ਪਹਿਲੀ ਕੁੜੱਤਣ ਭਰੀ ਮੀਟਿੰਗ ਤੋਂ ਬਾਅਦ ਜਦੋਂ ਦੂਜੀ ਵਾਰ ਮਿਲੇ ਟਰੰਪ ਅਤੇ ਜ਼ੇਲੇਂਸਕੀ ਤਾਂ ਕੀ ਨਿਕਲਿਆ ਨਤੀਜਾ

ਤਸਵੀਰ ਸਰੋਤ, Getty Images
- ਲੇਖਕ, ਬਰੈਂਡ ਡੇਬਸਮੈਨ ਜੂਨੀਅਰ, ਲੌਰਾ ਗੋਜ਼ੀ
- ਰੋਲ, ਬੀਬੀਸੀ ਪੱਤਰਕਾਰ
ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਸੋਮਵਾਰ ਨੂੰ ਯੂਕਰੇਨ ਵਿੱਚ ਜੰਗ ਖ਼ਤਮ ਕਰਨ ਦੇ ਮਕਸਦ ਨਾਲ ਗੱਲਬਾਤ ਲਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਮਿਲਣ ਲਈ ਵ੍ਹਾਈਟ ਹਾਊਸ ਆਏ।
ਇਸ ਮੀਟਿੰਗ ਤੋਂ ਕੁਝ ਦਿਨ ਪਹਿਲਾਂ ਟਰੰਪ ਨੇ ਐਲਾਸਕਾ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੀ ਸਿਖ਼ਰ ਸੰਮੇਲਨ ਵਿੱਚ ਮੁਲਾਕਾਤ ਕੀਤੀ ਸੀ, ਹਾਲਾਂਕਿ ਉਨ੍ਹਾਂ ਦੀ ਗੱਲਬਾਤ ਜੰਗਬੰਦੀ ਤੱਕ ਨਹੀਂ ਪਹੁੰਚ ਸਕੀ ਸੀ।
ਟਰੰਪ ਦੇ ਆਸ਼ਾਵਾਦੀ ਸ਼ਬਦਾਂ ਦੇ ਬਾਵਜੂਦ ਸਾਂਤੀ ਸਮਝੌਤੇ ਵੱਲ ਕਦਮ ਨਹੀਂ ਚੁੱਕੇ ਗਏ।
ਫਰਵਰੀ ਵਿੱਚ ਹੋਈ ਕੁੜੱਤਣ ਭਰੀ ਮੁਲਾਕਾਤ ਤੋਂ ਬਾਅਦ ਜ਼ੇਲੇਂਸਕੀ ਅਤੇ ਟਰੰਪ ਦੀ ਇਸ ਗੱਲਬਾਤ ਦੌਰਾਨ ਜੋ ਹੋਇਆ, ਉਸ ਬਾਰੇ ਜਾਣਦੇ ਹਾਂ।
ਪੁਤਿਨ-ਜ਼ੇਲੇਂਸਕੀ ਦੀ ਮੁਲਾਕਾਤ ਦੀ ਸੰਭਾਵਨਾ

ਤਸਵੀਰ ਸਰੋਤ, Getty Images
ਸਿਖ਼ਰ ਸੰਮੇਲਨ ਤੋਂ ਬਾਅਦ, ਟਰੰਪ ਨੇ ਟਰੂਥ ਸੋਸ਼ਲ 'ਤੇ ਪੋਸਟ ਪਾਈ ਕਿ ਉਨ੍ਹਾਂ ਨੇ ਪੁਤਿਨ ਨੂੰ ਰੂਸੀ ਆਗੂ ਅਤੇ ਜ਼ੇਲੇਂਸਕੀ ਵਿਚਕਾਰ ਦੁਵੱਲੀ ਗੱਲਬਾਤ ਦਾ 'ਪ੍ਰਬੰਧ' ਸ਼ੁਰੂ ਕਰਨ ਲਈ ਬੁਲਾਇਆ ਹੈ।
ਟਰੰਪ ਨੇ ਕਿਹਾ ਕਿ ਪੁਤਿਨ ਅਤੇ ਜ਼ੇਲੇਂਸਕੀ ਵਿਚਕਾਰ ਇੱਕ ਸਥਾਨ 'ਤੇ (ਜੋ ਨਿਰਧਾਰਤ ਕੀਤਾ ਜਾਣਾ ਹੈ), ਇੱਕ ਤਿਕੋਣੀ ਗੱਲਬਾਤ ਹੋਵੇਗੀ ਅਤੇ ਅਮਰੀਕੀ ਰਾਸ਼ਟਰਪਤੀ ਉਨ੍ਹਾਂ ਦੀ ਮੁਲਾਕਾਤ ਦਾ ਹਿੱਸਾ ਹੋਣਗੇ।
ਪੁਤਿਨ ਦੇ ਇੱਕ ਸਲਾਹਕਾਰ ਨੇ ਬਾਅਦ ਵਿੱਚ ਕਿਹਾ ਕਿ ਟਰੰਪ ਅਤੇ ਪੁਤਿਨ ਨੇ ਸੋਮਵਾਰ ਨੂੰ ਫ਼ੋਨ 'ਤੇ 40 ਮਿੰਟ ਗੱਲ ਕੀਤੀ।
ਵਾਈਟ੍ਹ ਹਾਊਸ ਦੇ ਈਸਟ ਰੂਮ ਵਿੱਚ ਯੂਰਪੀ ਆਗੂਆਂ ਦੇ ਟਰੰਪ ਨਾਲ ਬੈਠਣ ਤੋਂ ਪਹਿਲਾਂ ਅਮਰੀਕੀ ਆਗੂ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਨ ਵਿਚਕਾਰ ਹੋਈ ਗੱਲਬਾਤ ਹੋਈ।
ਟਰੰਪ ਨੇ ਮੈਕਰੌਨ ਨੂੰ ਕਿਹਾ, "ਮੈਨੂੰ ਲੱਗਦਾ ਹੈ ਕਿ ਉਹ ਇੱਕ ਸੌਦਾ ਕਰਨਾ ਚਾਹੁੰਦਾ ਹੈ। ਤੁਸੀਂ ਇਹ ਸਮਝਦੇ ਹੋ? ਇਹ ਜਿੰਨਾ ਸੁਣਨ ਵਿੱਚ ਲੱਗ ਰਿਹਾ ਹੈ ਓਨਾਂ ਹੀ ਪਾਗਲਪਨ ਭਰਿਆ ਹੈ।"
ਉਨ੍ਹਾਂ ਦਾ ਇਸ਼ਾਰਾ ਪੁਤਿਨ ਵੱਲ ਜਾਪ ਰਿਹਾ ਸੀ।
ਇਹ ਦੇਖਣਾ ਬਾਕੀ ਹੈ ਕਿ ਫਰਵਰੀ 2022 ਵਿੱਚ ਰੂਸ ਵੱਲੋਂ ਵੱਡੇ ਪੈਮਾਨ 'ਤੇ ਹਮਲੇ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਦੋ ਅਜਿਹੇ ਦੁਸ਼ਮਣਾਂ ਨੂੰ ਗੱਲਬਾਤ ਦੀ ਮੇਜ਼ 'ਤੇ ਆਹਮੋ-ਸਾਹਮਣੇ ਲਿਆਉਣਾ ਕਿੰਨਾ ਔਖਾ ਹੋਵੇਗਾ।
ਜ਼ੇਲੇਂਸਕੀ ਮਹੀਨਿਆਂ ਤੋਂ ਪੁਤਿਨ ਨੂੰ ਮਿਲਣ ਲਈ ਜ਼ੋਰ ਪਾ ਰਹੇ ਹਨ। ਹਾਲਾਂਕਿ ਇਹ ਸੰਭਾਵਿਤ ਤੌਰ 'ਤੇ ਉਨ੍ਹਾਂ ਦੀ ਦਲੀਲ ਨੂੰ ਸਾਬਤ ਕਰਨ ਦਾ ਇੱਕ ਤਰੀਕਾ ਸੀ ਕਿ ਰੂਸ ਸ਼ਾਂਤੀ ਵੱਲ ਵੱਧਣ ਲਈ ਗੰਭੀਰ ਨਹੀਂ ਹੈ। ਕਿਉਂਕਿ ਜ਼ੇਲੇਂਸਕੀ ਦਾ ਮੰਨਣਾ ਸੀ ਕਿ ਕ੍ਰੇਮਲਿਨ ਨੂੰ ਅਜਿਹੀ ਮੁਲਾਕਾਤ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਮਾਸਕੋ ਨੇ ਪੁਤਿਨ-ਜ਼ੇਲੇਂਸਕੀ ਬੈਠਕ ਦੇ ਵਿਚਾਰ ਨੂੰ ਵਾਰ-ਵਾਰ ਠੁਕਰਾਇਆ
ਸੋਮਵਾਰ ਰਾਤ ਨੂੰ ਕ੍ਰੇਮਲਿਨ ਦੇ ਸਹਾਇਕ ਯੂਰੀ ਊਸ਼ਾਕੋਵ ਇੱਕ ਬਿਆਨ ਵਿੱਚ ਕਿਹਾ ਕਿ ਗੱਲਬਾਤ ਵਿੱਚ ਰੂਸੀ ਅਤੇ ਯੂਕਰੇਨੀ 'ਨੁਮਾਇੰਦਿਆਂ ਦੇ ਲੈਵਲ ਨੂੰ ਵਧਾਉਣ ਦੀ ਸੰਭਾਵਨਾ ਦੀ ਪੜਚੋਲ' ਕਰਨਾ ਸਹੀ ਸੀ।
ਯੂਰਪੀਅਨ ਆਗੂ ਜੰਗਬੰਦੀ ਤੋਂ ਪਿੱਛੇ ਹਟਦੇ ਨਜ਼ਰ ਕਿਉਂ ਆ ਰਹੇ ਹਨ
ਟਰੰਪ ਯੁੱਧ ਖ਼ਤਮ ਕਰਨ ਲਈ ਗੱਲਬਾਤ ਹੋਣ ਤੋਂ ਪਹਿਲਾਂ ਕਿਸੇ ਵੀ ਜੰਗਬੰਦੀ ਦੀ ਲੋੜ ਨੂੰ ਖ਼ਾਰਜ ਕਰਦੇ ਨਜ਼ਰ ਆ ਰਹੇ ਸਨ।
ਬੀਤੇ ਸਮਿਆਂ ਵਿੱਚ ਯੂਕਰੇਨ ਦੀ ਇੱਕ ਮੁੱਖ ਮੰਗ ਰਹੀ ਹੈ, ਜਿਸਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਰੂਸ ਨਾਲ ਹੋਰ ਗੱਲਬਾਤ ਅਤੇ ਇੱਕ ਲੰਬੇ ਸਮੇਂ ਦੇ ਸਮਝੌਤੇ ਦੀ ਸੰਭਾਵਨਾ ਨੂੰ ਦੇਖਦਾ ਹੈ ਜਿਸ ਤਹਿਤ ਜੰਗਬੰਦੀ ਹੋਵੇ।
ਇੱਕ ਜੰਗਬੰਦੀ 'ਤੇ ਸਹਿਮਤ ਹੋਣਾ ਇੱਕ ਪੂਰਨ ਸ਼ਾਂਤੀ ਸਮਝੌਤੇ ਨਾਲੋਂ ਥੋੜ੍ਹਾ ਜਿਹਾ ਸੌਖਾ ਹੋ ਸਕਦਾ ਹੈ, ਜਿਸ ਵਿੱਚ ਕਈ ਮਹੀਨੇ ਗੱਲਬਾਤ ਹੋਵੇਗੀ, ਜਿਸ ਦੌਰਾਨ ਯੂਕਰੇਨ 'ਤੇ ਰੂਸ ਦੇ ਇੱਕ ਦੂਜੇ ਉੱਤੇ ਹਮਲੇ ਸ਼ਾਇਦ ਜਾਰੀ ਰਹਿਣ।
ਟਰੰਪ ਨੇ ਜੰਗਬੰਦੀ ਬਾਰੇ ਕਿਹਾ, "ਮੈਨੂੰ ਨਹੀਂ ਪਤਾ ਕਿ ਇਹ ਜ਼ਰੂਰੀ ਹੈ।"
ਪਰ ਯੂਰਪੀ ਆਗੂ ਪਿੱਛੇ ਹਟਦੇ ਦਿਖਾਈ ਦੇ ਰਹੇ। ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਵੱਲੋਂ ਸਭ ਤੋਂ ਸਖ਼ਤ ਤਰੀਕੇ ਨਾਲ ਇਸ ਸਭ਼ ਦਾ ਖੰਡਨ ਕੀਤਾ ਗਿਆ ਹੈ।
ਮਰਜ਼ ਨੇ ਕਿਹਾ, "ਮੈਂ ਕਲਪਨਾ ਵੀ ਨਹੀਂ ਕਰ ਸਕਦਾ ਕਿ ਅਗਲੀ ਮੀਟਿੰਗ ਜੰਗਬੰਦੀ ਤੋਂ ਬਿਨ੍ਹਾਂ ਹੋਵੇਗੀ।"
"ਆਓ ਇਸ 'ਤੇ ਕੰਮ ਕਰੀਏ ਅਤੇ ਰੂਸ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰੀਏ।"
ਜਦੋਂ ਜ਼ੇਲੇਂਸਕੀ ਨੂੰ ਬੋਲਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਜੰਗਬੰਦੀ ਲਾਗੂ ਕਰਨ ਲਈ ਆਪਣੇ ਪਿਛਲੇ ਸੱਦੇ ਨੂੰ ਨਹੀਂ ਦੁਹਰਾਇਆ।

ਤਸਵੀਰ ਸਰੋਤ, Reuters
ਟਰੰਪ ਨੇ ਸੁਰੱਖਿਆ ਗਾਰੰਟੀਆਂ ਵੱਲ ਇਸ਼ਾਰਾ ਕੀਤਾ
ਟਰੰਪ ਨੇ ਜ਼ੇਲੇਂਸਕੀ ਨੂੰ ਦੱਸਿਆ ਕਿ ਅਮਰੀਕਾ ਜੰਗ ਨੂੰ ਖ਼ਤਮ ਕਰਨ ਲਈ ਕਿਸੇ ਵੀ ਸਮਝੌਤੇ ਵਿੱਚ ਯੂਕਰੇਨ ਦੀ ਸੁਰੱਖਿਆ ਦੀ ਗਰੰਟੀ ਦੇਣ ਵਿੱਚ ਮਦਦ ਕਰੇਗਾ ਉਹ ਵੀ ਸਹਾਇਤਾ ਦੀ ਕਿਸੇ ਹੱਦ ਬਾਰੇ ਦੱਸੇ ਬਿਨ੍ਹਾਂ।
ਅਮਰੀਕੀ ਰਾਸ਼ਟਰਪਤੀ ਨੇ ਜ਼ਮੀਨ 'ਤੇ ਫ਼ੌਜ ਮੁਹੱਈਆ ਕਰਵਾਉਣ ਦੀ ਗੱਲ ਨਹੀਂ ਕੀਤੀ।
ਜਦੋਂ ਪੱਤਰਕਾਰਾਂ ਦੁਆਰਾ ਪੁੱਛਿਆ ਗਿਆ ਕਿ ਕੀ ਯੂਕਰੇਨ ਲਈ ਅਮਰੀਕੀ ਸੁਰੱਖਿਆ ਗਾਰੰਟੀਆਂ ਵਿੱਚ ਦੇਸ਼ ਵਿੱਚ ਕੋਈ ਵੀ ਅਮਰੀਕੀ ਫ਼ੌਜ ਸ਼ਾਮਲ ਹੋ ਸਕਦੀ ਹੈ, ਤਾਂ ਟਰੰਪ ਨੇ ਇਸ ਤੋਂ ਇਨਕਾਰ ਨਹੀਂ ਕੀਤਾ।
ਉਨ੍ਹਾਂ ਨੇ ਕਿਹਾ,"ਅਸੀਂ ਉਨ੍ਹਾਂ ਨੂੰ ਚੰਗੀ ਸੁਰੱਖਿਆ ਦੇਵਾਂਗੇ।"
ਇਹ ਸੁਰੱਖਿਆ ਗਾਰੰਟੀਆਂ ਦੇ ਮੁੱਦੇ 'ਤੇ ਟਰੰਪ ਵੱਲੋਂ ਹੁਣ ਤੱਕ ਦੀ ਸਭ ਤੋਂ ਫ਼ੈਸਲਾਕੁੰਨ ਤਰੀਕੇ ਨਾਲ ਕਿਹਾ ਗਿਆ ਹੈ, ਜਿਸ ਨੂੰ ਆਮ ਤੌਰ 'ਤੇ ਰੂਸ ਨਾਲ ਕਿਸੇ ਵੀ ਤਰ੍ਹਾਂ ਦੇ ਸੌਦੇ ਲਈ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਹਫ਼ਤੇ ਐਲਾਸਕਾ ਸੰਮੇਲਨ ਦੌਰਾਨ ਪੁਤਿਨ ਨੇ ਸਵੀਕਾਰ ਕੀਤਾ ਸੀ ਕਿ ਕਿਸੇ ਵੀ ਸ਼ਾਂਤੀ ਸਮਝੌਤੇ ਦੇ ਹਿੱਸੇ ਵਜੋਂ ਯੂਕਰੇਨ ਲਈ ਸੁਰੱਖਿਆ ਗਾਰੰਟੀ ਹੋਵੇਗੀ।
ਸੋਮਵਾਰ ਦੀਆਂ ਮੀਟਿੰਗਾਂ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਜ਼ੇਲੇਂਸਕੀ ਨੇ ਕਿਹਾ ਕਿ ਸੁਰੱਖਿਆ ਗਾਰੰਟੀ ਦੇ ਇੱਕ ਹਿੱਸੇ ਵਿੱਚ ਅਮਰੀਕਾ ਅਤੇ ਯੂਕਰੇਨ ਵਿਚਕਾਰ 90 ਬਿਲੀਅਨ ਡਾਲਰ ਦਾ ਹਥਿਆਰ ਸੌਦਾ ਸ਼ਾਮਲ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਉਹ ਅਮਰੀਕੀ ਹਥਿਆਰ ਸ਼ਾਮਲ ਹੋਣਗੇ ਜੋ ਯੂਕਰੇਨ ਕੋਲ ਨਹੀਂ ਹਨ, ਜਿਸ ਵਿੱਚ ਹਵਾਬਾਜ਼ੀ ਪ੍ਰਣਾਲੀਆਂ, ਮਿਜ਼ਾਈਲ ਵਿਰੋਧੀ ਪ੍ਰਣਾਲੀਆਂ ਅਤੇ ਹੋਰ ਕਈ ਚੀਜ਼ਾਂ ਸ਼ਾਮਲ ਹਨ।
ਜ਼ੇਲੇਂਸਕੀ ਨੇ ਇਹ ਵੀ ਕਿਹਾ ਕਿ ਅਮਰੀਕਾ ਯੂਕਰੇਨੀ ਡਰੋਨ ਖਰੀਦੇਗਾ, ਜਿਸ ਨਾਲ ਮਨੁੱਖ ਰਹਿਤ ਜਹਾਜ਼ਾਂ ਦੇ ਯੂਕਰੇਨ ਦੇ ਘਰੇਲੂ ਉਤਪਾਦਨ ਲਈ ਫੰਡਿੰਗ ਵਿੱਚ ਮਦਦ ਮਿਲੇਗੀ।
ਯੂਕਰੇਨੀ ਰਾਸ਼ਟਰਪਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੀਵ ਲਈ ਸੁਰੱਖਿਆ ਗਾਰੰਟੀ ਸ਼ਾਇਦ 10 ਦਿਨਾਂ ਦੇ ਅੰਦਰ-ਅੰਦਰ ਤੈਅ ਕਰ ਲਈ ਜਾਵੇਗੀ।
ਜ਼ੇਲੇਂਸਕੀ ਨੇ ਚਾਰਮ ਆਫੇਂਸਿਵ ਲਾਂਚ ਕੀਤਾ

ਤਸਵੀਰ ਸਰੋਤ, Getty Images
ਫਰਵਰੀ ਵਿੱਚ ਓਵਲ ਦਫ਼ਤਰ ਦੀ ਆਪਣੀ ਫੇਰੀ ਨੂੰ ਦੇਖਦੇ ਹੋਏ ਯੂਕਰੇਨੀ ਰਾਸ਼ਟਰਪਤੀ ਨੇ ਆਪਣੇ ਅਮਰੀਕੀ ਮੇਜ਼ਬਾਨਾਂ ਨੂੰ ਆਕਰਸ਼ਿਤ ਕਰਨ ਲਈ ਕਾਫ਼ੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਮੀਟਿੰਗ ਦੇ ਪਹਿਲੇ ਕੁਝ ਮਿੰਟਾਂ ਵਿੱਚ ਛੇ ਵਾਰ "ਧੰਨਵਾਦ" ਕੀਤਾ ਸੀ।
ਜਦੋਂ ਜ਼ੇਲੇਂਸਕੀ ਪਿਛਲੀ ਵਾਰ ਵ੍ਹਾਈਟ ਹਾਊਸ ਵਿੱਚ ਗਏ ਸਨ, ਤਾਂ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਤਿੱਖੀ ਸੁਰ ਵਿੱਚ ਯੂਕਰੇਨ ਲਈ ਅਮਰੀਕੀ ਸਮਰਥਨ ਲਈ ਸ਼ੁਕਰਗੁਜ਼ਾਰੀ ਦੀ ਘਾਟ ਦਾ ਜ਼ਿਕਰ ਕੀਤਾ ਸੀ।
ਫਰਵਰੀ ਦੀ ਮੀਟਿੰਗ ਵਿੱਚ ਵਿਵਾਦ ਦਾ ਇੱਕ ਹੋਰ ਮੁੱਦਾ ਜ਼ੇਲੇਂਸਕੀ ਦਾ ਪਹਿਰਾਵਾ ਸੀ।
ਇਸ ਵਾਰ ਉਨ੍ਹਾਂ ਨੇ ਆਪਣੇ ਰਵਾਇਤੀ ਫੌਜੀ ਪਹਿਰਾਵੇ ਦੀ ਬਜਾਇ ਇੱਕ ਗੂੜ੍ਹਾ ਸੂਟ ਪਾਇਆ ਹੋਇਆ ਸੀ, ਜਿਸ ਤੋਂ ਟਰੰਪ ਨੇ ਪਿਛਲੀ ਵਾਰ ਇਹ ਕਹਿ ਕੇ ਮਜ਼ਾਕ ਉਡਾਇਆ ਸੀ ਕਿ ਉਨ੍ਹਾਂ ਦਾ ਮਹਿਮਾਨ 'ਅੱਜ ਪੂਰੀ ਤਰ੍ਹਾਂ ਸਜਿਆ ਹੋਇਆ ਹੈ'।
ਜ਼ੇਲੇਂਸਕੀ ਨੇ ਮੀਟਿੰਗ ਦੌਰਾਨ ਪਰਿਵਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਵੀ ਕੋਸ਼ਿਸ਼ ਕੀਤੀ, ਆਪਣੇ ਮੇਜ਼ਬਾਨ ਨੂੰ ਯੂਕਰੇਨ ਦੀ ਪਹਿਲੀ ਮਹਿਲਾ ਓਲੇਨਾ ਜ਼ੇਲੇਂਸਕਾ ਦਾ ਇੱਕ ਪੱਤਰ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੂੰ ਸੌਂਪਿਆ।
ਉਨ੍ਹਾਂ ਕਿਹਾ, "ਇਹ ਤੁਹਾਡੇ ਲਈ ਨਹੀਂ ਹੈ, ਇਹ ਤੁਹਾਡੀ ਪਤਨੀ ਲਈ ਹੈ।"
ਯੂਰਪੀ ਆਗੂਆਂ ਨੇ ਆਪਣੀ ਬਹੁਪੱਖੀ ਮੀਟਿੰਗ ਤੋਂ ਪਹਿਲਾਂ ਟਰੰਪ ਦੀ ਤਾਰੀਫ਼ ਕੀਤੀ, ਉਨ੍ਹਾਂ ਨੂੰ ਗੱਲਬਾਤ ਦੀ ਮੇਜ਼ 'ਤੇ ਲਿਆਉਣ ਲਈ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ।
ਨਾਟੋ ਮੁਖੀ ਮਾਰਕ ਰੁਟੇ ਨੇ ਕਿਹਾ,"ਮੈਂ ਤੁਹਾਡੀ ਅਗਵਾਈ ਲਈ ਸੱਚਮੁੱਚ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ।"
ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਕਿਹਾ ਕਿ ਹਾਲਾਂਕਿ ਪਹਿਲਾਂ ਇਸ ਗੱਲ ਦਾ ਕੋਈ ਸੰਕੇਤ ਨਹੀਂ ਸੀ ਕਿ ਰੂਸ ਸ਼ਾਂਤੀ ਵੱਲ ਵਧਣਾ ਚਾਹੁੰਦਾ ਹੈ, ਟਰੰਪ ਦੀ ਬਦੌਲਤ ਕੁਝ ਬਦਲਾ ਆਇਆ ਹੈ।
ਗਰਮ ਸੁਰਾਂ ਦੇ ਬਾਵਜੂਦ ਯੂਰਪੀਅਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਵੀ ਭਵਿੱਖ ਵਿੱਚ ਕਿਸੇ ਵੀ ਰੂਸੀ ਹਮਲੇ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸਾਥੀ ਆਗੂਆਂ ਨੂੰ ਸੰਜੀਦਗੀ ਨਾਲ ਕਿਹਾ, "ਜਦੋਂ ਅਸੀਂ ਸੁਰੱਖਿਆ ਗਾਰੰਟੀਆਂ ਬਾਰੇ ਗੱਲ ਕਰਦੇ ਹਾਂ, ਤਾਂ ਅਸੀਂ ਯੂਰਪੀ ਮਹਾਂਦੀਪ ਦੀ ਸੁਰੱਖਿਆ ਦੇ ਮਾਮਲੇ ਬਾਰੇ ਵੀ ਗੱਲ ਕਰ ਰਹੇ ਹੁੰਦੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












