'ਧੀ ਦੇ ਘਰ ਰਹਿਣਾ ਸੌਖਾ ਨਹੀਂ ਪਰ ਹਾਲਾਤ ਤੋਂ ਮਜਬੂਰ ਹਾਂ', ਪੰਜਾਬ ਦਾ ਮੰਡ ਇਲਾਕਾ ਕਿਉਂ ਵਾਰ-ਵਾਰ ਹੜ੍ਹ ਦੀ ਲਪੇਟ 'ਚ ਆ ਰਿਹਾ?

- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
"ਤਿਣਕਾ-ਤਿਣਕਾ ਕਰ ਕੇ ਘਰ ਨੂੰ ਜੋੜਦੀ ਹਾਂ ਅਤੇ ਫਿਰ ਇੱਕੋ ਝਟਕੇ 'ਚ ਬਿਆਸ ਦਰਿਆ ਦਾ ਪਾਣੀ ਸਭ ਕੁਝ ਆਪਣੇ ਨਾਲ ਵਹਾਅ ਕੇ ਲੈ ਜਾਂਦਾ ਹੈ।"
ਵੀਰ ਕੌਰ ਦੇ ਇਨ੍ਹਾਂ ਬੋਲਾਂ ਵਿੱਚ ਨਿਰਾਸ਼ਾ ਵੀ ਹੈ ਅਤੇ ਮਿਹਣਾ ਵੀ। ਉਹ ਕਹਿੰਦੇ ਹਨ ਕਿ ਜਦੋਂ ਤੋਂ ਉਹ ਇਸ ਪਿੰਡ ਵਿੱਚ ਵਿਆਹ ਕੇ ਆਏ ਹਨ, ਉਨ੍ਹਾਂ ਨੇ 5 ਤੋਂ 6 ਹੜ੍ਹ ਵੇਖੇ ਹਨ।
ਆਪਣੇ ਘਰ ਦੇ ਵਿਹੜੇ ਵਿੱਚ ਸਮਾਨ ਸਾਂਭਦਿਆਂ ਵੀਰ ਕੌਰ ਕਹਿੰਦੇ ਹਨ, "ਇਹੀ ਸਭ ਕੁਝ ਵੇਖਦਿਆਂ ਜ਼ਿੰਦਗੀ ਨਿਕਲ ਗਈ ਹੈ, ਸਰਕਾਰ ਇਸ ਦਾ ਪੱਕਾ ਪ੍ਰਬੰਧ ਪਤਾ ਨਹੀਂ ਕਿਉਂ ਨਹੀਂ ਕਰਦੀ।"
ਵੀਰ ਕੌਰ ਦਾ ਘਰ ਚੁੰਹਾਂ ਪਾਸਿਆਂ ਤੋਂ ਬਿਆਸ ਦਰਿਆ ਦੇ ਪਾਣੀ ਨੇ ਘੇਰਿਆ ਹੋਇਆ ਹੈ ਅਤੇ ਪਾਣੀ ਦਾ ਪੱਧਰ ਵਧਣ ਕਾਰਨ ਉਨ੍ਹਾਂ ਨੂੰ ਘਰ ਛੱਡ ਕੇ ਸੁਰੱਖਿਅਤ ਟਿਕਾਣੇ ਉੱਤੇ ਜਾਣਾ ਪੈ ਰਿਹਾ ਹੈ।
ਉਨ੍ਹਾਂ ਦਾ ਪਿੰਡ ਮਾਓਦਾਬਾਦ ਹੈ ਜੋ ਸੁਲਤਾਨਪੁਰ ਲੋਧੀ ਕਸਬੇ ਵਿੱਚ ਆਉਂਦਾ ਹੈ। ਇਸ ਪਿੰਡ ਦੇ ਕਈ ਲੋਕਾਂ ਨੇ ਆਪਣੇ ਘਰਾਂ ਵਿੱਚ ਕਿਸ਼ਤੀ ਰੱਖੀ ਹੋਈ ਹੈ।
ਕਿਸ਼ਤੀ ਰਾਹੀਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਕਰੀਬ 12 ਕਿਲੋਮੀਟਕ ਦਾ ਪੈਂਡਾ ਤੈਅ ਕਰ ਕੇ ਜਦੋਂ ਬੀਬੀਸੀ ਦੀ ਟੀਮ ਵੀਰ ਕੌਰ ਦੇ ਘਰ ਪਹੁੰਚੀ ਤਾਂ ਉਹ ਆਪਣੇ ਘਰ ਦੇ ਸਮਾਨ ਨੂੰ ਹੜ੍ਹ ਦੇ ਪਾਣੀ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਸਨ।

ਵੀਰ ਕੌਰ ਮੁਤਾਬਕ ਕਈ ਸਾਲਾਂ ਤੋਂ ਇੱਥੇ ਹਰ ਦੋ-ਤਿੰਨ ਸਾਲ ਬਾਅਦ ਪਾਣੀ ਦੀ ਮਾਰ ਪੈ ਜਾਂਦੀ ਹੈ।
ਵੀਰ ਕੌਰ ਨੇ ਦੱਸਿਆ ਕਿ ਪਸ਼ੂਆਂ ਅਤੇ ਹੋਰ ਜ਼ਰੂਰੀ ਸਮਾਨ ਲੈ ਕੇ ਉਹ ਆਪਣੇ ਜਵਾਈ ਦੇ ਪਿੰਡ ਜਾਣਗੇ ਅਤੇ ਉੱਥੇ ਪੰਜ ਸੱਤ ਮਹੀਨੇ ਰਹਿਣ ਤੋਂ ਬਾਅਦ ਸਥਿਤੀ ਠੀਕ ਹੋਣ ਉੁਪਰੰਤ ਹੀ ਵਾਪਸ ਪਰਤਣਗੇ।
ਉਹ ਕਹਿੰਦੇ ਹਨ, "ਧੀ ਦੇ ਘਰ ਰਹਿਣਾ ਵੀ ਸੌਖਾ ਨਹੀਂ ਪਰ ਕੀ ਕਰੀਏ ਹਾਲਾਤ ਤੋਂ ਮਜਬੂਰ ਹਾਂ।"
ਹਾਲਾਂਕਿ ਉਹ ਕਹਿੰਦੇ ਹਨ ਕਿ ਭਾਵੇਂ ਉਨ੍ਹਾਂ ਨੂੰ ਇੱਥੇ ਥੋੜ੍ਹੀ ਜਿਹੀ ਥਾਂ ਹੀ ਮਿਲ ਜਾਵੇ ਤਾਂ ਉਹ ਇੱਥੇ ਰਹਿਣ ਨੂੰ ਹੀ ਤਰਜੀਹ ਦੇਣਗੇ।
ਵੀਰ ਕੌਰ ਮੁਤਾਬਕ ਵੋਟਾਂ ਸਮੇਂ ਹਰ ਪਾਰਟੀ ਦੇ ਆਗੂ ਇੱਥੇ ਆਉਂਦੇ ਹਨ ਅਤੇ ਉਹ ਹੜ੍ਹ ਦੇ ਪਾਣੀ ਦਾ ਪ੍ਰਬੰਧ ਕਰਨ ਦੀ ਮੰਗ ਵੀ ਕਰਦੇ ਹਨ ਪਰ ਵੋਟਾਂ ਮਗਰੋਂ ਉਨ੍ਹਾਂ ਦੀ ਸਾਰ ਲੈਣ ਕੋਈ ਨਹੀਂ ਆਉਂਦਾ।
ਉਨ੍ਹਾਂ ਨੂੰ ਇਹ ਵੀ ਗਿਲਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਮੰਤਰੀਆਂ ਵਿੱਚੋਂ ਕੋਈ ਵੀ ਉਨ੍ਹਾਂ ਦੇ ਪਿੰਡ ਦੀ ਸਾਰ ਲੈਣ ਨਹੀਂ ਪਹੁੰਚਿਆ।
ਪਹਾੜੀ ਇਲਾਕਿਆਂ ਵਿੱਚ ਲਗਾਤਾਰ ਪੈ ਰਹੇ ਮੀਂਹ ਕਰਕੇ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਅਤੇ ਪੰਜਾਬ ਦੇ ਸੱਤ ਜ਼ਿਲ੍ਹੇ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਹਨ।
ਸੂਬੇ ਵਿੱਚ ਹੜ੍ਹ ਕਾਰਨ ਹਜ਼ਾਰਾਂ ਏਕੜ ਫ਼ਸਲ ਇਸ ਸਮੇਂ ਪਾਣੀ ਵਿੱਚ ਡੁੱਬੀ ਹੋਈ ਹੈ।
ਮੰਡ ਇਲਾਕੇ ਦੇ ਕੀ ਹਾਲਾਤ ਹਨ?

ਬਿਆਸ ਦਰਿਆ ਨਾਲ ਲੱਗਦੇ ਇਲਾਕਿਆਂ ਨੂੰ ਮੰਡ ਦਾ ਇਲਾਕਾ ਕਿਹਾ ਜਾਂਦਾ ਹੈ।
ਇੱਥੇ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ। ਖੇਤਾਂ ਅਤੇ ਦਰਿਆ ਦੀ ਦੂਰੀ ਪਾਣੀ ਨੇ ਫ਼ਿਲਹਾਲ ਖ਼ਤਮ ਕੀਤੀ ਹੋਈ ਹੈ। ਭਾਰਤੀ ਫੌਜ ਅਤੇ ਪੰਜਾਬ ਸਰਕਾਰ ਦੇ ਅਧਿਕਾਰੀ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਇਥੇ ਪਹੁੰਚਾਉਣ ਵਿੱਚ ਲੱਗੇ ਹੋਏ ਹਨ।
ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਕਰਕੇ ਐਡਵਾਂਸ ਬੰਨ੍ਹ ਤੋਂ ਬਾਊਪੁਰ ਪੁਲ ਨੂੰ ਜਾਂਦੀ ਸੜਕ ਉੱਤੇ ਵੀ ਪਾਣੀ ਚੜ੍ਹ ਗਿਆ ਹੈ।
ਇਸ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਪਾਣੀ ਦਾ ਪੱਧਰ ਵੱਧ ਰਿਹਾ ਹੈ ਤਾਂ ਹਾਲਾਤ 1988 ਵਾਲੇ ਬਣ ਸਕਦੇ ਹਨ।
1988 ਵਿੱਚ ਪੰਜਾਬ ਵਿੱਚ ਭਿਆਨਕ ਹੜ ਆਏ ਸਨ ਜਿਸ ਦੌਰਾਨ ਕਾਫ਼ੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ।
ਬੀਬੀਸੀ ਦੀ ਟੀਮ ਨੇ ਦੇਖਿਆ ਕਿ ਇਲਾਕੇ ਵਿੱਚ ਕਈ ਕਿਸਾਨਾਂ ਦੇ ਘਰ ਪਾਣੀ ਦੇ ਤੇਜ਼ ਵਹਾਅ ਨੇ ਢਹਿ-ਢੇਰੀ ਕਰ ਦਿੱਤੇ ਹਨ।

ਇਸ ਇਲਾਕੇ ਵਿੱਚ ਅਸੀਂ ਦੇਖਿਆ ਕਿ ਲੋਕ ਕਿਸ਼ਤੀਆਂ ਰਾਹੀ ਆਪਣਾ ਜ਼ਰੂਰੀ ਸਮਾਨ ਸੁਰੱਖਿਅਤ ਟਿਕਾਣਿਆਂ ਉੱਤੇ ਪਹੁੰਚਾ ਰਹੇ ਸਨ। ਇੱਕ ਵੱਡੀ ਬੇੜੀ ਦੇ ਜਰੀਏ ਕੁਝ ਲੋਕ ਪਸ਼ੂਆਂ ਨੂੰ ਵੀ ਹੜ੍ਹ ਵਾਲੇ ਇਲਾਕੇ ਤੋਂ ਬਾਹਰ ਕੱਢਦੇ ਦਿਖਾਈ ਦਿੱਤੇ।
ਮਾਓਦਾਬਾਦ ਪਿੰਡ ਦੇ ਮੇਜਰ ਸਿੰਘ ਵੀ ਕਿਸ਼ਤੀ ਦੇ ਰਾਹੀਂ ਆਪਣੇ ਪਸ਼ੂ ਹੜ੍ਹ ਪ੍ਰਭਾਵਿਤ ਇਲਾਕੇ ਤੋਂ ਦੂਰ ਲੈ ਕੇ ਜਾਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ।
ਮੇਜਰ ਸਿੰਘ ਨੇ ਦੱਸਿਆ ਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਇਸ ਕਰਕੇ ਹੁਣ ਉਹਨਾਂ ਨੇ ਵੱਡੀ ਕਿਸ਼ਤੀ ਦਾ ਪ੍ਰਬੰਧ ਕੀਤਾ ਹੈ ਅਤੇ ਇਸ ਦੇ ਜਰੀਏ ਪਸ਼ੂਆਂ ਨੂੰ ਬਾਹਰ ਲਿਜਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਸੁਰੱਖਿਅਤ ਥਾਂ ਉੱਤੇ ਪਸ਼ੂਆਂ ਦਾ ਟਿਕਾਣਾ ਕੀਤਾ ਜਾਵੇਗਾ, ਕਿਉਂਕਿ ਤੂੜੀ ਅਤੇ ਹੋਰ ਸਾਰਾ ਸਮਾਨ ਪਾਣੀ ਕਰ ਕੇ ਖ਼ਰਾਬ ਹੋ ਗਿਆ ਹੈ।
ਮੇਜਰ ਸਿੰਘ ਇਸ ਗੱਲ ਨੂੰ ਲੈ ਕੇ ਵੀ ਪਰੇਸ਼ਾਨ ਦਿਖਾਈ ਦਿੱਤੇ ਕਿ ਟਰੈਕਟਰ ਅਤੇ ਖੇਤੀ ਬਾੜੀ ਦੇ ਹੋਰ ਸੰਦ ਕਿਸ ਤਰੀਕੇ ਨਾਲ ਬਾਹਰ ਕੱਢੇ ਜਾਣ, ਕਿਉਂਕਿ ਪਾਣੀ ਦਾ ਵਹਾਅ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ।
ਬਾਊਪੁਰ ਪਿੰਡ ਦੇ ਕੁਲਦੀਪ ਕੌਰ ਵੀ ਕਿਸ਼ਤੀ ਦੇ ਜਰੀਏ ਘਰ ਦਾ ਜ਼ਰੂਰੀ ਸਮਾਨ ਲੈ ਕੇ ਹੜ ਪ੍ਰਭਾਵਿਤ ਇਲਾਕੇ ਤੋਂ ਬਾਹਰ ਆਏ ਹੈ।
ਉਨ੍ਹਾਂ ਦੱਸਿਆ, "ਹਰ ਦੋ – ਤਿੰਨ ਸਾਲ ਬਾਅਦ ਸਾਨੂੰ ਹੜ੍ਹਾਂ ਦੀ ਮਾਰ ਪੈਂਦੀ ਹੈ ਘਰ ਛੱਡਣੇ ਸੌਖੇ ਨਹੀਂ ਹਨ, ਪਰ ਕੀ ਕਰੀਏ ਉੱਥੇ ਹਾਲਤ ਖ਼ਰਾਬ ਹੋ ਚੁੱਕੇ ਹਨ।"
ਕੁਲਦੀਪ ਕੌਰ ਦੱਸਦੇ ਹਨ, " ਸਾਲ 2023 ਵਿੱਚ ਕਰੀਬ ਛੇ ਮਹੀਨੇ ਰਿਸ਼ਤੇਦਾਰਾਂ ਦੇ ਘਰ ਰਹਿਣ ਤੋਂ ਬਾਅਦ ਉਹ ਘਰ ਪਰਤੇ ਸਨ, ਪਾਣੀ ਕਾਰਨ ਖ਼ਰਾਬ ਹੋਏ ਘਰ ਨੂੰ ਬਹੁਤ ਹੀ ਮੁਸ਼ਕਿਲ ਨਾਲ ਠੀਕ ਕੀਤਾ ਸੀ ਅਤੇ ਹੁਣ ਫਿਰ ਤੋਂ ਪਾਣੀ ਦੀ ਮਾਰ ਪੈ ਗਈ ਹੈ, ਸਾਡੀ ਸਾਰ ਲੈਣ ਵਾਲਾ ਕੋਈ ਨਹੀਂ।"
ਉਨ੍ਹਾਂ ਦੱਸਿਆ ਕਿ ਹੁਣ ਉਹ ਤੰਬੂ ਲਾ ਕੇ ਰੈਣ ਬਸੇਰਾ ਕਰਨ ਲਈ ਮਜਬੂਰ ਹੋ ਗਏ ਹਨ।
ਆਏ ਸਾਲ ਬੰਨ੍ਹਾਂ ਦਾ ਟੁੱਟਣਾ

ਇਹ ਪਹਿਲੀ ਵਾਰ ਨਹੀਂ ਕਿ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਵਿੱਚ ਹੜ ਆਇਆ ਹੈ, ਸਗੋਂ ਵਾਰ-ਵਾਰ ਹੜ੍ਹ ਆਉਣ ਕਾਰਨ ਇੱਥੇ ਲੋਕਾਂ ਨੇ ਘਰ-ਘਰ ਕਿਸ਼ਤੀਆਂ ਰੱਖੀਆਂ ਹੋਈਆਂ ਹਨ।
ਇਸ ਇਲਾਕੇ ਦੇ ਨੌਜਵਾਨ ਸੁੱਖਾ ਸਿੰਘ ਨੇ ਦੱਸਿਆ ਕਿ ਮੰਡ ਖ਼ੇਤਰ ਅਤੇ ਸੁਲਤਾਨਪੁਰ ਲੋਧੀ ਵਿੱਚ ਧੁੱਸੀ ਬੰਨ੍ਹ ਦੀ ਕਮਜ਼ੋਰੀ ਕਾਰਨ ਅਕਸਰ ਪਾਣੀ ਬਾਹਰ ਨਿਕਲ ਜਾਂਦਾ ਹੈ ਅਤੇ ਇਸ ਵਾਰ ਵੀ ਐਡਵਾਂਸ ਬੰਨ੍ਹ ਟੁੱਟਣ ਕਾਰਨ 16 ਦੇ ਕਰੀਬ ਪਿੰਡ ਪਾਣੀ ਦੀ ਲਪੇਟ ਵਿੱਚ ਆ ਗਏ।
ਅਡਵਾਂਸ ਬੰਨ੍ਹ ਦਾ ਮਤਲਬ ਦਰਿਆ ਦੇ ਕਿਨਾਰਿਆਂ ਤੋਂ ਦੂਰ ਵੱਖ-ਵੱਖ ਥਾਂਵਾਂ ਉਤੇ ਬੰਨ੍ਹ ਬਣਾਏ ਜਾਂਦੇ ਹਨ ਤਾਂ ਜੋ ਪਿੰਡਾਂ ਵਿੱਚ ਪਾਣੀ ਨੂੰ ਦਾਖਲ ਹੋਣ ਤੋਂ ਰੋਕਿਆ ਜਾਵੇ।
ਉਨ੍ਹਾਂ ਦੱਸਿਆ ਕਿ ਦਰਿਆ ਵਿੱਚ ਰੇਤ ਚੁੱਕਣ ਦੀ ਮਨਾਹੀ ਹੈ ਜਿਸ ਕਾਰਨ ਦਰਿਆ ਦਾ ਪੱਧਰ ਕਾਫ਼ੀ ਉੱਚਾ ਹੋ ਗਿਆ ਹੈ ਅਤੇ ਦੂਜੇ ਪਾਸੇ ਬੰਨ੍ਹਾਂ ਦੀ ਸਮੇਂ ਸਿਰ ਮੁਰੰਮਤ ਨਾ ਹੋਣ ਅਤੇ ਢੁਕਵੀਂ ਦੇਖਭਾਲ ਦੀ ਕਮੀ ਕਾਰਨ ਇਹ ਅਕਸਰ ਟੁੱਟ ਜਾਂਦੇ ਹਨ, ਜਿਸ ਵੀ ਨਾਲ ਪਾਣੀ ਖੇਤਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਦਾਖ਼ਲ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਲਾਕੇ ਦੇ ਵਿਧਾਇਕ ਅਤੇ ਲੋਕਾਂ ਨੇ ਆਪ ਹੰਭਲਾ ਮਾਰ ਕੇ ਕੁਝ ਬੰਨਾਂ ਨੂੰ ਹੋਰ ਮਜ਼ਬੂਤ ਕੀਤਾ ਹੈ ਪਰ ਇਸ ਵਾਰ ਇਹ ਦੂਜੀ ਥਾਂ ਤੋਂ ਟੁੱਟ ਗਿਆ ਅਤੇ ਪਾਣੀ ਵਿੱਚ ਦਾਖ਼ਲ ਹੋ ਗਿਆ।
ਇਸ ਇਲਾਕੇ ਵਿੱਚ ਵਾਰ ਵਾਰ ਹੜ੍ਹ ਆਉਣ ਅਤੇ ਪ੍ਰਬੰਧ ਨਾ ਕੀਤੇ ਜਾਣ ਬਾਰੇ, ਮੰਡ ਇਲਾਕੇ ਦੇ ਦੌਰ ਉੱਤੇ ਆਏ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੂੰ ਵੀ ਬੀਬੀਸੀ ਇਹ ਸਵਾਲ ਕੀਤਾ।
ਉਨ੍ਹਾਂ ਆਖਿਆ "ਕੁਦਰਤੀ ਆਫ਼ਤਾਂ ਦੇ ਅੱਗੇ ਕਿਸੇ ਵੀ ਜ਼ੋਰ ਨਹੀਂ ਚੱਲਦਾ ਅਤੇ ਇਸ ਵਾਰ ਵੀ ਅਜਿਹਾ ਹੀ ਹੋਇਆ ਹੈ, ਇਸ ਵਕਤ ਸਰਕਾਰ ਲੋਕਾਂ ਨੂੰ ਬਚਾਉਣ ਉੱਤੇ ਲੱਗੀ ਹੋਈ ਹੈ ਅਤੇ ਮੀਂਹ ਤੋਂ ਪਹਿਲਾਂ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ ਪਰ ਪਹਾੜੀ ਇਲਾਕਿਆਂ ਵਿੱਚ ਮੀਂਹ ਹੀ ਇੰਨਾ ਜ਼ਿਆਦਾ ਪਿਆ, ਹੜ੍ਹ ਦੇ ਹਾਲਤ ਪੈਦਾ ਹੋ ਗਏ "।
ਮਾਹਰਾਂ ਦਾ ਕੀ ਕਹਿਣਾ
ਸਿੰਜਾਈ ਵਿਭਾਗ ਤੋਂ ਇੰਜੀਨੀਅਰ ਵਜੋਂ ਰਿਟਾਇਰ ਹੋਏ ਸੁਖਦਰਸ਼ਨ ਨੱਤ ਕਹਿੰਦੇ ਹਨ ਕਿ ਬੀਤੇ ਸਾਲਾਂ ਵਿੱਚ ਸਿੰਜਾਈ ਮਹਿਕਮੇ ਦੇ ਫੰਡਜ਼ ਵਿੱਚ ਕਟੌਤੀ ਹੋਈ ਹੈ ਉੱਥੇ ਹੀ ਸਰਕਾਰ ਵੱਲੋਂ ਧੁੱਸੀ ਬੰਨ੍ਹ ਪੱਕੇ ਕੀਤੇ ਜਾਣ ਵੱਲ ਧਿਆਨ ਨਹੀਂ ਦਿੱਤਾ ਗਿਆ।
ਉਹ ਕਹਿੰਦੇ, "ਕਈ ਥਾਵਾਂ ਉੱਤੇ ਧੁੱਸੀ ਬੰਨ੍ਹ ਦੇ ਅੰਦਰ ਵੀ ਖੇਤੀ ਹੁੰਦੀ ਹੈ, ਦਰਿਆਵਾਂ ਵਿੱਚ ਪਾਣੀ ਦੇ ਵਧਣ ਨਾਲ ਇਨ੍ਹਾਂ ਖੇਤਾਂ ਦਾ ਨੁਕਸਾਨ ਹੁੰਦਾ ਹੈ ਪਰ ਧੁੱਸੀ ਬੰਨ੍ਹਾਂ ਦਾ ਟੁੱਟਣਾ ਰੋਕਿਆ ਜਾ ਸਕਦਾ ਹੈ।"
ਉਹ ਦੱਸਦੇ ਹਨ ਕਿ ਸਰਕਾਰੀ ਵਿਭਾਗਾਂ ਦੇ ਕੋਲ ਲੋੜੀਂਦਾ ਡਾਟਾ ਹੁੰਦਾ ਹੈ ਜਿਸ ਤੋਂ ਉਹ ਅੰਦਾਜ਼ਾ ਲਗਾ ਕੇ ਬੰਨ੍ਹ ਬਣਾਏ ਜਾ ਸਕਦੇ ਹਨ।
ਉਹ ਕਹਿੰਦੇ ਹਨ ਨੁਕਸਾਨ ਹੋਣ ਤੋਂ ਬਾਅਦ ਲੋਕਾਂ ਲਈ ਮੁਆਵਜ਼ੇ ਨਾਲੋਂ ਪਹਿਲਾਂ ਹੀ ਇਸ ਪਾਸੇ ਵੱਲ੍ਹ ਧਿਆਨ ਦੇਣਾ ਚਾਹੀਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












