'ਮੱਝਾਂ ਵਾਲੇ ਕਹਿੰਦੇ ਵੇਖੋ ਸਾਡੀ ਮੱਝ ਬੈਠੀ ਆਵਾਜ਼ ਵੀ ਸਿਆਣਦੀ, ਅਫ਼ਸਰ ਬੋਲਦੇ ਕਮੇਟੀਆਂ ਬਣਨੀਆਂ ਫਿਰ ਮੱਝ ਮਿਲਣੀ' – ਹੜ੍ਹਾਂ 'ਚ ਪਸ਼ੂਆਂ ਬਾਰੇ ਹਨੀਫ਼ ਦਾ ਵਲੌਗ

ਤਸਵੀਰ ਸਰੋਤ, AAMIR QURESHI/AFP via Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
ਹੜ੍ਹ ਵਿੱਚ ਡੁੱਬਦੀਆਂ ਬਸਤੀਆਂ ਵੇਖ ਲਈਆਂ ਨੇ, ਪੌਸ਼ ਕਲੋਨੀਆਂ ਵਿੱਚ ਬਣੇ ਸੋਹਣੇ ਘਰਾਂ ਦੇ ਡ੍ਰਾਇੰਗ ਰੂਮਾਂ ਵਿੱਚ ਚਿੱਕੜ, ਪਾਣੀ ਤੇ ਗਾਰਾ ਵੇਖ ਲਿਆ ਹੈ। ਪਿੰਡਾਂ ਦੇ ਪਿੰਡ ਡੁੱਬ ਗਏ ਨੇ, ਚੰਗੇ-ਭਲੇ ਖਾਂਦੇ-ਪੀਂਦੇ ਸਫੈਦਪੋਸ਼ ਲੋਕ ਰਾਤੋਂ-ਰਾਤੀਂ ਸੜਕਾਂ ਦੇ ਕੰਢੇ ਕੈਂਪਾਂ ਵਿੱਚ ਆ ਵੱਸੇ ਨੇ।
ਤੇ ਹੁਣ... ਮੱਝਾਂ ਵੇਖੋ ਤੇ ਗਾਵਾਂ ਵੇਖੋ। ਗਿਣਤੀ ਅਜੇ ਤੱਕ ਕਿਸੇ ਕੋਲ ਨਹੀਂ। ਪਰ ਪਤਾ ਨਹੀਂ ਕਿੰਨੇ ਹਜ਼ਾਰ ਆਪਣੇ ਕਿੱਲਿਆਂ 'ਤੇ ਬੰਨ੍ਹੀਆਂ ਪਾਣੀ ਵਿੱਚ ਡੁੱਬ ਗਈਆਂ ਨੇ ਤੇ ਕਿੰਨੇ ਲੱਖ ਹੜ੍ਹ ਵਿੱਚ ਵਹਿ ਕੇ ਘਰੋਂ ਬੇਘਰ ਹੋਈਆਂ ਨੇ।
ਹੁਣ ਸਰਕਾਰ ਨੇ ਬੰਨ੍ਹ ਲਈਆਂ ਨੇ ਤੇ ਸਰਕਾਰ ਕਹਿੰਦੀ ਪਈ ਹੈ ਕਿ ਇਨ੍ਹਾਂ ਨੂੰ ਵਾਪਸ ਕਰਨ ਲਈ ਅਸੀਂ ਅਜੇ ਕੋਈ ਪ੍ਰੋਸੀਜ਼ਰ ਨਹੀਂ ਬਣਾਇਆ।
ਇਹ ਪ੍ਰੋਸੀਜ਼ਰ ਜ਼ਾਹਿਰ ਹੈ ਸ਼ਹਿਰਾਂ 'ਚ ਹੀ ਬਣੇਗਾ ਤੇ ਸ਼ਹਿਰ ਦੇ ਬਾਬੂ ਹੀ ਬਣਾਉਣਗੇ। ਹੁਣ ਪਤਾ ਨਹੀਂ ਉਨ੍ਹਾਂ ਸ਼ਹਿਰੀ ਬਾਬੂਆਂ ਨੂੰ ਪਤਾ ਵੀ ਹੈ ਕਿ ਨਹੀਂ ਕਿ ਮੱਝ ਸਿਰਫ ਮੱਝ ਨਹੀਂ ਹੁੰਦੀ, ਉਹ ਇੱਕ ਗਰੀਬ ਦੀ ਕੁੱਲ ਮਨਕੂਲਾ ਤੇ ਗੈਰ ਮਨਕੂਲਾ ਜਇਦਾਦ ਵੀ ਹੁੰਦੀ ਹੈ।
'ਮੱਝ ਸਿਰਫ ਪਸ਼ੂ ਨਹੀਂ, ਕਈ ਲੋਕਾਂ ਦਾ ਜੀਵਨ-ਮਰਨ ਹੈ'

ਤਸਵੀਰ ਸਰੋਤ, Mohammad Hanif
ਮੱਝ..ਕਿੱਲੇ 'ਤੇ ਬੱਝਾ, ਉਗਾਲੀ ਕਰਦਾ, ਦੁੱਧ ਦਿੰਦਾ ਸਿਰਫ ਪਸ਼ੂ ਨਹੀਂ ਹੈ। ਮੱਝ ਲੋਕਾਂ ਦੀ ਨੌਕਰੀ ਹੈ, ਲੋਕਾਂ ਦਾ ਬਿਜ਼ਨੇਸ ਹੈ, ਉਨ੍ਹਾਂ ਦੀ ਲਾਈਫ ਇਸ਼ਿਓਰੈਂਸ ਹੈ ਤੇ ਇਹ ਮੱਝ ਹੀ ਉਨ੍ਹਾਂ ਦੀ ਪੈਨਸ਼ਨ ਹੈ।
ਸ਼ਹਿਰ ਵਿੱਚ ਬੈਠਾ ਮੇਰੇ, ਤੁਹਾਡੇ ਵਰਗਾ ਡੱਬੇ ਦਾ ਦੁੱਧ ਪੀਣ ਵਾਲਾ ਬੰਦਾ ਸਮਝ ਹੀ ਨਹੀਂ ਸਕਦਾ ਕਿ ਮੱਝ ਕਈ ਲੋਕਾਂ ਦਾ ਜੀਵਨ-ਮਰਨ ਹੈ।
ਜਿਹਦੀਆਂ ਫਸਲਾਂ ਉੱਜੜੀਆਂ ਨੇ, ਬੜਾ ਨੁਕਸਾਨ ਹੋਇਆ ਹੈ ਲੇਕਿਨ ਰੱਬ ਕਰੇਗਾ ਤਾਂ ਫਿਰ ਉੱਗ ਆਉਣਗੀਆਂ ਤੇ ਚੰਗੀਆਂ ਉਗਣਗੀਆਂ। ਜਿਨ੍ਹਾਂ ਦੇ ਘਰ ਦਰਿਆ ਬੁਰਧ ਹੋਏ ਨੇ, ਉਹ ਔਖੇ-ਸੌਖੇ ਹੋ ਕੇ ਸਿਰ 'ਤੇ ਛੱਤ ਜਾਂ ਛੱਪੜ ਪਾ ਲੈਣਗੇ।
ਹੁਕੂਮਤ ਵੀ ਵਾਅਦੇ ਕਰਦੀ ਪਈ ਹੈ, ਭਾਵੇਂ ਝੂਠੇ ਹੀ ਹੋਣ ਲੇਕਿਨ ਇੱਕ ਆਸਰਾ ਤਾਂ ਹੈ।
'ਅਸੀਂ ਬੰਦੇ ਬਚਾਈਏ ਕਿ ਤੁਹਾਡੀਆਂ ਮੱਝਾਂ ਵਾਪਸ ਕਰੀਏ'
ਪਰ ਜਿਸ ਵਿਚਾਰੇ ਦੀ ਮੱਝ ਰੁੜ੍ਹ ਗਈ ਹੈ, ਉਸ ਦਾ ਕਿਸੇ ਨੇ ਨਹੀਂ ਸੋਚਿਆ। ਜਿਨ੍ਹਾਂ ਨੇ ਰੁੜ੍ਹੀਆਂ ਆਪਣੀਆਂ ਲੱਭ ਲਈਆਂ ਨੇ ਉਹ ਸਰਕਾਰ ਅੱਗੇ ਰੋਂਦੇ ਪਏ ਨੇ ਕਿ ਸਾਨੂੰ ਹੋਰ ਕੁਝ ਨਹੀਂ ਦੇ ਸਕਦੇ, ਸਾਡੀ ਮੱਝ ਤਾਂ ਵਾਪਸ ਕਰ ਦਿਓ। ਆਹ ਵੇਖੋ, ਆਹ ਬੈਠੀ ਹੈ, ਮੇਰੀ ਆਵਾਜ਼ ਵੀ ਸਿਆਣਦੀ ਹੈ, ਮੇਰੇ ਵੱਲ ਤੁਰ ਕੇ ਵੀ ਆਉਂਦੀ ਹੈ।
ਸਰਕਾਰ ਕਹਿੰਦੇ ਹੈ ਪਹਿਲਾਂ ਕਮੇਟੀਆਂ ਬਣਨਗੀਆਂ, ਪਹਿਲਾਂ ਪ੍ਰੋਸੀਜ਼ਰ ਹੋਵੇਗਾ ਤੇ ਫਿਰ ਤੁਹਾਨੂੰ ਮੱਝ ਵਾਪਸ ਮਿਲੇਗੀ।
ਪਾਲਸੀਆਂ ਲਾਹੌਰ ਤੇ ਇਸਲਾਮਾਬਾਦ ਵਿੱਚ ਹੀ ਬਣਨਗੀਆਂ, ਜਿੱਥੇ ਮੱਝ ਸਿਰਫ ਦੁੱਧ ਦੇ ਇਸ਼ਤਿਹਾਰ ਵਿੱਚ ਹੀ ਨਜ਼ਰ ਆਉਂਦੀ ਹੈ।
ਪੰਜਾਬ ਦੇ ਲਾਈਵ ਸਟੌਕ ਦੇ ਵਜ਼ੀਰ ਕੋਲੋਂ ਪੁੱਛਿਆ ਗਿਆ ਤੇ ਖਿਆਲ ਸੀ ਕਿ ਇਹ ਲਾਈਵ ਸਟੌਕ ਦੇ ਵਜ਼ੀਰ ਹਨ, ਇਨ੍ਹਾਂ ਨੂੰ ਮੱਝਾਂ ਦਾ ਪਤਾ ਹੀ ਹੋਵੇਗਾ। ਇਹ ਵੀ ਪਤਾ ਹੋਵੇਗਾ ਕਿ ਪਿੰਡ ਦੀ ਇਕੋਨਾਮੀ ਵਿੱਚ ਮੱਝ ਦਾ ਕਿੰਨਾ ਵੱਡਾ ਹਿੱਸਾ ਹੈ।
ਉਨ੍ਹਾਂ ਫਰਮਾਇਆ ਕਿ ਹੜ੍ਹ ਵਿੱਚ ਜਾਨਵਰਾਂ ਨਾਲ ਜੋ ਬੀਤੀ ਹੈ ਉਸ ਬਾਰੇ ਅਸੀਂ ਅਜੇ ਕੋਈ ਪਾਲਿਸੀ ਨਹੀਂ ਬਣਾਈ, ਇਹ ਮਾਮਲਾ ਡਿਸਟ੍ਰਿਕਟ ਲੈਵਲ 'ਤੇ ਛੱਡ ਦਿੱਤਾ ਹੈ।
ਡਿਸਟ੍ਰਿਕਟ ਲੈਵਲ ਵਾਲੇ ਇਹ ਕਹਿੰਦੇ ਨੇ ਬਈ ਸਾਨੂੰ ਹੋਰ ਬੜੇ ਕੰਮ ਨੇ। ਅਸੀਂ ਬੰਦੇ ਬਚਾਈਏ ਕਿ ਤੁਹਾਡੀਆਂ ਮੱਝਾਂ ਵਾਪਸ ਕਰੀਏ। ਪਹਿਲਾਂ ਅਸੀਂ ਕਮੇਟੀਆਂ ਬਣਾਵਾਂਗੇ, ਮੱਝਾਂ ਦੀ ਸ਼ਿਨਾਖਤ ਹੋਵੇਗੀ, ਫਿਰ ਤੁਹਾਨੂੰ ਵਾਪਸ ਕਰਾਂਗੇ।
'ਇਸ ਬੇਜ਼ੁਬਾਨ ਦੀ ਬਦ-ਦੁਆ ਤਾਂ ਨਾ ਲਵੋ'

ਤਸਵੀਰ ਸਰੋਤ, RAJA IMRAN/Middle East Images/AFP via Getty Images
ਜਦੋਂ ਤੱਕ ਇਹ ਕਮੇਟੀਆਂ ਬਣਨਗੀਆਂ ਮੱਝਾਂ ਦੀਆਂ ਭੁੱਖ ਨਾਲ ਪਸਲੀਆਂ ਨਿੱਕਲ ਆਉਣੀਆਂ ਨੇ।
ਮੱਝ ਵੈਸੇ ਤਾਂ ਬੜਾ ਹੀ ਸਬਰ ਵਾਲਾ ਜਾਨਵਰ ਹੈ। ਦਿਨ ਵਿੱਚ ਇੱਕ ਵਾਰ ਪੱਠੇ ਤੇ ਵੰਡਾ ਪਾ ਦਿਓ, ਕਿਸੇ ਗਾਰੇ ਵਾਲੇ ਤਲਾਅ 'ਚ ਛੱਡ ਦਿਓ ਤਾਂ ਸਾਰਾ ਦਿਨ ਖਾਮੋਸ਼ ਰਹਿੰਦੀ ਹੈ। ਪੂਰਾ ਖਾਨਦਾਨ ਪਾਲਦੀ ਹੈ, ਕੋਈ ਨਖਰਾ ਵੀ ਨਹੀਂ ਕਰਦੀ।
ਅੱਜ ਵੀ ਸਾਡੇ ਹੁਕਮਰਾਨ ਭਾਵੇਂ ਆਪਣੀਆਂ ਫੋਟੋਆਂ ਲਾ ਕੇ ਮੱਝਾਂ ਨੂੰ ਖਲ਼-ਵੰਡਾ ਭੇਜ ਦੇਣ, ਉਨ੍ਹਾਂ ਨੇ ਕੋਈ ਇਤਰਾਜ਼ ਨਹੀਂ ਕਰਨਾ।
ਇਸ ਮੁਸੀਬਤ ਦੇ ਵੇਲ਼ੇ ਜੇ ਅਸੀਂ ਆਪਣੇ ਪਾਲਣ ਵਾਲੇ ਜਾਨਵਰ ਨੂੰ ਨਹੀਂ ਪਾਲ਼ ਸਕਦੇ ਤਾਂ ਫਿਰ ਫਿੱਟੇ-ਮੂੰਹ ਹੈ ਸਾਡਾ।
ਮੱਝ ਸਾਰਾ ਸਾਲ ਸਾਡੇ ਬੱਚਿਆਂ ਨੂੰ ਦੁੱਧ ਪਿਲਾ ਕੇ ਪਾਲਦੀ ਹੈ। ਹੁਣ ਉਸ 'ਤੇ ਬੁਰਾ ਵਕਤ ਆਇਆ ਹੈ ਤਾਂ ਉਸ ਦੀ ਵੀ ਸੋਚੋ। ਖਲਕਤ ਨੇ ਜੋ ਕਹਿਣਾ ਹੈ ਕਹਿੰਦੇ ਰਹੇਗੀ ਪਰ ਇਸ ਬੇਜ਼ੁਬਾਨ ਦੀ ਬਦ-ਦੁਆ ਤਾਂ ਨਾ ਲਵੋ।
ਰੱਬ ਰਾਖਾ!
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













