ਜੇਕਰ ਮਾਪੇ ਐਨਕਾਂ ਲਗਾਉਂਦੇ ਹਨ, ਤਾਂ ਕੀ ਉਨ੍ਹਾਂ ਦੇ ਬੱਚਿਆਂ ਨੂੰ ਵੀ ਛੋਟੀ ਉਮਰ ਵਿੱਚ ਐਨਕਾਂ ਦੀ ਲੋੜ ਹੁੰਦੀ ਹੈ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੱਚਿਆਂ ਦੀ ਨਿਗ੍ਹਾਂ ਦੀ ਦੇਖਭਾਲ ਲਈ ਮਾਪੇ ਅਹਿਮ ਭੂਮਿਕਾ ਨਿਭਾ ਸਕਦੇ ਹਨ
    • ਲੇਖਕ, ਓਮਕਾਰ ਕਰੰਬੇਲਕਰ
    • ਰੋਲ, ਬੀਬੀਸੀ ਪੱਤਰਕਾਰ

ਮਾਪੇ ਹਮੇਸ਼ਾ ਇਹ ਡਰ ਜ਼ਾਹਰ ਕਰਦੇ ਹਨ ਕਿ ਜੇ ਉਨ੍ਹਾਂ ਦੀ ਨਿਗ੍ਹਾ ਕਮਜ਼ੋਰ ਹੈ, ਐਨਕਾਂ ਲਗਾਉਂਦੇ ਹਨ ਤਾਂ ਉਨ੍ਹਾਂ ਦਾ ਬੱਚਿਆਂ ਦੀ ਵੀ ਨਜ਼ਰ ਕਮਜ਼ੋਰ ਹੀ ਹੋਵੇਗੀ।

ਅਸੀਂ ਆਪਣੀਆਂ ਅਤੇ ਆਪਣੇ ਬੱਚਿਆਂ ਦੀਆਂ ਅੱਖਾਂ ਨੂੰ ਲੈ ਕੇ ਹਮੇਸ਼ਾ ਚਿੰਤਾ ਵਿੱਚ ਰਹਿੰਦੇ ਹਾਂ। ਹਾਲਾਂਕਿ, ਇਸਦੇ ਸਬੰਧ ਵਿੱਚ ਸਮੇਂ ਸਿਰ ਕਦਮ ਨਹੀਂ ਚੁੱਕੇ ਜਾਂਦੇ। ਅਸਲ ਵਿੱਚ ਤਾਂ ਬੱਚਿਆਂ ਦੀਆਂ ਅੱਖਾਂ ਦੀ ਸਿਹਤ ਦੀ ਰੱਖਿਆ ਲਈ ਸ਼ੁਰੂ ਤੋਂ ਹੀ ਯਤਨ ਕਰਨੇ ਪੈਣਗੇ।

ਜੇਕਰ ਮਾਪਿਆਂ ਦੀ ਜੀਵਨ ਸ਼ੈਲੀ ਖ਼ਰਾਬ ਹੈ ਤਾਂ ਬੱਚਿਆਂ ਦੀਆਂ ਅੱਖਾਂ ਦੇ ਲਈ ਵੀ ਖ਼ਤਰਾ ਵੱਧ ਜਾਂਦਾ ਹੈ।

ਇਹ ਡਰ ਸਿਰਫ਼ ਐਨਕਾਂ ਲਗਾਉਣ ਤੋਂ ਬਾਅਦ ਹੀ ਨਹੀਂ ਬਣਿਆ ਰਹਿੰਦਾ, ਸਗੋਂ ਇਸ ਨਾਲ ਨਜ਼ਰ 'ਤੇ ਲੰਬੇ ਸਮੇਂ ਲਈ ਪ੍ਰਭਾਵ ਪੈਣ ਦੀ ਸੰਭਾਵਨਾ ਵੀ ਹੁੰਦੀ ਹੈ।

ਪਿਛਲੇ ਸਾਲਾਂ ਦੌਰਾਨ ਐਨਕਾਂ ਲਗਾਉਣ ਵਾਲੇ ਬੱਚਿਆਂ ਦੀ ਗਿਣਤੀ ਵਧੀ ਹੈ। ਦੁਨੀਆਂ ਭਰ ਦੇ ਬਹੁਤੇ ਦੇਸ਼ਾਂ ਵਿੱਚ ਅਜਿਹਾ ਹੋਇਆ ਹੈ। ਹਾਲਾਂਕਿ, ਤਰੱਕੀ ਦੀ ਰਾਹ ਉੱਤੇ ਪਏ ਦੇਸ਼ ਸਿੰਗਾਪੁਰ ਵਿੱਚ 1980 ਅਤੇ 1990 ਦੇ ਵਿਚਕਾਰ ਇੱਕ ਗੰਭੀਰ ਸਥਿਤੀ ਪੈਦਾ ਹੋ ਗਈ।

ਇਹ ਦੇਸ਼ ਬਹੁਤ ਤਰੱਕੀ ਕਰ ਰਿਹਾ ਸੀ। ਨਵੀਂ ਪੀੜ੍ਹੀ ਲਈ ਸਿੱਖਿਆ ਦੇ ਦਰਵਾਜ਼ੇ ਖੁੱਲ੍ਹਣ ਨਾਲ, ਬਹੁਤ ਵਿਕਾਸ ਅਤੇ ਤਰੱਕੀ ਹੋਈ।

ਪਰ ਇੱਕ ਗੱਲ ਚਿੰਤਾਜਨਕ ਸੀ ਅਤੇ ਉਹ ਇਹ ਸੀ ਕਿ ਬੱਚਿਆਂ ਵਿੱਚ ਮਾਇਓਪੀਆ (ਦੂਰ ਦੀ ਨਜ਼ਰ ਘੱਟ) ਦੀ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਸੀ।

ਦੂਰ ਤੱਕ ਨਾ ਦੇਖ ਸਕਣ ਦੀ ਇਹ ਸਮੱਸਿਆ ਵਧਦੀ ਜਾ ਰਹੀ ਸੀ ਅਤੇ ਕੋਈ ਵੀ ਕੁਝ ਨਹੀਂ ਕਰ ਪਾ ਰਿਹਾ ਸੀ। ਇਸ ਛੋਟੇ ਜਿਹੇ ਦੇਸ਼ ਦਾ ਨਾਮ ਸਿੰਗਾਪੁਰ ਹੈ। ਅੱਜ ਸਿੰਗਾਪੁਰ ਵਿੱਚ 80 ਫ਼ੀਸਦ ਬਾਲਗ ਮਾਇਓਪੀਆ ਤੋਂ ਪੀੜਤ ਹਨ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿੰਗਾਪੁਰ ਵਿੱਚ 80 ਫ਼ੀਸਦ ਬਾਲਗ ਮਾਇਓਪੀਆ ਤੋਂ ਪੀੜਤ ਹਨ

ਸਿੰਗਾਪੁਰ ਨੈਸ਼ਨਲ ਆਈ ਸੈਂਟਰ ਦੀ ਸੀਨੀਅਰ ਸਲਾਹਕਾਰ ਔਡਰੇ ਚਿਆ ਨੇ ਸਾਲ 2022 ਵਿੱਚ ਕਿਹਾ ਸੀ, "ਅਸੀਂ 20 ਸਾਲਾਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਾਂ ਅਤੇ ਹੁਣ ਤੱਕ ਤੰਗ ਆ ਰਹੇ ਹਾਂ। ਸਿੰਗਾਪੁਰ ਵਿੱਚ ਲਗਭਗ ਹਰ ਕੋਈ ਘੱਟ ਨਜ਼ਰ ਵਾਲਾ ਹੈ।"

ਇਹ ਸਥਿਤੀ ਹੁਣ ਪੂਰੀ ਦੁਨੀਆ ਵਿੱਚ ਦੇਖੀ ਜਾ ਰਹੀ ਹੈ। ਅਮਰੀਕਾ ਅਤੇ ਯੂਕੇ ਵਰਗੇ ਵਿਕਸਤ ਦੇਸ਼ਾਂ ਵਿੱਚ ਇਸਦੀ ਦਰ ਉੱਚੀ ਹੈ ਅਤੇ ਭਾਰਤ ਵਿੱਚ ਵੀ ਸਥਿਤੀ ਕੋਈ ਬਹੁਤੀ ਬਿਹਤਰ ਨਹੀਂ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿੰਗਾਪੁਰ ਵਿੱਚ 1980 ਅਤੇ 1990 ਦੇ ਵਿਚਕਾਰ ਬੱਚਿਆਂ ਦੀ ਨਿਗ੍ਹਾ ਨੂੰ ਲੈ ਕੇ ਇੱਕ ਗੰਭੀਰ ਸਥਿਤੀ ਪੈਦਾ ਹੋ ਗਈ ਹੈ

ਅਮਰੀਕਾ ਵਿੱਚ 1971 ਵਿੱਚ 25 ਫ਼ੀਸਦ ਬਾਲਗਾਂ ਨੂੰ ਮਾਇਓਪੀਆ ਦਾ ਪਤਾ ਲੱਗਿਆ ਸੀ। ਇਹ ਗਿਣਤੀ ਹੁਣ ਵੱਧ ਕੇ 40 ਫ਼ੀਸਦ ਹੋ ਗਈ ਹੈ।

ਯੂਨਾਈਟਿਡ ਕਿੰਗਡਮ ਵਿੱਚ ਵੀ ਸਥਿਤੀ ਇਸੇ ਤਰ੍ਹਾਂ ਦੀ ਹੈ। ਦੱਖਣੀ ਕੋਰੀਆ, ਚੀਨ ਅਤੇ ਤਾਈਵਾਨ ਵਿੱਚ ਹੋਰ ਵੀ ਮਾੜੀ ਹੈ। ਜੇਕਰ ਮੌਜੂਦਾ ਦਰ ਜਾਰੀ ਰਹੀ ਤਾਂ 2050 ਤੱਕ ਦੁਨੀਆਂ ਦੀ ਅੱਧੀ ਆਬਾਦੀ ਮਾਇਓਪੀਆ ਦਾ ਸ਼ਿਕਾਰ ਹੋ ਜਾਵੇਗੀ। ਇਹ ਦਰ ਹਰ ਸਾਲ ਤੇਜ਼ੀ ਨਾਲ ਵਧ ਰਹੀ ਹੈ।

ਚੀਆ ਦਾ ਕਹਿਣਾ ਹੈ ਕਿ ਚੀਨ ਵਿੱਚ ਮਾਇਓਪੀਆ ਨਾਟਕੀ ਢੰਗ ਨਾਲ ਵਧਿਆ ਹੈ। ਉਨ੍ਹਾਂ ਦੇ ਅਨੁਸਾਰ ਸਕੂਲ ਜਾਣ ਵਾਲੀ ਉਮਰ ਵਿੱਚ 76 ਤੋਂ 90 ਫ਼ੀਸਦ ਬੱਚਿਆਂ ਨੂੰ ਮਾਇਓਪੀਆ ਹੁੰਦਾ ਹੈ।

ਮੋਟੇ ਤੌਰ 'ਤੇ, ਮਾਇਓਪੀਆ ਇੱਕ ਛੋਟੀ ਜਿਹੀ ਸਮੱਸਿਆ ਲੱਗ ਸਕਦੀ ਹੈ। ਅਜਿਹਾ ਲੱਗ ਸਕਦਾ ਹੈ ਕਿ ਇਸਨੂੰ ਐਨਕਾਂ ਨਾਲ ਠੀਕ ਕੀਤਾ ਜਾ ਸਕਦਾ ਹੈ।

ਪਰ ਮਾਹਰ ਕਹਿੰਦੇ ਹਨ ਕਿ ਮਾਇਓਪੀਆ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਨਜ਼ਰ ਦਾ ਨੁਕਸਾਨ ਜਾਂ ਸਥਾਈ ਅੰਨ੍ਹੇਪਣ ਦਾ ਕਾਰਨ ਬਣ ਸਕਦਾ ਹੈ।

ਮਾਇਓਪੀਆ ਦੀ ਪਛਾਣ ਕਿਵੇਂ ਕਰੀਏ?

ਇਹ ਪਛਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਬੱਚੇ ਨੂੰ ਕਿਤੇ ਮਾਇਓਪੀਆ ਤਾਂ ਨਹੀਂ ਹੋ ਰਿਹਾ। ਇਸ ਲਈ ਬੱਚਿਆਂ ਦੀ ਸਮੇਂ ਸਿਰ ਡਾਕਟਰੀ ਜਾਂਚ ਦੀ ਬਹੁਤ ਅਹਿਮੀਅਤ ਹੈ।

ਜੇਕਰ ਅਜਿਹਾ ਹੋ ਜਾਵੇ ਤਾਂ ਬੱਚਿਆਂ ਦੀ ਤਰੱਕੀ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਸਮੇਂ ਸਿਰ ਦੂਰ ਕੀਤਾ ਜਾ ਸਕਦਾ ਹੈ। ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਦੇ ਮਾਪਿਆਂ ਨੂੰ ਇਸ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇ ਤੁਹਾਡੇ ਬੱਚੇ ਲੋੜ ਤੋਂ ਵੱਧ ਸਕਰੀਨਾਂ ਦੀ ਵਰਤੋਂ ਕਰ ਰਹੇ ਹਨ ਤਾਂ ਸਾਵਧਾਨ ਹੋਣ ਦੀ ਲੋੜ ਹੈ

ਮਾਇਓਪੀਆ ਦੇ ਲੱਛਣ ਆਮ ਤੌਰ 'ਤੇ 6 ਤੋਂ 13 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਦਿਖਾਈ ਦਿੰਦੇ ਹਨ।

ਇਹ ਲੱਛਣ ਛੋਟੇ ਬੱਚਿਆਂ ਅਤੇ ਇੱਥੋਂ ਤੱਕ ਕਿ ਬਾਲਗਾਂ ਵਿੱਚ ਵੀ ਦੇਖੇ ਜਾਂਦੇ ਹਨ।

  • ਇਹ ਲੱਛਣ ਦਰਸਾਉਂਦੇ ਹਨ ਕਿ ਬੱਚਿਆਂ ਨੂੰ ਪੜ੍ਹਨ ਵਿੱਚ ਮੁਸ਼ਕਲ ਆ ਰਹੀ ਹੈ।
  • ਬੱਚਿਆਂ ਨੂੰ ਖ਼ਾਸ ਕਰਕੇ ਸਕੂਲ ਵਿੱਚ ਬਲੈਕਬੋਰਡ 'ਤੇ ਲਿਖਿਆ ਪੜ੍ਹਨ ਵਿੱਚ ਮੁਸ਼ਕਲ ਆਉਂਦੀ ਹੈ।
  • ਇਹ ਬੱਚੇ ਟੀਵੀ ਅਤੇ ਕੰਪਿਊਟਰ ਦੇ ਨੇੜੇ ਬੈਠਦੇ ਹਨ ਅਤੇ ਫ਼ੋਨ ਦੀ ਵਰਤੋਂ ਸਮੇਂ ਸਕਰੀਨ ਨੂੰ ਅੱਖਾਂ ਦੇ ਨੇੜੇ ਰੱਖਦੇ ਹਨ।
  • ਇਨ੍ਹਾਂ ਲੋਕਾਂ ਨੂੰ ਅਕਸਰ ਸਿਰ ਦਰਦ ਵੀ ਹੁੰਦਾ ਹੈ।
  • ਮਾਇਓਪੀਆ ਤੋਂ ਪੀੜਤ ਬੱਚੇ ਆਪਣੀਆਂ ਅੱਖਾਂ ਨੂੰ ਅਕਸਰ ਰਗੜਦੇ ਵੀ ਰਹਿੰਦੇ ਹਨ।

ਜੇਕਰ ਇਲਾਜ ਨਾ ਕੀਤਾ ਜਾਵੇ, ਤਾਂ ਇਹ ਸਮੱਸਿਆ ਸਮੇਂ ਦੇ ਨਾਲ ਵਿਗੜ ਸਕਦੀ ਹੈ ਅਤੇ ਨਵੀਆਂ ਮੁਸ਼ਕਲਾਂ ਪੈਦਾ ਕਰ ਸਕਦੀ ਹੈ।

ਮਾਇਓਪੀਆਂ ਦੇ ਕਾਰਨ ਕੀ ਹਨ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਸਕਰੀਨ ਅਤੇ ਅੱਖਾਂ ਵਿਚਕਾਰ ਢੁੱਕਵੀਂ ਦੂਰੀ ਹੋਣੀ ਚਾਹੀਦੀ ਹੈ

ਮਾਇਓਪੀਆ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਇਨ੍ਹਾਂ ਵਿੱਚ ਇੱਕ ਵੱਡਾ ਕਾਰਨ ਸਮੇਂ ਤੋਂ ਪਹਿਲਾਂ ਬੱਚੇ ਦੀ ਡਲਿਵਰੀ ਹੈ, ਯਾਨੀ ਕਿ ਨਿਰਧਾਰਤ ਮਿਤੀ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਨੂੰ ਵਧੇਰੇ ਜੋਖਮ ਹੁੰਦਾ ਹੈ।

ਇਸ ਤੋਂ ਇਲਾਵਾ, ਪਿਛਲੇ ਕੁਝ ਸਾਲਾਂ ਵਿੱਚ ਕੰਪਿਊਟਰ ਸਕਰੀਨ ਨੂੰ ਲਗਾਤਾਰ ਦੇਖਦਿਆਂ ਕੰਮ ਕਰਨ ਦੀ ਮੰਗ ਕਰਦੀਆਂ ਨੌਕਰੀਆਂ (ਨੇੜਿਓਂ ਕੰਮ ਕਰਨ ਵਾਲਿਆਂ) ਦੀ ਗਿਣਤੀ ਵੀ ਵਧੀ ਹੈ। ਅਜਿਹੀਆਂ ਨੌਕਰੀਆਂ ਕਰਨ ਵਾਲੇ ਲੋਕਾਂ ਨੂੰ ਮਾਇਓਪੀਆ ਹੋਣ ਦਾ ਖ਼ਤਰਾ ਹੁੰਦਾ ਹੈ।

ਕਸਰਤ ਦੀ ਘਾਟ ਵੀ ਇਸਦਾ ਇੱਕ ਕਾਰਨ ਹੈ। ਘਰ ਦੇ ਅੰਦਰ ਰਹਿਣਾ, ਹਨੇਰੇ ਵਾਲੀਆਂ ਥਾਵਾਂ 'ਤੇ ਕੰਮ ਕਰਨਾ ਅਤੇ ਡਿਜੀਟਲ ਡਿਵਾਈਸਾਂ ਦੀ ਵੱਧਦੀ ਵਰਤੋਂ ਵੀ ਇਸਦੇ ਕਾਰਨ ਹਨ।

ਬੱਚਿਆਂ ਦੀ ਸਿਹਤ
ਇਹ ਵੀ ਪੜ੍ਹੋ-

ਮਾਇਓਪੀਆ ਬਾਰੇ ਮਿੱਥਾਂ ਅਤੇ ਗਲਤ ਧਾਰਨਾਵਾਂ

ਭਾਵੇਂ ਮਾਇਓਪੀਆ ਨੂੰ ਇੱਕ ਨਜ਼ਰ ਵਿਕਾਰ ਵਜੋਂ ਜਾਣਿਆ ਜਾਂਦਾ ਹੈ, ਪਰ ਸਮਾਜ ਵਿੱਚ ਇਸ ਬਾਰੇ ਅਜੇ ਵੀ ਬਹੁਤ ਸਾਰੀਆਂ ਗ਼ਲਤ ਧਾਰਨਾਵਾਂ ਹਨ।

ਅਸੀਂ ਇਸ ਬਾਰੇ ਏਐੱਸਜੀ ਆਈ ਹਸਪਤਾਲ ਦੇ ਗਰੁੱਪ ਸੀਓਓ ਡਾ. ਵਿਕਾਸ ਜੈਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਮਾਇਓਪੀਆ ਨਾਲ ਸਬੰਧਤ ਕਈ ਸਵਾਲਾਂ ਦੇ ਜਵਾਬ ਦਿੱਤੇ ।

ਜੇਕਰ ਤੁਹਾਡੀ ਨਜ਼ਰ ਬਹੁਤ ਘੱਟ ਹੈ, ਤਾਂ ਕੀ ਤੁਹਾਨੂੰ ਵਿਆਹ ਨਹੀਂ ਕਰਵਾਉਣਾ ਚਾਹੀਦਾ ਜਾਂ ਬੱਚੇ ਨਹੀਂ ਪੈਦਾ ਕਰਨੇ ਚਾਹੀਦੇ?

ਡਾਕਟਰ ਵਿਕਾਸ ਜੈਨ ਕਹਿੰਦੇ ਹਨ, "ਇਸਦਾ ਕੋਈ ਡਾਕਟਰੀ ਆਧਾਰ ਨਹੀਂ ਹੈ। ਜੇਕਰ ਮਾਇਓਪੀਆ ਗੰਭੀਰ ਹੈ, ਤਾਂ ਇਸ ਨਾਲ ਅੱਖਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਪਰ ਇਸਦਾ ਵਿਆਹ, ਬੱਚੇ ਪੈਦਾ ਕਰਨ ਜਾਂ ਬੱਚੇ ਪਾਲਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ" ।

ਜੇਕਰ ਮਾਪਿਆਂ ਨੂੰ ਮਾਇਓਪੀਆ ਹੈ, ਤਾਂ ਉਨ੍ਹਾਂ ਦੇ ਬੱਚਿਆਂ ਨੂੰ ਵੀ ਮਾਇਓਪੀਆ ਹੋਣ ਦਾ ਖ਼ਤਰਾ ਹੁੰਦਾ ਹੈ, ਪਰ ਸਮੇਂ ਸਿਰ ਅੱਖਾਂ ਦੀ ਜਾਂਚ ਕਰਵਾ ਕੇ, ਰੋਜ਼ਾਨਾ ਬਾਹਰ ਖੇਡ ਕੇ, ਖੁੱਲ੍ਹੇ ਵਾਤਾਵਰਨ ਵਿੱਚ ਰਹਿ ਕੇ ਆਪਣੀਆਂ ਅੱਖਾਂ ਦੀ ਦੇਖਭਾਲ ਕਰਕੇ, ਮਾਇਓਪੀਆ ਦੇ ਜੋਖਮ ਨੂੰ ਰੋਕਿਆ ਜਾ ਸਕਦਾ ਹੈ ਜਾਂ ਟਾਲਿਆ ਜਾ ਸਕਦਾ ਹੈ।

ਕੀ ਐਨਕਾਂ ਲਗਾਉਣ ਨਾਲ ਮਾਇਓਪੀਆ ਹੋਰ ਵੀ ਗੰਭੀਰ ਹੋ ਜਾਂਦਾ ਹੈ?

ਡਾਕਟਰ ਵਿਕਾਸ ਜੈਨ ਕਹਿੰਦੇ ਹਨ, "ਇਹ ਇੱਕ ਵੱਡਾ ਅਤੇ ਅਕਸਰ ਪੁੱਛਿਆ ਜਾਣ ਵਾਲਾ ਸਵਾਲ ਹੈ।"

ਉਹ ਕਹਿੰਦੇ ਹਨ, "ਐਨਕਾਂ ਮਾਇਓਪੀਆ ਨੂੰ ਗੰਭੀਰ ਨਹੀਂ ਬਣਾਉਂਦੀਆਂ। ਪਰ ਐਨਕਾਂ ਨਾ ਲਗਾਉਣ ਨਾਲ ਅੱਖਾਂ 'ਤੇ ਦਬਾਅ ਵਧ ਸਕਦਾ ਹੈ, ਜਿਸ ਨਾਲ ਉਹ ਧੁੰਦਲੀਆਂ ਦਿਖਾਈ ਦੇ ਸਕਦੀਆਂ ਹਨ। ਇਸ ਨਾਲ ਐਂਬਲੀਓਪੀਆ ਵੀ ਹੋ ਸਕਦਾ ਹੈ। ਇਹ ਬੱਚਿਆਂ ਦੀ ਸਕੂਲੀ ਪੜ੍ਹਾਈ 'ਤੇ ਅਸਰ ਪਾ ਸਕਦਾ ਹੈ।"

ਕੀ ਉਮਰ ਦੇ ਨਾਲ ਮਾਇਓਪੀਆ ਹੋਰ ਗੰਭੀਰ ਹੋ ਜਾਂਦਾ ਹੈ?

ਡਾਕਟਰ ਵਿਕਾਸ ਜੈਨ ਕਹਿੰਦੇ ਹਨ ਕਿ ਜ਼ਿਆਦਾਤਰ ਲੋਕਾਂ ਵਿੱਚ ਮਾਇਓਪੀਆ ਕਿਸ਼ੋਰ ਅਵਸਥਾ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ ਵੀਹ ਸਾਲ ਦੀ ਉਮਰ ਦੇ ਨੇੜੇ ਸਥਿਰ ਹੋ ਜਾਂਦਾ ਹੈ।

ਬੇਸ਼ੱਕ ਕੁਝ ਲੋਕਾਂ ਵਿੱਚ ਬਹੁਤ ਜ਼ਿਆਦਾ ਸਕਰੀਨ ਦੀ ਵਰਤੋਂ ਅਤੇ ਹਾਈਪਰਮਾਇਓਪੀਆ ਛੋਟੀ ਉਮਰ ਵਿੱਚ ਹੀ ਮਾਇਓਪੀਆ ਦੇ ਵਧਣ ਦਾ ਕਾਰਨ ਬਣ ਸਕਦੇ ਹਨ।

ਡਾਕਟਰ ਦੀ ਮਦਦ, ਸਹੀ ਇਲਾਜ ਅਤੇ ਅਨੁਸ਼ਾਸਨ ਨਾਲ ਇਸਦੇ ਵਾਧੇ ਨੂੰ ਹੌਲੀ ਕੀਤਾ ਜਾ ਸਕਦਾ ਹੈ। ਮਾਇਓਪੀਆ ਕੰਟਰੋਲ ਐਨਕਾਂ ਮਾਇਓਪੀਆ ਦੇ ਵਿਕਾਸ ਨੂੰ ਹੌਲੀ ਕਰਨ ਵਿੱਚ ਮਦਦ ਕਰਦੀਆਂ ਹਨ।

ਕੀ ਮਾਇਓਪੀਆ ਖ਼ਾਨਦਾਨੀ ਬਿਮਾਰੀ ਹੈ?

ਅਸੀਂ ਇਹ ਸਵਾਲ ਡਾਕਟਰ ਮੀਨਲ ਕਨਹੇੜੇ ਨੂੰ ਪੁੱਛਿਆ।

ਡਾਕਟਰ ਮੀਨਲ ਕੌਰਨੀਆ, ਮੋਤੀਆਬਿੰਦ ਅਤੇ ਰਿਫ੍ਰੈਕਟਿਵ ਸਰਜਨ ਹਨ। ਉਹ ਚੈਂਬੂਰ ਸਥਿਤ ਡਾਕਟਰ ਅਗਰਵਾਲ ਅੱਖਾਂ ਦੇ ਹਸਪਤਾਲ, ਵਿੱਚ ਆਯੁਸ਼ ਅੱਖਾਂ ਦੇ ਕਲੀਨਿਕ ਵਿੱਚ ਕੰਮ ਕਰਦੇ ਹਨ।

ਡਾਕਟਰ ਮੀਨਲ ਕਨਹੇੜੇ ਕਹਿੰਦੇ ਹਨ, "ਮਾਇਓਪੀਆ ਜਾਂ ਦੂਰਦਰਸ਼ੀਤਾ ਇੱਕ ਕਿਸਮ ਦਾ ਰਿਫ੍ਰੈਕਟਿਵ ਦੋਸ਼ ਹੈ। ਇਹ ਉਦੋਂ ਹੁੰਦਾ ਹੈ ਜਦੋਂ ਪੁਤਲੀ ਦਾ ਆਕਾਰ ਫ਼ੈਲ ਜਾਂਦਾ ਹੈ ਜਾਂ ਇਸਦਾ ਕਰਵੇਚਰ ਬਦਲ ਜਾਂਦਾ ਹੈ, ਜਿਸ ਨਾਲ ਨਜ਼ਰ ਧੁੰਦਲੀ ਹੋ ਜਾਂਦੀ ਹੈ।"

"ਇਸ ਨੁਕਸ ਲਈ ਤਕਰੀਬਨ 60 ਤੋਂ 90 ਫ਼ੀਸਦੀ ਜੈਨੇਟਿਕਸ ਜ਼ਿੰਮੇਵਾਰ ਹਨ।"

ਉਹ ਅੱਗੇ ਕਹਿੰਦੇ ਹਨ, "ਜੇਕਰ ਦੋਵੇਂ ਮਾਪੇ ਮਾਇਓਪੀਆ ਪੀੜਤ ਹਨ ਤਾਂ ਜੋਖਮ ਵੱਧ ਜਾਂਦਾ ਹੈ। ਪਰ ਸਿਰਫ਼ ਜੈਨੇਟਿਕਸ ਮਾਇਓਪੀਆ ਦੇ ਵਿਕਾਸ ਅਤੇ ਵਾਧਾ ਵਿੱਚ ਯੋਗਦਾਨ ਨਹੀਂ ਪਾਉਂਦੇ।"

"ਜੀਵਨਸ਼ੈਲੀ ਨਾਲ ਜੁੜੇ ਹੋਰ ਕਾਰਕ, ਜਿਵੇਂ ਕਿ ਮੋਬਾਈਲ ਅਤੇ ਕੰਪਿਊਟਰ ਵਰਗੀਆਂ ਡਿਜੀਟਲ ਸਕ੍ਰੀਨਾਂ 'ਤੇ ਜ਼ਿਆਦਾ ਸਮਾਂ ਬਿਤਾਉਣਾ ਅਤੇ ਬਾਹਰ ਘੱਟ ਸਮਾਂ ਬਿਤਾਉਣਾ, ਮਾਇਓਪੀਆ ਦੇ ਵਿਕਾਸ ਅਤੇ ਵਾਧੇ ਵਿੱਚ ਯੋਗਦਾਨ ਪਾਉਂਦੇ ਹਨ।"

"ਜੈਨੇਟਿਕ ਮਾਇਓਪੀਆ ਮਾਪਿਆਂ ਤੋਂ ਵਿਰਾਸਤ ਵਿੱਚ ਮਿਲਦਾ ਹੈ। ਪਰ ਇਸਦਾ ਵਿਕਾਸ ਅਤੇ ਵਾਧਾ, ਜੀਵਨ ਸ਼ੈਲੀ ਅਤੇ ਵਾਤਾਵਰਣ ਨਾਲ ਜੁੜੇ ਕਾਰਕਾਂ 'ਤੇ ਨਿਰਭਰ ਕਰਦਾ ਹੈ।"

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰਾਂ ਦਾ ਕਹਿਣਾ ਹੈ ਕਿ ਹਰ ਰੋਜ਼ ਦੋ ਘੰਟੇ ਬਾਹਰ ਖੁੱਲ੍ਹੀ ਹਵਾ ਵਿੱਚ ਮੈਦਾਨ ਵਿੱਚ ਖੇਡਣਾ ਚਾਹੀਦਾ ਹੈ

ਅਸੀਂ ਮੁੰਬਈ ਦੇ ਜਸਲੋਕ ਹਸਪਤਾਲ ਅਤੇ ਖੋਜ ਕੇਂਦਰ ਵਿੱਚ ਅੱਖਾਂ ਦੇ ਰੋਗਾਂ ਦੇ ਵਿਗਿਆਨੀ ਡਾਕਟਰ ਜਾਨਵੀ ਮਹਿਤਾ ਨਾਲ ਵੀ ਗੱਲਬਾਤ ਕੀਤੀ ।

ਉਨ੍ਹਾਂ ਨੇ ਕਿਹਾ, "ਮਾਇਓਪੀਆ ਵਿੱਚ ਜੈਨੇਟਿਕਸ ਭੂਮਿਕਾ ਨਿਭਾਉਂਦੇ ਹਨ। ਪਰ ਇਹ ਇਕਲੌਤਾ ਕਾਰਨ ਨਹੀਂ ਹੈ। ਜੇਕਰ ਇੱਕ ਜਾਂ ਦੋਵੇਂ ਮਾਪੇ ਘੱਟ ਨਜ਼ਰ ਵਾਲੇ ਹਨ, ਤਾਂ ਬੱਚੇ ਦੀ ਨਿਗ੍ਹਾ ਘੱਟਣ ਦਾ ਜੋਖਮ ਵੱਧ ਜਾਂਦਾ ਹੈ। ਪਰ ਨਵੇਂ ਅਧਿਐਨਾਂ ਨੇ ਦਿਖਾਇਆ ਹੈ ਕਿ ਜੀਵਨ ਸ਼ੈਲੀ ਦੇ ਕਾਰਕ ਇਸਦੇ ਲਈ ਵਧੇਰੇ ਜ਼ਿੰਮੇਵਾਰ ਹੋ ਸਕਦੇ ਹਨ।"

ਡਾਕਟਰ ਮਹਿਤਾ ਕਹਿੰਦੇ ਹਨ, "ਬਾਹਰ ਘੱਟ ਜਾਣਾ, ਬਾਹਰ ਘੱਟ ਖੇਡਣ ਅਤੇ ਅੱਖਾਂ ਨੂੰ ਆਰਾਮ ਨਾ ਦੇਣ ਵਰਗੇ ਕਾਰਨਾਂ ਕਰਕੇ ਬੱਚਿਆਂ ਵਿੱਚ ਮਾਇਓਪੀਆ ਦੀ ਸਮੱਸਿਆ ਵਧੀ ਹੈ। ਇੰਨਾ ਹੀ ਨਹੀਂ, ਦਿਨ ਵਿੱਚ ਇੱਕ ਜਾਂ ਦੋ ਘੰਟੇ ਖੁੱਲ੍ਹੀਆਂ ਥਾਵਾਂ 'ਤੇ ਬਿਤਾਉਣ ਨਾਲ ਮਾਇਓਪੀਆ ਦਾ ਖ਼ਤਰਾ ਘੱਟ ਜਾਂਦਾ ਹੈ।"

ਉਹ ਅੱਗੇ ਕਹਿੰਦੇ ਹਨ, "ਸਧਾਰਨ ਸ਼ਬਦਾਂ ਵਿੱਚ ਕਹੀਏ ਤਾਂ ਮਾਇਓਪੀਆ ਲਈ ਜੀਨਜ਼ ਜ਼ਿੰਮੇਵਾਰ ਹਨ, ਪਰ ਹੋਰ ਕਾਰਕ ਵੀ ਸਮੱਸਿਆ ਨੂੰ ਦੂਰ ਰੱਖਦੇ ਹਨ।"

"ਜੇਕਰ ਬੱਚੇ ਹਰ ਰੋਜ਼ ਇੱਕ ਤੋਂ ਦੋ ਘੰਟੇ ਬਾਹਰ ਖੇਡਦੇ ਹਨ, ਤਾਂ ਮਾਇਓਪੀਆ ਨੂੰ ਦੂਰ ਰੱਖਿਆ ਜਾ ਸਕਦਾ ਹੈ।"

ਬੱਚਿਆਂ ਦੀਆਂ ਅੱਖਾਂ ਨੂੰ ਤੰਦਰੁਸਤ ਕਿਵੇਂ ਬਣਾਈ ਰੱਖੀਏ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਦੀ ਰਾਇ ਹੈ ਕਿ ਨਿਗ੍ਹਾ ਚੈੱਕ ਕਰਵਾਉਣ ਦੇ ਨਾਲ-ਨਾਲ ਬੱਚਿਆਂ ਦੀਆਂ ਅੱਖਾਂ ਵੀ ਚੈੱਕ ਕਰਵਾਉਣੀਆਂ ਚਾਹੀਦੀਆਂ ਹਨ

ਡਾਕਟਰ ਜਾਨ੍ਹਵੀ ਮਹਿਤਾ ਕਹਿੰਦੇ ਹਨ ਕਿ ਮਾਪੇ ਆਪਣੇ ਬੱਚਿਆਂ ਦੀ ਨਿਗ੍ਹਾਂ ਨੂੰ ਠੀਕ ਰੱਖਣ ਵਿੱਚ ਯਕੀਨੀ ਤੌਰ 'ਤੇ ਚੰਗੀ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੇ ਕੁਝ ਉਪਾਅ ਵੀ ਸੁਝਾਏ ਹਨ।

ਉਨ੍ਹਾਂ ਨੇ ਕਿਹਾ, "ਸਕਰੀਨ ਟਾਈਮ ਘਟਾਉਣਾ ਸਭ ਤੋਂ ਮਹੱਤਵਪੂਰਨ ਹੈ। ਸਕਰੀਨ ਟਾਈਮ ਖ਼ਾਸ ਕਰਕੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੀਮਤ ਹੋਣਾ ਚਾਹੀਦਾ ਹੈ। ਹਰ 20 ਮਿੰਟਾਂ ਵਿੱਚ ਕੋਈ ਵੀ ਕੰਮ ਕਰਦੇ ਸਮੇਂ 20 ਸਕਿੰਟਾਂ ਲਈ 20 ਫ਼ੁੱਟ ਦੂਰ ਦੇ ਕਿਸੇ ਵੀ ਦ੍ਰਿਸ਼ ਨੂੰ ਦੇਖਣਾ ਚਾਹੀਦਾ ਹੈ।"

"ਇਸ ਨਿਯਮ ਦੀ ਪਾਲਣਾ ਕਰਨ ਨਾਲ ਤੁਹਾਡੀਆਂ ਅੱਖਾਂ ਨੂੰ ਰਾਹਤ ਮਿਲੇਗੀ। ਹਰ ਰੋਜ਼ ਇੱਕ ਤੋਂ ਦੋ ਘੰਟੇ ਬਾਹਰ ਖੇਡਣਾ ਜ਼ਰੂਰੀ ਹੈ।"

ਪੜ੍ਹਦੇ ਸਮੇਂ ਲੋੜੀਂਦੀ ਰੋਸ਼ਨੀ ਦਾ ਧਿਆਨ ਰੱਖੋ, ਹਰ ਤਰ੍ਹਾਂ ਦੀਆਂ ਸਕਰੀਨਾਂ ਅਤੇ ਕਿਤਾਬਾਂ ਨੂੰ ਆਪਣੀਆਂ ਅੱਖਾਂ ਤੋਂ 30 ਤੋਂ 40 ਸੈਂਟੀਮੀਟਰ ਦੂਰ ਰੱਖੋ। ਇਸਤੋਂ ਇਲਾਵਾ ਲੰਮੇ ਪੈ ਕੇ ਨਾ ਪੜ੍ਹੋ। ਆਪਣੀਆਂ ਅੱਖਾਂ ਦੀ ਨਿਯਮਿਤ ਤੌਰ 'ਤੇ ਜਾਂਚ ਕਰਵਾਓ।

ਡਾਕਟਰ ਕਨਹੇੜੇ ਕਹਿੰਦੇ ਹਨ, "ਬੱਚਿਆਂ ਦੇ ਵਿਕਾਸ ਦੇ ਸਮੇਂ ਦੌਰਾਨ ਮਾਪਿਆਂ ਦੀ ਭੂਮਿਕਾ ਦੀ ਬਹੁਤ ਅਹਿਮੀਅਤ ਹੁੰਦੀ ਹੈ।"

"ਬੱਚਿਆਂ ਦੀਆਂ ਅੱਖਾਂ ਦੀ ਸਿਹਤ ਦੀ ਨਿਰੰਤਰ ਨਿਗਰਾਨੀ ਉਨ੍ਹਾਂ ਦੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਵਿਕਾਸ ਲਈ ਜ਼ਰੂਰੀ ਹੈ। ਇਸ ਲਈ, ਘੱਟੋ ਘੱਟ ਵਿਕਾਸ ਦੇ ਇਸ ਪੜਾਅ ਦੌਰਾਨ, ਮਾਪਿਆਂ ਨੂੰ ਆਪਣੇ ਬੱਚਿਆਂ ਦੀ ਨਿਗ੍ਹਾ ਦੀ ਰੱਖਿਆ ਲਈ ਕੁਝ ਕਦਮ ਜ਼ਰੂਰ ਚੁੱਕਣੇ ਚਾਹੀਦੇ ਹਨ।"

ਬੱਚਿਆਂ ਦੀਆਂ ਅੱਖਾਂ ਦੀ ਜਾਂਚ ਬਾਰੇ ਡਾਕਟਰ ਕਨਹੇੜੇ ਨੇ ਕਿਹਾ, "ਆਪਣੇ ਬੱਚੇ ਨੂੰ ਘੱਟੋ-ਘੱਟ ਹਰ ਛੇ ਮਹੀਨਿਆਂ ਵਿੱਚ ਅੱਖਾਂ ਦੀ ਜਾਂਚ ਲਈ ਅੱਖਾਂ ਦੇ ਡਾਕਟਰ ਕੋਲ ਲੈ ਜਾਓ।"

"ਇਸ ਨਾਲ ਸਮੇਂ ਸਿਰ ਐਨਕਾਂ ਲਗਾ ਕੇ ਨਿਗ੍ਹਾ ਨੂੰ ਸਥਿਰ ਕਰਨ ਵਿੱਚ ਮਦਦ ਮਿਲੇਗੀ।"

"ਹਾਲਾਂਕਿ ਧਿਆਨ ਰਹਿਣਾ ਚਾਹੀਦਾ ਹੈ ਕਿ ਬੱਚੇ ਨੂੰ ਡਾਕਟਰ ਕੋਲ ਸਿਰਫ਼ ਐਨਕਾਂ ਲਗਵਾਉਣ ਲਈ ਨਹੀਂ ਲੈ ਜਾਣਾ ਚਾਹੀਦਾ।"

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰਾਂ ਦਾ ਕਹਿਣਾ ਹੈ ਕਿ ਲੇਟ ਕੇ ਕਿਤਾਬ ਪੜ੍ਹਨਾ ਬਹੁਤ ਗ਼ਲਤ ਹੈ

ਡਾਕਟਰ ਕਨਹੇੜੇ ਨੇ ਕਿਹਾ, "ਇਸ ਦੇ ਨਾਲ ਹੀ ਘਰ ਵਿੱਚ ਵੀ ਕੁਝ ਚੰਗੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ। ਆਪਣੀਆਂ ਅੱਖਾਂ ਦੀ ਚੰਗੀ ਦੇਖਭਾਲ ਕਰਨਾ, ਜੇਕਰ ਤੁਸੀਂ ਲਗਾਤਾਰ ਇੱਕੋ ਕੰਮ ਕਰ ਰਹੇ ਹੋ ਤਾਂ ਉਨ੍ਹਾਂ ਨੂੰ ਆਰਾਮ ਦੇਣਾ ਚਾਹੀਦਾ ਹੈ।"

"ਬੱਚਿਆਂ ਨੂੰ ਆਪਣੀਆਂ ਅੱਖਾਂ ਦੀ ਦੇਖਭਾਲ ਕਰਨਾ ਸਿਖਾਉਣਾ ਕਿ ਹੱਥ ਧੋ ਕੇ ਅੱਖਾਂ ਨੂੰ ਲਗਾਉਣ ਤਾਂ ਜੋ ਲਾਗ਼ ਨੂੰ ਰੋਕਿਆ ਜਾ ਸਕੇ। ਅੱਖਾਂ ਨਾਲ ਜੁੜੀਆਂ ਦਿੱਕਤਾਂ ਬਾਰੇ ਬੱਚਿਆਂ ਦੀ ਭਾਵਨਾਤਮਕ ਸਹਾਇਤਾ ਕਰਨਾ ਅਤੇ ਉਨ੍ਹਾਂ ਨੂੰ ਬਿਹਤਰ ਹੋਣ ਦੀ ਸੰਭਾਵਨਾ ਦਾ ਭਰੋਸਾ ਦਿਵਾਉਣਾ।"

ਬੱਚਿਆਂ ਵੱਲ ਇਸ ਤਰ੍ਹਾਂ ਧਿਆਨ ਦਿਓ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਤਾਬ ਬਾਅਦ ਵਿੱਚ ਪੜ੍ਹੋ, ਪਹਿਲਾਂ ਖੇਡੋ ਅਤੇ ਚਾਰਦਿਵਾਰੀ ਤੋਂ ਬਾਹਰ ਜਾ ਕੇ ਖ਼ੁਸ਼ ਰਹੋ

ਡਾਕਟਰ ਮੀਨਲ ਕਨਹੇੜੇ ਇਸ ਬਾਰੇ ਜਾਣਕਾਰੀ ਦਿੰਦੇ ਹਨ ਕਿ ਬੱਚਿਆਂ ਵਿੱਚ ਮਾਇਓਪੀਆ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਵਿਵਹਾਰ ਵੱਲ ਕਿਵੇਂ ਧਿਆਨ ਦਿੱਤਾ ਜਾਵੇ।

ਉਨ੍ਹਾਂ ਨੇ ਕੁਝ ਹੱਲ ਸੁਝਾਏ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:

  • ਆਪਣੇ ਬੱਚੇ ਦੀਆਂ ਸਕੂਲੀ ਗਤੀਵਿਧੀਆਂ 'ਤੇ ਨਜ਼ਰ ਰੱਖੋ ਅਤੇ ਅਧਿਆਪਕਾਂ ਦੇ ਸੰਪਰਕ ਵਿੱਚ ਰਹੋ। ਇਹ ਅੱਖਾਂ ਦੇ ਦਬਾਅ ਵਰਗੀਆਂ ਸਮੱਸਿਆਵਾਂ ਦੀ ਜਲਦੀ ਪਛਾਣ ਕਰਨ ਅਤੇ ਸਮੇਂ ਸਿਰ ਇਲਾਜ ਕਰਵਾਉਣ ਵਿੱਚ ਮਦਦ ਕਰ ਸਕਦਾ ਹੈ।
  • ਘਰ ਵਿੱਚ ਮਾਪੇ ਜਿਨ੍ਹਾਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਦੇ ਹਨ, ਉਹ ਸਕੂਲ ਵਿੱਚ ਦਿਖਾਈ ਦੇ ਸਕਦੀਆਂ ਹਨ। ਪੜ੍ਹਾਈ ਵਿੱਚ ਪਿੱਛੇ ਰਹਿਣਾ ਅੱਖਾਂ ਦੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਹੋਰ ਜਾਂਚ ਅਤੇ ਇਲਾਜ ਦੀ ਲੋੜ ਹੋ ਸਕਦੀ ਹੈ।
  • ਜੇਕਰ ਤੁਸੀਂ ਆਪਣੇ ਬੱਚੇ ਦੀ ਨਿਗ੍ਹਾ ਵਿੱਚ ਕੋਈ ਬਦਲਾਅ ਦੇਖਦੇ ਹੋ ਤਾਂ ਧਿਆਨ ਦਿਓ। ਅੱਖਾਂ ਦੇ ਭੇਂਗੇਪਨ ਵਰਗੀਆਂ ਸਮੱਸਿਆਵਾਂ ਦਾ ਪਤਾ ਸਿਰਫ਼ ਜਾਂਚ ਰਾਹੀਂ ਹੀ ਲਗਾਇਆ ਜਾ ਸਕਦਾ ਹੈ। ਦੇਖਣ ਲਈ ਸਿਰ ਝੁਕਾਉਣਾ, ਅੱਖਾਂ ਨੂੰ ਘੁੱਟਣਾ ਜਾਂ ਰਗੜਨਾ, ਪੜ੍ਹਨ ਲਈ ਕਾਪੀ-ਕਿਤਾਬ ਨੂੰ ਅੱਖਾਂ ਦੇ ਬਹੁਤ ਨੇੜੇ ਰੱਖਣਾ, ਜਾਂ ਟੀਵੀ ਦੇ ਬਹੁਤ ਨੇੜੇ ਬੈਠਣਾ, ਇਹ ਸਭ ਅੱਖਾਂ ਵਿੱਚ ਤਣਾਅ ਅਤੇ ਦਬਾਅ ਦੇ ਲੱਛਣ ਹੋ ਸਕਦੇ ਹਨ। ਅਜਿਹੇ ਮਾਮਲਿਆਂ ਵਿੱਚ ਇਸਦੀ ਤੁਰੰਤ ਜਾਂਚ ਕਰਵਾਉਣਾ ਅਤੇ ਸਹੀ ਇਲਾਜ ਕਰਵਾਉਣਾ ਮਹੱਤਵਪੂਰਨ ਹੈ ਨਹੀਂ ਤਾਂ 'ਐਂਬਲੀਓਪੀਆ' ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

ਡਾਕਟਰ ਜਾਹਨਵੀ ਮਹਿਤਾ ਕਹਿੰਦੇ ਹਨ, "ਭਾਰਤ ਵਿੱਚ ਕੁਝ ਆਧੁਨਿਕ ਯੰਤਰ ਮਾਇਓਪੀਆ ਦੇ ਸ਼ੁਰੂਆਤੀ ਨਿਯੰਤਰਣ ਵਿੱਚ ਮਦਦ ਕਰ ਰਹੇ ਹਨ। ਕੁਝ ਯੰਤਰ ਉਪਲਬਧ ਹਨ ਜੋ 3 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਵੀ ਮਾਇਓਪੀਆ ਦੇ ਲੱਛਣਾਂ ਦਾ ਪਤਾ ਲਗਾ ਸਕਦੇ ਹਨ। ਕੁਝ ਆਈ ਡਰੌਪ, ਵਿਸ਼ੇਸ਼ ਮਾਇਓਪੀਆ ਕੰਟਰੋਲ ਲੈਂਜ਼, ਨਾਈਟ ਲੈਂਜ਼ ਇਸ ਸ਼ੁਰੂਆਤ ਨੂੰ ਰੋਕਣ ਵਿੱਚ ਮਦਦ ਕਰਦੇ ਹਨ।"

ਜੇਕਰ ਤੁਸੀਂ ਆਪਣੀ ਜੀਵਨ ਸ਼ੈਲੀ ਵਿੱਚ ਵੱਡਾ ਬਦਲਾਅ ਲਿਆਉਣਾ ਚਾਹੁੰਦੇ ਹੋ, ਆਪਣੀ ਖੁਰਾਕ ਬਦਲਣਾ ਚਾਹੁੰਦੇ ਹੋ ਜਾਂ ਸਰੀਰਕ ਕਸਰਤ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਡਾਕਟਰ ਅਤੇ ਯੋਗ ਟਰੇਨਰ ਨਾਲ ਸਲਾਹ ਕਰਨੀ ਜ਼ਰੂਰੀ ਹੈ।

ਇਹ ਚੰਗਾ ਹੋਵੇਗਾ ਕਿ ਤੁਸੀਂ ਆਪਣੇ ਸਰੀਰ ਅਤੇ ਲੱਛਣਾਂ ਦੀ ਡਾਕਟਰ ਤੋਂ ਚੰਗੀ ਤਰ੍ਹਾਂ ਜਾਂਚ ਕਰਵਾਓ ਅਤੇ ਉਸ ਦੀ ਸਲਾਹ 'ਤੇ ਜੀਵਨ ਸ਼ੈਲੀ ਵਿੱਚ ਲੋੜੀਂਦੇ ਬਦਲਾਅ ਕਰੋ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)