ਫੇਫੜਿਆਂ ਦੀ ਸਿਹਤ ਦਾ ਧਿਆਨ ਰੱਖਣਾ ਕਿੰਨਾ ਜ਼ਰੂਰੀ ਹੈ ਅਤੇ ਘਰ ਵਿੱਚ ਕਿਹੜੇ ਟੈਸਟ ਕਰਕੇ ਤੁਸੀਂ ਜਾਣ ਸਕਦੇ ਹੋ ਕਿ ਤੁਹਾਡੇ ਫੇਫੜੇ ਸਿਹਤਮੰਦ ਹਨ ਜਾਂ ਨਹੀਂ

ਤਸਵੀਰ ਸਰੋਤ, Getty Images
- ਲੇਖਕ, ਡੇਵਿਡ ਕੌਕਸ
- ਰੋਲ, ਬੀਬੀਸੀ ਨਿਊਜ਼
ਸਾਡੇ ਫੇਫੜਿਆਂ ਦੀ ਹਾਲਤ ਸਾਡੀ ਵਿਆਪਕ ਸਿਹਤ ਬਾਰੇ ਬਹੁਤ ਕੁਝ ਦੱਸ ਸਕਦੀ ਹੈ ਅਤੇ ਖੁਸ਼ਕਿਸਮਤੀ ਨਾਲ ਤੁਸੀਂ ਉਨ੍ਹਾਂ ਦੀ ਵਧੀਆ ਦੇਖਭਾਲ ਕਰ ਸਕਦੇ ਹੋ।
ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਫੇਫੜੇ ਕਿੰਨੇ ਪੁਰਾਣੇ ਹਨ? ਹਰ ਸਾਹ ਦੇ ਨਾਲ, ਉਹ ਅਣਗਿਣਤ ਪ੍ਰਦੂਸ਼ਕਾਂ, ਰੋਗਾਣੂਆਂ, ਧੂੜ ਅਤੇ ਐਲਰਜੀ ਦੇ ਸੰਪਰਕ ਵਿੱਚ ਆਉਂਦੇ ਹਨ।
ਹੈਰਾਨੀ ਦੀ ਗੱਲ ਨਹੀਂ ਕਿ ਇਹ ਇਨ੍ਹਾਂ ਨਾਜ਼ੁਕ ਅੰਗਾਂ 'ਤੇ ਭਾਰੀ ਪੈ ਸਕਦੇ ਹਨ, ਉਨ੍ਹਾਂ ਦੀ ਉਮਰ ਵਧਣ ਦੀ ਪ੍ਰਕਿਰਿਆ ਤੇਜ਼ ਹੋ ਸਕਦੀ ਹੈ।
ਮਈ 2025 ਦੇ ਸ਼ੁਰੂ ਵਿੱਚ, ਰੈਸੀਪੀਰੇਟ੍ਰੀ (ਸਾਹ ਪ੍ਰਣਾਲੀ) ਮਾਹਰਾਂ ਦੀ ਇੱਕ ਕੌਮਾਂਤਰੀ ਟੀਮ ਨੇ ਇਹ ਮੁਲਾਂਕਣ ਕਰਨ ਲਈ ਪਹਿਲੀ ਵਾਰ ਇੱਕ ਅਧਿਐਨ ਪ੍ਰਕਾਸ਼ਿਤ ਕੀਤਾ ਕਿ ਮਨੁੱਖੀ ਫੇਫੜਿਆਂ ਦਾ ਕੰਮ ਸਾਡੀ ਉਮਰ ਦੇ ਨਾਲ ਕਿਵੇਂ ਬਦਲਦਾ ਹੈ।
20ਵੀਂ ਸਦੀ ਦੌਰਾਨ ਇਕੱਠੇ ਕੀਤੇ ਗਏ ਲਗਭਗ 30,000 ਮਰਦਾਂ ਅਤੇ ਔਰਤਾਂ ਦੇ ਅੰਕੜਿਆਂ ਦੇ ਆਧਾਰ 'ਤੇ, ਇਹ ਦਰਸਾਇਆ ਗਿਆ ਕਿ ਸਾਡੇ ਫੇਫੜਿਆਂ ਦਾ ਕੰਮ ਸਾਡੇ 20 ਦੇ ਦਹਾਕੇ ਦੇ ਸ਼ੁਰੂ ਤੋਂ ਮੱਧ ਤੱਕ ਸਿਖ਼ਰ 'ਤੇ ਹੁੰਦਾ ਹੈ। ਔਰਤਾਂ ਦੇ ਫੇਫੜਿਆਂ ਦੀ ਸਮਰੱਥਾ ਆਮ ਤੌਰ 'ਤੇ ਮਰਦਾਂ ਨਾਲੋਂ ਕੁਝ ਸਾਲ ਪਹਿਲਾਂ ਸਿਖ਼ਰ ʼਤੇ ਹੁੰਦੀ ਹੈ, ਉਸ ਤੋਂ ਬਾਅਦ ਘਟਣ ਲੱਗਦੀ ਹੈ।
ਇਸ ਅਧਿਐਨ ਦੀ ਅਗਵਾਈ ਕਰਨ ਵਾਲੇ ਬਾਰਸੀਲੋਨਾ ਇੰਸਟੀਚਿਊਟ ਫਾਰ ਗਲੋਬਲ ਹੈਲਥ ਦੀ ਪ੍ਰੋਫੈਸਰ ਜੂਡਿਥ ਗਾਰਸੀਆ ਦੇ ਮੁਤਾਬਕ, ਇਹ ਉਮਰ ਵਧਣ ਦਾ ਇੱਕ ਜੈਵਿਕ ਤੌਰ 'ਤੇ ਪ੍ਰੋਗਰਾਮ ਕੀਤਾ ਹਿੱਸਾ ਜਾਪਦਾ ਹੈ। ਸਿਗਰਟਨੋਸ਼ੀ, ਹਵਾ ਪ੍ਰਦੂਸ਼ਣ ਅਤੇ ਦਮੇ ਵਰਗੀਆਂ ਸਥਿਤੀਆਂ ਦੇ ਭੜਕਣ ਵਰਗੇ ਕਾਰਕ ਇਸ ਗਿਰਾਵਟ ਨੂੰ ਹੋਰ ਵਧਾ ਸਕਦੇ ਹਨ।
ਗਾਰਸੀਆ ਆਯਮੇਰਿਚ ਦਾ ਕਹਿਣਾ ਹੈ ਕਿ ਉਸ ਉਮਰ ਵਿੱਚ ਤੁਹਾਡੇ ਫੇਫੜਿਆਂ ਦੀ ਸਮਰੱਥਾ ਜਿੰਨੀ ਬਿਹਤਰ ਹੋਵੇਗੀ, ਬਾਅਦ ਵਿੱਚ ਅੱਗੇ ਜਾ ਕੇ ਪੁਰਾਣੀਆਂ ਸਾਹ ਸਬੰਧੀ ਬਿਮਾਰੀਆਂ ਅਤੇ ਫੇਫੜਿਆਂ ਨਾਲ ਸਬੰਧਤ ਹੋਰ ਸਿਹਤ ਸਥਿਤੀਆਂ ਲਈ ਪ੍ਰਤੀਰੋਧਤਾ ਹੋਵੇਗੀ।

ਤਸਵੀਰ ਸਰੋਤ, BBC/Getty
ਪਰ ਫੇਫੜਿਆਂ ਦੀ ਸਿਹਤ ਤੁਹਾਡੀ ਸਿਹਤ ਦੇ ਹੋਰ ਹੈਰਾਨੀਜਨਕ ਪਹਿਲੂਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨਾਲ ਵੀ ਜੁੜੀ ਹੋਈ ਹੈ, ਜੋ ਤੁਹਾਡੇ ਇਮਿਊਨ ਸਿਸਟਮ, ਤੁਹਾਡੇ ਭਾਰ ਅਤੇ ਇੱਥੋਂ ਤੱਕ ਕਿ ਤੁਹਾਡੇ ਦਿਮਾਗ਼ ਨੂੰ ਵੀ ਪ੍ਰਭਾਵਤ ਕਰਦੀ ਹੈ।
ਤਾਂ ਤੁਹਾਡੇ ਫੇਫੜੇ ਕਿੰਨੇ ਸਿਹਤਮੰਦ ਹਨ? ਅਤੇ ਕੀ ਤੁਸੀਂ ਉਨ੍ਹਾਂ ਨੂੰ ਸਿਹਤਮੰਦ ਬਣਾਉਣ ਲਈ ਕੁਝ ਵੀ ਕਰ ਸਕਦੇ ਹੋ?
ਉੱਪਰ ਦੱਸੇ ਗਏ ਅਧਿਐਨਾਂ ਵਿੱਚ ਫੇਫੜਿਆਂ ਦੀ ਸਿਹਤ ਨੂੰ ਮਾਪਣ ਲਈ ਮਹਿੰਗੇ ਉਪਕਰਣਾਂ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਘਰ ਵਿੱਚ ਆਪਣੇ ਫੇਫੜਿਆਂ ਦੀ ਜਾਂਚ ਕਰਨ ਦਾ ਇੱਕ ਸੌਖਾ ਤਰੀਕਾ ਹੈ।
ਤੁਹਾਨੂੰ ਸਿਰਫ਼ ਇੱਕ ਵੱਡੀ ਪਲਾਸਟਿਕ ਦੀ ਬੋਤਲ, ਇੱਕ ਬਾਲਟੀ ਜਾਂ ਬਾਥਟਬ ਅਤੇ ਰਬੜ ਦੀ ਟਿਊਬ ਦੀ ਲੋੜ ਹੈ। ਫਿਰ ਹੇਠ ਲਿਖੇ ਇਸ ਤਰ੍ਹਾਂ ਕਰੋ- (ਤੁਸੀਂ ਇਸਨੂੰ ਸਿੰਕ ਜਾਂ ਬਾਹਰ ਕਰ ਸਕਦੇ ਹੋ ਕਿਉਂਕਿ ਇਸ ਨਾਲ ਥੋੜ੍ਹੀ ਗੰਦਗੀ ਹੋ ਸਕਦੀ ਹੈ)
- ਪਹਿਲਾਂ, 200 ਮਿਲੀਲੀਟਰ (7 ਫਲੂ ਔਂਸ) ਪਾਣੀ ਨੂੰ ਇੱਕ ਮਾਪਣ ਵਾਲੇ ਜੱਗ ਵਿੱਚ ਪਾਓ, ਪਲਾਸਟਿਕ ਦੀ ਬੋਤਲ ਵਿੱਚ ਟ੍ਰਾਂਸਫਰ ਕਰੋ ਅਤੇ ਪਾਣੀ ਦੇ ਪੱਧਰ ਨੂੰ ਚਿੰਨ੍ਹਿਤ ਕਰਨ ਲਈ ਇੱਕ ਪੈੱਨ ਦੀ ਵਰਤੋਂ ਕਰੋ।
- ਹੋਰ 200 ਮਿਲੀਲੀਟਰ ਪਾਣੀ ਪਾਓ, ਨਵੇਂ ਪਾਣੀ ਦੇ ਪੱਧਰ ਨੂੰ ਚਿੰਨ੍ਹਿਤ ਕਰੋ ਅਤੇ ਬੋਤਲ ਭਰ ਜਾਣ ਤੱਕ ਪ੍ਰਕਿਰਿਆ ਨੂੰ ਦੁਹਰਾਓ।
- ਬਾਲਟੀ ਜਾਂ ਬਾਥਟਬ ਨੂੰ ਪਾਣੀ ਨਾਲ ਭਰੋ ਅਤੇ ਹੁਣ ਪੂਰੀ ਹੋਈ ਬੋਤਲ ਨੂੰ ਇਸ ਵਿੱਚ ਡੁਬੋ ਦਿਓ, ਬੋਤਲ ਨੂੰ ਪਾਣੀ ਦੇ ਹੇਠਾਂ ਉਲਟਾ ਕਰੋ।
- ਬੋਤਲ ਨੂੰ ਇਸ ਸਥਿਤੀ ਵਿੱਚ ਰੱਖਦੇ ਹੋਏ, ਰਬੜ ਦੀ ਟਿਊਬ ਨੂੰ ਬੋਤਲ ਦੀ ਗਰਦਨ ਦੇ ਅੰਦਰ ਰੱਖੋ। ਇਸ ਨੂੰ ਕੱਸ ਕੇ ਫਿੱਟ ਕਰਨ ਦੀ ਲੋੜ ਨਹੀਂ ਹੈ।
- ਡੂੰਘਾ ਸਾਹ ਲਓ ਅਤੇ ਟਿਊਬ ਵਿੱਚ ਫੂਕ ਮਾਰੋ।
- ਗਿਣੋ ਕਿ ਤੁਸੀਂ ਬੋਤਲ ਵਿੱਚੋਂ ਕਿੰਨੀਆਂ ਲਾਈਨਾਂ ਤੱਕ ਪਾਣੀ ਕੱਢ ਸਕਦੇ ਹੋ।
- ਲਾਈਨਾਂ ਦੀ ਗਿਣਤੀ ਨੂੰ 200 ਮਿ.ਲੀ. ਨਾਲ ਗੁਣਾ ਕਰੋ। (ਜਿਵੇਂ ਕਿ ਤਿੰਨ ਲਾਈਨਾਂ 600 ਮਿ.ਲੀ. ਹਨ)। ਇਹ ਗਿਣਤੀ ਤੁਹਾਡੀ ਫੇਫੜਿਆਂ ਦੀ ਮਹੱਤਵਪੂਰਨ ਸਮਰੱਥਾ ਹੈ, ਜਿਸ ਨੂੰ ਫੋਰਸਡ ਵਾਈਟਲ ਕਪੈਸਿਟੀ ਜਾਂ ਐੱਫਵੀਸੀ ਵੀ ਕਿਹਾ ਜਾਂਦਾ ਹੈ।

ਤਸਵੀਰ ਸਰੋਤ, Getty Images
ਕੈਂਟ ਯੂਨੀਵਰਸਿਟੀ ਵਿੱਚ ਐਕਸਰਸਾਈਜ਼ ਰੈਸਪੀਰੇਟ੍ਰੀ ਕਲੀਨਿਕ ਦੇ ਮੁਖੀ ਜੌਨ ਡਿਕਿਨਸਨ ਕਹਿੰਦੇ ਹਨ "ਇਹ ਟੈਸਟ ਤੁਹਾਡੇ ਸਾਹ ਵੱਲੋਂ ਛੱਡੀ ਗਈ ਹਵਾ ਦੀ ਮਾਤਰਾ ਨੂੰ ਦਰਸਾਉਂਦਾ ਹੈ, ਜਿਸ ਨੂੰ ਫੇਫੜਿਆਂ ਦੀ ਮਹੱਤਵਪੂਰਨ ਸਮਰੱਥਾ ਕਿਹਾ ਜਾਂਦਾ ਹੈ।"
"ਇਹ ਸ਼ਬਦ ਪਹਿਲੀ ਵਾਰ 1840 ਦੇ ਦਹਾਕੇ ਵਿੱਚ ਅੰਗਰੇਜ਼ੀ ਸਰਜਨ ਜੌਨ ਹਚਿਨਸਨ ਦੁਆਰਾ ਵਰਤਿਆ ਗਿਆ ਸੀ। ਉਨ੍ਹਾਂ ਨੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਕਿ ਜੋ ਲੋਕ ਸਿਰਫ਼ ਥੋੜ੍ਹੀ ਜਿਹੀ ਮਾਤਰਾ ਵਿੱਚ ਹਵਾ ਵਿੱਚ ਸਾਹ ਲੈ ਸਕਦੇ ਸਨ, ਉਨ੍ਹਾਂ ਕੋਲ ਜੀਣ ਲਈ ਘੱਟ ਸਮਾਂ ਸੀ।"
ਅਮਰੀਕਨ ਲੰਗ ਐਸੋਸੀਏਸ਼ਨ ਦੇ ਅਨੁਸਾਰ, ਐੱਫਵੀਸੀ ਪ੍ਰਤੀ ਦਹਾਕੇ ਵਿੱਚ ਲਗਭਗ 0.2 ਲੀਟਰ ਘੱਟ ਸਕਦਾ ਹੈ, ਇੱਥੋਂ ਤੱਕ ਕਿ ਉਮਰ ਵਧਣ ਦੇ ਪ੍ਰਭਾਵਾਂ ਕਾਰਨ ਉਨ੍ਹਾਂ ਸਿਹਤਮੰਦ ਲੋਕਾਂ ਵਿੱਚ ਵੀ, ਜਿਨ੍ਹਾਂ ਨੇ ਕਦੇ ਸਿਗਰਟ ਨਹੀਂ ਪੀਤੀ। ਖੋਜ ਸੁਝਾਅ ਦਿੰਦੀ ਹੈ ਕਿ ਇੱਕ ਆਮ ਸਿਹਤਮੰਦ ਐੱਫਵੀਸੀ ਤਿੰਨ ਤੋਂ ਪੰਜ ਲੀਟਰ ਦੇ ਵਿਚਕਾਰ ਹੁੰਦਾ ਹੈ।
ਡਿਕਿਨਸਨ ਕਹਿੰਦੇ ਹਨ ਕਿ ਜੇਕਰ ਤੁਹਾਨੂੰ ਇਸ ਘਰੇਲੂ ਟੈਸਟ ਦੌਰਾਨ ਘੱਟ ਰੀਡਿੰਗ ਮਿਲਦੀ ਹੈ ਤਾਂ ਤੁਹਾਨੂੰ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਉਹ ਆਖਦੇ ਹਨ, "ਬਹੁਤ ਸਾਰੇ ਲੋਕਾਂ ਨੂੰ ਆਪਣੇ ਫੇਫੜਿਆਂ ਨੂੰ ਪੂਰੀ ਤਰ੍ਹਾਂ ਖਾਲ੍ਹੀ ਕਰਨ ਲਈ ਔਖਿਆਈ ਹੁੰਦੀ ਹੈ ਇਸ ਲਈ ਗ਼ਲਤ ਘੱਟ ਰੀਡਿੰਗ ਮਿਲ ਸਕਦੀ ਹੈ।"
ਪਰ ਤੁਹਾਡੇ ਫੇਫੜਿਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਵਿੱਚ ਕਿਸੇ ਵੀ ਗਿਰਾਵਟ ਦਾ ਮੁਕਾਬਲਾ ਕਰਨ ਦੇ ਵੀ ਕਈ ਤਰੀਕੇ ਹਨ ਅਤੇ ਜੇਕਰ ਤੁਸੀਂ ਸ਼ਾਨ ਨਾਲ ਉਮਰ ਵਧਾਉਣਾ ਚਾਹੁੰਦੇ ਹੋ, ਤਾਂ ਇਹ ਇੱਕ ਮਹੱਤਵਪੂਰਨ ਕਦਮ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਤੁਹਾਡੇ ਫੇਫੜੇ ਤੁਹਾਡੀ ਵਿਆਪਕ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ
ਖੋਜ ਦਰਸਾਉਂਦੀ ਹੈ ਕਿ ਜਿਵੇਂ-ਜਿਵੇਂ ਅਸੀਂ ਉਮਰ ਦਰਾਜ਼ ਹੁੰਦੇ ਹਾਂ, ਸਾਡੇ ਫੇਫੜਿਆਂ ਦੇ ਟਿਸ਼ੂ ਵਿੱਚ ਲਚਕਤਾ ਘਟਣ ਲੱਗਦੀ ਹੈ, ਡਾਇਆਫ੍ਰਾਮ ਵਰਗੀਆਂ ਸਾਹ ਸਬੰਧੀ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਅਤੇ ਪੱਸਲੀਆਂ ਵਿੱਚ ਬਦਲਾਅ ਆਉਣ ਲੱਗਦੇ ਹਨ, ਜਿਸ ਨਾਲ ਇਨ੍ਹਾਂ ਦੇ ਫੈਲਣ ਅਤੇ ਸੁੰਗੜਨ ਦੀ ਸਮਰੱਥਾ ਸੀਮਤ ਹੋ ਜਾਂਦੀ ਹੈ।
ਗਾਰਸੀਆ-ਆਯਮੇਰਿਚ ਕਹਿੰਦੀ ਹੈ, "ਜੇਕਰ ਫੇਫੜਿਆਂ ਦੀ ਕਾਰਜ ਸਮਰਥਾ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ, ਤਾਂ ਲੋਕ ਸਾਹ ਲੈਣ ਵਿੱਚ ਤਕਲੀਫ਼ ਵਰਗੇ ਲੱਛਣ ਮਹਿਸੂਸ ਕਰ ਸਕਦੇ ਹਨ। ਇਹ ਕ੍ਰੋਨਿਕ ਅਬਸਟਰਕਟਿਵ ਪਲਮਨਰੀ ਡਿਜ਼ੀਜ਼ (ਸੀਓਪੀਡੀ) ਨਾਮਕ ਸਥਿਤੀ ਦਾ ਕਾਰਨ ਬਣ ਸਕਦਾ ਹੈ ਜਿਸਦੀ ਵਿਸ਼ੇਸ਼ਤਾ ਫੇਫੜਿਆਂ ਦੀ ਕੰਮ ਦੀ ਸਮਰਥਾ ਘੱਟ ਹੋਣਾ ਹੈ।"
ਪਰ ਫੇਫੜਿਆਂ ਦੀ ਵਿਗੜਦੀ ਸਿਹਤ ਤੁਹਾਨੂੰ ਸਿਰਫ਼ ਫੇਫੜਿਆਂ ਦੀ ਬਿਮਾਰੀ ਲਈ ਜ਼ਿਆਦਾ ਸੰਵੇਦਨਸ਼ੀਲ ਨਹੀਂ ਬਣਾਉਂਦੀ। ਇਹ ਕਈ ਹੋਰ ਬਿਮਾਰੀਆਂ ਨਾਲ ਵੀ ਜੁੜਿਆ ਹੋਇਆ ਹੈ, ਹਾਈ ਬਲੱਡ ਪ੍ਰੈਸ਼ਰ ਤੋਂ ਲੈ ਕੇ ਆਟੋਇਮਿਊਨਟੀ, ਮੈਟਾਬੋਲਿਕ ਬਿਮਾਰੀਆਂ, ਕਮਜ਼ੋਰੀ ਅਤੇ ਇੱਥੋਂ ਤੱਕ ਕਿ ਬੋਧਾਤਮਕ ਗਿਰਾਵਟ ਤੱਕ।
ਉਮਰ ਅਤੇ ਇਮਿਊਨਿਟੀ ਵਿੱਚ ਮਾਹਰ ਕੈਨੇਡਾ ਵਿੱਚ ਮੈਕਮਾਸਟਰ ਯੂਨੀਵਰਸਿਟੀ ਦੀ ਪ੍ਰੋਫੈਸਰ ਡਾਨ ਬੋਡਿਸ਼ ਦਾ ਕਹਿਣਾ ਹੈ ਕਿ ਇੱਕ ਕਾਰਨ ਇਹ ਹੈ ਕਿ ਫੇਫੜਿਆਂ ਦਾ ਦਿਲ ਅਤੇ ਖੂਨ ਸੰਚਾਰ ਦੇ ਨਾਲ-ਨਾਲ ਸਾਡੀ ਵਿਆਪਕ ਇਮਿਊਨ ਸਿਸਟਮ ਦੀ ਸਿਹਤ ਨਾਲ ਵੀ ਅਟੁੱਟ ਰਿਸ਼ਤਾ ਹੈ, ਜਿਸ ਨੂੰ ਉਹ "ਫੇਫੜੇ-ਇਮਿਊਨਿਟੀ ਧੁਰਾ" ਯਾਨੀ (ਲੰਗ ਇਮਿਊਨ ਐਕਿਸਸ) ਕਹਿੰਦੀ ਹੈ।
ਉਨ੍ਹਾਂ ਦਾ ਕਹਿਣਾ ਹੈ, "ਫੇਫੜਿਆਂ ਵਿੱਚ ਲੱਖਾਂ ਇਮਿਊਨ ਸੈੱਲ ਹੁੰਦੇ ਹਨ ਜਿਨ੍ਹਾਂ ਦੇ ਮਹੱਤਵਪੂਰਨ ਕੰਮ ਹੁੰਦੇ ਹਨ ਜਿਵੇਂ ਕਿ ਹਵਾ ਪ੍ਰਦੂਸ਼ਣ ਦੇ ਕਣਾਂ ਨੂੰ ਸਾਫ਼ ਕਰਨਾ, ਲਾਗਾਂ ਨਾਲ ਲੜਨਾ ਅਤੇ ਲਗਾਤਾਰ ਸਾਹ ਲੈਣ ਨਾਲ ਹੋਣ ਵਾਲੇ ਨੁਕਸਾਨ ਦੀ ਮੁਰੰਮਤ ਕਰਨਾ।"
ਬੋਦੀਸ਼ ਦੇ ਅਨੁਸਾਰ, ਜੇਕਰ ਫੇਫੜਿਆਂ ਵਿੱਚ ਇਮਿਊਨ ਸੈੱਲ ਫੇਫੜਿਆਂ ਵਿੱਚ ਜਮ੍ਹਾਂ ਹੋਏ ਸਾਰੇ ਕਣਾਂ ਨੂੰ ਸਾਫ਼ ਨਹੀਂ ਕਰ ਸਕਦੇ, ਤਾਂ ਉਹ ਸੋਜਿਸ਼ ਦੇ ਵਧਦੇ ਪੱਧਰ ਨੂੰ ਚਾਲੂ ਕਰਦੇ ਹਨ, ਜਿਸ ਨਾਲ ਫੇਫੜਿਆਂ ਵਿੱਚ ਜ਼ਖ਼ਮ ਹੋ ਸਕਦੇ ਹਨ, ਜਿਸਨੂੰ ਪਲਮਨਰੀ ਫਾਈਬਰੋਸਿਸ ਕਿਹਾ ਜਾਂਦਾ ਹੈ।
ਇਸ ਨਾਲ ਫੇਫੜੇ ਸਖ਼ਤ ਅਤੇ ਘੱਟ ਕਾਰਜਸ਼ੀਲ ਹੋ ਜਾਂਦੇ ਹਨ। "ਸਾਡੇ ਫੇਫੜਿਆਂ ਵਿੱਚ ਸੋਜਿਸ਼ ਸਾਡੇ ਸਰੀਰ ਦੇ ਸਾਹ ਦੀਆਂ ਲਾਗਾਂ ਪ੍ਰਤੀ ਪ੍ਰਤੀਕਿਰਿਆ ਕਰਨ ਦੇ ਤਰੀਕੇ ਨੂੰ ਵੀ ਬਦਲ ਸਕਦੀ ਹੈ ਕਿਉਂਕਿ ਇਮਿਊਨ ਪ੍ਰਤੀਕਿਰਿਆ ਹੋਰ ਵੀ ਨੁਕਸਾਨ ਪਹੁੰਚਾ ਸਕਦੀ ਹੈ।"

ਆਪਣੇ ਸਾਹ ਦੀ ਜਾਂਚ ਕਰੋ
ਡਿਕਿਨਸਨ ਦਾ ਕਹਿਣਾ ਹੈ ਕਿ ਘਰ ਵਿੱਚ ਤੁਸੀਂ ਇੱਕ ਹੋਰ ਜਾਂਚ ਕਰ ਸਕਦੇ ਹੋ, ਉਹ ਹੈ ਆਪਣੇ ਆਰਾਮ ਕਰਨ ਵਾਲੇ ਸਾਹ ਦੀ ਬਾਰੰਬਾਰਤਾ ਦਾ ਮੁਲਾਂਕਣ ਕਰਨਾ, ਜੋ ਕਿ ਉਸ ਸਮੇਂ ਦੀ ਲੰਬਾਈ ਨੂੰ ਦਰਸਾਉਂਦਾ ਹੈ ਜਿਸ ਤੋਂ ਬਾਅਦ ਤੁਹਾਨੂੰ ਦੁਬਾਰਾ ਸਾਹ ਲੈਣ ਦੀ ਜ਼ਰੂਰਤ ਹੈ।
ਉਨ੍ਹਾਂ ਦਾ ਕਹਿਣਾ ਹੈ, "ਪੂਰਾ ਸਾਹ ਲਓ ਅਤੇ ਫਿਰ ਸਕਿੰਟਾਂ ਵਿੱਚ ਗਿਣੋ ਕਿ ਤੁਸੀਂ ਕਿੰਨੀ ਦੇਰ ਹੌਲੀ-ਹੌਲੀ ਸਾਹ ਛੱਡ ਸਕਦੇ ਹੋ। ਤੁਹਾਨੂੰ ਘੱਟੋ-ਘੱਟ 11 ਸਕਿੰਟਾਂ ਲਈ ਹੌਲੀ-ਹੌਲੀ ਸਾਹ ਛੱਡਣ ਦੇ ਯੋਗ ਹੋਣਾ ਚਾਹੀਦਾ ਹੈ।"
ਇਹ ਪਾਇਆ ਗਿਆ ਹੈ ਕਿ ਫੇਫੜਿਆਂ ਦੇ ਕੰਮ ਕਰਨ ਵਿੱਚ ਗਿਰਾਵਟ ਉਮਰ ਨਾਲ ਸਬੰਧਤ ਹੋਰ ਸਿਹਤ ਸਮੱਸਿਆਵਾਂ, ਜਿਵੇਂ ਕਿ ਦਿਲ ਦੀ ਬਿਮਾਰੀ, ਓਸਟੀਓਪੋਰੋਸਿਸ, ਟਾਈਪ 2 ਸ਼ੂਗਰ ਅਤੇ ਯਾਦਦਾਸ਼ਤ ਦੀ ਕਮੀ ਤੋਂ ਪਹਿਲਾਂ ਹੁੰਦੀ ਹੈ - ਹਾਲਾਂਕਿ ਇਸ ਲਿੰਕ ਦੀ ਸਹੀ ਪ੍ਰਕਿਰਤੀ ਨੂੰ ਅਜੇ ਸਮਝਣਾ ਬਾਕੀ ਹੈ। ਬੋਡਿਸ਼ ਦਾ ਮੰਨਣਾ ਹੈ ਕਿ ਸਾਡੇ ਫੇਫੜਿਆਂ ਵਿੱਚ ਸੋਜਿਸ਼ ਪੂਰੇ ਸਰੀਰ ਵਿੱਚ ਫੈਲ ਸਕਦੀ ਹੈ।

ਤਸਵੀਰ ਸਰੋਤ, Getty Images
ਸਿਹਤਮੰਦ ਫੇਫੜਿਆਂ ਦੇ ਫਾਇਦੇ
ਸਾਡੇ ਫੇਫੜਿਆਂ ਅਤੇ ਵਿਆਪਕ ਸਿਹਤ ਵਿਚਕਾਰ ਸਬੰਧ ਵੀ ਦੋ-ਪੱਖੀ ਹੈ। ਬੋਡਿਸ਼ ਦਾ ਕਹਿਣਾ ਹੈ ਕਿ ਜੇਕਰ ਅਸੀਂ ਆਪਣੇ ਫੇਫੜਿਆਂ ਨੂੰ ਮੁਕਾਬਲਤਨ ਸਿਹਤਮੰਦ ਰੱਖਦੇ ਹਾਂ, ਤਾਂ ਅਸੀਂ ਬਾਅਦ ਦੀ ਜ਼ਿੰਦਗੀ ਵਿੱਚ ਲੰਬੇ ਸਮੇਂ ਤੱਕ ਜੀਣ ਅਤੇ ਬਿਮਾਰੀ-ਮੁਕਤ ਰਹਿਣ ਦੀ ਸੰਭਾਵਨਾ ਰੱਖਦੇ ਹਾਂ।
ਡਿਕਿਨਸਨ ਨੇ ਅੱਗੇ ਸਮਝਿਆ, "ਹਾਲਾਂਕਿ ਉਮਰ ਦੇ ਨਾਲ ਫੇਫੜਿਆਂ ਦੀ ਸਮਰੱਥਾ ਘਟਦੀ ਹੈ, ਇਹ ਉਨ੍ਹਾਂ ਲੋਕਾਂ ਲਈ ਚਿੰਤਾ ਦਾ ਵਿਸ਼ਾ ਨਹੀਂ ਹੈ ਜੋ ਆਪਣੇ ਫੇਫੜਿਆਂ ਦੀ ਸਿਹਤ ਦਾ ਧਿਆਨ ਰੱਖਦੇ ਹਨ।"
"ਸਿਹਤਮੰਦ ਫੇਫੜਿਆਂ ਵਿੱਚ ਸਰੀਰ ਨੂੰ ਆਕਸੀਜਨ ਸਪਲਾਈ ਕਰਨ ਅਤੇ ਜੀਵਨ ਭਰ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣ ਦੀ ਕਾਫ਼ੀ ਸਮਰੱਥਾ ਹੁੰਦੀ ਹੈ। ਹਾਲਾਂਕਿ, ਜੇਕਰ ਗਿਰਾਵਟ ਦੀ ਦਰ ਵਧਦੀ ਹੈ ਤਾਂ ਸਾਡੀ ਸਿਹਤ ਅਤੇ ਜੀਵਨ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ।"
ਜੇਕਰ ਤੁਸੀਂ ਆਪਣੇ ਫੇਫੜਿਆਂ ਬਾਰੇ ਚਿੰਤਤ ਹੋ ਤਾਂ ਡਿਕਿਨਸਨ ਸਹੀ ਫੇਫੜਿਆਂ ਦੇ ਕੰਮ ਕਰਨ ਦੀ ਜਾਂਚ ਲਈ ਆਪਣੇ ਡਾਕਟਰ ਨੂੰ ਮਿਲਣ ਦੀ ਸਿਫਾਰਸ਼ ਕਰਦੇ ਹਨ, ਜਿਸ ਵਿੱਚ ਇੱਕ ਸਪਾਈਰੋਮੀਟਰ ਨਾਮ ਦੇ ਡਿਵਾਈਸ ਵਿੱਚ ਸਾਹ ਲੈਣਾ ਸ਼ਾਮਲ ਹੈ ਜੋ ਤੁਹਾਡੇ ਸਾਹ ਦੀ ਮਾਤਰਾ ਅਤੇ ਗਤੀ ਨੂੰ ਮਾਪਦਾ ਹੈ।
ਸਪਾਈਰੋਮੀਟਰ ਤੁਹਾਡੇ ਐੱਫਵੀਸੀ ਦੀ ਮੈਡੀਕਲ-ਪੱਧਰ ਦੀ ਸ਼ੁੱਧਤਾ ਦੇ ਨਾਲ-ਨਾਲ ਤੁਹਾਡੀ ਜ਼ਬਰਦਸਤੀ ਐਕਸਪਾਇਰੀ ਵੌਲੀਅਮ (ਐੱਫਈਵੀ1) ਦੀ ਗਣਨਾ ਕਰੇਗਾ ਯਾਨੀ ਡੂੰਘਾ ਸਾਹ ਲੈਣ ਤੋਂ ਬਾਅਦ ਇੱਕ ਸਕਿੰਟ ਵਿੱਚ ਤੁਸੀਂ ਕਿੰਨੀ ਹਵਾ ਬਾਹਰ ਕੱਢ ਸਕਦੇ ਹੋ।
ਇਹ ਤੁਹਾਨੂੰ ਐੱਫਈਵੀ1 ਅਤੇ ਐੱਫਵੀਸੀ ਦਾ ਅਨੁਪਾਤ ਵੀ ਦੱਸੇਗਾ, ਜੋ ਸੰਕੇਤ ਦੇ ਸਕਦਾ ਹੈ ਕਿ ਕੀ ਤੁਹਾਡੇ ਹਵਾ ਦੇ ਪ੍ਰਵਾਹ ਵਿੱਚ ਕੋਈ ਰੁਕਾਵਟ ਹੈ। ਇਹ ਸਾਰੇ ਮਾਪ ਇਕੱਠੇ ਤੁਹਾਡੇ ਫੇਫੜਿਆਂ ਦੀ ਸਿਹਤ ਦੀ ਸਮੁੱਚੀ ਤਸਵੀਰ ਦਿੰਦੇ ਹਨ।
ਡਿਕਿਨਸਨ ਮੁਤਾਬਕ, "ਆਦਰਸ਼ਕ ਤੌਰ 'ਤੇ, ਮੈਂ ਲੋਕਾਂ ਨੂੰ ਹਰ 10 ਸਾਲਾਂ ਵਿੱਚ ਆਪਣੇ ਫੇਫੜਿਆਂ ਦਾ (ਡਾਕਟਰੀ ਤੌਰ 'ਤੇ) ਮੁਲਾਂਕਣ ਕਰਨ ਦੀ ਸਿਫਾਰਸ਼ ਕਰਾਂਗਾ ਬੇਸ਼ੱਕ ਉਹ ਕੋਈ ਲੱਛਣ ਅਨੁਭਵ ਨਾ ਵੀ ਕਰ ਰਹੇ ਹੋਣ, ਪਰ ਜੇਕਰ ਉਹ ਅਸਧਾਰਣ ਸਾਹ ਚੜ੍ਹਨ ਦੇ ਸੰਕੇਤਾਂ ਦਾ ਅਨੁਭਵ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਤੁਰੰਤ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ।"

ਤਸਵੀਰ ਸਰੋਤ, Getty Images
ਆਪਣੇ ਫੇਫੜਿਆਂ ਦੇ ਕੰਮ ਵਿੱਚ ਸੁਧਾਰ ਕਰੋ
ਇੱਕ ਵਾਰ ਜਦੋਂ ਤੁਸੀਂ ਆਪਣੇ ਫੇਫੜਿਆਂ ਦੀ ਸਥਿਤੀ ਨੂੰ ਜਾਣ ਲੈਂਦੇ ਹੋ, ਤਾਂ ਸਬੂਤ ਸੁਝਾਅ ਦਿੰਦੇ ਹਨ ਕਿ ਆਪਣੇ ਫੇਫੜਿਆਂ ਦੀ ਸਮਰੱਥਾ ਨੂੰ ਬਿਹਤਰ ਬਣਾਉਣ ਅਤੇ ਉਮਰ ਨਾਲ ਸਬੰਧਤ ਗਿਰਾਵਟ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਤੁਸੀਂ ਕੁਝ ਰੋਕਥਾਮ ਵਾਲੇ ਕਦਮ ਚੁੱਕ ਸਕਦੇ ਹੋ।
ਉਦਾਹਰਣ ਵਜੋਂ, ਨਿਯਮਤ ਕਸਰਤ ਸਾਹ ਨਾਲੀ ਦੀ ਸੋਜਿਸ਼ ਨੂੰ ਘਟਾ ਸਕਦੀ ਹੈ ਅਤੇ ਸਾਹ ਦੀਆਂ ਮਾਸਪੇਸ਼ੀਆਂ ਦੀ ਤਾਕਤ ਅਤੇ ਸਹਿਣਸ਼ੀਲਤਾ ਨੂੰ ਬਿਹਤਰ ਬਣਾ ਸਕਦੀ ਹੈ। ਖੁਰਾਕ ਵਿੱਚ ਲੂਣ ਘਟਾਉਣਾ ਵੀ ਲਾਭਦਾਇਕ ਹੋ ਸਕਦਾ ਹੈ ਕਿਉਂਕਿ ਖੋਜ ਸੁਝਾਅ ਦਿੰਦੀ ਹੈ ਕਿ ਵਾਧੂ ਲੂਣ ਫੇਫੜਿਆਂ ਦੀ ਸੋਜਿਸ਼ ਅਤੇ ਫਾਈਬਰੋਸਿਸ ਨੂੰ ਵਧਾ ਸਕਦਾ ਹੈ।
ਇਸ ਦੌਰਾਨ, ਮੱਛੀ ਦੇ ਤੇਲ, ਐਂਟੀਆਕਸੀਡੈਂਟਸ ਅਤੇ ਵਿਟਾਮਿਨ ਸੀ ਅਤੇ ਈ ਨਾਲ ਭਰਪੂਰ ਖੁਰਾਕ ਫੇਫੜਿਆਂ ਦੀਆਂ ਕੰਧਾਂ ਨੂੰ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਨ ਲਈ ਵੀ ਮੰਨਿਆ ਜਾਂਦਾ ਹੈ।
ਬੋਡਿਸ਼ ਕਿਸੇ ਵੀ ਸੰਭਾਵੀ ਤੌਰ 'ਤੇ ਸੋਜਿਸ਼ ਵਾਲੇ ਰਸਾਇਣਾਂ ਦਾ ਸੇਵਨ ਕਰਨ ਤੋਂ ਬਚਣ ਲਈ ਸਿਗਰਟਨੋਸ਼ੀ ਅਤੇ ਵੈਪਿੰਗ ਦੋਵਾਂ ਨੂੰ ਛੱਡਣ ਦੀ ਸਿਫਾਰਸ਼ ਕਰਦੇ ਹਨ।
ਮਿਨੀਸੋਟਾ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡੈਨੀਅਲ ਕ੍ਰੇਗਹੈੱਡ ਦੇ ਅਨੁਸਾਰ, ਫੇਫੜਿਆਂ ਦੇ ਚੰਗੇ ਕਾਰਜ ਨੂੰ ਬਣਾਈ ਰੱਖਣ ਦਾ ਇੱਕ ਹੋਰ ਤਰੀਕਾ ਹੈ ਇੱਕ ਸਿਹਤਮੰਦ ਭਾਰ ਕਾਇਮ ਰੱਖਣਾ ਅਤੇ ਸਰੀਰ ਦੀ ਵਾਧੂ ਚਰਬੀ ਤੋਂ ਬਚਣਾ।
ਉਨ੍ਹਾਂ ਦਾ ਕਹਿਣਾ ਹੈ, "ਪੇਟ ਦੀ ਚਰਬੀ ਫੇਫੜਿਆਂ ਦੀ ਪੂਰੀ ਤਰ੍ਹਾਂ ਹਵਾ ਨਾਲ ਭਰਨ ਦੀ ਯੋਗਤਾ ਵਿੱਚ ਵਿਘਨ ਪਾ ਸਕਦੀ ਹੈ।"
ਪਰ ਇੱਕ ਹੋਰ ਤਰੀਕਾ ਹੈ ਜਿਸ ਨਾਲ ਅਸੀਂ ਅਸਲ ਵਿੱਚ ਫੇਫੜਿਆਂ ਦੇ ਕਾਰਜ ਨੂੰ ਸੁਧਾਰ ਸਕਦੇ ਹਾਂ।
1990 ਦੇ ਦਹਾਕੇ ਦੇ ਮੱਧ ਤੋਂ, ਸਾਹ ਲੈਣ ਵਾਲੀਆਂ ਮਾਸਪੇਸ਼ੀਆਂ ਦੀ ਸਿਖਲਾਈ (ਆਈਐੱਮਟੀ) ਜਾਂ ਇੱਕ ਯੰਤਰ ਰਾਹੀਂ ਸਾਹ ਲੈਣਾ ਜੋ ਪ੍ਰਤੀਰੋਧ ਪ੍ਰਦਾਨ ਕਰਦਾ ਹੈ, ਸਾਹ ਲੈਣ ਵਾਲੀਆਂ ਮਾਸਪੇਸ਼ੀਆਂ ਦੀ ਤਾਕਤ ਨੂੰ ਵਧਾਉਣ ਦੇ ਇੱਕ ਤਰੀਕੇ ਵਜੋਂ ਜਾਣਿਆ ਜਾਂਦਾ ਹੈ, ਐਥਲੀਟਾਂ ਅਤੇ ਗਾਇਕਾਂ ਤੋਂ ਲੈ ਕੇ ਦਮਾ ਅਤੇ ਸੀਓਪੀਡੀ ਵਰਗੀਆਂ ਮੌਜੂਦਾ ਸਾਹ ਲੈਣ ਦੀਆਂ ਮੁਸ਼ਕਲਾਂ ਵਾਲੇ ਲੋਕਾਂ ਤੱਕ। ਖੋਜ ਨੇ ਦਿਖਾਇਆ ਹੈ ਕਿ ਆਈਐੱਮਟੀ ਕਸਰਤ ਸਮਰੱਥਾ ਨੂੰ ਸੁਧਾਰ ਸਕਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਘਟਾ ਸਕਦਾ ਹੈ।

ਆਈਐੱਮਟੀ ਲਈ ਗੋਲਡ ਸਟੈਂਡਰਡ ਵਿਧੀ ਪਾਵਰਬ੍ਰੀਥ ਨਾਮ ਦੀ ਇੱਕ ਮੈਡੀਕਲ ਡਿਵਾਈਸ ਹੈ ਜਿਸ ਨੂੰ ਯੂਕੇ ਦੀ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਅਤੇ ਹੋਰ ਸਿਹਤ ਸੇਵਾਵਾਂ ਦੁਆਰਾ ਇੱਕ ਪ੍ਰਵਾਨਿਤ ਮੈਡੀਕਲ ਉਤਪਾਦ ਵਜੋਂ ਮਾਨਤਾ ਪ੍ਰਾਪਤ ਹੈ।
ਵਿਸ਼ਵ ਸਿਹਤ ਸੰਗਠਨ (ਡਲਬਯੂਐੱਚਓ) ਨੇ ਇਸ ਨੂੰ ਕੋਵਿਡ ਤੋਂ ਰਿਕਵਰੀ ਵਿੱਚ ਸਹਾਇਤਾ ਲਈ ਇੱਕ ਸਾਧਨ ਵਜੋਂ ਉਜਾਗਰ ਕੀਤਾ ਹੈ ਅਤੇ ਇਸ ਦੀ ਵਰਤੋਂ ਦੁਨੀਆ ਭਰ ਦੇ ਹਸਪਤਾਲਾਂ ਦੁਆਰਾ ਪੂਰਵ-ਪੁਨਰਵਾਸ ਦਵਾਈ ਲਈ ਵੀ ਕੀਤੀ ਜਾਂਦੀ ਹੈ। ਸਰਜਰੀ ਤੋਂ ਪਹਿਲਾਂ ਲੋਕਾਂ ਦੇ ਫੇਫੜਿਆਂ ਦੇ ਕੰਮ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦੇ ਜਲਦੀ ਠੀਕ ਹੋਣ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ, ਇਸ ਦੇ ਨਾਲ ਹੀ ਪਲਮਨਰੀ ਫਾਈਬਰੋਸਿਸ ਦੇ ਇਲਾਜ ਲਈ ਅਤੇ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਜੋ ਇੰਟੈਂਸਿਵ ਕੇਅਰ ਵਿੱਚ ਵੈਂਟੀਲੇਟਰਾਂ 'ਤੇ ਹਨ।
ਕ੍ਰੇਗਹੈੱਡ ਅਨੁਸਾਰ, ਅਧਿਐਨਾਂ ਨੇ ਆਮ ਤੌਰ 'ਤੇ ਦਿਖਾਇਆ ਹੈ ਕਿ ਸਾਹ ਦੀਆਂ ਮਾਸਪੇਸ਼ੀਆਂ ਦੀ ਤਾਕਤ ਵਧਾਉਣ ਲਈ ਇੱਕ ਦਿਨ ਵਿੱਚ ਦੋ 30-ਸਾਹ ਆਈਐੱਮਟੀ ਸੈਸ਼ਨ ਕਾਫ਼ੀ ਹਨ।
ਪਾਵਰਬ੍ਰੀਥ ਇੰਟਰਨੈਸ਼ਨਲ ਦੀ ਮੈਡੀਕਲ ਅਫਸਰ, ਸਬਰੀਨਾ ਬਰਾੜ, ਇਸ ਡਿਵਾਈਸ ਰਾਹੀਂ ਆਈਐੱਮਟੀ ਕਰਨ ਦੀ ਤੁਲਨਾ ਬਾਂਹ ਅਤੇ ਲੱਤਾਂ ਦੀਆਂ ਮਾਸਪੇਸ਼ੀਆਂ ਲਈ ਭਾਰ ਚੁੱਕਣ ਨਾਲ ਕਰਦੀ ਹੈ।
ਬਰਾੜ ਦਾ ਕਹਿਣਾ ਹੈ, "ਸਰੀਰ ਵਿੱਚ ਕਿਸੇ ਵੀ ਹੋਰ ਮਾਸਪੇਸ਼ੀ ਵਾਂਗ, ਸਾਹ ਲੈਣ ਲਈ ਜ਼ਿੰਮੇਵਾਰ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਨਾਲ ਸਾਹ ਦੀਆਂ ਮਾਸਪੇਸ਼ੀਆਂ ਦੀ ਸਹਿਣਸ਼ੀਲਤਾ ਤੇ ਤਾਕਤ ਵਧੇਗੀ ਅਤੇ ਉਮਰ ਨਾਲ ਸਬੰਧਤ ਫੇਫੜਿਆਂ ਦੇ ਕੰਮ ਵਿੱਚ ਗਿਰਾਵਟ ਆਵੇਗੀ।"
"ਟੀਚਾ ਡਾਇਆਫ੍ਰਾਮ ਅਤੇ ਇੰਟਰਕੋਸਟਲ ਮਾਸਪੇਸ਼ੀਆਂ ਨੂੰ ਸਰਗਰਮ ਕਰਨਾ ਹੈ ਅਤੇ ਫਿਰ ਸਮੇਂ ਦੇ ਨਾਲ ਫੇਫੜਿਆਂ ਦੀ ਤਾਕਤ ਵਿੱਚ ਸੁਧਾਰ ਹੋਣ ਦੇ ਨਾਲ ਪ੍ਰਤੀਵਿਰੋਧ ਵਧਾਉਣਾ ਹੈ।"

ਤਸਵੀਰ ਸਰੋਤ, Getty Images
ਇੱਕ ਹੋਰ ਬਦਲ ਸਿਰਫ਼ ਗਾਉਣਾ ਜਾਂ ਕੋਈ ਸਾਜ਼ ਵਜਾਉਣਾ ਹੈ। ਨਿਊਯਾਰਕ ਸਿਟੀ ਦੇ ਲੂਈਸ ਆਰਮਸਟ੍ਰਾਂਗ ਸੈਂਟਰ ਦੇ ਖੋਜਕਾਰ ਨੇ ਦਮੇ ਵਾਲੇ ਲੋਕਾਂ ਨੂੰ ਵੱਖ-ਵੱਖ ਸਾਜ਼ ਵਜਾਉਣਾ ਸਿਖਾ ਕੇ ਫੇਫੜਿਆਂ ਦੇ ਕੰਮ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਰਾਹੀਂ ਇਸ ਦ੍ਰਿਸ਼ਟੀਕੋਣ ਦਾ ਬੀੜਾ ਚੁੱਕਿਆ ਹੈ।
ਹੋਰ ਵਿਗਿਆਨੀਆਂ ਨੇ ਫੇਫੜਿਆਂ ਦੇ ਕੰਮ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਓਕਾਰਿਨਾ ਨਾਮ ਦੀ ਬੰਸਰੀ ਦਾ ਇੱਕ ਇਲੈਕਟ੍ਰਾਨਿਕ ਸੰਸਕਰਣ ਵੀ ਤਿਆਰ ਕੀਤਾ ਹੈ।
ਯੂਨੀਵਰਸਿਟੀ ਆਫ਼ ਸਾਊਦਰਨ ਡੈਨਮਾਰਕ ਵਿੱਚ ਇੱਕ ਸਹਾਇਕ ਪ੍ਰੋਫੈਸਰ ਅਤੇ ਖੁਦ ਇੱਕ ਸਿਖਲਾਈ ਪ੍ਰਾਪਤ ਕਲਾਸੀਕਲ ਗਾਇਕਾ, ਮੇਟੇ ਕਾਸਗਾਰਡ ਕਈ ਅਜ਼ਮਾਇਸ਼ਾਂ ਵਿੱਚ ਸ਼ਾਮਲ ਰਹੀ ਹੈ ਕਿ ਗਾਉਣਾ ਸੀਓਪੀਡੀ ਵਾਲੇ ਲੋਕਾਂ ਦੀ ਕਿਵੇਂ ਮਦਦ ਕਰ ਸਕਦਾ ਹੈ।
ਹਾਲਾਂਕਿ ਕਾਸਗਾਰਡ ਦਾ ਕਹਿਣਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਗਾਉਣਾ ਅਸਲ ਵਿੱਚ ਮੌਜੂਦਾ ਫੇਫੜਿਆਂ ਦੇ ਨੁਕਸਾਨ ਨੂੰ ਠੀਕ ਕਰ ਸਕਦਾ ਹੈ, ਉਹ ਅਜੇ ਵੀ ਮੰਨਦੇ ਹਨ ਕਿ ਇਹ ਸਾਡੀਆਂ ਸਾਹ ਦੀਆਂ ਮਾਸਪੇਸ਼ੀਆਂ ਦੀ ਵਰਤੋਂ ਕਰਨ ਦੀ ਸਾਡੀ ਯੋਗਤਾ ਨੂੰ ਸੁਧਾਰ ਕੇ ਫੇਫੜਿਆਂ ਦੀ ਸਿਹਤ ਨੂੰ ਲਾਭ ਪਹੁੰਚਾ ਸਕਦਾ ਹੈ।
ਉਨ੍ਹਾਂ ਦਾ ਕਹਿਣਾ ਹੈ, "ਗਾਉਣ ਦਾ ਇੱਕ ਮਹੱਤਵਪੂਰਨ ਪਹਿਲੂ ਲੰਬੇ ਵਾਕਾਂਸ਼ਾਂ ਨੂੰ ਗਾਉਣ ਦੀ ਯੋਗਤਾ ਹੈ, ਜਿਸ ਲਈ ਡਾਇਆਫ੍ਰਾਮ, ਪਸਲੀਆਂ ਦੇ ਵਿਚਕਾਰ ਮਾਸਪੇਸ਼ੀ ਅਤੇ ਪੇਟ ਦੀਆਂ ਮਾਸਪੇਸ਼ੀਆਂ ਦੇ ਨਿਯੰਤਰਣ ਅਤੇ ਲਚਕਤਾ ਦੀ ਲੋੜ ਹੁੰਦੀ ਹੈ।"
ਪਰ ਤੁਸੀਂ ਜੋ ਵੀ ਫੇਫੜਿਆਂ ਦੇ ਅਭਿਆਸ ਚੁਣਦੇ ਹੋ, ਉਹ ਇਨ੍ਹਾਂ ਮਹੱਤਵਪੂਰਨ ਅੰਗਾਂ ਨੂੰ ਦੁਨੀਆ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਕਰ ਸਕਦੇ ਹਨ, ਇੱਕ-ਇੱਕ ਸਾਹ ਨਾਲ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












