ਪੁਤਿਨ ਨੂੰ ਮਿਲਣ ਮਗਰੋਂ ਕਿਮ ਜੋਂਗ ਉਨ ਦੀ ਕੁਰਸੀ ਕਿਉਂ ਕੀਤੀ ਗਈ ਸਾਫ਼, ਇਓਂ ਸੁਰਾਗ ਮਿਟਾਉਣ ਪਿੱਛੇ ਕੀ ਹੈ ਦਿਲਚਸਪ ਕਹਾਣੀ

ਕਿਮ ਜੋਂਗ ਉਨ ਅਤੇ ਵਲਾਦੀਮੀਰ ਪੁਤਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਮ ਜੋਂਗ ਉਨ ਅਤੇ ਵਲਾਦੀਮੀਰ ਪੁਤਿਨ ਵਿਚਕਾਰ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਇੱਕ ਹਾਈ-ਪ੍ਰੋਫਾਈਲ ਮੁਲਾਕਾਤ ਹੋਈ ਹੈ
    • ਲੇਖਕ, ਭਰਤ ਸ਼ਰਮਾ
    • ਰੋਲ, ਬੀਬੀਸੀ ਪੱਤਰਕਾਰ

ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਇੱਕ ਹਾਈ-ਪ੍ਰੋਫਾਈਲ ਮੁਲਾਕਾਤ ਹੋਈ, ਜਿਸਦੀ ਬਹੁਤ ਚਰਚਾ ਹੋ ਰਹੀ ਹੈ। ਇਹ ਮੁਲਾਕਾਤ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉੱਤਰੀ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਉਨ ਵਿਚਕਾਰ ਹੋਈ।

ਦੋਵਾਂ ਆਗੂਆਂ ਦੀ ਮੁਲਾਕਾਤ ਵਿੱਚ ਜੋ ਗੱਲਾਂ ਹੋਈਆਂ, ਉਨ੍ਹਾਂ 'ਤੇ ਤਾਂ ਚਰਚਾ ਹੋ ਹੀ ਰਹੀ ਹੈ, ਪਰ ਇਸ ਤੋਂ ਵੀ ਵੱਧ, ਇਸ ਮੁਲਾਕਾਤ ਤੋਂ ਜੋ ਗੱਲ ਸੁਰਖੀਆਂ ਵਿੱਚ ਆਈ ਰਹੀ ਹੈ, ਉਹ ਹੈ ਬਾਅਦ ਵਿੱਚ ਵਾਪਰੀ ਘਟਨਾ।

ਜਿਵੇਂ ਹੀ ਦੋਵੇਂ ਆਗੂ ਮੁਲਾਕਾਤ ਤੋਂ ਬਾਅਦ ਉੱਥੋਂ ਰਵਾਨਾ ਹੋਏ, ਉੱਤਰੀ ਕੋਰੀਆ ਦੇ ਸਟਾਫ ਉਸ ਕੁਰਸੀ ਕੋਲ ਪਹੁੰਚੇ ਜਿਸ 'ਤੇ ਮੀਟਿੰਗ ਦੌਰਾਨ ਕਿਮ ਜੋਂਗ ਉਨ ਬੈਠੇ ਸਨ।

ਹੱਥ ਵਿੱਚ ਇੱਕ ਕੱਪੜਾ ਸੀ ਅਤੇ ਮਕਸਦ - ਹਰ ਉਹ ਚੀਜ਼ ਸਾਫ਼ ਕਰਨਾ ਜਿਸਨੂੰ ਕਿਮ ਜੋਂਗ ਉਨ ਨੇ ਛੂਹਿਆ ਸੀ। ਜਿਸ ਕੁਰਸੀ 'ਤੇ ਉਹ ਬੈਠੇ ਸਨ ਉਸ ਨੂੰ ਵੀ ਬਹੁਤ ਧਿਆਨ ਨਾਲ ਸਾਫ਼ ਕੀਤਾ ਗਿਆ ਸੀ। ਪਰ ਕਿਉਂ?

ਰਾਇਟਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਉੱਤਰੀ ਕੋਰੀਆ ਦੇ ਆਗੂ ਨਾਲ ਸਬੰਧਤ ਸੁਰੱਖਿਆ ਉਪਾਵਾਂ ਦਾ ਇੱਕ ਹਿੱਸਾ ਹੈ, ਤਾਂ ਜੋ ਵਿਦੇਸ਼ੀ ਜਾਂ ਦੁਸ਼ਮਣ ਦੇਸ਼ਾਂ ਦੇ ਜਾਸੂਸਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕੀਤਾ ਜਾ ਸਕੇ।

ਹਾਲਾਂਕਿ, ਕਿਮ ਜੋਂਗ ਉਨ ਅਤੇ ਵਲਾਦੀਮੀਰ ਪੁਤਿਨ ਦੇ ਸਬੰਧ ਦੋਸਤਾਨਾ ਹਨ ਅਤੇ ਇਹ ਮੁਲਾਕਾਤ ਚੀਨ ਵਿੱਚ ਹੋਈ ਸੀ, ਜੋ ਕਿ ਉੱਤਰੀ ਕੋਰੀਆ ਨਾਲ ਸਬੰਧ ਰੱਖਣ ਵਾਲੇ ਕੁਝ ਦੇਸ਼ਾਂ ਵਿੱਚੋਂ ਇੱਕ ਹੈ।

ਕਿਮ ਜੋਂਗ ਉਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਮ ਜੋਂਗ ਉਨ ਦੁਆਰਾ ਛੂਹੀ ਗਈ ਹਰੇਕ ਚੀਜ਼ ਨੂੰ ਸਾਫ ਕੀਤਾ ਗਿਆ ਤਾਂ ਜੋ ਕੋਈ ਉਨ੍ਹਾਂ ਦਾ ਡੀਐਨਏ ਸੈਂਪਲ ਨਾ ਲੈ ਸਕੇ (ਫਾਈਲ ਫੋਟੋ)

ਟੈਲੀਗ੍ਰਾਮ 'ਤੇ ਇੱਕ ਪੋਸਟ ਵਿੱਚ, ਕ੍ਰੇਮਲਿਨ ਦੇ ਰਿਪੋਰਟਰ ਅਲੈਗਜ਼ੈਂਡਰ ਯੂਨਾਸ਼ੇਵ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਦੋ ਉੱਤਰੀ ਕੋਰੀਆਈ ਸਟਾਫ ਮੈਂਬਰ ਉਸ ਕਮਰੇ ਦੀ ਸਫਾਈ ਕਰਦੇ ਦਿਖਾਈ ਦੇ ਰਹੇ ਹਨ ਜਿਸ ਵਿੱਚ ਕਿਮ ਜੋਂਗ ਉਨ ਅਤੇ ਪੁਤਿਨ ਦੀ ਮੇਜ਼ਬਾਨੀ ਕੀਤੀ ਗਈ ਸੀ। ਜਿਸ ਕੁਰਸੀ 'ਤੇ ਉਹ ਬੈਠੇ ਸਨ, ਉਸ ਦੀ ਪਿੱਠ ਅਤੇ ਬਾਂਹ ਸਾਫ਼ ਕੀਤੀ ਗਈ।

ਕਿਮ ਜੋਂਗ ਉਨ ਦੀ ਕੁਰਸੀ ਦੇ ਕੋਲ ਰੱਖੀ ਮੇਜ਼ ਨੂੰ ਸਾਫ਼ ਕਰ ਦਿੱਤਾ ਗਿਆ ਅਤੇ ਉਸ ਮੇਜ਼ 'ਤੇ ਰੱਖਿਆ ਸ਼ੀਸ਼ਾ ਵੀ ਉੱਥੋਂ ਹਟਾ ਦਿੱਤਾ ਗਿਆ।

ਇਸ ਰਿਪੋਰਟਰ ਨੇ ਕਿਹਾ, "ਜਦੋਂ ਸਾਰੀ ਗੱਲਬਾਤ ਖ਼ਤਮ ਹੋ ਗਈ ਤਾਂ ਉੱਤਰੀ ਕੋਰੀਆ ਦੇ ਮੁਖੀ ਦੇ ਨਾਲ ਆਏ ਸਟਾਫ ਨੇ ਕਿਮ ਜੋਂਗ ਉਨ ਦੀ ਮੌਜੂਦਗੀ ਨਾਲ ਸਬੰਧਤ ਸਾਰੇ ਸੁਰਾਗ ਬਹੁਤ ਧਿਆਨ ਨਾਲ ਨਸ਼ਟ ਕਰ ਦਿੱਤੇ।"

ਕੀ ਕਿਮ ਜੋਂਗ ਉਨ ਦੀ ਵਿਸ਼ੇਸ਼ ਰੇਲਗੱਡੀ ਵਿੱਚ ਟਾਇਲਟ ਵੀ ਆਇਆ ਸੀ?

ਕਿਮ ਜੋਂਗ ਉਨ ਦੀ ਵਿਸ਼ੇਸ਼ ਰੇਲਗੱਡੀ

ਤਸਵੀਰ ਸਰੋਤ, Disney via Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ, ਇਹ ਸਭ ਉੱਤਰ ਕੋਰੀਆ ਦੇ ਸੁਪਰੀਮ ਲੀਡਰ ਲਈ ਸੁਰੱਖਿਆ ਉਪਾਵਾਂ ਦਾ ਹਿੱਸਾ ਹੈ

ਜਾਪਾਨ ਦੇ ਨਿੱਕੇਈ ਅਖ਼ਬਾਰ ਨੇ ਦੱਖਣੀ ਕੋਰੀਆਈ ਅਤੇ ਜਾਪਾਨੀ ਖ਼ੁਫੀਆ ਏਜੰਸੀਆਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਦੇ ਪਿਛਲੇ ਵਿਦੇਸ਼ੀ ਦੌਰਿਆਂ ਵਾਂਗ ਇਸ ਵਾਰ ਵੀ ਕਿਮ ਜੋਂਗ ਉਨ ਦੇ ਵਿਸ਼ੇਸ਼ ਟਾਇਲਟ ਨੂੰ ਪੈਕ ਕਰਕੇ ਹਰੇ ਰੰਗ ਦੀ ਰੇਲਗੱਡੀ ਵਿੱਚ ਚੀਨ ਭੇਜਿਆ ਗਿਆ ਸੀ।

ਯੂਐਸ ਦੇ ਸਟਿਮਸਨ ਸੈਂਟਰ ਵਿਖੇ ਉੱਤਰੀ ਕੋਰੀਆਈ ਲੀਡਰਸ਼ਿਪ ਦੇ ਮਾਹਰ ਮਾਈਕਲ ਮੈਡਨ ਦਾ ਕਹਿਣਾ ਹੈ ਕਿ ਕਿਮ ਜੋਂਗ ਉਨ ਦੇ ਪਿਤਾ ਕਿਮ ਜੋਂਗ ਇਲ ਦੇ ਸਮੇਂ ਤੋਂ ਹੀ ਉੱਤਰ ਕੋਰੀਆ ਵਿੱਚ ਅਜਿਹੇ ਸੁਰੱਖਿਆ ਉਪਾਅ ਮਿਆਰੀ ਪ੍ਰੋਟੋਕੋਲ ਰਹੇ ਹਨ।

ਉਨ੍ਹਾਂ ਨੇ ਰਾਇਟਰਜ਼ ਨੂੰ ਦੱਸਿਆ, "ਇਹ ਵਿਸ਼ੇਸ਼ ਟਾਇਲਟ ਅਤੇ ਮਲ, ਕੂੜਾ ਅਤੇ ਸਿਗਰਟ ਦੇ ਬੱਟਾਂ ਨੂੰ ਰੱਖਣ ਲਈ ਕੂੜੇ ਦੇ ਥੈਲੇ ਇਸ ਲਈ ਰੱਖੇ ਗਏ ਹਨ ਤਾਂ ਜੋ ਕੋਈ ਵੀ ਵਿਦੇਸ਼ੀ ਖੁਫੀਆ ਏਜੰਸੀ ਉਨ੍ਹਾਂ ਦੇ ਨਮੂਨੇ ਨਾ ਲੈ ਸਕੇ ਅਤੇ ਉਨ੍ਹਾਂ ਦੀ ਜਾਂਚ ਨਾ ਕਰ ਸਕੇ। ਇਹ ਸਾਰੀਆਂ ਚੀਜ਼ਾਂ ਕਿਮ ਜੋਂਗ ਉਨ ਦੀ ਡਾਕਟਰੀ ਸਥਿਤੀ ਬਾਰੇ ਕੁਝ ਜਾਣਕਾਰੀ ਪ੍ਰਦਾਨ ਕਰ ਸਕਦੀਆਂ ਹਨ। ਇਨ੍ਹਾਂ ਵਿੱਚ ਵਾਲ ਜਾਂ ਚਮੜੀ ਦੇ ਟੁਕੜੇ ਵੀ ਸ਼ਾਮਲ ਹਨ।"

ਇਹ ਵੀ ਪੜ੍ਹੋ-

ਉੱਤਰੀ ਕੋਰੀਆ ਆਪਣੇ ਆਗੂਆਂ ਨਾਲ ਸਬੰਧਤ ਕੋਈ ਵੀ ਜਾਣਕਾਰੀ ਕਿਉਂ ਨਹੀਂ ਪ੍ਰਗਟ ਕਰਨਾ ਚਾਹੁੰਦਾ, ਇਸ ਦੇ ਜਵਾਬ ਵਿੱਚ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਕੋਰੀਆਈ ਭਾਸ਼ਾ ਅਤੇ ਅਧਿਐਨ ਦੇ ਸੇਵਾਮੁਕਤ ਪ੍ਰੋਫੈਸਰ ਵੈਜਯੰਤੀ ਰਾਘਵਨ ਕਹਿੰਦੇ ਹਨ ਕਿ ਉੱਤਰੀ ਕੋਰੀਆ ਇੱਕ ਬਹੁਤ ਹੀ ਗੁਪਤ ਦੇਸ਼ ਹੈ। ਇਹ ਆਪਣੇ ਅਤੇ ਆਪਣੇ ਚੋਟੀ ਦੇ ਆਗੂ ਬਾਰੇ ਕੋਈ ਵੀ ਜਾਣਕਾਰੀ ਨਹੀਂ ਦੇਣਾ ਚਾਹੁੰਦਾ।

ਵੈਜਯੰਤੀ ਨੇ ਬੀਬੀਸੀ ਨੂੰ ਦੱਸਿਆ, ''ਸਪਸ਼ਟ ਤੌਰ 'ਤੇ ਉੱਤਰੀ ਕੋਰੀਆ ਦੇ ਸਭ ਤੋਂ ਵੱਡੇ ਆਗੂ ਨਾਲ ਸਬੰਧਤ ਜਾਣਕਾਰੀ ਇਸਦੇ ਲਈ ਸਭ ਤੋਂ ਮਹੱਤਵਪੂਰਨ ਹੈ। ਉਹ ਕਿਸੇ ਨੂੰ ਵੀ ਉਸ ਦੇ ਭੋਜਨ ਤੋਂ ਲੈ ਕੇ ਉਸ ਦੇ ਮਲ ਤੱਕ ਦੀ ਜਾਣਕਾਰੀ ਪ੍ਰਾਪਤ ਨਹੀਂ ਕਰਨ ਦੇਣਾ ਚਾਹੁੰਦੇ।''

''ਕਿਮ ਜੋਂਗ ਉਨ ਜਿਸ ਤਰ੍ਹਾਂ ਦੀ ਰਾਜਨੀਤੀ ਕਰਦੇ ਹਨ, ਜਿਸ ਤਰ੍ਹਾਂ ਦੀਆਂ ਉਨ੍ਹਾਂ ਦੇ ਦੇਸ਼ ਦੀਆਂ ਨੀਤੀਆਂ ਹਨ, ਉਸ ਨੂੰ ਲੈ ਦੇਸ਼ ਦੇ ਅੰਦਰੋਂ ਅਤੇ ਬਾਹਰੋਂ ਕਿਸੇ ਤਰ੍ਹਾਂ ਦਾ ਖ਼ਤਰੇ ਦਾ ਡਰ ਤਾਂ ਰਹਿੰਦਾ ਹੀ ਹੋਣਾ। ਇਸੇ ਲਈ ਉਹ ਦੂਜੇ ਦੇਸ਼ਾਂ ਦੀ ਯਾਤਰਾ ਵੀ ਆਪਣੀ ਵਿਸ਼ੇਸ਼ ਰੇਲਗੱਡੀ ਰਾਹੀਂ ਕਰਦੇ ਹਨ।''

ਡੀਐਨਏ ਕੀ ਹੁੰਦਾ ਹੈ, ਇਸ ਬਾਰੇ ਇੰਨੀ ਚਰਚਾ ਕਿਉਂ ਹੋ ਰਹੀ ਹੈ?

ਡੀਐਨਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੀਐਨਏ ਇੱਕ ਜੈਨੇਟਿਕ ਕੋਡ ਹੈ ਜੋ ਜੀਨ ਬਣਾਉਂਦਾ ਹੈ ਅਤੇ ਇਹ ਜੀਨ ਕਿਸੇ ਵੀ ਜੀਵ ਨੂੰ ਇੱਕ ਵਿਸ਼ੇਸ਼ ਪਛਾਣ ਦਿੰਦੇ ਹਨ

ਹੁਣ ਕਿਮ ਜੋਂਗ ਉਨ ਦੀ ਕੁਰਸੀ ਦੀ ਸਫਾਈ ਨਾਲ ਸਬੰਧਤ ਸਵਾਲ 'ਤੇ ਵਾਪਸ ਆਉਂਦੇ ਹਾਂ। ਉਨ੍ਹਾਂ ਦੇ ਸਟਾਫ ਅਸਲ ਵਿੱਚ ਕੀ ਸਫਾਈ ਕਰ ਰਹੇ ਸਨ ਅਤੇ ਕਿਉਂ?

ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਇਸ ਲਈ ਕੀਤਾ ਗਿਆ ਸੀ ਤਾਂ ਜੋ ਕਿਮ ਜੋਂਗ ਉਨ ਦੇ ਡੀਐਨਏ ਦਾ ਕੋਈ ਨਮੂਨਾ ਉੱਥੋਂ ਨਾ ਲਿਆ ਜਾ ਸਕੇ।

ਇਹ ਜਵਾਬ ਇੱਕ ਹੋਰ ਸਵਾਲ ਖੜ੍ਹਾ ਕਰਦਾ ਹੈ ਕਿ ਡੀਐਨਏ ਕੀ ਹੈ ਅਤੇ ਇਹ ਇੰਨਾ ਮਹੱਤਵਪੂਰਨ ਕਿਉਂ ਹੈ?

ਡੀਐਨਏ ਦਾ ਪੂਰਾ ਰੂਪ ਡੀਆਕਸੀਰਾਈਬੋਨਿਊਕਲੀਕ ਐਸਿਡ ਹੈ। ਇਹ ਇੱਕ ਜੈਨੇਟਿਕ ਕੋਡ ਹੈ ਜੋ ਜੀਨ ਬਣਾਉਂਦਾ ਹੈ ਅਤੇ ਇਹ ਜੀਨ ਕਿਸੇ ਵੀ ਜੀਵ ਨੂੰ ਇੱਕ ਵਿਸ਼ੇਸ਼ ਪਛਾਣ ਦਿੰਦੇ ਹਨ।

ਇਹ ਇੱਕ ਰਸਾਇਣ ਹੈ ਜੋ ਦੋ ਲੰਬੇ ਸਟੈਂਡਰਡਸ ਤੋਂ ਬਣਿਆ ਹੁੰਦਾ ਹੈ ਅਤੇ ਇਸਦਾ ਆਕਾਰ ਇੱਕ ਸਪਾਇਰਲ ਵਰਗਾ ਹੁੰਦਾ ਹੈ।

ਇਹ ਡਬਲ-ਹੈਲਿਕਸ ਬਣਤਰ ਹੁੰਦੀ ਹੈ। ਇਸੇ ਵਿੱਚ ਜੈਨੇਟਿਕ ਜਾਣਕਾਰੀ ਹੁੰਦੀ ਹੈ, ਜਿਸਨੂੰ ਜੈਨੇਟਿਕ ਕੋਡ ਕਿਹਾ ਜਾਂਦਾ ਹੈ। ਅਤੇ ਗਰਭਧਾਰਣ ਦੌਰਾਨ ਇਹ ਡੀਐਨਏ ਮਾਪਿਆਂ ਤੋਂ ਬੱਚਿਆਂ ਵਿੱਚ ਟ੍ਰਾਂਸਫਰ ਹੁੰਦਾ ਹੈ।

ਮਾਹਰ ਡੀਐਨਏ ਨੂੰ 'ਜੀਵਨ ਦਾ ਬਲੂਪ੍ਰਿੰਟ' ਵੀ ਕਹਿੰਦੇ ਹਨ। ਜਿਸ ਤਰ੍ਹਾਂ ਹਰੇਕ ਵਿਅਕਤੀ ਦੇ ਉਂਗਲਾਂ ਦੇ ਨਿਸ਼ਾਨ ਵੱਖਰੇ ਹੁੰਦੇ ਹਨ, ਉਸੇ ਤਰ੍ਹਾਂ ਹਰ ਵਿਅਕਤੀ ਦਾ ਡੀਐੱਨਏ ਵੀ ਵੱਖਰਾ ਹੁੰਦਾ ਹੈ।

ਹਰ ਵਿਅਕਤੀ ਦੇ ਤਿੰਨ ਅਰਬ ਤੋਂ ਵੱਧ ਵੱਖ-ਵੱਖ ਡੀਐਨਏ ਬੇਸ ਪੇਅਰ ਹੁੰਦੇ ਹਨ ਅਤੇ ਹਰ ਡੀਐਨਏ ਵੱਖਰਾ ਹੁੰਦਾ ਹੈ। ਆਈਡੈਂਟਿਕਲ ਜੁੜਵਾਂ ਬੱਚਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਉਸ ਸਥਿਤੀ ਵਿੱਚ ਉਨ੍ਹਾਂ ਦਾ ਡੀਐਨਏ ਉਨ੍ਹਾਂ ਦੇ ਟਵਿਨ ਵਰਗਾ ਹੀ ਹੁੰਦਾ ਹੈ।

ਕਿਮ ਜੋਂਗ ਉਨ

ਦਿੱਲੀ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਦੇ ਸਹਾਇਕ ਪ੍ਰੋਫੈਸਰ ਡਾਕਟਰ ਹਰੇਨ ਰਾਮ ਸਿਆਰੀ ਕਹਿੰਦੇ ਹਨ ਕਿ ਸਰਲ ਭਾਸ਼ਾ ਵਿੱਚ ਡੀਐਨਏ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਕੁਝ ਵਿਸ਼ੇਸ਼ਤਾਵਾਂ ਲੈ ਜਾਂਦਾ ਹੈ।

ਸੌਖੀ ਭਾਸ਼ਾ ਵਿੱਚ, ਡੀਐਨਏ ਸਾਡੇ ਸਰੀਰ ਲਈ ਇੱਕ ਹਦਾਇਤ ਮੈਨੂਅਲ ਵਾਂਗ ਹੈ, ਜੋ ਕਿ ਵਿਕਾਸ, ਪ੍ਰਜਨਣ ਅਤੇ ਸਰੀਰ ਦੇ ਹਰੇਕ ਕੰਮ ਲਈ ਜ਼ਰੂਰੀ ਹੈ। ਇਹ ਸਾਡੀਆਂ ਅੱਖਾਂ ਦਾ ਰੰਗ, ਸਾਡੇ ਵਾਲਾਂ ਦਾ ਰੰਗ, ਸਭ ਕੁਝ ਇਹੀ ਨਿਰਧਾਰਤ ਕਰਦਾ ਹੈ।

ਸਾਡਾ ਸਰੀਰ ਲੱਖਾਂ ਸੈੱਲਾਂ ਤੋਂ ਬਣਿਆ ਹੈ ਅਤੇ ਇਹ ਡੀਐਨਏ ਹਰ ਸੈੱਲ ਦੇ ਨਿਊਕਲੀਅਸ ਵਿੱਚ ਮੌਜੂਦ ਹੈ। ਇਹ ਏ, ਟੀ, ਸੀ, ਜੀ ਵਰਗੇ ਚਾਰ ਕੈਰੇਕਟਰ ਤੋਂ ਬਣਦਾ ਹੈ ਅਤੇ ਇਹ ਸਾਰੇ ਜੋੜੀ ਬਣਾ ਕੇ ਰਹਿੰਦੇ ਹਨ, ਜਿਵੇਂ ਕਿ ਏ-ਟੀ ਜਾਂ ਜੀ-ਸੀ ਦਾ ਜੋੜਾ। ਇਨ੍ਹਾਂ ਨੂੰ ਬੇਸ ਜੋੜੇ ਕਿਹਾ ਜਾਂਦਾ ਹੈ।

ਜੇਕਰ ਉੱਤਰੀ ਕੋਰੀਆਈ ਆਗੂ ਦੇ ਡੀਐਨਏ ਨੂੰ ਸੁਰੱਖਿਅਤ ਰੱਖਣ ਲਈ ਕੁਰਸੀ ਅਤੇ ਹੋਰ ਚੀਜ਼ਾਂ ਦੀ ਸਫਾਈ ਕੀਤੀ ਜਾ ਰਹੀ ਸੀ, ਤਾਂ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਉੱਥੇ ਡੀਐਨਏ ਕਿੱਥੇ ਸੀ?

ਦਰਅਸਲ, ਕਿਸੇ ਵਿਅਕਤੀ ਦਾ ਡੀਐਨਏ ਹੇਅਰ ਫੋਲੀਕਲ, ਚਮੜੀ ਦੇ ਸੈੱਲਾਂ, ਲਾਰ ਆਦਿ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਹੇਅਰ ਫੋਲੀਕਲ ਵਾਲਾਂ ਦਾ ਉਹ ਹਿੱਸਾ ਹੁੰਦੇ ਹਨ ਜੋ ਹੇਠਾਂ ਹੁੰਦਾ ਹੈ, ਜੜ੍ਹ ਵਾਂਗ।

ਜਦੋਂ ਵਾਲ ਟੁੱਟਦੇ ਹਨ, ਤਾਂ ਇਹ ਵੀ ਇਸਦੇ ਨਾਲ ਡਿੱਗਦਾ ਹੈ।

ਡਾਕਟਰ ਹਰੇਨ ਰਾਮ ਸਿਆਰੀ ਦੱਸਦੇ ਹਨ, "ਜੇਕਰ ਤੁਹਾਡੇ ਵਾਲਾਂ ਦਾ ਕੋਈ ਹਿੱਸਾ ਕੁਰਸੀ 'ਤੇ ਰਹਿੰਦਾ ਹੈ, ਤਾਂ ਉਸ ਤੋਂ ਡੀਐਨਏ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਸਾਡੇ ਸਰੀਰ ਦੀ ਚਮੜੀ ਦੇ ਕੁਝ ਬਹੁਤ ਹੀ ਬਰੀਕ ਹਿੱਸੇ ਡਿੱਗਦੇ ਹਨ, ਤਾਂ ਉਨ੍ਹਾਂ ਤੋਂ ਵੀ ਡੀਐਨਏ ਪ੍ਰਾਪਤ ਕੀਤਾ ਜਾ ਸਕਦਾ ਹੈ।''

''ਇਨ੍ਹਾਂ ਦੋ ਚੀਜ਼ਾਂ ਤੋਂ ਇਲਾਵਾ, ਜਦੋਂ ਕੋਈ ਵਿਅਕਤੀ ਗੱਲ ਕਰਦਾ ਹੈ, ਤਾਂ ਬੋਲਣ ਵੇਲੇ ਲਾਰ ਜਾਂ ਥੁੱਕ ਦੇ ਕੁਝ ਹਿੱਸੇ ਭਰ ਨਿਕਲਦੇ ਹਨ, ਇਨ੍ਹਾਂ ਤੋਂ ਵੀ ਡੀਐਨਏ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।"

ਡੀਐਨਏ ਨੂੰ ਬਚਾਉਣ ਲਈ ਇੰਨੀ ਜੱਦੋ-ਜਹਿਦ ਕਿਉਂ?

ਕਿਮ ਜੋਂਗ ਉਨ ਅਤੇ ਵਲਾਦੀਮੀਰ ਪੁਤਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉੱਤਰ ਕੋਰੀਆ ਅਤੇ ਰੂਸ ਵਿਚਕਾਰ ਚੰਗੇ ਸਬੰਧ ਮੰਨੇ ਜਾਂਦੇ ਹਨ

ਇਸ ਦੇ ਜਵਾਬ ਵਿੱਚ ਡਾਕਟਰ ਸਿਆਰੀ ਕਹਿੰਦੇ ਹਨ ਕਿ ਜੇਕਰ ਕਿਸੇ ਕੋਲ ਕਿਸੇ ਵਿਅਕਤੀ ਦਾ ਡੀਐਨਏ ਹੈ, ਤਾਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਕੀ ਉਸ ਵਿਅਕਤੀ ਨੂੰ ਕੋਈ ਜੈਨੇਟਿਕ ਬਿਮਾਰੀ ਹੈ। ਜੇਕਰ ਪਰਿਵਾਰ ਵਿੱਚ ਕੋਈ ਬਿਮਾਰੀ ਹੈ ਅਤੇ ਇਹ ਪੀੜ੍ਹੀ ਦਰ ਪੀੜ੍ਹੀ ਟ੍ਰਾਂਸਫਰ ਹੋ ਰਹੀ ਹੈ ਤਾਂ ਉਸਦਾ ਵੀ ਪਤਾ ਲਗਾਇਆ ਜਾ ਸਕਦਾ ਹੈ।

ਡਾਕਟਰ ਸਿਆਰੀ ਨੇ ਕਿਹਾ, ''ਇਸ ਤੋਂ ਇਲਾਵਾ, ਇਸ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਕਿ ਕੀ ਸਰੀਰ ਵਿੱਚ ਕਿਸੇ ਦਵਾਈ ਜਾਂ ਐਂਟੀਬਾਇਓਟਿਕ ਪ੍ਰਤੀ ਕੋਈ ਵਿਰੋਧ ਹੈ। ਡੀਐਨਏ ਤੋਂ ਬਹੁਤ ਕੁਝ ਪਤਾ ਲਗਾਇਆ ਜਾ ਸਕਦਾ ਹੈ, ਪਰ ਜੈਨੇਟਿਕ ਬਿਮਾਰੀਆਂ ਸਭ ਤੋਂ ਪਹਿਲਾਂ ਫੜ੍ਹੀਆਂ ਜਾਂਦੀਆਂ ਹਨ।''

''ਡੀਐਨਏ ਤੋਂ ਪਰਿਵਾਰ ਬਾਰੇ ਪਤਾ ਲਗਾਇਆ ਜਾ ਸਕਦਾ ਹੈ, ਜੈਨੇਟਿਕ ਬਿਮਾਰੀਆਂ ਅਤੇ ਪਰਿਵਾਰ ਵਿੱਚ ਚੱਲ ਰਹੇ ਨੁਕਸਾਂ ਜਾਂ ਹੋਰ ਜੈਨੇਟਿਕ ਕਮੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।''

ਕੀ ਡੀਐਨਏ ਇਹ ਵੀ ਦੱਸ ਸਕਦਾ ਹੈ ਕਿ ਕਿਸੇ ਵਿਅਕਤੀ ਦੀ ਸਿਹਤ ਇਸ ਸਮੇਂ ਕਿਵੇਂ ਹੈ, ਇਸ ਦੇ ਜਵਾਬ ਵਿੱਚ ਉਹ ਕਹਿੰਦੇ ਹਨ, ''ਇਹ ਸਹੀ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਵਿਅਕਤੀ ਇਸ ਸਮੇਂ ਸਿਹਤਮੰਦ ਹੈ ਜਾਂ ਗੈਰ-ਸਿਹਤਮੰਦ। ਡੀਐਨਏ ਬਣਦਾ ਅਤੇ ਵਿਗੜਦਾ ਰਹਿੰਦਾ ਹੈ, ਇਸ ਲਈ ਸਿਹਤ ਸਥਿਤੀ ਦਾ ਸਹੀ ਪਤਾ ਲਗਾਉਣਾ ਮੁਸ਼ਕਲ ਹੋਵੇਗਾ। ਪਰ ਬਿਮਾਰੀਆਂ ਦਾ ਯਕੀਨੀ ਤੌਰ 'ਤੇ ਪਤਾ ਲਗਾਇਆ ਜਾ ਸਕਦਾ ਹੈ।''

ਕਿਮ ਜੋਂਗ ਉਨ ਦੀ ਟੀਮ ਨਾ ਸਿਰਫ਼ ਬਾਅਦ ਵਿੱਚ ਸਗੋਂ ਇਸਦੀ ਵਰਤੋਂ ਕਰਨ ਤੋਂ ਪਹਿਲਾਂ ਵੀ ਹਰ ਚੀਜ਼ ਨੂੰ ਚੰਗੀ ਤਰ੍ਹਾਂ ਸਾਫ਼ ਕਰਦੀ ਹੈ।

ਭਾਵੇਂ ਇਹ 2018 ਵਿੱਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਹੋਵੇ ਜਾਂ 2023 ਵਿੱਚ ਰੂਸੀ ਰਾਸ਼ਟਰਪਤੀ ਨਾਲ ਮੁਲਾਕਾਤ, ਉਨ੍ਹਾਂ ਦੀ ਟੀਮ ਨੂੰ ਕੁਰਸੀ 'ਤੇ ਸਪਰੇਅ ਅਤੇ ਸਫਾਈ ਕਰਦੇ ਹੋਏ ਅਤੇ ਮੈਟਲ ਡਿਟੈਕਟਰ ਨਾਲ ਸਕੈਨ ਕਰਦੇ ਹੋਏ ਵੀ ਦੇਖਿਆ ਗਿਆ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)