ਪੰਜਾਬ 'ਚ ਹੜ੍ਹਾਂ ਦੀ ਮਾਰ: ਖੇਤ ਡੁੱਬੇ, ਘਰ ਡੁੱਬੇ... ਖਾਣਾ ਪਹੁੰਚਾਉਣ ਲਈ ਹੋ ਰਿਹਾ ਡਰੋਨਜ਼ ਦਾ ਇਸਤੇਮਾਲ

ਡਰੋਨ ਰਾਹੀਂ ਖਾਣਾ ਪਹੁੰਚਾਉਂਦੇ ਹੋਏ ਲੋਕ

ਤਸਵੀਰ ਸਰੋਤ, Gurpreet Chawala/ BBC

ਭਾਰੀ ਮੀਂਹ ਅਤੇ ਹੜ੍ਹਾਂ ਨਾਲ ਪੰਜਾਬ ਦੇ ਕਈ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ, ਲੋਕਾਂ ਦੇ ਘਰ ਡੁੱਬ ਗਏ ਹਨ ਅਤੇ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਚੁੱਕਿਆ ਹੈ।

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਡੇਰਾ ਬਾਬਾ ਨਾਨਕ ਇਲਾਕੇ ਚ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਕਰਨ ਲਈ ਡਰੋਨ ਦੀ ਸਹਾਇਤਾ ਲਈ ਜਾ ਰਹੀ ਹੈ , ਡਰੋਨ ਰਾਹੀਂ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਡਾ. ਅਦਿੱਤਯ ਸ਼ਰਮਾ ਨੇ ਦੱਸਿਆ ਕਿ ਰਾਵੀ ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ ਵਿੱਚ ਹੜ੍ਹ ਦਾ ਪਾਣੀ ਪਿੰਡਾਂ 'ਚ ਹੈ। ਇਸ ਪਾਣੀ 'ਚ ਫਸੇ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਉਣ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ ਜਿਸ ਦੇ ਚੱਲਦੇ ਉਹਨਾਂ ਵੱਲੋ ਖੇਤੀਬਾੜੀ ਕੰਮਾਂ (ਸਪਰੇਅ ਆਦਿ) ਕਰਨ ਵਾਲੇ ਡਰੋਨ ਰਾਹੀਂ ਪਾਣੀ ਵਿੱਚ ਘਿਰੇ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਡਰੋਨ ਜਰੀਏ ਪ੍ਰਭਾਵਿਤ ਲੋਕਾਂ ਤੱਕ ਸੁੱਕਾ ਰਾਸ਼ਨ, ਪੀਣ ਵਾਲਾ ਪਾਣੀ ਅਤੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਹਨ।

ਪੰਜਾਬ 'ਚ ਹੜ੍ਹਾਂ ਦੀ ਮਾਰ

ਤਸਵੀਰ ਸਰੋਤ, Ravinder Singh Robin/BBC

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੀ ਹਾਲ ਕੁਝ ਇਸੇ ਤਰ੍ਹਾਂ ਦਾ ਹੈ, ਜਿੱਥੇ ਹੜ੍ਹਾਂ ਨਾਲ ਲਗਭਗ ਇੱਕ ਦਰਜਨ ਪਿੰਡ ਪ੍ਰਭਾਵਿਤ ਹੋਏ ਹਨ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ ਮੁਤਾਬਕ, ਫਿਲਹਾਲ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਵਿੱਚ ਬਚਾਅ ਅਤੇ ਰਾਹਤ ਕਾਰਜ ਪੂਰੇ ਜ਼ੋਰਾਂ 'ਤੇ ਹਨ।

ਹਾਲਾਤ ਇਹ ਹਨ ਕਿ ਭਾਰਤੀ ਫੌਜ ਨੇ ਆਪਣੇ ਉੱਨਤ ATOR N1200 ਐੱਮਫੀਬੀਅਸ ਆਲ-ਟਰੇਨ ਵਾਹਨ ਤਾਇਨਾਤ ਕੀਤੇ ਹਨ, ਜੋ ਕਿ ਡੂੰਘੇ ਪਾਣੀਆਂ ਅਤੇ ਉਬੜ-ਖਾਬੜ ਇਲਾਕਿਆਂ ਵਿੱਚ ਆਸਾਨੀ ਨਾਲ ਕੰਮ ਕਰ ਸਕਦੇ ਹਨ।

ਮੌਕੇ 'ਤੇ ਮੌਜੂਦ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਪਾਣੀ ਵਿੱਚ ਫਸੇ ਪਿੰਡ ਵਾਸੀਆਂ ਨੂੰ ਕੱਢਣ ਲਈ ਫੌਜ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

ਅਧਿਕਾਰੀਆਂ ਨੇ ਕਿਹਾ ਹੈ ਕਿ ਇਲਾਕੇ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਕੁਝ ਰਾਹਤ ਮਿਲੀ ਹੈ। ਹਾਲਾਂਕਿ, ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਹੜ੍ਹ ਨਾਲ ਸਬੰਧਤ ਜੋਖਮ ਤੁਰੰਤ ਘੱਟ ਹੋਣ ਦੇ ਬਾਅਦ ਵੀ ਨਿਰੰਤਰ ਸਹਾਇਤਾ ਅਤੇ ਪੁਨਰਵਾਸ ਉਪਾਵਾਂ ਦੀ ਲੋੜ ਹੋਵੇਗੀ।

ਮਾਧੋਪੁਰ
ਤਸਵੀਰ ਕੈਪਸ਼ਨ, ਰਾਵੀ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਨੁਕਸਾਨੀ ਗਈ ਇਮਾਰਤ

ਪਹਾੜੀ ਇਲਾਕਿਆਂ ਵਿੱਚ ਲਗਾਤਾਰ ਪੈਂਦੇ ਮੀਂਹ ਕਾਰਨ ਪੰਜਾਬ ਦੇ ਕਈ ਇਲਾਕੇ ਹੜ੍ਹ ਵਿੱਚ ਘਿਰ ਗਏ ਹਨ। ਖ਼ਾਸ ਤੌਰ ਉੱਤੇ ਪਠਾਨਕੋਟ, ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਕਪੂਰਥਲਾ, ਫ਼ਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡ ਹੜ੍ਹ ਦੀ ਮਾਰ ਹੇਠ ਹਨ।

ਪੰਜਾਬ ਵਿੱਚ ਦਰਿਆ, ਨਦੀਆਂ ਅਤੇ ਨਾਲੇ ਇਸ ਸਮੇਂ ਪਾਣੀ ਨਾਲ ਨੱਕੋਂ-ਨੱਕ ਭਰੇ ਹੋਏ ਹਨ, ਜਿਸ ਕਾਰਨ ਪਾਣੀ ਕਈ ਪਿੰਡਾਂ ਵਿੱਚ ਦਾਖ਼ਲ ਹੋ ਗਿਆ ਹੈ।

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੀ ਰਿਪੋਰਟ ਮੁਤਾਬਕ, ਪੰਜਾਬ ਸਰਕਾਰ ਦੇ ਨਾਲ-ਨਾਲ, ਭਾਰਤੀ ਫੌਜ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਵੱਖ-ਵੱਖ ਥਾਵਾਂ ਉੱਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।

ਜੰਮੂ-ਪਠਾਨਕੋਟ ਹਾਈਵੇ ਉੱਤੇ ਆਵਾਜਾਈ ਬੰਦ ਹੈ ਤੇ ਟਰੱਕਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

ਜੰਮੂ-ਕਸ਼ਮੀਰ ਤੋਂ ਪਠਾਨਕੋਟ ਦੇ ਮਾਧੋਪੁਰ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਣ ਵਾਲਾ ਰਾਵੀ ਦਰਿਆ ਬੁੱਧਵਾਰ ਨੂੰ ਉਫਾਨ ਉੱਤੇ ਸੀ।

ਦਰਿਆ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ ਪਠਾਨਕੋਟ ਅਤੇ ਮਾਧੋਪੁਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਦਾਖਲ ਹੋ ਗਿਆ ਜਿਸ ਕਾਰਨ ਪਠਾਨਕੋਟ -ਜੰਮੂ ਹਾਈਵੇ ਬੁੱਧਵਾਰ ਨੂੰ ਕਈ ਘੰਟੇ ਬੰਦ ਰਿਹਾ।

ਜੰਮੂ-ਪੰਜਾਬ
ਤਸਵੀਰ ਕੈਪਸ਼ਨ, ਜੰਮੂ ਅਤੇ ਪੰਜਾਬ ਨੂੰ ਜੋੜਨ ਵਾਲੀ ਸੜਕ ਵੀ ਟੁੱਟ ਗਈ

ਪਠਾਨਕੋਟ ਵਿਖੇ ਬੀਬੀਸੀ ਦੀ ਟੀਮ ਨੇ ਦੇਖਿਆ ਕਿ ਨੈਸ਼ਨਲ ਹਾਈਵੇਅ ਦੇ ਇੱਕ ਪਾਸੇ ਟਰੱਕਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਕਈ ਕਿਲੋਮੀਟਰ ਤੱਕ ਲੱਗੀਆਂ ਹੋਈਆਂ ਸਨ। ਪ੍ਰਸ਼ਾਸਨ ਨੇ ਸਥਿਤੀ ਨੂੰ ਦੇਖਦੇ ਹੋਏ ਭਾਰੀ ਵਾਹਨਾਂ ਦੀ ਆਵਾਜਾਈ ਇਸ ਮਾਰਗ ਉੱਤੇ ਬੁੱਧਵਾਰ ਸ਼ਾਮ ਤੱਕ ਰੋਕੀ ਹੋਈ ਹੈ।

ਇਸ ਤੋਂ ਇਲਾਵਾ ਵੈਸ਼ਨੋ ਦੇਵੀ ਅਤੇ ਹੋਰ ਤੀਰਥ ਅਸਥਾਨਾਂ ਉੱਤੇ ਕੁਝ ਯਾਤਰੀ ਹਾਈਵੇ ਖੁੱਲ੍ਹਣ ਦਾ ਇੰਤਜ਼ਾਰ ਕਰਦੇ ਦਿਖਾਈ ਦਿੱਤੇ।

ਜਲੰਧਰ ਤੋਂ ਸਬਜ਼ੀ ਲੈ ਕੇ ਜੰਮੂ ਜਾ ਰਹੇ ਟਰੱਕ ਡਰਾਈਵਰ ਬਹਾਦਰ ਸਿੰਘ ਨੇ ਦੱਸਿਆ, "ਮੰਗਲਵਾਰ ਦੁਪਹਿਰ ਤੋਂ ਹੀ ਹਾਈਵੇ ਖੁੱਲਣ ਦਾ ਇੰਤਜ਼ਾਰ ਕਰ ਰਹੇ ਹਾਂ। ਬੁੱਧਵਾਰ ਹਲਕੀ ਬਾਰਿਸ਼ ਹੋਈ ਸੀ ਪਰ ਦਿਨ ਵਿੱਚ ਮੌਸਮ ਸਾਫ਼ ਰਿਹਾ ਪਰ ਹਾਈਵੇਅ ਉਤੇ ਆਵਜਾਈ ਫਿਲਹਾਲ ਬੰਦ ਹੈ। ਸ਼ਾਮ ਸਮੇਂ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਥੋੜ੍ਹਾ ਘੱਟ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਕੁਝ ਸਮੇਂ ਲਈ ਆਵਜਾਈ ਟਰੱਕਾਂ ਲਈ ਬਹਾਲ ਵੀ ਕਰ ਦਿੱਤੀ।"

ਜੰਮੂ ਤੋਂ ਚੰਡੀਗੜ੍ਹ ਜਾ ਰਹੇ ਭਾਰਤੀ ਫੌਜ ਦੇ ਜਵਾਨ ਰਣਜੀਤ ਸਿੰਘ ਨੇ ਦੱਸਿਆ ਮੀਂਹ ਦੇ ਕਾਰਨ ਜੰਮੂ ਦੇ ਹਾਲਾਤ ਵੀ ਠੀਕ ਨਹੀਂ ਹਨ।

ਰਣਜੀਤ ਸਿੰਘ ਮੁਤਾਬਕ, "ਉਹ ਸਵੇਰੇ ਛੇ ਵਜੇ ਜੰਮੂ ਤੋਂ ਚੰਡੀਗੜ੍ਹ ਲਈ ਰਵਾਨਾ ਹੋਇਆ ਸੀ ਪਰ ਰਸਤੇ ਵਿੱਚ ਸੜਕਾਂ ਅਤੇ ਪੁੱਲ ਟੁੱਟਣ ਕਾਰਨ ਸ਼ਾਮੀਂ ਕਰੀਬ ਪੰਜ ਵਜੇ ਪਠਾਨਕੋਟ ਪਹੁੰਚਿਆ ਅਤੇ ਹੁਣ ਅੱਗੇ ਚੰਡੀਗੜ੍ਹ ਲਈ ਕਿੰਨਾ ਟਾਈਮ ਲੱਗੇ ਇਸ ਦਾ ਕੁਝ ਵੀ ਨਹੀਂ ਪਤਾ ਕਿਉਂਕਿ ਬੱਸ ਅਤੇ ਰੇਲ ਆਵਾਜਾਈ ਬੰਦ ਪਈ ਹੈ।"

ਵੀਡੀਓ ਕੈਪਸ਼ਨ, Punjab ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ, ਸੂਬੇ ਦੇ ਸਾਰੇ ਸਕੂਲਾਂ ਵਿੱਚ 27 ਅਗਸਤ ਤੋਂ ਛੁੱਟੀਆਂ ਦਾ ਐਲਾਨ
ਇਹ ਵੀ ਪੜ੍ਹੋ-

ਪਠਾਨਕੋਟ ਅਤੇ ਮਾਧੋਪੁਰ ਦੀ ਸਥਿਤੀ

ਬੀਬੀਸੀ ਦੀ ਟੀਮ ਨੇ ਦੇਖਿਆ ਕਿ ਪਠਾਨਕੋਟ ਦੇ ਨੀਵੇਂ ਇਲਾਕਿਆਂ ਵਿੱਚ ਰਾਵੀ ਦਰਿਆ ਦਾ ਪਾਣੀ ਆਇਆ ਹੈ। ਸ਼ਹਿਰ ਦੇ ਵਿੱਚ ਦੀ ਹੋ ਕੇ ਜਾਣ ਵਾਲੀਆਂ ਨਦੀਆਂ ਇਸ ਵਕਤ ਪੂਰੇ ਉਫਾਨ ਉੱਤੇ ਚੱਲ ਰਹੀਆਂ ਹਨ।

ਪਠਾਨਕੋਟ ਸ਼ਹਿਰ ਵਿੱਚ ਥਾਂ-ਥਾਂ ਉੱਤੇ ਰਾਵੀ ਦਰਿਆ ਦਾ ਤੇਜ਼ ਪਾਣੀ ਆਪਣੀ ਨਿਸ਼ਾਨੀਆਂ ਛੱਡ ਕੇ ਗਿਆ ਹੋਇਆ ਸੀ ਜਿਸ ਵਿੱਚ ਜੜਾਂ ਤੋਂ ਪੁੱਟੇ ਗਏ ਦਰਖ਼ਤ ਅਤੇ ਤਬਾਹ ਹੋਈਆਂ ਸੜਕਾਂ ਪ੍ਰਮੁੱਖ ਸਨ।

ਰਾਵੀ ਦਰਿਆ ਜੰਮੂ-ਕਸ਼ਮੀਰ ਤੋਂ ਮਾਧੋਪੁਰ ਪਿੰਡ ਤੋਂ ਪੰਜਾਬ ਵਿੱਚ ਦਾਖ਼ਲ ਹੁੰਦਾ ਹੈ। ਬੀਬੀਸੀ ਦੀ ਟੀਮ ਨੇ ਦੇਖਿਆ ਕਿ ਦਰਿਆ ਦੇ ਨੇੜੇ ਬਣਾਇਆ ਹੋਇਆ ਹੋਟਲ ਕੋਰਲ ਰੀਵਰ ਵਿੱਚ ਦਾਖ਼ਲ ਹੋਇਆ ਜਿੱਥੇ ਰਾਵੀ ਦਾ ਪਾਣੀ ਆਪਣੀਆਂ ਪੈੜਾਂ ਛੱਡ ਕੇ ਗਿਆ ਹੋਇਆ ਸੀ।

ਇਸ ਹੋਟਲ ਦੇ ਮਾਲਕ ਦਿਨੇਸ਼ ਮਹਾਜਨ ਨੇ ਬੀਬੀਸੀ ਨੂੰ ਦੱਸਿਆ, "ਮੰਗਲਵਾਰ ਸ਼ਾਮੀ ਛੇ ਵਜੇ ਦੇ ਕਰੀਬ ਪਾਣੀ ਦਾ ਪੱਧਰ ਰਾਵੀ ਵਿੱਚ ਵੱਧਣਾ ਸ਼ੁਰੂ ਹੋ ਗਿਆ ਅਤੇ ਹੌਲੀ-ਹੌਲੀ ਉਹ ਹੋਟਲ ਵਿੱਚ ਦਾਖ਼ਲ ਹੋ ਗਿਆ, ਹਾਲਾਂਕਿ ਪਾਣੀ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਨੇ ਹੋਟਲ ਦਾ ਕਾਫ਼ੀ ਨੁਕਸਾਨ ਕਰ ਦਿੱਤਾ।"

75 ਸਾਲਾ ਦਿਨੇਸ਼ ਮਹਾਜਨ ਕਹਿੰਦੇ ਹਨ ਕਿ 1988 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਰਾਵੀ ਦਰਿਆ ਨੇ ਆਪਣਾ ਅਸਰ ਛੱਡਿਆ ਹੈ। ਯਾਦ ਰਹੇ ਕਿ 1988 ਵਿੱਚ ਪੰਜਾਬ ਵਿੱਚ ਹੜ੍ਹ ਦੀ ਭਾਰੀ ਮਾਰ ਪਈ ਸੀ।

ਪੰਜਾਬ ਵਾਲੇ ਪਾਸੇ ਤੋਂ ਰਾਵੀ ਦਰਿਆ ਨੂੰ ਪਾਰ ਕਰਕੇ ਜੰਮੂ ਦੇ ਕਠੂਆ ਜ਼ਿਲ੍ਹੇ ਵਿੱਚ ਪੈਂਦੇ ਲੱਖਨਪੁਰ ਵਿੱਚ ਜਦੋਂ ਬੀਬੀਸੀ ਦੀ ਟੀਮ ਪਹੁੰਚੀ ਤਾਂ ਰਾਵੀ ਦਰਿਆ ਦੇ ਪਾਣੀ ਦੀ ਤਬਾਹੀ ਸਾਫ਼ ਨਜ਼ਰ ਆਉਣ ਲੱਗੀ।

ਇੱਥੇ ਮੌਜੂਦ ਇੱਕ ਇਮਾਰਤ ਰਾਵੀ ਦਰਿਆ ਦੇ ਪਾਣੀ ਨੇ ਢਹਿ-ਢੇਰੀ ਕਰ ਦਿੱਤੀ ਅਤੇ ਨੈਸ਼ਨਲ ਹਾਈਵੇਅ ਦੇ ਇੱਕ ਪਾਸੇ ਦੀ ਸੜਕ ਵੀ ਆਪਣੇ ਨਾਲ ਰੋੜ ਕੇ ਲਿਆ ਗਿਆ। ਪਾਣੀ ਨਾਲ ਹੋਈ ਤਬਾਹੀ ਇੱਥੇ ਸਾਫ਼ ਦੇਖੀ ਜਾ ਸਕਦੀ ਸੀ।

ਰਾਵੀ ਦਰਿਆ

ਮਾਧੋਪੁਰ ਹੈੱਡਵਰਕਸ ਦਾ ਗੇਟ ਟੁੱਟਾ

ਜਦੋਂ ਬੀਬੀਸੀ ਦੀ ਟੀਮ ਮਾਧੋਪੁਰ ਹੈੱਡਵਰਕਸ ਉੱਤੇ ਪਹੁੰਚੀ ਤਾਂ ਅਚਾਨਕ ਉੱਥੇ ਮਾਧੋਪੁਰ ਹੈਡਵਰਕਸ 'ਤੇ ਬਿਰਾਜ ਡੈਮ ਦਾ ਇੱਕ ਗੇਟ ਅਚਾਨਕ ਟੁੱਟ ਗਿਆ ਜਿਸ ਕਾਰਨ ਕਈ ਕਰਮਚਾਰੀ ਉੱਥੇ ਫਸ ਗਏ।

ਇਨ੍ਹਾਂ ਵਿੱਚ ਐਕਸੀਅਨ, ਐੱਸਡੀਓ ਅਤੇ ਹੋਰ ਮੁਲਾਜ਼ਮ ਸਨ, ਇਨ੍ਹਾਂ ਕਰਮਚਾਰੀਆਂ ਨੂੰ ਭਾਰਤੀ ਹਵਾਈ ਫੌਜ ਹੈਲੀਕਾਪਟਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ।

ਇਸ ਦੌਰਾਨ ਗੇਟ ਟੁੱਟਣ ਕਾਰਨ ਇੱਕ ਵਿਅਕਤੀ ਪਾਣੀ ਵਿੱਚ ਰੁੜ ਵੀ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ।

 ਮਾਧੋਪੁਰ
ਤਸਵੀਰ ਕੈਪਸ਼ਨ, ਮਾਧੋਪੁਰ ਹੈਡਵਰਕਸ 'ਤੇ ਬਿਰਾਜ ਡੈਮ ਦਾ ਇੱਕ ਗੇਟ ਅਚਾਨਕ ਟੁੱਟ ਗਿਆ ਅਤੇ ਉੱਥੇ ਕਈ ਕਰਮਚਾਰੀ ਫਸ ਗਏ

ਬੀਬੀਸੀ ਦੀ ਟੀਮ ਨੇ ਦੇਖਿਆ ਕਿ ਸਵੇਰ ਦੇ ਮੁਕਾਬਲੇ ਸ਼ਾਮ ਤੱਕ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਕੁਝ ਘੱਟ ਹੋਇਆ ਹੈ, ਇਸ ਗੱਲ ਦੀ ਪੁਸ਼ਟੀ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਨੇ ਵੀ ਕੀਤੀ।

ਉਨ੍ਹਾਂ ਕਿਹਾ, "ਪਾਣੀ ਦਾ ਪੱਧਰ ਬੇਸ਼ੱਕ ਪਹਿਲਾਂ ਨਾਲੋਂ ਘੱਟ ਹੋਇਆ ਹੈ ਪਰ ਫਿਰ ਵੀ ਚੌਕਸ ਰਹਿਣ ਦੀ ਲੋੜ ਹੈ ਕਿਉਂਕਿ ਅਜੇ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ।"

ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਜੇਸ਼ ਸ਼ਰਮਾ ਮੁਤਾਬਕ, "ਪਹਾੜੀ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਾਰਨ ਪਾਣੀ ਬਹੁਤ ਹੀ ਤੇਜ਼ੀ ਨਾਲ ਮੈਦਾਨੀ ਇਲਾਕਿਆਂ ਵੱਲ ਵੱਧ ਰਿਹਾ ਹੈ।"

ਉਨ੍ਹਾਂ ਦੱਸਿਆ ਕਿ ਜੰਮੂ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਹੜ੍ਹ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਜਾ ਰਿਹਾ ਹੈ।

ਰਾਜੇਸ਼ ਸ਼ਰਮਾ ਨੇ ਦੱਸਿਆ, "ਹਾਈਵੇਅ ਦਾ ਇੱਕ ਹਿੱਸਾ ਰਾਵੀ ਦਰਿਆ ਵਿੱਚ ਰੁੜ ਗਿਆ ਹੈ ਅਤੇ ਜੇਕਰ ਪਹਾੜੀ ਇਲਾਕਿਆਂ ਵਿੱਚ ਹੋਰ ਬਾਰਿਸ਼ ਹੁੰਦੀ ਹੈ ਤਾਂ ਸਥਿਤੀ ਹੋਰ ਖ਼ਤਰਨਾਕ ਹੋ ਸਕਦੀ ਹੈ ਅਤੇ ਪ੍ਰਸ਼ਾਸਨ ਪੂਰੀ ਤਰਾਂ ਅਲਰਟ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)