ਪੰਜਾਬ ਦੇ ਇਨ੍ਹਾਂ ਪਿੰਡਾਂ ਦੇ ਲੋਕ ਠੀਕਰੀ ਪਹਿਰਾ ਦੇਣ ਲਈ ਕਿਉਂ ਮਜਬੂਰ ਹੋ ਗਏ ਹਨ

ਠੀਕਰੀ ਪਹਿਰਾ
ਤਸਵੀਰ ਕੈਪਸ਼ਨ, ਬੰਨ੍ਹ ਦੇ ਨੁਕਸਾਨ ਬਾਰੇ ਸੂਚਿਤ ਕਰਨ ਲਈ ਤੁਰੰਤ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਅਨਾਊਸਮੈਂਟਾ ਕਰਵਾਈਆਂ ਜਾਂਦੀਆਂ ਹਨ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਹਰੀਕੇ ਤੋਂ ਫ਼ਿਰੋਜ਼ਪੁਰ ਵੱਲ ਨੂੰ ਜਾਂਦੇ ਸਤਲੁਜ ਦਰਿਆ ਦੇ ਬੰਨ੍ਹ ਉੱਤੇ ਦੇਰ ਸ਼ਾਮ ਤੱਕ ਮਿੱਟੀ ਨਾਲ ਭਰੀਆਂ ਟਰੈਕਟਰ ਟਰਾਲੀਆਂ ਦੀ ਭੀੜ ਅਤੇ ਇੰਜਣਾਂ ਦੀ ਆਵਾਜ਼ ਦਾ ਸ਼ੋਰ ਸੀ।

ਪਰ ਜਿਵੇਂ-ਜਿਵੇਂ ਹਨੇਰਾ ਹੁੰਦਾ ਗਿਆ ਭੀੜ ਖ਼ਤਮ ਹੋਣੀ ਸ਼ੁਰੂ ਹੋ ਗਈ। ਇੱਕਦਮ ਘੁੱਪ ਹਨੇਰਾ ਅਤੇ ਚੁੱਪ ਪਸਰ ਗਈ। ਸਤਲੁਜ ਦੀਆਂ ਛੱਲਾਂ, ਮੀਂਹ ਦੀਆਂ ਕਣੀਆਂ ਅਤੇ ਕੀੜੇ-ਮਕੌੜਿਆਂ ਦੀਆਂ ਆਵਾਜ਼ਾਂ ਉੱਚੀ ਹੋ ਗਈਆਂ।

ਅਚਾਨਕ ਜ਼ਮੀਨ ਉੱਤੇ ਵੱਜਦੇ ਸੋਟਿਆਂ ਦੀ ਠੱਕ-ਠੱਕ ਨੇ ਚੁੱਪ ਭੰਗ ਕਰ ਦਿੱਤੀ। ਦੂਰ ਕੋਈ ਚਾਨਣ, ਹਨੇਰੇ ਨੂੰ ਚੀਰ ਰਿਹਾ ਸੀ। ਹੱਥਾਂ ਵਿੱਚ ਸੋਟੇ ਅਤੇ ਬੈਟਰੀਆਂ ਫੜ੍ਹੀ ਅਤੇ ਲਿਫ਼ਾਫ਼ਿਆਂ ਨਾਲ ਪੱਗਾਂ ਢੱਕ (ਕਿਸਾਨ ਮੀਂਹ ਵਿੱਚ ਭਿੱਜਣ ਤੋਂ ਬਚਣ ਲਈ ਲਿਫ਼ਾਫ਼ਿਆਂ ਨਾਲ ਸਿਰ ਢੱਕਦੇ ਹਨ ) ਕੁਝ ਬਜ਼ੁਰਗ ਅਤੇ ਨੌਜਵਾਨ ਧੁੱਸੀ ਬੰਨ੍ਹ ਦਾ ਇੰਚ-ਇੰਚ ਪਰਖ ਰਹੇ ਸਨ।

ਵੀਡੀਓ ਕੈਪਸ਼ਨ, ਪੰਜਾਬ ਦੇ ਇਨ੍ਹਾਂ ਪਿੰਡਾਂ ਦੇ ਲੋਕ ਠੀਕਰੀ ਪਹਿਰਾ ਦੇਣ ਲਈ ਕਿਉਂ ਮਜਬੂਰ ਹੋ ਗਏ ਹਨ

ਦਰਅਸਲ, ਹਰੀਕੇ ਦੇ ਨਜ਼ਦੀਕ ਸਤਲੁਜ ਦੇ ਕੰਢੇ ਵੱਸੇ ਬਜ਼ੁਰਗ ਅਤੇ ਨੌਜਵਾਨ ਸਾਰੀ ਰਾਤ ਦਰਿਆ ਦੇ ਕੰਢੇ ਠੀਕਰੀ ਪਹਿਰਾ ਦਿੰਦੇ ਹਨ। ਇੱਥੇ ਰਹਿੰਦੇ ਲੋਕਾਂ ਨੇ 1988 ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਆਏ ਹੜ੍ਹਾਂ ਦੀ ਮਾਰ ਝੱਲੀ ਹੈ।

ਇਨ੍ਹਾਂ ਹੜ੍ਹਾਂ ਦੌਰਾਨ ਕਿਸੇ ਨੇ ਆਪਣਿਆਂ ਨੂੰ ਗਵਾਇਆ, ਕਿਸੇ ਦੇ ਪਸ਼ੂ ਮਰੇ ਅਤੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ।

ਇਨ੍ਹਾਂ ਹਾਲਾਤਾਂ ਤੋਂ ਬਚਣ ਲਈ ਇੱਥੇ ਰਹਿੰਦੇ ਲੋਕ ਦਿਨ ਵੇਲੇ ਬੰਨ੍ਹ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ ਅਤੇ ਰਾਤ ਵੇਲੇ ਠੀਕਰੀ ਪਹਿਰੇ ਨਾਲ ਬੰਨ੍ਹ ਦੀ ਨਿਗਰਾਨੀ ਕਰਦੇ ਹਨ।

ਠੀਕਰੀ ਪਹਿਰਾ ਕਿਉਂ ਦਿੰਦੇ ਹਨ

ਦਰਿਆ ਦੇ ਕੰਢੇ ਵੱਸੇ ਪਿੰਡ ਵਾਸੀਆਂ ਅਤੇ ਕਿਸਾਨਾਂ ਮੁਤਾਬਕ ਰਾਤ ਵੇਲੇ ਬੰਨ੍ਹ ਦੇ ਹੁੰਦੇ ਨੁਕਸਾਨ ਦੀ ਨਿਗਰਾਨੀ ਕਰਨ ਵਾਸਤੇ ਠੀਕਰੀ ਪਹਿਰਾ ਲਗਾਉਂਦੇ ਹਨ।

ਨਿਗਰਾਨੀ ਦੌਰਾਨ ਬੰਨ੍ਹ ਵਿੱਚ ਪੈ ਹੇ ਪਾੜ, ਢਹਿ ਰਹੀਆਂ ਢਿੱਗਾਂ, ਲੀਕੇਜ਼ ਦਾ ਪਤਾ ਲੱਗ ਜਾਂਦਾ ਹੈ। ਪਤਾ ਲੱਗਣ ਮਗਰੋਂ ਠੀਕਰੀ ਪਹਿਰਾ ਦੇਣ ਵਾਲੇ ਤੁਰੰਤ ਪਿੰਡ ਵਾਸੀਆਂ, ਕਿਸਾਨਾਂ ਅਤੇ ਆਸ ਪਾਸ ਦੇ ਲੋਕਾਂ ਨੂੰ ਸੂਚਿਤ ਕਰ ਦਿੰਦੇ ਹਨ।

ਬੰਨ੍ਹ ਦੇ ਨੁਕਸਾਨ ਬਾਰੇ ਸੂਚਿਤ ਕਰਨ ਲਈ ਤੁਰੰਤ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਅਨਾਊਸਮੈਂਟਾਂ ਕਰਵਾਈਆਂ ਜਾਂਦੀਆਂ ਹਨ। ਇਸ ਤੋਂ ਇਲਾਕਾ ਫੋਨ ਕਾਲਾਂ ਅਤੇ ਵਟਸਐਪ ਗਰੁੱਪਾਂ ਵਿੱਚ ਆਡੀਉ ਰਿਕਾਰਡਿੰਗ ਭੇਜ ਕੇ ਵੀ ਸੂਚਿਤ ਕੀਤਾ ਜਾਂਦਾ ਹੈ।

ਠੀਕਰੀ ਪਹਿਰਾ
ਤਸਵੀਰ ਕੈਪਸ਼ਨ, ਸਤਲੁਜ ਨੇੜਲੇ ਪਿੰਡਾਂ ਦੇ ਲੋਕ ਬੰਨ੍ਹਾਂ ਉੱਤੇ ਠੀਕਰਾ ਪਹਿਰਾ ਦੇ ਰਹੇ ਹਨ

ਸਭਰਾ ਪਿੰਡ ਦੇ ਵਸਨੀਕ ਜਸਵੀਰ ਸਿੰਘ ਕਹਿੰਦੇ ਹਨ, "ਪਾਣੀ ਜ਼ਿਆਦਾ ਹੈ।ਬੰਨ੍ਹ ਵਿੱਚ ਸੀਰਾਂ ਪੈ ਰਹੀਆਂ ਹਨ। ਇਸਦੀ ਰਾਖੀ ਵਾਸਤੇ ਅਸੀਂ ਰਾਤ ਨੂੰ ਪਹਿਰਾ ਦਿੰਦੇ ਹਾਂ। ਜਦੋਂ ਦਾ ਪਾਣੀ ਆਇਆ ਹੈ। ਅਸੀਂ ਰੋਜ਼ਾਨਾ ਪਹਿਰਾ ਦਿੰਦੇ ਹਾਂ।"

"ਨਿਗਰਾਨੀ ਕਰਦੇ ਹਾਂ ਕਿ ਕੋਈ ਸ਼ਰਾਰਤੀ ਅਨਸਰ ਬੰਨ੍ਹ ਨਾ ਤੋੜ ਜਾਵੇ ਜਾਂ ਇਹ ਆਪਣੇ ਆਪ ਨਾ ਟੁੱਟ ਜਾਵੇ। ਜਿੱਥੋਂ ਇਹ ਟੁੱਟਦਾ ਹੋਵੇਗਾ, ਉੱਥੇ ਬੋਰੀਆਂ ਲਗਾ ਕੇ ਮਜ਼ਬੂਤ ਕਰ ਦਿੰਦੇ ਹਾਂ।"

ਬਸਤੀ ਲਾਲ ਸਿੰਘ ਦੇ ਵਸਨੀਕ ਮੰਗਲ ਸਿੰਘ ਕਹਿੰਦੇ ਹਨ, "ਪਹਿਰੇ ਦੌਰਾਨ ਰਾਤਾਂ ਨੂੰ ਅਸੀਂ ਬੈਟਰੀਆਂ , ਮੋਬਾਇਲ ਦੀਆਂ ਬੈਟਰੀਆਂ ਨਾਲ ਦੇਖੀ ਦਾ ਹੈ ਕਿ ਕਿਸੇ ਥਾਂ ਤੋਂ ਬੰਨ੍ਹ ਵਿੱਚ ਖੱਡ ਤਾਂ ਨਹੀਂ ਪੈ ਰਹੀ। ਜੇਕਰ ਪੈ ਰਹੀ ਹੋਵੇ ਤਾਂ ਪਿੰਡ ਵਾਸੀਆਂ ਅਤੇ ਸੰਗਤ ਨੂੰ ਅਲਰਟ ਕਰ ਦਿੰਦੇ ਹਾਂ।"

ਮੰਗਲ ਸਿੰਘ

ਪਹਿਰਾ ਕਿੱਥੇ ਲੱਗਦਾ ਹੈ

ਦਰਿਆਵਾਂ ਦੇ ਕੰਢੇ ਪਹਿਰਾ ਲਗਾਉਣ ਦੀ ਰਵਾਇਤ ਸਿਰਫ਼ ਇੱਕ ਪਿੰਡ ਜਾਂ ਇੱਕ ਜ਼ਿਲ੍ਹੇ ਦੀ ਨਹੀਂ ਹੈ। ਪੰਜਾਬ ਵਿੱਚੋਂ ਜਿਸ ਏਰੀਏ ਵਿਚੋਂ ਵੀ ਦਰਿਆ ਲੰਘਦਾ ਹੈ, ਉਨ੍ਹਾਂ ਦੇ ਕੰਢਿਆਂ ਉੱਤੇ ਰਹਿੰਦੇ ਲੋਕ ਆਪਣੇ ਨੇੜੇ ਪੈਂਦੇ ਬੰਨ੍ਹਾਂ ਉੱਤੇ ਰਾਤ ਨੂੰ ਪਹਿਰਾ ਦਿੰਦੇ ਹਨ।

ਲੋਕਾਂ ਮੁਤਾਬਕ ਪਹਿਰਾ ਬੰਨ੍ਹ ਦੀਆਂ ਉਨ੍ਹਾਂ ਥਾਵਾਂ ਉੱਤੇ ਦਿੱਤਾ ਜਾਂਦਾ ਹੈ, ਜਿੱਥੋਂ ਬੰਨ੍ਹ ਕਮਜ਼ੋਰ ਹੈ। ਇੱਥੇ ਰਹਿੰਦੇ ਲੋਕਾਂ ਨੂੰ ਜਾਣਕਾਰੀ ਹੈ ਕਿ ਕਿੱਥੋਂ ਬੰਨ੍ਹ ਕਮਜ਼ੋਰ ਹੈ।

ਹਰੀਕੇ ਪੱਤਣ ਵਿਖੇ ਸਤਲੁਜ ਅਤੇ ਬਿਆਸ ਦਾ ਸੰਗਮ ਹੁੰਦਾ ਹੈ। ਇਹ ਪੱਤਣ ਲਾਲ ਸਿੰਘ ਬਸਤੀ, ਜਿੱਥੇ ਲੋਕਾਂ ਨੇ ਠੀਕਰੀ ਪਹਿਰਾ ਲਾਇਆ ਹੋਇਆ ਹੈ, ਤੋਂ ਦੋ ਕਿਲੋਮੀਟਰ ਦੂਰ ਹੈ। ਇਥੋਂ ਦੋਵੇਂ ਦਰਿਆ ਇਕੱਠੇ ਹੋ ਕੇ ਫ਼ਿਰੋਜ਼ਪੁਰ ਅਤੇ ਫਿਰ ਪਾਕਿਸਤਾਨ ਜਾਂਦੇ ਹਨ।

ਇੱਥੇ ਸਾਲ 2023 ਵਿੱਚ ਵੀ ਬੰਨ੍ਹ ਟੁੱਟਾ ਸੀ ਅਤੇ 12-13 ਪਿੰਡਾਂ ਦੀਆਂ ਫਸਲਾਂ, ਘਰਾਂ ਅਤੇ ਪਸ਼ੂਆਂ ਦੀ ਬਹੁਤ ਬਰਬਾਦੀ ਹੋਈ ਸੀ। ਲੋਕਾਂ ਅਤੇ ਕਿਸਾਨਾਂ ਨੂੰ ਡਰ ਹੈ ਕਿ ਜੇਕਰ ਬੰਨ੍ਹ ਟੁੱਟਦਾ ਹੈ ਤਾਂ ਫਿਰ ਇਨ੍ਹਾਂ ਪਿੰਡਾਂ ਦਾ ਨੁਕਸਾਨ ਹੋਵੇਗਾ।

ਜਸਵੀਰ ਸਿੰਘ ਕਹਿੰਦੇ ਹਨ, "ਸਾਡੇ ਘਰ ਇਸ ਬੰਨ੍ਹ ਤੋਂ ਇੱਕ ਕਿਲੋਮੀਟਰ ਦੀ ਦੂਰੀ ਉੱਤੇ ਹਨ। ਜੇਕਰ ਬੰਨ੍ਹ ਟੁੱਟਦਾ ਹੈ ਤਾਂ ਇੱਕ ਘੰਟੇ ਵਿੱਚ ਹੀ ਘਰ ਤੱਕ ਪਹੁੰਚ ਜਾਵੇਗਾ। ਸਾਲ 2023 ਵਿੱਚ ਵੀ ਇੱਥੋਂ ਬੰਨ੍ਹ ਟੁੱਟਾ ਸੀ। ਸਾਡੀਆਂ ਫਸਲਾਂ ਮਾਰੀਆਂ ਗਈਆਂ ਸਨ।"

ਜਗਜੀਤ ਸਿੰਘ

ਲੋਕਾਂ ਨੂੰ ਕੀ ਡਰ ਹੈ?

ਮੰਗਲ ਸਿੰਘ ਨੇ ਕਿਹਾ, "ਪਾਣੀ ਦਾ ਵਹਾਅ ਬਹੁਤ ਤੇਜ਼ ਹੈ। ਸਾਡੇ ਘਰ ਨਜ਼ਦੀਕ ਹਨ। ਸਾਡੇ ਛੋਟੇ-ਛੋਟੇ ਬੱਚੇ ਹਨ। ਜੇਕਰ ਕੋਈ ਰਾਤ ਨੂੰ ਬੰਨ੍ਹ ਟੁੱਟ ਜਾਵੇ, ਸਾਨੂੰ ਕੌਣ ਦੱਸੂਗਾ।"

"2023 ਵਿੱਚ ਵੀ ਬੰਨ੍ਹ ਟੁੱਟਿਆ ਸੀ ਅਤੇ ਸਾਡੇ ਤੋਂ ਬੱਚੇ ਨਹੀਂ ਸੀ ਸਾਂਭੇ ਜਾਂਦੇ। ਫ਼ਸਲਾਂ ਦਾ ਨੁਕਸਾਨ ਹੋ ਗਿਆ ਸੀ। ਸਾਡੇ ਮੰਜੇ ਬਿਸਤਰੇ ਵੀ ਰੁੜ੍ਹ ਗਏ ਸੀ।"

ਜਗਜੀਤ ਸਿੰਘ ਨੇ ਕਿਹਾ, "ਜੇ ਬੰਨ੍ਹ ਟੁੱਟਦਾ ਹੈ ਤਾਂ ਸਾਡੇ ਘਰ ਢਹਿ ਜਾਣੇ ਹਨ। ਸਾਡੀਆਂ ਫਸਲਾਂ ਬਰਬਾਦ ਹੋ ਜਾਣੀਆਂ ਹਨ। ਪਸ਼ੂਆਂ ਦਾ ਚਾਰਾ ਖ਼ਤਮ ਹੋ ਜਾਣਾ। ਸਾਰਾ ਕੁਝ ਬਰਬਾਦ ਹੋ ਜਾਣਾ।"

ਕੌੜੇ ਤਜਰਬੇ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇੱਥੇ ਰਹਿੰਦੇ ਲੋਕ ਹੜ੍ਹਾਂ ਦੀ ਮਾਰ ਹੇਠ ਆਉਣਗੇ। ਲੋਕਾਂ ਮੁਤਾਬਕ ਸਾਲ 1988 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਹੜ੍ਹ ਆਏ ਹਨ, ਇਨ੍ਹਾਂ ਲੋਕਾਂ ਨੇ ਮਾਰ ਚੱਲੀ ਹੈ।

ਵੱਡੇ ਸਭਰਾ ਪਿੰਡ ਦੇ ਰਹਿਣ ਵਾਲੇ ਗੁਰਸਾਬ ਨੇ ਦੱਸਿਆ, "1988 ਵਿੱਚ ਮੇਰੇ ਪਿਤਾ ਦਾ ਬਹੁਤ ਨੁਕਸਾਨ ਹੋਇਆ ਸੀ। ਸਾਲ 2023 ਵਿੱਚ ਮੇਰੇ ਬਹੁਤ ਨੁਕਸਾਨ ਹੋਇਆ ਸੀ। ਪਸ਼ੂ ਰੁੜ੍ਹ ਕੇ ਮਰ ਗਏ ਸਨ। ਘਰ ਵਿੱਚ ਮੇਰੇ ਪਿਤਾ ਅਤੇ ਮੇਰਾ ਭਰਾ ਸੀ।"

"ਬਾਕੀ ਮੈਂਬਰ ਘਰ ਤੋਂ ਭੇਜ ਦਿੱਤੇ ਸਨ। ਮੇਰਾ ਭਰਾ ਅਪਾਹਜ ਹੈ। ਉਹ ਸਿਰਫ਼ ਗਰਦਨ ਹਿਲਾ ਸਕਦਾ ਹੈ। ਉਹ ਪਾਣੀ ਵਿੱਚ ਘਿਰਿਆ ਰਿਹਾ ਸੀ। ਮੇਰੇ ਪਿਤਾ ਇੱਕਲੇ ਉਸ ਨੂੰ ਚੁੱਕ ਕੇ ਲੈ ਕੇ ਜਾਣ ਤੋਂ ਅਸਮਰੱਥ ਸਨ। ਮੈਂ ਕਿਸੇ ਕੰਮ ਕਰ ਕੇ ਗੁਜਰਾਤ ਵਿੱਚ ਸੀ। ਫਿਰ ਮੇਰਾ ਮਾਮਾ ਆਇਆ। ਉਸ ਨੇ ਮੇਰੇ ਪਿਤਾ ਤੇ ਭਰਾ ਨੂੰ ਬਚਾਇਆ ਸੀ।"

"ਸਥਿਤੀ ਹੁਣ ਵੀ ਉਸੇ ਤਰ੍ਹਾਂ ਦੀ ਹੈ। ਮੈਂ ਤਾਂ ਬੱਸ ਇਹ ਚਾਹੁੰਦਾ ਹਾਂ ਕਿ ਜੋ ਹਾਲਾਤ ਮੈਂ ਵੇਖੇ ਹਨ, ਉਹ ਕੋਈ ਹੋਰ ਨਾ ਵੇਖੇ। ਮੈਂ ਅਜੇ ਵੀ ਕਰਜ਼ੇ ਥੱਲੇ ਹਾਂ। ਇਸ ਲਈ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਇਸ ਵਾਰ ਬੰਨ੍ਹ ਤੋਂ ਪਾਰ ਰਹਿੰਦੇ ਪਰਿਵਾਰ ਇਸ ਸਥਿਤੀ ਵਿੱਚ ਨਾ ਆਉਣ।"

ਗੁਰਸਾਬ ਸਿੰਘ

ਪ੍ਰਸ਼ਾਸਨ ਨੇ ਕੀ ਕਿਹਾ

ਉੱਧਰ ਤਰਨ ਤਾਰਨ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।

ਤਰਨਤਾਰਨ ਦੇ ਡੀਸੀ ਰਾਹੁਲ ਨਾਲ ਜਦੋਂ ਬੀਬੀਸੀ ਪੰਜਾਬੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ, “ਤਰਨ ਤਾਰਨ ਵਿੱਚ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਾਸਤੇ ਪ੍ਰਸ਼ਾਸਨ ਵੱਲੋਂ ਟਰੈਕਟਰ ਵਿੱਚ ਪਾਉਣ ਲਈ ਡੀਜ਼ਲ ਦਿੱਤਾ ਜਾ ਰਿਹਾ ਹੈ। ਹੁਣ ਤੱਕ ਲਗਭਗ 15 ਲੱਖ ਦੇ ਡੀਜ਼ਲ ਦੀ ਮਦਦ ਕੀਤੀ ਜਾ ਚੁੱਕੀ ਹੈ। ਲੋਕਾਂ ਨੂੰ ਮਿੱਟੀ ਭਰਨ ਲਈ ਗੱਟੇ ਅਤੇ ਹੋਰ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ।”

“ਇਸ ਤੋਂ ਇਲਾਵਾ ਲੋਕਾਂ ਦੀ ਮੰਗ ਮੁਤਾਬਕ ਜੇਸੀਬੀ ਮਸ਼ੀਨਾਂ ਵੀ ਭੇਜੀਆਂ ਜਾ ਰਹੀਆਂ ਹਨ। ਪਟਵਾਰੀ ਅਤੇ ਤਹਿਸੀਲਦਾਰ ਸਬੰਧਤ ਇਲਾਕਿਆਂ ਵਿੱਚ ਲਗਾਤਾਰ ਗਸ਼ਤ ਕਰਦੇ ਹਨ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)