ਪੰਜਾਬ ਹੜ੍ਹ: ਆਪਣਿਆਂ ਦੀ ਮਦਦ ਲਈ ਆਪ ਹੀ ਅੱਗੇ ਆਏ ਪੰਜਾਬੀ, 'ਅਸੀਂ ਤਾਂ ਦੂਜੇ ਮੁਲਕਾਂ ਤੇ ਸੂਬਿਆਂ 'ਚ ਜਾ ਕੇ ਸੇਵਾ ਕਰਦੇ ਹਾਂ, ਇੱਥੇ ਤਾਂ ਆਪਣਾ ਫਰਜ਼ ਬਣਦਾ ਹੈ'

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਲੇਖਕ, ਰਾਜੇਸ਼
- ਰੋਲ, ਬੀਬੀਸੀ ਸਹਿਯੋਗੀ
ਪੰਜਾਬ ਵਿੱਚੋਂ ਲੰਘਦਾ ਅਜਿਹਾ ਕੋਈ ਕੌਮੀ ਜਾਂ ਰਾਜ ਮਾਰਗ ਨਹੀਂ ਹੋਵੇਗਾ ਜਿੱਥੇ ਤੁਹਾਨੂੰ ਰਾਸ਼ਨ, ਪਸ਼ੂਆਂ ਦੇ ਚਾਰੇ ਅਤੇ ਮਿੱਟੀ ਨਾਲ ਭਰੀ ਟਰੈਕਟਰ ਟਰਾਲੀਆਂ ਜਾਂ ਟਰੱਕ ਨਜ਼ਰ ਨਾ ਆਉਂਦੇ ਹੋਣ। ਦਰਅਸਲ ਪੰਜਾਬ ਦੇ ਲਗਭਗ ਅੱਠ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ ਅਤੇ ਲੋਕ ਸੈਂਕੜੇ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਇੱਕ-ਦੂਜੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਹੜ੍ਹ ਪੀੜਤਾਂ ਦੀ ਮਦਦ ਲਈ ਆਪਣੇ-ਆਪਣੇ ਪਿੰਡਾਂ ਵਿੱਚੋਂ ਲੋੜੀਂਦੀ ਸਮੱਗਰੀ ਇਕੱਠੀ ਕਰ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾਈ ਜਾ ਰਹੀ ਹੈ।
ਟੁੱਟੇ ਬੰਨ੍ਹ ਨੂੰ ਭਰਨ ਵਾਸਤੇ ਮਿੱਟੀ, ਪਸ਼ੂਆਂ ਦਾ ਚਾਰੇ ਵਾਸਤੇ ਤੂੜੀ, ਸਾਇਲਜ਼ (ਮੱਕੀ ਦਾ ਆਚਾਰ) ਅਤੇ ਲੋਕਾਂ ਵਾਸਤੇ ਰਾਸ਼ਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾਇਆ ਜਾ ਰਿਹਾ ਹੈ।
ਇਸ ਵਿਚਾਲੇ ਬਠਿੰਡਾ ਜ਼ਿਲ੍ਹੇ ਦੇ ਗੋਨਿਆਣਾ ਪਿੰਡ ਦੇ ਵਸਨੀਕ ਪਸ਼ੂਆਂ ਵਾਸਤੇ ਚਾਰਾ ਇਕੱਠਾ ਕਰ ਰਹੇ ਹਨ।

ਗੋਨਿਆਣਾ ਪਿੰਡ ਦੇ ਨੰਬਰਦਾਰ ਰਾਜਵਿੰਦਰ ਸਿੰਘ ਰਾਜਾ ਨੇ ਦੱਸਿਆ, "ਅਸੀਂ ਹੜ੍ਹ ਪ੍ਰਭਾਵਿਤ ਪਸ਼ੂਆਂ ਲਈ ਆਚਾਰ (ਸਾਈਲਜ), ਤੂੜੀ ਅਤੇ ਦਾਣੇ ਦਾ ਪ੍ਰਬੰਧ ਕੀਤਾ ਹੈ। ਹਰਾ ਚਾਰਾ ਤਾਂ ਬਹੁਤ ਘੱਟ ਮੌਜੂਦ ਹੈ, ਇਸ ਲਈ ਇਹ ਆਚਾਰ, ਤੂੜੀ ਅਤੇ ਦਾਣਾ ਲੰਬੇ ਸਮੇਂ ਤੱਕ ਚੱਲੇਗਾ। ਪਸ਼ੂ ਭੁੱਖੇ ਮਰ ਰਹੇ ਹਨ ਅਤੇ ਇਹ ਸਾਡਾ ਫਰਜ਼ ਬਣਦਾ ਹੈ।"
ਪਿੰਡਵਾਸੀ ਬਲਵਿੰਦਰ ਸਿੰਘ ਖਾਲਸਾ ਨੇ ਦੱਸਿਆ ਉਹ ਪਸ਼ੂਆਂ ਵਾਸਤੇ ਸਮੱਗਰੀ ਲੈ ਕੇ ਜਾ ਰਹੇ ਹਨ।
ਉਨ੍ਹਾਂ ਨੇ ਦੱਸਿਆ, "ਇਸ ਵਿੱਚ 100 ਕੁਇੰਟਲ ਤੂੜੀ ਹੈ, 100 ਕੁ ਕੁਇੰਟਲ ਦਾਣਾ-ਪਾਣੀ ਹੈ। ਅਸੀਂ ਸੁਲਤਾਨਪੁਰ ਲੋਧੀ, ਫਿਰੋਜ਼ਪੁਰ ਅਤੇ ਜਿੱਥੇ-ਜਿੱਥੇ ਲੋੜ ਹੈ। ਅਸੀਂ ਤਾਂ ਦੂਜੇ ਮੁਲਕਾਂ ਅਤੇ ਸੂਬਿਆਂ ਵਿੱਚ ਜਾ ਕੇ ਸੇਵਾ ਕਰਦੇ ਹਾਂ, ਇਹ ਤਾਂ ਆਪਣਾ ਇੱਥੇ ਫਰਜ਼ ਬਣ ਜਾਂਦਾ ਹੈ। ਲੋਕ ਬਹੁਤ ਦੁਖੀ ਹਨ।"
"ਸਰਕਾਰ ਵੱਲੋਂ ਕੋਈ ਮਦਦ ਤਾਂ ਸਾਨੂੰ ਨਜ਼ਰ ਨਹੀਂ ਆਉਂਦੀ। ਆਪਣਾ ਸਾਰਾ ਪੰਜਾਬ, ਹਰਿਆਣਾ ਅਤੇ ਰਾਜਸਥਾਨ ਮਦਦ ਕਰ ਰਹੇ ਹਨ। ਲੋਕਾਂ ਦਾ ਨੁਕਸਾਨ ਤਾਂ ਇੰਨਾਂ ਜ਼ਿਆਦਾ ਹੋ ਗਿਆ ਹੈ ਕਿ ਦੋ-ਤਿੰਨ ਸਾਲ ਉੱਠ ਹੀ ਨਹੀਂ ਸਕਦੇ।"

ʻਇਹ ਤਾਂ ਫਿਰ ਆਪਣੇ ਭਰਾ ਹਨʼ
ਇਸੇ ਪਿੰਡ ਦੇ ਮਿੱਠੂ ਸਿੰਘ ਕਹਿੰਦੇ ਹਨ, "ਲੋਕ ਭੁੱਖੇ ਮਰ ਰਹੇ ਹਨ। ਮੀਂਹ ਨੇ ਘਰ ਢਾਹ ਦਿੱਤੇ ਹਨ, ਫ਼ਸਲਾਂ ਦਾ ਨੁਕਸਾਨ ਹੋ ਗਿਆ, ਪਸ਼ੂ ਵੀ ਉੱਜੜ ਗਏ ਹਨ। ਅਸੀਂ ਉਨ੍ਹਾਂ ਲਈ ਦਾਣਾ, ਪਾਣੀ, ਤੂੜੀ, ਆਟਾ ਅਤੇ ਸਾਈਲਜ ਲੈ ਕੇ ਜਾ ਰਹੇ ਹਾਂ। ਬਾਕੀ ਜੋ ਉਨ੍ਹਾਂ ਨੂੰ ਜਿਸ ਦੀ ਲੋੜ ਹੈ ਸਾਨੂੰ ਦੱਸਣ ਅਸੀਂ ਪਹੁੰਚਾਵਾਂਗੇ।"
ਇਸੇ ਤਰ੍ਹਾਂ ਜ਼ਿਲ੍ਹਾ ਮੁਕਤਸਰ ਦੇ ਪਿੰਡ ਬਾਦਲ ਦੇ ਵਸਨੀਕ ਵੀ ਲੋੜਵੰਦ ਲੋਕਾਂ ਲਈ ਅੱਗੇ ਆਏ ਹਨ। ਇਨ੍ਹਾਂ ਦਾ ਪਿੰਡ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਤੋਂ ਲਗਭਗ 180 ਕਿਲੋਮੀਟਰ ਦੂਰ ਸਥਿਤ ਹੈ। ਇਨ੍ਹਾਂ ਨੇ ਆਪਣੇ ਪਿੰਡ ਵਿੱਚ ਘਰ-ਘਰ ਜਾ ਕੇ ਰਾਸ਼ਨ ਇਕੱਠਾ ਕੀਤਾ ਅਤੇ ਹੁਣ ਇਹ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਜਾ ਰਹੇ ਹਨ।

ਪਿੰਡ ਬਾਦਲ ਤੋਂ ਵੀ ਪਿੰਡਵਾਸੀ ਹੜ੍ਹ ਪੀੜਤਾਂ ਦੀ ਮਦਦ ਲਈ ਸਮੱਗਰੀ ਇਕੱਠੀ ਕਰ ਰਹੇ ਹਨ।
ਬਾਦਲ ਪਿੰਡ ਦੇ ਲਵਪ੍ਰੀਤ ਸਿੰਘ ਦਾ ਕਹਿਣਾ ਹੈ, "ਹੁਣ ਜਦੋਂ ਪੰਜਾਬ ਦੇ ਕਿਸਾਨਾਂ ਉੱਤੇ ਮੁਸੀਬਤ ਪਈ ਹੈ ਤਾਂ ਮੈਂ ਆਪਣੇ ਮਾਲਵੇ ਦੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹੋਈਏ। ਜੋ ਕੁਦਰਤ ਨੇ ਕਰ ਦਿੱਤਾ ਹੈ ਉਹ ਠੀਕ ਹੈ ਪਰ ਅਸੀਂ ਉਨ੍ਹਾਂ ਦਾ ਸਹਾਰਾ ਬਣੀਏ। ਅਸੀਂ ਤਾਂ ਬਾਹਰ ਜਾ ਕੇ ਸੇਵਾ ਕਰਦੇ ਹਾਂ ਕਿ ਇਹ ਤਾਂ ਫਿਰ ਆਪਣੇ ਭਰਾ ਹਨ।"

ਹੜ੍ਹ ਪੀੜਤ ਕਿਸਾਨ ਕਮੇਟੀ, ਜ਼ਿਲ੍ਹਾ ਤਰਨ ਤਾਰਨ ਦੇ ਜ਼ਿਲ੍ਹਾ ਆਗੂ ਗੁਰਜੀਤ ਸਿੰਘ ਦਾ ਕਹਿਣਾ ਹੈ, "ਸਾਡੇ ਲਈ ਤਾਂ ਇਹ ਇੱਕ ਤਰ੍ਹਾਂ ਦੀ ਜੰਗ ਹੈ, ਜਿਸ ਦੀ ਹਰ ਸਾਲ ਸਾਨੂੰ ਬਹੁਤ ਵੱਡੀ ਮਾਰ ਪੈਂਦੀ ਹੈ। ਸਾਨੂੰ ਹਰ ਸਾਲ ਇਨ੍ਹਾਂ ਹੜ੍ਹਾਂ ਦਾ ਸੰਤਾਪ ਭੁਗਤਣਾ ਪੈਂਦਾ ਹੈ। ਜਿਹੜੇ ਵੀ ਵੀਰ ਇਸ ਵੇਲੇ ਮਦਦ ਲਈ ਆਉਂਦੇ ਹਨ ਅਸੀਂ ਉਨ੍ਹਾਂ ਦਾ ਦੇਣ ਨਹੀਂ ਦੇ ਸਕਦੇ।"
"ਸਾਡੇ ਕੋਲ ਪਿੰਡਾਂ ਦੀਆਂ ਸੂਚੀਆਂ ਆਈਆਂ ਹੋਈਆਂ ਹਨ ਕਿ ਕਿੱਥੇ ਕਿੰਨੀ ਲੋੜ ਹੈ। ਇਸ ਲਈ ਜੋ ਵੀ ਮਦਦ ਲਈ ਇੱਥੇ ਆਉਂਦਾ ਹੈ ਅਸੀਂ ਉਸ ਨੂੰ ਪਿੰਡਾਂ ਵਿੱਚ ਲੈ ਕੇ ਜਾਂਦੇ ਹਾਂ ਤਾਂ ਮਦਦ ਉੱਥੇ ਪਹੁੰਚ ਸਕੇ।"

ਇਸ ਤੋਂ ਇਲਾਵਾ ਫਰੀਦਕੋਟ ਜ਼ਿਲ੍ਹੇ ਦੇ ਰਾਮੇਆਣਾ ਪਿੰਡ ਦੇ ਵਸਨੀਕ ਗੁਰਵਿੰਦਰ ਸਿੰਘ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਬੰਨ੍ਹ ਨੂੰ ਭਰਨ ਵਾਸਤੇ ਮਿੱਟੀ ਲੈ ਕੇ ਜਾ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ, "ਅੱਜ ਅਸੀਂ ਮਿੱਟੀ ਲੈ ਕੇ ਚੱਲੇ ਹਾਂ। ਉੱਥੇ ਬੰਨ ਟੁੱਟਿਆ। ਮਿੱਟੀ ਦੀ ਬਹੁਤ ਲੋੜ ਹੈ। ਸਾਨੂੰ ਹੜ੍ਹ ਪੀੜਤਾਂ ਦਾ ਦਰਦ ਹੈ। ਅੱਜ ਅਸੀਂ ਉਨ੍ਹਾਂ ਨਾਲ ਖੜ੍ਹਾਂਗੇ ਤਾਂ ਹੀ ਉਹ ਸਾਡੇ ਨਾਲ ਖੜ੍ਹਨਗੇ। ਸਾਡੇ ਉੱਤੇ ਵੀ ਬਿਪਤਾ ਪੈ ਸਕਦੀ ਹੈ।"
ਪੰਜਾਬ ਸਰਕਾਰ ਨੇ ਕੇਂਦਰ ਕੋਲੋਂ ਮੰਗੇ 60 ਹਜ਼ਾਰ ਕਰੋੜ
ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਿੱਚ ਦਹਾਕਿਆਂ ਦੇ ਸਭ ਤੋਂ ਭਿਆਨਕ ਹੜ੍ਹ ਵਾਲੀ ਸਥਿਤੀ ਬਾਰੇ ਇੱਕ ਪੱਤਰ ਲਿਖਿਆ।
ਇਸ ਪੱਤਰ ਵਿੱਚ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ 60,000 ਕਰੋੜ ਰੁਪਏ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੂਬੇ ਦਾ ਪੈਸਾ ਹੈ ਜੋ ਇਸ ਸਮੇਂ ਕੇਂਦਰ ਕੋਲ "ਫਸਿਆ" ਹੋਇਆ ਹੈ।
ਮੁੱਖ ਮੰਤਰੀ ਨੇ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (ਐੱਸਡੀਆਰਐੱਫ) ਅਧੀਨ ਹਾਸਲ ਰਕਮ ਦੇ ਮਾਪਦੰਡਾਂ ਵਿੱਚ ਬਦਲਾਅ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪ੍ਰਭਾਵਿਤ ਕਿਸਾਨਾਂ ਨੂੰ ਘੱਟੋ-ਘੱਟ 50,000 ਰੁਪਏ ਪ੍ਰਤੀ ਏਕੜ ਦੇਣਾ ਚਾਹੁੰਦੀ ਹੈ।
ਪੰਜਾਬ ਇਸ ਸਮੇਂ ਭਾਰੀ ਹੜ੍ਹਾਂ ਦੀ ਲਪੇਟ ਵਿੱਚ ਹੈ। ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਵਧਦੇ ਪਾਣੀ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਅਤੇ ਮੌਸਮੀ ਨਾਲਿਆਂ ਦੇ ਹਾਲਾਤ ਹੋਰ ਵੀ ਵਿਗੜ ਗਏ ਹਨ।

ਮੁੱਖ ਮੰਤਰੀ ਨੇ ਪੱਤਰ ਵਿੱਚ ਲਿਖਿਆ ਹੈ, "ਇਸ ਵੇਲੇ ਲਗਭਗ ਤਿੰਨ ਲੱਖ ਏਕੜ ਖੇਤੀਬਾੜੀ ਜ਼ਮੀਨ, ਜ਼ਿਆਦਾਤਰ ਝੋਨੇ ਦੀ ਫ਼ਸਲ, ਹੜ੍ਹ ਦੇ ਪਾਣੀ ਵਿੱਚ ਡੁੱਬੀ ਹੋਈ ਹੈ। ਇਸ ਨਾਲ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ।"
"ਇਸ ਤੋਂ ਇਲਾਵਾ, ਪਸ਼ੂਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ, ਜਿਸ ਨੇ ਪੇਂਡੂ ਆਬਾਦੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਕਿਉਂਕਿ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਵੱਡਾ ਹਿੱਸਾ ਡੇਅਰੀ ਅਤੇ ਪਸ਼ੂ ਪਾਲਣ 'ਤੇ ਨਿਰਭਰ ਕਰਦਾ ਹੈ।"
"ਪੰਜਾਬ ਹੁਣ ਤੱਕ ਦੀ ਸਭ ਤੋਂ ਗੰਭੀਰ ਹੜ੍ਹ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ, ਪੰਜਾਬ ਦੇ 1000 ਪਿੰਡ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਗੁਰਦਾਸਪੁਰ, ਕਪੂਰਥਲਾ, ਅੰਮ੍ਰਿਤਸਰ, ਪਠਾਨਕੋਟ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਹੁਸ਼ਿਆਰਪੁਰ ਵਿਚਲੇ ਪਿੰਡ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ।"
ਉਧਰ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਅਨੁਰਾਗ ਵਰਮਾ ਨੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ।
ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ 107 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ ਅਤੇ 45000 ਦੇ ਕਰੀਬ ਲੋਕ ਵੀ ਹੜਾਂ ਦੀ ਮਾਰ ਹੇਠਾਂ ਆਏ ਹਨ। ਜ਼ਿਲ੍ਹਾ ਪ੍ਰਸ਼ਾਸਨ ਦਿਨ ਰਾਤ ਰਾਹਤ ਕਾਰਜਾਂ ਵਿੱਚ ਲੱਗਿਆ ਹੋਇਆ ਹੈ ਅਤੇ ਤਰਪਾਲਾ ਸਮੇਤ ਹੋਰ ਜ਼ਰੂਰੀ ਸਮਾਨ ਐੱਨਡੀਆਰਐੱਫ ਅਤੇ ਬੀਐੱਸਐੱਫ ਦੇ ਸਹਿਯੋਗ ਦੇ ਨਾਲ ਵੀ ਪਹੁੰਚਾਇਆ ਜਾ ਰਿਹਾ ਹੈ। ਹੁਣ ਤੱਕ 3300 ਤੋਂ ਵੱਧ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












