ਪੰਜਾਬ ਵਿੱਚ ਹੜ੍ਹਾਂ ਦੀ ਮਾਰ: ਸੂਬੇ ਵਿੱਚ ਵਧੀ ਬੇੜੀਆਂ ਦੀ ਮੰਗ, ਇਨ੍ਹਾਂ ਦੋਹਾਂ ਭਰਾਵਾਂ ਅੱਗੇ ਕੀ ਹੈ ਚੁਣੌਤੀ

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਸੁਲਤਾਨਪੁਰ ਲੋਧੀ ਦੇ ਨਜ਼ਦੀਕ ਸਥਿਤ ਆਲੀ ਕਲਾਂ ਪਿੰਡ ਦੇ ਵਸਨੀਕ ਰਣਜੀਤ ਸਿੰਘ ਉਨ੍ਹਾਂ ਲੋਕਾਂ ਵਿਚੋਂ ਹਨ, ਜਿਨ੍ਹਾਂ ਨੂੰ ਮੁਖਤਿਆਰ ਸਿੰਘ ਅਤੇ ਰਵਿੰਦਰ ਸਿੰਘ ਕੋਲੋਂ ਮਾਯੂਸ ਹੋਕੇ ਵਾਪਸ ਪਰਤਣਾ ਪੈ ਰਿਹਾ ਹੈ।
ਰਣਜੀਤ ਸਿੰਘ ਹੜ੍ਹਾਂ ਵਿੱਚ ਫਸੇ ਆਪਣੇ ਪਿੰਡ ਵਾਸੀਆਂ ਦੀ ਮਦਦ ਵਾਸਤੇ ਲੱਕੜ ਦੀ ਬੇੜੀ ਖ਼ਰੀਦਣ ਲਈ ਤਰਨ ਤਾਰਨ ਜ਼ਿਲ੍ਹੇ ਦੇ ਛੋਟੇ ਜਿਹੇ ਸ਼ਹਿਰ ਹਰੀਕੇ ਆਏ ਸਨ। ਪਰ ਉਨ੍ਹਾਂ ਨੂੰ ਬੇੜੀ ਨਹੀਂ ਮਿਲੀ।
ਹਰੀਕੇ ਵਿੱਚ ਰਹਿੰਦੇ ਦੋ ਭਰਾ ਮੁਖਤਿਆਰ ਸਿੰਘ ਅਤੇ ਰਵਿੰਦਰ ਸਿੰਘ ਦਾ ਦਾਅਵਾ ਹੈ ਕਿ ਉਹ ਲੱਕੜ ਦੀਆਂ ਬੇੜੀਆਂ ਬਣਾਉਣ ਵਾਲੇ ਪੰਜਾਬ ਦੇ ਇਕਲੌਤੇ ਕਾਰੀਗਰ ਹਨ।
ਜਦੋਂ ਤੋਂ ਪੰਜਾਬ ਹੜ੍ਹਾਂ ਦੀ ਮਾਰ ਹੇਠਾਂ ਆਇਆ ਹੈ, ਲੱਕੜ ਦੀਆਂ ਬੇੜੀਆਂ ਦੀ ਮੰਗ ਇੱਕਦਮ ਵਧ ਗਈ ਹੈ। ਪਰ ਦੋਵੇਂ ਭਰਾਵਾਂ ਦਾ ਬੇੜੀਆਂ ਬਣਾਉਣ ਦਾ ਕੰਮ ਛੋਟੇ ਪੱਧਰ ਦਾ ਹੋਣ ਕਾਰਨ ਉਹ ਲੋਕਾਂ ਵੱਲੋਂ ਆਉਂਦੀ ਮੰਗ ਪੂਰੀ ਕਰਨ ਤੋਂ ਅਸਮਰੱਥ ਹਨ।
ਦੋਵੇਂ ਭਰਾ ਦੱਸਦੇ ਹਨ ਕਿ ਦਰਿਆਵਾਂ ਕੰਢੇ ਵੱਸਦੇ ਲੋਕਾਂ ਹੜ੍ਹਾਂ ਨਾਲ ਨਜਿੱਠਣ ਦੀ ਤਿਆਰੀ ਕਰ ਰਹੇ ਹਨ ਅਤੇ ਇਸੇ ਕਾਰਨ ਬੇੜੀਆਂ ਦੀ ਖਰੀਦ ਵਿੱਚ ਵਾਧਾ ਹੋ ਰਿਹਾ ਹੈ।
ਕਿਸ਼ਤੀਆਂ ਦੀ ਮੰਗ ਕਿੰਨੀ ਵਧੀ?

ਕਾਰੀਗਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਹਫ਼ਤੇ 'ਚ ਵੱਧ ਤੋਂ ਵੱਧ ਦੋ ਹੀ ਆਰਡਰ ਮਿਲਦੇ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਪੁਰਾਣੀਆਂ ਕਿਸ਼ਤੀਆਂ ਦੀ ਮੁਰੰਮਤ ਵਾਲੇ ਹੁੰਦੇ ਸਨ। ਪਰ ਹੁਣ ਰੋਜ਼ਾਨਾ ਚਾਰ ਤੋਂ ਪੰਜ ਨਵੀਆਂ ਕਿਸ਼ਤੀਆਂ ਬਣਾਉਣ ਦੇ ਆਰਡਰ ਮਿਲ ਰਹੇ ਹਨ।
ਮੁਖਤਿਆਰ ਸਿੰਘ ਦੱਸਦੇ ਹਨ, "ਛੋਟੀ ਬੇੜੀ ਬਣਾਉਣ ਵਾਸਤੇ ਘੱਟ ਤੋਂ ਘੱਟ ਇੱਕ ਤੋਂ ਦੋ ਦਿਨ ਲੱਗਦੇ ਹਨ। ਮੀਂਹ ਦਾ ਮੌਸਮ ਹੋਣ ਕਰਕੇ ਸਮਾਂ ਵੱਧ ਵੀ ਲੱਗ ਜਾਂਦਾ ਹੈ। ਇਸ ਕਰਕੇ ਕਈ ਵਾਰੀ ਲੋਕਾਂ ਨੂੰ ਖਾਲੀ ਹੱਥ ਪਰਤਣਾ ਪੈਂਦਾ ਹੈ।"
ਦੋਵੇਂ ਭਰਾ ਦੱਸਦੇ ਹਨ ਕਿ ਉਹ ਸਿਰਫ ਆਰਡਰ ਉੱਤੇ ਇਹ ਕਿਸ਼ਤੀਆਂ ਬਣਾਉਂਦੇ ਹਨ। ਬੇੜੀਆਂ ਦੀ ਮੰਗ ਵਧਣ ਦਾ ਕਾਰਨ ਲੋਕਾਂ ਵੱਲੋਂ ਆਪਣੀ ਸੁਰੱਖਿਆ ਦਾ ਪ੍ਰਬੰਧ ਖੁਦ ਕਰਨ ਦੀ ਇੱਛਾ ਹੈ। ਲੋਕ ਸਰਕਾਰੀ ਰਾਹਤ ਕਾਰਜਾਂ 'ਤੇ ਨਿਰਭਰ ਨਹੀਂ ਰਹਿਣਾ ਚਾਹੁੰਦੇ।
ਬੇੜੀਆਂ ਦੀ ਲੋੜ ਕਿਉਂ ਪੈ ਰਹੀ?

ਪੰਜਾਬ ਦੇ ਲਗਭਗ ਅੱਠ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਕਪੂਰਥਲਾ, ਤਰਨ ਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ।
ਇਨ੍ਹਾਂ ਜ਼ਿਲ੍ਹਿਆਂ ਦਾ ਪ੍ਰਸ਼ਾਸਨ, ਫੌਜ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਰਾਹਤਕਾਰਜਾਂ ਵਿੱਚ ਰੁੱਝਿਆ ਹੋਇਆ ਹੈ।
ਇਹ ਸਾਰੇ ਰਾਹਤ ਕਾਰਜ ਸਰਕਾਰੀ ਕਿਸ਼ਤੀਆਂ ਰਾਹੀਂ ਹੋ ਰਹੇ ਹਨ, ਕਿਉਂਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਆਵਾਜਾਈ ਦਾ ਮੁੱਖ ਸਾਧਨ ਕਿਸ਼ਤੀਆਂ ਹੀ ਹਨ।
ਸਥਾਨਕ ਲੋਕਾਂ ਮੁਤਾਬਕ, ਉਹ ਸਰਕਾਰ, ਪ੍ਰਸ਼ਾਸਨ, ਫੌਜ, ਐਸਡੀਆਰਐਫ ਅਤੇ ਐਨਡੀਆਰਐਫ ਉੱਤੇ ਨਿਰਭਰ ਨਹੀਂ ਰਹਿਣਾ ਚਾਹੁੰਦੇ। ਇਸ ਲਈ ਲੋਕ ਆਪਣੇ ਬਚਾਅ ਕਾਰਜਾਂ ਅਤੇ ਆਵਾਜਾਈ ਦਾ ਪ੍ਰਬੰਧ ਖੁਦ ਕਰਨ ਵਾਸਤੇ ਬੇੜੀਆਂ ਖ਼ਰੀਦ ਰਹੇ ਹਨ।
ਸੁਲਤਾਨਪੁਰ ਲੋਧੀ ਦੇ ਨਜ਼ਦੀਕ ਸਥਿਤ ਆਲੀ ਕਲਾਂ ਪਿੰਡ ਦੇ ਵਸਨੀਕ ਰਣਜੀਤ ਸਿੰਘ ਨੇ ਦੱਸਿਆ, "ਮੇਰੇ ਪਿੰਡ ਦੇ ਖੇਤਾਂ ਵਿੱਚ ਰਹਿੰਦੇ ਲੋਕ ਹੜ੍ਹਾਂ ਨਾਲ ਘਿਰੇ ਹੋਏ ਹਨ। ਉਨ੍ਹਾਂ ਲੋਕਾਂ ਦੀ ਮਦਦ ਵਾਸਤੇ ਪਿੰਡ ਵਾਸੀ ਕਿਸ਼ਤੀ ਖ਼ਰੀਦਣਾ ਚਾਹੁੰਦੇ ਹਨ ਤਾਂ ਜੋਂ ਪੀੜਤ ਪਰਿਵਾਰਾਂ ਦੀ ਰਾਸ਼ਣ ਜਾਂ ਪਸ਼ੂਆਂ ਦੇ ਚਾਰੇ ਸਬੰਧੀ ਮਦਦ ਹੋ ਸਕੇ।"
ਮੁਖਤਿਆਰ ਵੀ ਕਹਿੰਦੇ ਹਨ, "ਹੜ੍ਹ ਪ੍ਰਭਾਵਿਤ ਇਲਾਕਿਆਂ ਅਤੇ ਹੜ੍ਹਾਂ ਦੀ ਸੰਭਾਵਨਾ ਵਾਲੇ ਇਲਾਕਿਆਂ ਵਿੱਚ ਰਹਿੰਦੇ ਲੋਕ ਕਿਸੇ ਵੀ ਮੁਸ਼ਕਲ ਹਾਲਾਤ ਨਾਲ ਨਜਿੱਠਣ ਲਈ ਆਪਣੇ ਇੰਤਜ਼ਾਮ ਖੁਦ ਕਰਨ ਵਾਸਤੇ ਬੇੜੀਆਂ ਖ਼ਰੀਦ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਖੁਦ ਦੀ ਬੇੜੀ ਹੋਣ ਦੀ ਸੂਰਤ ਵਿੱਚ ਉਹ ਜ਼ਰੂਰਤ ਪੈਣ ਉੱਤੇ ਆਪਣੇ ਪਰਿਵਾਰ ਦੀ ਮਦਦ ਖੁਦ ਕਰ ਸਕਦੇ ਹਨ।"
ਪਿਤਾ ਪੁਰਖੀ ਕਿੱਤਾ

ਬੇੜੀਆਂ ਬਣਾਉਣਾ ਦੋਵਾਂ ਭਰਾਵਾਂ ਦਾ ਪਿਤਾ ਮੁਖੀ ਕਿੱਤਾ ਹੈ। ਉਹ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਲੱਕੜ ਦੀਆਂ ਬੇੜੀਆਂ ਬਣਾ ਰਹੇ ਹਨ।
ਮੁਖਤਿਆਰ ਦੱਸਦੇ ਹਨ ਕਿ ਪਹਿਲਾਂ ਉਨ੍ਹਾਂ ਦੇ ਦਾਦਾ, ਫਿਰ ਪਿਤਾ ਅਤੇ ਹੁਣ ਦੋਵੇਂ ਭਰਾ ਕਿਸ਼ਤੀਆਂ ਬਣਾ ਰਹੇ ਹਨ।
ਰਵਿੰਦਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ 60-65 ਸਾਲਾਂ ਤੋਂ ਲੱਕੜ ਦੀਆਂ ਬੇੜੀਆਂ ਬਣਾ ਰਿਹਾ ਹੈ।
ਕਿਹੜੇ ਖੇਤਰਾਂ ਵਿੱਚ ਬੇੜੀਆਂ ਦੀ ਮੰਗ?
ਰਵਿੰਦਰ ਸਿੰਘ ਕਹਿੰਦੇ ਹਨ ਉਨ੍ਹਾਂ ਵੱਲੋਂ ਬਣਾਈਆਂ ਕਿਸ਼ਤੀਆਂ ਪੰਜਾਬ ਦੇ ਹਰ ਉਸ ਹਿੱਸੇ ਵਿੱਚ ਵਿਕੀਆਂ ਹਨ, ਜਿੱਥੋਂ-ਜਿੱਥੋਂ ਦਰਿਆ ਲੰਘਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੀ ਬੇੜੀਆਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਵੀ ਖਰੀਦੀਆਂ ਹਨ।
ਬੇੜੀਆਂ ਦੀ ਕੀਮਤ ਕਿੰਨੀ ਹੈ?

ਮੁਖਤਿਆਰ ਦੱਸਦੇ ਹਨ ਕਿ ਬੇੜੀਆਂ ਦੀ ਘੱਟੋ-ਘੱਟ ਕੀਮਤ 15,000 ਅਤੇ ਵੱਧ ਤੋਂ ਵੱਧ 10 ਲੱਖ ਹੈ।
"ਛੋਟੀਆਂ ਬੇੜੀਆਂ ਦੀ ਕੀਮਤ 15,000 ਤੋਂ ਸ਼ੁਰੂ ਹੋ ਜਾਂਦੀ ਹੈ। ਵੱਡੀ ਬੇੜੀ ਦੀ ਕੀਮਤ 10 ਲੱਖ ਤੱਕ ਹੈ। ਜ਼ਿਆਦਾਤਰ ਲੋਕ ਛੋਟੀਆਂ ਬੇੜੀਆਂ ਖ਼ਰੀਦਦੇ ਹਨ।"
"ਛੋਟੀ ਬੇੜੀ ਨੂੰ ਤਿਆਰ ਕਰਨ ਵਿੱਚ ਇੱਕ ਤੋਂ ਦੋ ਦਿਨ ਲੱਗਦੇ ਹਨ ਅਤੇ ਵੱਡੀ ਬੇੜੀ ਨੂੰ ਤਿਆਰ ਕਰਨ ਵਿੱਚ ਵੱਧ ਸਮਾਂ ਲੱਗਦਾ ਹੈ।"
ਹੜ੍ਹਾਂ ਤੋਂ ਬਗੈਰ ਬੇੜੀਆਂ ਦੀ ਵਰਤੋਂ ਕਿੱਥੇ ਹੁੰਦੀ?
ਮੁਖਤਿਆਰ ਸਿੰਘ ਅਤੇ ਰਵਿੰਦਰ ਸਿੰਘ ਦੱਸਦੇ ਹਨ ਕਿ ਆਮ ਦਿਨਾਂ ਵਿੱਚ ਬੇੜੀਆਂ ਦੀ ਵਰਤੋਂ ਸਿਰਫ ਉਨ੍ਹਾਂ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ ਜਿਹੜੇ ਦਰਿਆਵਾਂ ਦੇ ਕੰਢੇ ਰਹਿੰਦੇ ਹਨ।
ਦਰਿਆਵਾਂ ਦੇ ਕੰਢੇ ਵਸੇ ਪਿੰਡਾਂ ਦੇ ਕਿਸਾਨਾਂ ਦੀਆਂ ਜਮੀਨਾਂ ਦਰਿਆਵਾਂ ਤੋਂ ਪਾਰ ਹਨ। ਇਸ ਲਈ ਆਪਣੀਆਂ ਜਮੀਨਾਂ ਤੱਕ ਪਹੁੰਚਣ ਲਈ ਇਹ ਕਿਸਾਨ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ।
ਦਰਿਆਵਾਂ ਨੂੰ ਪਾਰ ਕਰਨ ਲਈ ਹਰ ਪਿੰਡ ਵਿੱਚ ਪੁਲ਼ ਨਹੀਂ ਹੈ। ਜਿਹੜੇ ਪੁਲ਼ ਬਣੇ ਹੋਏ ਹਨ, ਉਹ ਦੂਰੀ ਉੱਤੇ ਸਥਿਤ ਹੋਣ ਕਰਕੇ ਉਨ੍ਹਾਂ ਰਾਹੀਂ ਦਰਿਆ ਪਾਰ ਕਰਨ ਵਿੱਚ ਘੰਟਿਆਂ ਦਾ ਸਮਾਂ ਲੱਗ ਜਾਂਦਾ ਹੈ।
ਇਸ ਲਈ ਕਿਸਾਨ ਆਪਣੇ ਖੇਤਾਂ ਵਿੱਚ ਪੁੱਜਣ ਲਈ ਬੇੜੀਆਂ ਦੀ ਵਰਤੋਂ ਕਰਦੇ ਹਨ ਅਤੇ ਕੁੱਝ ਮਿੰਟਾਂ ਵਿੱਚ ਹੀ ਆਪਣੇ ਖੇਤਾਂ ਵਿੱਚ ਪਹੁੰਚ ਜਾਂਦੇ ਹਨ।
ਇਸ ਤੋਂ ਇਲਾਵਾ ਪਿੰਡ ਵਾਸੀਆਂ ਵੱਲੋਂ ਵੀ ਆਪਣੀਆਂ ਮੰਜ਼ਿਲਾਂ ਉੱਤੇ ਜਲਦੀ ਪਹੁੰਚਣ ਲਈ ਪੁਲ਼ਾਂ ਦੀ ਥਾਂ ਬੇੜੀਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













