ਗ਼ਲਤ ਢੰਗ ਨਾਲ ਬੈਠਣ ਨਾਲ ਕੀ ਧੌਣ ਵਿੱਚ ਕੁੱਬ ਪੈ ਰਿਹਾ ਹੈ, ਜਾਣੋ ਇਸ ਨੂੰ ਰੋਕਣ ਦੇ ਤਰੀਕੇ

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇਕਰ ਰੀੜ੍ਹ ਦੀ ਹੱਡੀ ਦਾ ਟੇਢਾਪਨ 45 ਡਿਗਰੀ ਤੋਂ ਵੱਧ ਹੋਵੇ, ਤਾਂ ਇਹ ਮੁਸੀਬਤ ਦਾ ਕਾਰਨ ਬਣ ਜਾਂਦਾ ਹੈ
    • ਲੇਖਕ, ਓਮਕਾਰ ਕਰੰਬੇਲਕਰ
    • ਰੋਲ, ਬੀਬੀਸੀ ਪੱਤਰਕਾਰ

ਅੱਜਕੱਲ੍ਹ ਲੋਕ ਗਰਦਨ ਦੇ ਬਿਲਕੁਲ ਹੇਠਾਂ ਅਤੇ ਪਿੱਠ ਦੇ ਬਿਲਕੁਲ ਉੱਪਰ ਇੱਕ ਗੋਲਾਕਾਰ ਉਭਾਰ ਦੇਖਦੇ ਹਨ। ਇਸ ਨੂੰ ਦੇਖ ਕੇ ਅਕਸਰ ਸਵਾਲ ਉੱਠਦਾ ਹੈ ਕਿ ਅਜਿਹਾ ਕਿਉਂ ਹੁੰਦਾ ਹੈ?

ਇਸ ਰਿਪੋਰਟ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਮੱਸਿਆ ਦਾ ਕਾਰਨ ਕੀ ਹੈ ਅਤੇ ਇਸ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ।

ਇਸ ਤਰ੍ਹਾਂ ਦੀ ਸਥਿਤੀ ਜਾਂ ਬਿਮਾਰੀ ਨੂੰ ਕਾਇਫੋਸਿਸ ਜਾਂ ਗਰਦਨ ਦਾ ਕੁੱਬ ਵੀ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿੱਚ ਇਸ ਨੂੰ ਡੋਜਰਸ ਹੰਪ ਕਿਹਾ ਜਾਂਦਾ ਹੈ।

ਦਰਅਸਲ, ਸਾਡੇ ਸਾਰਿਆਂ ਦੀ ਰੀੜ੍ਹ ਦੀ ਹੱਡੀ ਵਿੱਚ ਕਿਸੇ ਨਾ ਕਿਸੇ ਕਿਸਮ ਦਾ ਟੇਢਾਪਨ ਹੁੰਦਾ ਹੈ। ਪਰ ਜੇਕਰ ਇਹ ਟੇਢਾਪਨ 45 ਡਿਗਰੀ ਤੋਂ ਵੱਧ ਹੈ, ਤਾਂ ਇਹ ਮੁਸੀਬਤ ਦਾ ਕਾਰਨ ਬਣ ਜਾਂਦਾ ਹੈ ਅਤੇ ਇਲਾਜ ਦੀ ਲੋੜ ਹੁੰਦੀ ਹੈ।

ਕਈ ਵਾਰ ਪਿੱਠ ਵਿੱਚ ਉੱਭਾਰ ਤੋਂ ਇਲਾਵਾ ਕੋਈ ਹੋਰ ਲੱਛਣ ਨਹੀਂ ਹੁੰਦੇ। ਹਾਲਾਂਕਿ, ਬਹੁਤ ਸਾਰੇ ਮਰੀਜ਼ ਪਿੱਠ ਵਿੱਚ ਦਰਦ, ਪਿੱਠ ਦੀਆਂ ਮਾਸਪੇਸ਼ੀਆਂ ਵਿੱਚ ਅਕੜਾਅ, ਰੀੜ੍ਹ ਦੀ ਹੱਡੀ ਦੇ ਨੇੜੇ ਦਰਦ ਅਤੇ ਥਕਾਵਟ ਵਰਗੇ ਲੱਛਣ ਮਹਿਸੂਸ ਕਰਦੇ ਹਨ।

ਜੇਕਰ ਕਾਇਫੋਸਿਸ ਦੀ ਸਥਿਤੀ ਗੰਭੀਰ ਹੋ ਜਾਂਦੀ ਹੈ, ਤਾਂ ਇਸ ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ।

ਇਹ ਕਿਉਂ ਹੁੰਦਾ ਹੈ?

ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੱਗੇ ਝੁਕਣ ਨਾਲ ਗਰਦਨ ਅਤੇ ਪਿੱਠ ਦੋਵਾਂ ਵਿੱਚ ਦਰਦ ਹੁੰਦਾ ਹੈ

ਕਾਇਫੋਸਿਸ ਇੱਕ ਕਿਸਮ ਦਾ ਕੁੱਬ ਹੈ, ਜੋ ਕਈ ਕਾਰਨਾਂ ਕਰਕੇ ਗਰਦਨ ਦੇ ਹੇਠਾਂ ਵਿਕਸਤ ਹੋ ਸਕਦਾ ਹੈ। ਇਸਦਾ ਮੁੱਖ ਕਾਰਨ ਗ਼ਲਤ ਤਰੀਕੇ ਨਾਲ ਬੈਠਣਾ ਹੁੰਦਾ ਹੈ। ਬਹੁਤ ਸਾਰੇ ਲੋਕ ਕੁਰਸੀ 'ਤੇ ਝੁਕ ਕੇ ਜਾਂ ਆਪਣੇ ਮੋਢਿਆਂ ਨੂੰ ਝੁਕਾਅ ਕੇ ਬੈਠਦੇ ਹਨ, ਜਿਸ ਕਾਰਨ ਇਹ ਸਮੱਸਿਆ ਅਕਸਰ ਹੁੰਦੀ ਹੈ।

ਮੋਢੇ 'ਤੇ ਭਾਰੀ ਬੈਗ ਚੁੱਕਣ ਨਾਲ ਪਿੱਠ ਅਤੇ ਮੋਢਿਆਂ ਦੀਆਂ ਮਾਸਪੇਸ਼ੀਆਂ ਵਿੱਚ ਦਰਦ ਹੋ ਸਕਦਾ ਹੈ। ਇਸ ਨਾਲ ਰੀੜ੍ਹ ਦੀ ਹੱਡੀ ਟੇਢੀ ਹੋ ਸਕਦੀ ਹੈ। ਕਈ ਵਾਰ ਇਹ ਸਥਿਤੀ ਰੀੜ੍ਹ ਦੀ ਹੱਡੀ ਦੇ ਸਹੀ ਢੰਗ ਨਾਲ ਵਿਕਸਤ ਨਾ ਹੋਣ ਕਾਰਨ ਵੀ ਹੁੰਦੀ ਹੈ।

ਇਹ ਸਮੱਸਿਆ ਉਦੋਂ ਵੀ ਹੋ ਸਕਦੀ ਹੈ ਜਦੋਂ ਗਰਭ ਅਵਸਥਾ ਦੌਰਾਨ ਬੱਚਾ ਹੋਣ ਦੌਰਾਨ ਰੀੜ੍ਹ ਦੀ ਹੱਡੀ ਸਹੀ ਢੰਗ ਨਾਲ ਠੀਕ ਨਾ ਹੋ ਸਕੇ ਜਾਂ ਕੁਝ ਮਾਮਲਿਆਂ ਵਿੱਚ ਰੀੜ੍ਹ ਦੀ ਹੱਡੀ ਆਪਸ ਵਿੱਚ ਜੁੜ ਜਾਣਾ।

ਰੀੜ੍ਹ ਦੀ ਹੱਡੀ ਦਾ ਇਹ ਟੇਢਾਪਨ ਉਮਰ ਦੇ ਨਾਲ ਵਧਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਬਜ਼ੁਰਗਾਂ ਦੀ ਪਿੱਠ 'ਤੇ ਉਭਾਰ ਨਜ਼ਰ ਆਉਂਦਾ ਹੈ।

ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਡਾਕਟਰ ਅਭਿਜੀਤ ਪਵਾਰ ਦੱਸਦੇ ਹਨ, "ਇਸਦਾ ਮੁੱਖ ਕਾਰਨ ਬੈਠਣ ਦਾ ਗ਼ਲਤ ਤਰੀਕਾ ਹੈ। ਲੰਬੇ ਸਮੇਂ ਤੱਕ ਅੱਗੇ ਝੁਕ ਕੇ ਬੈਠਣਾ, ਝੁਕ ਕੇ ਫੋਨ ਦੇਖਣਾ, ਸਿਰ ਹੇਠਾਂ ਕਰਕੇ ਫੋਨ ਦੀ ਵਰਤੋਂ ਕਰਨਾ ਅਤੇ ਲੰਬੇ ਸਮੇਂ ਤੱਕ ਕੰਪਿਊਟਰ 'ਤੇ ਕੰਮ ਕਰਨਾ ਵੀ ਇਸ ਦਾ ਕਾਰਨ ਬਣ ਸਕਦਾ ਹੈ।"

ਨੈੱਕ ਹੰਪ

ਡਾਕਟਰ ਪਵਾਰ ਦੇ ਅਨੁਸਾਰ, "ਗ਼ਲਤ ਤਰੀਕੇ ਨਾਲ ਬੈਠਣ ਤੋਂ ਬਾਅਦ, ਇਸਦਾ ਦੂਜਾ ਵੱਡਾ ਕਾਰਨ ਓਸਟੀਓਪੋਰੋਸਿਸ ਹੈ। ਇਸ ਵਿੱਚ ਹੱਡੀਆਂ ਦੇ ਕਮਜ਼ੋਰ ਹੋਣ ਕਾਰਨ, ਰੀੜ੍ਹ ਦੀ ਹੱਡੀ ਜ਼ਖਮੀ ਹੋ ਜਾਂਦੀ ਹੈ ਅਤੇ ਇਸਦਾ ਟੇਢਾਪਨ ਅਸਧਾਰਨ ਤੌਰ 'ਤੇ ਵਧ ਜਾਂਦਾ ਹੈ। ਮੋਟਾਪਾ ਵੀ ਰੀੜ੍ਹ ਦੀ ਹੱਡੀ 'ਤੇ ਤਣਾਅ ਵਧਾਉਂਦਾ ਹੈ। ਨਾਲ ਹੀ, ਕੁਝ ਡਾਕਟਰੀ ਕਾਰਨਾਂ ਕਰਕੇ ਵੀ ਕਾਇਫੋਸਿਸ ਹੋ ਸਕਦਾ ਹੈ।"

ਨਵੀਂ ਮੁੰਬਈ ਦੇ ਅਪੋਲੋ ਹਸਪਤਾਲ ਦੇ ਸਲਾਹਕਾਰ ਸਪਾਈਨ ਸਰਜਨ, ਡਾਕਟਰ ਅਗਨੀਵੇਸ਼ ਟਿੱਕੂ ਨੇ ਕਿਹਾ, "ਗਰਦਨ ਕੁਬ ਨੂੰ ਬਫੇਲੋ ਹੰਪ ਵੀ ਕਿਹਾ ਜਾਂਦਾ ਹੈ। ਇਹ ਸਮੱਸਿਆ ਮੁੱਖ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜੋ ਲੰਬੇ ਸਮੇਂ ਤੱਕ ਬੈਠਕੇ ਕੰਮ ਕਰਦੇ ਹਨ। ਜਿਹੜੇ ਲੋਕ ਲੰਬੇ ਸਮੇਂ ਤੱਕ ਬੈਠਦੇ ਹਨ, ਕੰਪਿਊਟਰ 'ਤੇ ਲੰਬੇ ਸਮੇਂ ਤੱਕ ਕੰਮ ਕਰਦੇ ਹਨ ਅਤੇ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਵੀ ਇਹ ਸਮੱਸਿਆ ਹੋ ਸਕਦੀ ਹੈ।"

"ਮੋਬਾਈਲ ਫੋਨ ਅਤੇ ਕੰਪਿਊਟਰ ਦੀ ਵਰਤੋਂ ਕਰਨ ਲਈ ਲਗਾਤਾਰ ਅੱਗੇ ਝੁਕਣਾ, ਇਸਤੇਮਾਲ ਦੌਰਾਨ ਸਿਰ ਨੂੰ ਅੱਗੇ ਕਰਨਾ ਅਤੇ ਗਰਦਨ ਨੂੰ ਝੁਕਾਉਣਾ, ਇਹ ਆਦਤਾਂ ਗਰਦਨ ਦੇ ਨੇੜੇ ਦੀਆਂ ਮਾਸਪੇਸ਼ੀਆਂ ਵਿੱਚ ਅਸੰਤੁਲਨ ਪੈਦਾ ਕਰਦੀਆਂ ਹਨ ਅਤੇ ਗਰਦਨ ਦੇ ਅਖੀਰਲੇ ਹਿੱਸੇ ਵਿੱਚ ਚਰਬੀ ਜਮ੍ਹਾਂ ਹੋ ਜਾਂਦੀ ਹੈ।"

ਡਾਕਟਰ ਟਿੱਕੂ ਦੇ ਅਨੁਸਾਰ, "ਇਹ ਸਮੱਸਿਆ ਪੀਸੀਓਐੱਸ, ਸਟੀਰੌਇਡ ਦੀ ਲੰਬੇ ਸਮੇਂ ਤੱਕ ਵਰਤੋਂ, ਮੋਟਾਪਾ ਅਤੇ ਜੈਨੇਟਿਕ ਵਿਕਾਰਾਂ ਨਾਲ ਪੀੜਤ ਔਰਤਾਂ ਵਿੱਚ ਵਧੇਰੇ ਆਮ ਹੈ।"

ਕੁਝ ਲੋਕਾਂ ਵਿੱਚ ਮਾਸਪੇਸ਼ੀਆਂ ਦੀ ਕਮਜ਼ੋਰੀ ਵੀ ਇਸ ਸਮੱਸਿਆ ਦਾ ਕਾਰਨ ਬਣਦੀ ਹੈ। ਇਸ ਤੋਂ ਇਲਾਵਾ, ਐਨਕੀਲੋਜ਼ਿੰਗ ਸਪੌਂਡੀਲਾਈਟਿਸ ਦੇ ਮਰੀਜ਼ਾਂ ਨੂੰ ਵੀ ਇਹ ਸਮੱਸਿਆ ਹੋ ਸਕਦੀ ਹੈ।

ਗਰਦਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇਕਰ ਲੰਬੇ ਸਮੇਂ ਤੱਕ ਬੈਠਣਾ ਜ਼ਰੂਰੀ ਹੈ, ਤਾਂ ਉੱਠ ਕੇ ਵਿਚਕਾਰ ਤੁਰਨਾ ਚਾਹੀਦਾ ਹੈ

ਇਸ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ?

ਗਰਦਨ ਵਿੱਚ ਕੁੱਬੜ ਜਾਂ ਕਾਇਫੋਸਿਸ ਦਾ ਨਿਦਾਨ ਮਰੀਜ਼ ਦੀ ਪੂਰੀ ਜਾਂਚ ਦੁਆਰਾ ਕੀਤਾ ਜਾਂਦਾ ਹੈ।

ਇਸ ਲਈ, ਐਕਸ-ਰੇ, ਐੱਮਆਰਆਈ ਅਤੇ ਸੀਟੀ ਸਕੈਨ ਕੀਤੇ ਜਾਂਦੇ ਹਨ। ਜੇਕਰ ਡਾਕਟਰ ਨੂੰ ਸ਼ੱਕ ਹੈ ਕਿ ਇਹ ਸਮੱਸਿਆ ਹਾਰਮੋਨਸ ਕਾਰਨ ਹੈ, ਤਾਂ ਕੋਰਟੀਸੋਲ ਦੇ ਪੱਧਰ ਦੀ ਜਾਂਚ ਕਰਨ ਲਈ ਇੱਕ ਟੈਸਟ ਕੀਤਾ ਜਾਂਦਾ ਹੈ।

ਵਿਟਾਮਿਨ ਡੀ ਦੀ ਕਮੀ ਦਾ ਪਤਾ ਲਗਾਉਣ ਲਈ ਖੂਨ ਦੀ ਜਾਂਚ ਵੀ ਕੀਤੀ ਜਾਂਦੀ ਹੈ।

ਗਰਦਨ ਵਿੱਚ ਹੰਪ ਤੋਂ ਕਿਵੇਂ ਬਚਿਆ ਜਾਵੇ?

ਗਰਦਨ ਅਤੇ ਪਿੱਠ ਵਿੱਚ ਅਜਿਹੇ ਉਭਾਰ ਤੋਂ ਬਚਣ ਲਈ ਸਹੀ ਆਸਣ ਵਿੱਚ ਬੈਠਣਾ ਜ਼ਰੂਰੀ ਹੈ।

ਡਾਕਟਰ ਅਭਿਜੀਤ ਪਵਾਰ ਕਹਿੰਦੇ ਹਨ, "ਕਸਰਤ ਅਤੇ ਚੰਗੀ ਤਰ੍ਹਾਂ ਘੁੰਮਣਾ-ਫਿਰਨਾ ਚਾਹੀਦਾ ਹੈ। ਤੁਹਾਡੀ ਸਕ੍ਰੀਨ ਅੱਖਾਂ ਦੇ ਪੱਧਰ 'ਤੇ ਹੋਣੀ ਚਾਹੀਦੀ ਹੈ ਅਤੇ ਮੇਜ਼ ਅਤੇ ਕੁਰਸੀ ਨੂੰ ਵੀ ਉਸ ਅਨੁਸਾਰ ਡਿਜ਼ਾਈਨ ਕੀਤਾ ਜਾਣਾ ਚਾਹੀਦਾ ਹੈ।"

ਡਾਕਟਰ ਪਵਾਰ ਕਹਿੰਦੇ ਹਨ ਕਿ ਗਰਦਨ ਅਤੇ ਪਿੱਠ ਦੀਆਂ ਮਾਸਪੇਸ਼ੀਆਂ ਨੂੰ ਸਿਹਤਮੰਦ ਰੱਖਣ ਲਈ ਸਟ੍ਰੈਚਿੰਗ ਵਾਲੀਆਂ ਐਕਸਰਸਾਈਜ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਲੰਬੇ ਸਮੇਂ ਤੱਕ ਨਹੀਂ ਬੈਠਣਾ ਚਾਹੀਦਾ।

ਜੇਕਰ ਲੰਬੇ ਸਮੇਂ ਤੱਕ ਬੈਠਣਾ ਜ਼ਰੂਰੀ ਹੈ, ਤਾਂ ਵਿਚਕਾਰ ਸਮਾਂ ਕੱਢ ਕੇ ਤੁਰਨਾ-ਫਿਰਨਾ ਚਾਹੀਦਾ ਹੈ।

ਇਸਦਾ ਇਲਾਜ ਕੀ ਹੈ?

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇਕਰ ਗਰਦਨ ਦੁਆਲੇ ਚਰਬੀ ਜਮ੍ਹਾ ਹੈ, ਤਾਂ ਤੁਹਾਨੂੰ ਭਾਰ ਘਟਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ

ਜੇਕਰ ਤੁਸੀਂ ਗਰਦਨ ਵਿੱਚ ਹੰਪ ਜਾਂ ਕਾਇਫੋਸਿਸ ਤੋਂ ਪੀੜਤ ਹੋ, ਤਾਂ ਡਾਕਟਰ ਸਹੀ ਆਸਣ ਬਣਾਈ ਰੱਖਣ, ਸਕ੍ਰੀਨ ਦੀ ਉਚਾਈ ਨੂੰ ਸਹੀ ਰੱਖਣ ਅਤੇ ਨਿਯਮਿਤ ਤੌਰ 'ਤੇ ਕਸਰਤ ਕਰਨ ਦੀ ਸਲਾਹ ਦਿੰਦੇ ਹਨ।

ਜਿਨ੍ਹਾਂ ਲੋਕਾਂ ਦੀ ਗਰਦਨ ਦੁਆਲੇ ਚਰਬੀ ਜਮ੍ਹਾਂ ਹੋਣ ਕਾਰਨ ਉਭਾਰ ਹੁੰਦਾ, ਉਨ੍ਹਾਂ ਨੂੰ ਭਾਰ ਘਟਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ। ਜੇਕਰ ਸਮੱਸਿਆ ਹਾਰਮੋਨਲ ਕਾਰਨਾਂ ਕਰਕੇ ਹੈ, ਤਾਂ ਵੀ ਇਸਦਾ ਇਲਾਜ ਸੰਭਵ ਹੈ। ਜੇਕਰ ਟੀਬੀ ਅਤੇ ਕਾਇਫੋਸਿਸ ਇੱਕ-ਦੂਜੇ ਨਾਲ ਸਬੰਧਤ ਪਾਏ ਜਾਂਦੇ ਹਨ, ਤਾਂ ਇਲਾਜ ਉਸੇ ਆਧਾਰ 'ਤੇ ਕੀਤਾ ਜਾਂਦਾ ਹੈ।

ਜੇਕਰ ਗਰਦਨ ਵਿੱਚ ਕੁੱਬੜ ਜਾਂ ਕਾਇਫੋਸਿਸ ਦਾ ਜਲਦੀ ਪਤਾ ਲੱਗ ਜਾਂਦਾ ਹੈ, ਤਾਂ ਇਸਦਾ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ।

ਇਸ ਸਮੱਸਿਆ ਨੂੰ ਨਿਯਮਤ ਕਸਰਤ ਅਤੇ ਬੈਠਣ ਦੀ ਸਥਿਤੀ ਵਿੱਚ ਬਦਲਾਅ ਕਰਕੇ ਘਟਾਇਆ ਜਾ ਸਕਦਾ ਹੈ। ਕੁਝ ਮਰੀਜ਼ਾਂ ਨੂੰ ਡਾਕਟਰੀ ਜਾਂ ਸਰਜੀਕਲ ਇਲਾਜ ਦੀ ਵੀ ਲੋੜ ਪੈ ਸਕਦੀ ਹੈ। ਇਸ ਲਈ, ਜੇਕਰ ਗਰਦਨ ਜਾਂ ਪਿੱਠ ਵਿੱਚ ਸੋਜ ਦਿਖਾਈ ਦਿੰਦੀ ਹੈ, ਦਰਦ, ਥਕਾਵਟ ਜਾਂ ਹਾਰਮੋਨਲ ਸਮੱਸਿਆ ਮਹਿਸੂਸ ਹੁੰਦੀ ਹੈ, ਤਾਂ ਤੁਰੰਤ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।

ਰੋਜ਼ਾਨਾ ਜੀਵਨ ਵਿੱਚ ਕਿਹੜੇ ਬਦਲਾਅ ਕੀਤੇ ਜਾ ਸਕਦੇ ਹਨ?

ਕਸਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੀਵਨਸ਼ੈਲੀ ਦੀਆਂ ਆਦਤਾਂ ਵਿੱਚ ਸੁਧਾਰ ਲਿਆ ਕਿ ਇਸ ਤੋਂ ਬਚਿਆ ਜਾ ਸਕਦਾ ਹੈ

ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਸਿੱਧੇ ਤੌਰ 'ਤੇ ਸਰੀਰ ਨਾਲ ਸਬੰਧਤ ਹਨ। ਗਰਦਨ ਵਿੱਚ ਕੁੱਬੜ ਨੂੰ ਘਟਾਉਣ ਜਾਂ ਰੋਕਣ ਲਈ, ਕੈਲਸ਼ੀਅਮ ਅਤੇ ਵਿਟਾਮਿਨ ਡੀ ਨਾਲ ਭਰਪੂਰ ਭੋਜਨ ਖਾਣਾ ਜ਼ਰੂਰੀ ਹੈ। ਜੇਕਰ ਡਾਕਟਰ ਸਿਫਾਰਸ਼ ਕਰਦਾ ਹੈ, ਤਾਂ ਸਪਲੀਮੈਂਟਸ ਵੀ ਲਏ ਜਾ ਸਕਦੇ ਹਨ।

ਵੱਧ ਭਾਰ ਵਾਲੇ ਲੋਕਾਂ ਲਈ ਭਾਰ ਘਟਾਉਣ ਨਾਲ ਰੀੜ੍ਹ ਦੀ ਹੱਡੀ 'ਤੇ ਦਬਾਅ ਘਟ ਸਕਦਾ ਹੈ। ਇਸ ਤੋਂ ਇਲਾਵਾ, ਸੈਰ, ਯੋਗ ਅਤੇ ਤੈਰਾਕੀ ਵਰਗੀਆਂ ਕਸਰਤਾਂ ਚੰਗੀ ਮੁਦਰਾ (ਪੋਸਚਰ) ਬਣਾਈ ਰੱਖਣ ਵਿੱਚ ਮਦਦ ਕਰਦੇ ਹਨ।

ਜਿੰਮ ਵਿੱਚ ਕਸਰਤਾਂ, ਜਿਵੇਂ ਕਿ ਵੇਟਲਿਫਟਿੰਗ, ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਦੀ ਤਾਕਤ ਵਧਾਉਣ ਵਿੱਚ ਮਦਦ ਕਰਦੀਆਂ ਹਨ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਕ੍ਰੀਨਾਂ ਦੀ ਵਰਤੋਂ ਨੂੰ ਸੀਮਤ ਕਰੋ। ਮੋਬਾਈਲ ਦੀ ਵਰਤੋਂ ਕਰਦੇ ਸਮੇਂ ਆਪਣਾ ਸਿਰ ਹੇਠਾਂ ਨਾ ਝੁਕਾਓ।

ਜੇਕਰ ਤੁਸੀਂ ਆਪਣੀ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਆਦਤਾਂ ਜਾਂ ਕਸਰਤ ਦੀਆਂ ਆਦਤਾਂ ਨੂੰ ਬਦਲਣਾ ਚਾਹੁੰਦੇ ਹੋ, ਤਾਂ ਡਾਕਟਰ ਅਤੇ ਯੋਗ ਟ੍ਰੇਨਰ ਦੀ ਮਦਦ ਲੈਣਾ ਮਹੱਤਵਪੂਰਨ ਹੈ।

ਸਭ ਤੋਂ ਵਧੀਆ ਹੈ ਕਿ ਤੁਸੀਂ ਆਪਣੇ ਸਰੀਰ ਅਤੇ ਲੱਛਣਾਂ ਦੀ ਡਾਕਟਰ ਤੋਂ ਜਾਂਚ ਕਰਵਾਓ ਅਤੇ ਉਨ੍ਹਾਂ ਦੀ ਸਲਾਹ ਦੇ ਆਧਾਰ 'ਤੇ ਜੀਵਨਸ਼ੈਲੀ ਵਿੱਚ ਬਦਲਾਅ ਕਰੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)