'ਸਾਡੇ ਲਈ ਅੰਦਰ ਵੀ ਮੌਤ ਸੀ ਤੇ ਬਾਹਰ ਵੀ ਮੌਤ ਸੀ', ਹੁਸ਼ਿਆਰਪੁਰ ਦੇ ਟੈਂਕਰ ਧਮਾਕੇ ਦੇ ਪੀੜਤਾਂ ਨੇ ਦੱਸਿਆ ਹਾਦਸੇ ਵਾਲੀ ਰਾਤ ਦਾ ਮੰਜ਼ਰ

- ਲੇਖਕ, ਪਰਦੀਪ ਸ਼ਰਮਾ
- ਰੋਲ, ਬੀਬੀਸੀ ਸਹਿਯੋਗੀ
ਸ਼ੁੱਕਰਵਾਰ ਦੀ ਰਾਤ ਨੂੰ ਜਲੰਧਰ-ਹੁਸ਼ਿਆਰਪੁਰ ਹਾਈਵੇਅ 'ਤੇ ਇੱਕ ਐੱਲਪੀਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਤੇ 20 ਤੋਂ ਵੱਧ ਜਣੇ ਜ਼ੇਰੇ ਇਲਾਜ ਹਨ।
ਦਰਅਸਲ ਜਲੰਧਰ-ਹੁਸ਼ਿਆਰਪੁਰ ਹਾਈਵੇਅ 'ਤੇ ਮੰਡਿਆਲਾ ਵਿੱਚ ਸਥਿਤ ਹਿੰਦੁਸਤਾਨ ਪੈਟਰੋਲੀਅਮ ਬੋਟਲਿੰਗ ਪਲਾਂਟ ਤੋਂ ਕੁਝ ਦੂਰੀ 'ਤੇ ਐੱਲਪੀਜੀ ਗੈਸ ਨਾਲ ਭਰੇ ਇੱਕ ਟੈਂਕਰ ਦੀ ਮਹਿੰਦਰਾ ਪਿਕਅੱਪ ਨਾਲ ਟੱਕਰ ਹੋ ਗਈ, ਜਿਸ ਕਾਰਨ ਟੈਂਕਰ ਵਿੱਚ ਧਮਾਕਾ ਹੋ ਗਿਆ।
ਅਸਲ ਵਿੱਚ ਜਦੋਂ ਇਹ ਟੱਕਰ ਹੋਈ ਤਾਂ ਟੈਂਕਰ ਵਿੱਚੋਂ ਗੈਸ ਲੀਕ ਹੋਣੀ ਸ਼ੁਰੂ ਹੋ ਗਈ ਅਤੇ ਇਸ ਨੇ ਅੱਗ ਫੜ ਲਈ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਅੱਗ ਨੇੜੇ ਦੇ ਪਿੰਡ ਵਿੱਚ ਫੈਲ ਗਈ। ਇਸ ਧਮਾਕੇ ਕਾਰਨ ਕਰੀਬ 20 ਤੋਂ 25 ਦੁਕਾਨਾਂ ਪ੍ਰਭਾਵਿਤ ਹੋਈਆਂ ਅਤੇ ਦਰਜਨਾਂ ਘਰਾਂ ਤੱਕ ਇਹ ਅੱਗ ਪਹੁੰਚੀ।
ਜ਼ਖਮੀਆਂ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਕਈਆਂ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਹੋਰਨਾਂ ਥਾਵਾਂ ਉੱਤੇ ਰੈਫਰ ਕਰ ਦਿੱਤਾ ਗਿਆ।
"ਅੱਗੇ-ਅੱਗੇ ਗੈਸ ਤੇ ਪਿੱਛੇ-ਪਿੱਛੇ ਅੱਗ ਸੀ"
ਜਿਨ੍ਹਾਂ ਘਰਾਂ ਤੱਕ ਅੱਗ ਪਹੁੰਚੀ ਉੱਥੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਇਹ ਸਭ ਇੰਨੀ ਤੇਜ਼ੀ ਨਾਲ ਵਾਪਰਿਆ ਕਿ ਨਾ ਉਨ੍ਹਾਂ ਕੋਲ ਬਾਹਰ ਜਾਣ ਦਾ ਸਮਾਂ ਸੀ ਤੇ ਨਾ ਹੀ ਉਹ ਘਰ ਵਿੱਚ ਰੁਕ ਸਕਦੇ ਸਨ।
ਸਥਾਨਕ ਵਾਸੀ ਗੁਰਮੇਲ ਕੌਰ ਨੇ ਦੱਸਿਆ, "ਸਾਨੂੰ ਉਸ ਸਮੇਂ ਪਤਾ ਨਹੀਂ ਲੱਗਿਆ ਕਿ ਸਿਲੰਡਰ ਫਟਿਆ ਜਾਂ ਕੀ ਹੋਇਆ। ਜਦੋਂ ਅਸੀਂ ਗੇਟ ਖੋਲ੍ਹਿਆ ਤਾਂ ਅੱਗੇ-ਅੱਗੇ ਗੈਸ ਤੇ ਪਿੱਛੇ-ਪਿੱਛੇ ਅੱਗ ਸੀ। ਇਸ ਮੌਕੇ ਹੋਏ ਧਮਾਕਿਆਂ ਨੇ ਸਾਡੇ ਘਰ ਲਪੇਟ ਵਿੱਚ ਲੈ ਲਏ। ਸਾਨੂੰ ਸਮਝ ਨਹੀਂ ਸੀ ਆ ਰਹੀ ਅਸੀਂ ਅੰਦਰ ਰਹੀਏ ਜਾਂ ਬਾਹਰ ਕਿਵੇਂ ਜਾਈਏ ਕਿਉਂਕਿ ਸਾਡੇ ਸਾਹਮਣੇ ਅੰਦਰ ਵੀ ਮੌਤ ਸੀ ਤੇ ਬਾਹਰ ਵੀ ਮੌਤ ਸੀ।"
"ਸਾਡੇ ਫਰਿੱਜ, ਵਾਸ਼ਿੰਗ ਮਸ਼ੀਨ, ਬੈੱਡ, ਮੰਜੇ ਤੇ ਹੋਰ ਕੀਮਤੀ ਸਾਮਾਨ ਨੂੰ ਅੱਗ ਲੱਗ ਗਈ। ਮੈਂ ਸੋਚਿਆ ਹੁਣ ਤਾਂ ਅੰਦਰ ਵੀ ਮਰਨਾ ਤੇ ਬਾਹਰ ਵੀ ਮਰਨਾ।"
ਮਨਜੀਤ ਕੌਰ ਦਾ ਘਰ ਵੀ ਇਸ ਧਮਾਕੇ ਦੀ ਲਪੇਟ ਵਿੱਚ ਆਇਆ ਹੈ।
ਉਨ੍ਹਾਂ ਦੱਸਿਆ, "ਜਦੋਂ ਧਮਾਕਾ ਹੋਇਆ ਸਾਨੂੰ ਲੱਗਿਆ ਕੋਈ ਟਾਇਰ ਫਟਿਆ ਪਰ ਜਦੋਂ ਅਸੀਂ ਬਾਹਰ ਨਿਕਲ ਕੇ ਗੇਟ ਖੋਲ੍ਹੇ ਤਾਂ ਸਾਰੇ ਪਾਸੇ ਗੈਸ ਹੀ ਗੈਸ ਸੀ। ਜਿਵੇਂ-ਜਿਵੇਂ ਗੈਸ ਅੱਗੇ ਜਾ ਰਹੀ ਸੀ ਤਾਂ ਅੱਗ ਉਧਰ ਨੂੰ ਵਧਦੀ ਗਈ। ਇਸ ਹਾਦਸੇ ਵਿੱਚ ਸਾਡਾ ਸਾਰਾ ਘਰ ਸੜ ਗਿਆ। ਸਾਨੂੰ ਕੁਝ ਨਹੀਂ ਸੀ ਪਤਾ ਕਿਵੇਂ ਬਚਣਾ, ਕਿਧਰ ਨੂੰ ਨਿਕਲਿਆ। ਸਾਡੇ ਸਾਰੇ ਆਂਢੀ-ਗੁਆਂਢੀ, ਸਾਡੇ ਭੈਣ-ਭਰਾ ਇਸ ਅੱਗ ਦੀ ਲਪੇਟ ਵਿੱਚ ਆ ਗਏ।"

"ਮੈਂ ਆਪਣੇ ਬੱਚੇ ਖੁੰਝੇ 'ਚ ਲੈ ਕੇ ਬੈਠੀ ਸੀ"

ਮਡਿਆਲਾ ਦੇ ਹਰਦੀਪ ਕੌਰ ਨੇ ਦੱਸਿਆ, "ਇਹ ਹਾਦਸਾ ਕਰੀਬ 9.45 'ਤੇ ਹੋਇਆ। ਮੈਂ ਕਮਰੇ ਤੋਂ ਜਦੋਂ ਬਾਹਰ ਗਈ ਤਾਂ ਮੈਨੂੰ ਗੈਸ ਲੀਕ ਹੋਣ ਦੀ ਗੰਧ ਆਈ ਤਾਂ ਮੈਂ ਤੁਰੰਤ ਰਸੋਈ ਵਿੱਚ ਆ ਕੇ ਸਿਲੰਡਰ ਬੰਦ ਕੀਤਾ ਤੇ ਘਰ ਦੀਆਂ ਖਿੜਕੀਆਂ ਬੰਦ ਕੀਤੀਆਂ। ਇਸੇ ਦੌਰਾਨ ਜ਼ੋਰਦਾਰ ਧਮਾਕਾ ਹੋਇਆ। ਮੈਂ ਕਮਰੇ ਦੇ ਦਰਵਾਜ਼ੇ ਬੰਦ ਕਰਕੇ, ਆਪਣੇ ਬੱਚੇ ਲੈ ਕੇ ਖੁੰਝੇ ਵਿੱਚ ਬੈਠ ਗਈ ਸੀ। ਜਦੋਂ ਬਾਹਰ ਦੇਖਦੀ ਸੀ ਤਾਂ ਲਾਟਾਂ ਹੀ ਲਾਟਾਂ ਦਿਖੀਆਂ।"
"ਇਸ ਹਾਦਸੇ ਵਿੱਚ ਘਰਾਂ ਦੇ ਘਰ ਫੁੱਕ ਗਏ ਅਤੇ ਬਹੁਤ ਨੁਕਸਾਨ ਹੋਇਆ।"
ਸਥਾਨਕ ਦੁਕਾਨਦਾਰ ਕੁਲਵੰਤ ਕੌਰ ਦੀ ਬੁਟੀਕ ਵੀ ਇਸ ਹਾਦਸੇ ਦੀ ਲਪੇਟ ’ਚ ਆਈ ਹੈ। ਉਹ ਕਹਿੰਦੇ ਹਨ ਕਿ ਇਸ ਕਰਕੇ ਉਨ੍ਹਾਂ ਦਾ ਕਰੀਬ 8 ਲੱਖ ਦਾ ਨੁਕਸਾਨ ਹੋਇਆ ਹੈ।
ਕੁਲਵੰਤ ਦੱਸਦੇ ਹਨ, "ਮੇਰੇ ਆਰਡਰ ਆਏ ਹੋਏ ਸੀ ਵਿਦੇਸ਼ਾਂ ਤੋਂ, ਉਹ ਵੀ ਸੜ ਗਏ ਅਤੇ ਮਸ਼ੀਨਾਂ ਵੀ ਸੜ ਗਈਆਂ। ਮੇਰਾ ਘੱਟੋ-ਘੱਟ 8-9 ਲੱਖ ਰੁਪਏ ਦਾ ਨੁਕਸਾਨ ਹੋਇਆ। ਮੈਂ ਸਰਕਾਰ ਤੋਂ ਕਾਰਵਾਈ ਦੀ ਮੰਗ ਕਰਦੀ ਹਾਂ।"
ਸਥਾਨਕ ਲੋਕਾਂ ਦਾ ਧਰਨਾ ਤੇ ਪ੍ਰਸ਼ਾਸਨ ਦੀ ਕਾਰਵਾਈ

ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ਉੱਤੇ ਹਿੰਦੁਸਤਾਨ ਪੈਟਰੋਲਿਅਮ ਦਾ ਬੋਟਲਿੰਗ ਪਲਾਂਟ ਹੈ।
ਇਸ ਘਟਨਾ ਮਗਰੋਂ ਸਥਾਨਕ ਲੋਕਾਂ ਵੱਲੋਂ ਇਸ ਮੰਗ ਨੂੰ ਲੈ ਕੇ ਧਰਨਾ ਲਾਇਆ ਗਿਆ ਕਿ ਗੈਸ ਵਾਲੇ ਟੈਂਕਰਾਂ ਦੇ ਉਨ੍ਹਾਂ ਦੇ ਨੇੜੇ ਆਉਣ ਉੱਤੇ ਰੋਕ ਲਾਈ ਜਾਵੇ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਐੱਫਆਈਆਰ ਦਰਜ ਕਰ ਲਈ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਐੱਮਪੀ ਡਾ. ਰਾਜ ਕੁਮਾਰ ਚੱਬੇਵਾਲ ਨੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕੀਤੇ ਜਾਣ ਦਾ ਭਰੋਸਾ ਦਿੱਤਾ।
ਸੀਐੱਮ ਭਗਵੰਤ ਮਾਨ ਨੇ ਕੀ ਕਿਹਾ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾ ਵਿੱਚ ਵਾਪਰੇ ਇਸ ਹਾਦਸੇ ਉਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਨੇ ਪੋਸਟ ਕਰਦਿਆਂ ਲਿਖਿਆ, "ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾ ਵਿੱਚ ਦੇਰ ਰਾਤ ਐੱਲਪੀਜੀ ਗੈਸ ਨਾਲ ਭਰੇ ਇੱਕ ਟੈਂਕਰ ਦੇ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਜਿਸ ਵਿੱਚ ਕੁੱਝ ਲੋਕਾਂ ਦੀ ਦੁਖਦਾਈ ਮੌਤ ਦੀ ਖ਼ਬਰ ਮਿਲੀ ਹੈ ਅਤੇ ਕੁੱਝ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।”
“ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ। ਪੰਜਾਬ ਸਰਕਾਰ ਵੱਲੋਂ ਹਾਦਸੇ 'ਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਵਜੋਂ 2-2 ਲੱਖ ਰੁਪਏ ਤੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













