'ਅਸੀਂ ਤਾਂ ਬੱਸ ਸੜਕ ਦੇ ਕਿਨਾਰੇ ਖਲੋਤੇ, ਇਸੇ ਉਡੀਕ 'ਚ ਕਿ ਤੁਹਾਡਾ ਮਰਸਡੀਜ਼ਾਂ ਦਾ ਕਾਫ਼ਿਲਾ ਗੁਜ਼ਰ ਜਾਵੇ'- ਮੁਹੰਮਦ ਹਨੀਫ਼ ਦਾ ਵਲੌਗ

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ
ਪਾਕਿਸਤਾਨ ਦੇ ਫੀਲਡ ਮਾਰਸ਼ਲ ਸਾਹਿਬ ਕੋਲ ਵੈਸੇ ਤਾਂ ਹਰ ਤਰ੍ਹਾਂ ਦੀ ਪਾਵਰ ਹੈ, ਪਰ ਇੱਕ ਪਾਵਰ ਕੋਈ ਨਹੀਂ — ਉਹ ਖੁੱਲ੍ਹ ਕੇ ਬੋਲ ਨਹੀਂ ਸਕਦੇ।
ਉਹ ਕਦੇ-ਕਦੇ ਫੌਜੀਆਂ ਦਾ ਜਾਂ ਓਵਰਸੀਜ਼ ਪਾਕਿਸਤਾਨੀਆਂ ਦਾ ਖੂਨ ਗਰਮਾਉਣ ਲਈ ਖਿਤਾਬ ਕਰ ਲੈਂਦੇ ਨੇ, ਲੇਕਿਨ ਚਾਰ ਸਾਫ਼ਿਆਂ ਦੇ ਸਾਹਮਣੇ ਬੈਠ ਕੇ ਦਿਲ ਦੀ ਗੱਲ ਨਹੀਂ ਕਰ ਸਕਦੇ।
ਨਾ ਇਹ ਦੱਸ ਸਕਦੇ ਨੇ ਕਿ ਉਹਨਾਂ ਨੇ ਟਰੰਪ ਨਾਲ ਕੀ ਵਾਅਦੇ ਕੀਤੇ ਨੇ ਅਤੇ ਨਾ ਹੀ ਕਿਸੇ ਦੀ ਇਹ ਜੁੱਰਤ ਹੈ, ਨਾ ਮੌਕਾ ਮਿਲਦਾ ਹੈ ਕਿ ਉਹਨਾਂ ਨੂੰ ਇਹ ਪੁੱਛ ਸਕੇ ਕਿ ਤੁਸੀਂ ਕਦੀ ਰਿਟਾਇਰ ਵੀ ਹੋਣਾ ਹੈ ਜਾਂ ਨਹੀਂ।
ਨਾ ਕੋਈ ਇਹ ਪੁੱਛ ਸਕਦਾ ਕਿ ਜਿੰਨ੍ਹੇ ਕੈਦੀ ਤੁਸੀਂ ਜੇਲ੍ਹ 'ਚ ਸੁੱਟੀ ਜਾਂਦੇ ਹੋ, ਉਹ ਕਦੀ ਬਾਹਰ ਵੀ ਆਉਣਗੇ ਜਾਂ ਉਹਨਾਂ ਨੂੰ ਤੁਹਾਡੇ ਜਾਣ ਦਾ ਇੰਤਜ਼ਾਰ ਕਰਨਾ ਪਏਗਾ।
ਖਾਮੋਸ਼ੀ ਦੇ ਇਸ ਮਾਹੌਲ ਵਿੱਚ, ਜਗਤ ਸਾਹਾਫੀ ਸੁਹੈਲ ਵੜੈਚ ਨੇ ਬ੍ਰਸਲਜ਼ ਵਿੱਚ ਓਵਰਸੀਜ਼ ਪਾਕਿਸਤਾਨੀਆਂ ਦੇ ਕਿਸੇ ਇਕੱਠ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਕਰ ਲਈ, ਚਾਰ ਗੱਲਾਂ ਲਿਖ ਛੱਡੀਆਂ — ਉਹ ਫ਼ਰਿਸ਼ਤਿਆਂ ਦੀ ਗੱਲ, ਕੋਈ ਸ਼ੈਤਾਨ ਦੀ ਗੱਲ, ਕੋਈ ਮਾਫ਼ੀ ਦੀ ਗੱਲ।
'ਨਾ ਕੋਈ ਇੰਟਰਵਿਊ ਹੋਇਆ, ਨਾ ਕੋਈ ਮੁਲਾਕਾਤ'
ਪਹਿਲਾਂ ਪੀਟੀਆਈ ਵਾਲੇ ਉਹਨਾਂ ਦੇ ਪਿੱਛੇ ਪੈ ਗਏ ਕਿ ਤੁਸੀਂ ਸਾਡੇ ਇਮਰਾਨ ਖਾਨ ਨੂੰ ਮਸ਼ਵਰੇ ਦੇਣ ਵਾਲੇ ਹੁੰਦੇ ਕੌਣ ਹੋ। ਫਿਰ ਆਈਐਸਪੀਆਰ ਦੇ ਜਰਨੈਲ ਸਾਹਿਬ ਬੋਲੇ — ਫਰਮਾਇਆ ਕਿ ਇਹ ਸਭ ਮਨਘੜੰਤ ਹੈ, ਸੁਹੈਲ ਵੜੈਚ ਨੇ ਆਪਣੇ ਫਾਇਦੇ ਲਈ ਕੀਤਾ ਹੈ, ਨਾ ਕੋਈ ਇੰਟਰਵਿਊ ਹੋਇਆ, ਨਾ ਕੋਈ ਮੁਲਾਕਾਤ, ਨਾ ਕਿਤੇ ਇਮਰਾਨ ਖਾਨ ਦਾ ਜ਼ਿਕਰ, ਨਾ ਫ਼ਰਿਸ਼ਤਿਆਂ ਦਾ, ਨਾ ਸ਼ੈਤਾਨ ਦੀ ਗੱਲ, ਨਾ ਕੋਈ ਮਾਫ਼ੀ ਦਾ ਜ਼ਿਕਰ।
ਵੜੈਚ ਸਾਹਿਬ ਪੁਰਾਣੇ ਤੇ ਸਿਆਣੇ ਸਹਾਫੀ ਨੇ — ਉਹ ਨੂੰ ਕਿਸੇ ਦੀ ਸਹਾਫਤ ਦੇ ਸਰਟੀਫਿਕੇਟ ਦੀ ਲੋੜ ਨਹੀਂ। ਉਹ ਪੀਟੀਆਈ ਅਤੇ ਫੌਜ ਨਾਲ ਆਪਣੇ ਮਾਮਲੇ ਆਪ ਵੇਖ ਲੈਣਗੇ। ਪਰ ਫੀਲਡ ਮਾਰਸ਼ਲ ਸਾਹਿਬ ਤਾਂ ਇਸ ਤੋਂ ਪਹਿਲਾਂ ਵੀ ਇਕ ਗੱਲ ਕੀਤੀ ਸੀ, ਅਤੇ ਮੇਰਾ ਖਿਆਲ ਸੀ ਕੋਈ ਜ਼ਿੰਮੇਵਾਰ ਬੰਦਾ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦਾ — ਇਸ ਦੀ ਤਰਦੀਦ ਜ਼ਰੂਰ ਆਏਗੀ।

ਤਸਵੀਰ ਸਰੋਤ, FB/SuhailWarraich
ਸੁਣਿਆ ਸੀ ਕਿ ਪਾਕਿਸਤਾਨ ਅਤੇ ਇੰਡਿਆ ਵਿੱਚ ਟੈਂਸ਼ਨ ਦੇ ਦਿਨਾਂ ਵਿੱਚ, ਕਿਸੇ ਹਾਈ ਲੈਵਲ ਮੀਟਿੰਗ ਵਿੱਚ ਉਹਨਾਂ ਨੇ ਫਰਮਾਇਆ ਸੀ — "ਪਾਕਿਸਤਾਨ ਇੱ ਕ ਡੰਪਰ ਟਰੱਕ ਹੈ ਤੇ ਇੰਡੀਆ ਮਰਸਡੀਜ਼। ਜੇ ਦੋਵਾਂ ਦੀ ਟੱਕਰ ਹੋ ਗਈ, ਤਾਂ ਸੋਚੋ ਨੁਕਸਾਨ ਕਿਸ ਦਾ ਹੋਵੇਗਾ?"
ਪਹਿਲਾਂ ਤਾਂ ਥੋੜ੍ਹੀ ਜਿਹੀ ਬੇਇੱਜ਼ਤੀ ਮਹਿਸੂਸ ਹੋਈ, ਫਿਰ ਖਿਆਲ ਆਇਆ ਕਿ ਉਰਦੂ ਵਿੱਚ ਪੜ੍ਹਿਆ ਸੀ ਕਿ "ਜੰਗ ਅਤੇ ਮੁਹੱਬਤ ਵਿੱਚ ਸਭ ਕੁਝ ਜਾਇਜ਼ ਹੈ" — ਹੋ ਸਕਦਾ ਹੈ ਦੁਸ਼ਮਣ ਨੂੰ ਆਪਣੀ ਗੁਰਬਤ ਤੋਂ ਡਰਾਉਣਾ, ਸ਼ਾਇਦ ਕੋਈ ਜੰਗੀ ਚਾਲ ਹੋਵੇ। ਇਸ ਡੰਪਰ ਤੇ ਮਰਸਡੀਜ਼ ਵਾਲੀ ਗੱਲ ਦੀ ਤਰਦੀਦ ਕੀ ਹੋਣੀ ਸੀ
ਵਜ਼ੀਰੇ-ਦਾਖਲਾ ਮੋਹਸਿਨ ਨਕਵੀ ਨੇ ਇਹ ਕਿੱਸਾ ਦੁਹਰਾਇਆ — ਆਨ-ਰਿਕਾਰਡ ਦੁਹਰਾਇਆ ਤੇ ਚਸਕੇ ਲੈ ਕੇ ਸੁਣਾਇਆ: "ਵਜ਼ੀਰ ਸਾਹਿਬ ਆਪ ਵੀ ਮਰਸਡੀਜ਼ ਵਿੱਚ ਫਿਰਦੇ ਨੇ, ਹਰ ਦੂਸਰਾ ਵੱਡਾ ਵਜ਼ੀਰ ਵੀ ਲੰਬੀ ਮਰਸਡੀਜ਼ ਵਿੱਚ, ਆਉਂਦਾ ਹੈ ਤੇ ਜਾਂਦਾ ਹੈ। ਸਾਡੇ ਜਰਨੈਲ ਤੇ ਜਜਾਂ ਦੀ ਵੀ ਫੇਵਰਿਟ ਕਾਰ ਮਰਸਡੀਜ਼ ਹੀ ਹੈ, ਤੇ ਫਿਰ ਇਹ ਡੰਪਰ ਟਰੱਕ ਕੌਣ ਹੈ?

ਤਸਵੀਰ ਸਰੋਤ, Getty Images
'ਇੰਡੀਆ ..ਚਾਵੇ ਤਾਂ ਪਾਵੇ ਮਰਸਡੀਜ਼ ਵਾਲੀ ਪੂਰੀ ਕੰਪਨੀ ਖਰੀਦ ਲਵੇ'
ਇੰਡੀਆ ਵੈਸੇ ਤਾਂ ਪਾਕਿਸਤਾਨ ਦੇ ਮੁਕਾਬਲੇ ਵੱਡਾ ਵੀ ਹੈ ਤੇ ਅਮੀਰ ਵੀ। ਉੱਥੇ ਦਾ ਕੋਈ ਸੈਠ ਜੇ ਚਾਵੇ ਤਾਂ ਪਾਵੇ ਮਰਸਡੀਜ਼ ਵਾਲੀ ਪੂਰੀ ਕੰਪਨੀ ਖਰੀਦ ਲਵੇ — ਜਿਵੇਂ ਕਿਸੇ ਨੇ ਇਸ ਤੋਂ ਪਹਿਲਾਂ ਜੈਗੁਆਰ ਕਾਰ ਬਣਾਉਣ ਵਾਲੀ ਖਰੀਦੀ ਸੀ। ਪਰ ਸੱਚੀ ਗੱਲ ਇਹ ਹੈ ਅਤੇ ਸਾਰਿਆਂ ਨੂੰ ਪਤਾ ਹੈ, ਕਿ ਇੰਡੀਆ ਵਾਲਿਆਂ ਨੇ ਤਾਂ ਮਰਸਡੀਜ਼ ਸਾਡੇ ਤੋਂ ਕਿਤੇ ਬਾਅਦ ਵੇਖੀ ਹੈ।
ਸਾਡੇ ਤੋਂ ਪਹਿਲਾਂ ਫੀਲਡ ਮਾਰਸ਼ਲ ਸਾਹਿਬ ਵੀ ਮਰਸਡੀਜ਼ ਵਿੱਚ ਫਿਰਦੇ ਸਨ ਤੇ ਇੰਡੀਆ ਦੇ ਵਜ਼ੀਰੇ ਆਜ਼ਮ ਨੂੰ ਤਾਂ ਅਸੀਂ ਹਮੇਸ਼ਾ ਪੁਰਾਣੀਆਂ ਖਾਂਘਲ ਐਂਬੈੱਸਡਰ ਕਾਰਾਂ ਵਿੱਚ ਆਉਂਦੇ ਜਾਂਦੇ ਵੇਖਿਆ। ਹੁਣ ਵੀ ਮੇਰਾ ਨਹੀਂ ਖਿਆਲ ਕਿ ਅਸੀਂ ਕੋਈ ਇੰਡੀਅਨ ਜਰਨੈਲ ਕਿਸੇ ਮਰਸਡੀਜ਼ 'ਚ ਘੁੰਮਦਾ ਵੇਖਿਆ ਹੋਵੇ। ਪਾਕਿਸਤਾਨ ਵਿੱਚ ਗਰੀਬ ਸੂਬੇ ਦੇ ਵਜ਼ੀਰ -ਏ- ਦਾਖਲਾ ਦਾ ਕਾਫ਼ਿਲਾ ਵੀ ਨਿਕਲੇ ਤਾਂ ਮਰਸਡੀਜ਼ਾਂ ਦੀ ਗਿਣਤੀ ਨਹੀਂ ਮੁਕਦੀ।
ਲੋਕ ਸੜਕ ਦੇ ਕਿਨਾਰੇ ਉਡੀਕ ਕਰਦੇ ਰਹਿੰਦੇ ਨੇ ਕਿ ਇਹ ਕਾਫ਼ਿਲਾ ਮੁੱਕੇ ਤੇ ਅਸੀਂ ਘਰਾਂ ਨੂੰ ਜਾਈਏ। ਬਿਜ਼ਨਸਮੈਨ ਤੇ ਵਜ਼ੀਰਾਂ ਨੂੰ ਤਾਂ ਛੱਡੋ, ਸਾਡੇ ਕਈ ਸਹਾਫੀ ਭੈਣ ਭਰਾ ਵੀ ਮਰਸਡੀਜ਼ਾਂ ਲਈ ਫਿਰਦੇ ਨੇ, ਤੇ ਉਹਨਾਂ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਖਰੀਦੀਆਂ ਹਨ।
ਸ਼ਾਇਦ ਡੰਪਰ ਟਰੱਕ ਤੋਂ ਮਤਲਬ ਅਸੀਂ ਆਵਾਮ ਹੋਵਾਂ — ਕਿ ਅਸੀਂ ਰਫ਼-ਟਫ਼ ਹਾਂ, ਸਭ ਕੁਝ ਸਹਿ ਸਕਦੇ ਹਾਂ, ਗਰਮੀ-ਸਰਦੀ ਦੀ ਕੋਈ ਪਰਵਾਹ ਨਹੀਂ, ਬੱਸ ਪੱਥਰ ਢੋਈ ਜਾਵੋ ਤੇ ਰੱਬ ਦਾ ਸ਼ੁਕਰ ਅਦਾ ਕਰੀ ਜਾਓ। ਤੇ ਬੱਚਿਆਂ ਵਾਲਿਓ, ਮਰਸਡੀਜ਼ਾਂ ਵੀ ਤੁਹਾਡੀਆਂ, ਡੰਪਰ ਟਰੱਕ ਵੀ ਤੁਹਾਡੇ, ਤੇ ਉਨ੍ਹਾਂ ਤੇ ਪੱਥਰ ਢੋਹਨ ਵਾਲੇ ਲੋਕ ਵੀ ਤੁਹਾਡੇ।
ਅਸੀਂ ਤਾਂ ਬੱਸ ਸੜਕ ਦੇ ਕੰਢੇ ਖਲੋਤੇ, ਇਸ ਹੀ ਉਡੀਕ 'ਚ ਹਾਂ ਕਿ ਤੁਹਾਡਾ ਮਰਸਡੀਜ਼ਾਂ ਦਾ ਕਾਫ਼ਿਲਾ ਗੁਜ਼ਰ ਜਾਵੇ। ਅਸੀਂ ਆਪਣੀ ਪੁਰਾਣੀ ਮੋਟਰਸਾਈਕਲ ਨੂੰ ਕਿਕ ਮਾਰ ਕੇ ਕਿਸੇ ਮੰਜ਼ਿਲ ਤੱਕ ਜਾਣ ਯੋਗ ਹੋਈਏ।
ਰੱਬ ਰਾਖਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













