ਔਰਤਾਂ ਦੇ ਸਰੀਰ ’ਚ ਇੱਕ ਖ਼ਾਸ ਹਿੱਸੇ ਦਾ ਭਾਰ ਵਧਣਾ ਕਿਹੜੀ ਬਿਮਾਰੀ ਹੈ ਜਿਸ ਨੂੰ ਲੋਕ ਮੋਟਾਪਾ ਸਮਝ ਲੈਂਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਦੀਪਕ ਮੰਡਲ
- ਰੋਲ, ਬੀਬੀਸੀ ਪੱਤਰਕਾਰ
ਅੰਕਿਤਾ ਯਾਦਵ (ਕਾਲਪਨਿਕ ਨਾਮ) ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਨ੍ਹਾਂ ਦੇ ਸਰੀਰ ਵਿੱਚ ਇੰਨੀ ਚਰਬੀ ਕਿਉਂ ਜਮ੍ਹਾ ਹੋ ਰਹੀ ਹੈ।
ਡਾਇਟਿੰਗ ਅਤੇ ਕਸਰਤ ਕਰਨ ਦੇ ਬਾਵਜੂਦ ਉਨ੍ਹਾਂ ਦਾ ਵਜ਼ਨ ਵਧਦਾ ਜਾ ਰਿਹਾ ਸੀ।
ਡਾਕਟਰਾਂ ਨੇ ਵੀ ਪਹਿਲਾਂ ਇਸ ਨੂੰ ਮੋਟਾਪਾ ਕਿਹਾ ਪਰ ਕੁਝ ਸਾਲ ਬਾਅਦ ਪਤਾ ਚੱਲਿਆ ਕਿ ਉਨ੍ਹਾਂ ਨੂੰ ਲਿਪੇਡਿਮਾ ਨਾਮ ਦੀ ਬਿਮਾਰੀ ਹੈ, ਜੋ ਔਰਤਾਂ ਵਿੱਚ ਜ਼ਿਆਦਾ ਪਾਈ ਜਾਂਦੀ ਹੈ।
ਇਹ ਕਹਾਣੀ ਸਿਰਫ ਅੰਕਿਤਾ ਦੀ ਨਹੀਂ ਹੈ। ਲੱਖਾਂ ਔਰਤਾਂ ਇਸ ਬਿਮਾਰੀ ਨਾਲ ਜੂਝ ਰਹੀਆਂ ਹਨ, ਪਰ ਉਨ੍ਹਾਂ ਨੂੰ ਪਤਾ ਤੱਕ ਨਹੀਂ ਚੱਲਦਾ ਕਿ ਉਨ੍ਹਾਂ ਦੇ ਨਾਲ ਹੋ ਕੀ ਰਿਹਾ ਹੈ।
ਭਾਰਤ ਵਿੱਚ ਲਿਪੇਡਿਮਾ ਤੋਂ ਪੀੜਤ ਔਰਤਾਂ ਦੀ ਗਿਣਤੀ 'ਤੇ ਕੋਈ ਪੱਕੇ ਅੰਕੜੇ ਨਹੀਂ ਹਨ ਪਰ ਅਮਰੀਕੀ ਮੈਡੀਕਲ ਸੈਂਟਰ ਕਲੀਵਲੈਂਡ ਕਲੀਨਿਕ ਦਾ ਕਹਿਣਾ ਹੈ ਕਿ ਦੁਨੀਆਭਰ ਵਿੱਚ ਲਗਭਗ 11 ਫ਼ੀਸਦ ਔਰਤਾਂ ਇਸ ਤੋਂ ਪੀੜਤ ਹਨ।
ਲਿਪੇਡਿਮਾ ਕੀ ਹੈ?
ਇਹ ਇੱਕ ਹੌਲੀ-ਹੌਲੀ ਵਧਣ ਵਾਲੀ ਬਿਮਾਰੀ ਹੈ, ਜਿਸ ਵਿੱਚ ਸਰੀਰ ਦੇ ਹੇਠਲੇ ਹਿੱਸੇ, ਖਾਸਕਰ ਕੁੱਲ੍ਹੇ, ਪੱਟਾਂ ਅਤੇ ਲੱਤਾਂ ਵਿੱਚ ਅਸਾਧਾਰਨ ਤੌਰ 'ਤੇ ਚਰਬੀ ਜਮ੍ਹਾ ਹੋ ਜਾਂਦੀ ਹੈ।
ਕਈ ਵਾਰ ਬਾਹਾਂ ਵਿੱਚ ਵੀ ਚਰਬੀ ਜਮ੍ਹਾ ਹੋ ਜਾਂਦੀ ਹੈ। ਅਕਸਰ ਲੋਕ ਲਿਪੇਡਿਮਾ ਨੂੰ ਮੋਟਾਪਾ ਮੰਨ ਲੈਂਦੇ ਹਨ ਪਰ ਅਜਿਹਾ ਨਹੀਂ ਹੈ।
ਦਿੱਲੀ ਦੇ ਗੁਰੂ ਤੇਗ ਬਹਾਦੁਰ ਹਸਪਤਾਲ ਵਿੱਚ ਡਿਪਾਰਟਮੈਂਟ ਆਫ ਮੈਡੀਕਲ ਦੀ ਡਾਇਰੈਕਟਰ ਪ੍ਰੋਫੈਸਰ ਡਾ. ਅਲਪਨਾ ਰਾਇਜ਼ਾਦਾ ਨੇ ਬੀਬੀਸੀ ਨੂੰ ਦੱਸਿਆ, "ਲਿਪੇਡਿਮਾ ਨੂੰ ਅਕਸਰ ਓਬੇਸਿਟੀ ਜਾਂ ਮੋਟਾਪਾ ਸਮਝ ਲਿਆ ਜਾਂਦਾ ਹੈ। ਪਰ ਸਾਧਾਰਨ ਬੌਡੀ ਮਾਸ ਇੰਡੈਕਸ (ਸਰੀਰ ਵਿੱਚ ਫੈਟ ਦਾ ਅੰਦਾਜ਼ਾ ਲਗਾਉਣ ਵਾਲਾ ਇੰਡੈਕਸ) ਦੀਆਂ ਔਰਤਾਂ ਵੀ ਲਿਪੇਡਿਮਾ ਦੀ ਸ਼ਿਕਾਰ ਹੋ ਸਕਦੀਆਂ ਹਨ।"
ਮਾਹਰਾਂ ਦਾ ਕਹਿਣਾ ਹੈ ਕਿ ਲਿਪੇਡਿਮਾ ਨੂੰ ਅਕਸਰ ਓਬੇਸਿਟੀ, ਲਿੰਫੇਡਿਮਾ ਜਾਂ ਸੇਲਿਊਲਾਇਟਿਸ ਮੰਨ ਲਿਆ ਜਾਂਦਾ ਹੈ। ਇਨ੍ਹਾਂ ਤਿੰਨਾਂ ਵਿੱਚ ਅੰਗ ਮੋਟੇ ਹੋਣ ਲੱਗਦੇ ਹਨ ਪਰ ਇਹ ਤਿੰਨਾਂ ਤੋਂ ਵੱਖਰੀ ਬਿਮਾਰੀ ਹੈ।
ਡਾਕਟਰਾਂ ਵਿੱਚ ਵੀ ਇਨ੍ਹਾਂ ਤਿੰਨਾਂ ਬਿਮਾਰੀਆਂ ਦੇ ਡਾਇਗਨੋਸਿਸ ਨੂੰ ਲੈ ਕੇ ਵਹਿਮ ਬਣਿਆ ਰਹਿੰਦਾ ਹੈ। ਇਸ ਲਈ ਵੀ ਲਿਪੇਡਿਮਾ ਦੀ ਪਛਾਣ ਜਲਦੀ ਨਹੀਂ ਹੁੰਦੀ।
ਡਾਕਟਰ 1940 ਦੇ ਦਹਾਕੇ ਤੋਂ ਹੀ ਲਿਪੇਡਿਮਾ ਬਾਰੇ ਜਾਣਦੇ ਸਨ।
ਪਰ ਦਹਾਕਿਆਂ ਤੋਂ ਡਾਕਟਰੀ ਭਾਈਚਾਰੇ ਨੇ ਸਰੀਰ ਵਿੱਚ ਬਿਨਾਂ ਕਿਸੇ ਤਰਤੀਬ ਦੇ ਚਰਬੀ ਇਕੱਠੀ ਹੋਣ ਦੇ ਇਸ ਲੱਛਣ ਵੱਲ ਬਹੁਤ ਘੱਟ ਧਿਆਨ ਦਿੱਤਾ।
ਪਿਛਲੇ 15 ਸਾਲਾਂ ਵਿੱਚ ਹੀ ਇਹ ਸਿਹਤ ਵਿਗਿਆਨੀਆਂ ਦੇ ਧਿਆਨ ਵਿੱਚ ਆਇਆ।
ਡਬਲਿਯੂਐੱਚਓ ਨੇ 2019 ਵਿੱਚ ਇਸਨੂੰ ਇੱਕ ਵੱਖਰੀ ਬਿਮਾਰੀ ਵਜੋਂ ਮਾਨਤਾ ਦਿੱਤੀ।
ਇਹੀ ਕਾਰਨ ਹੈ ਕਿ ਡਾਕਟਰਾਂ ਅਤੇ ਆਮ ਲੋਕਾਂ ਵਿੱਚ ਇਸ ਬਾਰੇ ਬਹੁਤ ਘੱਟ ਜਾਗਰੂਕਤਾ ਹੈ ਅਤੇ ਹੁਣ ਤੱਕ ਇਸਦਾ ਦਵਾਈ ਲੱਭਣ ਲਈ ਬਹੁਤ ਘੱਟ ਕੋਸ਼ਿਸ਼ਾਂ ਹੋਈਆਂ ਹਨ।
ਕੀ ਹਨ ਲੱਛਣ?

ਤਸਵੀਰ ਸਰੋਤ, AFP via Getty Images
ਡਾਕਟਰਾਂ ਦਾ ਕਹਿਣਾ ਹੈ ਕਿ ਗੋਡਿਆਂ, ਜੋੜਾਂ ਅਤੇ ਪਿੰਜਣੀਆਂ ਵਿੱਚ ਲਗਾਤਾਰ ਦਰਦ ਲਿਪੇਡਿਮਾ ਦੇ ਲੱਛਣ ਹੋ ਸਕਦੇ ਹਨ।
ਪੱਟਾਂ ਅਤੇ ਕੁੱਲ੍ਹੇ ਵਿੱਚ ਚਰਬੀ ਦਾ ਅਸਮਾਨ ਅਤੇ ਸਖ਼ਤ ਜਮ੍ਹਾ ਹੋਣਾ ਅਤੇ ਉਨ੍ਹਾਂ ਨੂੰ ਛੂਹਣ 'ਤੇ ਦਰਦ ਜਾਂ ਜਲਣ, ਹੱਥਾਂ ਅਤੇ ਲੱਤਾਂ ਦਾ ਜਲਦੀ ਥੱਕਣਾ, ਛੋਟੀ ਜਿਹੀ ਸੱਟ 'ਤੇ ਵੀ ਨਿਸ਼ਾਨ ਪੈਣਾ, ਇਹ ਸਾਰੇ ਲੱਛਣ ਹੋ ਸਕਦੇ ਹਨ।
ਸਰੀਰ ਦੇ ਹੇਠਲੇ ਹਿੱਸੇ 'ਤੇ ਆਸਾਨੀ ਨਾਲ ਖਰੋਚ ਲੱਗਣ ਜਾਂ ਨੀਲ ਪੈਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਬਾਹਾਂ ਅਤੇ ਉਨ੍ਹਾਂ ਦੇ ਪਿੱਛਲੇ ਹਿੱਸੇ 'ਤੇ ਵੀ ਜ਼ਿਆਦਾ ਚਰਬੀ ਦਾ ਜਮ੍ਹਾ ਹੋਣਾ ਵੀ ਲਿਪੇਡਿਮਾ ਦਾ ਖ਼ਤਰਾ ਲਿਆ ਸਕਦਾ ਹੈ।
ਇਸ ਗੱਲ 'ਤੇ ਨਜ਼ਰ ਰੱਖਣੀ ਚਾਹੀਦੀ ਹੈ ਕਿ ਕੀ ਕੁਝ ਹਿੱਸੇ ਪੂਰੇ ਸਰੀਰ ਦੇ ਮੁਕਾਬਲੇ ਬਹੁਤ ਜ਼ਿਆਦਾ ਮੋਟੇ ਤਾਂ ਨਹੀਂ ਹੋ ਰਹੇ। ਇਸ ਤੋਂ ਇਲਾਵਾ, ਮਾਨਸਿਕ ਸਥਿਤੀ ਵੱਲ ਧਿਆਨ ਦੇਣਾ ਜ਼ਰੂਰੀ ਹੈ। ਭਾਵਨਾਤਮਕ ਤਣਾਅ ਅਤੇ ਆਤਮ-ਵਿਸ਼ਵਾਸ ਵਿੱਚ ਅਚਾਨਕ ਘਾਟ ਵੀ ਇਸ ਦੇ ਲੱਛਣ ਹੋ ਸਕਦੇ ਹਨ।
ਬਿਮਾਰੀ ਦੌਰਾਨ, ਸਰੀਰ ਦੇ ਹੇਠਲੇ ਹਿੱਸੇ ਤੇਜ਼ੀ ਨਾਲ ਮੋਟੇ ਅਤੇ ਵਿਗੜਨ ਲੱਗਦੇ ਹਨ। ਜਦੋਂ ਸਥਿਤੀ ਵਧੇਰੇ ਗੰਭੀਰ ਹੋ ਜਾਂਦੀ ਹੈ, ਤਾਂ ਮਰੀਜ਼ਾਂ ਦਾ ਹਿੱਲਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਸ ਸਮੇਂ ਦੌਰਾਨ ਦਰਦ ਆਮ ਹੁੰਦਾ ਹੈ।
ਲਿਪੇਡਿਮਾ ਦਾ ਕਾਰਨ ਕੀ ਹੈ?

ਹਾਲੇ ਤੱਕ ਲਿਪੇਡਿਮਾ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ।
ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਇੱਕ ਅਜਿਹੀ ਸਥਿਤੀ ਹੈ, ਜਿਸ ਵਿੱਚ ਸਰੀਰ ਦੇ ਅੰਦਰ ਆਪਸ ਵਿੱਚ ਜੁੜਣ ਵਾਲੇ ਟਿਸ਼ੂ ਅਤੇ ਲਿਫੈਂਟਿਕ ਸਿਸਟਮ (ਲਸਿਕਾ ਤੰਤਰ) ਦੋਵੇਂ ਪ੍ਰਭਾਵਿਤ ਹੁੰਦੇ ਹਨ।
ਡਾਕਟਰਾਂ ਦੇ ਮੁਤਾਬਕ ਇਹ ਜੈਨੇਟਿਕ ਰੋਗ ਹੋ ਸਕਦਾ ਹੈ। ਯਾਨੀ ਪਰਿਵਾਰ ਵਿੱਚ ਕਿਸੇ ਨੂੰ ਇਹ ਬਿਮਾਰੀ ਹੈ ਤਾਂ ਅਗਲੀ ਪੀੜ੍ਹੀ ਨੂੰ ਵੀ ਹੋ ਸਕਦੀ ਹੈ।
ਇਸ ਤੋਂ ਇਲਾਵਾ ਕਿਸ਼ੋਰ ਅਵਸਥਾ ਵਿੱਚ ਪ੍ਰਵੇਸ਼ ਕਰਦੇ ਸਮੇਂ ਔਰਤਾਂ ਦੇ ਸਰੀਰ ਵਿੱਚ ਹਾਰਮੋਨ ਬਦਲਾਅ ਜਾਂ ਅਸੰਤੁਲਨ ਲਿਪੇਡਿਮਾ ਦਾ ਕਾਰਨ ਬਣ ਸਕਦੇ ਹਨ।
ਦਿੱਲੀ ਦੇ ਖਿਚੜੀਪੁਰ ਸਥਿਤ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਦੇ ਸਲਾਹਕਾਰ ਫਿਜਿਸ਼ਿਅਨ ਅਤੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਯੋਗੇਸ਼ ਕੁਸ਼ਵਾਹਾ ਕਹਿੰਦੇ ਹਨ, "ਔਰਤਾਂ ਨੂੰ ਹਾਰਮੋਨ ਤਬਦੀਲੀਆਂ ਦੌਰਾਨ ਇਸ ਕਿਸਮ ਦੀ ਬਿਮਾਰੀ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ। ਜਦੋਂ ਉਹ ਕਿਸ਼ੋਰ ਅਵਸਥਾ ਵਿੱਚ, ਗਰਭ ਅਵਸਥਾ ਦੌਰਾਨ ਜਾਂ ਮੀਨੋਪੌਜ਼ ਵਿੱਚ ਦਾਖਲ ਹੁੰਦੀਆਂ ਹਨ ਤਾਂ ਔਰਤਾਂ ਦੇ ਸਰੀਰ ਵਿੱਚ ਬਹੁਤ ਸਾਰੇ ਹਾਰਮੋਨ ਬਦਲਾਅ ਆਉਂਦੇ ਹਨ। ਇਸ ਸਮੇਂ ਲਿਪੇਡਿਮਾ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।"
ਡਾ. ਰਾਇਜ਼ਾਦਾ ਵੀ ਕਹਿੰਦੇ ਹਨ ਕਿ ਇਸ ਬਿਮਾਰੀ ਦਾ ਕਾਰਨ ਜੈਨੇਟਿਕ ਅਤੇ ਹਾਰਮੋਨ ਤਬਦੀਲੀ ਹੋ ਸਕਦਾ ਹੈ।
ਪਰ ਸਰੀਰ ਵਿੱਚ ਮੌਜੂਦ ਲਿਫੈਂਟਿਕ ਸਿਸਟਮ ਵਿੱਚ ਡਰੇਨੇਜ਼ ਦੀ ਗੜਬੜੀ ਕਾਰਨ ਵੀ ਇਹ ਬਿਮਾਰੀ ਹੋ ਸਕਦੀ ਹੈ।
ਔਰਤਾਂ ਦੀ ਮਾਨਸਿਕ ਸਿਹਤ ਉਪਰ ਸੱਟ
ਇਸ ਬਿਮਾਰੀ ਤੋਂ ਪੀੜਤ ਮਰੀਜ਼ਾਂ ਵਿੱਚ ਆਤਮ-ਵਿਸ਼ਵਾਸ ਦੀ ਘਾਟ ਹੋ ਸਕਦੀ ਹੈ ਅਤੇ ਉਹ ਉਦਾਸ ਹੋ ਸਕਦੇ ਹਨ।
ਡਾ. ਅਲਪਨਾ ਰਾਇਜ਼ਾਦਾ ਕਹਿੰਦੇ ਹਨ, "ਆਮ ਤੌਰ 'ਤੇ ਔਰਤਾਂ 35 ਤੋਂ 45-50 ਸਾਲ ਦੀ ਉਮਰ ਦੇ ਵਿਚਕਾਰ ਲਿਪੇਡਿਮਾ ਤੋਂ ਪ੍ਰਭਾਵਿਤ ਹੁੰਦੀਆਂ ਹਨ। ਉਸੇ ਸਮੇਂ ਉਨ੍ਹਾਂ ਦੇ ਸਰੀਰ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੋ ਰਹੀਆਂ ਹੁੰਦੀਆਂ ਹਨ। ਇਸ ਦੇ ਨਾਲ ਹੀ ਮੱਧ-ਉਮਰ ਦੀ ਜ਼ਿੰਦਗੀ ਵੀ ਸ਼ੁਰੂ ਹੋ ਰਹੀ ਹੁੰਦੀ ਹੈ। ਇਹ ਸਾਰੇ ਹਾਲਾਤ ਇਕੱਠੇ ਔਰਤਾਂ ਲਈ ਗੰਭੀਰ ਡਿਪਰੈਸ਼ਨ ਦਾ ਕਾਰਨ ਬਣ ਜਾਂਦੇ ਹਨ।"
ਇਸ ਬਿਮਾਰੀ ਤੋਂ ਪੀੜਤ ਅੰਕਿਤਾ ਯਾਦਵ ਕਹਿੰਦੇ ਹਨ, "ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਣਾ ਛੱਡ ਦਿੱਤਾ ਹੈ। ਮੇਰੇ ਆਲੇ ਦੁਆਲੇ ਲੋਕ ਇਸ ਬਾਰੇ ਚਰਚਾ ਕਰਦੇ ਰਹਿੰਦੇ ਹਨ। ਇਸੇ ਕਰਕੇ ਮੈਂ ਹੁਣ ਬਾਹਰ ਜਾਣ ਦੀ ਕੋਸ਼ਿਸ਼ ਵੀ ਨਹੀਂ ਕਰਦੀ।"
ਡਾ. ਅਲਪਨਾ ਰਾਇਜ਼ਾਦਾ ਕਹਿੰਦੇ ਹਨ ਕਿ ਔਰਤਾਂ ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਲੱਗਦੀਆਂ ਹਨ ਕਿ ਉਹ ਮੋਟੀਆਂ ਹੋ ਰਹੀਆਂ ਹਨ। ਉਨ੍ਹਾਂ ਨੇ ਸਭ ਕੁਝ ਅਜ਼ਮਾ ਲਿਆ ਹੈ - ਡਾਈਟਿੰਗ, ਯੋਗਾ, ਜਿਮ ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।
ਇਲਾਜ ਕੀ ਹੈ?

ਤਸਵੀਰ ਸਰੋਤ, Bee Davies
ਡਾ. ਰਾਇਜ਼ਾਦਾ ਕਹਿੰਦੇ ਹਨ ਕਿ ਇਸ ਬਿਮਾਰੀ ਦਾ ਸਭ ਤੋਂ ਮੰਦਭਾਗਾ ਪਹਿਲੂ ਇਹ ਹੈ ਕਿ ਇਹ ਮੋਟਾਪਾ ਨਹੀਂ ਹੈ ਅਤੇ ਨਾ ਹੀ ਇਹ ਵਧੇ ਹੋਏ ਲਿਪਿਡ ਕਾਰਨ ਹੁੰਦਾ ਹੈ।
ਜੇਕਰ ਅਜਿਹਾ ਹੁੰਦਾ ਤਾਂ ਇਸਨੂੰ ਕੋਲੈਸਟ੍ਰੋਲ ਘਟਾਉਣ ਵਾਲੀਆਂ ਦਵਾਈਆਂ, ਕਸਰਤ ਜਾਂ ਖੁਰਾਕ ਨਿਯੰਤਰਣ ਦੁਆਰਾ ਠੀਕ ਕੀਤਾ ਜਾ ਸਕਦਾ ਸੀ।
ਉਹ ਕਹਿੰਦੇ ਹੈ ਕਿ ਇਸਨੂੰ ਅਜੇ ਤੱਕ ਸਹੀ ਢੰਗ ਨਾਲ ਸਮਝਿਆ ਨਹੀਂ ਗਿਆ ਹੈ, ਇਸ ਲਈ ਇਸ ਦੀਆਂ ਦਵਾਈਆਂ ਸਹੀ ਢੰਗ ਨਾਲ ਵਿਕਸਤ ਨਹੀਂ ਕੀਤੀਆਂ ਗਈਆਂ ਹਨ।
ਡਾ. ਰਾਇਜ਼ਾਦਾ ਕਹਿੰਦੇ ਹੈ, "ਇਸਦਾ ਇੱਕੋ ਇੱਕ ਇਲਾਜ ਸਰਜਰੀ ਹੈ, ਪਰ ਇਹ ਵੀ ਬਹੁਤ ਜ਼ਿਆਦਾ ਸਫਲ ਨਹੀਂ ਹੈ। ਬੈਰੀਐਟ੍ਰਿਕ, ਰੀਕੰਸਟ੍ਰਕਸ਼ਨ ਸਰਜਨ ਅਤੇ ਵੈਸਕਿਉਲਰ ਸਰਜਨ ਇਸ ਵਿੱਚ ਮਦਦ ਕਰ ਸਕਦੇ ਹਨ। ਪਰ ਇਹ ਇਲਾਜ ਬਹੁਤ ਮਹਿੰਗੇ ਹਨ ਅਤੇ ਭਾਰਤ ਵਿੱਚ ਬਹੁਤ ਘੱਟ ਥਾਵਾਂ 'ਤੇ ਉਪਲਬਧ ਹਨ।"
ਉਹ ਕਹਿੰਦੇ ਹਨ ਕਿ ਹਾਲ ਹੀ ਦੇ ਸਮੇਂ ਵਿੱਚ, ਲਿਪੋਸਕਸ਼ਨ ਨਾਲ ਇਸਦਾ ਇਲਾਜ ਕਰਨ ਦੀਆਂ ਕੋਸ਼ਿਸ਼ਾਂ ਵਧੀਆਂ ਹਨ। ਇਹ ਇੱਕ ਸਰਜੀਕਲ ਪ੍ਰਕਿਰਿਆ ਹੈ, ਜਿਸ ਵਿੱਚ ਚਰਬੀ ਪੈਦਾ ਕਰਨ ਵਾਲੀ ਲਿਪੇਡਿਮਾ ਨੂੰ ਇੱਕ ਖਾਸ ਤਰੀਕੇ ਨਾਲ ਸਰੀਰ ਤੋਂ ਹਟਾ ਦਿੱਤਾ ਜਾਂਦਾ ਹੈ।
ਇਸ ਪ੍ਰਕਿਰਿਆ ਵਿੱਚ, ਸਰੀਰ ਦੇ ਪ੍ਰਭਾਵਿਤ ਹਿੱਸੇ ਵਿੱਚ ਛੋਟੇ ਚੀਰੇ ਲਗਾਏ ਜਾਂਦੇ ਹਨ, ਜਿਸ ਰਾਹੀਂ ਇੱਕ ਵਿਸ਼ੇਸ਼ ਤਰਲ (ਇਨਫਿਲਟ੍ਰੇਸ਼ਨ ਸੋਲਯੂਸ਼ਨ) ਸਰੀਰ ਵਿੱਚ ਪਾਇਆ ਜਾਂਦਾ ਹੈ।
ਇਹ ਤਰਲ ਟਿਸ਼ੂ ਨੂੰ ਢਿੱਲਾ ਕਰਦਾ ਹੈ ਤਾਂ ਜੋ ਚਰਬੀ ਦੇ ਸੈੱਲਾਂ ਨੂੰ ਆਸਾਨੀ ਨਾਲ ਹਟਾਇਆ ਜਾ ਸਕੇ।
ਅਜਿਹੀ ਸਰਜਰੀ ਆਮ ਤੌਰ 'ਤੇ ਲਿਪੇਡਿਮਾ ਦੇ ਐਡਵਾਂਸ ਸਟੇਜ ਵਿੱਚ ਹੀ ਕੀਤੀ ਜਾਂਦੀ ਹੈ।
ਮੈਨੂਅਲ ਲਿੰਫ ਡਰੇਨੇਜ ਥੈਰੇਪੀ ਨਾਲ ਵੀ ਇਸਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਹ ਇੱਕ ਕਿਸਮ ਦੀ ਹਲਕੀ ਮਾਲਿਸ਼ ਹੈ, ਜੋ ਲਿੰਫੈਟਿਕ ਤਰਲ ਬਾਹਰ ਕੱਢਦੀ ਹੈ ਅਤੇ ਸੋਜ ਨੂੰ ਘਟਾਉਂਦੀ ਹੈ।
ਕੰਪਰੈਸ਼ਨ ਕੱਪੜੇ ਵੀ ਇਸ ਬਿਮਾਰੀ ਵਿੱਚ ਮਦਦਗਾਰ ਹੋ ਸਕਦੇ ਹਨ। ਇਹ ਖਾਸ ਕਿਸਮ ਦੇ ਕੱਪੜੇ ਹਨ, ਜੋ ਸਰੀਰ 'ਤੇ ਦਬਾਅ ਪਾ ਕੇ ਸੋਜ ਅਤੇ ਦਰਦ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।
ਇਸ ਬਿਮਾਰੀ 'ਤੇ ਖੋਜ ਹੁਣ ਪੂਰੀ ਦੁਨੀਆ ਵਿੱਚ ਤੇਜ਼ ਹੋ ਗਈ ਹੈ ਅਤੇ ਦਵਾਈਆਂ ਬਣਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਪਰ ਹੁਣ ਤੱਕ ਕੋਈ ਪ੍ਰਭਾਵਸ਼ਾਲੀ ਦਵਾਈ ਨਹੀਂ ਮਿਲੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












