'ਅਸੀਂ ਵੰਡਣ ਵਾਲੇ ਸੀ ਪਰ ਸਾਨੂੰ ਮੰਗਣ ਵਾਲੇ ਬਣਾ ਦਿੱਤਾ', ਹੜ੍ਹ ਦੇ ਪਾਣੀ ਕਾਰਨ ਲੋਕਾਂ ਨੇ ਬੈੱਡਰੂਮਜ਼ ਨੂੰ ਬਣਾਇਆ ਪਸ਼ੂਆਂ ਲਈ ਵਾੜੇ

ਔਰਤ
ਤਸਵੀਰ ਕੈਪਸ਼ਨ, ਪੰਜਾਬ ਸੂਬਾ ਹੜ੍ਹ ਦੀ ਲਪੇਟ ਵਿੱਚ ਹੈ। ਕਈ ਪਰਿਵਾਰ ਪਾਣੀ ਦੇ ਵਿੱਚ ਘਿਰ ਗਏ ਹਨ।
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪੀੜਤ ਜਿੱਥੇ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜਬੂਰ ਹੋਏ, ਉੱਥੇ ਹੀ ਕੁਝ ਅਜਿਹੇ ਪਰਿਵਾਰ ਵੀ ਹਨ ਜੋ ਆਪਣੇ ਪਸ਼ੂਆਂ ਲਈ ਪਾਣੀ ਵਿੱਚ ਘਿਰੇ ਘਰਾਂ ਵਿੱਚ ਰਹਿ ਰਹੇ ਹਨ।

ਪੰਜਾਬ ਇਸ ਸਮੇਂ ਹੜ੍ਹ ਦੀ ਲਪੇਟ ਵਿੱਚ ਹੈ ਅਤੇ ਲੱਖਾਂ ਏਕੜ ਫ਼ਸਲ ਇਸ ਸਮੇਂ ਪਾਣੀ ਵਿੱਚ ਡੁੱਬੀ ਹੋਈ ਹੈ।

ਪੰਜਾਬ ਵਿੱਚ ਆਏ ਹੜ੍ਹ ਕਾਰਨ ਜਿੱਥੇ ਲੋਕ ਵੱਡੀ ਪੱਧਰ ਉੱਤੇ ਪ੍ਰਭਾਵਿਤ ਹੋਏ ਹਨ, ਉੱਥੇ ਉਨ੍ਹਾਂ ਦਾ ਮਾਲ ਡੰਗਰ ਦਾ ਵੀ ਵਿਆਪਕ ਰੂਪ ਵਿੱਚ ਨੁਕਸਾਨ ਹੋਇਆ ਹੈ।

ਬੀਬੀਸੀ ਦੀ ਟੀਮ ਫਿਰੋਜ਼ਪੁਰ ਦੇ ਇਲਾਕੇ ਵਿੱਚ ਵੀ ਪਹੁੰਚੀ ਹੈ, ਜਿੱਥੇ ਕਈ ਲੋਕ ਆਪਣੇ ਪਸ਼ੂਆਂ ਦੀ ਰਖਵਾਲੀ ਲਈ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ।

ਇਹ ਵੀ ਪੜ੍ਹੋ-

'ਇਹ ਪਸ਼ੂ ਤਾਂ ਸਾਡੇ ਧੀਆਂ-ਪੁੱਤਾਂ ਵਾਂਗ'

ਬੀਬੀਸੀ ਦੀ ਟੀਮ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਦੁਲਾ ਸਿੰਘਵਾਲਾ ਪਿੰਡ ਪਹੁੰਚੀ, ਜਿੱਥੇ ਉਨ੍ਹਾਂ ਨੇ ਇੱਥੇ ਰਹਿ ਰਹੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਹਾਲਾਤ ਨੂੰ ਜਾਣਿਆ।

ਦੁਲਾ ਸਿੰਘਵਾਲਾ ਦੇ ਵਾਸੀ ਬਲਜਿੰਦਰ ਸਿੰਘ ਦਾ ਘਰ ਚਾਰੇ ਪਾਸੇ ਤੋਂ ਇਸ ਵਕਤ ਪਾਣੀ ਨਾਲ ਘਿਰਿਆ ਹੋਇਆ ਹੈ। ਸੜਕ ਤੋਂ ਬਲਜਿੰਦਰ ਸਿੰਘ ਨੂੰ ਘਰ ਤੋਂ ਪਹੁੰਚਣ ਦੇ ਲਈ ਕਿਸ਼ਤੀ ਰਾਹੀਂ ਕਰੀਬ ਛੇ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ।

ਸਥਿਤੀ ਇਹ ਹੈ ਕਿ ਹੜ੍ਹ ਦੇ ਪਾਣੀ ਤੋਂ ਪਸ਼ੂਆਂ ਨੂੰ ਬਚਾਉਣ ਲਈ ਉਸ ਨੇ ਆਪਣੇ ਬੈੱਡ ਰੂਮ ਨੂੰ ਹੀ ਮੱਝਾਂ ਅਤੇ ਗਾਵਾਂ ਦਾ ਵਾੜਾ ਬਣਾ ਦਿੱਤਾ ਹੈ।

ਬਲਜਿੰਦਰ ਸਿੰਘ
ਤਸਵੀਰ ਕੈਪਸ਼ਨ, ਬਲਜਿੰਦਰ ਸਿੰਘ ਦਾ ਘਰ ਪਾਣੀ ਨਾਲ ਘਿਰਿਆ ਹੋਇਆ ਹੈ।

ਉਹ ਖੁਦ ਵਰਾਂਡੇ ਵਿੱਚ ਮੰਜੇ ਡਾਹ ਕੇ ਸੌਂ ਰਹੇ ਹਨ।

ਬਲਜਿੰਦਰ ਸਿੰਘ ਕਹਿੰਦੇ ਹਨ, "ਜਿੱਥੇ ਉਨ੍ਹਾਂ ਦਾ ਵਾੜਾ ਸੀ, ਉਹ ਸਾਰਾ ਪਾਣੀ ਵਿੱਚ ਡੁੱਬ ਗਿਆ ਅਤੇ ਉੱਥੇ ਹੁਣ ਚਾਰ-ਚਾਰ ਫੁੱਟ ਪਾਣੀ ਭਰ ਗਿਆ ਹੈ। ਇਸੇ ਕਰਕੇ ਉਨ੍ਹਾਂ ਨੇ ਵਾੜੇ ਵਿੱਚੋਂ ਪਸ਼ੂਆਂ ਨੂੰ ਕੱਢ ਕੇ ਕਮਰਿਆਂ ਵਿੱਚ ਬੰਨ੍ਹ ਦਿੱਤਾ ਤੇ ਖੁਦ ਵਰਾਂਡੇ ਵਿੱਚ ਸੌਣ ਲਈ ਮਜਬੂਰ ਹਨ।"

ਪਸ਼ੂਆਂ ਨੂੰ ਸੁਰੱਖਿਅਤ ਥਾਵਾਂ 'ਤੇ ਨਾ ਲਿਜਾਣ ਪਿੱਛੇ ਉਹ ਕਾਰਨ ਦੱਸਦੇ ਹਨ ਕਿ ਉਨ੍ਹਾਂ ਦੇ ਲਈ ਘਰ ਛੱਡਣਾ ਤੇ ਪਸ਼ੂਆਂ ਨੂੰ ਛੱਡਣਾ ਮੁਸ਼ਕਲ ਹੈ।

ਉਹ ਦੱਸਦੇ ਹਨ ਕਿ ਪਸ਼ੂਆਂ ਦੇ ਚਾਰੇ ਲਈ ਕੁਝ ਸੰਸਥਾਵਾਂ ਮਦਦ ਕਰ ਰਹੀਆਂ ਹਨ।

ਬਲਜਿੰਦਰ ਸਿੰਘ ਆਪਣੇ ਪਰਿਵਾਰ ਤੇ ਪਸ਼ੂਆਂ ਦੇ ਨਾਲ ਪਿਛਲੇ 20 ਦਿਨਾਂ ਤੋਂ ਆਪਣੇ ਇਸੇ ਘਰ ਵਿੱਚ ਹੀ ਹਨ।

ਉਹ ਇਹ ਵੀ ਕਹਿੰਦੇ ਹਨ ਕਿ ਪਾਣੀ ਕਰਕੇ ਬਾਹਰ ਪਸ਼ੂਆਂ ਲਿਜਾਣੇ ਔਖੇ ਹਨ।

ਬਲਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਇਹ ਸਿਰਫ ਪਸ਼ੂ ਨਹੀਂ ਹਨ, ਇਹ ਉਨ੍ਹਾਂ ਦੇ ਘਰ ਦੇ ਜੀਅ ਹਨ ਤੇ ਉਨ੍ਹਾਂ ਦੇ ਲਈ ਧੀਆਂ-ਪੁੱਤਾਂ ਵਾਂਗ ਹਨ।

ਇਹ ਕਹਾਣੀ ਸਿਰਫ ਇਸੇ ਪਰਿਵਾਰ ਦੀ ਨਹੀਂ ਹੈ, ਫਿਰੋਜ਼ਪੁਰ ਦੇ ਹੋਰ ਵੀ ਵੱਡੀ ਗਿਣਤੀ ਘਰ ਇਸੇ ਤਰ੍ਹਾਂ ਪਾਣੀ ਵਿੱਚ ਘਿਰੇ ਹੋਏ ਹਨ।

'ਪਾਣੀ ਨੇ ਸਾਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਦਿੱਤਾ'

ਪਾਣੀ ਵਿੱਚ ਦੋ ਔਰਤਾਂ
ਤਸਵੀਰ ਕੈਪਸ਼ਨ, ਫਿਰੋਜ਼ਪੁਰ ਜ਼ਿਲ੍ਹੇ ਦੇ ਕਈ ਪਿੰਡ ਹੜ੍ਹ ਦੇ ਪਾਣੀ ਨਾਲ ਘਿਰੇ ਹੋਏ ਹਨ।

ਅਸਲ ਵਿੱਚ ਫ਼ਿਰੋਜ਼ਪੁਰ ਅਤੇ ਇਸ ਦੇ ਨਾਲ ਲੱਗਦੇ ਕਈ ਇਲਾਕਿਆਂ ਨੂੰ ਸਤਲੁਜ ਦਰਿਆ ਦੀ ਮਾਰ ਪਈ ਹੈ।

ਪਾਣੀ ਇੰਨੀ ਤੇਜ਼ੀ ਨਾਲ ਆਇਆ ਕਿ ਲੋਕ ਪਸ਼ੂਆਂ ਨੂੰ ਸੁਰੱਖਿਅਤ ਟਿਕਾਣਿਆਂ ਉੱਤੇ ਨਹੀਂ ਲਿਜਾ ਸਕੇ, ਜਿਸ ਕਾਰਨ ਉਹ ਪਾਣੀ ਵਿੱਚ ਰਹਿਣ ਲਈ ਮਜਬੂਰ ਹਨ।

ਜਲੋਕੇ ਪਿੰਡ ਦੇ ਚਰਨਜੀਤ ਕੌਰ ਵੀ ਆਪਣੇ ਪਰਿਵਾਰ ਤੇ ਪਸ਼ੂਆਂ ਨਾਲ ਪਾਣੀ ਵਿੱਚ ਹੀ ਰਹਿਣ ਲਈ ਮਜਬੂਰ ਹਨ।

ਘਰ ਦਾ ਗੁਜ਼ਾਰਾ ਉਹ ਦੁੱਧ ਵੇਚ ਕੇ ਕਰਦੇ ਸਨ ਪਰ ਹੜ੍ਹ ਨੇ ਹੁਣ ਇਹ ਵਸੀਲਾ ਵੀ ਖ਼ਤਮ ਕਰ ਦਿੱਤਾ ਹੈ।

ਚਰਨਜੀਤ ਕੌਰ ਦੱਸਦੇ ਹਨ ਕਿ ਪਾਣੀ ਕਾਰਨ ਉਨ੍ਹਾਂ ਦੇ ਪਸ਼ੂਆਂ ਦੇ ਪੈਰ ਗਲ਼ ਚੁੱਕੇ ਹਨ।

ਉਹ ਕਹਿੰਦੇ ਹਨ, "ਸਾਨੂੰ ਆਪਣੇ ਪਸ਼ੂ ਬਾਹਰ ਕੱਢਣ ਦਾ ਮੌਕਾ ਹੀ ਨਹੀਂ ਮਿਲਿਆ, ਪਾਣੀ ਨੇ ਸਾਨੂੰ ਘੇਰ ਲਿਆ। ਘਰ ਦੇ ਪੁਰਸ਼ ਕੰਮਾਂ ਉੱਤੇ ਸਨ। ਸਾਡਾ ਤਾਂ ਗੁਜ਼ਾਰਾ ਵੀ ਪਸ਼ੂਆਂ ਦਾ ਦੁੱਧ ਵੇਚ ਕੇ ਚੱਲਦਾ ਸੀ, ਹੁਣ ਤਾਂ ਰੱਬ ਹੀ ਰਾਖਾ। ਸਾਡੇ ਹਾਲਾਤ ਬਹੁਤ ਮਾੜੇ ਹੋ ਗਏ ਹਨ। ਹੁਣ ਨਾ ਦੁੱਧ ਵੇਚ ਕੇ ਕਮਾ ਸਕਦੇ ਹਾਂ ਨਾ ਝੋਨਾ ਵੱਢ ਕੇ ਘਰ ਦਾ ਗੁਜ਼ਾਰਾ ਕਰ ਸਕਦੇ ਹਾਂ। ਅਸੀਂ ਵੰਡਣ ਵਾਲੇ ਸੀ ਪਰ ਸਰਕਾਰਾਂ ਨੇ ਸਾਨੂੰ ਮੰਗਣ ਵਾਲੇ ਬਣਾ ਦਿੱਤਾ।"

'ਪਸ਼ੂਆਂ ਦੇ ਹਾਲ ਦੇਖ ਰੋਣਾ ਆਉਂਦਾ'

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਸ਼ੂ ਧੰਨ ਦਾ ਕਾਫ਼ੀ ਬੁਰਾ ਹਾਲ ਹੋ ਰਿਹਾ ਹੈ।

ਡੇਅਰੀ ਦਾ ਕੰਮ ਕਰ ਕੇ ਘਰ ਦਾ ਗੁਜ਼ਾਰਾ ਚਲਾਉਣ ਵਾਲੇ ਮਹਿੰਦਰ ਸਿੰਘ ਇਸ ਤੇਜ਼ ਧੁੱਪ ਵਿੱਚ ਆਪਣੇ ਪਸ਼ੂਆਂ ਲਈ ਛਾਂ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਮਹਿੰਦਰ ਸਿੰਘ ਦਾ ਘਰ ਹੜ੍ਹ ਦੇ ਪਾਣੀ ਵਿੱਚ ਘਿਰਿਆ ਹੋਇਆ ਹੈ। ਕੁਝ ਪਸ਼ੂਆਂ ਨੂੰ ਲੈ ਕੇ ਉਹ ਸੁਰੱਖਿਅਤ ਥਾਂ ਉੱਤੇ ਪਹੁੰਚ ਤਾਂ ਗਏ ਹਨ ਪਰ ਉਨ੍ਹਾਂ ਦੀਆਂ ਮੁਸ਼ਕਲਾਂ ਅਜੇ ਘੱਟ ਨਹੀਂ ਹੋਈਆਂ।

ਕੁਤਵਦੀਨ ਵਾਲਾ ਦੇ ਰਹਿਣ ਵਾਲੇ ਮਹਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਕੁਝ ਕੁ ਪਸ਼ੂ ਸੁਰੱਖਿਅਤ ਕੱਢ ਲਏ ਪਰ ਹਾਲੇ ਵੀ ਕਈ ਪਾਣੀ ਵਿੱਚ ਹੀ ਹਨ।

ਉਹ ਕਹਿੰਦੇ ਹਨ, "ਸਾਡੇ ਕੋਲ ਕਰੀਬ 21 ਪਸ਼ੂ ਹਨ, ਜਿਨ੍ਹਾਂ ਵਿੱਚੋਂ 8 ਨੂੰ ਬਾਹਰ ਕੱਢ ਲਿਆ ਪਰ 13 ਹਾਲੇ ਵੀ ਪਾਣੀ ਵਿੱਚ ਘਿਰੇ ਹੋਏ ਹਨ। ਪਸ਼ੂਆਂ ਦਾ ਹਾਲ ਦੇਖ ਮੈਨੂੰ ਰੋਣਾ ਆਉਂਦਾ, ਇਨ੍ਹਾਂ ਨੂੰ ਪੁੱਤਾਂ ਵਾਂਗ ਰੱਖੀ ਦਾ। ਪਹਿਲਾਂ ਚੰਗਾ ਚਾਰਾ ਪੈਂਦਾ ਸੀ ਦੁੱਧ ਚੰਗਾ ਹੁੰਦਾ ਸੀ, ਹੁਣ ਖੁਰਾਕ ਚੰਗੀ ਨਾ ਮਿਲਣ ਕਾਰਨ ਦੁੱਧ ਵੀ ਸੁੱਕ ਗਿਆ।"

'ਇਹ ਲੋਕ 10 ਤੋਂ 15 ਸਾਲ ਪਿੱਛੇ ਧੱਕ ਦਿੱਤੇ'

ਦੋ ਔਰਤਾਂ
ਤਸਵੀਰ ਕੈਪਸ਼ਨ, ਹੜ੍ਹ ਪ੍ਰਭਾਵਿਤ ਮੁਤਾਬਕ ਉਨ੍ਹਾਂ ਦੀ ਆਮਦਨ ਦੇ ਸਾਧਨ ਖ਼ਤਮ ਹੋ ਗਏ ਹਨ

ਸਵਰਨਜੀਤ ਸਿੰਘ ਇੱਕ ਸਮਾਜ ਸੇਵੀ ਹਨ ਤੇ ਉਹ ਹੜ੍ਹ ਪ੍ਰਭਾਵਿਤ ਇਸ ਇਲਾਕੇ ਵਿੱਚ ਪੀੜਤਾਂ ਤੱਕ ਦਵਾਈਆਂ, ਰਾਸ਼ਨ ਤੇ ਹੋਰ ਜ਼ਰੂਰਤ ਦਾ ਸਾਮਾਨ ਪਹੁੰਚਣ ਦੀ ਸੇਵਾ ਕਰ ਰਹੇ ਹਨ।

ਪੰਜਾਬ ਵਿੱਚ ਆਏ ਹੜ ਕਾਰਨ ਜਿੱਥੇ ਲੋਕ ਵੱਡੀ ਪੱਧਰ ਉੱਤੇ ਪ੍ਰਭਾਵਿਤ ਹੋਏ ਹਨ , ਉਨ੍ਹਾਂ ਤੱਕ ਖ਼ੁਰਾਕ ਪਹੁੰਚਾਉਣ ਦਾ ਜ਼ਰੀਆ ਸਿਰਫ ਕਿਸ਼ਤੀਆਂ ਹਨ।

ਸਵਰਨਜੀਤ ਸਿੰਘ ਦੱਸਦੇ ਹਨ, "ਹੜ੍ਹ ਦੇ ਇਸ ਪਾਣੀ ਨੇ ਇਹ ਲੋਕ 10 ਤੋਂ 15 ਸਾਲ ਪਿੱਛੇ ਧੱਕ ਦਿੱਤੇ। ਜਿਵੇਂ-ਜਿਵੇਂ ਹਾਲਾਤਾਂ ਨੂੰ ਨੇੜੇ ਤੋਂ ਦੇਖ ਰਹੇ ਹਾਂ ਤਾਂ ਕਈ ਵਾਰ ਰੋਣਾ ਆ ਜਾਂਦਾ। ਸਾਡੀ ਟੀਮ ਇਨ੍ਹਾਂ ਵਿੱਚ ਵਿਚਰ ਰਹੀ ਹੈ ਅਤੇ ਕਈ ਵਾਲੰਟੀਅਰ ਇਹ ਸਭ ਦੇ ਰੋ ਵੀ ਪੈਂਦੇ ਹਨ।"

"ਇੱਕ ਸਾਧਾਰਨ ਬੰਦਾ ਸਾਰੀ ਜ਼ਿੰਦਗੀ ਮਿਹਨਤ ਕਰਕੇ ਇੱਕ ਘਰ ਬਣਾਉਂਦਾ, ਇਨ੍ਹਾਂ ਵਿੱਚੋਂ ਕਈਆਂ ਦੇ ਘਰ ਢਹਿ ਗਏ ਹਨ। ਜੋ ਘਰ ਬਚ ਗਏ ਹਨ, ਉਨ੍ਹਾਂ ਦੀ ਹਾਲਾਤ ਵੀ ਮਾੜੀ ਹੈ ਤੇ ਉਹ ਵੀ ਆਉਣ ਵਾਲੇ ਸਮੇਂ ਵਿੱਚ ਡਿੱਗ ਸਕਦੇ ਹਨ। ਅਸਲੀ ਇਮਤਿਹਾਨ ਤਾਂ ਪਾਣੀ ਦੇ ਉਤਰਨ ਤੋਂ ਬਾਅਦ ਸ਼ੁਰੂ ਹੋਣਾ।"

ਇਸ ਹੜ੍ਹ ਕਾਰਨ ਪਸ਼ੂ ਧੰਨ ਦਾ ਕਿੰਨਾ ਨੁਕਸਾਨ ਹੋਇਆ ਹੈ, ਇਸ ਦਾ ਅਧਿਕਾਰਤ ਤੌਰ ਉੱਤੇ ਕੋਈ ਵੀ ਅੰਕੜਾ ਸਾਹਮਣੇ ਨਹੀਂ ਆਇਆ ਪਰ ਪਸ਼ੂ ਪਾਲਕ ਵਿਭਾਗ ਦੇ ਅਧਿਕਾਰੀ ਮੰਨਦੇ ਹਨ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦੁੱਧ ਦੇਣ ਵਾਲੇ ਪਸ਼ੂਆਂ ਦਾ ਕਾਫ਼ੀ ਨੁਕਸਾਨ ਹੋਇਆ ਹੈ।

ਵੈਟਰਨਰੀ ਇੰਸਪੈਕਟਰ ਸੁਮਿਤ ਕੁਮਾਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਪਸ਼ੂ ਉੱਚੀਆਂ ਥਾਵਾਂ 'ਤੇ ਨੇ ਉਹ ਠੀਕ ਹਨ ਪਰ ਜੋ ਪਾਣੀ ਵਿੱਚ ਨੇ ਉਹ ਪਸ਼ੂ ਬਿਮਾਰ ਹਨ। ਉਹ ਦੱਸਦੇ ਹਨ ਕਿ ਇਸ ਇਲਾਕੇ ਵਿੱਚ ਹਾਲੇ ਦੋ ਪਸ਼ੂਆਂ ਦੀ ਮੌਤ ਦੀ ਰਿਪੋਰਟ ਕੀਤੀ ਗਈ ਹੈ।

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕੁਝ ਪਸ਼ੂ ਪਾਣੀ ਵਿੱਚ ਰੁੜ ਵੀ ਗਏ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)