ਟਰੰਪ-ਪੁਤਿਨ ਦੀ ਮੁਲਾਕਾਤ ਮਗਰੋਂ ਭਾਰਤ 'ਤੇ ਅਮਰੀਕੀ ਟੈਰਿਫ ਵਧਣਗੇ ਜਾਂ ਘਟਣਗੇ, ਕੁਝ ਅਹਿਮ ਨੁਕਤਿਆਂ 'ਚ ਸਮਝੋ

ਟਰੰਪ - ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ 'ਤੇ 50 ਫੀਸਦ ਟੈਰਿਫ ਲਗਾਇਆ ਹੈ, ਜੋ ਕਿ ਏਸ਼ੀਆਈ ਖੇਤਰ ਦੇ ਕਿਸੇ ਵੀ ਦੇਸ਼ 'ਤੇ ਲਗਾਇਆ ਗਿਆ ਸਭ ਤੋਂ ਵੱਧ ਟੈਰਿਫ ਹੈ

ਜਦੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਵਲਾਦੀਮੀਰ ਪੁਤਿਨ ਅਲਾਸਕਾ ਵਿੱਚ ਮੁਲਾਕਾਤ ਕਰ ਰਹੇ ਸਨ, ਤਾਂ ਭਾਰਤ ਸਮੇਤ ਪੂਰੀ ਦੁਨੀਆਂ ਦੀਆਂ ਨਜ਼ਰਾਂ ਇਸ ਮੀਟਿੰਗ 'ਤੇ ਸਨ।

ਮੀਟਿੰਗ ਤੋਂ ਪਹਿਲਾਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਰੂਸ-ਯੂਕਰੇਨ ਜੰਗ 'ਤੇ ਕੋਈ ਠੋਸ ਸਮਝੌਤਾ ਹੋਵੇਗਾ ਪਰ ਅਜਿਹਾ ਨਹੀਂ ਹੋਇਆ।

ਨਾ ਤਾਂ ਜੰਗਬੰਦੀ ਬਾਰੇ ਕੋਈ ਫੈਸਲਾ ਲਿਆ ਗਿਆ ਅਤੇ ਨਾ ਹੀ ਕਿਸੇ ਕਿਸਮ ਦੀ ਡੀਲ ਦਾ ਕੋਈ ਜ਼ਿਕਰ ਕੀਤਾ ਗਿਆ।

ਮੀਟਿੰਗ ਤੋਂ ਕੁਝ ਦਿਨ ਪਹਿਲਾਂ, ਅਮਰੀਕਾ ਵੱਲੋਂ ਭਾਰਤ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਟਰੰਪ-ਪੁਤਿਨ ਗੱਲਬਾਤ ਅਸਫਲ ਹੋ ਜਾਂਦੀ ਹੈ, ਤਾਂ ਅਮਰੀਕਾ ਭਾਰਤ 'ਤੇ ਟੈਰਿਫ ਵਧਾ ਸਕਦਾ ਹੈ।

ਅਲਾਸਕਾ ਵਿੱਚ ਹੋਈ ਇਸ ਬੈਠਕ ਦਾ ਭਾਰਤ ਨੇ ਸਵਾਗਤ ਕੀਤਾ ਹੈ ਅਤੇ ਰੂਸ-ਯੂਕਰੇਨ ਜੰਗ ਜਲਦੀ ਖਤਮ ਹੋਣ ਦੀ ਗੱਲ ਕੀਤੀ ਹੈ।

ਪੁਤਿਨ ਅਤੇ ਟਰੰਪ ਵਿਚਕਾਰ ਹੋਈ ਮੁਲਾਕਾਤ ਕਿਸੇ ਠੋਸ ਨਤੀਜੇ 'ਤੇ ਨਹੀਂ ਪਹੁੰਚੀ ਅਤੇ ਭਾਰਤ ਵਿੱਚ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੈ ਕਿ ਟੈਰਿਫਾਂ ਨੂੰ ਲੈ ਕੇ ਹੁਣ ਟਰੰਪ ਦਾ ਭਾਰਤ ਪ੍ਰਤੀ ਕੀ ਰਵੱਈਆ ਹੋਵੇਗਾ?

ਕੀ ਟੈਰਿਫਾਂ ਦੇ ਐਲਾਨ ਤੋਂ ਬਾਅਦ ਰੂਸੀ ਤੇਲ ਦੀ ਖਰੀਦ ਵਧ ਗਈ?

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ

ਤਸਵੀਰ ਸਰੋਤ, www.mea.gov.in

ਤਸਵੀਰ ਕੈਪਸ਼ਨ, ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਭਾਰਤ ਵੱਲੋਂ ਅਧਿਕਾਰਿਤ ਬਿਆਨ 'ਚ ਟਰੰਪ-ਪੁਤਿਨ ਵਿਚਕਾਰ ਹੋਈ ਬੈਠਕ ਦਾ ਸਵਾਗਤ ਕੀਤਾ ਹੈ ਤੇ ਯੂਕਰੇਨ 'ਚ ਜੰਗ ਰੁਕਣ ਦੀ ਉਮੀਦ ਜਤਾਈ ਹੈ (ਫਾਈਲ ਫੋਟੋ)

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਪੁਤਿਨ ਅਤੇ ਟਰੰਪ ਵਿਚਕਾਰ ਹੋਈ ਮੁਲਾਕਾਤ 'ਤੇ ਅਧਿਕਾਰਤ ਪ੍ਰਤੀਕਿਰਿਆ ਦਿੱਤੀ ਹੈ।

ਰਣਧੀਰ ਜੈਸਵਾਲ ਨੇ ਕਿਹਾ, "ਭਾਰਤ ਅਲਾਸਕਾ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਹੋਈ ਸਿਖਰ ਬੈਠਕ ਦਾ ਸਵਾਗਤ ਕਰਦਾ ਹੈ। ਸ਼ਾਂਤੀ ਪ੍ਰਤੀ ਉਨ੍ਹਾਂ ਦੀ ਅਗਵਾਈ ਬਹੁਤ ਸ਼ਲਾਘਾਯੋਗ ਹੈ।"

ਉਨ੍ਹਾਂ ਕਿਹਾ, "ਭਾਰਤ ਸਿਖਰ ਬੈਠਕ ਵਿੱਚ ਹੋਈ ਪ੍ਰਗਤੀ ਦੀ ਸ਼ਲਾਘਾ ਕਰਦਾ ਹੈ। ਅੱਗੇ ਵਧਣ ਦਾ ਰਸਤਾ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੀ ਲੱਭਿਆ ਜਾ ਸਕਦਾ ਹੈ। ਦੁਨੀਆਂ ਯੂਕਰੇਨ ਵਿੱਚ ਜੰਗ ਦਾ ਜਲਦੀ ਤੋਂ ਜਲਦੀ ਅੰਤ ਦੇਖਣਾ ਚਾਹੁੰਦੀ ਹੈ।"

ਮੀਟਿੰਗ ਤੋਂ ਪਹਿਲਾਂ ਟਰੰਪ ਨੇ ਆਪਣੇ ਜਹਾਜ਼ ਵਿੱਚ ਆਪਣੇ ਨਾਲ ਯਾਤਰਾ ਕਰ ਰਹੇ ਪੱਤਰਕਾਰਾਂ ਨਾਲ ਗੱਲ ਕੀਤੀ ਸੀ। ਫੌਕਸ ਨਿਊਜ਼ ਨਾਲ ਗੱਲਬਾਤ ਵਿੱਚ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਟੈਰਿਫ ਨੇ ਭਾਰਤ ਨੂੰ ਰੂਸ ਤੋਂ ਤੇਲ ਖਰੀਦਣ 'ਤੇ ਰੋਕ ਲਗਾਉਣ ਲਈ ਮਜਬੂਰ ਕਰ ਦਿੱਤਾ ਹੈ।

ਟਰੰਪ ਨੇ ਕਿਹਾ, "ਰੂਸ ਨੇ ਆਪਣੇ ਤੇਲ ਦਾ ਇੱਕ ਵੱਡਾ ਗਾਹਕ ਗੁਆ ਦਿੱਤਾ ਹੈ, ਜੋ ਭਾਰਤ ਸੀ। ਭਾਰਤ ਤੇਲ ਵਪਾਰ ਦਾ 40 ਫੀਸਦੀ ਹਿੱਸਾ ਖਰੀਦ ਰਿਹਾ ਸੀ। ਜੇਕਰ ਮੈਂ ਹੁਣ ਸੈਕੰਡਰੀ ਪਾਬੰਦੀਆਂ ਲਗਾਉਂਦਾ ਹਾਂ, ਤਾਂ ਇਹ ਉਨ੍ਹਾਂ ਲਈ ਵਿਨਾਸ਼ਕਾਰੀ ਹੋਵੇਗਾ।"

ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੀਟਿੰਗ ਤੋਂ ਕੁਝ ਦਿਨ ਪਹਿਲਾਂ ਅਮਰੀਕਾ ਵੱਲੋਂ ਭਾਰਤ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਟਰੰਪ-ਪੁਤਿਨ ਗੱਲਬਾਤ ਅਸਫਲ ਹੋ ਜਾਂਦੀ ਹੈ, ਤਾਂ ਅਮਰੀਕਾ ਭਾਰਤ 'ਤੇ ਵਾਧੂ ਟੈਰਿਫ ਵਧਾ ਸਕਦਾ ਹੈ (ਫਾਈਲ ਫੋਟੋ)

ਭਾਰਤ ਨੇ ਟਰੰਪ ਦੇ ਇਸ ਬਿਆਨ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਟਰੰਪ ਦੇ ਟੈਰਿਫ ਐਲਾਨ ਦੇ ਬਾਵਜੂਦ, ਅਜਿਹੀਆਂ ਰਿਪੋਰਟਾਂ ਹਨ ਕਿ ਭਾਰਤ ਦੀ ਰੂਸੀ ਤੇਲ ਦੀ ਖਰੀਦ ਪਹਿਲਾਂ ਦੇ ਮੁਕਾਬਲੇ 2 ਮਿਲੀਅਨ ਬੈਰਲ ਪ੍ਰਤੀ ਦਿਨ (ਬੀਪੀਡੀ) ਹੋ ਗਈ ਹੈ।

ਗਲੋਬਲ ਰੀਅਲ-ਟਾਈਮ ਡੇਟਾ ਅਤੇ ਵਿਸ਼ਲੇਸ਼ਣ ਕੰਪਨੀ, ਕੇਪਲਰ ਦੇ ਅਨੁਸਾਰ, ਅਗਸਤ ਦੇ ਪਹਿਲੇ ਅੱਧ ਵਿੱਚ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਅੰਦਾਜ਼ਨ 5.2 ਮਿਲੀਅਨ ਬੈਰਲ ਪ੍ਰਤੀ ਦਿਨ ਕੱਚੇ ਤੇਲ ਦਾ 38 ਫੀਸਦੀ ਹਿੱਸਾ ਰੂਸ ਤੋਂ ਆਇਆ ਸੀ।

ਰੂਸ ਤੋਂ ਦਰਾਮਦ 2 ਮਿਲੀਅਨ ਬੈਰਲ ਪ੍ਰਤੀ ਦਿਨ ਰਿਹਾ, ਜੋ ਕਿ ਜੁਲਾਈ ਵਿੱਚ 1.6 ਮਿਲੀਅਨ ਬੈਰਲ ਪ੍ਰਤੀ ਦਿਨ ਸੀ।

ਇਹ ਵੀ ਪੜ੍ਹੋ-

ਟਰੰਪ-ਪੁਤਿਨ ਮੁਲਾਕਾਤ ਤੋਂ ਬਾਅਦ ਭਾਰਤ 'ਤੇ ਟੈਰਿਫ ਦਾ ਭਵਿੱਖ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ 'ਤੇ 50 ਫੀਸਦੀ ਟੈਰਿਫ ਲਗਾਇਆ ਹੈ, ਜੋ ਕਿ ਏਸ਼ੀਆਈ ਖੇਤਰ ਦੇ ਕਿਸੇ ਵੀ ਦੇਸ਼ 'ਤੇ ਲਗਾਇਆ ਗਿਆ ਸਭ ਤੋਂ ਵੱਧ ਟੈਰਿਫ ਹੈ। ਇਹ ਟੈਰਿਫ 27 ਅਗਸਤ ਤੋਂ ਲਾਗੂ ਹੋਣਗੇ।

ਭਾਰਤ ਜਨਤਕ ਤੌਰ 'ਤੇ ਇਸ ਟੈਰਿਫ ਦਰ 'ਤੇ ਇਤਰਾਜ਼ ਜਤਾ ਚੁੱਕਿਆ ਹੈ। ਭਾਰਤ ਨੇ ਕਿਹਾ ਸੀ ਕਿ ਅਮਰੀਕਾ ਅਤੇ ਯੂਰਪ ਖੁਦ ਰੂਸ ਤੋਂ ਯੂਰੇਨੀਅਮ ਅਤੇ ਖਾਦ ਖਰੀਦਦੇ ਹਨ, ਤਾਂ ਭਾਰਤ ਵਿਰੁੱਧ ਦੋਹਰੇ ਮਾਪਦੰਡ ਕਿਉਂ ਅਪਣਾਏ ਜਾ ਰਹੇ ਹਨ?

ਹੁਣ ਸਵਾਲ ਇਹ ਹੈ ਕਿ ਅਲਾਸਕਾ 'ਚ ਹੋਈ ਬੈਠਕ ਤੋਂ ਬਾਅਦ ਭਾਰਤ 'ਤੇ ਲਗਾਏ ਗਏ ਅਮਰੀਕੀ ਟੈਰਿਫ ਦਾ ਭਵਿੱਖ ਕੀ ਹੋਵੇਗਾ?

ਰਣਨੀਤਕ ਮਾਮਲਿਆਂ ਦੇ ਮਾਹਰ ਬ੍ਰਹਮਾ ਚੇਲਾਨੀ ਦਾ ਮੰਨਣਾ ਹੈ ਕਿ ਅਲਾਸਕਾ ਦੀ ਬੈਠਕ ਤੋਂ ਬਾਅਦ ਭਾਰਤ ਨੂੰ ਰਾਹਤ ਮਿਲ ਸਕਦੀ ਹੈ।

ਬ੍ਰਹਮਾ ਚੇਲਾਨੀ ਨੇ ਐਕਸ 'ਤੇ ਲਿਖਿਆ, "ਅਲਾਸਕਾ ਦੀ ਗੱਲਬਾਤ ਨਾਲ ਟਰੰਪ ਸ਼ਾਇਦ ਰੂਸ ਤੋਂ ਊਰਜਾ ਖਰੀਦਣ 'ਤੇ ਲਗਾਈਆਂ ਗਈਆਂ ਸੈਕੰਡਰੀ ਪਾਬੰਦੀਆਂ 'ਤੇ ਮੁੜ ਵਿਚਾਰ ਕਰਨ। ਚੀਨ 'ਤੇ ਟੈਰਿਫ ਲਗਾਉਣ ਦੇ ਸਵਾਲ 'ਤੇ ਉਨ੍ਹਾਂ (ਟਰੰਪ) ਨੇ ਕਿਹਾ ਕਿ 'ਅੱਜ ਜੋ ਹੋਇਆ ਹੈ, ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਹੁਣ ਇਸ ਬਾਰੇ ਸੋਚਣਾ ਨਹੀਂ ਪਵੇਗਾ।' ਇਸੇ ਸਬੰਧ ਵਿੱਚ ਭਾਰਤ 'ਤੇ ਲਗਾਈਆਂ ਗਈਆਂ ਸੈਕੰਡਰੀ ਪਾਬੰਦੀਆਂ ਵੀ ਟਲ਼ ਸਕਦੀਆਂ ਹਨ। ਇਨ੍ਹਾਂ ਵਿੱਚ 25 ਫੀਸਦੀ ਵਾਧੂ ਟੈਰਿਫ ਸ਼ਾਮਲ ਹੈ, ਜੋ ਕਿ 27 ਅਗਸਤ ਤੋਂ ਲਾਗੂ ਕੀਤਾ ਜਾਣਾ ਹੈ।"

ਚੇਲਾਨੀ ਦਾ ਕਹਿਣਾ ਹੈ, ''ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਗੱਲਬਾਤ 25 ਅਗਸਤ ਨੂੰ ਮੁੜ ਸ਼ੁਰੂ ਹੋਣ ਵਾਲੀ ਹੈ, ਜੋ ਕਿ ਡੈੱਡਲਾਈਨ ਤੋਂ ਸਿਰਫ਼ ਦੋ ਦਿਨ ਪਹਿਲਾਂ ਹੈ। ਅਜਿਹੀ ਸਥਿਤੀ ਵਿੱਚ ਟਰੰਪ ਨੇ ਸ਼ਾਇਦ ਆਪਣੇ ਲਈ ਪਿੱਛੇ ਹਟਣ ਲਈ ਗੁੰਜਾਇਸ਼ ਬਣਾ ਲਈ ਹੈ।''

ਪੁਤਿਨ ਅਤੇ ਟਰੰਪ

ਤਸਵੀਰ ਸਰੋਤ, Andrew Harnik/Getty Images

ਤਸਵੀਰ ਕੈਪਸ਼ਨ, ਕੁਝ ਮਾਹਰਾਂ ਮੁਤਾਬਕ, ਅਲਾਸਕਾ ਦੀ ਬੈਠਕ ਤੋਂ ਬਾਅਦ ਭਾਰਤ ਨੂੰ ਰਾਹਤ ਮਿਲ ਸਕਦੀ ਹੈ ਜਦਕਿ ਕੁਝ ਮੁਤਾਬਕ, ਇਸ ਨਾਲ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ 'ਚ ਹੋਰ ਕੁੜੱਤਣ ਆ ਸਕਦੀ ਹੈ

ਵਾਸ਼ਿੰਗਟਨ ਡੀਸੀ ਸਥਿਤ ਵਿਲਸਨ ਸੈਂਟਰ ਦੇ ਡਾਇਰੈਕਟਰ ਮਾਈਕਲ ਕੁਗਲਮੈਨ ਦਾ ਕਹਿਣਾ ਹੈ ਕਿ ਅਲਾਸਕਾ ਦੀ ਬੈਠਕ ਤੋਂ ਬਾਅਦ ਭਾਰਤ ਅਤੇ ਅਮਰੀਕਾ ਵਿਚਕਾਰ ਸਬੰਧ ਵਿੱਚ ਹੋਰ ਕੁੜੱਤਣ ਆ ਸਕਦੀ ਹੈ।

ਮਾਈਕਲ ਕੁਗਲਮੈਨ ਨੇ ਐਕਸ 'ਤੇ ਲਿਖਿਆ, "ਕਿਸੇ ਸਮਝੌਤੇ ਦਾ ਐਲਾਨ ਨਾ ਹੋਣ ਕਰਕੇ ਅਜਿਹਾ ਲੱਗਦਾ ਹੈ ਕਿ ਮੁਲਾਕਾਤ ਚੰਗੀ ਨਹੀਂ ਰਹੀ। ਹੁਣ ਅਮਰੀਕਾ ਅਤੇ ਭਾਰਤ ਵਿਚਕਾਰ ਤਣਾਅ ਹੋਰ ਵਧ ਸਕਦਾ ਹੈ।"

ਪੁਤਿਨ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਨੇ ਫੌਕਸ ਨਿਊਜ਼ ਨੂੰ ਇੱਕ ਇੰਟਰਵਿਊ ਦਿੱਤਾ ਹੈ।

ਇਸ ਇੰਟਰਵਿਊ ਵਿੱਚ ਜਦੋਂ ਟਰੰਪ ਤੋਂ ਚੀਨ ਅਤੇ ਭਾਰਤ 'ਤੇ ਟੈਰਿਫ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਹੁਣ ਮੈਨੂੰ ਸ਼ਾਇਦ ਦੋ ਜਾਂ ਤਿੰਨ ਹਫ਼ਤਿਆਂ ਜਾਂ ਕੁਝ ਹੋਰ ਸਮੇਂ ਬਾਅਦ ਇਸ ਬਾਰੇ ਸੋਚਣਾ ਪਏਗਾ, ਪਰ ਸਾਨੂੰ ਅਜੇ ਇਸ ਬਾਰੇ ਸੋਚਣ ਦੀ ਲੋੜ ਨਹੀਂ ਹੈ।"

ਅਨੁਰਾਧਾ ਚਿਨੋਏ ਜੇਐਨਯੂ ਦੇ ਸਕੂਲ ਆਫ਼ ਇੰਟਰਨੈਸ਼ਨਲ ਸਟਡੀਜ਼ ਦੇ ਸਾਬਕਾ ਡੀਨ ਅਤੇ ਸੇਵਾਮੁਕਤ ਪ੍ਰੋਫੈਸਰ ਹਨ। ਵਰਤਮਾਨ ਵਿੱਚ ਉਹ ਜਿੰਦਲ ਗਲੋਬਲ ਯੂਨੀਵਰਸਿਟੀ ਨਾਲ ਬਤੌਰ ਫੈਕਲਟੀ ਜੁੜੇ ਹੋਏ ਹਨ।

ਬੀਬੀਸੀ ਨਾਲ ਗੱਲ ਕਰਦੇ ਹੋਏ ਅਨੁਰਾਧਾ ਚਿਨੋਏ ਕਹਿੰਦੇ ਹਨ, "ਪਿਛਲੇ ਕੁਝ ਸਾਲਾਂ ਵਿੱਚ ਭਾਰਤ ਨੇ ਅਮਰੀਕਾ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਲਗਭਗ ਹਰ ਸੰਭਵ ਕੋਸ਼ਿਸ਼ ਕੀਤੀ ਹੈ, ਵੱਡੀਆਂ ਕੰਪਨੀਆਂ ਨੂੰ ਉਤਸ਼ਾਹਿਤ ਕਰਨ ਤੋਂ ਲੈ ਕੇ ਅਮਰੀਕਾ ਵਿੱਚ ਐਨਆਰਆਈ ਸਬੰਧਾਂ ਅਤੇ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਤੱਕ।''

''ਪਰ ਮੌਜੂਦਾ ਅਮਰੀਕੀ ਵਿਦੇਸ਼ ਨੀਤੀ ਦੱਖਣੀ ਏਸ਼ੀਆ ਵਿੱਚ ਆਪਣੇ ਸਾਮਰਾਜਵਾਦੀ ਹਿੱਤਾਂ ਨੂੰ ਥੋਪਣ 'ਤੇ ਅੜੀ ਹੋਈ ਨਜ਼ਰ ਆਉਂਦੀ ਹੈ। ਹੁਣ ਜਦੋਂ ਭਾਰਤ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਰੂਸ ਤੋਂ ਲੈ ਕੇ ਗਲੋਬਲ ਸਾਊਥ ਨਾਲ ਵੱਡਾ ਅਤੇ ਕਿਫਾਇਤੀ ਵਪਾਰ ਕਰ ਰਿਹਾ ਹੈ, ਤਾਂ ਉਸਨੂੰ ਇਸ ਮਾਮਲੇ ਵਿੱਚ ਸਾਵਧਾਨ ਰਹਿਣਾ ਪਵੇਗਾ।"

ਭਾਰਤ ਦੀ ਰੂਸੀ ਤੇਲ 'ਤੇ ਨਿਰਭਰਤਾ

ਭਾਰਤ ਦੀ ਰੂਸੀ ਤੇਲ 'ਤੇ ਨਿਰਭਰਤਾ

ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਦੇ ਇੱਕ ਵਿਸ਼ਲੇਸ਼ਣ ਅਨੁਸਾਰ, ਜੂਨ 2025 ਤੱਕ ਚੀਨ, ਭਾਰਤ ਅਤੇ ਤੁਰਕੀ, ਰੂਸੀ ਤੇਲ ਦੇ ਤਿੰਨ ਸਭ ਤੋਂ ਵੱਡੇ ਖਰੀਦਦਾਰ ਦੇਸ਼ ਸਨ। ਇਸ ਦੇ ਬਾਵਜੂਦ, ਸਭ ਤੋਂ ਵੱਧ ਟੈਰਿਫ ਭਾਰਤ 'ਤੇ ਲਗਾਇਆ ਗਿਆ ਹੈ।

ਚੀਨ 'ਤੇ 30 ਫੀਸਦੀ ਅਮਰੀਕੀ ਟੈਰਿਫ ਹੈ ਅਤੇ ਤੁਰਕੀ 'ਤੇ 15 ਫੀਸਦੀ। ਅਮਰੀਕੀ ਬਾਜ਼ਾਰ ਭਾਰਤ ਦਾ ਸਭ ਤੋਂ ਵੱਡਾ ਨਿਰਯਾਤ (ਜਿਸਨੂੰ ਸਮਾਨ ਭੇਜਦਾ ਹੈ) ਬਾਜ਼ਾਰ ਹੈ।

ਸਾਲ 2024 ਵਿੱਚ ਭਾਰਤ ਦੇ ਕੁੱਲ ਨਿਰਯਾਤ (ਬਰਾਮਦ ਜਾਂ ਭੇਜੇ ਗਏ ਸਮਾਨ) ਦਾ 18 ਫੀਸਦੀ ਅਮਰੀਕਾ 'ਚ ਹੋਇਆ ਸੀ। ਪਰ 50 ਫੀਸਦੀ ਟੈਰਿਫ ਨਾਲ ਭਾਰਤ ਅਮਰੀਕੀ ਬਾਜ਼ਾਰ ਵਿੱਚ ਆਪਣੇ ਮੁਕਾਬਲੇਬਾਜ਼ਾਂ ਤੋਂ ਪਿੱਛੜ ਜਾਵੇਗਾ।

ਉਦਾਹਰਣ ਵਜੋਂ, ਵੀਅਤਨਾਮ ਅਤੇ ਬੰਗਲਾਦੇਸ਼ ਦਾ ਅਮਰੀਕੀ ਵਪਾਰ ਵਿੱਚ ਮਹੱਤਵਪੂਰਨ ਹਿੱਸਾ ਹੈ। ਪਰ ਉਨ੍ਹਾਂ 'ਤੇ ਸਿਰਫ 20 ਫੀਸਦੀ ਟੈਰਿਫ ਲਗਾਇਆ ਗਿਆ ਹੈ।

ਅਮਰੀਕਾ ਵੱਲੋਂ ਭਾਰਤ ਅਤੇ ਹੋਰ ਦੇਸ਼ਾਂ 'ਤੇ ਲਗਾਏ ਟੈਰਿਫ

ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਕੱਚੇ ਤੇਲ ਦਾ ਆਯਾਤਕ (ਦਰਾਮਦ ਕਰਨ ਜਾਂ ਖਰੀਦਣ ਵਾਲਾ) ਦੇਸ਼ ਹੈ। ਦੇਸ਼ ਦੀਆਂ ਤੇਲ ਦੀਆਂ ਲਗਭਗ 85 ਫੀਸਦੀ ਜ਼ਰੂਰਤਾਂ ਦਰਾਮਦ ਰਾਹੀਂ ਪੂਰੀਆਂ ਹੁੰਦੀਆਂ ਹਨ।

ਯੂਕਰੇਨ ਯੁੱਧ ਤੋਂ ਪਹਿਲਾਂ ਭਾਰਤ ਆਪਣੇ ਜ਼ਿਆਦਾਤਰ ਤੇਲ ਦਰਾਮਦ ਲਈ ਮੱਧ ਪੂਰਬੀ ਦੇਸ਼ਾਂ 'ਤੇ ਨਿਰਭਰ ਸੀ।

ਵਿੱਤੀ ਸਾਲ 2017-18 ਵਿੱਚ ਭਾਰਤ ਦੀ ਤੇਲ ਖਰੀਦ ਵਿੱਚ ਰੂਸ ਦਾ ਹਿੱਸਾ ਸਿਰਫ਼ 1.3 ਫੀਸਦੀ ਸੀ। ਪਰ ਯੂਕਰੇਨ ਯੁੱਧ ਤੋਂ ਬਾਅਦ ਤਸਵੀਰ ਬਦਲ ਗਈ।

ਰੂਸੀ ਕੱਚੇ ਤੇਲ ਦੀ ਕੀਮਤ ਵਿੱਚ ਗਿਰਾਵਟ ਦੇ ਨਾਲ, ਭਾਰਤ ਦੀ ਰੂਸ ਤੋਂ ਤੇਲ ਦੀ ਦਰਾਮਦ ਤੇਜ਼ੀ ਨਾਲ ਵਧੀ। ਵਿੱਤੀ ਸਾਲ 2024-2025 ਤੱਕ ਭਾਰਤ ਦੀ ਕੱਚੇ ਤੇਲ ਦੀ ਦਰਾਮਦ ਵਿੱਚ ਰੂਸ ਦਾ ਹਿੱਸਾ 35 ਫੀਸਦੀ ਤੱਕ ਹੋ ਗਿਆ।

ਸਸਤੇ ਕੱਚੇ ਤੇਲ ਦੀ ਉਪਲੱਬਧਤਾ ਦੇ ਬਾਵਜੂਦ, ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦਾ ਔਸਤ ਖੁਦਰਾ ਮੁੱਲ ਪਿਛਲੇ 17 ਮਹੀਨਿਆਂ ਤੋਂ 94.7 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਰਿਹਾ। ਯਾਨੀ ਘੱਟ ਕੀਮਤ ਦਾ ਲਾਭ ਖਪਤਕਾਰਾਂ ਤੱਕ ਨਹੀਂ ਪਹੁੰਚਿਆ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)