ ਭੂਮਿਕਾ ਨਿਭਾਈ।

ਭਾਈਚਾਰੇ ਦੀ ਸਹਾਇਤਾ ਨਾਲ 6,000 ਫੁੱਟ ਦੇ ਗੋਵਿੰਦਘਾਟ ਅਤੇ 10,500 ਫੁੱਟ ਦੇ ਗੋਵਿੰਦ ਧਾਮ ਸਣੇ ਹੇਮਕੁੰਟ ਦੇ ਰਸਤੇ ਵਿੱਚ ਗੁਰਦੁਆਰਿਆਂ ਦੀ ਉਸਾਰੀ ਕੀਤੀ।

ਸ਼ਰਧਾਲੂਆਂ 'ਚ ਉਤਸ਼ਾਹ

ਹੇਮਕੁੰਟ ਸਾਹਿਬ
ਤਸਵੀਰ ਕੈਪਸ਼ਨ, ਵੀਹਵੀਂ ਸਦੀ ਦੇ ਤੀਹਵੇਂ ਦਹਾਕੇ ਦੌਰਾਨ ਇਸ ਸਥਾਨ ਦੀ ਖੋਜ ਸੰਤ ਸੋਹਣ ਸਿੰਘ ਅਤੇ ਭਾਈ ਮੋਦਮ ਸਿੰਘ ਨੇ ਕੀਤੀ ਸੀ

ਚੰਡੀਗੜ੍ਹ ਦੇ ਪਿੰਡ ਖੁੱਡਾ ਅਲੀ ਸ਼ੇਰ ਦੇ ਗਗਨਪ੍ਰੀਤ ਸਿੰਘ ਖੇਤੀ ਕਰਦੇ ਹਨ। ਉਹ ਬੀਤੇ ਪੰਜ ਸਾਲ ਤੋਂ ਹਰ ਸਾਲ ਜੂਨ ਮਹੀਨੇ ਹੇਮਕੁੰਟ ਜਾਂਦੇ ਹਨ।

ਹੇਮਕੁੰਟ ਦੇ ਮੌਜੂਦਾ ਸਫ਼ਰ ਬਾਰੇ ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਉਹ ਗੁਰੂ ਗੋਵਿੰਦਘਾਟ ਤੱਕ ਜਾਂਦੇ ਹਨ। ਇਹ ਚੜ੍ਹਾਈ ਵੀ ਤੜਕੇ ਛੇ ਵਜੇ ਤੋਂ ਸ਼ੁਰੂ ਕਰ ਕੇ ਸ਼ਾਮ ਤੱਕ ਮੁਕੰਮਲ ਹੁੰਦੀ ਹੈ।

ਘਾਟ 'ਤੇ ਰਾਤ ਬਿਤਾਉਣ ਤੋਂ ਬਾਅਦ ਅਗਲੇ ਸਵੇਰ ਚਾਰ ਵਜੇ ਹੀ ਗੋਵਿੰਦ ਧਾਮ ਲਈ ਰਵਾਨਾ ਹੁੰਦੇ ਹਨ। ਪਰ ਇਹ ਸਫ਼ਰ ਸੌਖਾ ਨਹੀਂ।

ਗਗਨਪ੍ਰੀਤ ਦੱਸਦੇ ਹਨ, "ਰਾਹ ਸੌੜਾ ਅਤੇ ਪੱਥਰਾਂ ਭਰਿਆ ਹੈ। ਹਾਲਾਂਕਿ ਹੁਣ ਆਲੇ ਦੁਆਲੇ ਗਰਿੱਲ ਲਾ ਦਿੱਤੀ ਗਈ ਹੈ ਜਿਸ ਤੋਂ ਡਿੱਗਣ ਦਾ ਡਰ ਥੋੜ੍ਹਾ ਘੱਟ ਗਿਆ ਹੈ ਪਰ ਪਹਿਲਾਂ ਅਜਿਹਾ ਨਹੀਂ ਸੀ।"

ਆਮ ਵਿਅਕਤੀ ਲਈ ਚੜ੍ਹਾਈ ਤੈਅ ਕਰਨਾ ਫ਼ਿਰ ਵੀ ਸੌਖਾ ਸੀ ਪਰ ਬਜ਼ੁਰਗਾਂ ਲਈ ਪਾਲਕੀਆਂ ਜਾਂ ਖੱਚਰਾਂ ਦੇ ਬਾਵਜੂਦ ਇਹ ਇੱਕ ਮੁਸ਼ਕਿਲ ਕੰਮ ਹੈ।"

ਸ਼ਰਧਾਲੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਰਫ਼ੀਲੇ ਪਹਾੜਾਂ ’ਤੇ ਅਰਾਮ ਕਰਦੇ ਸ਼ਰਧਾਲੂ

ਗਗਨਪ੍ਰੀਤ ਕਹਿੰਦੇ ਹਨ ਕਿ ਜੇ ਰੋਪਵੇਅ ਹੋਵੇਗਾ ਤਾਂ ਉਨ੍ਹਾਂ ਦੇ ਉਹ ਪਰਿਵਾਰਕ ਮੈਂਬਰ ਜੋ ਲੰਬੀ ਚੜ੍ਹਾਈ ਕਰਕੇ ਅੱਜ ਤੱਕ ਹੇਮਕੁੰਟ ਨਹੀਂ ਜਾ ਸਕੇ ਉਹ ਵੀ ਆਪਣੀ ਤੀਰਥ ਯਾਤਰਾ ਪੂਰੀ ਕਰ ਸਕਣਗੇ।

ਇਸੇ ਤਰਾਂ ਜਲੰਧਰ ਦੇ ਰਹਿਣ ਵਾਲੇ ਸਤਵੀਰ ਸਿੰਘ ਪੁਆਰ ਵੀ ਰੋਪਵੇਅ ਨੂੰ ਲੈ ਕੇ ਉਤਸ਼ਾਹਿਤ ਹਨ।

ਸਤਵੀਰ ਕਹਿੰਦੇ ਹਨ ਕਿ ਉਨ੍ਹਾਂ ਨੇ ਹੇਮਕੁੰਟ ਦੇ ਦਰਸ਼ਨ ਕੀਤੇ ਅਤੇ ਇਹ ਇੱਕ ਸਕੂਨ ਦੇਣ ਵਾਲਾ ਅਨੁਭਵ ਸਾਬਤ ਹੋਇਆ।

ਉਹ ਕਹਿੰਦੇ ਹਨ, "ਮੈਂ ਜਦੋਂ ਹੇਮਕੁੰਟ ਗਿਆ ਤਾਂ ਮੇਰੇ ਲਈ ਇਹ ਇੱਕ ਅਲੌਕਿਕ ਤਜਰਬਾ ਸੀ। ਮੇਰੇ ਮਨ ਵਿੱਚ ਆਇਆ ਕਿ ਮੈਂ ਆਪਣੇ ਮਾਤਾ ਜੀ ਨੂੰ ਵੀ ਦਰਸ਼ਨਾਂ ਲਈ ਲੈ ਕੇ ਆਵਾਂ। ਪਰ ਇਹ ਸੰਭਵ ਨਹੀਂ ਸੀ ਕਿਉਂਕਿ ਉਹ ਇੰਨਾ ਲੰਬਾ ਪਹਾੜੀ ਸਫ਼ਰ ਪੈਦਲ ਨਹੀਂ ਤੈਅ ਕਰ ਸਕਦੇ।"

ਸਤਵੀਰ ਆਸਵੰਦ ਹਨ ਕਿ ਜੇ ਰੋਪਵੇਅ ਦੀ ਸੁਵਿਧਾ ਆਮ ਲੋਕਾਂ ਨੂੰ ਮੁਹੱਈਆ ਹੋ ਜਾਵੇ ਤਾਂ ਉਹ ਆਪਣੇ ਮਾਤਾ ਜੀ ਨੂੰ ਵੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਲੈ ਜਾ ਸਕਣਗੇ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)