ਟਰੰਪ ਤੇ ਪੁਤਿਨ ਦੀ 3 ਘੰਟੇ ਚੱਲੀ ਬੈਠਕ ਵਿੱਚ ਰੂਸ-ਯੂਕਰੇਨ ਜੰਗ ਬਾਰੇ ਕੀ ਨਿਕਲਿਆ, ਭਾਰਤ ਲਈ ਕੀ ਸੰਕੇਤ ਮਿਲੇ

ਤਸਵੀਰ ਸਰੋਤ, Andrew Harnik/Getty Images
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਅਮਰੀਕਾ ਦੇ ਅਲਾਸਕਾ 'ਚ ਹੋਈ ਯੂਕਰੇਨ ਜੰਗ ਸਬੰਧੀ ਮੀਟਿੰਗ ਬੇਨਤੀਜਾ ਰਹੀ ਹੈ।
ਹਾਲਾਂਕਿ ਦੋਵਾਂ ਲੀਡਰਾਂ ਦਾ ਕਹਿਣਾ ਹੈ ਕਿ ਇਹ ਮੀਟਿੰਗ ਚੰਗੀ ਰਹੀ ਪਰ ਫਿਲਹਾਲ ਕੋਈ ਡੀਲ ਨਹੀਂ ਹੋ ਸਕੀ।
ਦੱਸ ਦੇਈਏ ਕਿ ਯੂਕਰੇਨ ਵਿੱਚ ਜੰਗ ਖ਼ਤਮ ਕਰਨ 'ਤੇ ਚਰਚਾ ਸਣੇ ਅਮਰੀਕਾ ਅਤੇ ਰੂਸ ਵਿਚਕਾਰ ਹੋਰ ਮੁੱਦਿਆਂ 'ਤੇ ਗੱਲਬਾਤ ਲਈ ਅਮਰੀਕਾ ਅਤੇ ਰੂਸ ਵਿਚਕਾਰ ਬੈਠਕ ਭਾਰਤੀ ਸਮੇਂ ਅਨੁਸਾਰ 15 ਅਤੇ 16 ਅਗਸਤ ਦੀ ਦਰਮਿਆਨੀ ਰਾਤ ਲਗਭਗ 1 ਵਜੇ ਦੇ ਕਰੀਬ ਹੋਈ।
ਇਸ ਬੈਠਕ ਵਿੱਚ ਯੂਕਰੇਨ 'ਚ ਜੰਗ ਰੋਕਣ ਸਬੰਧੀ ਕੋਈ ਫੈਸਲਾ ਨਹੀਂ ਹੋ ਸਕਿਆ ਹੈ ਪਰ ਦੋਵਾਂ ਲੀਡਰਾਂ ਨੇ ਬੈਠਕ ਤੋਂ ਬਾਅਦ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਅਤੇ ਦੱਸਿਆ ਕਿ ਬੈਠਕ ਚੰਗੀ ਰਹੀ ਤੇ ਅੱਗੇ ਇਸ ਸਬੰਧੀ ਹੋਰ ਬੈਠਕ ਕੀਤੀ ਜਾਵੇਗੀ।
ਬੈਠਕ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਲਿਖਿਆ ਸੀ, ''ਬਹੁਤ ਕੁਝ ਦਾਅ 'ਤੇ ਹੈ।''
ਇਸਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਵੀ ਐਕਸ 'ਤੇ ਇੱਕ ਪੋਸਟ 'ਚ ਲਿਖਿਆ ਸੀ, ''ਯੂਕਰੇਨ ਅਮਰੀਕਾ 'ਤੇ ਭਰੋਸਾ ਕਰ ਰਿਹਾ ਹੈ।''
ਇਸ ਮੀਟਿੰਗ ਦੇ ਰਾਜਨੀਤਿਕ ਅਤੇ ਕੂਟਨੀਤਕ ਸੰਕੇਤ ਭਾਰਤ ਲਈ ਵੀ ਮਹੱਤਵਪੂਰਨ ਹਨ, ਕਿਉਂਕਿ ਬੈਠਕ ਤੋਂ ਪਹਿਲਾਂ ਟਰੰਪ ਨੇ ਰੂਸ ਤੋਂ ਭਾਰਤ ਦੇ ਤੇਲ ਦਰਾਮਦ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਬਿਆਨ ਦਿੱਤਾ ਸੀ।
ਮਾਹਰਾਂ ਦਾ ਮੰਨਣਾ ਹੈ ਕਿ ਇਹ ਦਬਾਅ ਟਰੰਪ ਦੀ ਭਾਰਤ ਰਾਹੀਂ ਰੂਸ ਨੂੰ ਸੁਨੇਹਾ ਭੇਜਣ ਦੀ ਰਣਨੀਤੀ ਦਾ ਹਿੱਸਾ ਹੈ।
ਸਾਂਝੀ ਪ੍ਰੈੱਸ ਕਾਨਫਰੰਸ ਪਰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ

ਤਸਵੀਰ ਸਰੋਤ, Reuters
ਬੈਠਕ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਜੋ ਕਿ ਉਮੀਦ ਕੀਤੇ ਗਏ ਸਮੇਂ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਹੋਈ।
ਟਰੰਪ ਨੇ ਇੱਕ ਵੱਡੀ ਮੁਸਕੁਰਾਹਟ ਨਾਲ ਪੁਤਿਨ ਵੱਲ ਇਸ਼ਾਰਾ ਕੀਤਾ ਅਤੇ ਉਨ੍ਹਾਂ ਨੂੰ ਪਹਿਲਾਂ ਬੋਲਣ ਦਾ ਸੱਦਾ ਦਿੱਤਾ।
ਪੁਤਿਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਮਰੀਕਾ ਅਤੇ ਰੂਸ ਦੋਵੇਂ "ਭਾਵੇਂ ਸਮੁੰਦਰਾਂ ਰਾਹੀਂ ਵੱਖ ਹਨ, ਪਰ ਨਜ਼ਦੀਕੀ ਗੁਆਂਢੀ ਹਨ। ਅਸੀਂ ਨਜ਼ਦੀਕੀ ਗੁਆਂਢੀ ਹਾਂ, ਅਤੇ ਇਹ ਇੱਕ ਤੱਥ ਹੈ।''
ਪੁਤਿਨ ਨੇ ਅਲਾਸਕਾ ਦੇ ਇਤਿਹਾਸ ਦਾ ਵਰਣਨ ਕਰਦਿਆਂ ਕਿਹਾ ਕਿ "ਮੈਨੂੰ ਯਕੀਨ ਹੈ ਕਿ ਇਹ ਵਿਰਾਸਤ ਸਾਨੂੰ ਆਪਸੀ ਲਾਭਦਾਇਕ ਅਤੇ ਬਰਾਬਰੀ ਵਾਲੇ ਸਬੰਧਾਂ ਨੂੰ ਦੁਬਾਰਾ ਬਣਾਉਣ ਅਤੇ ਵਧਾਉਣ ਵਿੱਚ ਮਦਦ ਕਰੇਗੀ।"
ਉਨ੍ਹਾਂ ਇਹ ਵੀ ਕਿਹਾ ਕਿ ਕੁਝ ਸਾਲਾਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਕੋਈ ਸਿਖਰ ਸੰਮੇਲਨ ਨਹੀਂ ਹੋਇਆ ਹੈ ਅਤੇ ਦੋ-ਪੱਖੀ ਸਬੰਧ "ਸ਼ੀਤ ਯੁੱਧ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਡਿੱਗ ਗਏ ਸਨ"।
ਪੁਤਿਨ ਨੇ ਕਿਹਾ ਕਿ ਟਕਰਾਅ ਤੋਂ ਗੱਲਬਾਤ ਵੱਲ ਜਾਣ ਦਾ ਸਮਾਂ ਆ ਗਿਆ ਹੈ ਅਤੇ ਉਨ੍ਹਾਂ ਇਸ ਮੀਟਿੰਗ ਨੂੰ "ਲਾਂਗ ਓਵਰਡਿਊ" ਕਿਹਾ।
ਬੈਠਕ ਤੋਂ ਬਾਅਦ ਦੋਵਾਂ ਨੇ ਇੱਕ ਸਾਂਝਾ ਬਿਆਨ ਤਾਂ ਜਾਰੀ ਕੀਤਾ, ਪਰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ।
ਜੰਗ ਦੇ ਮੁੱਖ ਕਾਰਨਾਂ ਨੂੰ ਖਤਮ ਕਰਨ ਦੀ ਜ਼ਰੂਰਤ - ਪੁਤਿਨ

ਤਸਵੀਰ ਸਰੋਤ, Reuters
ਪੁਤਿਨ ਨੇ ਕਿਹਾ ਕਿ ਉਨ੍ਹਾਂ ਦੀ ਚਰਚਾ ਦਾ ਕੇਂਦਰੀ ਮੁੱਦਾ ਯੂਕਰੇਨ ਜੰਗ ਸੀ।
ਉਨ੍ਹਾਂ ਕਿਹਾ, "ਸਥਾਈ ਅਤੇ ਲੰਬੇ ਸਮੇਂ ਦੇ ਸਮਝੌਤੇ ਲਈ ਸਾਨੂੰ ਜੰਗ ਦੇ ਮੁੱਖ ਕਾਰਨਾਂ ਨੂੰ ਖਤਮ ਕਰਨ ਦੀ ਜ਼ਰੂਰਤ ਹੈ।'' ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ 'ਕਾਰਨਾਂ' ਤੋਂ ਉਨ੍ਹਾਂ ਦਾ ਮਤਲਬ ਕਿਸ ਗੱਲ ਤੋਂ ਹੈ।
ਨਾਲ ਹੀ ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਯੂਕਰੇਨੀ ਅਤੇ ਯੂਰਪੀ ਇਸ ਸ਼ਾਂਤੀ ਪ੍ਰਕਿਰਿਆ ਵਿੱਚ "ਰੁਕਾਵਟ ਨਹੀਂ ਪਾਉਣਗੇ''।
ਇਸ ਦੌਰਾਨ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਦਾ ਧੰਨਵਾਦ ਕਰਦਿਆਂ ਕਿਹਾ, "ਮੈਂ ਸ਼ੁਭਚਿੰਤਕ ਵਜੋਂ ਅੱਗੇ ਆਉਣ ਲਈ ਟਰੰਪ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।''
ਉਨ੍ਹਾਂ ਕਿਹਾ, "ਟਰੰਪ ਨੂੰ ਸਪੱਸ਼ਟ ਤੌਰ 'ਤੇ ਆਪਣੇ ਦੇਸ਼ ਦੀ ਖੁਸ਼ਹਾਲੀ ਦੀ ਪਰਵਾਹ ਹੈ। ਪਰ ਉਹ ਇਹ ਵੀ ਸਮਝਦੇ ਹਨ ਕਿ ਰੂਸ ਦੇ ਆਪਣੇ ਹਿੱਤ ਹਨ।''
ਪੁਤਿਨ ਨੇ ਟਰੰਪ ਨਾਲ ਆਪਣੇ ਸਬੰਧਾਂ ਨੂੰ "ਕਾਰੋਬਾਰੀ" ਦੱਸਿਆ ਅਤੇ ਟਰੰਪ ਦੇ ਇਸ ਦਾਅਵੇ ਨਾਲ ਸਹਿਮਤੀ ਪ੍ਰਗਟਾਈ ਕਿ ਜੇਕਰ ਉਹ 2020 ਦੀਆਂ ਚੋਣਾਂ ਤੋਂ ਬਾਅਦ ਵੀ ਅਹੁਦੇ 'ਤੇ ਬਣੇ ਰਹਿੰਦੇ ਤਾਂ ਜੰਗ ਸ਼ੁਰੂ ਨਾ ਹੁੰਦੀ।
ਅਸੀਂ ਅੱਗੇ ਵਧੇ ਹਾਂ ਪਰ ਡੀਲ ਨਹੀਂ ਹੋ ਸਕੀ - ਟਰੰਪ

ਤਸਵੀਰ ਸਰੋਤ, Reuters
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਬੈਠਕ ਨੂੰ ਸਾਰਥਕ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਇਸ ਮਾਮਲੇ 'ਚ 'ਕੁਝ ਅੱਗੇ' ਵਧੇ ਹਨ ਪਰ ਡੀਲ ਨਹੀਂ ਹੋ ਸਕੀ ਅਤੇ ਕੁਝ ਚੀਜ਼ਾਂ 'ਤੇ ਫੈਸਲਾ ਅਜੇ ਬਾਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਕੋਲ ਅੱਗੇ ਵਧਣ ਲਈ ''ਬਹੁਤ ਵਧੀਆ ਮੌਕਾ'' ਹੈ।
ਨਾਲ ਹੀ ਉਨ੍ਹਾਂ ਕਿਹਾ ਕਿ ਉਹ ਹੁਣ ਇਸ ਮਾਮਲੇ 'ਚ ਜ਼ੇਲੇਂਸਕੀ ਸਣੇ ਨਾਟੋ ਸਹਿਯੋਗੀਆਂ ਅਤੇ ਹੋਰਾਂ ਨਾਲ ਵੀ ਗੱਲ ਕਰਨਗੇ ਕਿਉਂਕਿ "ਆਖਰਕਾਰ" ਇਹ ਉਨ੍ਹਾਂ 'ਤੇ ਨਿਰਭਰ ਕਰਦਾ ਹੈ ਅਤੇ ਉਨ੍ਹਾਂ ਨੂੰ ਸਹਿਮਤ ਹੋਣਾ ਪਵੇਗਾ।
ਟਰੰਪ ਨੇ ਕਿਹਾ, "ਕੋਈ ਸਮਝੌਤਾ ਉਦੋਂ ਤੱਕ ਨਹੀਂ ਹੁੰਦਾ, ਜਦੋਂ ਤੱਕ ਅਸਲ 'ਚ ਕੋਈ ਸਮਝੌਤਾ ਨਹੀਂ ਹੋ ਜਾਂਦਾ।"
ਟਰੰਪ ਨੇ ਕਿਹਾ ਕਿ ਉਹ ਲੋਕਾਂ ਨੂੰ ਮਰਦੇ ਹੋਏ ਨਹੀਂ ਦੇਖਣਾ ਚਾਹੁੰਦੇ ਅਤੇ ਨਾ ਹੀ ਪੁਤਿਨ ਅਜਿਹਾ ਚਾਹੁੰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ "ਮੇਰਾ ਹਮੇਸ਼ਾ ਰਾਸ਼ਟਰਪਤੀ ਪੁਤਿਨ ਨਾਲ ਇੱਕ ਸ਼ਾਨਦਾਰ ਰਿਸ਼ਤਾ ਰਿਹਾ ਹੈ।'' ਫਿਰ ਉਨ੍ਹਾਂ ਨੇ ਪੁਤਿਨ ਨੂੰ ਉਨ੍ਹਾਂ ਦੇ ਪਹਿਲੇ ਨਾਮ ਵਲਾਦੀਮੀਰ ਨਾਲ ਸੰਬੋਧਨ ਕੀਤਾ।
ਉਨ੍ਹਾਂ ਨੇ ਪੁਤਿਨ ਨੂੰ ਕਿਹਾ, "ਅਸੀਂ ਤੁਹਾਡੇ ਨਾਲ ਬਹੁਤ ਜਲਦੀ ਗੱਲ ਕਰਾਂਗੇ ਅਤੇ ਸ਼ਾਇਦ ਤੁਹਾਨੂੰ ਬਹੁਤ ਜਲਦੀ ਦੁਬਾਰਾ ਮਿਲਾਂਗੇ।"
ਇਸ ਦਾ ਪੁਤਿਨ ਨੇ ਅੰਗਰੇਜ਼ੀ ਵਿੱਚ ਜਵਾਬ ਦਿੱਤਾ, "ਅਗਲੀ ਵਾਰ ਮੌਸਕੋ 'ਚ।"

ਇਸ ਤੋਂ ਬਾਅਦ, ਦੋਵੇਂ ਆਗੂਆਂ ਨੇ ਸਟੇਜ 'ਤੇ ਹੱਥ ਮਿਲਾਏ ਅਤੇ ਪੱਤਰਕਾਰਾਂ ਵੱਲੋਂ ਪੁੱਛੇ ਜਾ ਰਹੇ ਲਗਾਤਾਰ ਸਵਾਲਾਂ ਨੂੰ ਅਣਗੌਲਿਆਂ ਕਰਦੇ ਹੋਏ ਸਟੇਜ ਤੋਂ ਚਲੇ ਗਏ। ਕਿਸੇ ਵੀ ਧਿਰ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਅਤੇ ਨਾ ਹੀ ਅਗਲੀ ਮੀਟਿੰਗ ਬਾਰੇ ਕੋਈ ਠੋਸ ਜਾਣਕਾਰੀ ਦਿੱਤੀ।
ਰੂਸ ਵੱਲੋਂ ਪ੍ਰੈੱਸ ਕਾਨਫਰੰਸ ਵਿੱਚ ਸਵਾਲ ਨਾ ਲੈਣ ਦੇ ਫੈਸਲੇ 'ਤੇ ਇੱਕ ਬਿਆਨ ਆਇਆ ਹੈ।
ਰੂਸੀ ਨਿਊਜ਼ ਏਜੰਸੀ ਟਾਸ ਦੇ ਅਨੁਸਾਰ, ਰੂਸੀ ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਦਮਿਤਰੀ ਪੇਸਕੋਵ ਨੇ ਕਿਹਾ ਕਿ ਵਿਆਪਕ ਟਿੱਪਣੀਆਂ ਕਾਰਨ ਸਵਾਲ ਨਾ ਲੈਣ ਦਾ ਫੈਸਲਾ ਕੀਤਾ ਗਿਆ ਸੀ।
ਪੁਤਿਨ-ਟਰੰਪ ਬੈਠਕ ਦੇ ਅਹਿਮ ਨੁਕਤੇ

ਤਸਵੀਰ ਸਰੋਤ, White House/X
- ਪੁਤਿਨ ਨੇ ਯੂਕਰੇਨ ਨਾਲ ਜੰਗ ਨੂੰ "ਤ੍ਰਾਸਦੀ" ਕਰਾਰ ਦਿੱਤਾ ਤੇ ਕਿਹਾ ਇਹ ਉਹ ਇਸਨੂੰ ਖਤਮ ਕਰਨ ਵਿੱਚ "ਇਮਾਨਦਾਰੀ ਨਾਲ ਦਿਲਚਸਪੀ ਰੱਖਦੇ ਹਨ''।
- ਪੁਤਿਨ ਨੇ ਕਿਹਾ ਕਿ ਰੂਸ ਨੂੰ ਜੰਗ ਦੇ "ਮੁਢਲੇ ਕਾਰਨਾਂ" ਨੂੰ ਖਤਮ ਕਰਨ ਦੀ ਲੋੜ ਹੈ ਅਤੇ ਚੇਤਾਵਨੀ ਦਿੱਤੀ ਕਿ ਯੂਕਰੇਨ ਅਤੇ ਯੂਰਪ ਨੂੰ ਗੱਲਬਾਤ ਨੂੰ "ਵਿਗਾੜਨ" ਦੀ ਕੋਸ਼ਿਸ਼ ਨਾ ਕਰਨ।
- ਪੁਤਿਨ ਮੀਟਿੰਗ ਨੇ ਟਰੰਪ ਨਾਲ ਇਸ ਬੈਠਕ ਨੂੰ ਜੰਗ ਦੇ "ਹੱਲ ਲਈ ਸ਼ੁਰੂਆਤੀ ਬਿੰਦੂ" ਮੰਨਿਆ
- ਟਰੰਪ ਨਾਲ ਆਪਣੇ ਸਬੰਧਾਂ ਨੂੰ "ਕਾਰੋਬਾਰੀ" ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਦੇ ਦਾਅਵੇ ਨਾਲ ਸਹਿਮਤ ਹਨ ਕਿ ਜੇਕਰ ਟਰੰਪ 2020 ਦੀਆਂ ਚੋਣਾਂ ਮਗਰੋਂ ਵੀ ਅਹੁਦੇ 'ਤੇ ਰਹਿੰਦੇ ਤਾਂ ਜੰਗ ਸ਼ੁਰੂ ਨਾ ਹੁੰਦੀ।
- ਟਰੰਪ ਨੇ ਕਿਹਾ ਕਿ ਅਜੇ ਵੀ ਕੁਝ ਬਿੰਦੂ ਹਨ ਜਿਨ੍ਹਾਂ 'ਤੇ ਅਸਹਿਮਤੀ ਹੈ ਅਤੇ "ਕੋਈ ਸਮਝੌਤਾ ਉਦੋਂ ਤੱਕ ਨਹੀਂ ਹੁੰਦਾ, ਜਦੋਂ ਤੱਕ ਅਸਲ 'ਚ ਕੋਈ ਸਮਝੌਤਾ ਨਹੀਂ ਹੋ ਜਾਂਦਾ।"
- ਟਰੰਪ ਨੇ ਕਿਹਾ ਕਿ ਗੱਲਬਾਤ ਸਕਾਰਾਤਮਕ ਰੂਪ 'ਚ ਅੱਗੇ ਵਧਣ ਦੇ ਬਾਵਜੂਦ "ਅਸੀਂ ਉੱਥੇ (ਸਮਝੌਤੇ 'ਤੇ) ਨਹੀਂ ਪਹੁੰਚੇ''।
- ਉਨ੍ਹਾਂ ਕਿਹਾ ਕਿ "ਬਹੁਤ ਸਾਰੇ ਬਿੰਦੂਆਂ 'ਤੇ ਸਹਿਮਤੀ ਹੋਈ" ਪਰ "ਕੁਝ" 'ਤੇ ਅਜੇ ਬਾਕੀ ਹੈ ਅਤੇ ਉਨ੍ਹਾਂ ਵਿੱਚੋਂ "ਇੱਕ ਸਭ ਤੋਂ ਮਹੱਤਵਪੂਰਨ ਹੈ", ਪਰ ਉਨ੍ਹਾਂ ਨੇ ਉਸ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ।
- ਟਰੰਪ ਨੇ ਕਿਹਾ ਕਿ ਉਹ ਜਲਦ ਹੀ ਜ਼ੇਲੇਂਸਕੀ ਅਤੇ ਯੂਰਪੀਅਨ ਆਗੂਆਂ ਨਾਲ ਗੱਲਬਾਤ ਕਰਨਗੇ ਅਤੇ ਇਹ "ਅੰਤ ਵਿੱਚ ਉਨ੍ਹਾਂ 'ਤੇ ਨਿਰਭਰ ਕਰਦਾ ਹੈ"
- ਆਪਣੀ ਗੱਲ ਸਮਾਪਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ "ਸ਼ਾਇਦ" ਰੂਸੀ ਆਗੂ ਟਰੰਪ ਨੂੰ ਛੇਤੀ ਦੁਬਾਰਾ ਮਿਲਣਗੇ, ਜਿਸ 'ਤੇ ਪੁਤਿਨ ਨੇ ਜਵਾਬ ਦਿੱਤਾ, "ਅਗਲੀ ਵਾਰ ਮਾਸਕੋ ਵਿੱਚ''।
'ਬਦਲੇ ਵਿੱਚ ਟਰੰਪ ਨੂੰ ਕੀ ਮਿਲਿਆ? ਜ਼ੀਰੋ...'

ਤਸਵੀਰ ਸਰੋਤ, AFP via Getty Images
ਟਰੰਪ ਅਤੇ ਪੁਤਿਨ ਦੇ ਬਿਆਨ ਦੇਣ ਤੋਂ ਬਾਅਦ ਬੀਬੀਸੀ ਨਾਲ ਗੱਲ ਕਰਦੇ ਹੋਏ, ਨਾਟੋ ਵਿੱਚ ਸਾਬਕਾ ਅਮਰੀਕੀ ਡਿਪਲੋਮੈਟ ਰਹੇ ਡਗਲਸ ਲੂਟ ਨੇ ਕਿਹਾ ਕਿ ਟਰੰਪ ਨੇ ਆਪਣੇ ਰੂਸੀ ਹਮਰੁਤਬਾ ਨਾਲ ਸਿਖਰ ਸੰਮੇਲਨ ਤੋਂ ਕੁਝ ਵੀ ਹਾਸਲ ਨਹੀਂ ਕੀਤਾ।
ਉਨ੍ਹਾਂ ਕਿਹਾ, "ਪੁਤਿਨ ਅੰਤਰਰਾਸ਼ਟਰੀ ਅਲੱਗ-ਥਲੱਗਤਾ ਦਾ ਅੰਤ ਕਰਦੇ ਹੋਏ ਵਾਪਸ ਆਏ ਹਨ।''
"ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਨਾਲ ਇੱਕ ਵੱਡੇ ਮੰਚ 'ਤੇ ਇੱਕ ਵੱਡੇ ਆਦਮੀ ਵਜੋਂ ਦੇਖਿਆ ਗਿਆ ''
ਉਨ੍ਹਾਂ ਅੱਗੇ ਕਿਹਾ, "ਬਦਲੇ ਵਿੱਚ ਟਰੰਪ ਨੂੰ ਕੀ ਮਿਲਿਆ? ਜ਼ੀਰੋ... ਸਾਨੂੰ ਕੁਝ ਵੀ ਨਹੀਂ ਮਿਲਿਆ।"
"ਅਸੀਂ ਤਾਂ ਨੇੜੇ ਵੀ ਨਹੀਂ ਹਾਂ। ਬਲਕਿ ਹੋ ਸਕਦਾ ਹੈ ਕਿ ਅਸੀਂ ਦਿਨ ਦੀ ਸ਼ੁਰੂਆਤ ਨਾਲੋਂ ਯੂਕਰੇਨ ਵਿੱਚ ਸ਼ਾਂਤੀ ਸਮਝੌਤੇ ਤੋਂ ਹੋਰ ਦੂਰ ਹੋ ਗਏ ਹੋਈਏ।''
ਐਂਥਨੀ ਜਰਚਰ, ਬੀਬੀਸੀ ਦੇ ਉੱਤਰੀ ਅਮਰੀਕਾ ਦੇ ਪੱਤਰਕਾਰ ਦਾ ਵਿਸ਼ਲੇਸ਼ਣ

ਤਸਵੀਰ ਸਰੋਤ, Reuters
ਬੀਬੀਸੀ ਪੱਤਰਕਾਰ ਐਂਥਨੀ ਜਰਚਰ ਦਾ ਕਹਿਣਾ ਹੈ ਕਿ ਟਰੰਪ ਦਾ ਇਹ ਬਿਆਨ ਕਿ "ਕੋਈ ਸਮਝੌਤਾ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਅਸਲ 'ਚ ਕੋਈ ਸਮਝੌਤਾ ਨਹੀਂ ਹੋ ਜਾਂਦਾ", ਦਰਅਸਲ ਬੇਨਤੀਜਾ ਗੱਲਬਾਤ ਨੂੰ ਘੁੰਮਾ-ਫਿਰਾ ਕੇ ਸਵੀਕਾਰ ਕਰਨ ਦਾ ਇੱਕ ਤਰੀਕਾ ਸੀ।
ਟਰੰਪ ਨੇ ਐਂਕਰੇਜ ਵਿੱਚ ਗੱਲਬਾਤ ਤੋਂ ਬਾਅਦ ਆਪਣੇ ਸ਼ੁਰੂਆਤੀ ਬਿਆਨ ਵਿੱਚ ਇਹ ਗੱਲ ਕਹੀ। ਘੰਟਿਆਂ ਦੀ ਗੱਲਬਾਤ ਤੋਂ ਬਾਅਦ ਅੰਤ ਵਿੱਚ ਨਾ ਤਾਂ ਜੰਗਬੰਦੀ ਹੋਈ ਅਤੇ ਨਾ ਹੀ ਕੋਈ ਠੋਸ ਨਤੀਜਾ ਨਿਕਲਿਆ।
ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਵਲਾਦੀਮੀਰ ਪੁਤਿਨ ਨੇ "ਕੁਝ ਵੱਡੀ ਪ੍ਰਗਤੀ" ਕੀਤੀ ਹੈ ਪਰ ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਬਹੁਤ ਘੱਟ ਦਿੱਤੀ, ਜਿਸ ਨਾਲ ਬਾਕੀ ਦੁਨੀਆ ਲਈ ਇਹ ਸਭ ਕਿਆਸ ਦਾ ਵਿਸ਼ਾ ਬਣਿਆ ਰਿਹਾ।
ਟਰੰਪ ਨੇ ਬਾਅਦ ਵਿੱਚ ਕਿਹਾ, "ਅਸੀਂ ਉੱਥੇ ਤੱਕ ਨਹੀਂ ਪਹੁੰਚੇ''। ਉਹ ਬਿਨ੍ਹਾਂ ਕੋਈ ਸਵਾਲ ਦਾ ਜਵਾਬ ਦਿੱਤੇ ਕਮਰੇ ਤੋਂ ਬਾਹਰ ਚਲੇ ਗਏ, ਜਦਕਿ ਉੱਥੇ ਸੈਂਕੜੇ ਪੱਤਰਕਾਰ ਮੌਜੂਦ ਸਨ। ਲੰਮੀ ਯਾਤਰਾ ਕਰਕੇ ਇਸ ਬੈਠਕ ਲਈ ਪਹੁੰਚਣ ਵਾਲੇ ਟਰੰਪ ਕੋਲ ਦੱਸਣ ਲਈ ਅੰਤ ਵਿੱਚ ਸਿਰਫ਼ ਅਸੱਪਸ਼ਟ ਬਿਆਨ ਹੀ ਸਨ।
ਹਾਲਾਂਕਿ, ਅਮਰੀਕਾ ਦੇ ਯੂਰਪੀਅਨ ਸਹਿਯੋਗੀ ਅਤੇ ਯੂਕਰੇਨੀ ਅਧਿਕਾਰੀ ਇਸ ਗੱਲ ਨਾਲ ਰਾਹਤ ਮਹਿਸੂਸ ਕਰ ਸਕਦੇ ਹਨ ਕਿ ਟਰੰਪ ਨੇ ਕੋਈ ਇਕਪਾਸੜ ਰਿਆਇਤ ਜਾਂ ਅਜਿਹਾ ਸਮਝੌਤਾ ਨਹੀਂ ਕੀਤਾ ਜੋ ਭਵਿੱਖ ਦੀਆਂ ਗੱਲਬਾਤਾਂ ਨੂੰ ਕਮਜ਼ੋਰ ਕਰ ਦੇਵੇ।
ਸ਼ਾਂਤੀ ਸਥਾਪਨਾ ਅਤੇ ਸੌਦੇਬਾਜ਼ੀ ਵਿੱਚ ਮਾਹਰ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਲਈ, ਟਰੰਪ ਦਾ ਅਲਾਸਕਾ ਤੋਂ ਬਿਨ੍ਹਾਂ ਕਿਸੇ ਠੋਸ ਸਫਲਤਾ ਦੇ ਮੁੜਨਾ ਧਿਆਨ ਦੇਣ ਲਾਇਕ ਹੈ।
ਭਾਰਤ ਲਈ ਕੀ ਸੰਕੇਤ ਦਿੰਦੀ ਹੈ ਟਰੰਪ-ਪੁਤਿਨ ਦੀ ਮੁਲਾਕਾਤ?

ਤਸਵੀਰ ਸਰੋਤ, Getty Images
ਅਲਾਸਕਾ ਵਿੱਚ ਮੀਟਿੰਗ ਲਈ ਜਾਂਦੇ ਸਮੇਂ, ਡੌਨਲਡ ਟਰੰਪ ਨੇ ਏਅਰ ਫੋਰਸ ਵਨ ਤੋਂ ਫੌਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇੱਕ ਵਾਰ ਫਿਰ ਭਾਰਤ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ, "ਦਰਅਸਲ ਉਨ੍ਹਾਂ (ਰੂਸ) ਨੇ ਇੱਕ ਤੇਲ ਗਾਹਕ ਗੁਆ ਦਿੱਤਾ ਹੈ, ਯਾਨੀ ਭਾਰਤ, ਜੋ ਲਗਭਗ 40 ਫੀਸਦੀ ਤੇਲ ਲੈ ਰਿਹਾ ਸੀ। ਚੀਨ, ਜਿਵੇਂ ਕਿ ਤੁਸੀਂ ਜਾਣਦੇ ਹੋ, ਕਾਫੀ ਮਾਤਰਾ 'ਚ (ਤੇਲ) ਲੈ ਰਿਹਾ ਹੈ... ਅਤੇ ਜੇਕਰ ਮੈਂ ਸੈਕੰਡਰੀ ਪਾਬੰਦੀਆਂ ਲਗਾਉਂਦਾ ਹਾਂ, ਤਾਂ ਇਹ ਉਨ੍ਹਾਂ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਵਿਨਾਸ਼ਕਾਰੀ ਹੋਵੇਗਾ। ਜੇ ਮੈਨੂੰ ਇਹ ਕਰਨਾ ਪਿਆ ਤਾਂ ਮੈਂ ਕਰਾਂਗਾ, ਸ਼ਾਇਦ ਮੈਨੂੰ ਅਜਿਹਾ ਨਾ ਕਰਨਾ ਪਵੇ।"
ਬੀਬੀਸੀ ਪੱਤਰਕਾਰ ਅਭੈ ਕੁਮਾਰ ਸਿੰਘ ਨਾਲ ਗੱਲਬਾਤ ਵਿੱਚ, ਰੂਸ ਮਾਮਲਿਆਂ ਦੇ ਮਾਹਰ ਅਤੇ ਜੇਐਨਯੂ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਦੇ ਪ੍ਰੋਫੈਸਰ ਰਾਜਨ ਕੁਮਾਰ ਇਸਨੂੰ ਦਬਾਅ ਬਣਾਉਣ ਦੀ ਕੋਸ਼ਿਸ਼ ਕਹਿੰਦੇ ਹਨ।
ਉਹ ਕਹਿੰਦੇ ਹਨ ਕਿ ਇਹ ਅਸਲ ਵਿੱਚ ਰੂਸ ਨੂੰ ਸੁਨੇਹਾ ਭੇਜਣ ਦਾ ਇੱਕ ਤਰੀਕਾ ਸੀ, "ਭਾਰਤ ਅਤੇ ਹੋਰ ਤਰੀਕਿਆਂ ਰਾਹੀਂ ਰੂਸ 'ਤੇ ਦਬਾਅ ਪਾਇਆ ਜਾ ਸਕਦਾ ਸੀ। ਟਰੰਪ ਜਾਣਦੇ ਹਨ ਕਿ ਚੀਨ 'ਤੇ ਦਬਾਅ ਨਹੀਂ ਪਾਇਆ ਜਾ ਸਕਦਾ, ਇਸ ਲਈ ਭਾਰਤ ਨੂੰ ਮੁਕਾਬਲਤਨ ਨਰਮ ਨਿਸ਼ਾਨਾ ਮੰਨਦੇ ਹੋਏ ਉਹ ਲਗਾਤਾਰ ਇਸਦਾ ਨਾਮ ਲੈ ਰਹੇ ਹਨ।"
ਉਨ੍ਹਾਂ ਕਿਹਾ, "ਇਸ ਤਰ੍ਹਾਂ ਭਾਰਤ 'ਤੇ ਦਬਾਅ ਪਾ ਕੇ ਉਹ ਟੈਰਿਫ ਨੂੰ ਵੀ ਘਟ ਕਰਵਾਉਣਾ ਚਾਹੁੰਦੇ ਹਨ, ਜਾਂ ਇਸਨੂੰ ਜ਼ੀਰੋ ਟੈਰਿਫ ਵੱਲ ਲੈ ਜਾਣਾ ਚਾਹੁੰਦੇ ਹਨ। ਇਸ ਦੇ ਨਾਲ ਉਹ ਰੂਸ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਇਸਦੇ ਨੇੜਲੇ ਦੇਸ਼ਾਂ ਨੂੰ ਇਸ ਤੋਂ ਕਿਵੇਂ ਵੱਖ ਕੀਤਾ ਜਾ ਸਕਦਾ ਹੈ। ਚੀਨ ਨੂੰ ਉਹ ਵੱਖ ਨਹੀਂ ਕਰ ਨਹੀਂ ਸਕਣਗੇ, ਇਸ ਲਈ ਕੋਸ਼ਿਸ਼ ਭਾਰਤ ਨੂੰ ਵੱਖ ਕਰਨ ਦੀ ਹੈ।"

ਪ੍ਰੋਫੈਸਰ ਰਾਜਨ ਕੁਮਾਰ ਕਹਿੰਦੇ ਹਨ, "ਟਰੰਪ ਨੂੰ ਲੱਗਦਾ ਹੈ ਕਿ ਭਾਰਤ ਰੂਸ ਤੋਂ ਦਰਾਮਦ ਬੰਦ ਕਰ ਸਕਦਾ ਹੈ। ਇਸਦੇ ਦੋ ਕਾਰਨ ਹਨ - ਪਹਿਲਾ, ਭਾਰਤ ਨਹੀਂ ਚਾਹੁੰਦਾ ਕਿ ਅਮਰੀਕਾ ਨਾਲ ਸਬੰਧ ਵਿਗੜਨ ਅਤੇ ਦੂਜਾ, ਹਾਲ ਹੀ ਦੇ ਸਮੇਂ ਵਿੱਚ ਰੂਸ ਤੋਂ ਸਸਤੇ ਤੇਲ ਦਾ ਫਾਇਦਾ ਕਾਫ਼ੀ ਘਟ ਗਿਆ ਹੈ।"
"ਇਸ ਲਈ ਜੇਕਰ ਅਮਰੀਕਾ ਦਬਾਅ ਪਾਉਂਦਾ ਤਾਂ ਇਹ ਸੰਭਾਵਨਾ ਸੀ ਕਿ ਭਾਰਤ ਆਪਣੇ ਦਰਾਮਦ 'ਚ ਵਿਭਿੰਨਤਾ ਲੈ ਆਉਂਦਾ ਅਤੇ ਇਸਦੀ ਕੋਸ਼ਿਸ਼ ਵੀ ਕਰ ਰਿਹਾ ਸੀ। ਇਸ ਲਈ ਟਰੰਪ ਨੇ ਕਿਹਾ ਕਿ ਭਾਰਤ ਹੁਣ ਸ਼ਿਫਟ ਕਰ ਰਿਹਾ ਹੈ ਅਤੇ ਦਬਾਅ ਹੇਠ ਹੋਰ ਵੀ ਸ਼ਿਫਟ ਕਰੇਗਾ। ਪਰ ਭਾਰਤ ਨੇ ਅਜੇ ਤੱਕ ਅਜਿਹਾ ਕੋਈ ਫੈਸਲਾ ਨਹੀਂ ਲਿਆ ਹੈ ਕਿ ਰੂਸ ਤੋਂ ਦਰਾਮਦ ਪੂਰੀ ਤਰ੍ਹਾਂ ਬੰਦ ਕਰ ਦੇਵੇ। ਭਾਰਤ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਡਾ ਬਜ਼ਾਰ ਸਾਨੂੰ ਜਿੱਥੋਂ ਵੀ ਲਾਭ ਦੇਵੇਗਿਆ, ਅਸੀਂ ਉੱਥੋਂ ਹੀ ਖਰੀਦਾਂਗੇ।''
ਗੱਲਬਾਤ ਦੇ ਨਤੀਜਿਆਂ 'ਤੇ ਪ੍ਰੋਫੈਸਰ ਰਾਜਨ ਕੁਮਾਰ ਕਹਿੰਦੇ ਹਨ, "ਟਰੰਪ ਦੇ ਦ੍ਰਿਸ਼ਟੀਕੋਣ ਤੋਂ ਇਹ ਮੀਟਿੰਗ ਅਸਫਲ ਨਹੀਂ ਸੀ। ਉਨ੍ਹਾਂ ਦੇ ਅਨੁਸਾਰ, ਇਹ ਇੱਕ ਸਕਾਰਾਤਮਕ ਪਹਿਲਾ ਕਦਮ ਹੈ। ਉਹ ਇੱਕ ਵੱਡੇ ਵਫ਼ਦ ਨਾਲ ਆਏ ਸਨ। ਦੋਵੇਂ ਆਗੂਆਂ ਨੇ ਇੱਕ-ਦੂਜੇ ਨੂੰ ਸਕਾਰਾਤਮਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ।"
ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਪ੍ਰੈਸ ਕਾਨਫਰੰਸ ਵਿੱਚ ਸਵਾਲਾਂ ਦੇ ਜਵਾਬ ਨਾ ਦੇਣ ਦਾ ਮਤਲਬ ਹੋ ਸਕਦਾ ਹੈ ਕਿ ਕੋਈ ਠੋਸ ਸਮਝੌਤਾ ਨਹੀਂ ਹੋਇਆ ਜਾਂ ਉਸਨੂੰ ਅਜੇ ਜਨਤਕ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਹਨ, "ਉਨ੍ਹਾਂ ਨੂੰ ਲੱਗਦਾ ਹੈ ਕਿ ਹੋਰ ਸ਼ਕਤੀਆਂ, ਖਾਸ ਕਰਕੇ ਯੂਰਪੀਅਨ ਯੂਨੀਅਨ, ਦਖਲ ਦੇ ਸਕਦੀਆਂ ਹਨ।"
ਭਾਰਤ 'ਤੇ ਟੈਰਿਫ ਵਧਾਉਣ ਦੀ ਸੰਭਾਵਨਾ ਬਾਰੇ ਪ੍ਰੋਫੈਸਰ ਕੁਮਾਰ ਦਾ ਮੁਲਾਂਕਣ ਇਹ ਹੈ ਕਿ ਇਸ ਸਮੇਂ ਇਹ ਖ਼ਤਰਾ ਘੱਟ ਹੈ।
ਉਹ ਕਹਿੰਦੇ ਹਨ, "ਟਰੰਪ ਦੇ ਦ੍ਰਿਸ਼ਟੀਕੋਣ ਤੋਂ ਗੱਲਬਾਤ ਸਫਲ ਰਹੀ, ਇਸ ਲਈ ਭਾਰਤ 'ਤੇ ਹੋਰ ਦਬਾਅ ਦੀ ਸੰਭਾਵਨਾ ਸੀਮਤ ਹੈ। ਪਰ ਯੂਕਰੇਨ ਜਾਂ ਯੂਰਪੀਅਨ ਯੂਨੀਅਨ ਦੇ ਦ੍ਰਿਸ਼ਟੀਕੋਣ ਤੋਂ ਇਹ ਗੱਲਬਾਤ ਅਸਫਲ ਰਹੀ ਕਿਉਂਕਿ ਜੰਗਬੰਦੀ ਜਾਂ ਹਵਾਈ ਹਮਲਿਆਂ 'ਤੇ ਪਾਬੰਦੀ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਕੋਈ ਚਰਚਾ ਨਹੀਂ ਹੋਈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












