ਦਿੱਲੀ ਦੇ ਮੁੱਖ ਮੰਤਰੀ ਉੱਤੇ ਕਥਿਤ ਹਮਲੇ ਦੇ ਮੁਲਜ਼ਮ ਦੇ ਘਰ ਜਦੋਂ ਬੀਬੀਸੀ ਦੀ ਟੀਮ ਪਹੁੰਚੀ ਤਾਂ ਕੀ ਪਤਾ ਲੱਗਿਆ

ਰਾਜੇਸ਼ ਸਕਾਰੀਆ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰਾਜੇਸ਼ ਸਕਾਰੀਆ
    • ਲੇਖਕ, ਗੋਪਾਲ ਕਟੇਸ਼ੀਆ
    • ਰੋਲ, ਬੀਬੀਸੀ ਪੱਤਰਕਾਰ

ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਰਾਜਕੋਟ ਦੇ ਰਹਿਣ ਵਾਲੇ ਰਾਜੇਸ਼ ਸਕਾਰੀਆ ਵੱਲੋਂ ਕਥਿਤ ਤੌਰ 'ਤੇ ਹਮਲਾ ਕਰਨ ਦੀ ਖ਼ਬਰ ਆਉਣ ਤੋਂ ਬਾਅਦ ਸ਼ਹਿਰ ਦੇ ਕੋਠਾਰੀਆ ਰੋਡ 'ਤੇ ਸਥਿਤ ਗੋਕੁਲ ਪਾਰਕ ਵਿੱਚ ਉਨ੍ਹਾਂ ਦੇ ਗੁਆਂਢੀ ਹੈਰਾਨੀ ਅਤੇ ਦਹਿਸ਼ਤ ਵਿੱਚ ਹਨ।

ਰਾਜੇਸ਼ ਸਾਕਰੀਆ ਦੇ ਗੁਆਂਢੀਆਂ ਨੇ ਮੀਡੀਆ ਨੂੰ ਦੱਸਿਆ ਕਿ "ਰਾਜੇਸ਼ ਅਜਿਹੇ ਵਿਅਕਤੀ ਨਹੀਂ ਹਨ ਜੋ ਕਿਸੇ ਨੂੰ ਨੁਕਸਾਨ ਪਹੁੰਚਾਉਣ, ਪਰ ਕੁੱਤਿਆਂ ਅਤੇ ਗਾਵਾਂ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ।"

ਘਟਨਾ ਦੀ ਖ਼ਬਰ ਤੇਜ਼ੀ ਨਾਲ ਫੈਲਣ ਤੋਂ ਬਾਅਦ ਰਾਜਕੋਟ ਸ਼ਹਿਰ ਦੀ ਪੁਲਿਸ ਰਾਜੇਸ਼ ਦੇ ਪਿਤਾ ਖਿਮਜੀਭਾਈ ਅਤੇ ਮਾਤਾ ਭਾਨੂਬੇਨ ਨੂੰ ਪੁੱਛਗਿੱਛ ਲਈ ਆਜੀਦੇਮ ਪੁਲਿਸ ਸਟੇਸ਼ਨ ਲੈ ਗਈ।

ਰਾਜੇਸ਼ ਦੇ ਵੱਡੇ ਭਰਾ ਭਰਤਭਾਈ ਰਿਕਸ਼ਾ ਚਲਾਉਣ ਲਈ ਗਏ ਹੋਏ ਸਨ। ਰਾਜੇਸ਼ ਦੇ ਪਤਨੀ ਊਸ਼ਾਬੇਨ ਅਤੇ ਉਨ੍ਹਾਂ ਦਾ ਨਾਬਾਲਗ ਪੁੱਤਰ ਊਸ਼ਾਬੇਨ ਦੀ ਭੈਣ ਨੂੰ ਮਿਲਣ ਅਹਿਮਦਾਬਾਦ ਗਏ ਹੋਏ ਸਨ। ਇਸ ਲਈ ਸਵੇਰੇ ਉਨ੍ਹਾਂ ਦੇ ਘਰ ਕੋਈ ਮੌਜੂਦ ਨਹੀਂ ਸੀ। ਪਰ ਉਨ੍ਹਾਂ ਦੇ ਗੁਆਂਢੀਆਂ ਨੇ ਬੀਬੀਸੀ ਗੁਜਰਾਤੀ ਨਾਲ ਗੱਲ ਕੀਤੀ।

ਗੁਆਂਢੀਆਂ ਨੇ ਕੀ-ਕੀ ਦੱਸਿਆ

ਰਾਜੇਸ਼ ਦੇ ਗੁਆਂਢੀ ਹਰਸ਼ਾਬੇਨ ਚੌਥਾਨੀ

ਤਸਵੀਰ ਸਰੋਤ, Bipin Tankaria/BBC

ਤਸਵੀਰ ਕੈਪਸ਼ਨ, ਰਾਜੇਸ਼ ਦੇ ਗੁਆਂਢੀ ਹਰਸ਼ਾਬੇਨ ਚੌਥਾਨੀ

ਰਾਜੇਸ਼ ਦੇ ਘਰ ਦੇ ਨਾਲ ਰਹਿੰਦੇ ਹਰਸ਼ਾਬੇਨ ਚੌਥਾਨੀ ਨੇ ਬੀਬੀਸੀ ਨੂੰ ਦੱਸਿਆ, "ਰਾਜੇਸ਼ਭਾਈ ਅਤੇ ਉਨ੍ਹਾਂ ਦਾ ਪਰਿਵਾਰ ਬਹੁਤ ਹੀ ਸ਼ਾਂਤ ਸੁਭਾਅ ਵਾਲੇ ਗੁਆਂਢੀ ਹਨ।"

ਹਰਸ਼ਾਬੇਨ ਨੇ ਕਿਹਾ, "ਰਾਜੇਸ਼ਭਾਈ ਸ਼ਿਵ ਦੇ ਭਗਤ ਹਨ ਅਤੇ ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰ ਉਜੈਨ ਜ਼ਰੂਰ ਜਾਂਦੇ ਹਨ। ਇਸ ਦੇ ਨਾਲ ਹੀ ਉਹ ਜਾਨਵਰਾਂ ਦੀ ਸੇਵਾ ਲਈ ਵੀ ਓਨੇ ਹੀ ਸਮਰਪਿਤ ਹਨ। ਖਾਸ ਤੌਰ 'ਤੇ ਉਹ ਕੁੱਤਿਆਂ ਨਾਲ ਬਹੁਤ ਲਗਾਵ ਰੱਖਦੇ ਹਨ। ਉਹ ਗਲੀ ਦੇ ਕੁੱਤਿਆਂ ਨੂੰ ਦੁੱਧ ਪਿਲਾਉਂਦੇ ਹਨ ਅਤੇ ਸਾਡੀ ਸੁਸਾਇਟੀ ਤੋਂ ਰੋਟੀਆਂ ਇਕੱਠੀਆਂ ਕਰਕੇ ਗਾਵਾਂ ਨੂੰ ਖਵਾਉਂਦੇ ਹਨ। ਉਨ੍ਹਾਂ ਦੇ ਪਰਿਵਾਰ ਤੋਂ ਕਦੇ ਵੀ ਕੋਈ ਸ਼ਿਕਾਇਤ ਨਹੀਂ ਆਈ।"

ਰਾਜੇਸ਼ ਦੇ ਘਰ ਦੇ ਸਾਹਮਣੇ ਰਹਿੰਦੇ ਸੁਰੇਸ਼ ਕਾਚਾ ਨੇ ਬੀਬੀਸੀ ਨੂੰ ਦੱਸਿਆ ਕਿ ਰਾਜੇਸ਼ ਜੀਵ-ਦਇਆ ਵਿੱਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਹਨ।

ਸੁਰੇਸ਼ ਕਾਚਾ ਨੇ ਕਿਹਾ, "ਰਾਜੇਸ਼ਭਾਈ ਨੇ ਆਪਣੇ ਘਰ ਵਿੱਚ ਹੀ ਸ਼ਿਵ ਦੀ ਸਥਾਪਨਾ ਕੀਤੀ ਹੋਈ ਹੈ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ। ਉਹ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀ ਨਹੀਂ ਹਨ, ਪਰ ਕੁੱਤਿਆਂ ਅਤੇ ਗਾਵਾਂ ਲਈ ਕੁਝ ਵੀ ਕਰ ਸਕਦੇ ਹਨ। ਸਾਡੇ ਇਲਾਕੇ ਵਿੱਚ ਜੇਕਰ ਕੋਈ ਕੁੱਤਾ ਬੀਮਾਰ ਹੋ ਜਾਵੇ ਤਾਂ ਉਹ ਉਸਨੂੰ ਆਪਣੀ ਰਿਕਸ਼ਾ ਵਿੱਚ ਲੈ ਜਾ ਕੇ ਇਲਾਜ ਕਰਵਾਉਂਦੇ ਹਨ। ਇੱਕ ਵਾਰ ਇੱਕ ਕੁੱਤਾ ਮਰ ਗਿਆ ਸੀ ਤਾਂ ਰਾਜੇਸ਼ ਨੇ ਉਸਨੂੰ ਰਿਕਸ਼ਾ ਵਿੱਚ ਲੈ ਜਾ ਕੇ ਉਸ ਦਾ ਅੰਤਿਮ ਸੰਸਕਾਰ ਕੀਤਾ ਸੀ।"

ਗੁਆਂਢ ਵਿੱਚ ਹੀ ਰਹਿੰਦੇ ਇੱਕ ਹੋਰ ਮਹਿਲਾ ਨੇ ਆਪਣੀ ਪਛਾਣ ਨਾ ਦੱਸਣ ਦੀ ਸ਼ਰਤ 'ਤੇ ਕਿਹਾ, "ਰਾਜੇਸ਼ਭਾਈ ਕੁੱਤਿਆਂ ਪਿੱਛੇ ਪਾਗਲ ਹਨ। ਉਹ ਆਪਣੇ ਪਰਿਵਾਰਕ ਮੈਂਬਰਾਂ ਲਈ ਤੀਹ ਰੁਪਏ ਪ੍ਰਤੀ ਲੀਟਰ ਦੁੱਧ ਲੈਂਦੇ ਹਨ, ਪਰ ਕੁੱਤਿਆਂ ਲਈ ਪੰਜਾਹ ਰੁਪਏ ਪ੍ਰਤੀ ਲੀਟਰ ਦੁੱਧ ਲੈਂਦੇ ਹਨ। ਦਿੱਲੀ ਵਾਲਿਆਂ ਨੇ ਕੁੱਤਿਆਂ ਨਾਲ ਕੁਝ ਤਾਂ ਕੀਤਾ ਹੋਵੇਗਾ, ਇਸੇ ਲਈ ਰਾਜੇਸ਼ਭਾਈ ਨੇ ਅਜਿਹਾ ਕੀਤਾ ਹੋਵੇਗਾ।"

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ 11 ਅਗਸਤ ਨੂੰ ਸੁਪਰੀਮ ਕੋਰਟ ਦੇ ਦੋ ਜੱਜਾਂ ਦੀ ਬੈਂਚ ਨੇ ਦਿੱਲੀ ਦੀਆਂ ਗਲੀਆਂ ਵਿੱਚ ਘੁੰਮਦੇ ਕੁੱਤਿਆਂ ਨੂੰ ਫੜ ਕੇ ਸਥਾਈ ਸ਼ੈਲਟਰਾਂ ਵਿੱਚ ਭੇਜਣ ਦਾ ਹੁਕਮ ਦਿੱਤਾ ਸੀ।

ਇਸ ਤੋਂ ਬਾਅਦ 14 ਅਗਸਤ ਨੂੰ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਇੱਕ ਬੈਂਚ ਨੇ ਇਸ ਮਾਮਲੇ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਹਾਲਾਂਕਿ ਇਹ ਕੇਸ ਅਜੇ ਅਦਾਲਤ ਵਿੱਚ ਹੀ ਹੈ, ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਪਿਛਲੇ ਹਫ਼ਤੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਕੁੱਤਾ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕੋਈ ਕਦਮ ਨਾ ਚੁੱਕਿਆ ਜਾਵੇ।

ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਹਮਲੇ ਦਾ ਕੀ ਮਾਮਲਾ ਹੈ?

ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ

ਰਾਜੇਸ਼ ਨੇ ਬੁੱਧਵਾਰ ਸਵੇਰੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਜਨਤਕ ਸੁਣਵਾਈ ਦੌਰਾਨ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, "ਜਨਤਕ ਸੁਣਵਾਈ ਦੌਰਾਨ ਇੱਕ ਵਿਅਕਤੀ ਉਨ੍ਹਾਂ ਕੋਲ ਆਇਆ, ਉਨ੍ਹਾਂ ਦੇ ਸਾਹਮਣੇ ਕੁਝ ਕਾਗਜ਼ ਰੱਖੇ ਅਤੇ ਫਿਰ ਉਨ੍ਹਾਂ ਦਾ ਹੱਥ ਫੜ ਕੇ ਉਨ੍ਹਾਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਥੋੜ੍ਹੀ ਧੱਕਾ-ਮੁੱਕੀ ਹੋਈ, ਜਿਸ ਤੋਂ ਬਾਅਦ ਉਸ ਨੂੰ ਫੜ ਲਿਆ ਗਿਆ।"

ਸਚਦੇਵਾ ਨੇ ਕਿਹਾ ਕਿ ਪੁਲਿਸ ਨੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਹੈ।

ਰਾਜੇਸ਼ ਨੂੰ ਗ੍ਰਿਫਤਾਰ ਕਰਕੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਲਿਜਾਇਆ ਗਿਆ।

ਜਨਤਕ ਸੁਣਵਾਈ ਦੌਰਾਨ ਹੋਈ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ, "ਜਿਹੜੇ ਲੋਕ ਪੱਥਰ ਜਾਂ ਥੱਪੜ ਮਾਰਨ ਦੀ ਗੱਲ ਕਰ ਰਹੇ ਹਨ, ਉਹ ਮਨਘੜਤ ਕਹਾਣੀਆਂ ਬਣਾ ਰਹੇ ਹਨ ਪਰ ਹੋ ਸਕਦਾ ਹੈ ਕਿ ਕਿਸੇ ਮੇਜ਼ ਦਾ ਕਿਨਾਰਾ ਉਨ੍ਹਾਂ ਦੇ ਸਿਰ 'ਤੇ ਵੱਜ ਗਿਆ ਹੋਵੇ। ਉਸ ਵਿਅਕਤੀ ਨੇ ਮੁੱਖ ਮੰਤਰੀ ਦਾ ਹੱਥ ਫੜ ਕੇ ਉਨ੍ਹਾਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਸੀ।"

ਰੇਖਾ ਗੁਪਤਾ 'ਤੇ ਹਮਲਾ ਕਰਨ ਦੇ ਇਲਜ਼ਾਮ ਵਿੱਚ ਦਿੱਲੀ ਪੁਲਿਸ ਨੇ ਰਾਜੇਸ਼ 'ਤੇ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀ ਧਾਰਾ 109 (1) ਤਹਿਤ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਹੈ।

ਖ਼ਬਰ ਏਜੰਸੀ ਏਐਨਆਈ ਅਨੁਸਾਰ, ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜੇਸ਼ 'ਤੇ ਪਹਿਲਾਂ ਵੀ ਕੇਸ ਦਰਜ ਹੋ ਚੁੱਕੇ ਹਨ।

ਦਿੱਲੀ ਦੇ ਮੁੱਖ ਮੰਤਰੀ 'ਤੇ ਕਥਿਤ ਹਮਲੇ ਦਾ ਮਾਮਲਾ

ਅਧਿਕਾਰੀਆਂ ਨੇ ਕਿਹਾ ਕਿ ਰਾਜੇਸ਼ 'ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਤੇ ਉਸਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਵਿੱਚ ਖ਼ਤਰਨਾਕ ਹਥਿਆਰ ਨਾਲ ਗੰਭੀਰ ਸੱਟ ਪਹੁੰਚਾਉਣਾ, ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਬੇਇੱਜ਼ਤੀ ਕਰਨਾ, ਅਪਰਾਧ ਹੋਣ ਸਮੇਂ ਉਕਸਾਉਣ ਵਾਲੇ ਵਜੋਂ ਮੌਜੂਦ ਰਹਿਣਾ ਆਦਿ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਉਸ 'ਤੇ ਗ਼ੈਰਕਾਨੂੰਨੀ ਢੰਗ ਨਾਲ ਸ਼ਰਾਬ ਰੱਖਣ ਸਬੰਧੀ ਧਾਰਾਵਾਂ ਦੇ ਤਹਿਤ ਵੀ ਕੇਸ ਦਰਜ ਹੋ ਚੁੱਕਿਆ ਹੈ।

ਅਧਿਕਾਰੀਆਂ ਨੇ ਕਿਹਾ ਕਿ ਸਾਲ 2017 ਵਿੱਚ ਰਾਜਕੋਟ ਦੇ ਭਗਤੀਨਗਰ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਦੀ ਧਾਰਾ 326, 504, 114 ਤਹਿਤ ਐਫਆਈਆਰ ਦਰਜ ਹੋਈ ਸੀ। ਹਾਲਾਂਕਿ, ਨਵੰਬਰ 2019 ਵਿੱਚ ਰਾਜਕੋਟ ਦੀ ਅਦਾਲਤ ਨੇ ਉਸਨੂੰ ਬਰੀ ਕਰ ਦਿੱਤਾ ਸੀ।

ਉਨ੍ਹਾਂ ਦੱਸਿਆ ਕਿ ਉਸ 'ਤੇ ਗੁਜਰਾਤ ਪ੍ਰੋਹਿਬਿਸ਼ਨ ਐਕਟ ਦੀਆਂ ਧਾਰਾਵਾਂ 65ਏਏ, 116ਬੀ ਤਹਿਤ ਕੇਸ (1227/2020) ਵੀ ਦਰਜ ਹੋ ਚੁੱਕਿਆ ਹੈ।

ਇਹ ਧਾਰਾਵਾਂ ਨਸ਼ੀਲੇ ਪਦਾਰਥਾਂ ਦੀ ਵਿਕਰੀ, ਖਰੀਦ, ਕਬਜ਼ੇ ਜਾਂ ਤਸਕਰੀ ਅਤੇ ਸ਼ਰਾਬ ਦੇ ਗ਼ੈਰਕਾਨੂੰਨੀ ਕਬਜ਼ੇ ਨਾਲ ਸਬੰਧਿਤ ਹਨ। ਹਾਲਾਂਕਿ, ਰਾਜਕੋਟ ਦੀ ਅਦਾਲਤ ਨੇ ਇਸ ਕੇਸ ਵਿੱਚ ਵੀ ਉਸਨੂੰ ਬਰੀ ਕਰ ਦਿੱਤਾ ਸੀ।

'ਬਹੁਤ ਦੇਰ ਤੱਕ ਉਨ੍ਹਾਂ ਨੂੰ ਜ਼ਮੀਨ 'ਤੇ ਗਿਰਾ ਕੇ ਰੱਖਿਆ'

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਹਮਲੇ ਦੀ ਜਾਣਕਾਰੀ ਦਿੰਦੇ ਹੋਏ

ਦਿੱਲੀ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਆਦਮੀ ਜਾਣਦਾ ਸੀ ਕਿ ਮੁੱਖ ਮੰਤਰੀ ਰੇਖਾ ਗੁਪਤਾ ਜਨ-ਸੁਣਵਾਈ ਕਰਦੇ ਹਨ।

ਉਨ੍ਹਾਂ ਕਿਹਾ, "ਉਸਨੇ ਮੁੱਖ ਮੰਤਰੀ ਰੇਖਾ ਗੁਪਤਾ ਜੀ ਨੂੰ ਬਹੁਤ ਦੇਰ ਤੱਕ ਜ਼ਮੀਨ 'ਤੇ ਗਿਰਾ ਕੇ ਰੱਖਿਆ। ਉਹ ਆਦਮੀ ਇੱਕਲੇ ਉਨ੍ਹਾਂ 'ਤੇ ਹਮਲਾ ਕਰਨ ਦੇ ਇਰਾਦੇ ਨਾਲ ਆਇਆ ਸੀ। ਇਹ ਸਪਸ਼ਟ ਹੈ ਕਿ ਉਹ ਹਮਲਾ ਕਰਨ ਦੇ ਇਰਾਦੇ ਨਾਲ ਆਇਆ ਸੀ। ਉਸ ਦੇ ਹੱਥ ਵਿੱਚ ਜਨਤਕ ਸੁਣਵਾਈ ਦਾ ਕੋਈ ਕਾਗਜ਼ ਨਹੀਂ ਸੀ। ਉਸ ਦੇ ਫੋਨ ਤੋਂ ਸ਼ਾਲੀਮਾਰ ਬਾਗ ਦੀ ਇੱਕ ਵੀਡੀਓ ਮਿਲੀ ਹੈ।"

ਚਸ਼ਮਦੀਦਾਂ ਨੇ ਕੀ ਦੱਸਿਆ

ਘਟਨਾ ਦੌਰਾਨ ਮੌਜੂਦ ਹੋਣ ਦਾ ਦਾਅਵਾ ਕਰਨ ਵਾਲੇ ਸ਼ੈਲੇਂਦਰ ਕੁਮਾਰ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, "ਮੈਂ ਉੱਤਮ ਨਗਰ ਤੋਂ ਸੀਵਰੇਜ ਬਾਰੇ ਸ਼ਿਕਾਇਤ ਲੈ ਕੇ ਆਇਆ ਸੀ। ਜਦੋਂ ਮੈਂ ਗੇਟ 'ਤੇ ਪਹੁੰਚਿਆ ਤਾਂ ਮੁੱਖ ਮੰਤਰੀ ਨੂੰ ਥੱਪੜ ਮਾਰੇ ਜਾਣ ਦੀ ਗੱਲ ਨਾਲ ਹਫੜਾ-ਦਫੜੀ ਮਚੀ ਹੋਈ ਸੀ। ਇਹ ਗਲਤ ਹੈ।"

ਭਾਜਪਾ ਆਗੂਆਂ ਨੇ ਮੁੱਖ ਮੰਤਰੀ ਨੂੰ ਥੱਪੜ ਮਾਰੇ ਜਾਣ ਦੀ ਖ਼ਬਰ ਨੂੰ ਮਨਘੜਤ ਦੱਸਿਆ ਹੈ।

ਆਪਣੇ ਆਪ ਨੂੰ ਘਟਨਾ ਦੀ ਚਸ਼ਮਦੀਦ ਗਵਾਹ ਹੋਣ ਦਾ ਦਾਅਵਾ ਕੇਨ ਵਾਲੇ ਅੰਜਲੀ ਜਮੇਜਾ ਨੇ ਕਿਹਾ, "ਹਰ ਕਿਸੇ ਨੂੰ ਜਨਤਕ ਸੁਣਵਾਈ ਦਾ ਅਧਿਕਾਰ ਹੈ। ਜੇਕਰ ਕੋਈ ਧੋਖੇਬਾਜ਼ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਸਕਦਾ ਹੈ, ਤਾਂ ਇਹ ਬਹੁਤ ਵੱਡੀ ਗੱਲ ਹੈ। ਮੈਂ ਉੱਥੇ ਮੌਜੂਦ ਸੀ। ਉਹ ਆਦਮੀ ਕੁਝ ਕਹਿ ਰਿਹਾ ਸੀ ਅਤੇ ਉਸਨੇ ਅਚਾਨਕ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਉਸਨੂੰ ਲੈ ਗਈ।"

ਰਾਜੇਸ਼ ਨੇ ਅਯੁੱਧਿਆ ਅਤੇ ਖੋਡਲਧਾਮ 'ਚ ਭੁੱਖ ਹੜਤਾਲ ਕਿਉਂ ਕੀਤੀ ਸੀ?

ਰਾਜਕੋਟ ਦੇ ਗੋਕੁਲ ਪਰਚ 'ਚ ਰਾਜੇਸ਼ ਸਕਾਰੀਆ ਦਾ ਘਰ (ਜਿਸ ਵਿੱਚ ਏਸੀ ਲੱਗਿਆ ਹੋਇਆ ਹੈ)

ਤਸਵੀਰ ਸਰੋਤ, Bipin Tankaria/BBC

ਬੀਬੀਸੀ ਨਾਲ ਗੱਲ ਕਰਦਿਆਂ ਰਾਜੇਸ਼ ਦੇ ਪਿਤਾ ਖਿਮਜੀਭਾਈ ਨੇ ਕਿਹਾ ਕਿ ਉਨ੍ਹਾਂ ਦੇ ਚਾਲੀ ਸਾਲਾ ਬੇਟੇ ਨੂੰ ਇਨਸਾਨਾਂ ਨਾਲੋਂ ਜ਼ਿਆਦਾ ਲਗਾਵ ਜਾਨਵਰਾਂ ਨਾਲ ਹੈ।

ਖਿਮਜੀਭਾਈ ਨੇ ਕਿਹਾ, "ਉਹ ਅਜਿਹਾ ਵਿਅਕਤੀ ਹੈ ਜੋ ਕਿਸੇ ਇਨਸਾਨ ਨੂੰ ਮਰਨ ਦੇਵੇ ਪਰ ਕੁੱਤਿਆਂ ਜਾਂ ਗਾਵਾਂ ਨੂੰ ਨਾ ਮਰਨ ਦੇਵੇ। ਉਸਨੂੰ ਸਾਡੇ ਪਰਿਵਾਰ ਦੇ ਮੈਂਬਰਾਂ ਨਾਲੋਂ ਕੁੱਤਿਆਂ ਅਤੇ ਗਾਵਾਂ ਦੀ ਜ਼ਿਆਦਾ ਚਿੰਤਾ ਹੈ। ਇਸੇ ਲਈ ਦੋ-ਤਿੰਨ ਮਹੀਨੇ ਪਹਿਲਾਂ ਉਹ ਅਯੁੱਧਿਆ ਗਿਆ ਸੀ ਅਤੇ ਜਾਨਵਰਾਂ ਲਈ ਹਸਪਤਾਲ ਬਣਾਉਣ ਦੀ ਮੰਗ ਕੀਤੀ ਸੀ ਅਤੇ ਉੱਥੇ ਹੀ ਵਰਤ ਰੱਖਿਆ ਸੀ।"

ਉਨ੍ਹਾਂ ਅੱਗੇ ਦੱਸਿਆ, "ਆਖ਼ਰਕਾਰ, ਉੱਥੋਂ ਦੀ ਪੁਲਿਸ ਨੇ ਉਸਨੂੰ ਫੜ ਲਿਆ ਅਤੇ ਮੈਨੂੰ ਬੁਲਾਇਆ। ਮੈਂ ਪੁਲਿਸ ਨੂੰ ਦੱਸਿਆ ਕਿ ਮੇਰਾ ਪੁੱਤਰ ਪਾਗਲ ਨਹੀਂ ਹੈ ਪਰ ਜਾਨਵਰਾਂ ਲਈ ਪਾਗਲ ਹੋ ਜਾਂਦਾ ਹੈ। ਇਸ ਲਈ, ਪੁਲਿਸ ਨੇ ਉਸਨੂੰ ਜਾਣ ਦਿੱਤਾ। ਲਗਭਗ ਇੱਕ ਸਾਲ ਪਹਿਲਾਂ, ਰਾਜੇਸ਼ ਨੇ ਇਸੇ ਤਰ੍ਹਾਂ ਦੀ ਮੰਗ ਲਈ ਰਾਜਕੋਟ ਵਿੱਚ ਖੋਡਲਧਾਮ ਦਫਤਰ ਦੇ ਸਾਹਮਣੇ ਵੀ ਭੁੱਖ ਹੜਤਾਲ ਕੀਤੀ ਸੀ ਅਤੇ ਆਖਿਰਕਾਰ, ਨਰੇਸ਼ ਪਟੇਲ (ਖੋਡਲਧਾਮ ਪ੍ਰਧਾਨ) ਨੇ ਉਸਨੂੰ ਮਨਾ ਲਿਆ ਅਤੇ ਉਸਨੇ ਭੁੱਖ ਹੜਤਾਲ ਤੋੜ ਦਿੱਤੀ।"

ਪਿਤਾ ਨੇ ਕਿਹਾ ਕਿ ਰਾਜੇਸ਼ ਨੇ ਰਾਜਕੋਟ ਦੇ ਲਾਲੂਡੀ ਵੋਂਕਾਲੀ ਖੇਤਰ ਵਿੱਚ ਮਹਾਕਾਲ ਮੰਦਰ ਦੀ ਮੁਰੰਮਤ ਕੀਤੀ ਸੀ ਅਤੇ ਆਪਣਾ ਜ਼ਿਆਦਾਤਰ ਸਮਾਂ ਉੱਥੇ ਸੇਵਾ ਕਰਨ ਵਿੱਚ ਬਿਤਾਉਂਦਾ ਹੈ।

ਉਨ੍ਹਾਂ ਦੱਸਿਆ, "ਉਹ ਸਵੇਰ ਤੋਂ ਸ਼ਾਮ ਤੱਕ ਇਸ ਮੰਦਰ ਦੀ ਸੇਵਾ ਕਰਦਾ ਹੈ ਅਤੇ ਮਹੀਨੇ ਵਿੱਚ ਦੋ-ਚਾਰ ਵਾਰ ਉਜੈਨ ਜਾਂਦਾ ਹੈ। ਇਹ ਪਿਛਲੇ ਅੱਠ-ਦਸ ਸਾਲਾਂ ਤੋਂ ਉਸਦਾ ਰੁਟੀਨ ਰਿਹਾ ਹੈ। ਪੰਦਰਾਂ ਦਿਨ ਪਹਿਲਾਂ ਉਸਨੇ ਮੈਨੂੰ ਕਿਹਾ ਕਿ ਪਿਤਾ ਜੀ ਮੀਨੂੰ ਇੱਕ ਰਿਕਸ਼ ਲੈ ਦਿਓ। ਇਸ ਲਈ ਮੈਂ ਉਸਨੂੰ ਉਹ ਰਿਕਸ਼ਾ ਦੇ ਦਿੱਤਾ ਜੋ ਮੈਂ ਚਲਾ ਰਿਹਾ ਸੀ ਅਤੇ ਮੈਂ ਇੱਕ ਨਵਾਂ ਖਰੀਦ ਲਿਆ।''

ਖੀਮਜੀਭਾਈ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਦੋ ਪੁੱਤਰ ਰਾਜਕੋਟ ਸ਼ਹਿਰ ਵਿੱਚ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ।

ਰਾਜੇਸ਼ ਦੇ ਪਤਨੀ ਊਸ਼ਾ ਘਰ ਵਿੱਚ ਨਕਲੀ ਗਹਿਣੇ ਬਣਾ ਕੇ ਪਰਿਵਾਰ ਦੀ ਆਮਦਨ 'ਚ ਮਦਦ ਕਰਦੇ ਹਨ।

ਦਿੱਲੀ ਜਾਣ ਤੋਂ ਬਾਅਦ ਰਾਜੇਸ਼ ਨੇ ਕੀ ਕਿਹਾ ਸੀ?

 ਰਾਜੇਸ਼ ਦੇ ਗੁਆਂਢੀ

ਤਸਵੀਰ ਸਰੋਤ, Bipin Tankaria/BBC

ਤਸਵੀਰ ਕੈਪਸ਼ਨ, ਦਿੱਲੀ ਪੁਲਿਸ ਵੱਲੋਂ ਰਾਜੇਸ਼ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਗੋਕੁਲ ਪਾਰਕ ਵਿੱਚ ਇਕੱਠੇ ਹੋਏ ਰਾਜੇਸ਼ ਦੇ ਗੁਆਂਢੀ

ਬੀਬੀਸੀ ਨਾਲ ਅੱਗੇ ਗੱਲ ਕਰਦੇ ਹੋਏ ਖੀਮਜੀਭਾਈ ਨੇ ਕਿਹਾ, "ਰਾਜੇਸ਼ ਪੰਜ ਦਿਨ ਪਹਿਲਾਂ ਰਾਜਕੋਟ ਤੋਂ ਉਜੈਨ ਲਈ ਰਵਾਨਾ ਹੋਇਆ ਸੀ। ਫਿਰ ਕੱਲ੍ਹ (ਮੰਗਲਵਾਰ) ਸ਼ਾਮ 6 ਵਜੇ ਮੈਂ ਉਸਨੂੰ ਫ਼ੋਨ ਕੀਤਾ ਅਤੇ ਪੁੱਛਿਆ ਕਿ ਉਹ ਕਿੱਥੇ ਹੈ। ਉਸਨੇ ਜਵਾਬ ਦਿੱਤਾ ਕਿ ਉਹ ਕੁੱਤਿਆਂ ਨਾਲ ਸਬੰਧਤ ਕੰਮ ਲਈ ਦਿੱਲੀ ਗਿਆ ਹੈ। ਕੰਮ ਪੂਰਾ ਹੁੰਦੇ ਹੀ ਮੈਂ ਘਰ ਵਾਪਸ ਆ ਜਾਵਾਂਗਾ, ਇਹ ਕਹਿ ਕੇ ਉਸਨੇ ਫ਼ੋਨ ਕੱਟ ਦਿੱਤਾ।"

ਰਾਜੇਸ਼ ਦੀ ਮਾਂ ਭਾਨੂਭੇਨ ਨੇ ਮੀਡੀਆ ਨੂੰ ਦੱਸਿਆ ਕਿ ਰਾਜੇਸ਼ ਦਾ ਸੁਭਾਅ ਥੋੜ੍ਹਾ ਗੁੱਸੇ ਵਾਲਾ ਹੈ ਅਤੇ ਉਹ ਕੁੱਤਿਆਂ ਪ੍ਰਤੀ ਬੇਰਹਿਮੀ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੇ ਫ਼ੋਨ 'ਤੇ ਦਿੱਲੀ ਦੇ ਕੁੱਤਿਆਂ ਦੀ ਇੱਕ ਵੀਡੀਓ ਦੇਖ ਕੇ ਗੁੱਸੇ ਵਿੱਚ ਆ ਗਿਆ ਸੀ।

ਭਾਨੂਬੇਨ ਨੇ ਕਿਹਾ, "ਰਾਜੇਸ਼ ਨੇ ਆਪਣੇ ਮੋਬਾਈਲ 'ਤੇ ਦਿੱਲੀ ਦਾ ਵੀਡੀਓ ਦੇਖਿਆ - ਮੈਨੂੰ ਨਹੀਂ ਪਤਾ ਕਿ ਉਹ ਕਿਸਨੇ ਭੇਜਿਆ ਸੀ - ਅਤੇ ਫਿਰ ਉਹ ਨਖਰੇ ਦਿਖਾਉਣ ਲੱਗਾ। ਉਹ ਆਪਣੇ ਬਿਸਤਰੇ 'ਤੇ ਹੱਥ ਨਾਲ ਵਾਰ ਕਰਨ ਲੱਗਿਆ ਅਤੇ ਫਿਰ ਸ਼ਿਕਾਕਿਤ ਕਰਨ ਲੱਗਿਆ ਕਿ ਕੁੱਤਿਆਂ ਨਾਲ ਅਜਿਹਾ ਸਲੂਕ ਕੀਤਾ ਜਾਣਾ ਚਾਹੀਦਾ ਹੈ ਜਾਂ ਫਿਰ ਉਸਨੂੰ ਰੋਟੀ ਖੁਆਉਣੀ ਚਾਹੀਦੀ ਅਤੇ ਤੇ ਦੁੱਧ ਪਿਲਾਉਣਾ ਚਾਹੀਦਾ ਹੈ? ਉਸ ਦਿਨ ਉਸਨੇ ਦੁਪਹਿਰ ਦੀ ਰੋਟੀ ਵੀ ਨਹੀਂ ਖਾਈ। ਉਸਨੇ ਕੁਝ ਨਹੀਂ ਖਾਇਆ ਤੇ ਸ਼ਿਕਾਇਤ ਕਰਨ ਲੱਗਾ ਕਿ ਉਹ ਲੋਕ ਕੁੱਤਿਆਂ ਨੂੰ ਕੁਝ ਨਹੀਂ ਖਾਣ ਦਿੰਦੇ, ਇਸ ਲਈ ਉਹ ਵੀ ਨਹੀਂ ਖਾਵੇਗਾ।''

ਭਾਨੂਬੇਨ ਨੇ ਮੀਡੀਆ ਰਾਹੀਂ ਦਿੱਲੀ ਦੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੇ ਪੁੱਤਰ ਨੂੰ ਮਾਫ਼ ਕਰ ਦੇਣ।

ਉਨ੍ਹਾਂ ਕਿਹਾ, "ਮੇਰਾ ਪੁੱਤਰ ਜੋ ਵੀ ਕਰਦਾ ਹੈ, ਉਹ ਜਾਨਵਰ ਲਈ ਕਰਦਾ ਹੈ। ਜੇ ਉਹ ਥੱਪੜ ਮਾਰਦਾ ਹੈ, ਤਾਂ ਸਾਨੂੰ ਮੁਆਫ਼ੀ ਮੰਗਣੀ ਪੈਂਦੀ ਹੈ। ਉਸਦਾ ਸੁਭਾਅ ਥੋੜ੍ਹਾ ਗਰਮ ਹੈ। ਉਹ ਜਾਨਵਰਾਂ ਪ੍ਰਤੀ ਦਿਆਲਤਾ ਦਿਖਾਉਣ ਲਈ ਅਜਿਹਾ ਕਰਦਾ ਹੈ। ਨਹੀਂ ਤਾਂ ਉਹ ਅਜਿਹਾ ਕੁਝ ਨਹੀਂ ਕਰਦਾ... ਕਿਰਪਾ ਕਰਕੇ, ਮੈਂ ਅਪੀਲ ਕਰਦੀ ਹਾਂ, ਕਿਰਪਾ ਕਰਕੇ ਜੇ ਹੋ ਸਕੇ ਤਾਂ ਉਸਨੂੰ ਮੁਆਫ ਕਰ ਦਿਓ।। ਅਸੀਂ ਗਰੀਬ ਲੋਕ ਹਾਂ। ਸਾਡੇ ਕੋਲ ਪੈਸੇ ਜਾਂ ਲੋਕ ਨਹੀਂ ਹਨ। ਸਿਰਫ਼ ਇੱਕ ਹੀ ਕਮਾਉਣ ਵਾਲਾ ਬੰਦਾ ਹੈ। ਇਸ ਲਈ ਮੈਂ ਹੱਥ ਜੋੜ ਕੇ ਕਹਿੰਦੀ ਹਾਂ, ਕਿਰਪਾ ਕਰਕੇ...।"

ਖਿਮਜੀਭਾਈ ਨੇ ਦੱਸਿਆ ਕਿ ਰਾਜੇਸ਼ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਫੇਲ੍ਹ ਹੋਣ ਤੋਂ ਬਾਅਦ ਅੱਗੇ ਪੜ੍ਹਾਈ ਨਹੀਂ ਕੀਤੀ। (ਪਰਿਵਾਰ ਇੱਕ ਰੋਅ ਹਾਊਸ ਵਿੱਚ ਰਹਿੰਦਾ ਹੈ।)

ਉਨ੍ਹਾਂ ਕਿਹਾ ਕਿ ਨਾ ਤਾਂ ਰਾਜੇਸ਼ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਹੈ।

ਰਾਜੇਸ਼ ਦੀ ਮਾਂ ਭਾਨੂਭੇਨ

ਤਸਵੀਰ ਸਰੋਤ, Bipin Tankaria/BBC

ਤਸਵੀਰ ਕੈਪਸ਼ਨ, ਰਾਜੇਸ਼ ਦੀ ਮਾਂ ਭਾਨੂਭੇਨ ਨੇ ਮੀਡੀਆ ਰਾਹੀਂ ਦਿੱਲੀ ਦੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੇ ਪੁੱਤਰ ਨੂੰ ਮਾਫ਼ ਕਰ ਦੇਣ

ਰਾਜੇਸ਼ ਪਹਿਲਾਂ ਵੀ ਪੁਲਿਸ ਹਿਰਾਸਤ 'ਚ ਰਹਿ ਚੁੱਕੇ ਹਨ

ਦਿੱਲੀ ਵਿੱਚ ਮੁੱਖ ਮੰਤਰੀ ਦੇ ਜਨਤਾ-ਦਰਬਾਰ ਵਿੱਚ ਵਾਪਰੀ ਘਟਨਾ ਤੋਂ ਬਾਅਦ ਦਿੱਲੀ ਪੁਲਿਸ ਨੇ ਰਾਜੇਸ਼ ਸਕਾਰੀਆ ਨੂੰ ਗ੍ਰਿਫਤਾਰ ਕਰ ਲਿਆ ਹੈ।

ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੁਲਿਸ ਨੇ ਰਾਜੇਸ਼ ਨੂੰ ਗ੍ਰਿਫਤਾਰ ਕੀਤਾ ਹੈ।

ਰਾਜਕੋਟ ਸ਼ਹਿਰ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ, "ਰਾਜੇਸ਼ ਇੱਕ ਅਜੀਬ ਵਿਅਕਤੀ ਹੈ ਅਤੇ ਜਾਨਵਰਾਂ ਨੂੰ ਬਹੁਤ ਪਿਆਰ ਕਰਦਾ ਹੈ। ਉਸ ਵਿਰੁੱਧ ਸ਼ਰਾਬ ਪੀਣ ਦੇ ਪੰਜ-ਛੇ ਮਾਮਲੇ ਅਤੇ ਹਮਲੇ ਦੇ ਇੱਕ ਜਾਂ ਦੋ ਮਾਮਲੇ ਦਰਜ ਹਨ।"

ਉਨ੍ਹਾਂ ਦੱਸਿਆ, "ਹਾਲਾਂਕਿ, ਕਿਉਂਕਿ ਅੱਜ ਦੀ ਘਟਨਾ ਦਿੱਲੀ ਵਿੱਚ ਵਾਪਰੀ ਹੈ, ਇਸ ਲਈ ਰਾਜਕੋਟ ਪੁਲਿਸ ਇਸ ਮਾਮਲੇ ਵਿੱਚ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਹਿਣਾ ਚਾਹੁੰਦੀ। ਅਸੀਂ ਸਿਰਫ਼ ਉਸਦੇ ਮਾਪਿਆਂ ਨੂੰ ਘਟਨਾ ਬਾਰੇ ਪੁੱਛਗਿੱਛ ਕਰਨ ਲਈ ਥਾਣੇ ਲਿਆਏ ਸੀ ਅਤੇ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)